ਚੰਡੀਗੜ੍ਹ: ਪੰਜਾਬ ਕਾਂਗਰਸ ਆਗੂਆਂ ਵਿਚ ਪ੍ਰਧਾਨਗੀ ਨੂੰ ਲੈ ਕੇ ਚੱਲ ਰਿਹਾ ਕਲੇਸ਼ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ ਤੇ ਹਾਈਕਮਾਨ ਹਾਲਾਤ ਬਾਰੇ ਸਭ ਕੁਝ ਜਾਣਦੇ ਹੋਏ ਵੀ ਕੁਝ ਕਰਨ ਤੋਂ ਅਸਮਰੱਥ ਨਜ਼ਰ ਆ ਰਹੀ ਹੈ। ਕੈਪਟਨ ਖੇਮਾ ਹੁਣ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੇ ਵਿਵਾਦ ਨੂੰ ਕਿਸੇ ਇਕ ਪਾਸੇ ਲਾਉਣ ਲਈ ਬਜ਼ਿੱਦ ਹੈ।
ਅੰਮ੍ਰਿਤਸਰ ਦੇ ਸੰਸਦ ਮੈਂਬਰ ਤੇ ਕਾਂਗਰਸ ਦੇ ਲੋਕ ਸਭਾ ਵਿਚ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਧੜੇ ਵਲੋਂ ਤੈਅਸ਼ੁਦਾ ਨੀਤੀ ਅਧੀਨ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਅੱਖੋਂ-ਪਰੋਖੇ ਕਰਨ ਦਾ ਮਨ ਬਣਾ ਲਿਆ ਹੈ। ਦੋਵੇਂ ਆਗੂ ਹਾਈਕਮਾਨ ਨੂੰ ਆਪਣੇ ਦੁਖੜੇ ਦੱਸ ਚੁੱਕੇ ਹਨ ਪਰ ਪਾਰਟੀ ਕਿਸੇ ਵੀ ਧਿਰ ਨੂੰ ਨਾਰਾਜ਼ ਕਰਨ ਦੇ ਮੂਡ ਵਿਚ ਨਹੀਂ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਅੱਖੋਂ-ਪਰੋਖੇ ਕਰਕੇ ਅੰਮ੍ਰਿਤਸਰ ਵਿਖੇ 24 ਜਨਵਰੀ ਨੂੰ ਕੀਤੀ ਜਾ ਰਹੀ ਰੈਲੀ ਇਸੇ ਰਣਨੀਤੀ ਦੀ ਪਹਿਲੀ ਕੜੀ ਮੰਨੀ ਜਾ ਰਹੀ ਹੈ। ਸੂਤਰਾਂ ਅਨੁਸਾਰ ਇਸ ਧਿਰ ਵਲੋਂ 24 ਜਨਵਰੀ ਦੀ ਰੈਲੀ ਨੂੰ ਲਾਮਿਸਾਲ ਬਣਾਉਣ ਲਈ ਹਰੇਕ ਟਿਲ ਲਾਉਣ ਦੀ ਧਾਰ ਲਈ ਹੈ। ਇਸ ਤੋਂ ਬਾਅਦ ਵੀ ਆਨੇ-ਬਹਾਨੇ ਕੈਪਟਨ ਦੀ ਅਗਵਾਈ ਹੇਠ ਰਾਜ ਦੇ ਹੋਰਨਾਂ ਹਿੱਸਿਆਂ ਵਿਚ ਇਕੱਠ ਕਰਨ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ।
ਸੂਤਰਾਂ ਅਨੁਸਾਰ ਕੈਪਟਨ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਸ੍ਰੀ ਬਾਜਵਾ ਦਾ ਕਿਸੇ ਵੀ ਰੂਪ ਵਿਚ ਜ਼ਿਕਰ ਕੀਤੇ ਬਿਨਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਆਪਣੇ ਪੱਧਰ ‘ਤੇ ਪ੍ਰੋਗਰਾਮਾਂ ਦੀ ਲੜੀ ਚਲਾਉਣ ਦੀ ਸਲਾਹ ਦਿੱਤੀ ਹੈ। ਤਕਰੀਬਨ ਸਾਰੇ ਸਮਰਥਕਾਂ ਨੇ 11 ਜਨਵਰੀ ਨੂੰ Ḕਲੰਚ ਮੀਟਿੰਗḔ ਦੌਰਾਨ ਉਨ੍ਹਾਂ ਨੂੰ ਰਾਜ ਵਿਚ ਸਰਗਰਮ ਹੋਣ ਲਈ ਪ੍ਰੇਰਿਆ ਹੈ। ਸੂਤਰਾਂ ਅਨੁਸਾਰ ਹਾਈ ਕਮਾਂਡ ਵਲੋਂ ਸ਼ ਬਾਜਵਾ ਦੇ ਮੁੱਦੇ ਉਪਰ ਪਿਛਲੇ ਲੰਮੇ ਸਮੇਂ ਤੋਂ ਸੁਣਵਾਈ ਨਾ ਕਰਨ ਕਾਰਨ ਇਸ ਧਿਰ ਵਲੋਂ ਸਿੱਧੀ ਲਕੀਰ ਖਿੱਚੀ ਜਾ ਰਹੀ ਹੈ।
ਇਸ ਤਰ੍ਹਾਂ ਕੈਪਟਨ ਧਿਰ ਨੇ ਆਪਣੇ ਪੱਧਰ ‘ਤੇ ਹੀ ਪੰਜਾਬ ਵਿਚ ਪ੍ਰੋਗਰਾਮ ਚਲਾ ਕੇ ਸ਼ ਬਾਜਵਾ ਨੂੰ ਅਲੱਗ-ਥਲੱਗ ਕਰਨ ਦਾ ਨਵਾਂ ਰਾਹ ਲੱਭਿਆ ਹੈ। ਕੈਪਟਨ ਧੜਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਅੱਖੋਂ-ਪਰੋਖੇ ਕਰਕੇ ਪ੍ਰੋਗਰਾਮ ਉਲੀਕ ਕੇ ਜਿਥੇ ਹਾਈ ਕਮਾਂਡ ਨੂੰ ਵੀ ਰਾਜ ਵਿਚਲੀ ਆਪਣੀ ਹੋਂਦ ਦਿਖਾਉਣਾ ਚਾਹੁੰਦਾ ਹੈ, ਉਥੇ ਵਿਧਾਇਕ ਆਪੋ-ਆਪਣੇ ਹਲਕਿਆਂ ਦੇ ਵੋਟਰਾਂ ਦੀ ਲਾਮਬੰਦੀ ਕਰਨ ਦੇ ਯਤਨਾਂ ਵਿਚ ਵੀ ਹੈ। ਹੁਣ ਕੈਪਟਨ ਖੇਮੇ ਦੇ ਇਨ੍ਹਾਂ ਤਿੱਖੇ ਤੇਵਰਾਂ ਨੂੰ ਦੇਖਦਿਆਂ ਹਾਈ ਕਮਾਂਡ ਵਿਚ ਵੀ ਹਲਚਲ ਹੋਈ ਹੈ ਕਿਉਂਕਿ ਕੈਪਟਨ ਨੇ ਦਿੱਲੀ ਵਿਖੇ ਕਾਂਗਰਸ ਕਾਰਜਕਾਰਨੀ ਕਮੇਟੀ ਦੀ ਅਹਿਮ ਮੀਟਿੰਗ ਤੋਂ ਵੀ ਕਿਨਾਰਾ ਕਰਕੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਬੜਾ ਸਖ਼ਤ ਸੰਕੇਤ ਦੇ ਦਿੱਤਾ ਹੈ। ਦੂਸਰੇ ਪਾਸੇ ਸ਼ ਬਾਜਵਾ ਵਲੋਂ ਵੀ ਦਿੱਲੀ ਜਾ ਕੇ ਆਪਣੀ ਸਾਰੀ ਸਥਿਤੀ ਸਪੱਸ਼ਟ ਕਰਨ ਦੀ ਤਿਆਰੀ ਕਰ ਲਈ ਹੈ। ਸੂਤਰਾਂ ਅਨੁਸਾਰ ਹਾਈ ਕਮਾਂਡ ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਸਮੇਟਣ ਲਈ ਛੇਤੀ ਹੀ ਕੋਈ ਰਾਹ ਕੱਢ ਸਕਦੀ ਹੈ, ਜਿਸ ਨਾਲ ਕੈਪਟਨ ਤੇ ਸ਼ ਬਾਜਵਾ ਨੂੰ ਛੱਡ ਕੇ ਪ੍ਰਧਾਨ ਦੇ ਅਹੁਦੇ ਲਈ ਕਿਸੇ ਤੀਸਰੇ ਦਾ ਦਾਅ ਲੱਗ ਸਕਦਾ ਹੈ।
ਉਧਰ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਦੀਆਂ ਹਦਾਇਤਾਂ ‘ਤੇ ਹੀ ਅੰਮ੍ਰਿਤਸਰ ਵਿਖੇ ਡਰੱਗ ਦੇ ਮੁੱਦੇ ਉਪਰ ਕੈਪਟਨ ਦੀ ਅਗਵਾਈ ਹੇਠ ਰੈਲੀ ਹੋ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੈਪਟਨ ਨੇ ਪਿਛਲੇ ਦਿਨੀਂ ਜਦੋਂ ਦਿੱਲੀ ਵਿਖੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਤਾਂ ਉਸ ਵੇਲੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵਲੋਂ ਅੰਮ੍ਰਿਤਸਰ ਵਿਖੇ ਡਰੱਗ ਦੇ ਮੁੱਦੇ ਉਪਰ ਕੀਤੀ ਜਾਣ ਵਾਲੀ ਰੈਲੀ ਉਪਰ ਵੀ ਚਰਚਾ ਹੋਈ ਸੀ, ਜਿਸ ਦੌਰਾਨ ਸੋਨੀਆ ਗਾਂਧੀ ਨੇ ਕਿਹਾ ਸੀ ਕਿ ਸ੍ਰੀ ਸ਼ਾਹ ਦੇ ਮੁਕਾਬਲੇ ਰੈਲੀ ਕਰਨ ਦੀ ਸਮਰੱਥਾ ਸਿਰਫ ਕੈਪਟਨ ਹੀ ਰੱਖਦੇ ਹਨ। ਇਸ ਲਈ ਉਹ ਹਾਈ ਕਮਾਂਡ ਦੇ ਕਹੇ ਅਨੁਸਾਰ ਹੀ ਰੈਲੀ ਕਰ ਰਹੇ ਹਨ। ਸ੍ਰੀ ਜਾਖੜ ਅਨੁਸਾਰ ਹਾਈ ਕਮਾਨ ਪੰਜਾਬ ਦੇ ਹਰੇਕ ਲੀਡਰ ਦੀ ਸਮਰੱਥਾ ਤੇ ਕੱਦ ਤੋਂ ਜਾਣੂ ਹੈ।
___________________________________________
ਕਿਸੇ ਵੀ ਮੁੱਦੇ ‘ਤੇ ਇਕਸੁਰ ਨਹੀਂ ਬਾਜਵਾ ਤੇ ਕੈਪਟਨ
ਪ੍ਰਤਾਪ ਸਿੰਘ ਬਾਜਵਾ ਵਲੋਂ ਪ੍ਰਧਾਨਗੀ ਦੀ ਦਾਅਵੇਦਾਰੀ ਜਤਾਏ ਜਾਣ ਤੋਂ ਲੈ ਕੇ ਹਾਈਕਮਾਨ ਵਲੋਂ ਮਾਰਚ 2013 ਦੌਰਾਨ ਪ੍ਰਧਾਨ ਥਾਪੇ ਜਾਣ ਸਮੇਤ ਹਰੇਕ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਬਾਜਵਾ ਦੀ ਸ਼ਰੇਆਮ ਵਿਰੋਧਤਾ ਕੀਤੀ ਹੈ।
ਨਸ਼ਿਆਂ ਦੇ ਮਾਮਲੇ ਵਿਚ ਸ਼ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸ ਵਲੋਂ ਬਿਕਰਮ ਸਿੰਘ ਮਜੀਠੀਆ ਤੇ ਨਸ਼ਾ ਤਸਕਰ ਜਗਦੀਸ਼ ਸਿੰਘ ਭੋਲਾ ਖਿਲਾਫ ਖੋਲਿਆ ਮੋਰਚਾ ਤੇ ਸੀæਬੀæਆਈæ ਜਾਂਚ ਦੀ ਮੰਗ ਦੇ ਇਲਾਵਾ ਪੰਜਾਬ ਕਾਂਗਰਸ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਸਮੇਤ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੂੰ ਘੇਰਨ ਲਈ ਬਾਜਵਾ ਵਲੋਂ ਕੀਤੀਆਂ ਗਈਆਂ ਵੱਖ-ਵੱਖ ਕੋਸ਼ਿਸ਼ਾਂ ਵਿਚ ਕਦੇ ਵੀ ਕੈਪਟਨ ਧੜੇ ਨੇ ਬਾਜਵਾ ਦੀ ਹਮਾਇਤ ਨਹੀਂ ਕੀਤੀ। ਕੈਪਟਨ ਵਲੋਂ ਅੰਮ੍ਰਿਤਸਰ ਵਿਚ ਭਾਜਪਾ ਵਿਰੁਧ ਕੀਤੀ ਜਾ ਰਹੀ ਲਲਕਾਰ ਰੈਲੀ ਬਾਰੇ ਬਾਜਵਾ ਸਮਰਥਕ ਇਹ ਦਾਅਵਾ ਕਰ ਰਹੇ ਹਨ ਕਿ ਹਾਈਕਮਾਨ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦਾ ਉਪ ਨੇਤਾ ਬਣਾ ਕੇ ਕੈਪਟਨ ਨੂੰ ਵੱਡਾ ਮਾਣ ਦਿੱਤਾ ਸੀ ਪਰ ਕੈਪਟਨ ਨੇ ਸਰਦ ਰੁੱਤ ਦੇ ਇਜਲਾਸ ਦੌਰਾਨ ਇਕ ਦਿਨ ਵੀ ਸੰਸਦ ਵਿਚ ਹਾਜ਼ਰੀ ਨਹੀਂ ਭਰੀ ਤੇ ਨਾ ਹੀ ਉਹ ਬਤੌਰ ਵਿਧਾਇਕ ਪੰਜਾਬ ਵਿਧਾਨ ਸਭਾ ਵਿਚ ਹਾਜ਼ਰ ਹੁੰਦੇ ਰਹੇ ਹਨ।
__________________________________________
ਕੈਪਟਨ ਅੰਮ੍ਰਿਤਸਰ ਦੇ ਵੋਟਰਾਂ ਨਾਲ ਨਿਆਂ ਕਰੇ: ਬਾਜਵਾ
ਨਵੀਂ ਦਿੱਲੀ: ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਬਾਗੀ ਸੁਰ ਉਠਾ ਰਹੇ ਅੰਮ੍ਰਿਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਨੂੰ ਸੂਬੇ ਦੀ ਰਾਜਨੀਤੀ ਵਿਚ ਦਖਲ-ਅੰਦਾਜ਼ੀ ਬੰਦ ਕਰਕੇ, ਉਨ੍ਹਾਂ ਵੋਟਰਾਂ ਪ੍ਰਤੀ ਆਪਣਾ ਫਰਜ਼ ਨਿਭਾਉਣ ਨੂੰ ਕਿਹਾ ਜਿਨ੍ਹਾਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਜਿਤਾਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਕਈ ਵਾਰ ਲਕਸ਼ਮਣ ਰੇਖਾ ਤੋੜ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਹਨ, ਜਿਨ੍ਹਾਂ ਦੇ ਜਵਾਬ ਉਹ ਵੀ ਦੇ ਸਕਦੇ ਸਨ, ਪਰ ਪਾਰਟੀ ਦਾ ਅਨੁਸ਼ਾਸਤ ਕਾਰਜਕਰਤਾ ਹੋਣ ਕਾਰਨ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ‘ਤੇ ਕਾਬੂ ਪਾਉਣ ਦਾ ਯਤਨ ਕੀਤਾ। ਸ਼ ਬਾਜਵਾ ਨੇ ਕਿਹਾ ਕਿ ਪਾਰਟੀ ਦੀ ਹਾਰ ਕਾਰਨ ਉਨ੍ਹਾਂ ਤੋਂ ਅਸਤੀਫ਼ਾ ਮੰਗ ਰਹੇ ਕੈਪਟਨ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਕਾਂਗਰਸ ਲਗਾਤਾਰ ਦੋ ਵਾਰ ਕੈਪਟਨ ਦੀ ਅਗਵਾਈ ਵਿਚ ਵਿਧਾਨ ਸਭਾ ਚੋਣਾਂ ਹਾਰੀ ਹੈ।