ਜਲੰਧਰ: ਪੰਜਾਬ ਸਰਕਾਰ ਵਲੋਂ ਪਰਵਾਸੀ ਪੰਜਾਬੀਆਂ ਦੀਆਂ ਮੁਸ਼ਕਿਲਾਂ ਸੁਣਨ ਲਈ ਕਰਵਾਏ ਐਨæਆਰæਆਈæ ਸੰਗਤ ਦਰਸ਼ਨ ਫਲਾਪ ਸਿੱਧ ਹੋਏ। ਇਸ ਵਿਚ ਉਮੀਦ ਨਾਲੋਂ ਕਿਤੇ ਘੱਟ ਸ਼ਿਕਾਇਤਾਂ ਆਈਆਂ। ਜਲੰਧਰ ਵਿਚ ਸੰਗਤ ਦਰਸ਼ਨ ਦੌਰਾਨ ਤਕਰੀਬਨ 700 ਸ਼ਿਕਾਇਤਾਂ ਆਉਣ ਦੀ ਉਮੀਦ ਸੀ ਪਰ ਅੱਡੀ-ਚੋਟੀ ਦਾ ਜ਼ੋਰ ਲਾਉਣ ਦੇ ਬਾਵਜੂਦ ਵੀ ਸ਼ਿਕਾਇਤਾਂ ਦਾ ਅੰਕੜਾ 234 ਨੂੰ ਪਾਰ ਨਹੀਂ ਕਰ ਸਕਿਆ।
ਇਸੇ ਤਰ੍ਹਾਂ ਲੁਧਿਆਣਾ ਸੰਮੇਲਨ ਦੌਰਾਨ ਸਿਰਫ਼ 174 ਪਰਵਾਸੀ ਪੰਜਾਬੀ ਹੀ ਆਪਣੀਆਂ ਸ਼ਿਕਾਇਤਾਂ ਲੈ ਕੇ ਆਏ ਜਦੋਂਕਿ ਹਾਲ ਵਿਚ ਪੰਜ ਸੌ ਤੋਂ ਵੱਧ ਲੋਕਾਂ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਬਹੁਤੀਆਂ ਕੁਰਸੀਆਂ ਖਾਲੀ ਸਨ। ਬਹੁਤੇ ਲੋਕਾਂ ਦਾ ਕਹਿਣਾ ਸੀ ਕਿ ਸੰਗਤ ਦਰਸ਼ਨਾਂ ਦੌਰਾਨ ਖਾਨਾਪੂਰਤੀ ਹੀ ਕੀਤੀ ਜਾਂਦੀ ਹੈ, ਬਾਅਦ ਵਿਚ ਅਫਸਰਾਂ ਵਲੋਂ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਾਂਦੀ। ਬਹੁਤੇ ਪਰਵਾਸੀ ਸਮਾਗਮ ਅੱਧ-ਵਿਚਾਲੇ ਛੱਡ ਕੇ ਚਲੇ ਗਏ। ਜਲੰਧਰ ਦੇ ਸਭ ਤੋਂ ਵੱਧ 122 ਐਨæਆਰæਆਈæ ਸ਼ਿਕਾਇਤਾਂ ਲੈ ਕੇ ਪੁੱਜੇ। ਸਮਾਗਮ ਵਿਚ ਐਨæਆਰæਆਈæ ਘੱਟ ਤੇ ਪੁਲਿਸ ਤੇ ਪ੍ਰਸ਼ਾਸਨਿਕ ਮੁਲਾਜ਼ਮ ਵੱਧ ਦਿਖਾਈ ਦਿੱਤੇ।
ਸੰਗਤ ਦਰਸ਼ਨ ਦੌਰਾਨ ਜ਼ਿਆਦਾਤਰ ਸ਼ਿਕਾਇਤਾਂ ਸਿਵਲ ਤੇ ਪੁਲਿਸ ਅਧਿਕਾਰੀਆਂ ਵਿਰੁਧ ਹੀ ਸਨ। ਪਰਵਾਸੀ ਪੰਜਾਬੀਆਂ ਨੇ ਆਪਣੇ ਦੁੱਖੜੇ ਮੁੱਖ ਮੰਤਰੀ ਅੱਗੇ ਫਰੋਲਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰੀ ਦਫਤਰਾਂ ਵਿਚ ਸੁਣਵਾਈ ਨਹੀਂ ਹੁੰਦੀ। ਕਈ ਪਰਵਾਸੀ ਪੰਜਾਬੀਆਂ ਨੇ ਕਿਹਾ ਕਿ ਜਦੋਂ ਉਹ ਥਾਣਿਆਂ ਤੱਕ ਜਾਂ ਪੁਲਿਸ ਦੇ ਉਚ ਅਧਿਕਾਰੀਆਂ ਕੋਲ ਜਾਂਦੇ ਹਨ ਤਾਂ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ। ਇਕ ਸਵਾਲ ਦਾ ਜਵਾਬ ਦਿੰਦਿਆਂ ਸ਼ ਬਾਦਲ ਨੇ ਇਸ ਗੱਲ ਨੂੰ ਵੀ ਸਵੀਕਾਰਿਆ ਕਿ ਜੇਕਰ ਅਫਸਰਾਂ ਨੇ ਨੇਕ ਨੀਅਤ ਨਾਲ ਕੰਮ ਕੀਤਾ ਹੁੰਦਾ ਤਾਂ ਏਨੀਆਂ ਸ਼ਿਕਾਇਤਾਂ ਨਹੀਂ ਸੀ ਆਉਣੀਆਂ। ਸ਼ ਬਾਦਲ ਨੇ ਅਫਸਰਾਂ ਨੂੰ ਨਸੀਹਤ ਦਿੱਤੀ ਕਿ ਉਹ ਆਪਣਾ ਕੰਮ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਕਰਨ।
ਐਨæਆਰæਆਈæ ਸੰਗਤ ਦਰਸ਼ਨ ਵਿਚ ਵੀਲ੍ਹ ਚੇਅਰ ‘ਤੇ ਆਏ ਇਕ ਬਜ਼ੁਰਗ ਪਰਵਾਸੀ ਪੰਜਾਬੀ ਸੁਰਜੀਤ ਰਾਏ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਕਿਵੇਂ ਉਸ ਦੇ ਸਾਕ-ਸਬੰਧੀਆਂ ਨੇ 80 ਕਨਾਲ ਜ਼ਮੀਨ ਦੱਬ ਲਈ ਹੈ। ਪੁਲਿਸ ਅਫਸਰਾਂ ਨੂੰ ਜਦੋਂ ਇਸ ਬਾਰੇ ਸ਼ਿਕਾਇਤਾਂ ਕਰਦੇ ਹਨ ਤਾਂ ਉਹ ਅੱਗੋਂ ਜ਼ਮੀਨ ਖਾਲੀ ਕਰਵਾਉਣ ਦਾ ਕੋਈ ਦਮ ਨਹੀਂ ਭਰਦੇ।
ਉਨ੍ਹਾਂ ਨੇ ਪੁਲਿਸ ਦੇ ਵੱਡੇ-ਵੱਡੇ ਅਧਿਕਾਰੀਆਂ ਕੋਲ ਸ਼ਿਕਾਇਤਾਂ ਕੀਤੀਆਂ ਸਨ ਪਰ ਕਿਸੇ ਨੇ ਵੀ ਉਨ੍ਹਾਂ ਦੀ ਗੱਲ ਨਾ ਸੁਣੀ। ਅਮਰੀਕਾ ਤੋਂ ਆਏ ਨਕੋਦਰ ਦੇ ਮਦਨ ਲਾਲ ਸ਼ਰਮਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਸ ਦੀ ਪਤਨੀ ਰਾਜ ਰਾਣੀ ਉਨ੍ਹਾਂ (ਪ੍ਰਕਾਸ਼ ਸਿੰਘ ਬਾਦਲ) ਦੀ ਧੀ ਨਾਲ ਪੜ੍ਹਦੀ ਰਹੀ ਹੈ। ਉਸ ਦੀ ਪਤਨੀ ਨੇ ਮਿੱਟੀ ਦਾ ਤੇਲ ਬਲੈਕ ਵੇਚਣ ਵਾਲਿਆਂ ਨੂੰ ਜਦੋਂ ਫੜਾਇਆ ਸੀ ਤਾਂ ਉਸ ਦੀ ਪਤਨੀ ਨੂੰ ਦੋਸ਼ੀ ਧਿਰ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ ਤੇ ਅਜੇ ਤੱਕ ਵੀ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਇਟਲੀ ਤੋਂ ਆਈ ਬਲਜਿੰਦਰ ਕੌਰ, ਜੋ ਕਿ ਗੁਰਦਾਸਪੁਰ ਜ਼ਿਲੇ ਨਾਲ ਸਬੰਧਤ ਹੈ, ਨੇ ਮੁੱਖ ਮੰਤਰੀ ਕੋਲ ਇਹ ਸ਼ਿਕਾਇਤ ਕੀਤੀ ਕਿ ਉਸ ਦੇ ਭਰਾ ਨੂੰ ਮੋਬਾਈਲ ਫੋਨ ਦੇ ਛੋਟੇ ਜਿਹੇ ਝਗੜੇ ਨੂੰ ਲੈ ਕੇ 19 ਦਸੰਬਰ 2014 ਨੂੰ ਕਤਲ ਕਰ ਦਿੱਤਾ ਗਿਆ ਸੀ ਪਰ ਪੰਜਾਬ ਦੇ ਕਿਸੇ ਵੀ ਸਿਵਲ ਤੇ ਪੁਲਿਸ ਅਫਸਰ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ।
________________________________________
ਸ਼ਿਕਾਇਤਾਂ ਸੁਣਨ ਦੀ ਥਾਂ ਉਲਾਂਭੇ ਹੀ ਦਿੰਦੇ ਰਹੇ ਬਾਦਲ
ਚੰਡੀਗੜ੍ਹ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਐਨæਆਰæਆਈæ ਸੰਗਤ ਦਰਸ਼ਨ ਦੌਰਾਨ ਸ਼ਿਕਾਇਤਾਂ ਸੁਣਨ ਦੀ ਥਾਂ ਪੰਜਾਬ ਵਿਚ ਨਿਵੇਸ਼ ਨਾ ਕਰਨ ਦੇ ਉਲਾਂਭੇ ਦਿੰਦੇ ਰਹੇ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਪਰਵਾਸੀ ਪੰਜਾਬ ਵਿਚ ਕਿਸੇ ਤਰ੍ਹਾਂ ਦਾ ਪੂੰਜੀ ਨਿਵੇਸ਼ ਨਹੀਂ ਕਰ ਰਹੇ। ਪਰਵਾਸੀ ਪੰਜਾਬੀਆਂ ਦੀ ਚੌਥੀ ਪੀੜ੍ਹੀ ਪੰਜਾਬ ਆਉਣਾ ਹੀ ਨਹੀਂ ਚਾਹੁੰਦੀ। ਉਹ ਜੇਕਰ ਇਥੇ ਆਉਂਦੇ ਵੀ ਹਨ ਤਾਂ ਆਪਣੇ ਨਿੱਜੀ ਕੰਮਾਂ ਲਈ ਆਉਂਦੇ ਹਨ ਨਾ ਕਿ ਸੂਬੇ ਵਿਚ ਕਿਸੇ ਤਰ੍ਹਾਂ ਦਾ ਪੂੰਜੀ ਨਿਵੇਸ਼ ਕਰਨ।
ਦੋਆਬੇ ਤੇ ਮਾਝੇ ਦੇ ਪਰਵਾਸੀ ਪੰਜਾਬੀਆਂ ਲਈ ਰੱਖੇ ਇਸ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਮੰਨਿਆ ਕਿ ਪਰਵਾਸੀ ਪੰਜਾਬੀ ਨਾ ਤਾਂ ਵਿਅਕਤੀਗਤ ਤੌਰ ‘ਤੇ ਇਥੇ ਕੋਈ ਨਿਵੇਸ਼ ਕਰ ਰਹੇ ਹਨ ਤੇ ਨਾ ਹੀ ਉਨ੍ਹਾਂ ਦਾ ਕੋਈ ਵਪਾਰਕ ਗਰੁਪ ਇਥੇ ਸਨਅਤਾਂ ਲਾਉਣ ਵਿਚ ਰੁਚੀ ਦਿਖਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸੱਤ ਸਾਲਾਂ ਤੋਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਰਵਾਸੀ ਪੰਜਾਬੀਆਂ ਨੂੰ ਸੂਬੇ ਵਿਚ ਪੂੰਜੀ ਨਿਵੇਸ਼ ਕਰਨ ਲਈ ਪ੍ਰੇਰਿਤ ਕਰਨ ਵਿਚ ਲੱਗੇ ਹੋਏ ਸਨ ਪਰ ਕਿਸੇ ਵੀ ਪਰਵਾਸੀ ਪੰਜਾਬੀ ਨੇ ਸੂਬੇ ਵਿਚ ਕਿਸੇ ਤਰ੍ਹਾਂ ਦੀ ਕੋਈ ਸਨਅਤ ਲਾਉਣ ਲਈ ਪਹਿਲਕਦਮੀ ਨਹੀਂ ਕੀਤੀ। ਪੰਜਾਬ ਸਰਕਾਰ ਵਲੋਂ 2008-09 ਵਿਚ ਕਰਵਾਏ ਪਰਵਾਸੀ ਪੰਜਾਬੀ ਸੰਮੇਲਨ ਦੌਰਾਨ ਉਪ ਮੁੱਖ ਮੰਤਰੀ ਨੇ ਉਚੇਚੇ ਤੌਰ ‘ਤੇ ਤਿਆਰ ਕੀਤੀ ਪ੍ਰੈਜ਼ੈਂਟੇਸ਼ਨ ਦਿਖਾਈ ਸੀ ਕਿ ਪੰਜਾਬ ਵਿਚ ਪੂੰਜੀ ਨਿਵੇਸ਼ ਕਰਨ ਨਾਲ ਪਰਵਾਸੀ ਪੰਜਾਬੀਆਂ ਨੂੰ ਕੀ ਫਾਇਦਾ ਹੋਵੇਗਾ ਤੇ ਉਨ੍ਹਾਂ ਦੇ ਕੰਮ ਕਿਵੇਂ ਸਿੰਗਲ-ਵਿੰਡੋ ਸਿਸਟਮ ਰਾਹੀਂ ਇਕੋ ਥਾਂ ‘ਤੇ ਹੋ ਜਾਣਗੇ। ਪਰਵਾਸੀ ਪੰਜਾਬੀਆਂ ਵਲੋਂ ਪੂੰਜੀ ਨਿਵੇਸ਼ ਦੀ ਹਾਮੀ ਨਾ ਭਰਨ ਕਾਰਨ ਹੀ ਸੂਬਾ ਸਰਕਾਰ ਨੇ ਅਜਿਹੇ ਸੰਮੇਲਨ ਨਾ ਕਰਾਉਣ ਦਾ ਫੈਸਲਾ ਕੀਤਾ ਸੀ। ਮੁੱਖ ਮੰਤਰੀ ਨੇ ਪਰਵਾਸੀ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਸੂਬੇ ਵਿਚ ਵਿਸ਼ਵ ਪੱਧਰ ਦੇ ਸਕੂਲ ਖੋਲ੍ਹਣ ਤੇ ਉਨ੍ਹਾਂ ਵਿਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਤਾਂ ਜੋ ਪਰਵਾਸੀਆਂ ਦੇ ਬੱਚੇ ਆਪਣੇ ਸੱਭਿਆਚਾਰ ਨਾਲ ਜੁੜ ਸਕਣ।
__________________________
ਐਨæਆਰæਆਈæ ਸਭਾ ਦਾ ਭੋਗ ਪਾਉਣ ਦੀ ਤਿਆਰੀ
ਜਲੰਧਰ: ਵਿਦੇਸ਼ਾਂ ਵਿਚ ਵੱਸਦੇ 60 ਲੱਖ ਤੋਂ ਵੱਧ ਪਰਵਾਸੀ ਪੰਜਾਬੀਆਂ ਦੀ ਪ੍ਰਤੀਨਿਧਤਾ ਕਰਨ ਦਾ ਦਮ ਭਰਨ ਵਾਲੀ ਐਨæਆਰæਆਈæ ਸਭਾ ਪੰਜਾਬ ਦਾ ਭੋਗ ਪਾਉਣ ਦੀ ਸੂਬਾ ਸਰਕਾਰ ਨੇ ਅੰਦਰਖਾਤੇ ਤਿਆਰੀ ਕੀਤੀ ਹੋਈ ਹੈ। ਹਾਲਾਂਕਿ ਇਸ ਬਾਰੇ ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਿਹਾ ਜਾ ਰਿਹਾ ਪਰ ਵੱਖ-ਵੱਖ ਘਟਨਾਵਾਂ ਇਸ ਵੱਲ ਸੰਕੇਤ ਕਰ ਰਹੀਆਂ ਹਨ। ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਉਂਜ ਹੀ ਮੂੰਹ ਅੱਡੀ ਖੜ੍ਹੀਆਂ ਹਨ। ਸਭਾ ਦੀ ਮੈਂਬਰਸ਼ਿਪ 22 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ ਤੇ ਮੈਂਬਰਸ਼ਿਪ ਦੇ ਕਰੋੜਾਂ ਰੁਪਏ ਬੈਂਕਾਂ ਦੇ ਖਾਤੇ ਵਿਚ ਪਏ ਹਨ।
ਪੰਜਾਬ ਸਰਕਾਰ ਵਲੋਂ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਐਨæਆਰæਆਈæ ਕਮਿਸ਼ਨ ਬਣਾਇਆ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਨੇ ਅਜੇ ਤੱਕ ਸਭਾ ਨੂੰ ਕਮਿਸ਼ਨ ਦੇ ਮੈਂਬਰ ਵਜੋਂ ਸ਼ਾਮਲ ਨਹੀਂ ਕੀਤਾ ਗਿਆ ਜਦਕਿ ਸਭਾ ਦੀ ਚੋਣ ਹਾਰ ਚੁੱਕੇ ਕਮਲਜੀਤ ਹੇਅਰ ਨੂੰ ਕਮਿਸ਼ਨ ਦੇ ਮੈਂਬਰ ਵਜੋਂ ਲੈਣ ਲਈ ਹੁਕਮ ਜਾਰੀ ਕਰ ਦਿੱਤੇ ਸਨ ਪਰ ਹੇਅਰ ਦਾ ਪਾਸਪੋਰਟ ਬ੍ਰਿਟਿਸ਼ ਹੋਣ ਕਾਰਨ ਉਹ ਮੈਂਬਰ ਨਹੀਂ ਸੀ ਬਣ ਸਕਿਆ। ਦੋਆਬਾ ਖਿੱਤੇ ਵਿਚ ਸਭ ਤੋਂ ਵੱਧ ਪੰਜਾਬੀ ਵਿਦੇਸ਼ ਵਸੇ ਹੋਏ ਹਨ। ਇਸ ਖਿੱਤੇ ਵਿਚ ਹੀ ਪਰਵਾਸੀਆਂ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਜ਼ਮੀਨਾਂ-ਜਾਇਦਾਦਾਂ ਨਾਲ ਸਬੰਧਤ ਹਨ ਜਿਨ੍ਹਾਂ ਨੂੰ ਹੱਲ ਕਰਾਉਣ ਲਈ ਐਨæਆਰæਆਈæ ਸਭਾ ਪੰਜਾਬ ਬਹੁਤੀ ਸਫਲ ਨਹੀਂ ਹੋ ਸਕੀ।
ਇਥੋਂ ਤੱਕ ਕਿ ਜਦੋਂ 27 ਜਨਵਰੀ 2015 ਨੂੰ ਸਭਾ ਦੇ ਪ੍ਰਧਾਨ ਜਸਵੀਰ ਸਿੰਘ ਗਿੱਲ ਦੇ ਅਹੁਦੇ ਦੀ ਮਿਆਦ ਮੁੱਕ ਰਹੀ ਹੈ ਤਾਂ ਵੀ ਪੰਜਾਬ ਸਰਕਾਰ ਨੇ ਸਭਾ ਦੀ ਚੋਣ ਕਰਾਉਣ ਦਾ ਕੋਈ ਐਲਾਨ ਨਹੀਂ ਕੀਤਾ ਜਦਕਿ ਸਭਾ ਦੇ ਸੰਵਿਧਾਨ ਅਨੁਸਾਰ ਪ੍ਰਧਾਨਗੀ ਦੀ ਚੋਣ ਲਈ ਇਕ ਮਹੀਨਾ ਪਹਿਲਾਂ ਵਿਦੇਸ਼ਾਂ ਵਿਚ ਵਸਦੇ ਪਰਵਾਸੀ ਪੰਜਾਬੀਆਂ ਨੂੰ ਇਸ਼ਤਿਹਾਰ ਦੇ ਕੇ ਦੱਸਣਾ ਹੁੰਦਾ ਹੈ ਕਿ ਸਭਾ ਦੀ ਚੋਣ ਹੋਣ ਵਾਲੀ ਹੈ ਤਾਂ ਕਿ ਉਹ ਜੇਕਰ ਆਉਣਾ ਚਾਹੁੰਦੇ ਹੋਣ ਤਾਂ ਵੋਟ ਪਾਉਣ ਲਈ ਆ ਸਕਦੇ ਹਨ। ਜਿਨ੍ਹਾਂ ਪਰਵਾਸੀ ਪੰਜਾਬੀਆਂ ਨੇ ਸਭਾ ਦੀ ਮੈਂਬਰਸ਼ਿਪ ਲਈ ਹੈ ਉਨ੍ਹਾਂ ਦੇ ਨੌਮਨੀ ਨੂੰ ਵੀ ਵੋਟ ਪਾਉਣ ਦਾ ਹੱਕ ਮਿਲਿਆ ਹੋਇਆ ਹੈ।
ਪੰਜਾਬ ਸਰਕਾਰ ਵਲੋਂ ਕਰਵਾਏ ਜਾਣ ਵਾਲੇ ਪਰਵਾਸੀ ਸੰਮੇਲਨ ਵੀ ਇਸ ਵਾਰ ਨਹੀਂ ਕਰਵਾਏ ਜਾ ਰਹੇ ਕਿਉਂਕਿ ਪਰਵਾਸੀ ਪੰਜਾਬੀਆਂ ਨੂੰ ਆਪਣੀਆਂ ਮੁਸ਼ਕਲਾਂ ਹੱਲ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਪਰਵਾਸੀ ਸੰਮੇਲਨਾਂ ਵਿਚ ਵੀ ਸਭਾ ਨੂੰ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ ਸੀ। ਸਭਾ ਨੂੰ ਸਿਰਫ ਆਪਣਾ ਸਟਾਲ ਲਾਉਣ ਦੀ ਹੀ ਆਗਿਆ ਮਿਲਦੀ ਸੀ ਤੇ ਇਹ ਸਟਾਲ ਵੀ ਸਭਾ ਨੂੰ ਪੈਸੇ ਦੇ ਕੇ ਲਾਉਣਾ ਪੈਂਦਾ ਸੀ।