ਸਜ਼ਾ ਭੁਗਤ ਚੁਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਘੋਲ ਮਘਾਉਣ ਵਾਲਾ ਗੁਰਬਖਸ਼ ਸਿੰਘ ਖਾਲਸਾ ਇਕ ਵਾਰ ਫਿਰ ਬਿਨਾਂ ਟੀਚਾ ਪੂਰਾ ਹੋਇਆਂ ਘਰ ਪਰਤ ਗਿਆ ਹੈ। ਐਤਕੀਂ 63 ਦਿਨਾਂ ਦੀ ਲੰਮੀ ਭੁੱਖ ਹੜਤਾਲ ਤੋਂ ਬਾਅਦ ਅਜਿਹਾ ਵਾਪਰਿਆ ਹੈ।
ਪਿਛਲੀ ਵਾਰ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਭਰੋਸੇ ਤੋਂ ਬਾਅਦ ਉਸ ਨੇ ਆਪਣੀ ਭੁੱਖ ਹੜਤਾਲ ਖਤਮ ਕੀਤੀ ਸੀ ਪਰ ਬਾਅਦ ਵਿਚ ਵਾਅਦੇ ਮੁਤਾਬਕ ਨਾ ਤਾਂ ਸਬੰਧਤ ਕੈਦੀਆਂ ਦੀ ਰਿਹਾਈ ਹੋਈ ਅਤੇ ਨਾ ਹੀ ਇਸ ਸਬੰਧ ਵਿਚ ਪੱਕੇ ਪੈਰੀਂ ਕੋਈ ਹੋਰ ਚਾਰਾਜੋਈ ਸਾਹਮਣੇ ਆਈ। ਇਸੇ ਕਰ ਕੇ ਹੀ ਗੁਰਬਖਸ਼ ਸਿੰਘ ਨੇ ਇਕ ਵਾਰ ਫਿਰ ਭੁੱਲ ਹੜਤਾਲ ਅਰੰਭ ਕੀਤੀ ਸੀ। ਐਤਕੀਂ ਉਸ ਨੇ ਪਿਛਲੇ ਸਾਲ 14 ਨਵੰਬਰ ਨੂੰ ਅੰਬਾਲਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ਤੋਂ ਆਪਣਾ ਘੋਲ ਅਰੰਭਿਆ ਸੀ। ਵਿਰੋਧੀ ਤਾਕਤਾਂ ਨੇ ਉਸ ਦੇ ਇਸ ਘੋਲ ਨੂੰ ਸਾਬੋਤਾਜ ਕਰਨ ਲਈ ਇਕ ਵਾਰ ਫਿਰ, ਮੁੱਢ ਤੋਂ ਹੀ ਯਤਨ ਸ਼ੁਰੂ ਕਰ ਦਿੱਤੇ ਸਨ। ਪਹਿਲਾਂ ਤਾਂ ਘੋਲ ਸ਼ੁਰੂ ਕਰਨ ਲਈ ਪੰਜਾਬ ਵਿਚ ਉਸ ਨੂੰ ਜਗ੍ਹਾ ਹੀ ਨਾ ਦਿੱਤੀ ਗਈ। ਹਰ ਗੁਰਦੁਆਰੇ ਦੇ ਪ੍ਰਬੰਧਕਾਂ ਉਤੇ ਪੰਜਾਬ ਸਰਕਾਰ ਦਾ ਇੰਨਾ ਜ਼ਿਆਦਾ ਦਬਾਅ ਸੀ ਕਿ ਉਸ ਨੂੰ ਇਹ ਘੋਲ ਗੁਆਂਢੀ ਸੂਬੇ ਹਰਿਆਣਾ ਦੇ ਸ਼ਹਿਰ ਅੰਬਾਲਾ ਤੋਂ ਸ਼ੁਰੂ ਕਰਨਾ ਪਿਆ। ਕੁਝ ਵਿਸ਼ਲੇਸ਼ਕਾਂ ਨੇ ਤਾਂ ਉਦੋਂ ਹੀ ਇਸ ਫੈਸਲੇ ਨੂੰ ਗੁਰਬਖਸ਼ ਸਿੰਘ ਦੇ ਘੋਲ ਦੀ ਅੱਧੀ ਹਾਰ ਕਰਾਰ ਦੇ ਦਿੱਤਾ ਸੀ। ਉਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚਕਾਰ ਚੱਲ ਰਹੇ ਸਿਆਸੀ ਟਕਰਾਅ ਕਾਰਨ ਗੁਰਬਖਸ਼ ਸਿੰਘ ਦੇ ਘੋਲ ਨੂੰ ਉਨ੍ਹਾਂ ਧਿਰਾਂ ਵਲੋਂ ਵੀ ਹਮਾਇਤ ਮਿਲਣੀ ਸ਼ੁਰੂ ਹੋ ਗਈ ਜਿਨ੍ਹਾਂ ਤੋਂ ਇਮਦਾਦ ਲਈ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਸੀ। ਘੋਲ ਦੇਖਦਿਆਂ-ਦੇਖਦਿਆਂ ਭਖ ਪਿਆ। ਭਾਜਪਾ ਦੇ ਕੁਝ ਲੀਡਰ ਤਾਂ ਉਸ ਨੂੰ ਖੁਦ ਥਾਪੜਾ ਦੇ ਕੇ ਆਏ। ਦਰਅਸਲ ਘੋਲ ਦੇ ਲੀਹੋਂ ਲਹਿਣ ਦੀ ਕਹਾਣੀ ਇਥੋਂ ਹੀ ਸ਼ੁਰੂ ਹੋਈ ਅਤੇ ਘੋਲ ਚਲਾ ਰਹੇ ਪ੍ਰਬੰਧਕਾਂ ਨੂੰ ਇਹ ਸੂਹ ਤੱਕ ਨਾ ਲੱਗੀ ਕਿ ਇਹ ਇਮਦਾਦ ਘੋਲ ਨੂੰ ਤਿੱਖਾ ਕਰਨ ਲਈ ਨਹੀਂ, ਸਗੋਂ ਪੇਤਲਾ ਪਾਉਣ ਲਈ ਸੀ। ਉਸ ਵਕਤ ਕੁਝ ਲੀਡਰਾਂ ਨੇ ਭਾਜਪਾ ਦੀ ਇਸ ਇਮਦਾਦ ਉਤੇ ਸਵਾਲੀਆ ਨਿਸ਼ਾਨ ਜ਼ਰੂਰ ਲਾਏ ਸਨ ਅਤੇ ਸੋਘੇ ਰਹਿਣ ਦੀ ਤਾਕੀਦ ਵੀ ਕੀਤੀ ਸੀ ਪਰ ਘੋਲ ਦੀ ਚੜ੍ਹਤ ਦੇ ਦਿਨਾਂ ਦੌਰਾਨ ਇਸ ਨੁਕਤਾਚੀਨੀ ਨੂੰ ਬਹੁਤਾ ਗੌਲਿਆ ਨਹੀਂ ਗਿਆ ਅਤੇ ਘੋਲ ਨੂੰ ਢਾਹ ਲਾਉਣ ਲਈ ਘਾਤ ਲਾ ਕੇ ਬੈਠੀਆਂ ਧਿਰਾਂ ਨੇ ਬੜੇ ਸੂਖਮ ਢੰਗ ਨਾਲ ਘੋਲ ਨੂੰ ਸੰਨ੍ਹ ਮਾਰ ਲਈ।
ਬਹੁਤ ਵੱਡੇ ਪੱਧਰ ਉਤੇ ਇਸ ਤਰ੍ਹਾਂ ਦਾ ਭਾਣਾ ਪਹਿਲਾਂ ਵੀ ਵਾਪਰਿਆ ਸੀ। ਸਮਾਜਸੇਵੀ ਅੰਨਾ ਹਜ਼ਾਰੇ ਨੇ ਜਦੋਂ ਭ੍ਰਿਸ਼ਟਾਚਾਰ ਖਿਲਾਫ ਲਾਮਬੰਦੀ ਕੀਤੀ ਸੀ ਤਾਂ ਉਸ ਨੂੰ ਬੇਮਿਸਾਲ ਹੁੰਗਾਰਾ ਮਿਲਿਆ ਸੀ। ਪੰਜਾਬ ਦੇ ਕੁਝ ਸਿੱਖ ਵਿਦਵਾਨਾਂ ਨੇ ਉਦੋਂ ਕਿਹਾ ਸੀ ਕਿ ਸਿੱਖਾਂ ਜਾਂ ਪੰਜਾਬ ਨੂੰ ਕੋਈ ਅਜਿਹਾ ਅੰਨਾ ਹਜ਼ਾਰੇ ਕਿਉਂ ਨਹੀਂ ਮਿਲਦਾ ਜਿਹੜਾ ਬੈਠਾ-ਬੈਠਾ ਹੀ ਸਰਕਾਰ ਨੂੰ ਇਉਂ ਧੁਰ ਅੰਦਰ ਤੱਕ ਹਿਲਾ ਕੇ ਰੱਖ ਦੇਵੇ! ਬਾਅਦ ਵਿਚ ਪਤਾ ਲੱਗਿਆ ਕਿ ਅੰਨਾ ਹਜ਼ਾਰੇ ਦੇ ਇਸ ਘੋਲ ਨੂੰ ਚੋਟੀ ਤੱਕ ਪਹੁੰਚਾਉਣ ਲਈ ਆਰæਐਸ਼ਐਸ਼ ਨੇ ਪੂਰਾ ਟਿੱਲ ਲਾਇਆ ਸੀ। ਕੇਂਦਰ ਵਿਚ ਉਸ ਵਕਤ ਕਾਂਗਰਸ ਦੀ ਅਗਵਾਈ ਵਾਲੀ ਮਨਮੋਹਨ ਸਿੰਘ ਸਰਕਾਰ ਸੀ ਅਤੇ ਆਰæਐਸ਼ਐਸ਼ ਚਾਹੁੰਦੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਇਸ ਸਰਕਾਰ ਦੀਆਂ ਜੜ੍ਹਾਂ ਵਿਚ ਦਾਤੀ ਫੇਰੀ ਜਾਵੇ। ਜਦੋਂ ਉਸ ਦਾ ਸੋਚਿਆ ਮਕਸਦ ਪੂਰਾ ਹੋ ਗਿਆ ਤਾਂ ਇਸ ਨੇ ਹੱਥ ਪਿਛਾਂਹ ਖਿੱਚ ਲਏ। ਫਿਰ ਜਦੋਂ ਦੂਜੀ ਵਾਰ ਅੰਨਾ ਹਜ਼ਾਰੇ ਨੇ ਘੋਲ ਮਘਾਇਆ ਤਾਂ ਉਸ ਨੂੰ ਉਹ ਲਾਮਿਸਾਲ ਹੁੰਗਾਰਾ ਕਿਤੇ ਨਜ਼ਰ ਨਹੀਂ ਆਇਆ। ਨਤੀਜਾ ਇਹ ਨਿਕਲਿਆ ਕਿ ਇਕ-ਇਕ ਕਰ ਕੇ ਅੰਨਾ ਹਜ਼ਾਰੇ ਦੇ ਸਾਥੀ ਵੀ ਉਸ ਦਾ ਸਾਥ ਛੱਡਣ ਲੱਗ ਪਏ ਅਤੇ ਆਖਰਕਾਰ ਉਸ ਦਾ ਅੰਦੋਲਨ ਫੇਲ੍ਹ ਹੋ ਗਿਆ।
ਇਸ ਨੁਕਤੇ ਤੋਂ ਗੁਰਬਖਸ਼ ਸਿੰਘ ਅਤੇ ਅੰਨਾ ਹਜ਼ਾਰੇ ਦੇ ਘੋਲਾਂ ਨੂੰ ਮੇਲ ਕੇ ਦੇਖਣਾ ਜਾਇਜ਼ ਤਾਂ ਨਹੀਂ ਹੈ ਪਰ ਦੋਹਾਂ ਘੋਲਾਂ ਦੌਰਾਨ ਜੋ ਭੂਮਿਕਾ ਘੋਲ ਦੇ ਵਿਰੋਧੀਆਂ ਤੇ ਹਮਾਇਤੀਆਂ ਨੇ ਨਿਭਾਈ, ਉਹ ਥੋੜ੍ਹੇ-ਬਹੁਤੇ ਫਰਕ ਨਾਲ ਇਕੋ ਜਿਹੀ ਪ੍ਰਤੀਤ ਹੁੰਦੀ ਹੈ। ਸਭ ਤੋਂ ਪਹਿਲਾ ਨੁਕਤਾ ਤਾਂ ਇਹੀ ਹੈ ਕਿ ਅਜਿਹੇ ਘੋਲ ਨੂੰ ਲੀਹੋਂ ਲਾਹੁਣ ਲਈ ਸਰਕਾਰ ਤੇ ਸਟੇਟ ਦਾ ਪੂਰਾ ਟਿੱਲ ਲੱਗਿਆ ਹੁੰਦਾ ਹੈ, ਇਸ ਬਾਰੇ ਤਾਂ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਇਸੇ ਕਰ ਕੇ ਹੀ ਸਾਰੀ ਜ਼ਿੰਮੇਵਾਰੀ ਘੋਲ ਚਲਾਉਣ ਵਾਲੇ ਪ੍ਰਬੰਧਕਾਂ ਦੇ ਮੋਢਿਆਂ ਉਤੇ ਆਣ ਪੈਂਦੀ ਹੈ ਕਿ ਸੰਘਰਸ਼ ਨੂੰ ਲਗਾਤਾਰ ਆ ਰਹੀਆਂ ਔਖੀਆਂ ਘੜੀਆਂ ਵਿਚੋਂ ਕੱਢ ਕੇ ਅੱਗੇ ਕਿਸ ਤਰ੍ਹਾਂ ਲੈ ਕੇ ਜਾਣਾ ਹੈ। ਰੱਤੀ ਭਰ ਕੋਤਾਹੀ ਵੀ ਘੋਲ ਨੂੰ ਦਿਸ਼ਾ ਤੋਂ ਪਾਸੇ ਲਿਜਾਣ ਦਾ ਕਾਰਨ ਬਣ ਸਕਦੀ ਹੈ। ਇਨ੍ਹਾਂ ਘੋਲਾਂ ਨਾਲ ਇਹੀ ਭਾਣਾ ਵਾਪਰਿਆ। ਪ੍ਰਬੰਧਕਾਂ ਦੀ ਘੌਲ ਕਾਰਨ ਘੋਲ ਦੀ ਦਿਸ਼ਾ ਹੀ ਬਦਲ ਗਈ ਅਤੇ ਸਟੇਟ ਤੇ ਸਰਕਾਰ ਨੂੰ ਭੁੱਖ ਹੜਤਾਲ ਉਤੇ ਬੈਠੇ ਜਿਊੜੇ ਦਾ ਹਠ ਭੰਨਣ ਲਈ ਬਹੁਤਾ ਤਰੱਦਦ ਹੀ ਨਹੀਂ ਕਰਨਾ ਪਿਆ। ਹੁਣ ਵੱਖ-ਵੱਖ ਧਿਰਾਂ ਇਕ-ਦੂਜੀ ਉਤੇ ਦੋਸ਼ ਮੜ੍ਹ ਰਹੀਆਂ ਹਨ। ਅਸਲ ਵਿਚ ਅਜਿਹੇ ਘੋਲਾਂ ਦਾ ਮੁੱਖ ਹਥਿਆਰ ਹਠ ਹੀ ਹੁੰਦਾ ਹੈ ਅਤੇ ਤੱਥਾਂ ਨਾਲ ਲੈਸ ਹੋ ਕੇ ਵਿਰੋਧੀ ਨੂੰ ਹਰ ਮੋਰਚੇ ਉਤੇ ਚਿਤ ਕਰਨਾ ਹੁੰਦਾ ਹੈ। ਇਹ ਤਦ ਹੀ ਸੰਭਵ ਹੁੰਦਾ ਹੈ ਜੇ ਘੋਲ-ਵਿਰੋਧੀ ਤਾਕਤਾਂ ਨਾਲੋਂ ਵੱਧ ਸੁਚੇਤ ਹੋ ਕੇ ਆਪਣੇ ਘੋਲ ਨੂੰ ਅਗਾਂਹ ਲਿਜਇਆ ਜਾਵੇ। ਘੋਲ-ਵਿਰੋਧੀ ਤਾਕਤਾਂ ਦੀ ਹਰ ਚਾਲ ਉਤੇ ਤਿੱਖੀ ਨਜ਼ਰ ਰੱਖਣੀ ਲਾਜ਼ਮੀ ਹੁੰਦੀ ਹੈ। ਗੁਰਬਖਸ਼ ਸਿੰਘ ਦੇ ਘੋਲ ਦੇ ਪ੍ਰਬੰਧਕ ਆਪਣੇ ਕਦਮ ਤਾਂ ਫੂਕ-ਫੂਕ ਕੇ ਧਰਨ ਦਾ ਹੀਲਾ-ਵਸੀਲਾ ਤਾਂ ਕਰਦੇ ਰਹੇ ਪਰ ਵਿਰੋਧੀਆਂ ਦੀ ਚਾਲਾਂ ਨੂੰ ਮਾਤ ਦੇਣ ਵਿਚ ਨਾਕਾਮ ਰਹੇ। ਸਿੱਟੇ ਵਜੋਂ ਦੋ ਮਹੀਨਿਆਂ ਦਾ ਘੋਲ, ਚੰਦ ਘੰਟਿਆਂ ਵਿਚ ਹੀ ਸਮੇਟਿਆ ਗਿਆ ਅਤੇ ਗੁਰਬਖਸ਼ ਸਿੰਘ ਕੋਲ ਆਪਣੇ ਪਿੰਡ ਪਰਤਣ ਤੋਂ ਸਿਵਾ ਹੋਰ ਕੋਈ ਰਾਹ ਨਹੀਂ ਬਚਿਆ।