ਨਗਰੋਟਾ (ਜੰਮੂ-ਕਸ਼ਮੀਰ): ਭਾਰਤੀ ਫੌਜ ਨੇ ਕਿਹਾ ਕਿ ਉਸ ਨੂੰ ਕੁਝ ਸੁਰਾਗ ਮਿਲੇ ਹਨ ਜਿਨ੍ਹਾਂ ਵਿਚ ਖਦਸ਼ਾ ਪ੍ਰਗਟਾਇਆ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਇਸ ਮਹੀਨੇ ਦੇ ਅੰਤ ਵਿਚ ਹੋਣ ਵਾਲੀ ਭਾਰਤ ਯਾਤਰਾ ਤੋਂ ਪਹਿਲਾਂ ਪਾਕਿਸਤਾਨ ਆਧਾਰਿਤ ਅਤਿਵਾਦੀ ਸੰਗਠਨ ਜੰਮੂ-ਕਸ਼ਮੀਰ ਵਿਚ ਸਕੂਲਾਂ, ਸੈਨਿਕ ਕਾਫਲਿਆਂ ਤੇ ਅਸੈਨਿਕ ਖੇਤਰਾਂ ਵਰਗੇ ਆਸਾਨ ਟੀਚਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰ ਸਕਦੇ ਹਨ।
16ਵੀਂ ਕੋਰ ਦੇ ਜਨਰਲ ਆਫੀਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਕੇæਐਚæ ਸਿੰਘ ਨੇ ਕਿਹਾ ਕਿ ਪੂਰੀ ਤਰ੍ਹਾਂ ਹਥਿਆਰਾਂ ਨਾਲ ਲੈਸ ਤਕਰੀਬਨ 200 ਅਤਿਵਾਦੀ ਪੀਰ ਪੰਜਾਲ ਪਹਾੜੀਆਂ ਦੇ ਦੂਜੇ ਪਾਸੇ ਕੰਟਰੋਲ ਰੇਖਾ ਦੇ ਪਾਰ ਸਥਿਤ 36 ਘੁਸਪੈਠ ਟਿਕਾਣਿਆਂ ‘ਤੇ ਇੰਤਜ਼ਾਰ ਕਰ ਰਹੇ ਹਨ ਤੇ ਅਜਿਹਾ ਪੂਰਾ ਖਦਸ਼ਾ ਹੈ ਕਿ ਪਾਕਿਸਤਾਨ ਆਪਣੀ ਧਰਤੀ ‘ਤੇ ਪਨਪੇ ਇਨ੍ਹਾਂ ਅਤਿਵਾਦੀ ਸੰਗਠਨਾਂ ਦੇ ਅਤਿਵਾਦੀਆਂ ਨੂੰ ਸਰਹੱਦ ਦੇ ਇਸ ਪਾਰ ਭੇਜਣ ਦਾ ਯਤਨ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਉਥੇ ਕੰਟਰੋਲ ਰੇਖਾ ਦੇ ਉਸ ਪਾਰ 14 ਤੋਂ 15 ਅਤਿਵਾਦੀ ਸਿਖਲਾਈ ਕੈਂਪ ਚੱਲ ਰਹੇ ਹਨ ਤੇ ਉਨ੍ਹਾਂ ਖੇਤਰਾਂ ਨੂੰ ਲੈ ਕੇ ਸਾਡੀ ਜ਼ਿੰਮੇਵਾਰੀ ਹੈ। ਸਰਹੱਦ ਪਾਰ ਅਤਿਵਾਦੀ ਢਾਂਚਾ ਬਰਕਰਾਰ ਹੈ ਤੇ ਅਜਿਹਾ ਸੰਭਵ ਹੈ ਕਿ ਪਾਕਿਸਤਾਨ ਆਪਣੀ ਧਰਤੀ ‘ਤੇ ਪਨਪੇ ਅਤਿਵਾਦੀ ਸੰਗਠਨਾਂ ਦੇ ਇਨ੍ਹਾਂ ਅਤਿਵਾਦੀਆਂ ਨੂੰ ਸਾਡੀ ਸੀਮਾ ਵਿਚ ਦਾਖਲ ਕਰਾਉਣ ਦਾ ਯਤਨ ਕਰੇ।
ਉਧਰ ਓਬਾਮਾ ਦੀ ਭਾਰਤ ਯਾਤਰਾ ਤੋਂ ਪਹਿਲਾਂ ਖੁਫੀਆ ਏਜੰਸੀ (ਆਈæਬੀæ) ਨੇ ਅਲਰਟ ਜਾਰੀ ਕਰ ਕੇ ਸਰਹੱਦ ਪਾਰੋਂ ਅਤਿਵਾਦੀ ਹਮਲੇ ਦਾ ਖਦਸ਼ਾ ਪ੍ਰਗਟ ਕੀਤਾ ਹੈ ਜਿਸ ਪਿਛੋਂ ਜੰਮੂ-ਕਸ਼ਮੀਰ ਵਿਚ ਚੌਕਸੀ ਵਧਾ ਦਿੱਤੀ ਗਈ ਹੈ। ਓਬਾਮਾ ਗਣਤੰਤਰ ਦਿਵਸ ਪਰੇਡ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਣ ਲਈ 25 ਜਨਵਰੀ ਨੂੰ ਤਿੰਨ ਦਿਨ ਦੀ ਯਾਤਰਾ ‘ਤੇ ਭਾਰਤ ਆ ਰਹੇ ਹਨ। ਸਰਕਾਰ ਨੇ ਕਿਹਾ ਹੈ ਕਿ ਉਹ ਓਬਾਮਾ ਦੀ ਯਾਤਰਾ ਦੌਰਾਨ ਸੁਰੱਖਿਆ ਨਾਲ ਜੁੜੇ ਸਾਰੇ ਅਹਿਤਿਆਤੀ ਕਦਮ ਚੁੱਕ ਰਹੀ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਓਬਾਮਾ ਦੀ ਯਾਤਰਾ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਸ ਤਰ੍ਹਾਂ ਦੀਆਂ ਯਾਤਰਾਵਾਂ ਬਾਰੇ ਸਾਰੇ ਤਰ੍ਹਾਂ ਦਾ ਧਿਆਨ ਰੱਖਿਆ ਜਾਂਦਾ ਹੈ। ਇਹ ਖੁਦ ਮੁਖਤਿਆਰ ਦੇਸ਼ ਤੇ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਸਾਡੀਆਂ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਸਰਗਰਮ ਹਨ। ਵਰਣਨਯੋਗ ਹੈ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਪੂਰੇ ਦੇਸ਼ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ।
ਓਬਾਮਾ ਦੇ ਭਾਰਤ ਦੌਰੇ ਦੇ ਮੱਦੇਨਜ਼ਰ ਜੰਮੂ-ਕਸ਼ਮੀਰ ਵਿਚ ਕੌਮਾਂਤਰੀ ਸਰਹੱਦ ਦੇ ਨਾਲ ਬੀæਐਸ਼ਐਫ ਨੇ ਸੁਰੱਖਿਆ ਵਧਾ ਦਿੱਤੀ ਹੈ। ਇਕ ਰਿਪੋਰਟ ਅਨੁਸਾਰ ਅਮਰੀਕੀ ਰਾਸ਼ਟਰਪਤੀ ਦੇ ਦੌਰੇ ਤੋਂ ਪਹਿਲਾਂ ਲਸ਼ਕਰ-ਏ-ਤਾਇਬਾ ਦੇ ਅਤਿਵਾਦੀ ਭਾਰਤ ਵਿਚ ਘੁਸਪੈਠ ਕਰਨ ਦਾ ਯਤਨ ਕਰ ਸਕਦੇ ਹਨ। ਭਾਰਤੀ ਖੁਫੀਆ ਏਜੰਸੀਆਂ ਨੂੰ ਮਿਲੀ ਜਾਣਕਾਰੀ ਤੋਂ ਬਾਅਦ ਬੀæਐਸ਼ਐਫ਼ ਦੇ 1200 ਹੋਰ ਜਵਾਨ ਕੌਮਾਂਤਰੀ ਸਰਹੱਦ ਦੇ ਨਾਲ ਤਾਇਨਾਤ ਕਰ ਦਿੱਤੇ ਗਏ ਹਨ। ਸੂਤਰਾਂ ਅਨੁਸਾਰ ਸਰਹੱਦ ਪਾਰੋਂ ਘੁਸਪੈਠ ਦੀਆਂ ਕੋਸ਼ਿਸ਼ਾਂ ਰੋਜ਼ਾਨਾ ਹੋ ਰਹੀਆਂ ਹਨ ਜਦਕਿ ਸੰਘਣੀ ਧੁੰਦ ਤੇ ਠੰਢ ਇਸ ਖੇਤਰ ਵਿਚ ਤਾਇਨਾਤ ਜਵਾਨਾਂ ਲਈ ਵੱਡੀ ਚੁਣੌਤੀ ਖੜੀ ਕਰ ਰਹੀਆਂ ਹਨ। ਸੂਤਰਾਂ ਅਨੁਸਾਰ ਉਬਾਮਾ ਦੀ ਸੁਰੱਖਿਆ ਲਈ ਸੱਤ ਘੇਰਿਆਂ ਵਾਲੀ ਸੁਰੱਖਿਆ ਦਾ ਪ੍ਰਬੰਧ ਹੋਵੇਗਾ, ਜਿਥੋਂ ਅਮਰੀਕੀ ਰਾਸ਼ਟਰਪਤੀ ਭਾਰਤੀ ਗਣਤੰਤਰ ਦਿਵਸ ਪਰੇਡ ਦਾ ਨਜ਼ਾਰਾ ਦੇਖਣਗੇ। ਇਸ ਖੇਤਰ ਦੀ ਹਵਾਈ ਸੈਨਾ ਵਲੋਂ ਨਿਗਰਾਨੀ ਲਈ ਖਾਸ ਤੌਰ ‘ਤੇ ਇਕ ਰਾਡਾਰ ਲਗਾਇਆ ਜਾਵੇਗਾ। ਇਸ ਸਮਾਰੋਹ ਦੌਰਾਨ ਤਿੰਨ ਮੈਟਰੋ ਸਟੇਸ਼ਨ ਪਹਿਲਾਂ ਹੀ ਬੰਦ ਕਰ ਦਿੱਤੇ ਜਾਣਗੇ। ਰਾਜਧਾਨੀ ਵਿਚ ਤਕਰੀਬਨ 15,000 ਸੀæਸੀæਟੀæਵੀæ ਕੈਮਰਿਆਂ ਦੀ ਫੁਟੇਜ਼ ਦੀ ਨਿਗਰਾਨੀ ਵਾਲੀ ਟੀਮ ਵਿਚ ਅਮਰੀਕੀ ਸੁਰੱਖਿਆ ਕਰਮੀ ਵੀ ਸ਼ਾਮਲ ਹੋਣਗੇ।
_________________________________
ਅਮਰੀਕਾ ਵਲੋਂ ਪਾਕਿਸਤਾਨ ਨੂੰ ਸਖਤ ਚਿਤਾਵਨੀ
ਵਾਸ਼ਿੰਗਟਨ: ਰਾਸ਼ਟਰਪਤੀ ਬਰਾਕ ਓਬਾਮਾ ਦੇ ਭਾਰਤ ਦੌਰੇ ਨੂੰ ਦੇਖਦਿਆਂ ਅਮਰੀਕਾ ਨੇ ਪਾਕਿਸਤਾਨ ਨੂੰ ਸ਼ਖ਼ਤ ਲਹਿਜ਼ੇ ਵਿਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਦੌਰਾਨ ਸਰਹੱਦ ਪਾਰੋਂ ਦਹਿਸ਼ਤੀ ਹਮਲੇ ਦੀ ਸਾਜ਼ਿਸ਼ ਘੜੀ ਗਈ ਤਾਂ ਉਹ ਨਤੀਜੇ ਭੁਗਤਣ ਲਈ ਤਿਆਰ ਰਹੇ। ਪਾਕਿਸਤਾਨ ਵਿਚ ਅਮਰੀਕੀ ਸਫਾਰਤਖਾਨੇ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ। ਪਾਕਿਸਤਾਨ ਆਧਾਰਿਤ ਦਹਿਸ਼ਤੀ ਗੁੱਟਾਂ ਦਾ ਰਿਕਾਰਡ ਰਿਹਾ ਹੈ ਕਿ ਜਦ ਵੀ ਅਮਰੀਕਾ ਤੋਂ ਕੋਈ ਮਸ਼ਹੂਰ ਹਸਤੀ ਭਾਰਤ ਆਉਂਦੀ ਹੈ ਤਾਂ ਉਸ ਸਮੇਂ ਹਮਲੇ ਤੇਜ਼ ਕਰ ਦਿੱਤੇ ਜਾਂਦੇ ਹਨ। ਅਜਿਹੀ ਇਕ ਘਟਨਾ 20 ਮਾਰਚ 2000 ਵਿਚ ਵਾਪਰੀ ਸੀ ਜਦੋਂ ਤਤਕਾਲੀ ਰਾਸ਼ਟਰਪਤੀ ਬਿੱਲ ਕਲਿੰਟਨ ਦੇ ਭਾਰਤ ਦੌਰੇ ਮੌਕੇ ਜੰਮੂ- ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਦਹਿਸ਼ਤਗਰਦਾਂ ਨੇ 36 ਸਿੱਖਾਂ ਨੂੰ ਗੋਲੀਆਂ ਨਾਲ ਵਿੰਨ੍ਹ ਦਿੱਤਾ ਸੀ।