ਬਲਜੀਤ ਬਾਸੀ
ਹਵਾਈ ਮਾਰਗ ਰਾਹੀਂ ਸਵਾਰੀਆਂ ਆਦਿ ਢੋਣ ਵਾਲੇ ਯਾਨ ਲਈ ਅਸੀਂ ਅੱਜ ਕਲ੍ਹ (ਹਵਾਈ) ਜਹਾਜ ਸ਼ਬਦ ਵਰਤਦੇ ਹਾਂ। ਐਰੋਪਲੇਨ ਤੋਂ ਹੂਬਹੂ ਅਨੁਵਾਦਿਆ ਸ਼ਬਦ ਵਾਯੂਯਾਨ ਵੀ ਲਿਖਤੀ ਤੌਰ ‘ਤੇ ਵਰਤ ਲਿਆ ਜਾਂਦਾ ਹੈ ਤੇ ਤਕਨੀਕੀ ਜਿਹੇ ਸੰਦਰਭਾਂ ਵਿਚ ਵਿਮਾਨ ਸ਼ਬਦ ਵੀ। ਜਹਾਜ-ਨਿਰਮਾਣ ਲਈ ਵਿਮਾਨਕੀ ਸ਼ਬਦ ਚਲਾਇਆ ਗਿਆ ਹੈ।
ਬੰਗਲਾਦੇਸ਼ ਨੇ ਤਾਂ ਆਪਣੀ ਕੌਮੀ ਏਅਰਲਾਈਨ ਦਾ ਨਾਂ ਹੀ Ḕਬਿਮਾਨ ਬੰਗਲਾਦੇਸ਼ ਏਰਲਾਈਨਜ਼Ḕ ਰੱਖਿਆ ਹੈ ਜਿਸ ਨੂੰ ਬੋਲਚਾਲ ਵਿਚ ਬਿਮਾਨ ਹੀ ਕਿਹਾ ਜਾਂਦਾ ਹੈ। ਵਿਮਾਨ ਸ਼ਬਦ ਦੀ ਮੌਜੂਦਗੀ ਤੋਂ ਭੁਲੇਖਾ ਲੱਗ ਸਕਦਾ ਹੈ ਜਿਵੇਂ ਸਾਡੇ ਦੇਸ਼ ਵਿਚ ਚਿਰਕਾਲ ਤੋਂ ਹਵਾਈ ਜਹਾਜ ਚਲਦੇ ਰਹੇ ਹੋਣ। ਚਰਮਸੀਮਾ ਤੇ ਪੁੱਜੇ ਹਿੰਦੂ ਸ਼ਾਵਨਵਾਦੀ ਕੁਝ ਅਜਿਹਾ ਹੀ ਸੋਚਦੇ ਹਨ। ਇਸ ਵਾਰ ਮੁੰਬਈ ਵਿਚ ਹੋਈ ਭਾਰਤੀ ਸਾਇੰਸ ਕਾਂਗਰਸ ਵਿਚ ਪ੍ਰਾਚੀਨ ਭਾਰਤੀ ਸਾਇੰਸ ਦੀਆਂ ਉਪਲਭਦੀਆਂ ਬਾਰੇ ਕਾਫੀ ਜਭਲੀਆਂ ਸੁਣਨ ਨੂੰ ਮਿਲੀਆਂ। ਅਨੰਦ ਬੋਦਾਸ ਨਾਮੀ ਇਕ ਕੈਪਟਨ ਨੇ ਇਕ ਭਾਸ਼ਨ ਦੌਰਾਨ ਦਾਅਵਾ ਕੀਤਾ ਕਿ ਵੈਦਿਕ ਯੁਗ ਦੌਰਾਨ ਭਾਰਤ ਵਿਚ ਵਿਮਾਨ ਯਾਨਿ ਹਵਾਈ ਜਹਾਜ ਆਮ ਸਨ। ਉਡਾਣ ਭਰਨ ਪਿਛੋਂ ਇਹ ḔਵਿਮਾਨḔ ਕਈ ਤਰ੍ਹਾਂ ਦੀਆਂ ਕਲਾਬਾਜ਼ੀਆਂ ਕਰ ਸਕਦੇ ਸਨ ਜਿਵੇਂ ਸਿਧੇ ਅਗਾਂਹ ਨੂੰ ਚੱਲਣਾ, ਇਕ ਦਮ ਪਿਛਲਖੁਰੀ ਮੁੜਨਾ, ਪਾਸਿਆਂ ਨੁੰ ਚੱਲਣਾ, ਹੈਲੀਕਾਪਟਰ ਵਾਂਗ ਥੱਲੇ ਤੋਂ ਉਪਰ ਤੇ ਉਪਰ ਤੋਂ ਥੱਲੇ ਨੂੰ ਮੁਹਾਣ ਮੋੜਨੇ। ਇਹ ਵਿਮਾਨ ਸ਼ਹਿਰਾਂ ਜਾਂ ਦੇਸ਼ਾਂ ਵਿਚਕਾਰ ਹੀ ਨਹੀਂ ਸੀ ਭਾਉਂਦੇ ਫਿਰਦੇ, ਇਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਅਤੇ ਇਕ ਗ੍ਰਹਿ ਤੋਂ ਦੂਜੇ ਗ੍ਰਹਿ ਤੱਕ ਵੀ ਉਡਾਣ ਭਰਿਆ ਕਰਦੇ ਸਨ। ਯਾਤਰੂ ਵਿਮਾਨ ਵੱਖ ਤੇ ਯੁਧ ਵਿਮਾਨ ਵੱਖ ਹੋਇਆ ਕਰਦੇ ਸਨ। ਪਾਇਲਟਾਂ ਦੇ ਵਿਸ਼ੇਸ਼ ਭੋਜਨ ਤੇ ਵੇਸ਼ਭੂਸ਼ਾ ਹੁੰਦੀ ਸੀ, ਕੰਟਰੋਲ ਕਰਨ ਲਈ ਰੂਪਰਕਰਨਰਹਸਯ ਵੀ ਹੁੰਦੇ ਸਨ ਜੋ ਅੱਜ ਦੇ ਰਡਾਰਾਂ ਨੂੰ ਮਾਤ ਪਾਉਂਦੇ ਸਨ।
ਭਾਸ਼ਨ ਵਿਚ ਦਾਅਵਾ ਕੀਤਾ ਗਿਆ ਕਿ ਵਿਮਾਨਕੀ ਜਾਂ ਵਿਮਾਨ ਸ਼ਾਸਤਰ (ਹਵਾਈ ਜਹਾਜ ਬਣਾਉਣ ਦੀ ਕਲਾ) ਬਾਰੇ ਅੱਜ ਤੋਂ ਸੱਤ ਹਜ਼ਾਰ ਸਾਲ ਪਹਿਲਾਂ ਭਾਰਗਵ ਰਿਸ਼ੀ ਨੇ ਸ਼ਲੋਕ ਲਿਖੇ ਸਨ। ਇਹ ਗੱਲ ਵਖਰੀ ਹੈ ਕਿ ਭਾਰਤ ਵਿਚ ਆਰੀਆ ਦੇ ਆਗਮਨ ਦਾ ਕਾਲ ਤਾਂ ਸੱਤ ਹਜ਼ਾਰ ਸਾਲ ਤੋਂ ਬਹੁਤ ਉਰਾਂਹ ਦਾ ਹੀ ਹੈ ਤੇ ਪੁਰਾਤਤਵ ਵਸੀਲਿਆਂ ਨੇ ਅਜਿਹੇ ਜਹਾਜਾਂ ਦਾ ਕੋਈ ਅਵਸ਼ੇਸ਼ ਨਹੀਂ ਲਭਿਆ। ਮਨੁੱਖ ਦੇ ਹੱਥ ਵਿਚ ਕੋਈ ਗਿਆਨ ਆ ਜਾਵੇ ਤਾਂ ਇਹ ਨਿਰੰਤਰ ਵਧਦਾ ਹੀ ਜਾਂਦਾ ਹੈ, ਘਟਦਾ ਜਾਂ ਖਤਮ ਨਹੀਂ ਹੁੰਦਾ। ਕੁਦਰਤੀ ਤੌਰ ‘ਤੇ ਪ੍ਰਾਚੀਨ ਭਾਰਤ ਵਿਚ ਵਿਮਾਨਕੀ ਬਾਰੇ ਅਜਿਹੇ ਫੋਕੇ ਦਾਅਵਿਆਂ ਦਾ ਦੁਨੀਆਂ ਭਰ ਵਿਚ ਮਖੌਲ ਉਡਣਾ ਸੀ।
ਨਾਸਾ ਦੇ ਇਕ ਭਾਰਤੀ ਮੂਲ ਦੇ ਵਿਗਿਆਨੀ ਦੁਆਰਾ 200 ਵਿਗਿਆਨੀਆਂ ਦੇ ਦਸਤਖਤਾਂ ਵਾਲੀ ਇਕ ਪਟੀਸ਼ਨ ਰਾਹੀਂ ਪਹਿਲਾਂ ਹੀ ਮੰਗ ਕੀਤੀ ਗਈ ਸੀ ਕਿ ਮਿਥ ਅਤੇ ਸਾਇੰਸ ਨੂੰ ਰਲਗੱਡ ਕਰਨ ਵਾਲੇ ਇਸ ਲੈਕਚਰ ਨੂੰ ਰੱਦ ਕੀਤਾ ਜਾਵੇ। ਇਸ ਕਾਂਗਰਸ ਦੇ 102 ਸਾਲਾ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਸੰਸਕ੍ਰਿਤ ਵਿਚ ਉਪਲਭਦ ਸ੍ਰੋਤਾਂ ਅਨੁਸਾਰ ਪ੍ਰਾਚੀਨ ਭਾਰਤੀ ਸਾਇੰਸ ਦੇ ਵਿਸ਼ੇ ‘ਤੇ ਗੋਸ਼ਟੀ ਕਰਵਾਈ ਗਈ। ਦੁਨੀਆਂ ਭਰ ਦਾ ਕਿਹੜਾ ਮਿਥਹਾਸ ਹੈ ਜਿਸ ਵਿਚ ਉਡਣ-ਖਟੋਲਿਆਂ ਅਤੇ ਹੋਰ ਅਜਿਹੀਆਂ ਕਰਾਮਾਤਾਂ ਦਾ ਬਿਰਤਾਂਤ ਨਹੀਂ ਹੈ? ਵਿਮਾਨਾਂ ਦੀ ਕੀ ਗੱਲ ਕਰਨੀ ਹੈ, ਪਰੀਆਂ ਤੇ ਜਲ-ਪਰੀਆਂ ਦੇ ਰੂਪ ਵਿਚ ਮਨੁੱਖਾਂ ਨੂੰ ਹੀ ਪਰ ਲੱਗੇ ਹੋਏ ਸਨ। ਤੇ ਫਿਰ ਉਡਣ-ਕਾਲੀਨ ਤੇ ਉਡਣ-ਖਟੋਲੇ ਹੀ ਨਹੀਂ ਮਾਣ।
ਪ੍ਰਾਚੀਨ ਭਾਰਤ ਵਿਚ ਵਿਮਾਨਕੀ ਦੀ ਹੋਂਦ ਦਾ ਦਾਅਵਾ ਕਈ ਵਾਰ ਕੀਤਾ ਗਿਆ ਹੈ ਤੇ ਉਸ ਦਾ ਭਾਂਡਾ ਬੜੇ ਪ੍ਰਭਾਵਕ ਢੰਗ ਨਾਲ ਪਹਿਲਾਂ ਹੀ ਭੰਨਿਆ ਜਾ ਚੁੱਕਾ ਹੈ। ਲੈਕਚਰ ਵਿਚ 7000 ਸਾਲ ਪਹਿਲਾਂ ਭਾਰਗਵ ਰਿਸ਼ੀ ਦੁਆਰਾ ਲਿਖੇ ਜਿਸ ਵੈਦਿਕ ਵਿਮਾਨ ਸ਼ਾਸਤਰ ਦਾ ਜ਼ਿਕਰ ਕੀਤਾ ਗਿਆ ਹੈ, ਉਹ ਦਰਅਸਲ 1904 ਵਿਚ ਹੋਂਦ ਵਿਚ ਆਇਆ। ਭਾਰਤੀ ਵਿਗਿਆਨ ਸੰਸਥਾ ਦੇ ਵੈਮਾਨਿਕ ਇੰਜੀਨੀਅਰਾਂ ਨੇ ਇਸ ਝੂਠ ਦੇ ਪੁਲੰਦੇ ਦੀ ਅਸਲੀਅਤ 1974 ਵਿਚ ਹੀ ਖੋਲ੍ਹ ਕੇ ਰੱਖ ਦਿੱਤੀ ਸੀ। ਭਾਂਡਾ-ਫੋੜ ਖੋਜ ਪੱਤਰ ਦੇ ਪੰਜ ਵਿਗਿਆਨੀ ਲੇਖਕਾਂ ਦਾ ਕਹਿਣਾ ਹੈ ਕਿ ਵਿਮਾਨ-ਸ਼ਾਸਤਰ ਦੇ ਨਕਸ਼ਿਆਂ ਵਿਚ ਵਰਣਨ ਕੀਤੇ ਗਏ ਵਿਮਾਨ ਨਿਊਟਨ ਦੇ ਗੁਰੂਤਾ ਸਬੰਧੀ ਅਤੇ ਜਿਉਮੈਟਰੀ ਦੇ ਨਿਯਮਾਂ ਦੀ ਘੋਰ ਉਲੰਘਣਾ ਕਰਦੇ ਹਨ। ਇਸ ਲਈ ਉਨ੍ਹਾਂ ਅਨੁਸਾਰ ਅਜਿਹੀ ਕਪੋਲ ਕਲਪਨਾ ਅਨੁਸਾਰ ਬਣਾਏ ਜਹਾਜਾਂ ਵਿਚ ਉਡਣ ਦੀ ਉਕਾ ਹੀ ਸਮਰਥਾ ਨਹੀਂ ਹੋ ਸਕਦੀ। ਸੱਚੀ ਗੱਲ ਤਾਂ ਇਹ ਹੈ ਕਿ ਬਿਆਨ ਕੀਤੇ ਅਨੁਸਾਰ ਬਣਾਏ ਜਹਾਜ ਨੇ ਉੜਨਾਂ ਤਾ ਕੀ ਉੜਨ ਤੋਂ ਕੋਈ ਉਲਟੀ ਕਾਰਵਾਈ ਜ਼ਰੂਰ ਕਰ ਸਕਦੇ ਹਨ। ਇੰਜੀਨੀਅਰਾਂ ਨੇ ਵਿਗਿਆਨ ਦੇ ਹਰ ਪੱਖ ਤੋਂ ਪ੍ਰਸਤਾਵਤ ਵਿਮਾਨਾਂ ਦੀ ਘੋਖ ਕੀਤੀ। ਸ਼ਕੁਨ ਵਿਮਾਨ ਬਣਾਉਣ ਲਈ ਪਰਣ ਖਾਰ, ਛੋਲੇ, ਪਾਰਾ, ਅਬਰਕ, ਚਾਂਦੀ ਅਤੇ ਪੰਚਅੰਮ੍ਰਿਤ ਦੀ ਵਰਤੋਂ ਸੁਝਾਈ ਗਈ ਹੈ। 12,800 ਮੀਲ ਘੰਟੇ ਦੀ ਰਫਤਾਰ ਨਾਲ ਉਡ ਸਕਣ ਵਾਲੇ ਪੰਜ ਮੰਜ਼ਿਲਾ ਵਿਮਾਨ ਨੂੰ ਚਲਾਉਣ ਲਈ ਪੈਦਾ ਕੀਤੀ ਜਾਣ ਵਾਲੀ ਬਿਜਲੀ ਬਣਾਉਣ ਲਈ ਹੋਰ ਖੇਹ ਸੁਆਹ ਤੋਂ ਬਿਨਾਂ ਗਊਆਂ ਅਤੇ ਹਾਥੀਆਂ ਦੇ ਪਿਸ਼ਾਬ ਦੀ ਵਰਤੋਂ ਸੁਝਾਈ ਗਈ ਹੈ। ਤਰਿਪੁਰਾ ਅਤੇ ਰੁਕਮਣੀ ਜਿਹੇ ਵਿਮਾਨ ਤਾਂ ਹਵਾ ਤੋਂ ਬਿਨਾਂ ਪਾਣੀ ਵਿਚ ਵੀ ਚਲ ਸਕਦੇ ਹਨ। ਹੈ ਨਾ, ਗੋਇਆ ਸਵਰਗ ਜ਼ਮੀਨ ‘ਤੇ ਉਤਰ ਆਇਆ!
ਵਿਗਿਆਨੀਆਂ ਦੀ ਖੋਜ ਅਨੁਸਾਰ ਇਹ ਰਚਨਾ ਵਾਸਤਵ ਵਿਚ ਮਹਾਰਿਸ਼ੀ ਭਾਰਦਵਾਜ ਦੀ ਨਹੀਂ ਬਲਕਿ ਸਬਰੱਈਯਾ ਸ਼ਸਤਰੀ ਨਾਂ ਦੇ ਇਕ ਗਪੌੜ ਸੰਖ ਦੀ ਹੈ ਅਤੇ ਇਸ ਦੀ ਰਚਨ ਮਿਤੀ 1904 ਤੋਂ ਪਹਿਲਾਂ ਦੀ ਨਹੀਂ। ਸ਼ਾਸਤਰੀ ਜੀ ਨੇ ਇਹ ਸ਼ਲੋਕ ਪੀਣਕ ਵਿਚ ਆ ਕੇ ਕਿਸੇ ਹੋਰ ਨੂੰ ਡਿਕਟੇਟ ਕਰਾਏ ਸਨ ਤੇ ਨਾਲ ਜੋੜੇ ਵਿਮਾਨਾਂ ਦੇ ਨਕਸ਼ੇ ਇੰਜੀਨੀਅਰਿੰਗ ਕਾਲਜ ਦੇ ਕਿਸੇ ਡਰਾਫਟਸਮੈਨ ਤੋਂ ਬਣਵਾਏ ਸਨ। ਨਕਸ਼ਿਆਂ ਤੋਂ ਆਧੁਨਿਕ ਮਸ਼ੀਨਰੀ ਦੇ ਗਿਆਨ ਦਾ ਕੁਝ ਕੁਝ ਝਾਉਲਾ ਇਸ ਲਈ ਪੈਂਦਾ ਹੈ ਕਿਉਂਕਿ ਇਹ ਪੇਸ਼ਾਵਰ ਡਰਾਫਟਸਮੈਨ ਨੇ ਬਣਾਏ ਸਨ। ਸੋ ਇਹ ਹੈ ਪ੍ਰਾਚੀਨ ਭਾਰਤੀ ਵਿਮਾਨਕੀ ਦੇ ਵਿਕਾਸ ਦਾ ਦਮਗਜਾ ਮਾਰਨ ਵਾਲਿਆਂ ਦੀ ਅਸਲੀਅਤ। ਸਾਇੰਸ ਕਾਂਗਰਸ ਦੇ ਸੰਚਾਲਕਾਂ ਨੇ ਵਿਗਿਆਨ ਦੇ ਖੇਤਰ ਵਿਚ ਭਾਰਤ ਦਾ ਗੁੱਡਾ ਬੰਨ੍ਹਣ ਦੀ ਬਜਾਏ ਇਸ ਦੀ ਬਦਨਾਮੀ ਹੀ ਕਰਵਾਈ ਹੈ।
ਰਾਮਾਇਣ ਵਿਚ ਪੁਸ਼ਪਕ ਵਿਮਾਨ ਦਾ ਜ਼ਿਕਰ ਆਉਂਦਾ ਹੈ ਜਿਸ ਦੀ ਖਾਸੀਅਤ ਇਹ ਸੀ ਕਿ ਇਸ ਵਿਚ ਭਾਵੇਂ ਜਿੰਨੇ ਵੀ ਬੰਦੇ ਬੈਠਣ, ਹਮੇਸ਼ਾ ਇਕ ਸੀਟ ਖਾਲੀ ਰਹਿੰਦੀ ਸੀ। ਪੁਸ਼ਪਕ ਜਹਾਜ ਕੁਬੇਰ ਨੇ ਬਣਾਇਆ ਸੀ ਪਰ ਰਾਵਣ ਨੇ ਇਸ ਨੂੰ ਚੁਰਾ ਲਿਆ। ਜਾਪਦਾ ਹੈ ਮਹਾਭਾਰਤ ਵਿਚ ਵਿਮਾਨ ਦਾ ਹਵਾਲਾ ਬਹੁਤ ਪਿਛੋਂ ਸ਼ਾਮਿਲ ਕੀਤਾ ਗਿਆ ਹੈ। ਕ੍ਰਿਸ਼ਨ ਨੂੰ ਆਪਣੇ ਦੁਸ਼ਮਣ ਨੂੰ ਜਹਾਜ ਵਿਚ ਬੈਠੇ ਦਾ ਪਿਛਾ ਕਰਦੇ ਦੱਸਿਆ ਗਿਆ ਹੈ। ਗੁਰਖਾ ਨੇ ਬੰਬ ਜਿਹੇ ਤਿੰਨ ਹਥਿਆਰ ਗਿਰਾ ਕੇ ਤਿੰਨ ਸ਼ਹਿਰ ਤਬਾਹ ਕਰ ਦਿੱਤੇ। ਪੁਰਾਣਾਂ ਤੇ ਹੋਰ ਸੰਸਕ੍ਰਿਤ ਗ੍ਰੰਥਾਂ ਵਿਚ ਵੀ ਬਿਮਾਨਾਂ ਦਾ ਜ਼ਿਕਰ ਆਉਂਦਾ ਹੈ। ਪਰ ਇਹ ਸਭ ਨਿਰੋਲ ਕਪੋਲ ਕਲਪਨਾ ਹੈ।
ਵਿਮਾਨ ਸ਼ਬਦ ਬਣਿਆ ਹੈ ਵਿ+ਮਾਨ ਤੋਂ। ḔਵਿḔ ਅਗੇਤਰ ਦਾ ਅਰਥ ਹੁੰਦਾ ਹੈ ਅਲੱਗ, ਪਰੇ ਆਦਿ ਅਤੇ ਮਾਨ ਸ਼ਬਦ ਵਿਚ ਮਾਪਣਾ, ਨਾਪਣਾ, ਮਿਣਨਾ ਆਦਿ ਦੇ ਭਾਵ ਹਨ। ਸੋ, ਇਸ ਸ਼ਬਦ ਦਾ ਸਿੱਧਾ ਅਰਥ ਹੋਇਆ ‘ਮਾਪ ਕੇ ਰੱਖਿਆ’, ਹੋਰ ਵਿਸਤ੍ਰਿਤ ਅਰਥ (ਮੰਦਿਰ ਆਦਿ ਦੇ ਨਿਰਮਾਣ ਲਈ) ਮਾਪ ਕੇ ਰੱਖੀ ਭੋਇੰ। ਫਿਰ ਅਰਥ ਬਣਿਆ ਮੰਦਿਰ। ਵਿਮਾਨ ਦੀ ਹੀ ਤਰ੍ਹਾਂ ਵਿਮਾਨ ਸ਼ਬਦ ਦੇ ਅਰਥ ਵੀ ਉਡਾਣ ਭਰਦੇ ਹੀ ਗਏ। ਮੰਦਿਰ ਦੇਵਤਿਆਂ ਆਦਿ ਲਈ ਹੁੰਦਾ ਹੈ ਜੋ ਅਸਮਾਨਾਂ ਵਿਚ ਵਿਚਰਦੇ ਹਨ। ਸੋ, ਇਸ ਦਾ ਅਰਥ ਦੇਵਤਿਆਂ ਆਦਿ ਦਾ ਮਹੱਲ ਵੀ ਬਣਿਆ। ਅਸਮਾਨ ਵਿਚ ਵਿਚਰਦੇ ਇਹ ਮਹੱਲ ਉਡਦੇ ਹੀ ਫਿਰਦੇ ਹਨ, ਇਸ ਲਈ ਸਹਿਜੇ ਹੀ ਜਹਾਜ ਜਿਹੇ ਅਸਮਾਨੀ ਉਡਦੇ ਯਾਨ ਦੀ ਕਲਪਨਾ ਹੋ ਗਈ। ਇਹ ਵਿਮਾਨ ਫਿਰ ਧਰਤੀ ‘ਤੇ ਵਿਚਰਦੇ ਰਾਜਿਆਂ ਲਈ ਵੀ ਉਪਲਭਦ ਹੋਣ ਲੱਗ ਗਏ। ਵਿਮਾਨ ਸ਼ਬਦ ਦੀ ਲਾਖਣਿਕ ਵਰਤੋਂ ਘੁੰਮਦੇ ਹੋਰ ਯਾਨਾਂ ਜਿਵੇਂ ਰੱਥ, ਇਥੋਂ ਤੱਕ ਕਿ ਘੋੜੇ ਆਦਿ ਲਈ ਵੀ ਹੋਣ ਲੱਗ ਪਈ। ਧਿਆਨ ਦਿਓ, ਮਰੇ ਹੋਏ ਬ੍ਰਿਧ ਵਿਅਕਤੀ ਦੀ ਸਜਧਜ ਨਾਲ ਕੱਢੀ ਅਰਥੀ ਨੂੰ ਵੀ ਵਿਮਾਨ ਕਿਹਾ ਜਾਂਦਾ ਹੈ। ਸ਼ਾਇਦ ਇਸ ਲਈ ਵੀ ਕਿ ਇਹ ਵਿਮਾਨ ਮ੍ਰਿਤਕ ਨੂੰ ਸਵਰਗ ਵਿਚ ਉਡਾ ਕੇ ਲੈ ਜਾਵੇਗਾ। ਇਸ ਸ਼ਬਦ ਦਾ ਪੰਜਾਬੀ ਤੇ ਹੋਰ ਪਰਦੇਸ਼ਕ ਬੋਲੀਆਂ ਵਿਚ ਇਕ ਰੂਪ ਬਿਮਾਨ, ਬਿਬਾਣ ਜਾਂ ਬੇਬਾਨ ਵੀ ਮਿਲਦਾ ਹੈ। ਦਸਮ ਗ੍ਰੰਥ ਵਿਚ ਇਹ ਸ਼ਬਦ ਇਸ ਤਰ੍ਹਾਂ ਹੈ, “ਜੀਤੇ ਬਜੰਗ ਜਾਲਮ॥ ਕੀਨ ਖਤੰਗ ਪਰਰਾ॥ ਪੁਹਪਕ ਬਿਬਾਨ ਬੈਠੇ॥ ਸੀਤਾ ਰਵਨ ਕਹਾ ਹੈ॥” -ਜਿਸ ਨੇ ਤੀਰ ਮਾਰ ਮਾਰ ਕੇ ਜ਼ਾਲਮਾਂ ਨੂੰ ਹਰਾਇਆ। ਕਿਥੇ ਹੈ ਉਹ ਜੋ ਸੀਤਾ ਨਾਲ ਪੁਸ਼ਪਕ ਵਿਮਾਨ ਵਿਚ ਬੈਠਾ ਸੀ? “ਗਈ ਬੈਕੁੰਠ ਬਿਬਾਣ ਚੜ੍ਹ ਨਾਉ ਨਾਰਾਇਣ ਛੋਤ ਅਛੋਤਾ॥” ਪਰਮਾਤਮਾ ਦਾ ਨਾਮ ਲੈਣ ਨਾਲ ਉਹ ਸਾਰੇ ਪਾਪਾਂ ਤੋਂ ਮੁਕਤ ਹੋ ਗਈ ਅਤੇ ਸਵਰਗ ‘ਚ ਜਾ ਚੜ੍ਹੀ। ਕੀਰਤਪੁਰ ਵਿਚ ਗੁਰਦੁਆਰਾ ਬਿਬਾਨਗੜ੍ਹ ਦੇ ਸਥਾਨ ਤੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਇਕ ਬਿਬਾਨ ਵਿਚ ਰੱਖ ਕੇ ਸਸਕਾਰ ਲਈ ਇਕ ਜਲੂਸ ਦੀ ਸ਼ਕਲ ਵਿਚ ਲਿਜਾਇਆ ਗਿਆ ਸੀ।
ਵਿਮਾਨ ਸ਼ਬਦ ਦੇ ਸੰਸਕ੍ਰਿਤ ਵਿਚ ਹੋਰ ਕਈ ਅਰਥ ਹਨ। ਕੁਝ ਇਕ ਦਾ ਜ਼ਿਕਰ ਕਰਦੇ ਹਾਂ। ਜਿਵੇਂ ਅਸੀਂ ਸਫਰ ਕਰਨ ਲਈ Ḕਧਰਤੀ ਨਾਪਣਾḔ ਜਿਹੀ ਉਕਤੀ ਵਰਤ ਲੈਂਦੇ ਹਾਂ, ਇਸੇ ਤਰ੍ਹਾਂ ਵਿਮਾਨ ਵਿਚ ਸਫਰ ਕਰਨ, ਭਾਉਂਦੇ ਫਿਰਨ ਦੇ ਭਾਵ ਵੀ ਹਨ। ਸੱਤ ਮੰਜ਼ਿਲੇ ਮਕਾਨ, ਮੀਨਾਰ, ਬੁਰਜ, ਉਚੇ ਮੰਦਿਰ ਆਦਿ ਨੂੰ ਵੀ ਵਿਮਾਨ ਆਖਦੇ ਹਨ। ਮਾਨ ਸ਼ਬਦ ਦਾ ਧਾਤੂ ਹੈ ḔਮਾḔ ਜਿਸ ਵਿਚ ਮਾਪਣ, ਪੈਮਾਇਸ਼ ਆਦਿ ਦੇ ਭਾਵ ਹਨ। ਇਸ ਤੋਂ ਬਹੁਤ ਸਾਰੇ ਸ਼ਬਦ ਬਣੇ ਹਨ ਜਿਨ੍ਹਾਂ ਦਾ ਜ਼ਿਕਰ ਪੈਮਾਨੇ ਵਾਲੇ ਲੇਖ ਵਿਚ ਕਰ ਚੁੱਕੇ ਹਾਂ। ਕੁਝ ਰਹਿ ਗਏ ਸ਼ਬਦ ਗਿਣਾ ਦਿੰਦੇ ਹਾਂ। ਬਣਾਉਣ ਦੇ ਅਰਥਾਂ ਵਾਲਾ ਨਿਰਮਾਣ ਸ਼ਬਦ ਇਸੇ ਤੋਂ ਬਣਿਆ ਹੈ ਜਿਸ ਦਾ ਠੇਠ ਪੰਜਾਬੀ ਰੂਪ ਨਿੰਮਣਾ ਹੈ, “ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਵਾਹ॥” ਇਸੇ ਤਰ੍ਹਾਂ Ḕਹਾਣ-ਪਰਵਾਣḔ ਦੁਰੁਕਤੀ ਵਿਚਲਾ ਪਰਵਾਣ/ਪਰਮਾਣ ਸ਼ਬਦ ਵਿਚ ਵੀ ਇਹ ਧਾਤੂ ਬੋਲਦਾ ਹੈ। ਇਹ ਸ਼ਬਦ ਵੀ ਭਾਰੋਪੀ ਖਾਸੇ ਵਾਲਾ ਹੈ ਤੇ ਇਸ ਦਾ ਮੂਲ ਹੈ ḔਮeḔ ਜਿਸ ਦਾ ਅਰਥ ਮਾਪਣਾ ਹੀ ਹੈ। ਇਸ ਤੋਂ ਬਹੁਤ ਸਾਰੇ ਅੰਗਰੇਜ਼ੀ ਦੇ ਜਾਣੇ ਪਛਾਣੇ ਸ਼ਬਦ ਬਣੇ ਹਨ ਜਿਵੇਂ ਮੀਟਰ, ਮੈਟਰਿਕ, ਮਈਯਰ, ਡਾਇਮੈਨਸ਼ਨ, ਸਮਿਟਰੀ, ਮੀਲ (ਭੋਜਨ ਦੇ ਅਰਥਾਂ ਵਾਲਾ), ਪੀਸਮੀਲ। ਇਨ੍ਹਾਂ ਸਾਰੇ ਸ਼ਬਦਾਂ ਦਾ ਜ਼ਿਕਰ ਵੀ ਪਹਿਲਾਂ ਹੋ ਚੁੱਕਾ ਹੈ।