ਪ੍ਰਸਿੱਧ ਅਦਾਕਾਰ ਕਮਲ ਹਸਨ ਅਤੇ ਸਾਰਿਕਾ ਦੀ ਛੋਟੀ ਬੇਟੀ ਅਕਸ਼ਰਾ ਹਸਨ ਵੀ ਹੁਣ ਫਿਲਮੀ ਦੁਨੀਆਂ ਵਿਚ ਪ੍ਰਵੇਸ਼ ਕਰ ਰਹੀ ਹੈ।
ਉਹ ਪ੍ਰਸਿੱਧ ਫਿਲਮਸਾਜ਼ ਆਰæ ਬਾਲਕੀ ਦੀ ਨਵੀਂ ਫਿਲਮ Ḕਸ਼ਮਿਤਾਬḔ ਵਿਚ ਧਨੁਸ਼ ਨਾਲ ਬਤੌਰ ਹੀਰੋਇਨ ਕਿਰਦਾਰ ਨਿਭਾ ਰਹੀ ਹੈ। ਇਸ ਫਿਲਮ ਵਿਚ ਅਮਿਤਾਭ ਬੱਚਨ ਦਾ ਵੀ ਬੜਾ ਅਹਿਮ ਰੋਲ ਹੈ ਅਤੇ ਇਹ ਫਿਲਮ 6 ਫਰਵਰੀ ਨੂੰ ਸੰਸਾਰ ਭਰ ਵਿਚ ਰਿਲੀਜ਼ ਕੀਤੀ ਜਾ ਰਹੀ ਹੈ। 12 ਅਕਤੂਬਰ 1991 ਨੂੰ ਜਨਮੀ ਅਕਸ਼ਰਾ ਨੂੰ ਮਸ਼ਹੂਰ ਫਿਲਮਸਾਜ਼ ਮਣੀ ਰਤਨਮ ਨੇ ਆਪਣੀ ਰੁਮਾਂਟਿਕ ਫਿਲਮ ḔਕਦਾਲḔ ਵਿਚ ਰੋਲ ਦੀ ਪੇਸ਼ਕਸ਼ ਕੀਤੀ ਸੀ ਪਰ ਉਦੋਂ ਅਕਸ਼ਰਾ ਨੇ ਨਾਂਹ ਕਰ ਦਿੱਤੀ ਸੀ।
ਅਸਲ ਵਿਚ ਉਸ ਵਕਤ (ਸਾਲ 2010 ਵਿਚ) ਅਕਸ਼ਰਾ ਹਸਨ, ਰਾਹੁਲ ਡੋਲਕੀਆ ਵਲੋਂ ਬਣਾਈ ਜਾ ਰਹੀ ਫਿਲਮ ḔਸੁਸਾਇਟੀḔ ਵਿਚ ਅਸਿਸਟੈਂਟ ਡਾਇਰੈਕਟਰ ਵਜੋਂ ਕੰਮ ਕਰ ਰਹੀ ਸੀ। ਉਂਜ ਵੀ, ਉਦੋਂ ਉਸ ਦੀ ਵਧੇਰੇ ਦਿਲਚਸਪੀ ਡਾਇਰੈਕਸ਼ਨ ਵੱਲ ਹੀ ਸੀ। ਉਹ ਦਰਅਸਲ ਫਿਲਮਸਾਜ਼ੀ ਨੂੰ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਸੀ। ਬਾਅਦ ਵਿਚ ਉਸ ਨੇ ਆਪਣਾ ਮਨ ਬਦਲ ਲਿਆ। ਫਿਲਮ ḔਸੁਸਾਇਟੀḔ ਵਿਚ ਉਸ ਦੀ ਮਾਂ ਸਾਰਿਕਾ ਦੀ ਮੁੱਖ ਭੂਮਿਕਾ ਸੀ ਅਤੇ ਉਸ ਨੇ ਵੀ ਅਕਸ਼ਰਾ ਨੂੰ ਅਦਾਕਾਰੀ ਵੱਲ ਜਾਣ ਦੀ ਸਲਾਹ ਦਿੱਤੀ। ਇਸ ਲਈ ਜਦੋਂ ਚਰਚਿਤ ਫਿਲਮਸਾਜ਼ ਆਰæ ਬਾਲਕੀ ਨੇ ਉਸ ਨੂੰ ਅਦਾਕਾਰੀ ਦੀ ਪੇਸ਼ਕਸ਼ ਕੀਤੀ ਤਾਂ ਅਕਸ਼ਰਾ ਹਸਨ ਨੇ ਮਾਂ-ਪਿਉ ਨਾਲ ਸਲਾਹ ਕਰ ਕੇ ਫਿਲਮ Ḕਸ਼ਮਿਤਾਬḔ ਨੂੰ ਹਰੀ ਝੰਡੀ ਦੇ ਦਿੱਤੀ। ਉਸ ਨੂੰ ਇਸ ਫਿਲਮ ਤੋਂ ਬਹੁਤ ਆਸਾਂ ਹਨ।