ਫਿਰ ਚੱਲੇਗਾ ਬੰਗਾਲ ਦਾ ਜਾਦੂ

ਕ੍ਰਿਸ਼ਨਪਾਲ ਸਿੰਘ ਪਾਹਵਾ
ਆਮਿਰ ਖਾਨ ਦੀ ਹਾਲ ਹੀ ਵਿਚ ਆਈ ਫਿਲਮ ḔਪੀæਕੇæḔ ਵਿਚ ਛੋਟਾ, ਪਰ ਪ੍ਰਭਾਵਸ਼ਾਲੀ ਕਿਰਦਾਰ ਨਿਭਾ ਕੇ ਸਭ ਦਾ ਧਿਆਨ ਖਿੱਚਣ ਵਾਲਾ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਆਪਣੀ ਨਵੀਂ ਫਿਲਮ Ḕਡਿਟੈਕਟਿਵ ਬਿਓਮਕੇਸ਼ ਬਖਸ਼ੀḔ ਦੀ ਸ਼ੂਟਿੰਗ ਵਿਚ ਰੁੱਝਾ ਹੋਇਆ ਹੈ।

ਇਹ ਫਿਲਮ ਇਸੇ ਸਾਲ ਅਪਰੈਲ ਵਿਚ ਰਿਲੀਜ਼ ਹੋਣੀ ਹੈ ਅਤੇ ਇਸ ਫਿਲਮ ਤੋਂ ਸੁਸ਼ਾਤ ਨੂੰ ਬੜੀਆਂ ਆਸਾਂ ਹਨ। ਇਹ ਫਿਲਮ ਉਹਦੇ ਫਿਲਮੀ ਕਰੀਅਰ ਲਈ ਵੱਡੀ ਬ੍ਰੇਕ ਹੈ ਅਤੇ ਉਹ ਇਸ ਫਿਲਮ ਦੀ ਕਾਮਯਾਬੀ ਲਈ ਹਰ ਹੀਲਾ-ਵਸੀਲਾ ਕਰ ਰਿਹਾ ਹੈ। ਇਹ ਫਿਲਮ ਫਿਲਮਸਾਜ਼ ਦਿਬਾਕਰ ਬੈਨਰਜੀ ਡਾਇਰੈਕਟ ਕਰ ਰਿਹਾ ਹੈ ਅਤੇ ਇਹ ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਰਿਲੀਜ਼ ਕੀਤੀ ਜਾਵੇਗੀ। ਫਿਲਮ ਵਿਚ ਸੁਸ਼ਾਂਤ ਨਾਲ ਸਵਾਸਤਿਕਾ ਮੁਖਰਜੀ, ਦਿਵਿਆ ਮੈਨਨ ਅਤੇ ਆਨੰਦ ਤਿਵਾੜੀ ਵਰਗੇ ਕਲਾਕਾਰ ਕਿਰਦਾਰ ਨਿਭਾ ਰਹੇ ਹਨ। ਇਹ ਫਿਲਮ ਬੰਗਾਲੀ ਲੇਖਕ ਸ਼ਰਦਿੰਦੂ ਬੰਧੋਪਾਧਿਆਇ ਦੀ ਜਸੂਸੀ ਲਿਖਤ Ḕਡਿਟੈਕਟਿਵ ਬਿਓਮਕੇਸ਼ ਬਖਸ਼ੀḔ ਉਤੇ ਆਧਾਰਤ ਹੈ। ਇਸ ਲਿਖਤ ਨੂੰ ਆਧਾਰ ਬਣਾ ਕੇ ਪਹਿਲਾਂ ਟੀæਵੀæ ਲੜੀਵਾਰ ਵੀ ਬਣ ਚੁੱਕਾ ਹੈ ਜਿਸ ਵਿਚ ਮੁੱਖ ਕਿਰਦਾਰ ਰਜਤ ਕਪੂਰ ਨੇ ਨਿਭਾਇਆ ਸੀ।
ਸੁਸ਼ਾਂਤ ਕੁਮਾਰ ਰਾਜਪੂਤ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਟੇਜ ਅਤੇ ਟੀæਵੀæ ਸੀਰੀਅਲਾਂ ਤੋਂ ਕੀਤੀ ਸੀ। ਸਾਲ 2013 ਵਿਚ ਉਸ ਨੂੰ ਫਿਲਮ Ḕਕਾਈ ਪੋ ਚੇḔ ਦੇ ਤਿੰਨ ਮੁੱਖ ਕਿਰਦਾਰਾਂ ਵਿਚੋਂ ਇਕ ਕਿਰਦਾਰ ਨਿਭਾਉਣ ਦਾ ਮੌਕਾ ਮਿਲ ਗਿਆ। ਇਹ ਫਿਲਮ ਅਭਿਸ਼ੇਕ ਕਪੂਰ ਨੇ ਬਣਾਈ ਸੀ। ਫਿਲਮ ਖੂਬ ਚੱਲੀ ਅਤੇ ਇਸ ਦੀ ਚਰਚਾ ਵੀ ਬਥੇਰੀ ਹੋਈ। ਇਸ ਤੋਂ ਬਾਅਦ ਸੁਸ਼ਾਂਤ ਦੀ ਇਕ ਹੋਰ ਫਿਲਮ Ḕਸ਼ੁੱਧ ਦੇਸੀ ਰੁਮਾਂਸḔ ਰਿਲੀਜ਼ ਹੋਈ ਜਿਸ ਵਿਚ ਉਸ ਦੀ ਹੀਰੋਇਨ ਪ੍ਰਨੀਤੀ ਚੋਪੜਾ ਸੀ। ਹੁਣ Ḕਡਿਟੈਕਟਿਵ ਬਿਓਮਕੇਸ਼ ਬਖ਼ਸ਼ੀḔ ਤੋਂ ਇਲਾਵਾ ਉਸ ਦੀ ਇਕ ਹੋਰ ਫਿਲਮ Ḕਐਮæਐਸ਼ ਧੋਨੀ: ਦਿ ਅਨਟੋਲਡ ਸਟੋਰੀḔ ਦੀ ਸ਼ੂਟਿੰਗ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਇਹ ਫਿਲਮ ਵੀ ਇਸੇ ਸਾਲ ਅਕਤੂਬਰ ਵਿਚ ਰਿਲੀਜ਼ ਹੋਣੀ ਹੈ।
ਫਿਲਮ Ḕਡਿਟੈਕਟਿਵ ਬਿਓਮਕੇਸ਼ ਬਖਸ਼ੀḔ ਵਿਚ ਦਿਬਾਕਰ ਬੈਨਰਜੀ ਨੇ ਪੂਰਾ ਬੰਗਾਲੀ ਮਾਹੌਲ ਸਿਰਜਿਆ ਹੈ। ਫਿਲਮ ਦਾ ਮੁੱਖ ਕਿਰਦਾਰ ਬਿਓਮਕੇਸ਼ ਬਖ਼ਸ਼ੀ ਰਵਾਇਤੀ ਧੋਤੀ ਪਹਿਨਦਾ ਹੈ। ਫਿਲਮਾਂ ਵਿਚ ਇਸ ਤੋਂ ਪਹਿਲਾਂ ਵੀ ਬੰਗਾਲ ਦਾ ਅਜਿਹਾ ਜਾਦੂ ਧੂੜਿਆ ਜਾਂਦਾ ਰਿਹਾ ਹੈ। ਬੰਗਾਲੀ ਮਾਹੌਲ ਵਾਲੀਆਂ ਅਹਿਮ ਫਿਲਮਾਂ ਵਿਚ ਐਸ਼ਵਰਿਆ ਰਾਏ ਬਚਨ ਦੀ ਫਿਲਮ Ḕਚੋਖਰ ਬਾਲੀḔ, ਮੀਨਾ ਕੁਮਾਰੀ ਤੇ ਵਿਦਿਆ ਬਾਲਨ ਦੀਆਂ ਫਿਲਮਾਂ Ḕਪ੍ਰਨੀਤਾḔ, ਦਲੀਪ ਕੁਮਾਰ ਤੇ ਸ਼ਾਹਰੁਖ਼ ਖਾਨ ਦੀਆਂ ਫਿਲਮਾਂ Ḕਦੇਵ ਦਾਸḔ, ਰਾਜੇਸ਼ ਖੰਨਾ ਦੀ ḔਆਨੰਦḔ ਤੇ Ḕਅਮਰ ਪ੍ਰੇਮḔ, ਤੱਬੂ ਤੇ ਇਰਫਾਨ ਖ਼ਾਨ ਦੀ ਫਿਲਮ Ḕਦਿ ਨੇਮਸੇਕḔ, ਅਜੇ ਦੇਵਗਨ ਦੀ ḔਯੁਵਾḔ, ਦੀਪਿਕਾ ਪਾਦੂਕੋਨ ਦੀ Ḕਖੇਲੇਂ ਹਮ ਜੀ ਜਾਨ ਸੇḔ, ਸੋਨਾਕਸ਼ੀ ਸਿਨ੍ਹਾ ਦੀ ḔਲੁਟੇਰਾḔ, ਪ੍ਰਿੰਯਕਾ ਚੋਪੜਾ ਤੇ ਰਣਬੀਰ ਕਪੂਰ ਦੀ ਫਿਲਮ ḔਬਰਫੀḔ, ਆਦਿ ਸ਼ਾਮਲ ਹਨ।
ਫਿਲਮ ਦੇ ਡਾਇਰੈਕਟਰ ਦਿਬਾਕਰ ਬੈਨਰਜੀ ਤਜਰਬਾ ਮੁਖੀ ਫਿਲਮਾਂ ਬਣਾਉਣ ਲਈ ਬੜਾ ਪ੍ਰਸਿੱਧ ਹੈ। 2006 ਵਿਚ ਉਸ ਨੇ Ḕਖੋਸਲਾ ਕਾ ਘੋਸਲਾḔ ਨਾਲ ਚੰਗਾ ਰੰਗ ਬੰਨ੍ਹਿਆ ਸੀ। ਇਸ ਫਿਲਮ ਨੇ ਸਰਵੋਤਮ ਫਿਲਮ ਐਵਾਰਡ ਵੀ ਜਿੱਤਿਆ ਅਤੇ 2008 ਵਿਚ ਇਹ ਫਿਲਮ ਤਾਮਿਲ ਵਿਚ ਵੀ ਬਣਾਈ ਗਈ ਸੀ। ਇਸ ਤੋਂ ਬਾਅਦ 2008 ਵਿਚ ਉਸ ਨੇ ਇਕ ਹੋਰ ਮਿਸਾਲੀ ਫਿਲਮ Ḕਓਏ ਲੱਕੀ! ਲੱਕੀ ਓਏ!Ḕ ਬਣਾਈ ਸੀ। ਇਸ ਫਿਲਮ ਨੂੰ ਵੀ ਕੌਮੀ ਐਵਾਰਡ ਮਿਲਿਆ। ਇਸ ਤੋਂ ਬਾਅਦ ਉਸ ਨੇ Ḕਲਵ ਸੈਕਸ ਔਰ ਧੋਖਾḔ (2010), Ḕਸ਼ੰਘਾਈḔ (2012) ਅਤੇ Ḕਬੰਬੇ ਟਾਕੀਜ਼Ḕ (2013) ਫਿਲਮਾਂ ਬਣਾਈਆਂ ਅਤੇ ਫਿਲਮੀ ਦੁਨੀਆਂ ਵਿਚ ਆਪਣੀ ਬੱਲੇ-ਬੱਲੇ ਕਰਵਾਈ। ਉਹ ਆਪਣੀ ਹਰ ਫਿਲਮ ਵਿਚ ਤਜਰਬਾ ਕਰਦਾ ਹੈ ਅਤੇ ਇਸ ਫਿਲਮ ਵਿਚ ਵੀ ਉਸ ਦਾ ਇਹੀ ਦਾਈਆ ਹੈ।