-ਜਤਿੰਦਰ ਪਨੂੰ
ਵਗਦੀ ਗੰਗਾ ਵਿਚ ਹੱਥ ਧੋਣ ਲਈ ਭਾਵੇਂ ਹਰ ਕੋਈ ਤਿਆਰ ਕਿਹਾ ਜਾਂਦਾ ਹੈ ਪਰ ਜਿਹੜੇ ਕੁਝ ਲੋਕਾਂ ਬਾਰੇ ਇਹ ਪ੍ਰਭਾਵ ਸੀ ਕਿ ਉਹ ਇਹੋ ਜਿਹੇ ਨਹੀਂ ਹੋਣਗੇ, ਕਿਰਨ ਬੇਦੀ ਨੂੰ ਉਨ੍ਹਾਂ ਵਿਚ ਸ਼ਾਮਲ ਕੀਤਾ ਜਾ ਸਕਦਾ ਸੀ। ਉਸ ਦਾ ਇਹ ਪ੍ਰਭਾਵ ਬਹੁਤ ਸਾਰੇ ਲੋਕਾਂ ਦੇ ਮਨ ਵਿਚ ਲੰਮਾ ਸਮਾਂ ਰਿਹਾ ਅਤੇ ਬਹੁਤ ਸਾਰੇ ਲੋਕਾਂ ਦੇ ਮਨ ਵਿਚ ਅਜੇ ਤੱਕ ਵੀ ਹੈ ਪਰ
ਉਸ ਬਾਰੇ ਇਸ ਤਰ੍ਹਾਂ ਸੋਚਣ ਵਾਲਿਆਂ ਦੀ ਗਿਣਤੀ ਹੁਣ ਪਹਿਲਾਂ ਜਿੰਨੀ ਸ਼ਾਇਦ ਨਹੀਂ ਹੋਵੇਗੀ। ਬੀਤੇ ਹਫਤੇ ਉਸ ਨੇ ਕੇਂਦਰ ਦਾ ਰਾਜ ਚਲਾਉਂਦੀ ਤੇ ਦਿੱਲੀ ਦਾ ਰਾਜ ਕਰਨਾ ਚਾਹੁੰਦੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ, ਇਸ ਪਿੱਛੋਂ ਇਹ ਗਿਣਤੀ ਘਟ ਸਕਦੀ ਹੈ। ਆਮ ਕਹਾਵਤ ਹੈ ਕਿ ਜਿਸ ਕਿਸੇ ਨੂੰ ਆਪਣੇ ਨਾਨਕੇ ਤੇ ਦਾਦਕੇ ਭੁੱਲ ਗਏ ਹੋਣ, ਉਹ ਚੋਣ ਵਿਚ ਖੜਾ ਹੋ ਜਾਵੇ, ਉਸ ਦੇ ਵਿਰੋਧ ਵਾਲੇ ਆਪਣੇ ਆਪ ਉਸ ਦਾ ਸਾਰਾ ਵੇਰਵਾ ਲੱਭ ਲਿਆਉਣਗੇ। ਹੁਣ ਕਈ ਲੋਕ ਇਹ ਕੰਮ ਕਰਨਗੇ।
ਕਈ ਲੋਕਾਂ ਦਾ ਖਿਆਲ ਹੈ ਕਿ ਕਿਰਨ ਬੇਦੀ ਨੂੰ ਭਾਜਪਾ ਨੇ ਆਪਣੀ ਲੋੜ ਵਾਸਤੇ ਅੱਗੇ ਲਾਇਆ ਹੈ, ਤੇ ਇਹ ਇੱਕ ਹਕੀਕਤ ਹੈ। ਪਿਛਲੇ ਹਫਤਿਆਂ ਦੌਰਾਨ ਭਾਜਪਾ ਦੇ ਚੋਣ-ਮੁਹਿੰਮਾਂ ਦੇ ਮੋਹਰੀ ਨਰਿੰਦਰ ਮੋਦੀ ਦਾ ਪਾਣੀ ਉਤਰ ਰਿਹਾ ਮਹਿਸੂਸ ਕੀਤਾ ਜਾਣ ਲੱਗ ਪਿਆ ਹੈ। ਪਾਰਲੀਮੈਂਟ ਚੋਣ ਤੋਂ ਬਾਅਦ ਜਿੰਨੇ ਵੀ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ, ਹਰ ਥਾਂ ਭਾਜਪਾ ਦੀ ਵੋਟ ਫੀਸਦੀ ਘਟਦੀ ਗਈ ਹੈ। ਸਰਕਾਰਾਂ ਭਾਵੇਂ ਮਹਾਰਾਸ਼ਟਰ, ਹਰਿਆਣਾ ਤੇ ਝਾਰਖੰਡ ਵਿਚ ਬਣ ਗਈਆਂ ਪਰ ਉਥੇ ਵੀ ਵੋਟਾਂ ਘਟ ਗਈਆਂ ਸਨ। ਦਿੱਲੀ ਦੀ ਚੋਣ ਕਰਾਉਣ ਤੋਂ ਇਸੇ ਲਈ ਭਾਜਪਾ ਆਗੂ ਝਿਜਕ ਰਹੇ ਸਨ, ਪਰ ਲੰਮਾ ਸਮਾਂ ਟਾਲ ਵੀ ਨਹੀਂ ਸੀ ਸਕਦੇ ਤੇ ਇਹ ਵੀ ਵੇਖ ਲਿਆ ਸੀ ਕਿ ਜਿੰਨਾ ਹੋਰ ਟਾਲਣ ਦਾ ਯਤਨ ਕਰਨਗੇ, ਵੋਟਾਂ ਦੀ ਫੀਸਦੀ ਘਟੀ ਜਾਣੀ ਹੈ। ਨਵੰਬਰ ਵਿਚ ਆਏ ਸਰਵੇਖਣਾਂ ਵਿਚ ਆਮ ਆਦਮੀ ਪਾਰਟੀ (ਆਪ) ਨੂੰ ਦਿੱਲੀ ਵਿਚ 18 ਸੀਟਾਂ ਮਿਲਦੀਆਂ ਦਿਖਾਈਆਂ ਗਈਆਂ ਸਨ ਤੇ ਭਾਜਪਾ ਨੂੰ ਮੋਦੀ ਲਹਿਰ ਦੇ ਸਹਾਰੇ 48 ਸੀਟਾਂ ਸਾਰੇ ਸਰਵੇਖਣ ਦੇ ਰਹੇ ਸਨ ਪਰ ਜਨਵਰੀ ਦੇ ਪਹਿਲੇ ਹਫਤੇ ਦੇ ਸਰਵੇਖਣਾਂ ਵਿਚ ਆਮ ਆਦਮੀ ਪਾਰਟੀ ਵਲੋਂ 28 ਸੀਟਾਂ ਜਿੱਤਣ ਦੇ ਅੰਦਾਜ਼ੇ ਲੱਗਣ ਲੱਗ ਪਏ ਤੇ ਭਾਜਪਾ ਦੀਆਂ ਸੀਟਾਂ 34 ਉਤੇ ਸੁੰਗੜ ਰਹੀਆਂ ਹਨ।
ਇਹ ਅੰਕੜੇ ਭਾਜਪਾ ਦੇ ਆਗੂਆਂ ਦੀ ਨੀਂਦ ਉਡਾ ਰਹੇ ਹਨ ਅਤੇ ਉਹ ਅੱਕੀਂ-ਪਲਾਹੀਂ ਹੱਥ ਮਾਰਦੇ ਦਿਸਦੇ ਹਨ। ਭਾਰਤੀ ਪੁਲਿਸ ਸੇਵਾ ਦੀ ਪਹਿਲੀ ਮਹਿਲਾ ਅਫਸਰ ਕਿਰਨ ਬੇਦੀ ਹੋਵੇ ਜਾਂ ḔਆਪḔ ਵਲੋਂ ਚੋਣ ਲੜ ਚੁੱਕੀ ਸ਼ਾਜ਼ੀਆ ਇਲਮੀ ਦੀ ਗੱਲ ਕਰੀਏ- ਦੋਵਾਂ ਨੂੰ ਭਾਜਪਾ ਨੇ ਇਸੇ ਘਾਬਰ ਵਿਚ ਲਿਆ ਹੈ। ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਜਦੋਂ ਗੁਜਰਾਤ ਗਏ ਅਰਵਿੰਦ ਕੇਜਰੀਵਾਲ ਉਤੇ ਹਮਲਾ ਕੀਤਾ ਗਿਆ ਤਾਂ ਭਾਜਪਾ ਦੇ ਦਿੱਲੀ ਕੇਂਦਰੀ ਦਫਤਰ ਉਤੇ ਮੁਜ਼ਾਹਰਾ ਤੇ ਤੋੜ-ਭੰਨ ਜਿਸ ਆਪ-ਮੁਹਾਰੀ ਭੀੜ ਨੇ ਕੀਤੀ ਸੀ, ਉਸ ਦੀ ਅਗਵਾਈ ḔਆਪḔ ਦੀ ਆਗੂ ਇਹੋ ਸ਼ਾਜ਼ੀਆ ਇਲਮੀ ਕਰ ਰਹੀ ਸੀ। ਉਦੋਂ ਇਲਮੀ ਅਤੇ ਭਾਜਪਾ- ਦੋਵੇਂ ਇੱਕ-ਦੂਸਰੇ ਨੂੰ ਭੰਡਦੀਆਂ ਸਨ, ਹੁਣ ਇਲਮ ਹੋ ਗਿਆ ਤਾਂ ਕੇਜਰੀਵਾਲ ਨੂੰ ਰੋਕਣ ਲਈ ਇੱਕ-ਦੂਸਰੇ ਦੀ ਬਾਂਹ ਫੜਨੀ ਪਈ ਹੈ। ਕਿਰਨ ਬੇਦੀ ਇਹ ਕਹਿੰਦੀ ਹੈ ਕਿ ਇਲਮੀ ਨੂੰ ਵੀ ਉਹੋ ਲਿਆਈ ਹੈ ਪਰ ਆਪਣੀ ਕਹਾਣੀ ਉਸ ਦੀ ਇਹ ਹੈ ਕਿ ਨਰਿੰਦਰ ਮੋਦੀ ਦੇ ਜਿੱਤਣ ਤੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਵਿਚਾਲੇ ਦੇ ਹਫਤੇ ਦੌਰਾਨ ਉਸ ਨੇ ਪਹਿਲੀ ਵਾਰ ਕਿਹਾ ਸੀ ਕਿ ਉਹ ਮੋਦੀ ਦੀ ਅਗਵਾਈ ਵਿਚ ਕੰਮ ਕਰਨਾ ਚਾਹੁੰਦੀ ਹੈ, ਪਹਿਲਾਂ ਕਦੇ ਨਹੀਂ ਸੀ ਕਿਹਾ। ਇਸ ਤੋਂ ਉਸ ਦੀ ਸੱਤਾ ਦੀ ਭੁੱਖ ਝਲਕੀ ਸੀ। ਅੰਨਾ ਦੇ ਅੰਦੋਲਨ ਵੇਲੇ ਵੀ ਕਿਰਨ ਬੇਦੀ ਸਿਰਫ ਕਾਂਗਰਸ ਦੇ ਖਿਲਾਫ ਸੀ, ਵਿਰੋਧ ਦੀ ਮੁੱਖ ਧਿਰ ਭਾਜਪਾ ਦੀ ਗੱਲ ਆਉਂਦੀ ਤਾਂ ਬਾਕੀ ਲੋਕ ਲੜਦੇ ਸਨ, ਕਿਰਨ ਬੇਦੀ ਪਾਸੇ ਹਟ ਜਾਂਦੀ ਸੀ। ਇੱਕ ਵਾਰੀ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਦੇ ਘਰਾਂ ਅੱਗੇ ਧਰਨੇ ਲਾਉਣ ਦੇ ਨਾਲ ਮੁੱਖ ਵਿਰੋਧੀ ਧਿਰ ਭਾਜਪਾ ਦੇ ਦਫਤਰ ਅੱਗੇ ਧਰਨਾ ਲਾਉਣ ਦਾ ਫੈਸਲਾ ਹੋਇਆ ਤਾਂ ਕਿਰਨ ਇਹ ਕਹਿ ਕੇ ਪਾਸੇ ਹੋ ਗਈ ਕਿ ਦੂਸਰੇ ਦੋਵੇਂ ਥਾਂ ਠੀਕ ਪਰ ਭਾਜਪਾ ਦੇ ਖਿਲਾਫ ਧਰਨੇ ਵਿਚ ਉਹ ਨਹੀਂ ਜਾ ਸਕਦੀ। ਸਾਫ ਹੈ ਕਿ ਭਾਜਪਾ ਨਾਲ ਭਵਿੱਖ ਦੀ ਸਾਂਝ ਜੋਗੀ ਸੋਚ ਉਦੋਂ ਵੀ ਉਸ ਦੇ ਸਿਰ ਵਿਚ ਸੀ।
ਅਸੀਂ ਇਹ ਗੱਲ ਚੇਤੇ ਕਰਵਾਉਣੀ ਚਾਹਾਂਗੇ ਕਿ ਜਦੋਂ ਅੰਨਾ ਹਜ਼ਾਰੇ ਦੀ ਅਗਵਾਈ ਵਿਚ ਭ੍ਰਿਸ਼ਟਾਚਾਰ ਵਿਰੁਧ ਮੋਰਚਾ ਲੱਗਾ ਸੀ, ਅਸੀਂ ਕਿਹਾ ਸੀ ਕਿ ਮੋਰਚੇ ਵਿਚ ਕੁਝ ਲੋਕ ਸਾਫ ਦਿਲ ਵਾਲੇ ਨਹੀਂ। ਸਵਾਮੀ ਅਗਨੀਵੇਸ਼ ਮੋਰਚੇ ਦੀ ਸਟੇਜ ਤੋਂ ਪਿੱਛੇ ਓਹਲੇ ਖੜੋ ਕੇ ਜਦੋਂ ਕੇਂਦਰੀ ਮੰਤਰੀਆਂ ਨਾਲ ਮੋਰਚਾ ਸਾਬੋਤਾਜ ਕਰਨ ਦੀ ਸਲਾਹ ਕਰਨ ਦੇ ਫੋਨ ਕਰਦਾ ਫੜਿਆ ਗਿਆ, ਉਦੋਂ ਪਹਿਲੀ ਵਾਰੀ ਲੋਕਾਂ ਨੂੰ ਸਮਝ ਲੱਗੀ ਸੀ ਕਿ ਅੰਦਰੋਂ ਢਾਹ ਲਾਉਣ ਵਾਲੇ ਬੰਦੇ ਵੀ ਇਸ ਲਹਿਰ ਵਿਚ ਆ ਵੜੇ ਹਨ। ਕਿਰਨ ਬੇਦੀ ਬਾਰੇ ਕੋਈ ਉਦੋਂ ਵੀ ਕਿੰਤੂ ਸੁਣਨ ਨੂੰ ਤਿਆਰ ਨਹੀਂ ਸੀ। ਫਿਰ ਉਸ ਬਾਰੇ ਕਈ ਵਿਵਾਦ ਨਿਕਲ ਆਏ, ਜਿਨ੍ਹਾਂ ਦੀ ਚਰਚਾ ਹੁਣ ਦਿੱਲੀ ਦੀਆਂ ਚੋਣਾਂ ਵਿਚ ਸੁਣੀ ਜਾ ਸਕਦੀ ਹੈ।
ਜਿੱਥੋਂ ਤੱਕ ਕਿਰਨ ਬੇਦੀ ਦਾ ਸਬੰਧ ਹੈ, ਰਾਜਸੀ ਰਾਹ ਉਤੇ ਜਿਹੜਾ ਸਾਫ ਪੱਲਾ ਲੈ ਕੇ ਆਉਣ ਦਾ ਉਹ ਦਾਅਵਾ ਕਰਦੀ ਹੈ, ਉਸ ਦਾ ਕੱਚ-ਸੱਚ ਲੋਕਾਂ ਤੱਕ ਚਲਾ ਜਾਣਾ ਚਾਹੀਦਾ ਹੈ। ਉਸ ਦੀ ਪੁਲਿਸ ਦੀ ਨੌਕਰੀ ਵੇਲੇ ਕਈ ਵਿਵਾਦ ਉਭਰੇ, ਪਰ ਉਨ੍ਹਾਂ ਵਿਚ ਇਹ ਬੀਬੀ ਕਿਸੇ ਗੱਲ ਤੋਂ ਗਲਤ ਨਹੀਂ ਸੀ ਜਾਪਦੀ। ਮਾੜਾ ਪ੍ਰਭਾਵ ਉਸ ਦੀ ਸਮਾਜ ਸੇਵਾ ਵੇਲੇ ਕੁਝ ਗੱਲਾਂ ਨਾਲ ਪਿਆ। ਇਸ ਦਾ ਭਾਵ ਇਹ ਨਹੀਂ ਲਿਆ ਜਾਣਾ ਚਾਹੀਦਾ ਕਿ ਭ੍ਰਿਸ਼ਟਾਚਾਰ ਵਿਰੁਧ ਝੰਡਾ ਉਠਾ ਕੇ ਉਸ ਦਾ ਰਾਜਸੀ ਆਗੂਆਂ ਖਿਲਾਫ ਬੋਲਣਾ ਮਾੜੇ ਪ੍ਰਭਾਵ ਦਾ ਕਾਰਨ ਬਣ ਗਿਆ, ਸਗੋਂ ਸੱਚੀ ਗੱਲ ਇਹ ਹੈ ਕਿ ਭ੍ਰਿਸ਼ਟਾਚਾਰ ਵਿਰੁਧ ਝੰਡਾ ਚੁੱਕਣ ਦੌਰਾਨ ਹੀ ਇਹ ਆਪ ਵੀ ਭ੍ਰਿਸ਼ਟਾਚਾਰ ਦੇ ਸਪੱਸ਼ਟ ਦੋਸ਼ਾਂ ਦੀ ਲਪੇਟ ਵਿਚ ਆ ਗਈ। ਇਨ੍ਹਾਂ ਦੋਸ਼ਾਂ ਬਾਰੇ ਜਦੋਂ ਕਦੇ ਉਸ ਨੇ ਸਫਾਈ ਵੀ ਦਿੱਤੀ ਤਾਂ ਉਹ ਏਨੀ ਊਣੀ-ਪੌਣੀ ਸਫਾਈ ਸੀ ਕਿ ਮੰਨੀ ਨਹੀਂ ਸੀ ਜਾ ਸਕਦੀ।
ਮਿਸਾਲ ਵਜੋਂ ਇੱਕ ਮੁੱਦਾ ਇਹ ਉਠਿਆ ਕਿ ਉਹ ਕਈ ਥਾਂ ਸੈਮੀਨਾਰਾਂ ਲਈ ਜਾਂਦੀ ਸੀ ਤਾਂ ਕਿਰਾਏ ਵਸੂਲਣ ਦੇ ਮਾਮਲੇ ਵਿਚ ਈਮਾਨਦਾਰ ਨਹੀਂ ਸੀ। ਉਸ ਨੇ ਇੱਕੋ ਸ਼ਹਿਰ ਨਾਲ ਜੋੜ ਕੇ ਕੁਝ ਸੈਮੀਨਾਰ ਨੇੜਲੀਆਂ ਤਰੀਕਾਂ ਦੇ ਰੱਖ ਲਏ ਤੇ ਹਰ ਸੈਮੀਨਾਰ ਦੇ ਪ੍ਰਬੰਧਕਾਂ ਕੋਲੋਂ ਦਿੱਲੀ ਤੋਂ ਸਿੱਧੀ ਉਥੇ ਜਾਣ ਅਤੇ ਮੁੜਨ ਦੀ ਹਵਾਈ ਟਿਕਟ ਦੇ ਪੈਸੇ ਵਸੂਲ ਲਏ। ਬਾਅਦ ਵਿਚ ਇਹ ਗੱਲ ਖੁੱਲ੍ਹ ਗਈ ਕਿ ਉਹ ਇੱਕੋ ਵਾਰ ਗਈ ਤੇ ਇੱਕ ਰਿਸ਼ਤੇਦਾਰ ਦੇ ਘਰ ਰਹਿ ਕੇ ਸਾਰੇ ਸੈਮੀਨਾਰ ਇਕੱਠੇ ਭੁਗਤਾ ਕੇ ਆਈ ਸੀ। ਇੱਕ ਵਾਰੀ ਹਵਾਈ ਸਫਰ ਕਰ ਕੇ ਤਿੰਨ-ਚਾਰ ਵਾਰ ਕਿਰਾਇਆ ਤਾਂ ਵਸੂਲਿਆ ਹੀ, ਨਾਲ ਇਹ ਵੀ ਹੈਰਾਨੀ ਜਨਕ ਤੱਥ ਬਾਹਰ ਆ ਗਿਆ ਕਿ ਬੀਬੀ ਨੇ ਜਹਾਜ ਦੀ ਇਕਾਨਮੀ ਕਲਾਸ ਦਾ ਸਫਰ ਕੀਤਾ ਸੀ, ਪਰ ਕਿਰਾਇਆ ਅੱਗੋਂ ਬਿਜਨਸ ਕਲਾਸ ਦਾ ਵਸੂਲਿਆ ਸੀ, ਜਿਹੜਾ ਇਕਾਨਮੀ ਕਲਾਸ ਤੋਂ ਤਿੰਨ ਗੁਣਾ ਵੀ ਹੋ ਸਕਦਾ ਹੈ। ਜਦੋਂ ਦੋਸ਼ ਲਾਏ ਗਏ ਤਾਂ ਬੀਬੀ ਨੇ ਪੱਲਾ ਛੁਡਾਉਣ ਲਈ ਪਹਿਲਾਂ ਇਹ ਕਿਹਾ ਕਿ ਇਹ ਭੁੱਲ ਟਰੈਵਲ ਏਜੰਟ ਤੋਂ ਹੋ ਗਈ ਹੋਵੇਗੀ, ਪਰ ਬੀਬੀ ਦੀ ਸਮਾਜ ਸੇਵੀ ਸੰਸਥਾ ਦਾ ਅਹੁਦੇਦਾਰ ਉਹ ਟਰੈਵਲ ਏਜੰਟ ਸੱਚੀ ਗੱਲ ਵੀ ਦੱਸ ਗਿਆ ਤੇ ਅਸਤੀਫਾ ਵੀ ਦੇ ਗਿਆ। ਫਿਰ ਬੀਬੀ ਇਹ ਕਹਿੰਦੀ ਰਹੀ ਕਿ ਜਿੰਨੇ ਪੈਸੇ ਵੱਧ ਲਏ, ਉਹ ਮੈਂ ਆਪਣੇ ਵਾਸਤੇ ਨਹੀਂ ਲਏ, ਮੇਰੀ ਸਮਾਜ ਸੇਵੀ ਸੰਸਥਾ ਦੇ ਕੰਮ ਵਿਚ ਖਰਚ ਹੋਏ ਹਨ।
ਹੁਣ ਲਵੋ ਦੂਸਰੇ ਮਾਮਲੇ ਨੂੰ। ਬੀਬੀ ਉਤੇ ਦੋਸ਼ ਲੱਗ ਗਿਆ ਕਿ ਉਸ ਨੇ ਪੈਰਾ-ਮਿਲਟਰੀ ਫੋਰਸ ਵਾਲਿਆਂ ਦੀ ਭਲਾਈ ਕਰਨ ਲਈ ਇੱਕ ਕੰਪਿਊਟਰ ਟਰੇਨਿੰਗ ਪ੍ਰੋਗਰਾਮ ਚਲਾਇਆ ਤੇ ਇੱਕ ਬਹੁ-ਕੌਮੀ ਕਾਰਪੋਰੇਸ਼ਨ ਨੇ ਉਸ ਦੇ ਇਸ ਕਾਰਜ ਲਈ ਸਹਾਇਤਾ ਦਿੱਤੀ ਸੀ ਪਰ ਇਸ ਦੌਰਾਨ ਭ੍ਰਿਸ਼ਟਾਚਾਰ ਹੋਇਆ ਸੀ। ਉਸ ਨੇ ਕਿਹਾ ਸੀ ਕਿ ਏਦਾਂ ਦਾ ਕੰਮ ਕਰਨ ਲਈ ਉਹ ਕੰਪਿਊਟਰ ਵੀ ਆਪ ਦੇਵੇਗੀ, ਜ਼ਮੀਨ ਤੇ ਇਮਾਰਤ ਦਾ ਪ੍ਰਬੰਧ ਵੀ ਕਰੇਗੀ ਅਤੇ ਟਰੇਨਿੰਗ ਮੁਫਤ ਦਿੱਤੀ ਜਾਵੇਗੀ ਪਰ ਉਸ ਨੇ ਜ਼ਮੀਨ ਤੇ ਇਮਾਰਤ ਉਨ੍ਹਾਂ ਪੈਰਾ-ਮਿਲਟਰੀ ਫੋਰਸਾਂ; ਬੀ ਐਸ ਐਫ, ਸੀ ਆਰ ਪੀ ਐਫ ਆਦਿ ਤੋਂ ਲੈ ਲਈ ਤੇ ਖਰਚਾ ਕਾਗਜ਼ਾਂ ਵਿਚ ਭਰ ਕੇ ਪੈਸਾ ਕੱਢੀ ਜਾਂਦੀ ਰਹੀ। ਨਾਲ ਦੀ ਨਾਲ ਜਿਨ੍ਹਾਂ ਲੋਕਾਂ ਨੂੰ ਉਸ ਨੇ ਟਰੇਨਿੰਗ ਦਿੱਤੀ, ਉਨ੍ਹਾਂ ਤੋਂ ਫੀਸ ਵੀ ਵਸੂਲ ਕੀਤੀ ਗਈ। ਇਸ ਤਰ੍ਹਾਂ ਸਾਰਾ ਕੁਝ ਭ੍ਰਿਸ਼ਟਾਚਾਰ ਦਾ ਕਿੱਸਾ ਬਣ ਗਿਆ। ਬੀਬੀ ਵਲੋਂ ਦਿੱਤੇ ਗਏ ਸਾਰੇ ਸਪਸ਼ਟੀਕਰਨ ਕਿਸੇ ਦੀ ਤਸੱਲੀ ਕਰਵਾਉਣ ਵਾਲੇ ਨਹੀਂ।
ਇਸ ਵਿਚ ਭ੍ਰਿਸ਼ਟਾਚਾਰ ਥੋੜ੍ਹਾ ਜਾਂ ਬਹੁਤਾ ਜਿੰਨਾ ਵੀ ਹੋਇਆ ਹੋਵੇ, ਸ਼ਾਇਦ ਇਹ ਸਮਝ ਕੇ ਲਾਂਭੇ ਰੱਖ ਦੇਈਏ ਕਿ ‘ਭਾਰਤ ਦੇਸ਼ ਵਿਚ ਸਭ ਚੱਲਦਾ ਹੈ’ ਪਰ ਅਗਲੀ ਗੱਲ ਜ਼ਿਆਦਾ ਦੁਖੀ ਕਰਨ ਵਾਲੀ ਹੈ।
ਭਾਰਤ ਦੇ ਦੋ ਰਾਜਾਂ- ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਿਚ ਜੰਗਲਾਂ ਵਿਚੋਂ ਜ਼ਮੀਨ ਖੁਰਚ ਕੇ ਕੁਦਰਤੀ ਧਾਤਾਂ ਕੱਢਣ ਅਤੇ ਭਾਰਤ ਦੀ ਦੌਲਤ ਵਿਦੇਸ਼ਾਂ ਵਿਚ ਪੁਚਾ ਕੇ ਕਰੋੜਾਂ ਨਹੀਂ, ਅਰਬਾਂ ਨਹੀਂ, ਖਰਬਾਂ ਰੁਪਏ ਕਮਾਉਣ ਵਾਲੀ ਜਿਸ ਬਹੁ-ਕੌਮੀ ਕਾਰਪੋਰੇਸ਼ਨ ਦਾ ਰੌਲਾ ਪੈਂਦਾ ਹੈ, ਉਹ ਵੇਦਾਂਤਾ ਕਾਰਪੋਰੇਸ਼ਨ ਹੈ। ਆਮ ਆਦਮੀ ਪਾਰਟੀ ਵਾਲੇ ਉਸ ਕਾਰਪੋਰੇਸ਼ਨ ਦਾ ਰੌਲਾ ਪਾਉਂਦੇ ਰਹੇ ਕਿ ਉਹ ਭਾਰਤੀ ਲੀਡਰਾਂ ਨੂੰ ਭ੍ਰਿਸ਼ਟ ਕਰ ਕੇ ਭਾਰਤ ਦੀ ਦੌਲਤ ਲੁੱਟੀ ਜਾਂਦੀ ਹੈ। ਉਸ ਕਾਰਪੋਰੇਸ਼ਨ ਦੇ ਜਿਹੜੇ ਦਸਤਾਵੇਜ਼ ਇੰਟਰਨੈਟ ਉਤੇ ਹਨ, ਉਨ੍ਹਾਂ ਵਿਚੋਂ ਇੱਕ ਇਹ ਵੀ ਹੈ ਕਿ ਪੀæ ਚਿਦੰਬਰਮ ਨਾਂ ਦਾ ਬੰਦਾ ਉਸ ਕਾਰਪੋਰੇਸ਼ਨ ਦੇ ਡਾਇਰੈਕਟਰਾਂ ਦੇ ਬੋਰਡ ਦਾ ਮੈਂਬਰ ਹੁੰਦਾ ਸੀ। ਮਈ 2004 ਵਿਚ ਬੋਰਡ ਦੀ ਮੀਟਿੰਗ ਵਿਚ ਮਤਾ ਪਾਸ ਕਰ ਕੇ ਉਸੇ ਪੀæ ਚਿਦੰਬਰਮ ਨੂੰ ਭਾਰਤ ਦਾ ਖਜ਼ਾਨਾ ਮੰਤਰੀ ਬਣ ਜਾਣ ਦੀ ਵਧਾਈ ਦੇਣ ਦੇ ਨਾਲ ਉਸ ਵਲੋਂ ਖਾਲੀ ਕੀਤੀ ਥਾਂ ਉਤੇ ਇੱਕ ਹੋਰ ਬੰਦੇ ਦੀ ਨਿਯੁਕਤੀ ਕੀਤੀ ਗਈ ਸੀ। ਅੰਨਾ ਦੀ ਟੀਮ ਬਹੁਤ ਵਾਰੀ ਚਿਦੰਬਰਮ ਉਤੇ ਇਹ ਹਮਲਾ ਕਰਦੀ ਰਹੀ ਕਿ ਉਹ ਉਸ ਕਾਰਪੋਰੇਸ਼ਨ ਦਾ ਬੰਦਾ ਹੈ, ਜਿਹੜੀ ਭਾਰਤ ਦੀ ਦੌਲਤ ਨੂੰ ਲੁੱਟੀ ਜਾਂਦੀ ਹੈ ਤੇ ਭਾਰਤ ਸਰਕਾਰ ਦੇ ਖਜ਼ਾਨਾ ਮੰਤਰੀ ਵਜੋਂ ਚਿਦੰਬਰਮ ਈਮਾਨਦਾਰ ਨਹੀਂ ਹੋ ਸਕਦਾ।
ਕਮਾਲ ਦੀ ਗੱਲ ਇਹ ਹੈ ਕਿ ਪੈਰਾ ਮਿਲਟਰੀ ਵਾਲਿਆਂ ਨੂੰ ਕੰਪਿਊਟਰ ਟਰੇਨਿੰਗ ਦੇ ਕੇ ਉਨ੍ਹਾਂ ਦੀ ਭਲਾਈ ਦੇ ਓਹਲੇ ਹੇਠ ਕੁਝ ‘ਮਾੜਾ-ਮੋਟਾ’ ਗਲਤ ਕਰਨ ਦੀ ਕਹਾਣੀ ਉਸੇ ਵੇਦਾਂਤਾ ਕਾਰਪੋਰੇਸ਼ਨ ਤੱਕ ਜਾਂਦੀ ਹੈ। ਕਿਰਨ ਬੇਦੀ ਉਸੇ ਵੇਦਾਂਤਾ ਕਾਰਪੋਰੇਸ਼ਨ ਦੇ ਫੰਡਾਂ ਨਾਲ ਇਹ ਕੰਮ ਕਰਦੀ ਰਹੀ, ਜਿਸ ਦੇ ਖਿਲਾਫ ਅੰਨਾ ਟੀਮ ਵਾਲੇ ਉਸ ਦੇ ਸਾਥੀ ਇਹ ਕਹਿੰਦੇ ਸਨ ਕਿ ਉਹ ਭਾਰਤ ਦੀ ਦੌਲਤ ਨੂੰ ਹੂੰਝਾ ਮਾਰੀ ਜਾ ਰਹੀ ਹੈ ਤੇ ਚਿਦੰਬਰਮ ਉਸ ਦੀ ਮਦਦ ਕਰਦਾ ਹੈ। ਇਸ ਤਰ੍ਹਾਂ ਉਹ ਅੰਨਾ ਟੀਮ ਵਾਲੇ ਆਪਣੇ ਸਾਥੀਆਂ ਨੂੰ ਵੀ ਹਨੇਰੇ ਵਿਚ ਰੱਖ ਕੇ ਇੱਕ ਬਹੁ-ਕੌਮੀ ਕਾਰਪੋਰੇਸ਼ਨ ਨਾਲ ਸਾਂਝ ਦਾ ਤਾਣਾ ਤਣ ਕੇ ਚੱਲਦੀ ਰਹੀ ਸੀ। ਉਸ ਕਾਰਪੋਰੇਸ਼ਨ ਨਾਲ ਕਿਰਨ ਬੇਦੀ ਦੀ ਸਾਂਝ ਦੀ ਸੀਮਾ ਕਿੱਥੋਂ ਕੁ ਤੱਕ ਜਾਂਦੀ ਹੈ, ਇਸ ਦਾ ਕੋਈ ਠੋਕਵਾਂ ਸਪੱਸ਼ਟੀਕਰਨ ਅੱਜ ਤੱਕ ਕਦੀ ਨਹੀਂ ਮਿਲ ਸਕਿਆ। ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਬੜਾ ਛੋਟਾ ਜਿਹਾ ਅੰਗ, ਇੱਕ ਆਮ ਨਾਗਰਿਕ ਹੋਣ ਦੇ ਨਾਤੇ ਅਸੀਂ ਇਹ ਕਹਿਣ ਦਾ ਹੱਕ ਰੱਖਦੇ ਹਾਂ ਕਿ ਕਿਰਨ ਬੇਦੀ ਚੋਣ ਲੜੇ, ਜਿੱਤਦੀ ਹੈ ਤਾਂ ਜਿੱਤ ਵੀ ਜਾਵੇ, ਦਿੱਲੀ ਦੀ ਮੁੱਖ ਮੰਤਰੀ ਵੀ ਬਣ ਸਕਦੀ ਹੈ ਤਾਂ ਬਣਦੀ ਫਿਰੇ ਪਰ ਇਨ੍ਹਾਂ ਗੱਲਾਂ ਬਾਰੇ ਸਥਿਤੀ ਸਾਫ ਕਰਨ ਜੋਗਾ ਥੋੜ੍ਹਾ ਜਿਹਾ ਸਮਾਂ ਜ਼ਰੂਰ ਕੱਢ ਲਵੇ। ਭਾਰਤ ਦੀ ਰਵਾਇਤ ਹੈ ਕਿ ਪੱਕੇ ਚੋਰਾਂ ਨੂੰ ਲੋਕ ਸਿਰਫ ਚੋਰ ਕਹਿੰਦੇ ਹਨ ਪਰ ਜਦੋਂ ਕਦੇ ਕਿਸੇ ਸਾਧ ਬਾਰੇ ਏਦਾਂ ਦੀ ਗੱਲ ਸੁਣਨ ਤਾਂ ਉਨ੍ਹਾਂ ਦੇ ਮੂੰਹੋਂ ਨਿਕਲ ਜਾਂਦਾ ਹੈ, ‘ਇਹ ਵੀ!’ ਜੇ ਲੋਕਾਂ ਦੇ ਮੂੰਹੋਂ ਸਿਰਫ ‘ਇਹ’ ਨਿਕਲਦਾ ਹੁੰਦਾ ਤਾਂ ਹੋਰ ਗੱਲ ਸੀ, ਪਰ ‘ਇਹ’ ਦੇ ਨਾਲ ‘ਵੀ’ ਲਾਉਣ ਵੇਲੇ ਜਿੰਨੀ ਠੇਸ ਇਹ ਗੱਲ ਕਹਿਣ ਵਾਲੇ ਬੰਦੇ ਦੇ ਮਨ ਨੂੰ ਲੱਗਦੀ ਹੈ, ਉਸ ਠੇਸ ਦਾ ਅਹਿਸਾਸ ਹਰ ਕਿਸੇ ਨੂੰ ਨਹੀਂ ਹੋ ਸਕਦਾ, ਕਿਰਨ ਬੇਦੀ ਨੂੰ ਤਾਂ ਹੋਣਾ ਹੀ ਨਹੀਂ।