ਸ਼ਾਰਲੀ ਐਬਦੋ! ਜ਼ਰਾ ਧੁੱਪ ਛੱਡ ਕੇ ਖੜ੍ਹੋ…

ਦਲਜੀਤ ਅਮੀ
ਫੋਨ: 91-97811-21873
‘ਸ਼ਾਰਲੀ ਐਬਦੋ’ ਦੇ ਦਫਤਰ ਉਤੇ ਹਮਲੇ ਨਾਲ ਖਿਆਲਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਸੁਆਲ ਮੁੜ ਉਭਰਿਆ ਹੈ ਪਰ ‘ਮੈਂ ਸ਼ਾਰਲੀ ਹਾਂ’ ਜਾਂ ‘ਮੈਂ ਵੀ ਸ਼ਾਰਲੀ ਹਾਂ’ ਦੇ ਬੋਲੇ ਖ਼ੌਫ਼ਜ਼ਦਾ ਕਰਨ ਵਾਲੇ ਹਨ। ਬੰਦੂਕਾਂ ਦੀ ਬੇਕਿਰਕੀ ਅਤੇ ‘ਮੈਂ ਸ਼ਾਰਲੀ ਹਾਂ’ ਦੇ ਬੋਲਿਆਂ ਵਿਚਕਾਰ ਖਿੱਚੀ ਜਾ ਰਹੀ ਲਕੀਰ ‘ਖਿਆਲਾਂ ਦੀ ਆਜ਼ਾਦੀ’ ਉਤੇ ਸ਼ਰਤਾਂ ਲਗਾ ਰਹੀ ਹੈ।

ਦੋਵੇਂ ਧਿਰਾਂ ਦੀ ਵੰਨ-ਸਵੰਨਤਾ ਅਤੇ ਰਮਜ਼ੀ ਸੁਰਾਂ ਕੰਨੀਆਂ ਤੱਕ ਮਹਿਦੂਦ ਹੋ ਗਈਆਂ ਹਨ। ਪਹਿਲਾਂ ਹੀ ਕੰਨੀਆਂ ਤੱਕ ਮਹਿਦੂਦ ਆਵਾਜ਼ਾਂ ਦੁਆਲੇ ਸ਼ਿਕੰਜਾ ਕੱਸੇ ਜਾਣ ਲਈ ਮਾਹੌਲ ਤੇ ਮਨੋਵੇਗ ਤਿਆਰ ਹੋ ਗਿਆ ਹੈ। ਇਸ ਉਘੜਵੀ ਪਾਲਾਬੰਦੀ ਦੇ ਦੋਹੀਂ ਪਾਸੀਂ ਖਿਆਲਾਂ ਦੀ ਆਜ਼ਾਦੀ ਦੀਆਂ ਦਲੀਲਾਂ ਪੇਤਲੀਆਂ ਜਾਪਦੀਆਂ ਹਨ। ਸਾਮਰਾਜਵਾਦ ਖੁੱਲ੍ਹੀ ਮੰਡੀ ਅਤੇ ਇਸਲਾਮ ਦੇ ਖ਼ੌਫ਼ ਉਤੇ ਸਵਾਰ ਹੋ ਕੇ ਜੰਗੀ ਅਤੇ ਪ੍ਰਚਾਰ ਮੁਹਿੰਮਾਂ ਵਿਚ ਲੱਗਾ ਹੋਇਆ ਹੈ। ਜੁਆਬ ਵਿਚ ਘੱਟ-ਗਿਣਤੀਆਂ ਦੀ ਬੇਵਿਸਾਹੀ, ਜੰਗੀ ਮੁਹਿੰਮਾਂ ਦੀ ਮਾਰ ਹੇਠ ਆਏ ਮੁਲਕਾਂ ਵਿਚ ਪਸਰ ਰਹੀ ਖਾਨਾਜੰਗੀ, ਸ਼ੱਕ ਦੇ ਘੇਰੇ ‘ਚ ਆਏ ਪਰਵਾਸੀ ਅਤੇ ਸਫ਼ਰਯਾਫ਼ਤਾ ਆਬਾਦੀ ਦੇ ਮਸਲੇ ਹਨ ਜਿਨ੍ਹਾਂ ‘ਚੋਂ ਕੱਟੜਵਾਦ ਮੂੰਹਜ਼ੋਰ ਹੋ ਰਿਹਾ ਹੈ।
ਉਤਰੀ ਅਮਰੀਕੀ, ਯੂਰਪੀ ਅਤੇ ਆਸਟਰੇਲੀਆਈ ਮੁਲਕਾਂ ਨੇ ਸਾਮਰਾਜਵਾਦ ਦੀਆਂ ਨਵੀਆਂ ਸਭਿਅਤਾ ਮੁਹਿੰਮਾਂ ਦਾ ਬਾਨ੍ਹਣੂ ਇਸਲਾਮ ਦੁਆਲੇ ਬੰਨ੍ਹਿਆ ਹੈ। ਕਮਿਊਨਿਸਟ ਮੁਲਕਾਂ ਖਿਲਾਫ ਲੜਾਈ ਵਿਚ ਇਹੋ ਇਸਲਾਮੀ ਜਹਾਦੀ ਇਨ੍ਹਾਂ ਦੇ ਸਾਥੀ ਸਨ ਪਰ ਹੁਣ ਆਹਮੋ-ਸਾਹਮਣੇ ਹਨ। ਇਹ ਪਾਲਾਬੰਦੀ ਇੰਨੀ ਵੀ ਸਾਫ ਨਹੀਂ ਹੈ। ਹੁਣ ਵੀ ਇਰਾਨ ਅਤੇ ਸੀਰੀਆ ਵਰਗੇ ਮੁਲਕਾਂ ਵਿਚ ਜਹਾਦੀ ਜਥੇਬੰਦੀਆਂ ਨੂੰ ਅਮਰੀਕੀ ਧੜੇ ਦੀ ਹਮਾਇਤ ਹੈ। ਅਫ਼ਗ਼ਾਨਿਸਤਾਨ ਵਿਚ ਚੰਗੇ ਤੇ ਮਾੜੇ ਤਾਲਿਬਾਨ ਵਿਚ ਨਿਖੇੜਾ ਕਰਨ ਦੀ ਮਸ਼ਕ ਚੱਲ ਰਹੀ ਹੈ। ਇਸੇ ਦੌਰਾਨ ਅਮਰੀਕੀ, ਯੂਰਪੀ ਅਤੇ ਆਸਟਰੇਲੀਆਈ ਮੁਲਕਾਂ ਵਿਚ ਗੋਰਿਆਂ ਦਾ ਰਵਾਇਤੀ ਨਸਲਵਾਦ ‘ਇਸਲਾਮੀ ਖਤਰੇ’ ਖਿਲਾਫ ਲਾਮਬੰਦ ਹੋਇਆ ਹੈ। ਜਮਹੂਰੀਅਤ ਅਤੇ ਖੁੱਲ੍ਹ-ਨਜ਼ਰੀ ਦੇ ਨਾਮ ‘ਤੇ ਬਹੁਤ ਸਾਰੀਆਂ ਜਥੇਬੰਦੀਆਂ ਸਰਗਰਮ ਹੋਈਆਂ ਹਨ। ਇਹ ਜਥੇਬੰਦੀਆਂ ਲੋਕ-ਰਾਏ ਤੋਂ ਲੈ ਕੇ ਸਰਕਾਰੀ ਨੀਤੀਆਂ ਉਤੇ ਅਸਰਅੰਦਾਜ਼ ਹੋਈਆਂ ਹਨ। ਨੀਤੀਆਂ ਵਜੋਂ ਆਵਾਸੀ ਨੇਮਾਂ ਵਿਚ ਤਬਦੀਲੀਆਂ ਹੋਈਆਂ ਹਨ ਅਤੇ ਵਿਹਾਰ ਵਿਚ ‘ਤਲਾਸ਼ੀਆਂ ਤੇ ਨਮੋਸ਼ੀਆਂ’ ਦਾ ਰੁਝਾਨ ਵਧਿਆ ਹੈ।
ਇਸ ਦੌਰ ਵਿਚ ਰੱਬ ਤੇ ਪੈਗੰਬਰ ਦੀਆਂ ਧਾਰਨਾਵਾਂ ਲਾਮਬੰਦੀ ਦਾ ਸਬੱਬ ਬਣੀਆਂ ਹਨ। ਇਨ੍ਹਾਂ ਦੀ ਵਿਆਖਿਆ ਰਾਹੀਂ ਸਿਆਸਤ ਨੂੰ ਅੱਗੇ ਵਧਾਉਣ ਦਾ ਉਪਰਾਲਾ ਹੋਇਆ ਹੈ। ਸਾਮਰਾਜੀ ਮੁਲਕਾਂ ਨੇ ਹਰ ਧਰਮ ਦੀਆਂ ਇਬਾਦਤਗਾਹਾਂ ਨੂੰ ਸਰਪ੍ਰਸਤੀ ਦਿੱਤੀ ਹੈ। ਇੱਕ ਪਾਸੇ ਸਰਕਾਰਾਂ ਸਮਾਜ ਕਲਿਆਣ ਦੇ ਖੇਤਰ ‘ਚੋਂ ਹੱਥ ਖਿੱਚ ਰਹੀਆਂ ਹਨ; ਦੂਜੇ ਪਾਸੇ ‘ਪਛਾਣ’ ਤੇ ‘ਸ਼ਰਧਾ’ ਦੇ ਨਾਂ ਉਤੇ ਇਬਾਦਤਗਾਹਾਂ ਨੂੰ ਹਰ ਤਰ੍ਹਾਂ ਦੀਆਂ ਛੋਟਾਂ ਤੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਵਿਹਾਰ ਵਿਚ ਸ਼ਹਿਰੀਆਂ ਨੂੰ ਸੀਲ ਖਪਤਕਾਰ ਬਣਾਉਣ ਦੇ ਆਹਰ ਵਿਚ ਲੱਗੀਆਂ ਸਰਕਾਰਾਂ ਅਜਿਹੇ ਮੌਕਿਆਂ ਉਤੇ ਆਪਣੇ ਸ਼ਹਿਰੀਆਂ ਤੋਂ ਵਿਗਿਆਨਕ ਸੋਚ ਦੀ ਤਵੱਕੋ ਕਰਦੀਆਂ ਹਨ। ਸ਼ਾਰਲੀ ਐਬਦੋ ਜਿਹੇ ਹਾਦਸਿਆਂ ਦੀ ਮਾਰ, ਜਾਨੀ-ਮਾਲੀ ਨੁਕਸਾਨ ਤੋਂ ਕਿਤੇ ਜ਼ਿਆਦਾ ਨੀਤੀਆਂ ਉਤੇ ਪੈਣੀ ਹੈ। ਸ਼ਨਾਖ਼ਤ, ਤਲਾਸ਼ੀਆਂ ਅਤੇ ਨਮੋਸ਼ੀਆਂ ਦੀ ਕਵਾਇਦ ਵਜੋਂ ਕੈਮਰਿਆਂ ਅਤੇ ਸੁਰੱਖਿਆ ਕਰਮੀਆਂ ਦੀ ਜ਼ਿੰਦਗੀ ਵਿਚ ਦਖ਼ਲਅੰਦਾਜ਼ੀ ਵਧਣੀ ਹੈ। ਸੁਰੱਖਿਆ ਦੇ ਨਾਮ ਉਤੇ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਪੇਸ਼ਬੰਦੀਆਂ ਨੂੰ ਲਾਗੂ ਕਰਨ ਵੇਲੇ ਸੰਵਾਦ ਦੇ ਘੇਰੇ ਵਿਚੋਂ ਬਾਹਰ ਰੱਖਿਆ ਜਾਂਦਾ ਹੈ। ਜਿਵੇਂ ਸਰਕਾਰਾਂ ਸੁਰੱਖਿਆ ਦੇ ਨਾਮ ਉਤੇ ਦਲੀਲ ਤੋਂ ਬਚਣ ਦਾ ਉਪਰਾਲਾ ਕਰਦੀਆਂ ਹਨ; ਉਵੇਂ ਧਰਮ, ਕੁਫ਼ਰ ਦੇ ਖ਼ੌਫ਼ ਨਾਲ ਦਲੀਲ ਤੋਂ ਪਾਸਾ ਵੱਟ ਜਾਂਦਾ ਹੈ।
ਖਿਆਲਾਂ ਦੀ ਆਜ਼ਾਦੀ ਦੇ ਹਵਾਲੇ ਨਾਲ ਰੱਬ ਅਤੇ ਧਰਮ ਨਾਲ ਇਤਿਹਾਸ ਵਿਚ ਲਗਾਤਾਰ ਚੱਲਦੇ ਆਏ ਸੰਵਾਦ ਨੂੰ ਸਮਝਣਾ ਜ਼ਰੂਰੀ ਹੈ। ਹਕੂਮਤ ਅਤੇ ਇਬਾਦਤਗਾਹਾਂ ਦੀ ਨੇੜਤਾ ਸਦਾ ਰਹੀ ਹੈ ਅਤੇ ਇਹ ਇੱਕ-ਦੂਜੇ ਦੇ ਸਹਾਰੇ ਵਧੀਆਂ-ਫੁੱਲੀਆਂ ਹਨ। ਇੱਕ-ਦੂਜੇ ਉਤੇ ਕੁਝ ਬੰਦਿਸ਼ਾਂ ਵੀ ਲਗਾਉਂਦੀਆਂ ਰਹੀਆਂ ਹਨ। ਹਰ ਤਰ੍ਹਾਂ ਦੀਆਂ ਪਾਬੰਦੀਆਂ ਅਤੇ ਸਖਤੀਆਂ ਦੇ ਬਾਵਜੂਦ ਮਨੁੱਖ ਲਈ ਕੁਝ ਸੁਆਲ ਹਮੇਸ਼ਾ ਅਹਿਮ ਰਹੇ ਹਨ। ਅੰਤਰ-ਮੁਖੀ ਸੁਆਲ ਰਿਹਾ ਹੈ ਕਿ ਮੈਂ ਕੌਣ ਹਾਂ? ਬਾਹਰ-ਮੁਖੀ ਸੁਆਲ ਰਿਹਾ ਹੈ ਕਿ ਮੈਂ ਕਿਸ ਕਾਇਨਾਤ ਦਾ ਹਿੱਸਾ ਹਾਂ? ਪੇਚੀਦਾ ਸੁਆਲ ਇਹ ਹੈ ਕਿ ਕਾਇਨਾਤ ਦੀ ਸਿਰਜਣਾ ਕਿਵੇਂ ਹੋਈ ਹੈ? ਇਨ੍ਹਾਂ ਸੁਆਲਾਂ ਵਿਚੋਂ ਸਿਰਜਣਹਾਰ ਦੇ ਰੂਪ ਬਣਦੇ-ਬਦਲਦੇ ਰਹੇ ਹਨ। ਸਿਰਜਣਹਾਰ ਅਤੇ ਹੁਕਮਰਾਨ ਦੇ ਸਰਬ-ਸ਼ਕਤੀਮਾਨ ਹੋਣ ਦੇ ਦਾਅਵੇ ਕਦੇ ਵੀ ਸੁਆਲਾਂ ਦੇ ਘੇਰੇ ਤੋਂ ਬਾਹਰ ਨਹੀਂ ਰਹੇ।
ਸਾਰੀ ਦੁਨੀਆਂ ਨੂੰ ਗੁਲਾਮ ਬਣਾਉਣ ਤੁਰੇ ਸਿਕੰਦਰ ਨੂੰ ਡੀਓਜੀਨ ‘ਧੁੱਧ ਛੱਡ ਕੇ ਖੜ੍ਹੋਣ’ ਦਾ ਬੋਲਾ ਮਾਰਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ‘ਕਾਣਾ’ ਕਹਿਣ ਦੀ ਸ਼ਰਤ ਲਗਾ ਕੇ ਪਹੁੰਚੇ ਮੀਰ ਨੂੰ ਲੋਕਧਾਰਾ ਪ੍ਰਵਾਨ ਕਰਦੀ ਹੈ। ਗਲੀਲੀਓ ਬਾਈਬਲ ਵਿਚ ਦਰਜ ਚਪਟੀ ਧਰਤੀ ਦੇ ਗੋਲ ਹੋਣ ਦੀ ਦਾਅਵੇਦਾਰੀ ਦਾ ਮੁੱਢ ਬੰਨ੍ਹ ਦਿੰਦਾ ਹੈ। ਮਨਸੂਰ ‘ਅਨਲ ਹੱਕ’ ਦਾ ਨਾਅਰਾ ਬੁਲੰਦ ਕਰਦਾ ਹੈ। ਗਲੀਲੀਓ ਦੀ ਮੌਤ ਲਈ ਸਦੀਆਂ ਬਾਅਦ ਮੁਆਫੀ ਮੰਗਣੀ ਪੈ ਜਾਂਦੀ ਹੈ। ਸ਼ਰਮਿੰਦਗੀ ਸਦਾ ਦੀ ਸਹੇੜੀ ਗਈ ਹੈ। ਮਨਸੂਰ ਸੂਲੀ ਚੜ੍ਹ ਜਾਂਦਾ ਹੈ ਪਰ ਉਹ ਸੂਲੀ ਹਾਲੇ ਤੱਕ ਮੋਮਨਾਂ ਨੂੰ ਸੂਲ ਪਾਉਂਦੀ ਹੈ। ਆਖਰ ਜ਼ਿਆ-ਉਲ ਹੱਕ ਦੇ ਰਾਜ ਵਿਚ ਫ਼ੈਜ਼ ਅਹਿਮਦ ਫ਼ੈਜ਼ ਦੀ ਨਜ਼ਮ ਗੂੰਜਦੀ ਹੈ, “ਉਠੇਗਾ ਅਨਲ ਹੱਕ ਕਾ ਨਾਅਰਾ ਜੋ ਮੈਂ ਵੀ ਹੂੰ ਔਰ ਤੁਮ ਵੀ ਹੋ।” ਇਸਲਾਮ ਦੇ ਨਾਮ ਉਤੇ ਬਣਾਏ ਮੁਲਕ ‘ਚ ਇਸ ਬੋਲੇ ਨਾਲ ਫ਼ੌਜੀ ਤਾਨਾਸ਼ਾਹੀ ਦਾ ਤਖਤ ਹਿੱਲਦਾ ਹੈ। ਨਾਜ਼ ਖ਼ਿਆਲਵੀ ਦੀ ਕੱਵਾਲੀ ‘ਤੁਮ ਏਕ ਗੋਰਖ ਧੰਦਾ ਹੋ’ ਨੂੰ ਨੁਸਰਤ ਫ਼ਤਿਹ ਅਲੀ ਗਾਉਂਦਾ ਹੈ ਤਾਂ ਸਭ ਤਰ੍ਹਾਂ ਦੇ ਮੋਮਨ-ਕਾਫ਼ਰ ਸਲਾਹੁੰਦੇ ਹਨ। ਗ਼ਾਲਿਬ ਮੈਅਖ਼ਾਨਿਆਂ ਵਿਚੋਂ ਧਰਤੀ ਘੁੰਮਾਉਂਦਾ ਹੈ ਅਤੇ ਕਾਜ਼ੀਆਂ ਨੂੰ ਤਜਰਬਾ ਕਰਨ ਦੀ ਸਲਾਹ ਦਿੰਦਾ ਹੈ। ਅਜਿਹੀਆਂ ਹੋਰ ਵੀ ਮਿਸਾਲਾਂ ਹਨ।
ਬੰਦੇ ਨੇ ਸਿਰਜਣਹਾਰ ਦੀ ਬੰਦਗੀ ਕੀਤੀ ਹੈ, ਉਸ ਉਤੇ ਸੁਆਲ ਵੀ ਕੀਤੇ ਹਨ, ਲਾਹਣਤਾਂ ਵੀ ਪਾਈਆਂ, ਉਹਦਾ ਸ਼ਰੀਕ ਹੋਣ ਦੇ ਦਾਅਵੇ ਤੇ ਰਕੀਬ ਹੋਣ ਦੇ ਵਾਅਦੇ ਵੀ ਕੀਤੇ ਹਨ। ਬੰਦੇ ਦੀ ‘ਰੱਬ ਤੋਂ ਲੈ ਕੇ ਕੁਦਰਤ ਤੱਕ’ ਸਿਰਜਣਹਾਰ ਨਾਲ ਹਰ ਰੂਪ ਵਿਚ ਆਪਣੀ ਬੇ-ਅਕਲੀ ਅਤੇ ਸੋਝੀ ਦੀ ਹਰ ਗੱਲ ਹੋਈ ਹੈ। ਇਸੇ ਸਦੀਵੀ ਮਸ਼ਕ ਵਿਚੋਂ ਫਲਸਫ਼ਾ ਅਤੇ ਵਿਗਿਆਨ ਅੱਗੇ ਤੁਰਦੇ ਆਏ ਹਨ। ਹਰ ਨਵੇਂ ਧਰਮ ਦੀ ਹੋਂਦ ਪੁਰਾਣੇ ਧਰਮਾਂ ਦੀਆਂ ਬਣਾਈਆਂ ਧਾਰਨਾਵਾਂ ਉਤੇ ਸੁਆਲ ਕਰ ਕੇ ਪ੍ਰਵਾਨ ਚੜ੍ਹੀ ਹੈ। ਪਿਛਲੇ ਨਾਲੋਂ ਬਿਹਤਰ ਹੋਣ ਦੀ ਦਾਅਵੇਦਾਰੀ ਸਹਿਜ ਜਾਪਦੀ ਹੈ ਪਰ ਅੰਤਿਮ ਜਾਂ ਮੁਕੰਮਲ ਹੋਣ ਦੀ ਦਾਅਵੇਦਾਰੀ ਨੂੰ ਮਲਕੀਅਤ ਅਤੇ ਸ਼ਰਧਾ ਦੇ ਉਸਾਰੇ ਬਿਨਾਂ ਸਮਝਣਾ ਔਖਾ ਹੈ। ਸਿਰਜਣਹਾਰ ਨਾਲ ਬੰਦੇ ਦਾ ਸੰਵਾਦ ਸਦੀਵੀ ਹੈ। ਇਹ ਮਨੁੱਖ ਦੀ ਬਿਹਤਰ ਸੱਚ ਦੀ ਭਾਲ ਹੈ। ਕੱਲ੍ਹ ਦੇ ਗਿਆਨ ਨਾਲ ਅੱਜ ਦੇ ਸੁਆਲ ਸਾਹਮਣੇ ਆਏ ਹਨ। ਇਨ੍ਹਾਂ ਸੁਆਲਾਂ ਵਿਚ ਭਲ੍ਹਕ ਲਈ ਬਿਹਤਰ ਸਮਝ ਉਸਰਨੀ ਹੈ। ਹਰ ਧਰਮ ਆਪਣੇ ਪੀਰ, ਪੈਗੰਬਰ ਜਾਂ ਗ੍ਰੰਥ ਤੱਕ ਦੇ ਸੰਵਾਦ ਨੂੰ ਵਿਗਿਆਨ ਸੋਚ ਅਤੇ ਉਸ ਤੋਂ ਬਾਅਦ ਦੇ ਸੰਵਾਦ ਨੂੰ ਕੁਫਰ ਜਾਂ ਹਉਮੈ ਦੇ ਘੇਰੇ ਵਿਚ ਰੱਖਣ ਦਾ ਉਪਰਾਲਾ ਕਰਦਾ ਹੈ। ਰਹਿਤਾਂ, ਬੰਦਿਸ਼ਾਂ ਅਤੇ ਮਰਿਆਦਾ ਦੇ ਘੇਰਿਆਂ ਦੇ ਬਾਵਜੂਦ ਹਰ ਧਰਮ ਵਿਚ ਸੁਆਲ ਕਰਨ ਵਾਲੇ ਫਿਕਰੇ ਹਨ ਜੋ ‘ਮੋਮਨ ਜਾਂ ਕਾਫ਼ਰ’ ਅਤੇ ‘ਗੁਰਮੁੱਖ ਜਾਂ ਮਨਮੁੱਖ’ ਹੋਣ ਦੇ ਨਖੇੜੇ ਨੂੰ ਲਗਾਤਾਰ ਧੁੰਦਲਾ ਕਰਦੇ ਹਨ। ‘ਖਿਆਲਾਂ ਦੀ ਆਜ਼ਾਦੀ’ ਇਸੇ ਧੁੰਦਲਕੇ ਨੂੰ ਮੁਖਾਤਬ ਹੁੰਦੀ ਹੈ ਅਤੇ ਕੱਟੜਤਾ ਇਸ ਨੂੰ ਘਾਤਕ ਕਰਾਰ ਦਿੰਦੀ ਹੈ।
ਮਾਰੂ ਹਥਿਆਰਾਂ ਵਾਲੇ ਜਹਾਦੀ ਅਤੇ ਧੜਵੈਲ ਜੰਗੀ ਮੁਹਿੰਮਾਂ ਵਿਚ ਲੱਗੀਆਂ ਸਰਕਾਰਾਂ ‘ਖਿਆਲਾਂ ਦੀ ਆਜ਼ਾਦੀ’ ਦੀ ਧਾਰਨਾ ਨੂੰ ਰੱਦ ਕਰਨ ਦੀ ਸਾਂਝੀ ਮਸ਼ਕ ਜਾਪਦੀ ਹੈ। ਸਰਕਾਰਾਂ ਸੁਰੱਖਿਆ ਦੇ ਨਾਮ ਉਤੇ ਸ਼ਹਿਰੀ ਨੂੰ ਸੀਲ ਹਿੰਦਸੇ ਤੱਕ ਮਹਿਦੂਦ ਕਰਨ ਲੱਗੀਆਂ ਹੋਈਆਂ ਹਨ। ਧਰਮ ਦੇ ਨੁਮਾਇੰਦਿਆਂ ਦੀਆਂ ਮੀਡੀਆ ਵਿਚ ‘ਖਿਆਲਾਂ ਦੀ ਆਜ਼ਾਦੀ’ ਨੂੰ ਕੁਫ਼ਰ ਕਰਾਰ ਦਿੰਦੀਆਂ ਆਵਾਜ਼ਾਂ ਆ ਰਹੀਆਂ ਹਨ। ਸੁਆਲ ਕੁਫ਼ਰ ਕਰਾਰ ਦਿੱਤੇ ਜਾਣ ਤੱਕ ਮਹਿਦੂਦ ਨਹੀਂ ਹੈ। ਕਾਫ਼ਰ ਨੂੰ ਹਰ ਹੀਲੇ ਸਿੱਧੇ ਰਾਹ ਪਾਉਣ ਲਈ ਜਹਾਦੀਆਂ ਦੀਆਂ ਧਾੜਾਂ ਨੂੰ ਬੇਮੁਹਾਰ ਕਰ ਦਿੱਤਾ ਜਾਂਦਾ ਹੈ। ਇਸ ਜਹਾਨ ਵਿਚ ਥੁੜਾਂ ਦਾ ਸ਼ਿਕਾਰ ਬੰਦੇ ਨੂੰ ਜੰਨਤ, ਹੂਰਾਂ ਅਤੇ ਤਹੂਰ ਖਿੱਚ ਪਾਉਂਦੇ ਹਨ। ਸਰਕਾਰ ਦੇ ਪੱਧਰ ਉਤੇ ਜੋ ਸਾਮਰਾਜੀ ਧਿਰਾਂ ਦੀ ਹਾਂ ਵਿਚ ਹਾਂ ਨਹੀਂ ਮਿਲਾਉਂਦੇ, ਉਨ੍ਹਾਂ ਲਈ ਹਰ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਹਨ। ਖ਼ੁਫ਼ੀਆਂ ਕਾਰਵਾਈਆਂ, ਫੌਜੀ ਹਮਲਿਆਂ, ਡਰੋਨ ਹਮਲਿਆਂ, ਲੜਾਕੂਆਂ ਨੂੰ ਹਵਾਈ ਇਮਦਾਦ, ਲੜਾਕੂਆਂ ਨੂੰ ਅਸਲਾ ਤੇ ਸਿਖਲਾਈ, ਮਨੁੱਖੀ ਇਮਦਾਦ ਅਤੇ ਵਪਾਰ ਸਮਝੌਤੇ ਉਤੇ ਸਹੀ ਪਾਉਣਾ ਜਾਂ ਇਨ੍ਹਾਂ ਨੂੰ ਰੱਦ ਕਰਨਾ ਦੂਜੀਆਂ ਸਰਕਾਰਾਂ ਨੂੰ ਆਪਣੀਆਂ ਸ਼ਰਤਾਂ ਉਤੇ ਲਿਆਉਣ ਦੀਆਂ ਵੱਖ-ਵੱਖ ਮਸ਼ਕਾਂ ਹਨ। ਇਨ੍ਹਾਂ ਦੇ ਖਤਰਿਆਂ, ਖ਼ਦਸ਼ਿਆਂ ਅਤੇ ਸੁਰੱਖਿਆ ਦੇ ਨਾਮ ਉਤੇ ਜਮਹੂਰੀਅਤ ਕਹਾਉਂਦੇ ਮੁਲਕਾਂ ਵਿਚ ਹੁੰਦੇ ਸਭ ਸੁਆਲ ਨਜ਼ਰਅੰਦਾਜ਼ ਹੋ ਜਾਂਦੇ ਹਨ। ਇਸੇ ਤਰ੍ਹਾਂ ‘ਧਰਮ ਨੂੰ ਖਤਰੇ’ ਦੇ ਨਾਮ ਉਤੇ ਵੰਨ-ਸਵੰਨਤਾ ਰੱਦ ਕਰ ਦਿੱਤੀ ਜਾਂਦੀ ਹੈ। ਧਰਮ ਦੇ ਘੇਰੇ ਵਿਚ ਆਉਂਦੇ ਹਰ ਜੀਅ ਉਤੇ ‘ਰਹਿਤ’ ਲਾਗੂ ਕਰਨ ਦੀ ਮਸ਼ਕ ਕੀਤੀ ਜਾਂਦੀ ਹੈ। ਅਸਲ ਵਿਚ ਹਕੂਮਤ ਅਤੇ ਧਰਮ ਦਾ ਕੰਮ ਕਰਨ ਦਾ ਤਰੀਕਾ ਇੱਕੋ ਹੈ। ਅੰਦਰਲੇ ਹਰ ਸੁਆਲ ਅਤੇ ਵੰਨ-ਸਵੰਨਤਾ ਨੂੰ ਸੀਲ ਕਰ ਕੇ ਇੱਕ-ਰੂਪ ਕਰ ਦਿਓ ਅਤੇ ਬਾਹਰਲੇ ਹਰ ਸੁਆਲ ਉਤੇ ਹਮਲਾ ਕਰੋ।
ਇਨ੍ਹਾਂ ਹਾਲਾਤ ਵਿਚ ਹਕੂਮਤ ਆਪਣੀ ਬੇਮੁਹਾਰੇਪਣ ਉਤੇ ਕੀਤੇ ਹਰ ਸੁਆਲ ਨੂੰ ‘ਦੇਸ਼ ਧਰੋਹ’ ਜਾਂ ‘ਅਤਿਵਾਦ’ ਦੇ ਖਾਤੇ ਪਾਉਣ ਵਿਚ ਮਸਰੂਫ ਹੈ। ਧਰਮ ਆਪਣੇ ਉਤੇ ਹੋਏ ਹਰ ਸੁਆਲ ਨੂੰ ‘ਖ਼ਤਰੇ’ ਜਾਂ ‘ਕੁਫ਼ਰ’ ਦੇ ਘੇਰੇ ਵਿਚ ਲਿਆਉਣ ਲਈ ਸਰਗਰਮ ਹੈ। ਧਰਮ ਦਾ ਵਿਹਾਰ ਹਕੂਮਤ ਨਾਲ ਮਿਲਦਾ ਹੈ। ਕਈ ਖਿੱਤਿਆਂ ਵਿਚ ਧਾਰਮਿਕ ਬਹੁ-ਗਿਣਤੀਆਂ ਦੇ ਨੁਮਾਇੰਦਿਆਂ ਦੇ ਫ਼ਤਵੇ ਲਾਗੂ ਹੁੰਦੇ ਹਨ ਅਤੇ ਚੁਣੀਆਂ ਸਰਕਾਰਾਂ ਇਨ੍ਹਾਂ ਫ਼ਤਵਿਆਂ ਨੂੰ ਕਾਨੂੰਨੀ ਜਾਮੇ ਪਹਿਨਾਉਂਦੀਆਂ ਹਨ; ਤੇ ਸੁਆਲ ‘ਅਮਨ-ਕਾਨੂੰਨ’ ਨੂੰ ਕਾਇਮ ਰੱਖਣ ਦਾ ਬਣਾਇਆ ਜਾਂਦਾ ਹੈ।
ਆਲਮੀ ਪੱਧਰ ਉਤੇ ‘ਖਿਆਲਾਂ ਦੀ ਆਜ਼ਾਦੀ’ ਦੇ ਸੁਆਲ ਉਤੇ ਚਰਚਾ ਹੋ ਰਹੀ ਹੈ ਪਰ ਇਸ ਚਰਚਾ ਦਾ ਨਿਤਾਰਾ ਮੁਕਾਮੀ ਹਵਾਲਿਆਂ ਨਾਲ ਹੋਣਾ ਹੈ। ਆਲਮੀ ਪੱਧਰ ਉਤੇ ਮੌਕੇ ਮੁਤਾਬਕ ਜ਼ਾਹਰ ਕੀਤੀ ਗਈ ਹਮਦਰਦੀ ਜਾਂ ਨਿੰਦਾ ਦਾ ਬਿਆਨ ਆਪਣੀ ਅਹਿਮੀਅਤ ਰੱਖਦਾ ਹੈ ਪਰ ਅਸਲ ਸੁਆਲ ਇਸ ਹਮਦਰਦੀ ਜਾਂ ਨਿੰਦਾ ਨਾਲ ਜੁੜੀ ਮੁਕਾਮੀ ਕਾਰਗੁਜ਼ਾਰੀ ਦਾ ਹੈ। ਭਾਰਤ ਜਾਂ ਪੰਜਾਬ ਵਿਚ ‘ਖਿਆਲਾਂ ਦੀ ਆਜ਼ਾਦੀ’ ਦੇ ਸੁਆਲ ਇੱਥੇ ਛਪੀਆਂ ਕਿਤਾਬਾਂ, ਬਣੀਆਂ ਫਿਲਮਾਂ, ਗਾਏ ਗੀਤਾਂ ਅਤੇ ਕੀਤੇ ਸੁਆਲਾਂ ਨਾਲ ਹੋਣੇ ਹਨ।
‘ਅਨਲ ਹੱਕ’ ਦਾ ਨਾਅਰਾ ਅਤੇ ‘ਧੁੱਪ ਛੱਡ ਕੇ ਖੜ੍ਹੋਣ’ ਦਾ ਬੋਲਾ ਮਨੁੱਖੀ ਹੋਂਦ ਦੇ ਸਦੀਵੀ ਸੁਆਲ ਹਨ ਜੋ ਹਰ ਵੇਲੇ ਹਰ ਬੋਲੀ ਅਤੇ ਖਿੱਤੇ ਵਿਚ ਪੁੱਛੇ ਜਾਣੇ ਹਨ। ਇਨ੍ਹਾਂ ਨੂੰ ਪੁੱਛੇ ਜਾਣ ਦੀ ਪ੍ਰਵਾਨਗੀ ਮਨੁੱਖ ਨੇ ਕਿਸੇ ਤੋਂ ਨਹੀਂ ਲੈਣੀ। ਧਰਮ ਅਤੇ ਹਕੂਮਤ ਮਨੁੱਖੀ ਹੋਂਦ ਉਤੇ ਅਸਰਅੰਦਾਜ਼ ਹਨ ਤਾਂ ਇਨ੍ਹਾਂ ਨਾਲ ਹਰ ਤਰ੍ਹਾਂ ਦਾ ਸੰਵਾਦ ਹੋਣਾ ਹੈ। ਪੜਚੋਲ, ਕਟਾਕਸ਼ ਅਤੇ ਸੁਆਲ ਹੋਣੇ ਹਨ। ਸ਼ਰਧਾ, ਸਤਿਕਾਰ, ਅਨਾਦਰ, ਕੁਫ਼ਰ ਅਤੇ ਦੇਸ਼ ਧਰੋਹ ਨਾਲ ਜੁੜੇ ਸੁਆਲ ਹੀ ‘ਖਿਆਲਾਂ ਦੀ ਆਜ਼ਾਦੀ’ ਦੇ ਸੁਆਲ ਹਨ। ਜਦੋਂ ਸਰਕਾਰਾਂ ਧਾਰਮਿਕ ਭਾਵਨਾਵਾਂ ਦੇ ਹਵਾਲੇ ਨਾਲ ਪਾਬੰਦੀਆਂ ਜਾਂ ਛੋਟਾਂ ਤੈਅ ਕਰਦੀਆਂ ਹਨ ਅਤੇ ਧਰਮ ਦੇ ਨੁਮਾਇੰਦੇ ਸਰਕਾਰਾਂ ਤੋਂ ਪਾਬੰਦੀਆਂ ਜਾਂ ਖੁੱਲ੍ਹਾਂ ਦੀ ਮੰਗ ਕਰਦੀਆਂ ਹਨ ਤਾਂ ਇਹ ਸੁਆਲ ਹੋਰ ਵੀ ਅਹਿਮ ਹੋ ਜਾਂਦੇ ਹਨ।