ਡਰੱਗ ਕੇਸ ‘ਚ ਮਜੀਠੀਆ ਨੂੰ ਬਚਾਉਣ ਲਈ ਸੌਦੇਬਾਜ਼ੀ?

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਚ ਬਹੁ-ਚਰਚਿਤ 6000 ਕਰੋੜ ਰੁਪਏ ਦੇ ਡਰੱਗ ਕੇਸ ਵਿਚ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਸਬੰਧਤ ਤੱਥਾਂ ਦੀ ਜਾਂਚ ਕਰ ਰਹੇ ਐਨਫੋਰਸਮੈਂਟ ਡਾਇਰੈਕਟਰੇਟ (ਈæਡੀæ) ਦੇ ਸਹਾਇਕ ਡਾਇਰੈਕਟਰ-ਕਮ-ਜਾਂਚ ਅਧਿਕਾਰੀ ਨਿਰੰਜਣ ਸਿੰਘ ਦੀ ਬਦਲੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਉਸ ਨੂੰ ਬਦਲ ਕੇ ਕੋਲਕਾਤਾ ਭੇਜ ਦਿੱਤਾ ਗਿਆ ਹੈ। ਉਸ ਤੋਂ ਇਲਾਵਾ ਸਰਕਾਰ ਨੇ ਇਸੇ ਕੇਸ ਨਾਲ ਜੁੜੇ ਈæਡੀæ ਦੇ ਸਪੈਸ਼ਲ ਡਾਇਰੈਕਟਰ ਕਰਨੈਲ ਸਿੰਘ ਤੋਂ ਵੀ ਪੰਜਾਬ ਸਮੇਤ ਉੱਤਰੀ ਜ਼ੋਨ ਦਾ ਕੰਮ ਲੈ ਲਿਆ ਹੈ। ਇਹ ਦੋਵੇਂ ਅਧਿਕਾਰੀ ਜਗਦੀਸ਼ ਭੋਲਾ ਡਰੱਗ ਰੈਕਟ ਦੇ ਨਾਲ-ਨਾਲ ਸ਼ ਮਜੀਠੀਆ ਤੋਂ ਪੁੱਛ-ਪੜਤਾਲ ਵਿਚ ਸ਼ਾਮਲ ਰਹੇ ਹਨ। ਇਨ੍ਹਾਂ ਬਦਲੀਆਂ ਨਾਲ ਇਹ ਚਰਚਾ ਭਖ ਗਈ ਹੈ ਕਿ ਬਾਦਲਾਂ ਨੇ ਸ਼ ਮਜੀਠੀਆ ਨੂੰ ਬਚਾਉਣ ਲਈ ਭਾਰਤੀ ਜਨਤਾ ਪਾਰਟੀ ਨਾਲ ਕੋਈ ਸੌਦਾ ਕਰ ਲਿਆ ਹੈ ਅਤੇ ਇਸ ਸੌਦੇ ਤਹਿਤ ਹੀ ਕੇਂਦਰ ਸਰਕਾਰ ਨੇ ਇਨ੍ਹਾਂ ਅਫਸਰਾਂ ਦੀ ਬਦਲੀ ਕੀਤੀ ਹੈ। ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਆਗੂਆਂ ਦੇ ਵਿਹਾਰ ਵਿਚ ਆਈ ਨਰਮੀ ਨੇ ਵੀ ਅਜਿਹੇ ਸੌਦੇ ਬਾਰੇ ਸੰਕੇਤ ਦਿੱਤੇ ਹਨ।
ਇਨ੍ਹਾਂ ਬਦਲੀਆਂ ਨਾਲ ਸੂਬੇ ਦੀ ਸਿਆਸਤ ਵੀ ਗਰਮਾ ਗਈ ਹੈ। ਕਾਂਗਰਸ ਨੇ ਇਨ੍ਹਾਂ ਬਦਲੀਆਂ ਨੂੰ ਸ਼ ਮਜੀਠੀਆ ਨੂੰ ਬਚਾਉਣ ਦੀ ਸਿਆਸੀ ਸਾਜ਼ਿਸ਼ ਕਰਾਰ ਦਿੱਤਾ ਹੈ, ਕਿਉਂਕਿ ਇਹ ਬਦਲੀਆਂ ਉਸ ਸਮੇਂ ਕੀਤੀਆਂ ਗਈਆਂ ਹਨ, ਜਦੋਂ ਈæਡੀæ ਅਧਿਕਾਰੀ ਪੰਜਾਬ ਪੁਲਿਸ ਤੇ ਸੀæਆਈæਡੀæ ਉੱਪਰ ਧਮਕੀਆਂ ਦੇ ਦੋਸ਼ਾਂ ਨੂੰ ਲੈ ਕੇ ਹਾਈਕੋਰਟ ਵਿਚ ਫਰਿਆਦ ਲਗਾ ਰਹੇ ਸਨ। ਉਨ੍ਹਾਂ ਨੇ ਕੇਂਦਰ ਸਰਕਾਰ ਕੋਲ ਫ਼ੋਨ ਟੈਪਿੰਗ ਬਾਰੇ ਵੀ ਸ਼ਿਕਾਇਤਾਂ ਕੀਤੀਆਂ ਸਨ। ਨਿਰੰਜਣ ਸਿੰਘ ਨੇ ਮਜੀਠੀਆ ਤੋਂ ਡਰੱਗ ਮਾਮਲੇ ਵਿਚ ਪੁੱਛ-ਗਿੱਛ ਕੀਤੀ ਸੀ ਤੇ ਹੁਣ ਮਜੀਠੀਆ ਸਮੇਤ ਕੁਝ ਹੋਰ ਵੱਡੇ ਆਗੂਆਂ ਨੂੰ ਤਲਬ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ। ਇਨ੍ਹਾਂ ਅਧਿਕਾਰੀਆਂ ਨੇ ਡਰੱਗ ਮਾਮਲੇ ਦੀ ਜਾਂਚ ਕਾਫੀ ਨੇੜੇ ਲਾ ਲਈ ਸੀ ਤੇ ਹਾਈਕੋਰਟ ਵਿਚ ਚਲਾਨ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ।
ਮੰਨਿਆ ਜਾ ਰਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਦਬਾਅ ਹੇਠ ਇਹ ਬਦਲੀਆਂ ਕੀਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਕਰੀਬੀ ਰਿਸ਼ਤੇਦਾਰ ਸ਼ ਮਜੀਠੀਆ ਦੀ ਈæਡੀæ ਵੱਲੋਂ ਪੁੱਛ-ਪੜਤਾਲ ਕੀਤੇ ਜਾਣ ਤੇ ਅਗਲੇ ਮਹੀਨੇ ਅਦਾਲਤ ਵਿਚ ਚਲਾਨ ਪੇਸ਼ ਕੀਤੇ ਜਾਣ ਦੇ ਡਰੋਂ ਪ੍ਰੇਸ਼ਾਨ ਸਨ ਤੇ ਉਹ ਕੇਂਦਰ ਸਰਕਾਰ ਕੋਲ ਇਨ੍ਹਾਂ ਜਾਂਚ ਅਧਿਕਾਰੀਆਂ ਨੂੰ ਲਾਂਭੇ ਕਰਨ ਦੇ ਯਤਨਾਂ ਵਿਚ ਲੱਗੇ ਹੋਏ ਸਨ। ਇਨ੍ਹਾਂ ਬਦਲੀਆਂ ਨਾਲ ਭਾਜਪਾ ਤੇ ਅਕਾਲੀ ਦਲ ਦੇ ਨਸ਼ਾ ਵਿਰੋਧੀ ਲਹਿਰ ਉਸਾਰਨ ਦੇ ਦਾਅਵਿਆਂ ‘ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ।
ਦਸੰਬਰ 2012 ਵਿਚ ਜਲੰਧਰ ਆਏ ਨਿਰੰਜਣ ਸਿੰਘ ਦਾ ਹੁਣ ਤੱਕ ਦਾ ਸੇਵਾ ਰਿਕਾਰਡ ਵਧੀਆ ਰਿਹਾ ਹੈ। ਉਨ੍ਹਾਂ 1998 ਵਿਚ ਕੇਂਦਰੀ ਰਾਜ ਮੰਤਰੀ ਕ੍ਰਿਸ਼ਨ ਕੁਮਾਰ ਨੂੰ ਹਵਾਲਾ ਕੇਸ ਵਿਚ ਗ੍ਰਿਫ਼ਤਾਰ ਕਰਨ ਤੋਂ ਇਲਾਵਾ ਪੰਜਾਬ ਦੇ ਕਈ ਨਾਮੀ ਗਾਇਕਾਂ, ਫ਼ਿਲਮਸਾਜ਼ਾਂ ਤੇ ਸਨਅਤੀ ਘਰਾਣਿਆਂ ਵਿਰੁੱਧ ਵੀ ਜਾਂਚ-ਪੜਤਾਲ ਅਰੰਭੀ ਹੋਈ ਸੀ। ਚੰਗੇ ਰਿਕਾਰਡ ਸਦਕਾ ਹੀ ਉਨ੍ਹਾਂ ਨੂੰ ਪਿਛਲੇ ਸਾਲ ਰਾਸ਼ਟਰਪਤੀ ਮੈਡਲ ਨਾਲ ਸਨਮਾਨਤ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਅਧਿਕਾਰੀਆਂ ਨੂੰ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਨਿਰਪੱਖ ਤੇ ਦਲੇਰੀ ਨਾਲ ਕੰਮ ਕਰਨ ਦਾ ਸੱਦਾ ਦਿੱਤਾ ਸੀ, ਪਰ ਹੁਣ ਇਨ੍ਹਾਂ ਅਧਿਕਾਰੀਆਂ ਦੀਆਂ ਬਦਲੀਆਂ ਇਸ ਦੇ ਉਲਟ ਕਹਾਣੀ ਕਹਿ ਰਹੀਆਂ ਹਨ।
ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਹੈ ਕਿ ਈæਡੀæ ਦੇ ਅਧਿਕਾਰੀ ਦਾ ਤਬਾਦਲਾ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਭਰਾ ਮਜੀਠੀਆ ਨੂੰ ਬਚਾਉਣ ਲਈ ਸਿਆਸੀ ਸੌਦੇ ਤਹਿਤ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਾਜਪਾ ਨਾਲ ਸਿਆਸੀ ਸੌਦੇਬਾਜ਼ੀ ਤਹਿਤ ਅਧਿਕਾਰੀ ਦੀ ਬਦਲੀ ਕਰਵਾ ਕੇ ਸ਼ ਮਜੀਠੀਆ ਨੂੰ ਬਚਾਉਣ ਦਾ ਯਤਨ ਕੀਤਾ ਹੈ। ਇਸ ਦੇ ਇਵਜ਼ ਵਜੋਂ ਸ਼ ਬਾਦਲ ਭਾਜਪਾ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਵੀ ਬਖ਼ਸ਼ ਸਕਦੇ ਹਨ। ਸ਼ ਬਾਦਲ ਨੇ ਆਪਣੀ ਸਰਕਾਰ ਬਚਾਉਣ ਲਈ ਭਾਜਪਾ ਅੱਗੇ ਪੂਰੀ ਤਰ੍ਹਾਂ ਗੋਡੇ ਟੇਕ ਦਿੱਤੇ ਹਨ। ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਮੁਖੀ ਮਨਪ੍ਰੀਤ ਸਿੰਘ ਬਾਦਲ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਵੀ ਈæਡੀæ ਅਧਿਕਾਰੀ ਦੇ ਤਬਾਦਲੇ ਨੂੰ ਸਾਜ਼ਿਸ਼ ਦੱਸਦਿਆਂ ਦੋਸ਼ ਲਾਇਆ ਹੈ ਕਿ ਅਕਾਲੀ ਦਲ-ਭਾਜਪਾ ਗੱਠਜੋੜ ਮਜੀਠੀਆ ਨੂੰ ਬਚਾਉਣ ਲਈ ਹਰ ਹਰਬਾ ਵਰਤ ਰਿਹਾ ਹੈ।ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ਦੇ ਤਬਾਦਲੇ ਨਾਲ ਉਨ੍ਹਾਂ ਦੀ ਸਰਕਾਰ ਦਾ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਈæਡੀæ ਅਧਿਕਾਰੀ ਦਾ ਤਬਾਦਲਾ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ ਤੇ ਪੰਜਾਬ ਸਰਕਾਰ ਨਾਲ ਇਸ ਬਾਰੇ ਕਦੇ ਵੀ ਕੋਈ ਵਿਚਾਰ-ਵਟਾਂਦਰਾ ਨਹੀਂ ਕੀਤਾ ਜਾਂਦਾ। ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ਦੀ ਜਾਂਚ ਪੰਜਾਬ ਤੋਂ ਬਾਹਰ ਕਰਾਉਣ ਦੀ ਮੰਗ ਬਾਰੇ ਸ਼ ਬਾਦਲ ਨੇ ਕਿਹਾ ਕਿ ਇਸ ਬਾਰੇ ਵੀ ਕੇਂਦਰ ਸਰਕਾਰ ਨੇ ਫੈਸਲਾ ਕਰਨਾ ਹੈ ਕਿ ਜਾਂਚ ਕਿਥੇ ਹੋਣੀ ਚਾਹੀਦੀ ਹੈ।
__________________________________
ਬਦਲੀ ਨੂੰ ਹਾਈਕੋਰਟ ਵਿਚ ਚੁਣੌਤੀ
ਚੰਡੀਗੜ੍ਹ: ਜਾਂਚ ਅਧਿਕਾਰੀ ਨਿਰੰਜਣ ਸਿੰਘ ਦੀ ਬਦਲੀ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਚੁਣੌਤੀ ਦਿੱਤੀ ਗਈ ਹੈ। ਇਹੀ ਨਹੀਂ, ਈæਡੀæ ਦੇ ਜਲੰਧਰ ਤਾਇਨਾਤ ਕੁਝ ਅਧਿਕਾਰੀਆਂ ਨੂੰ ਪੰਜਾਬ ਪੁਲਿਸ ਖ਼ਾਸਕਰ ਖ਼ੁਫ਼ੀਆ ਵਿੰਗ ਵੱਲੋਂ ਧਮਕਾਉਣ ਦਾ ਮਾਮਲਾ ਵੀ ਹਾਈਕੋਰਟ ਦੇ ਸਨਮੁੱਖ ਰੱਖ ਦਿੱਤਾ ਗਿਆ ਹੈ। ਬਦਲੀ ਦੇ ਹੁਕਮਾਂ ਨੂੰ ਫ਼ੌਰੀ ਰੱਦ ਕਰਨ ਦੀ ਮੰਗ ਕਰਦਿਆਂ ਸ਼ਿਕਾਇਤ ਕਰਤਾ ਨੇ ਕਿਹਾ ਹੈ ਕਿ ਇਹ ਬਦਲੀ ਸਿੱਧੇ ਤੌਰ ‘ਤੇ ਸਿਆਸਤ ਤੋਂ ਪ੍ਰੇਰਿਤ ਹੈ।