ਸ਼ਹੀਦ ਭਗਤ ਸਿੰਘ ਦੀ ਲੁਕਣਗਾਹ ਨੂੰ ਮਿਲਿਆ ਵਿਰਾਸਤੀ ਦਰਜਾ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਕ੍ਰਾਂਤੀਕਾਰੀਆਂ ਦੀ ਫਿਰੋਜ਼ਪੁਰ ‘ਲੁਕਣਗਾਹ’ ਵਾਲੀ ਪੁਰਾਤਨ ਇਮਾਰਤ ਨੂੰ ਸੁਰੱਖਿਅਤ ਸਮਾਰਕ ਐਲਾਨ ਦਿੱਤਾ ਹੈ। ਪੰਜਾਬ ਦੇ ਸਭਿਆਚਾਰਕ ਮਾਮਲੇ, ਪੁਰਾਤਤਵ ਤੇ ਅਜਾਇਬ ਘਰ ਵਿਭਾਗ ਦੇ ਡਾਇਰੈਕਟਰ ਨਵਜੋਤ ਪਾਲ ਸਿੰਘ ਰੰਧਾਵਾ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇਕ ਹਲਫਨਾਮਾ ਦਾਇਰ ਕਰਕੇ ਇਹ ਜਾਣਕਾਰੀ ਦਿੱਤੀ ਗਈ।

ਹਲਫਨਾਮੇ ਤਹਿਤ ਦੱਸਿਆ ਗਿਆ ਹੈ ਕਿ ਇਹ ਮਾਮਲਾ ਪਹਿਲਾਂ ਬਾਕਾਇਦਾ ਉਚਿਤ ਪੱਧਰਾਂ ‘ਤੇ ਵਿਚਾਰਿਆ ਗਿਆ ਤੇ ਲੋੜੀਂਦੀ ਵਿਚਾਰ ਕਰਨ ਮਗਰੋਂ ਹੀ ਉਕਤ ਇਮਾਰਤ ਭਾਵ ਸ਼ਹੀਦ ਭਗਤ ਸਿੰਘ ਤੇ ਹੋਰਨਾਂ ਕ੍ਰਾਂਤੀਕਾਰੀਆਂ ਦਾ ਫਿਰੋਜ਼ਪੁਰ ਸ਼ਹਿਰ ਦੇ ਗਊਸ਼ਾਲਾ ਮਾਰਗ ‘ਤੇ ਤੂੜੀ ਬਾਜ਼ਾਰ ਵਿਚਲਾ ਠਹਿਰਾਅ ਸੁਰੱਖਿਅਤ ਐਲਾਨਿਆ ਗਿਆ ਹੈ। ਸੂਬਾ ਸਰਕਾਰ ਵਲੋਂ Ḕਪੰਜਾਬ ਪ੍ਰਾਚੀਨ ਤੇ ਇਤਿਹਾਸਕ ਸਮਾਰਕਾਂ ਤੇ ਪੁਰਾਤੱਤਵੀ ਥਾਂਵਾਂ ਤੇ ਰਿਮੇਨਜ਼ ਐਕਟ, 1964Ḕ ਤਹਿਤ ਇਸ ਬਾਬਤ ਬੀਤੀ 22 ਦਸੰਬਰ ਨੂੰ ਹੀ ਬਾਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਹਾਈਕੋਰਟ ਵਿਚ ਇਹ ਮੁੱਦਾ ਸਭ ਤੋਂ ਪਹਿਲਾਂ ਐਡਵੋਕੇਟ ਐਚæਸੀæ ਅਰੋੜਾ ਨੇ ਖ਼ੁਦ ਪਟੀਸ਼ਨਰ ਵਜੋਂ ਪੇਸ਼ ਹੁੰਦਿਆਂ ਜਨਹਿਤ ਪਟੀਸ਼ਨ ਜ਼ਰੀਏ ਉਭਾਰਿਆ, ਜਿਸ ਤਹਿਤ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ। ਮਾਮਲਾ ਅਦਾਲਤ ਪੁੱਜਣ ‘ਤੇ ਸੱਭਿਆਚਾਰਕ ਮਾਮਲੇ, ਪੁਰਾਤਤਵ ਤੇ ਅਜਾਇਬ ਘਰ ਵਿਭਾਗ, ਪੰਜਾਬ ਵਲੋਂ ਇਸ ਬਾਬਤ ਬਾਕਾਇਦਾ ਇਕ ਮੁੱਢਲਾ ਨੋਟੀਫਿਕੇਸ਼ਨ ਜਾਰੀ ਕਰਕੇ ਇਤਰਾਜ਼ ਵੀ ਮੰਗੇ ਗਏ। ਇਸ ਥਾਂ ਦਾ ਨਾਂ ਵੀ Ḕਸ਼ਹੀਦ-ਏ-ਆਜ਼ਮ ਸਰਦਾਰ ਭਗਤ ਤੇ ਹੋਰ ਕ੍ਰਾਂਤੀਕਾਰੀਆਂ ਵਲੋਂ ਵਰਤੀ ਇਮਾਰਤḔ ਤਜਵੀਜ਼ ਕੀਤਾ ਜਾ ਚੁੱਕਾ ਹੈ।
ਦੱਸਣਯੋਗ ਹੈ ਕਿ ਫਿਰੋਜ਼ਪੁਰ ਦੇ ਮਾਲ ਰਿਕਾਰਡ ਮੁਤਾਬਕ ਇਹ ਇਮਾਰਤ ਪੁਰਾਤਨ ਤਕਰੀਬਨ ਚਾਰ ਮਰਲੇ ਦੋ ਸਰਸਾਹੀ ਰਕਬੇ ਵਿਚ ਬਣੀ ਹੋਈ ਹੈ। ਮਿਉਂਸਪਲ ਦਸਤਾਵੇਜ਼ਾਂ ਮੁਤਾਬਕ (ਸਾਲ 1968 ਤੋਂ ਬਾਅਦ) ਇਹ ਕ੍ਰਿਸ਼ਨਾ ਭਗਤੀ ਸਤਿਸੰਗ ਟਰੱਸਟ ਦੀ ਮਲਕੀਅਤ ਦਰਸਾਈ ਜਾ ਰਹੀ ਹੈ। ਵਿਭਾਗ ਵਲੋਂ ਇਹ ਵੀ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਉਕਤ ਸਮੁੱਚੇ ਰਕਬੇ ਨੂੰ ਸੁਰੱਖਿਅਤ ਐਲਾਨਣ ਦਾ ਫੈਸਲਾ ਕੀਤਾ ਗਿਆ ਹੈ ਤੇ ਮਿਥੇ ਸਮੇਂ ਦੌਰਾਨ ਜੇਕਰ ਇਸ ਬਾਬਤ ਕੋਈ ਇਤਰਾਜ਼ ਆਉਂਦਾ ਹੈ ਤਾਂ ਉਕਤ ਅਧਿਕਾਰੀ ਵਲੋਂ ਉਸ ਨੂੰ ਵਿਚਾਰਨ ਤੋਂ ਬਾਅਦ ਅੰਤਿਮ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।
___________________________________
ਇਮਾਰਤ ਦਾ ਇਤਿਹਾਸ਼ææ
ਫਿਰੋਜ਼ਪੁਰ ਸ਼ਹਿਰ ਦੇ ਬੰਸੀ ਗੇਟ ਤੋਂ ਨਮਕ ਮੰਡੀ ਨੂੰ ਜਾਂਦੀ ਸੜਕ ਤੇ ਗਊਸ਼ਾਲਾ ਸੜਕ ਦੇ ਕੋਨੇ ‘ਤੇ ਸਥਿਤ ਇਹ ਇਮਾਰਤ ਬਰਤਾਨਵੀ ਸਾਮਰਾਜ ਵੇਲੇ ਅਗਸਤ 1928 ਤੋਂ ਫਰਵਰੀ 1929 ਤੱਕ ਭਗਤ ਸਿੰਘ ਤੇ ਹੋਰਨਾਂ ਕ੍ਰਾਂਤੀਕਾਰੀਆਂ ਵਲੋਂ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਹਿਤ ਹੈਡਕੁਆਟਰ ਵਜੋਂ ਵਰਤੀ ਜਾਂਦੀ ਸੀ। ਦੱਸਿਆ ਜਾਂਦਾ ਹੈ ਕਿ ਕ੍ਰਾਂਤੀਕਾਰੀਆਂ ਵਲੋਂ ਉਸ ਵੇਲੇ ਇਹ ਇਮਾਰਤ ਕਿਸੇ ਲੇਖ ਰਾਜ ਨਾਮੀ ਮਾਲਕ ਤੋਂ ਕਿਰਾਏ ‘ਤੇ ਲਈ ਗਈ ਸੀ, ਭਗਤ ਸਿੰਘ ਦੀ ਗ੍ਰਿਫਤਾਰੀ ਮਗਰੋਂ ਲੇਖ ਰਾਜ ਨੂੰ ਅਦਾਲਤ ਵਿਚ ਇਸ ਬਾਬਤ ਗਵਾਹੀ ਲਈ ਵੀ ਸੱਦਿਆ ਗਿਆ। ਪਟੀਸ਼ਨਰ ਵਲੋਂ ਇਸ ਬਾਰੇ ਉਘੇ ਖੋਜਕਾਰ ਮਲਵਿੰਦਰਜੀਤ ਸਿੰਘ ਵੜੈਚ ਦੀ ਪੁਸਤਕ Ḕਭਗਤ ਸਿੰਘ-ਦਾ ਇੰਟਰਨਲ ਰੇਬਲḔ ਵਿਚਲੇ ਵੇਰਵੇ ਵੀ ਬੈਂਚ ਦੇ ਸਨਮੁੱਖ ਕਰਦਿਆਂ ਇਸ ਇਮਾਰਤ ਦੇ ਉਕਤ ਕ੍ਰਾਂਤੀਕਾਰੀਆਂ ਦਾ ਪਹਿਲਾ ਹੈਡਕੁਆਟਰ ਵੀ ਰਿਹਾ ਹੋਣ ਦਾ ਦਾਅਵਾ ਕੀਤਾ ਗਿਆ ਹੈ।