ਭਾਈ ਮੇਵਾ ਸਿੰਘ ਦਾ ਮੁਕੱਦਮਾ ਤੇ ਸ਼ਹੀਦੀ

ਭਾਈ ਮੇਵਾ ਸਿੰਘ ਲੋਪੋਕੇ-3
ਭਾਈ ਮੇਵਾ ਸਿੰਘ ਦੀ ਸ਼ਹੀਦੀ ਸ਼ਤਾਬਦੀ (11 ਜਨਵਰੀ 1915-11 ਜਨਵਰੀ 2015) ਮੌਕੇ ਕਥਾਕਾਰ ਵਰਿਆਮ ਸਿੰਘ ਸੰਧੂ ਨੇ ਆਪਣੇ ਲੇਖ ‘ਭਾਈ ਮੇਵਾ ਸਿੰਘ ਲੋਪੋਕੇ’ ਵਿਚ ਇਤਿਹਾਸ ਦੇ ਇਸ ਅਹਿਮ ਸਫੇ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਹੈ। ਇਮੀਗਰੇਸ਼ਨ ਅਫਸਰ ਵਿਲੀਅਮ ਹਾਪਕਿਨਸਨ ਨੂੰ ਮਾਰਨ ਦੇ ਦੋਸ਼ ਵਿਚ ਭਾਈ ਮੇਵਾ ਸਿੰਘ ਨੂੰ 11 ਜਨਵਰੀ 1915 ਨੂੰ ਸ਼ਹੀਦ ਕਰ ਦਿੱਤਾ ਗਿਆ ਸੀ।

ਪਿਛਲੀਆਂ ਦੋ ਕਿਸ਼ਤਾਂ ਵਿਚ ਇਸ ਸ਼ਖਸ (ਹਾਪਕਿਨਸਨ) ਵਲੋਂ ਦੇਸ਼ ਭਗਤਾਂ ਖਿਲਾਫ ਵਿੱਢੀ ਮੁਹਿੰਮ ਅਤੇ ਉਨ੍ਹਾਂ ਹਾਲਾਤ ਬਾਰੇ ਤਬਸਰਾ ਕੀਤਾ ਗਿਆ ਹੈ ਜਿਨ੍ਹਾਂ ਕਰ ਕੇ ਭਾਈ ਮੇਵਾ ਸਿੰਘ ਨੇ ਦੇਸ਼ ਭਗਤਾਂ ਤੇ ਸਮੁੱਚੇ ਭਾਈਚਾਰੇ ਦੇ ਰਾਹ ਦਾ ਰੋੜਾ ਬਣ ਰਹੇ ਹਾਪਕਿਨਸਨ ਨੂੰ ਪਾਰ ਬੁਲਾਉਣ ਦਾ ਫੈਸਲਾ ਕੀਤਾ। ਐਤਕੀਂ ਇਸ ਲੰਮੇ ਲੇਖ ਦੀ ਆਖਰੀ ਕਿਸ਼ਤ ਵਿਚ ਭਾਈ ਮੇਵਾ ਸਿੰਘ ਦੇ ਮੁਕੱਦਮੇ ਤੇ ਆਖਰੀ ਘੜੀਆਂ ਦਾ ਖੁਲਾਸਾ ਕੀਤਾ ਗਿਆ ਹੈ। -ਸੰਪਾਦਕ

ਵਰਿਆਮ ਸਿੰਘ ਸੰਧੂ
ਹਕੂਮਤ ਅਤੇ ਉਹਦੇ ਅਧਿਕਾਰੀਆਂ ਲਈ ਹੁਣ ਹੋਰ ਸਭ ਕੰਮ ਪਿੱਛੇ ਛੱਡ ਕੇ ਸਭ ਤੋਂ ਪਹਿਲਾ ਕੰਮ ਭਾਈ ਮੇਵਾ ਸਿੰਘ ਨੂੰ ਛੇਤੀ ਤੋਂ ਛੇਤੀ ਫ਼ਾਹੇ ਲਾਉਣਾ ਸੀ। ਇਸ ਲਈ ਭਾਗ ਸਿੰਘ ਤੇ ਬਦਨ ਸਿੰਘ ਦੇ ਕਤਲ ਨਾਲ ਸਬੰਧਤ ਬੇਲਾ ਸਿੰਘ ਵਾਲੇ ਮੁਕੱਦਮੇ ਦੀ ਸੁਣਵਾਈ ਹਾਲ ਦੀ ਘੜੀ ਪਿੱਛੇ ਪਾ ਦਿੱਤੀ ਗਈ। ਹਾਪਕਿਨਸਨ ਦੇ ਕਤਲ ਤੋਂ ਨੌਂ ਦਿਨ ਬਾਅਦ 30 ਅਕਤੂਬਰ 1914 ਨੂੰ ਮੇਵਾ ਸਿੰਘ ਵਿਰੁਧ ਮੁਕੱਦਮਾ ਸ਼ੁਰੂ ਹੋਇਆ। ਕੇਸ ਦੀ ਸੁਣਵਾਈ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਦੇ ਜੱਜ ਮਿਸਟਰ ਆਇਲੇ ਮੌਰੀਸਨ ਨੇ ਕਰਨੀ ਸੀ। ਸਲਾਹ ਤੇ ਸਹਾਇਤਾ ਲਈ ਬਾਰਾਂ ਮੈਂਬਰਾਂ ਦੀ ਜਿਊਰੀ ਨਿਯੁਕਤ ਕੀਤੀ ਗਈ।
ਮੇਵਾ ਸਿੰਘ ਦੇ ਕੇਸ ਦੀ ਸੁਣਵਾਈ ਵੇਖਣ/ਸੁਣਨ ਲਈ ਲੋਕ ਕਤਾਰਾਂ ਬੰਨ੍ਹ ਕੇ ਉਮਡ ਆਏ ਸਨ। ਉਤੇਜਨਾ ਦਾ ਮਾਹੌਲ ਚਾਰ-ਚੁਫ਼ੇਰੇ ਪਸਰਿਆ ਹੋਇਆ ਸੀ। ਇਨ੍ਹਾਂ ਲੋਕਾਂ ਵਿਚ ਵੱਡੀ ਗਿਣਤੀ ਵਿਚ ਆਪਣੇ ਲੋਕ ਸਨ। ਅਦਾਲਤ ਦਾ ਦਰਬਾਨ ਇਕ ਵੇਲੇ ਇਕ ਜਣੇ ਨੂੰ ਹੀ ਅੰਦਰ ਜਾਣ ਦਿੰਦਾ ਸੀ ਤੇ ਉਹ ਆਪਣੇ ਈਸਟ ਇੰਡੀਅਨ ਲੋਕਾਂ ਦੀ ਵਾਰੀ ਨੂੰ ਰੋਕ ਕੇ ਚਿੱਟੀ ਚਮੜੀ ਵਾਲੇ ਕੈਨੇਡੀਅਨਾਂ ਨੂੰ, ਉਨ੍ਹਾਂ ਦੀ ਵਾਰੀ ਤੋਂ ਪਹਿਲਾਂ, ਅੰਦਰ ਲੰਘਾ ਰਿਹਾ ਸੀ। ਲਾਈਨ ਵਿਚ ਖਲੋਤੇ ਈਸਟ ਇੰਡੀਅਨ ਆਪਣੇ ਨਾਲ ਸਰੀਂਹਣ ਵਿਤਕਰਾ ਹੁੰਦਾ ਵੇਖ ਕੇ ਗੁੱਸੇ ਤੇ ਬੇਚੈਨੀ ਨਾਲ ਤਿਲਮਿਲਾ ਰਹੇ ਸਨ। ਗੁਰਦੁਆਰੇ ਦੇ ਗ੍ਰੰਥੀ ਭਾਈ ਬਲਵੰਤ ਸਿੰਘ ਨੂੰ ਵੀ ਇਕ ਪਾਸੇ ਖਲੋਤਾ ਵੇਖ ਕੇ ਭੀੜ ਨੇ ਉਸ ਕੋਲ ਪਹੁੰਚਣ ਲਈ ਲਾਈਨ ਤੋੜ ਦਿੱਤੀ। ਜਦੋਂ ਅਦਾਲਤ ਦੇ ਅਧਿਕਾਰੀਆਂ ਨੇ ਈਸਟ ਇੰਡੀਅਨ ਲੋਕਾਂ ਦੀ ਭੀੜ ਇੱਕੋ ਥਾਂ ਜੁੜਦੀ ਵੇਖੀ ਤਾਂ ਉਨ੍ਹਾਂ ਨੇ ਅਦਾਲਤ ਦੇ ਦਰਵਾਜ਼ੇ ਉਤੇ ‘ਦਿ ਕੋਰਟ ਇਜ਼ ਫੁੱਲ’ ਦਾ ਬੋਰਡ ਲਟਕਾ ਦਿੱਤਾ। ਇੰਜ ਭਾਈ ਬਲਵੰਤ ਸਿੰਘ ਸਮੇਤ ਹਿੰਦੁਸਤਾਨੀਆਂ ਦੀ ਵੱਡੀ ਭੀੜ ਕੋਰਟ ਰੂਮ ਤੋਂ ਬਾਹਰ ਹੀ ਰਹਿ ਗਈ। ਉਨ੍ਹਾਂ ਇਸ ਖ਼ਿਆਲ ਨਾਲ ਦਿਲ ਨੂੰ ਤਸੱਲੀ ਦਿੱਤੀ ਕਿ ਉਹ ਇਥੋਂ ਹੀ ਭਾਈ ਮੇਵਾ ਸਿੰਘ ਦੇ ਦਰਸ਼ਨ ਕਰ ਸਕਣਗੇ ਪਰ ਇਹ ਵੀ ਸੰਭਵ ਨਾ ਹੋ ਸਕਿਆ।
ਭਾਈ ਮੇਵਾ ਸਿੰਘ ਦੇ ਕੇਸ ਦੀ ਵਕਾਲਤ ਮਿਸਟਰ ਵੁੱਡ ਨੇ ਕਰਨੀ ਸੀ ਤੇ ਸਰਕਾਰੀ ਵਕੀਲ ਮਿਸਟਰ ਟੇਲਰ ਸੀ। ਕੇਸ ਦੀ ਸੁਣਵਾਈ ਸ਼ੁਰੂ ਹੋਈ। ਪਹਿਲਾਂ ਡਬਲਯੂ ਏæ ਕੈਂਬਲ, ਜੇਮਜ਼ ਮੈਕਨ, ਪਾਲ ਕਾਲਡਵੈਲ ਤੇ ਰਿਚਰਡ ਪੌਲੀ ਚਸ਼ਮਦੀਦ ਗਵਾਹ ਵਜੋਂ ਪੇਸ਼ ਹੋਏ। ਉਪਰੰਤ ਸੀæਆਈæਡੀæਅਧਿਕਾਰੀਆਂ- ਸੈਮ ਕਰਿਊ, ਜੌਰਜ ਸੈਮਸਟ੍ਰਮ ਅਤੇ ਨੌਰਮਨ ਮੈਕਡਾਨਲਡ ਨੇ ਆਪਣੇ ਬਿਆਨ ਦਰਜ ਕਰਵਾਏ। ਮੇਵਾ ਸਿੰਘ ‘ਤੇ ਲੱਗੇ ਦੋਸ਼ ਦੁਹਰਾਏ ਗਏ। ਕਾਰੋਨਰ ਦੀ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿਚ ਹਾਪਕਿਨਸਨ ਦੇ ਜਿਸਮ ਨੂੰ ਵਿੰਨ੍ਹਣ ਵਾਲੀਆਂ ਜਾਨ-ਲੇਵਾ ਗੋਲੀਆਂ ਬਾਰੇ ਦੱਸਿਆ ਗਿਆ। ਮੇਵਾ ਸਿੰਘ ਕੋਲੋਂ ਫੜੇ ਗਏ ਦੋਵੇਂ ਰਿਵਾਲਵਰ ਅਤੇ ਹਾਪਕਿਨਸਨ ਦੇ ਜਿਸਮ ਵਿਚੋਂ ਕੱਢੀਆਂ ਗੋਲੀਆਂ ਅਦਾਲਤ ਵਿਚ ਪੇਸ਼ ਕੀਤੀਆਂ ਗਈਆਂ।
ਮੇਵਾ ਸਿੰਘ ਅਦਾਲਤ ਦੀ ਸਾਰੀ ਸਰਗਰਮੀ ਤੋਂ ਅਭਿੱਜ ਸ਼ਾਂਤ-ਚਿੱਤ ਖਲੋਤਾ ਸੀ। ਮੇਵਾ ਸਿੰਘ ਨੂੰ ਸਹੁੰ ਚੁਕਵਾਈ ਗਈ। ਉਸ ਨੇ ਬਚਾਓ ਦਾ ਕੋਈ ਯਤਨ ਨਹੀਂ ਕੀਤਾ। ਮੰਨ ਲਿਆ ਕਿ ਹਾਪਕਿਨਸਨ ਦਾ ਕਤਲ ਉਸ ਨੇ ਹੀ ਕੀਤਾ ਹੈ। ਉਸ ਨੇ ਆਪਣੇ ਵਕੀਲ ਮਿਸਟਰ ਵੁੱਡ ਨੂੰ ਪਹਿਲਾਂ ਹੀ ਇਸ ਬਾਰੇ ਸਪਸ਼ਟ ਕਰ ਦਿੱਤਾ ਹੋਇਆ ਸੀ ਕਿ ਉਹਦੇ ਬਚਾਓ ਲਈ ਕੋਈ ਕੋਸ਼ਿਸ਼ ਨਾ ਕੀਤੀ ਜਾਵੇ।
ਜਸਟਿਸ ਮੌਰੀਸਨ ਨੇ ਮੇਵਾ ਸਿੰਘ ਨੂੰ ਆਪਣੀ ਸਫ਼ਾਈ ਵਿਚ ਬਿਆਨ ਦੇਣ ਲਈ ਕਿਹਾ। ਉਸ ਨੇ ਆਪਣਾ ਬਿਆਨ ਪੰਜਾਬੀ ਵਿਚ ਲਿਖਿਆ ਹੋਇਆ ਸੀ। ਇਸ ਬਿਆਨ ਨੂੰ ਮਿਸਟਰ ਵੁੱਡ ਨੇ ਅਦਾਲਤ ਦੀ ਦੋ-ਭਾਸ਼ੀ ਸ੍ਰੀਮਤੀ ਡਾਲਟਨ ਦੀ ਸਹਾਇਤਾ ਨਾਲ ਅਨੁਵਾਦ ਕਰਵਾ ਲਿਆ ਸੀ। ਉਸ ਨੇ ਇਹ ਲਿਖਤੀ ਬਿਆਨ ਸਰਕਾਰੀ ਵਕੀਲ ਮਿਸਟਰ ਟੇਲਰ ਨੂੰ ਪੜ੍ਹ ਕੇ ਸੁਣਾਉਣ ਦੀ ਪੇਸ਼ਕਸ਼ ਕੀਤੀ ਪਰ ਮਿਸਟਰ ਟੇਲਰ ਨੇ ਕਿਹਾ ਕਿ ਮਿਸਟਰ ਵੁੱਡ ਹੀ ਇਹ ਬਿਆਨ ਪੜ੍ਹ ਕੇ ਸੁਣਾ ਦੇਵੇ। ਜੱਜ ਮਿਸਟਰ ਮੌਰੀਸਨ ਦੇ ਹੁਕਮ ਨਾਲ ਵੁੱਡ ਨੇ ਇਹ ਬਿਆਨ ਪੜ੍ਹ ਕੇ ਸੁਣਾਉਣਾ ਸ਼ੁਰੂ ਕੀਤਾ। ਖਚਾ-ਖਚ ਭਰੇ ਕਮਰੇ ਵਿਚ ਸਾਹ-ਰੋਕਣੀ ਚੁੱਪ ਸੀ। ਮੇਵਾ ਸਿੰਘ ਦੇ ਭਾਈਚਾਰੇ ਦੇ ਕੇਵਲ ਚਾਰ ਜਣੇ ਇਸ ਭੀੜ ਵਿਚ ਸ਼ਾਮਲ ਸਨ। ਬਾਹਰ ਖਲੋਤੀ ਉਹਦੇ ਆਪਣਿਆਂ ਦੀ ਭੀੜ ਅੰਦਰ ਹੋ ਰਹੀ ਕਾਰਵਾਈ ਦਾ ਅਨੁਮਾਨ ਲਾਉਣ ਲਈ ਚਿੰਤਾ ਵਿਚ ਡੁੱਬੀ ਖ਼ਾਮੋਸ਼ ਖਲੋਤੀ ਸੀ।
ਭਾਈ ਮੇਵਾ ਸਿੰਘ ਦਾ ਬਿਆਨ ਪੜ੍ਹ ਕੇ ਸੁਣਾਇਆ ਜਾ ਰਿਹਾ ਸੀ। ਇਹ ਬਿਆਨ ਬੜਾ ਮਹੱਤਵਪੂਰਨ ਇਤਿਹਾਸਕ ਦਸਤਾਵੇਜ਼ ਹੈ ਜਿਸ ਦਾ ਅਧਿਐਨ ਭਾਈ ਮੇਵਾ ਸਿੰਘ ਦੀ ਸ਼ਖ਼ਸੀਅਤ ਦੇ ਸੱਤੇ ਰੰਗ ਉਘਾੜ ਕੇ ਪਾਠਕ ਦੇ ਰੂਬਰੂ ਕਰ ਦਿੰਦਾ ਹੈ। ਇਸ ਬਿਆਨ ਵਿਚ ਬੇਲਾ ਸਿੰਘ, ਬਾਬੂ ਸਿੰਘ ਜਿਹੇ ਗ਼ੱਦਾਰਾਂ ਦਾ ਗੁਨਾਹਗਾਰ ਕਿਰਦਾਰ ਵੀ ਨੰਗਾ ਹੁੰਦਾ ਹੈ; ਆਪਣੇ ਭਰਾਵਾਂ (ਭਾਈ ਭਾਗ ਸਿੰਘ ਤੇ ਬਦਨ ਸਿੰਘ) ਦੇ ਕਤਲ ਦਾ ਦਰਦ ਵੀ ਬੋਲਦਾ ਹੈ; ਉਸ ਵਲੋਂ ਹਾਪਕਿਨਸਨ ਦੇ ਕੀਤੇ ਗਏ ਕਤਲ ਦਾ ਕਾਰਨ ਵੀ ਸਪਸ਼ਟ ਹੁੰਦਾ ਹੈ; ਤਤਕਾਲੀ ਹਾਲਾਤ ਤੇ ਸਿੱਖ ਇਤਿਹਾਸ ਤੋਂ ਮਿਲੀ ਇਨਕਲਾਬੀ ਪ੍ਰੇਰਨਾ ਦਾ ਸਬੂਤ ਵੀ ਮਿਲਦਾ ਹੈ; ਕੈਨੇਡੀਅਨ ਇਨਸਾਫ਼ ਦਾ ਉਛਾੜ ਵੀ ਪਾਟਦਾ ਹੈ; ਉਹਦੇ ਨਿਮਰ ਤੇ ਲੰਮੇ ਸਮੇਂ ਤੱਕ ਸਹਿਣਸ਼ੀਲ ਹੋਣ ਦੀ ਗਵਾਹੀ ਵੀ ਮਿਲਦੀ ਹੈ ਅਤੇ ਸਵੈਮਾਣ ਨਾਲ ਮੌਤ ਦੇ ਸਨਮੁੱਖ ਬੇਝਿਜਕ ਤੇ ਬੇਖ਼ੌਫ਼ ਹੋ ਕੇ ਖੜ੍ਹੇ ਹੋ ਜਾਣ ਦਾ ਅਸੀਮ ਹੌਸਲਾ ਵੀ ਦਿਖਾਈ ਦਿੰਦਾ ਹੈ।
ਉਸ ਨੇ ਕਿਹਾ, “ਮੇਰਾ ਨਾਂ ਮੇਵਾ ਸਿੰਘ ਹੈ। ਮੈਂ ਰੱਬ ਤੋਂ ਡਰਨ ਵਾਲਾ ਐਸਾ ਬੰਦਾ ਹਾਂ, ਜੋ ਹਰ ਰੋਜ਼ ਅਰਦਾਸ ਕਰਦਾ ਹਾਂ। ਮੇਰੀ ਜ਼ਬਾਨ ਵਿਚ ਐਸੇ ਸ਼ਬਦ ਨਹੀਂ ਜੋ ਬਿਆਨ ਕਰ ਸਕਣ ਕਿ ਵੈਨਕੂਵਰ ਵਿਚ ਮੈਨੂੰ ਕਿਹੜੇ ਕਿਹੜੇ ਦੁੱਖ ਮੁਸੀਬਤਾਂ ਅਤੇ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਹਨ। ਅਸੀਂ ਸਿੱਖ ਗੁਰਦੁਆਰੇ ਵਿਚ ਅਰਦਾਸ ਕਰਨ ਜਾਂਦੇ ਹਾਂ, ਪਰ ਇਨ੍ਹਾਂ ਪਾਪੀਆਂ ਨੇ ਗੁਰਦੁਆਰੇ ਵਿਚ ਗੋਲੀ ਚਲਾ ਕੇ ਅਤੇ ਭਾਈ ਭਾਗ ਸਿੰਘ ਦਾ ਕਤਲ ਕਰ ਕੇ ਗੁਰਦੁਆਰੇ ਦੀ ਪਵਿੱਤਰਤਾ ਭੰਗ ਕੀਤੀ ਹੈ। ਇਨ੍ਹਾਂ ਪਾਪੀਆਂ ਨੇ ਦੋ ਮਾਸੂਮ ਬੱਚਿਆਂ ਨੂੰ ਯਤੀਮ ਬਣਾਇਆ ਹੈ। ਦੁਸ਼ਟਾਂ ਵਲੋਂ ਗੁਰਦੁਆਰੇ ‘ਚ ਕੀਤੇ ਇਨ੍ਹਾਂ ਕਾਰਿਆਂ ਨੇ ਮੇਰੇ ਸੀਨੇ ‘ਚ ਅੱਗ ਲਾ ਦਿੱਤੀ। ਇਸ ਸਭ ਕਾਸੇ ਲਈ ਮਿਸਟਰ ਰੀਡ ਤੇ ਹਾਪਕਿਨਸਨ ਜ਼ਿੰਮੇਵਾਰ ਹਨ। ਮੈਂ ਆਪਣੇ ਭਾਈਚਾਰੇ ਅਤੇ ਆਪਣੇ ਧਰਮ ਦੀ ਅਣਖ ਤੇ ਇੱਜ਼ਤ ਲਈ ਹਾਪਕਿਨਸਨ ਦਾ ਕਤਲ ਕੀਤਾ ਹੈ। ਮੈਂ ਇਹ ਸਭ ਕੁਝ ਬਰਦਾਸ਼ਤ ਨਹੀਂ ਸੀ ਕਰ ਸਕਦਾ। ਜੇ ਇਹ ਸਭ ਕੁਝ ਤੁਹਾਡੇ ਚਰਚ ਵਿਚ ਹੋਇਆ ਹੁੰਦਾ ਤਾਂ ਤੁਸੀਂ ਇਸਾਈਆਂ ਨੇ ਵੀ ਇਸ ਨੂੰ ਬਰਦਾਸ਼ਤ ਨਹੀਂ ਸੀ ਕਰਨਾ ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਮੁਰਦਾ ਕੌਮ ਸਮਝਣਾ ਸੀ। ਕਿਸੇ ਸਿੱਖ ਲਈ ਵੀ ਗੁਰਦੁਆਰੇ ਵਿਚ ਇਹ ਸਭ ਕੁਝ ਹੁੰਦਾ ਵੇਖਣ ਨਾਲੋਂ ਮਰ ਜਾਣਾ ਚੰਗਾ ਹੈ।”
ਬਿਆਨ ਦੇ ਇਸ ਹਿੱਸੇ ਵਿਚ ਮੇਵਾ ਸਿੰਘ ਜਦੋਂ ਵੈਨਕੂਵਰ ਵਿਚ ਝੱਲੇ ਦੁੱਖਾਂ ਤੇ ਮੁਸੀਬਤਾਂ ਦੀ ਗੱਲ ਕਰਦਾ ਹੈ ਤਾਂ ਇਸ ਵਿਚ ਉਹਦੀ ਨਿੱਜੀ ਪੀੜ, ਵੈਨਕੂਵਰ ਵਿਚ ਰਹਿੰਦੇ ਪੂਰੇ ਭਾਈਚਾਰੇ ਦੀ ਪੀੜ ਨਾਲ ਜ਼ਰਬ ਖਾ ਜਾਂਦੀ ਹੈ। ਨਸਲੀ ਵਿਤਕਰੇ ਤੇ ਹਰ ਰੋਜ਼ ਹੁੰਦੀਆਂ ਬੇਇਨਸਾਫ਼ੀਆਂ ਦਾ ਦਰਦ ਉਹਦਾ ਇਕੱਲੇ ਦਾ ਹੀ ਨਹੀਂ, ਉਹਦੇ ਸਮੁੱਚੇ ਭਾਈਚਾਰੇ ਦਾ ਦਰਦ ਸੀ। ਦੂਜੀ ਪੀੜ ਗੁਰਦੁਆਰੇ ਵਿਚ ਗੋਲੀ ਚਲਾ ਕੇ ਕੀਤੀ ਬੇਹੁਰਮਤੀ ਦੀ ਹੈ। ਮੇਵਾ ਸਿੰਘ ਅੰਮ੍ਰਿਤਧਾਰੀ ਸਿੱਖ ਸੀ। ਸਿੱਖੀ ਵਿਰਾਸਤ ਤੇ ਇਤਿਹਾਸ ਉਹਦੀ ਸੋਚ ਅਤੇ ਸ਼ਖ਼ਸੀਅਤ ਦੇ ਅੰਗ-ਸੰਗ ਸੀ। ਉਹਦੇ ਇਤਿਹਾਸ ਦੀਆਂ ਕਹਾਣੀਆਂ ਦੱਸਦੀਆਂ ਸਨ ਕਿ ਗੁਰਦੁਆਰਾ ਸਿੱਖ ਲਈ ਕਿੰਨਾ ਮੁਤਬਰਕ ਸਥਾਨ ਹੈ। ਸ਼ਾਇਦ ਉਸ ਵੇਲੇ ਉਹਦੀ ਚੇਤਨਾ ਵਿਚ ਹਰਿਮੰਦਰ ਸਾਹਿਬ ਦੀ ਮਾਣ ਮਰਿਆਦਾ ਲਈ ਸਿਰ ਤਲੀ ‘ਤੇ ਧਰ ਕੇ ਜੂਝ ਰਿਹਾ ਬਾਬਾ ਦੀਪ ਸਿੰਘ, ਬੰਦ ਬੰਦ ਕਟਵਾ ਰਿਹਾ ਭਾਈ ਮਨੀ ਸਿੰਘ ਦਿਖਾਈ ਦੇ ਰਿਹਾ ਸੀ; ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਮੱਸੇ ਰੰਘੜ ਦਾ ਸਿਰ ਨੇਜ਼ੇ ‘ਤੇ ਟੰਗ ਕੇ ਲਈ ਜਾਂਦੇ ਦਿਖਾਈ ਦਿੰਦੇ ਸਨ। ਉਸ ਨੂੰ ਲੱਗਦਾ ਸੀ ਕਿ ਆਸਥਾ ਵਾਲਾ ਕੋਈ ਵੀ ਬੰਦਾ ਜਾਂ ਜਿਉਂਦੀ ਕੌਮ ਆਪਣੇ ਧਾਰਮਿਕ ਸਥਾਨਾਂ ਦੀ ਬੇਅਦਬੀ ਨਹੀਂ ਸਹਿਣ ਕਰ ਸਕਦੇ। ਉਹ ਜੱਜਾਂ ਨੂੰ ਵੀ ਚੇਤਾ ਕਰਾਉਂਦਾ ਹੈ ਕਿ ਜੇ ਉਨ੍ਹਾਂ ਦੇ ਧਾਰਮਿਕ ਸਥਾਨ ‘ਤੇ ਇਹ ਹੋਣੀ ਵਾਪਰਦੀ ਤਾਂ ਉਨ੍ਹਾਂ ਕੋਲੋਂ ਵੀ ਬਰਦਾਸ਼ਤ ਕਰਨਾ ਸੰਭਵ ਨਹੀਂ ਸੀ ਹੋਣਾ, ਬਾਸ਼ਰਤੇ ਕਿ ਉਨ੍ਹਾਂ ਦੀ ਜ਼ਮੀਰ ਜਿਉਂਦੀ ਹੁੰਦੀ! ਇਹ ਉਦਾਹਰਣ ਦੇ ਕੇ ਉਹਨੇ ਜੱਜਾਂ ਲਈ ਸਵਾਲ ਖੜ੍ਹਾ ਕਰ ਦਿੱਤਾ ਸੀ ਕਿ ਅਜਿਹੇ ਉਚਿਤ ਕਾਰਜ ਲਈ ਭਲਾ ਕੀ ਸਜ਼ਾ ਦਿੱਤੀ ਜਾ ਸਕਦੀ ਹੈ? ਜੇ ਦਿੱਤੀ ਜਾ ਸਕਦੀ ਸੀ ਤਾਂ ਉਹ ਕਿੰਨੀ ਕੁ ਜਾਇਜ਼ ਸੀ, ਪਰ ਉਸ ਨੂੰ ਪਤਾ ਸੀ ਕਿ ਉਹਦਾ ਕਾਰਜ ਕਿੰਨਾ ਵੀ ਠੀਕ ਕਿਉਂ ਨਾ ਹੋਵੇ, ਉਸ ਨੂੰ ਇਨਸਾਫ਼ ਮਿਲ ਸਕਣਾ ਕਿਵੇਂ ਵੀ ਸੰਭਵ ਨਹੀਂ।
ਬਿਆਨ ਵਿਚ ਉਹ ਅਗਾਂਹ ਆਖਦਾ ਹੈ, “ਮੈਂ ਹਮੇਸ਼ਾਂ ਕਹਿੰਦਾ ਰਿਹਾ ਹਾਂ ਕਿ ਮੈਨੂੰ ਵਕੀਲ ਨਹੀਂ ਚਾਹੀਦਾ। ਮੈਨੂੰ ਕਿਸੇ ਇਨਸਾਫ਼ ਦੀ ਆਸ ਨਹੀਂ। ਮੈਨੂੰ ਪਤਾ ਹੈ ਕਿ ਮੈਂ ਹਾਪਕਿਨਸਨ ਨੂੰ ਗੋਲੀ ਮਾਰੀ ਹੈ ਅਤੇ ਇਸ ਵਾਸਤੇ ਮੈਨੂੰ ਮਰਨਾ ਪਵੇਗਾ। ਮੈਂ ਇਹ ਸਟੇਟਮੈਂਟ ਇਸ ਕਰ ਕੇ ਦੇ ਰਿਹਾ ਹਾਂ ਤਾਂ ਜੋ ਪਬਲਿਕ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ਼ ਕੀ ਵਰਤਾਉ ਹੁੰਦਾ ਰਿਹਾ ਹੈ। ਸਾਨੂੰ ਜੱਜਾਂ ਕੋਲ਼ੋਂ ਕਦੀ ਇਨਸਾਫ਼ ਨਹੀਂ ਮਿਲਿਆ ਅਤੇ ਮੈਂ ਆਪਣੀ ਜਾਨ ਇਸੇ ਕਰ ਕੇ ਦੇ ਰਿਹਾ ਹਾਂ ਤਾਂ ਜੋ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ। ਸਾਡੇ ਸਿਆਣੇ ਜੱਜਾਂ ਤੇ ਵਕੀਲ਼ਾਂ ਨੂੰ ਇਸ ਗੱਲ ਦੀ ਸਮਝ ਆ ਜਾਣੀ ਚਾਹੀਦੀ ਹੈ ਕਿ ਹਾਪਕਿਨਸਨ ਨੂੰ ਕਿਉਂ ਗੋਲ਼ੀ ਮਾਰੀ ਗਈ ਹੈ? ਉਹ ਜੋ ਹਮੇਸ਼ਾਂ ਬੁਰੇ ਕੰਮ ਕਰਦੇ ਨੇ, ਉਹ ਜੋ ਸ਼ਰਾਬ ਪੀ ਕੇ ਗਲਤ ਕੰਮ ਕਰਦੇ ਨੇ, ਇਮੀਗਰੇਸ਼ਨ ਵਾਲੇ ਉਨ੍ਹਾਂ ਨੂੰ ਠੀਕ ਸਮਝਦੇ ਨੇ ਤੇ ਅਸੀਂ ਰੱਬ ਤੋਂ ਡਰਨ ਵਾਲੇ ਸੱਚੇ ਬੰਦੇ ਹਾਂ, ਸਾਨੂੰ ਪੈਰਾਂ ਥੱਲੇ ਕੁਚਲਿਆ ਜਾਂਦਾ ਹੈ। ਮੈਂ ਰੱਬ ਦੇ ਹੁਕਮ ਵਿਚ ਚੱਲਣ ਵਾਲਾ ਬੰਦਾ, ਇਹਨੂੰ ਹੋਰ ਬਰਦਾਸ਼ਤ ਨਹੀਂ ਸੀ ਕਰ ਸਕਦਾ।”
ਕੈਨੇਡੀਅਨ ਨਿਆਂ ਪ੍ਰਣਾਲੀ ਵਿਚ ਵਿਸ਼ਵਾਸ ਨਾ ਹੋਣ ਦੇ ਬਾਵਜੂਦ ਜੇ ਉਹ ਅਦਾਲਤ ਵਿਚ ਖਲੋ ਕੇ ਆਪਣਾ ਬਿਆਨ ਦੇ ਰਿਹਾ ਹੈ ਤਾਂ ਇਸ ਦਾ ਖ਼ਾਸ ਮਕਸਦ ਹੈ। ਮਕਸਦ ਇਹ ਹੈ ਕਿ ਉਹ ਆਪਣੇ ਵਿਚਾਰਾਂ ਦੇ ਪ੍ਰਚਾਰ ਲਈ ਅਤੇ ਪਬਲਿਕ ਤੱਕ ਸਾਰੀ ਹਕੀਕਤ ਪਹੁੰਚਾਉਣ ਲਈ ਅਦਾਲਤ ਨੂੰ ਮੰਚ ਵਜੋਂ ਵਰਤ ਰਿਹਾ ਹੈ।
“ਮੈਂ ਜਦੋਂ ਹਾਪਕਿਨਸਨ ਨੂੰ ਮਿਲਿਆ ਤਾਂ ਉਹ ਮੈਨੂੰ ਕਹਿਣ ਲੱਗਾ, ‘ਤੂੰ ਬੇਲਾ ਸਿੰਘ ਦਾ ਗਵਾਹ ਏਂ, ਜਦੋਂ ਹੁਣ ਤੂੰ ਗਵਾਹੀ ਦੇਣੀ ਹੈ ਤਾਂ ਤੂੰ ਪਾਸਾ ਬਦਲ ਕੇ ਬੇਲਾ ਸਿੰਘ ਦੇ ਹੱਕ ਵਿਚ ਗਵਾਹੀ ਦੇਹ, ਨਹੀਂ ਤਾਂ ਤੇਰੇ ਲਈ ਬੁਰਾ ਹੋਵੇਗਾ। ਨਹੀਂ ਤਾਂ ਤੈਨੂੰ ਉਸੇ ਰਸਤੇ ਜਾਣਾ ਪਵੇਗਾ ਜਿਸ ਰਸਤੇ ਭਾਗ ਸਿੰਘ ਤੇ ਬਦਨ ਸਿੰਘ ਗਏ ਨੇ।’ ਉਹਨੇ ਮੈਨੂੰ ਧਮਕੀ ਦਿੱਤੀ। ਮੈਂ ਉਹਨੂੰ ਪੁੱਛਿਆ, ‘ਮਿਸਟਰ ਹਾਪਕਿਨਸਨ, ਮੇਰੇ ਕੋਲੋਂ ਵੱਢੀ ਲੈ ਕੇ ਹੁਣ ਤੂੰ ਮੈਨੂੰ ਧਮਕੀ ਦੇ ਰਿਹੈਂ? ਤੂੰ ਕਿਹਨੂੰ ਦੱਸਦੈਂ ਕਿ ਮੈਂ ਭਾਗ ਸਿੰਘ ਤੇ ਬਦਨ ਸਿੰਘ ਵਾਂਗ ਮਾਰਿਆ ਜਾਵਾਂਗਾ? ਇਹ ਕੀ ਹੋ ਰਿਹੈ? ਮੇਰੇ ਕੋਲੋਂ ਡਾਲਰ ਲੈ ਕੇ ਹੁਣ ਤੂੰ ਚਾਹੁੰਨੈ ਕਿ ਮੈਂ ਬੇਲਾ ਸਿੰਘ ਦੇ ਹੱਕ ਵਿਚ ਗਵਾਹੀ ਦੇਵਾਂ ਤੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੈਂ?æææ
æææਮੈਨੂੰ ਇਹ ਗੱਲ ਸਾਰੀ ਰਾਤ ਵੱਢ ਵੱਢ ਖਾਂਦੀ ਰਹੀ ਕਿ ਇੱਕ ਮੈਂ ਹਾਂ ਜੋ ਭਜਨ ਬੰਦਗੀ ਕਰਦਾ ਹਾਂ ਤੇ ਇਹ ਮੈਨੂੰ ਇਸ ਤਰ੍ਹਾਂ ਦੀਆਂ ਝੂਠੀਆਂ ਬਿਆਨ-ਬਾਜ਼ੀਆਂ ਦੇਣ ਲਈ ਤੰਗ ਕਰ ਰਹੇ ਹਨ ਤੇ ਮੈਨੂੰ ਜ਼ਲੀਲ ਕਰਨ ਦੀ ਤੇ ਮੁਸੀਬਤਾਂ ‘ਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਰੀ ਰਾਤ ਇਹ ਗੱਲ ਮੇਰੇ ਦਿਮਾਗ ‘ਚ ਘੁੰਮਦੀ ਰਹੀ ਅਤੇ ਇਹ ਸੋਚ ਕੇ ਮੈਨੂੰ ਨੀਂਦ ਨਾ ਆਈ ਕਿ ਮੈਨੂੰ ਇਸ ਤਰ੍ਹਾਂ ਬਦਨਾਮ ਹੋਣਾ ਪਵੇਗਾ। ਇਸ ਤੋਂ ਦੋ-ਤਿੰਨ ਦਿਨ ਬਾਅਦ ਬਾਬੂ ਸਿੰਘ ਮੈਨੂੰ ਕਹਿਣ ਲੱਗਾ, ‘ਤੂੰ ਕਿਹੜੇ ਪਾਸੇ ਗਵਾਹੀ ਦੇਣੀ ਹੈ? ਸਾਡੇ ਵੱਲ ਜਾਂ ਉਨ੍ਹਾਂ ਵੱਲ?’ ਮੈਂ ਕਿਹਾ ਕਿ ਮੈਂ ਸੱਚ ਬੋਲਾਂਗਾ। ਮੈਂ ਉਹੀ ਦੱਸਾਂਗਾ ਜੋ ਕੁਝ ਗੁਰਦੁਆਰੇ ਵਿਚ ਵੇਖਿਆ ਹੈ। ਫੇਰ ਬਾਬੂ ਸਿੰਘ ਨੇ ਭਾਗ ਸਿੰਘ ਜੋ ਮਰ ਚੁੱਕਾ ਹੈ, ਨੂੰ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਹਿਣ ਲੱਗਾ, ‘ਅਸੀਂ ਉਹਨੂੰ ਮਾਰਿਆ ਹੈ’, ਤੇ ਫੇਰ ਉਹਨੇ ਭਾਗ ਸਿੰਘ ਨੂੰ ਕੁੜੀ ਦੀਆਂ ਗਾਲ਼ਾਂ ਕੱਢੀਆਂ। ਫੇਰ ਬਾਬੂ ਸਿੰਘ ਨੇ ਮੈਨੂੰ ਧਮਕੀ ਦਿੱਤੀ, ‘ਜੇ ਤੂੰ ਸਾਡੇ ਹੱਕ ‘ਚ ਗਵਾਹੀ ਨਾ ਦਿੱਤੀ ਤਾਂ ਤੇਰਾ ਕੁਛ ਕਰਨਾ ਪਵੇਗਾ।æææ
æææਬਾਬੂ ਸਿੰਘ ਮੈਨੂੰ ਗੰਦੀਆਂ ਗਾਲ਼ਾਂ ਕੱਢਦਾ ਰਿਹਾ ਪਰ ਮੈਂ ਕੁਝ ਨਾ ਬੋਲਿਆ। ਫੇਰ ਬਾਬੂ ਸਿੰਘ ਕਹਿਣ ਲੱਗਾ, ‘ਵੈਨਕੂਵਰ ਵਿਚ ਸਾਡਾ ਰਾਜ ਹੈ। ਅਸੀਂ ਜੋ ਚਾਹੀਏ ਕਰ ਸਕਦੇ ਹਾਂ। ਮੇਰੇ ਪਿੱਛੇ ਇਮੀਗਰੇਸ਼ਨ ਮਹਿਕਮਾ ਹੈ। ਮੈਂ ਤੈਨੂੰ ਸੂਤ ਕਰ ਸਕਦਾਂ। ਤੂੰ ਕੁਛ ਨਹੀਂ ਕਰ ਸਕਦਾ। ਇੱਥੇ ਮੇਰੀ ਚੱਲਦੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਸੂਤ ਕਰਾਂਗਾ।’ ਬਾਬੂ ਸਿੰਘ ਕੋਲ਼ੋਂ ਆ ਕੇ ਮੈਂ ਇਹਦੇ ਬਾਰੇ ਸੰਜੀਦਗੀ ਨਾਲ਼ ਸੋਚਣਾ ਸ਼ੁਰੂ ਕੀਤਾ ਕਿ ਇਹ ਸਭ ਕੁਝ ਰੋਕਣਾ ਪਵੇਗਾ। ਫੇਰ ਮੈਂ ਅਦਾਲਤ ਵਿਚ ਜਾ ਕੇ ਸੱਚੀ ਗਵਾਹੀ ਦਿੱਤੀ। ਗਵਾਹੀ ਦੇਣ ਤੋਂ ਬਾਅਦ ਮੈਂ ਵੈਨਕੂਵਰ ਵਿਚ ਡਰਿਆ ਡਰਿਆ ਫਿਰਦਾ ਸਾਂ। ਫੇਰ ਇੱਕ ਦਿਨ ਮੈਨੂੰ ਇਕੱਲੇ ਤੁਰੇ ਜਾਂਦੇ ਨੂੰ ਬਾਬੂ ਸਿੰਘ ਮਿਲ ਪਿਆ। ਉਹ ਮੈਨੂੰ ਕਹਿਣ ਲੱਗਾ, ‘ਜੇ ਮੁੜ ਕੇ ਤੈਨੂੰ ਵੈਨਕੂਵਰ ਵਿਚ ਫਿਰਦੇ ਨੂੰ ਵੇਖ ਲਿਆ ਤਾਂ ਅਸੀਂ ਤੈਨੂੰ ਛੱਡਾਂਗੇ ਨਹੀਂ। ਮੈਂ ਇਸ ਬਾਰੇ ਸੰਜੀਦਗੀ ਨਾਲ਼ ਸੋਚਿਆ ਕਿ ਮੈਨੂੰ ਕੁਛ ਕਰਨਾ ਚਾਹੀਦਾ ਹੈ। ਮੈਂ ਸੋਚਿਆ ਕਿ ਇਹਦੇ ਨਾਲ਼ੋਂ ਤਾਂ ਮਰ ਜਾਣਾ ਚੰਗਾ ਹੈ। ਮੈਂ ਸੂਰਮੇ ਦੀ ਮੌਤ ਮਰਾਗਾਂ।æææ
æææਇਨ੍ਹਾਂ ਲੋਕਾਂ ਨੇ ਸਾਨੂੰ ਬੇਇੱਜ਼ਤ ਕੀਤਾ ਹੈ। ਇਹ ਸੋਚਦੇ ਨੇ ਕਿ ਸਿੱਖ ਕੁਝ ਵੀ ਨਹੀਂ। ਸਾਨੂੰ ਜ਼ਲੀਲ ਕੀਤਾ ਗਿਆ ਹੈ। ਸਾਡੀ ਗੱਲ ਸੁਣਨ ਵਾਲ਼ਾ ਇੱਥੇ ਕੋਈ ਜੱਜ ਨਹੀਂ। ਇਹ ਚਾਰ ਬੰਦੇ ਹੀ ਸਭ ਕੁਝ ਹਨ। ਬੇਲਾ ਸਿੰਘ, ਬਾਬੂ ਸਿੰਘ, ਮਿਸਟਰ ਰੀਡ ਅਤੇ ਮਿਸਟਰ ਹਾਪਕਿਨਸਨ ਆਪਣੇ ਆਪ ਨੂੰ ਰੱਬ ਸਮਝਦੇ ਹਨ। ਸਰਕਾਰ ਸਿਰਫ਼ ਹਾਪਕਿਨਸਨ ਦੀ ਸੁਣਦੀ ਹੈ। ਸਾਡੀ ਕਦੀ ਪ੍ਰਵਾਹ ਨਹੀਂ ਕੀਤੀ ਗਈ। ਸਰਕਾਰ ਵਾਸਤੇ ਅਸੀਂ ਭੁੱਖੇ ਮਰਦੇ ਦੋ ਟਕੇ ਦੇ ਕੁਲੀ ਹਾਂ, ਤੇ ਹਾਪਕਿਨਸਨ ਜੋ ਆਖ ਦੇਵੇ, ਉਹੀ ਕਾਨੂੰਨ ਹੁੰਦਾ ਹੈ। ਮੈਂ ਇਸ ਕਰ ਕੇ ਹਾਪਕਿਨਸਨ ਦਾ ਕਤਲ ਕੀਤਾ ਹੈ ਤੇ ਆਪਣੀ ਜ਼ਿੰਦਗੀ ਦੀ ਕੁਰਬਾਨੀ ਦੇ ਰਿਹਾਂ। ਮੇਰਾ ਭਰੋਸਾ ਹੈ ਕਿ ਮੇਰੀ ਕੁਰਬਾਨੀ ਕੌਮ ਦੇ ਬੰਦਿਆਂ ਦੇ ਕੰਮ ਆਏਗੀ। ਵੈਨਕੂਵਰ ਵਿਚ ਰਹਿ ਰਹੇ ਮੇਰੀ ਕੌਮ ਦੇ ਲੋਕਾਂ ਨੂੰ ਤੇ ਭਵਿੱਖ ਵਿਚ ਰਹਿਣ ਵਾਲੇ ਲੋਕਾਂ ਨੂੰ ਮੇਰੀ ਕੁਰਬਾਨੀ ਦਾ ਜ਼ਰੂਰ ਲਾਭ ਹੋਵੇਗਾ।”
ਜਦੋਂ ਉਹਦਾ ਬਿਆਨ ਪੜ੍ਹ ਕੇ ਸੁਣਾਇਆ ਜਾਣ ਲੱਗਾ ਤਾਂ ਮੇਵਾ ਸਿੰਘ ਨੇ ਅਦਾਲਤ ਦੇ ਕਮਰੇ ਵਿਚ ਜੁੜੀ ਭੀੜ ਵਿਚ ਕੁਝ ਭਾਲਦੀਆਂ ਅੱਖਾਂ ਨਾਲ ਚਾਰੇ ਪਾਸੇ ਵੇਖਿਆ। ਸ਼ਾਇਦ ਉਹ ਭੀੜ ਵਿਚੋਂ ਆਪਣੇ ਦੋਸਤਾਂ ਤੇ ਹਮਦਰਦਾਂ ਦੇ ਚਿਹਰੇ ਲੱਭ ਰਿਹਾ ਸੀ। ਉਹਦੇ ਭਾਈਚਾਰੇ ਦੇ ਲੋਕਾਂ ਨੂੰ ਭਾਵੇਂ ਜਾਣ-ਬੁੱਝ ਕੇ ਕਮਰੇ ਤੋਂ ਬਾਹਰ ਰੋਕ ਲਿਆ ਗਿਆ ਸੀ, ਫਿਰ ਵੀ ਅੰਦਰ ਆ ਪੁੱਜੇ ਤੇ ਇਕ ਨੁੱਕਰੇ ਖਲੋਤੇ ਚਾਰ ਭਾਈਬੰਦਾਂ ਵੱਲ ਜਦੋਂ ਉਹਦੀ ਨਜ਼ਰ ਗਈ ਤਾਂ ਉਹਨੇ ਹੱਥ ਜੋੜ ਕੇ ਉਨ੍ਹਾਂ ਪ੍ਰਤੀ ਪਿਆਰ ਤੇ ਆਭਾਰ ਪ੍ਰਗਟ ਕੀਤਾ।
ਮੇਵਾ ਸਿਘ ਨੇ ਆਪਣਾ ਦੋਸ਼ ਕਬੂਲ ਕਰ ਲਿਆ ਸੀ। ਇਸ ਲਈ ਉਪਰੋਕਤ ਸਵਾਲ-ਜਵਾਬ ਤੋਂ ਬਾਅਦ ਅੰਤਿਮ ਫ਼ੈਸਲਾ ਕਰਨ ਵਿਚ ਜਿਊਰੀ ਨੇ ਬਹੁਤਾ ਸਮਾਂ ਨਾ ਲਿਆ। ਕੁਝ ਹੀ ਮਿੰਟਾਂ ਬਾਅਦ ਜੱਜ ਮੌਰੀਸਨ ਨੇ ਫ਼ੈਸਲਾ ਸੁਣਾਉਂਦਿਆਂ ਮੇਵਾ ਸਿੰਘ ਨੂੰ ਹਾਪਕਿਨਸਨ ਦੇ ਕਤਲ ਦਾ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾ ਦਿੱਤੀ,
“ਤੂੰ ਹਾਪਕਿਨਸਨ ਦਾ ਕਤਲ ਕਰਨਾ ਮੰਨ ਲਿਆ ਹੈ। ਅਦਾਲਤ ਤੈਨੂੰ ਪਹਿਲੇ ਦਰਜੇ ਦਾ ਕਤਲ ਕਰਨ ਦਾ ‘ਦੋਸ਼ੀ’ ਮੰਨ ਕੇ ਫਾਂਸੀ ਦੇ ਕੇ ਮਾਰਨ ਦੀ ਸਜ਼ਾ ਦਿੰਦੀ ਹੈ। ਫਾਂਸੀ 11 ਜਨਵਰੀ 1915 ਵਾਲੇ ਦਿਨ ਦਿੱਤੀ ਜਾਵੇਗੀ।”
ਕੇਵਲ ਇਕ ਘੰਟਾ ਚਾਲੀ ਮਿੰਟ ਚੱਲੀ ਮੁਕੱਦਮੇ ਦੀ ਕਾਰਵਾਈ ਤੋਂ ਬਾਅਦ ਜਦੋਂ ਅੰਤਿਮ ਫ਼ੈਸਲਾ ਸੁਣਾ ਦਿੱਤਾ ਗਿਆ ਤਾਂ ਮੇਵਾ ਸਿੰਘ ਦੇ ਚਿਹਰੇ ‘ਤੇ ਘਬਰਾਹਟ ਦਾ ਕੋਈ ਨਿਸ਼ਾਨ ਨਹੀਂ ਸੀ। ਉਸ ਨੇ ਰੱਬ ਦਾ ਸ਼ੁਕਰ ਅਦਾ ਕਰਦਿਆਂ ਉਚੀ ਆਵਾਜ਼ ਵਿਚ ਕਿਹਾ, “ਸ਼ੁਕਰ ਹੈ ਵਾਹਿਗੁਰੂ! ਤੂੰ ਮੇਰੀ ਸੰਸਾਰ ਦੇ ਨਿਤਾਣੇ ਲੋਕਾਂ ਖ਼ਾਤਰ ਕੀਤੀ ਕੁਰਬਾਨੀ ਨੂੰ ਕਬੂਲ ਕੀਤਾ ਹੈ।”
ਇਸ ਤੋਂ ਬਾਅਦ ਉਹਨੇ ਅਦਾਲਤ ਦੇ ਕਮਰੇ ਤੋਂ ਬਾਹਰ ਜੁੜੀ ਭੀੜ ‘ਤੇ ਨਜ਼ਰ ਮਾਰੀ ਤੇ ਸ਼ਹੀਦ ਭਾਈ ਭਾਗ ਸਿੰਘ ਦੀ ਛੋਟੀ ਬੱਚੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ। ਜਦੋਂ ਬੱਚੀ ਬਾਹਰਲੀ ਭੀੜ ਵਿਚ ਕਿਧਰੇ ਵੀ ਦਿਖਾਈ ਨਾ ਦਿੱਤੀ ਤਾਂ ਮੇਵਾ ਸਿੰਘ ਨੇ ਅੱਖਾਂ ਬੰਦ ਕਰ ਲਈਆਂ। ਉਹਦੇ ਇਕ-ਸੁਰ ਹੋਏ ਅੰਤਰ-ਮਨ ਵਿਚੋਂ ਉਠੀ ਗੂੰਜ ਉਚੀ ਆਵਾਜ਼ ਬਣ ਕੇ ਅਦਾਲਤ ਦੇ ਕਮਰੇ ਵਿਚ ਫੈਲ ਗਈ।
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥
ਕਮਰੇ ਵਿਚ ਅਤਿ ਦੀ ਖ਼ਾਮੋਸ਼ੀ ਸੀ। ਲੋਕ ਮੇਵਾ ਸਿੰਘ ਦੇ ਸਹਿਜ ਤੇ ਧੀਰਜ ਨੂੰ ਵੇਖ ਕੇ ਅਵਾਕ ਰਹਿ ਗਏ।
ਮੇਵਾ ਸਿੰਘ ਨੇ ਆਪਣਾ ਸਿਰ ਝੁਕਾ ਲਿਆ ਅਤੇ ਬੜੇ ਸਹਿਜ ਨਾਲ ਮਜ਼ਬੂਤ ਕਦਮੀਂ ਤੁਰਦਾ ਜੇਲ੍ਹ ਦੀ ਕਾਲ-ਕੋਠੜੀ ਵੱਲ ਤੁਰ ਪਿਆ।
ਫ਼ਾਂਸੀ ਦੇ ਤਖ਼ਤੇ ਵੱਲ: ਜੇਲ੍ਹ ਵਿਚ ਵੀ ਭਾਈ ਮੇਵਾ ਸਿੰਘ ਬੜੇ ਠਰ੍ਹੰਮੇ ਤੇ ਚੜ੍ਹਦੀ ਕਲਾ ਵਿਚ ਰਹਿੰਦਾ। ਬਾਣੀ ਦਾ ਪਾਠ ਕਰਦਾ ਰਹਿੰਦਾ। ਉਹਦਾ ਵਕੀਲ ਮਿਸਟਰ ਵੁੱਡ ਚਾਹੁੰਦਾ ਸੀ ਕਿ ਭਾਈ ਮੇਵਾ ਸਿੰਘ ਦੀ ਜਾਨ ਦੇ ਬਚਾਅ ਲਈ ਅਪੀਲ ਕੀਤੀ ਜਾਵੇ। ਜਿਵੇਂ ਮੇਵਾ ਸਿੰਘ ਨੇ ਅਦਾਲਤ ਵਿਚ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਲਈ ਕਿਸੇ ਪ੍ਰਕਾਰ ਦੀ ਬਹਿਸ ਕਰਨ ਤੋਂ ਵਰਜ ਕੇ ਮੇਵਾ ਸਿੰਘ ਨੇ ਮਿਸਟਰ ਵੁੱਡ ਨੂੰ ਕੇਵਲ ਆਪਣਾ ਲਿਖਤੀ ਬਿਆਨ ਹੀ ਅਦਾਲਤ ਵਿਚ ਪੜ੍ਹ ਕੇ ਸੁਣਾਉਣ ਦੀ ਆਗਿਆ ਦਿੱਤੀ ਸੀ, ਉਵੇਂ ਹੀ ਉਸ ਨੇ ਹੁਣ ਵੀ ਮਿਸਟਰ ਵੁੱਡ ਦੀ ਅਪੀਲ ਕਰਨ ਦੀ ਤਜਵੀਜ਼ ਠੁਕਰਾ ਦਿੱਤੀ। ਮਿਸਟਰ ਵੁੱਡ ਫਿਰ ਵੀ ਚਾਹੁੰਦਾ ਸੀ ਕਿ ਕੋਈ ਨਾ ਕੋਈ ਅਜਿਹਾ ਹੀਲਾ-ਵਸੀਲਾ ਵਰਤਿਆ ਜਾਣਾ ਚਾਹੀਦਾ ਹੈ ਜਿਸ ਨਾਲ ਮੇਵਾ ਸਿੰਘ ਦੀ ਜਾਨ ਬਚ ਸਕੇ। ਉਸ ਨੂੰ ਤਰਕੀਬ ਸੁੱਝੀ। ਉਸ ਨੇ ਜਸਟਿਸ ਮਨਿਸਟਰ ਕੋਲ ਦਰਖ਼ਾਸਤ ਦਿੱਤੀ ਕਿ ਮੇਵਾ ਸਿੰਘ ਦਾ ਦਿਮਾਗੀ ਤਵਾਜ਼ਨ ਠੀਕ ਨਹੀਂ, ਇਸ ਲਈ ਉਸ ਦਾ ਡਾਕਟਰੀ ਮੁਆਇਨਾ ਕਰਵਾਇਆ ਜਾਵੇ। 5 ਜਨਵਰੀ ਨੂੰ ਭਾਈ ਮੇਵਾ ਸਿੰਘ ਦਾ ਮੁਆਇਨਾ ਕੀਤਾ ਗਿਆ। ਮੇਵਾ ਸਿੰਘ ਨੇ ਆਪਣੀ ਜਾਨ ਬਚਾਉਣ ਲਈ ਕੋਈ ਐਸੀ ਪੁੱਠੀ-ਸਿੱਧੀ ਹਰਕਤ ਨਾ ਕੀਤੀ ਜਿਸ ਤੋਂ ਇਹ ਜਾਪੇ ਕਿ ਉਨ੍ਹਾਂ ਦਾ ਦਿਮਾਗ ਠੀਕ ਨਹੀਂ। ਮੇਵਾ ਸਿੰਘ ਨੇ ਆਖਿਆ ਕਿ ਉਸ ਨੇ ਹਾਪਕਿਨਸਨ ਦਾ ਕਤਲ ਪੂਰੇ ਹੋਸ਼ੋ-ਹਵਾਸ ਵਿਚ ਕੀਤਾ ਹੈ ਤੇ ਉਹ ਬਣਦੀ ਸਜ਼ਾ ਭੁਗਤਣ ਲਈ ਤਿਆਰ ਹੈ। ਮਿਸਟਰ ਮੈਕੇਅ ਨੇ ਉਸੇ ਦਿਨ ਜਸਟਿਸ ਮਨਿਸਟਰ ਨੂੰ ਟੈਲੀਗਰਾਮ ਰਾਹੀਂ ਰਿਪੋਰਟ ਭੇਜ ਦਿੱਤੀ ਕਿ ਮੇਵਾ ਸਿੰਘ ਦਾ ਦਿਮਾਗੀ ਤਵਾਜ਼ਨ ਬਿਲਕੁਲ ਠੀਕ ਹੈ।
ਉਸ ਵੇਲੇ ਦੀਆਂ ਗੁਪਤ ਸਰਕਾਰੀ ਰਿਪੋਰਟਾਂ ਦੱਸਦੀਆਂ ਹਨ ਕਿ ਨਿਊ ਵੈਸਟ ਮਿਨਸਟਰ ਦੀ ਪ੍ਰੋਵਿੰਸ਼ੀਅਲ ਜੇਲ੍ਹ ਵਿਚ ਜ਼ਿੰਦਗੀ ਦੇ ਰਹਿੰਦੇ ਬਾਕੀ ਦਿਨ ਵੀ ਮੇਵਾ ਸਿੰਘ ਨੇ ਪਹਿਲਾਂ ਵਾਂਗ ਹੀ ਪੂਰੀ ਚੜ੍ਹਦੀ ਕਲਾ ਵਿਚ ਬਿਤਾਏ। ਆਖ਼ਰ 11 ਜਨਵਰੀ 1915 ਦਾ ਦਿਨ ਆਣ ਪੁੱਜਾ। ਅੰਤਮ ਸਮੇਂ ਦੀਆਂ ਧਾਰਮਿਕ ਰਸਮਾਂ ਨਿਭਾਉਣ ਲਈ ਗ੍ਰੰਥੀ ਭਾਈ ਮਿੱਤ ਸਿੰਘ ਪੰਡੋਰੀ ਜੇਲ੍ਹ ਵਿਚ ਪਹੁੰਚ ਚੁੱਕਾ ਸੀ। ਭਾਈ ਮੇਵਾ ਸਿੰਘ ਨੇ ਭਾਈ ਮਿੱਤ ਸਿੰਘ ਨੂੰ ਫ਼ਤਿਹ ਬੁਲਾ ਕੇ ਆਪਣੇ ਭਾਈਚਾਰੇ ਦੇ ਲੋਕਾਂ ਲਈ ਆਖ਼ਰੀ ਪੈਗ਼ਾਮ ਦਿੱਤਾ,
“ਇਸ ਗੁਲਾਮੀ ਦੇ ਸਰਾਪ ਤੋਂ ਬਚ ਕੇ ਨਿਕਲਣ ਲਈ ਪੂਰੇ ਜ਼ੋਰ ਨਾਲ ਯਤਨ ਕਰੋ। ਫਿਰ ਇਹ ਕੰਮ ਤਾਂ ਹੀ ਹੋ ਸਕੇਗਾ ਜੇ ਇਸ ਵਿਚ ਇਲਾਕੇਬੰਦੀ ਤੇ ਮਜ਼੍ਹਬੀ ਅਸਹਿਣਸ਼ੀਲਤਾ ਬਿਲਕੁਲ ਨਾ ਰਹੇ। ਨਾ ਮਾਝੇ ਮਾਲਵੇ ਤੇ ਦੁਆਬੇ ਦੇ ਸਵਾਲ ਉਠਣ; ਨਾ ਹੀ ਹਿੰਦੂ, ਮੁਸਲਿਮ ਤੇ ਸਿੱਖ ਮਜ਼੍ਹਬਾਂ ਦੇ ਸਵਾਲ ਉਠਣ।”
ਸਵੇਰ ਦੇ ਸਾਢੇ ਸੱਤ ਵਜੇ ਜੇਲ੍ਹ ਦੇ ਕਰਮਚਾਰੀ ਉਸ ਨੂੰ ਫ਼ਾਂਸੀ ਦੇ ਤਖ਼ਤੇ ਵੱਲ ਲੈ ਤੁਰੇ। ਭਾਈ ਮੇਵਾ ਸਿੰਘ ਨੇ ਸਵੈਮਾਣ ਵਿਚ ਭਰ ਕੇ ਸਿਰ ਉਤਾਂਹ ਚੁੱਕਿਆ। ਬਾਣੀ ਦਾ ਸ਼ਬਦ ਗਾਉਣਾ ਸ਼ੁਰੂ ਕੀਤਾ- ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ॥
ਸ਼ਬਦ ਗਾਇਨ ਕਰਦਿਆਂ ਹੀ ਉਹ ਫ਼ਾਂਸੀ ਦੇ ਤਖ਼ਤੇ ‘ਤੇ ਜਾ ਖਲੋਤਾ। ਪੌਣੇ ਅੱਠ ਵਜੇ ਭਾਈ ਮੇਵਾ ਸਿੰਘ ਨੂੰ ਫ਼ਾਂਸੀ ਲਾ ਦਿੱਤੀ ਗਈ।
ਉਹਦੀ ਦੇਹ ਨੂੰ ਅੰਤਮ ਰਸਮਾਂ ਪੂਰੀਆਂ ਕੀਤੇ ਜਾਣ ਵਾਲੇ ਸਥਾਨ ‘ਤੇ ਲਿਆਂਦਾ ਗਿਆ। ਉਹਦੀ ਅਰਥੀ ਬੀæਸੀæਈæਆਰæ ਡੀਪੋ ਵੱਲ ਲਿਜਾਈ ਗਈ ਜਿੱਥੇ ਚਾਰ ਤੋਂ ਪੰਜ ਸੌ ਤੱਕ ਲੋਕ ਮ੍ਰਿਤਕ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨ ਲਈ ਖਲੋਤੇ ਸਨ। ਅੰਤਿਮ ਯਾਤਰਾ ਦਾ ਜਲੂਸ ਸ਼ੁਰੂ ਹੋਣ ਤੋਂ ਪਹਿਲਾਂ ਇਸ ਦੀ ਤਸਵੀਰ ਉਤਾਰੀ ਗਈ ਅਤੇ ਫਿਰ ਭਾਰੀ ਮੀਂਹ ਤੇ ਸਰਦੀ ਦੇ ਬਾਵਜੂਦ, ਸ਼ਬਦ ਕੀਰਤਨ ਕਰਦੀਆਂ ਸੰਗਤਾਂ ਦਾ ਜਲੂਸ ਬੀæਸੀæ ਦੀ ਫ਼ਰੇਜ਼ਰ ਮਿੱਲ ਵੱਲ ਰਵਾਨਾ ਹੋ ਗਿਆ। ਲੋਕਾਂ ਨੇ ‘ਸ਼ਹੀਦ ਮੇਵਾ ਸਿੰਘ, ਅਮਰ ਰਹੇ’ ਦੇ ਨਾਅਰੇ ਲਾ ਕੇ ਉਹਦੀ ਸ਼ਹੀਦੀ ਨੂੰ ਪ੍ਰਣਾਮ ਕੀਤਾ। ਅਰਥੀ ਵਾਲੀ ਬੱਘੀ ਨੂੰ ਦੋ ਘੋੜੇ ਖਿੱਚ ਰਹੇ ਸਨ। ਉਸ ਦੇ ਪਿੱਛੇ ਭਾਈਚਾਰੇ ਦੇ ਲੋਕ ਲਗਭਗ ਕਾਲੇ ਪਹਿਰਾਵੇ ਪਹਿਨੀ ਤੇ ਚਿੱਟੀਆਂ ਦਸਤਾਰਾਂ ਬੰਨ੍ਹੀ ਪੰਜ-ਪੰਜ ਜਣਿਆਂ ਦੀਆਂ ਸਿੱਧੀਆਂ ਕਤਾਰਾਂ ਵਿਚ ਤੁਰੇ ਜਾ ਰਹੇ ਸਨ। ਗਲੀਆਂ ਤੇ ਸੜਕਾਂ ਲਗਭਗ ਵੀਰਾਨ ਤੇ ਸੁੰਨੀਆਂ ਸਨ। ਕੋਈ ਕੋਈ ਸਿਰ ਘਰਾਂ ਦੀਆਂ ਬਾਰੀਆਂ ਵਿਚੋਂ ਝਾਕ ਕੇ ਇਸ ਜਲੂਸ ਨੂੰ ਵੇਖ ਰਿਹਾ ਸੀ।
ਜਲੂਸ ਚਾਰ ਮੀਲ ਦੂਰ ਫ਼ਰੇਜ਼ਰ ਮਿੱਲ ‘ਤੇ ਪੁੱਜਾ। ਉਥੇ ਪੂਰੇ ਸਤਿਕਾਰ ਨਾਲ ਭਾਈ ਮੇਵਾ ਸਿੰਘ ਦਾ ਸਿੱਖ ਧਾਰਮਿਕ ਰਸਮਾਂ ਅਨੁਸਾਰ ਸਸਕਾਰ ਕਰ ਦਿੱਤਾ ਗਿਆ। ਜਿਸਮ ਮਿਟ ਗਿਆ ਪਰ ਯਾਦ ਅਮਰ ਹੋ ਗਈ। ਮੇਵਾ ਸਿੰਘ ਫ਼ਾਂਸੀ ਦੇ ਤਖ਼ਤੇ ਤੋਂ ਉਤਰ ਕੇ ਆਪਣੇ ਲੋਕਾਂ ਦੇ ਦਿਲਾਂ ਵਿਚ ਜਾ ਬੈਠਾ। ਕੈਲੀਫੋਰਨੀਆ (ਅਮਰੀਕਾ) ਦੇ ਸਟਾਕਟਨ ਗੁਰਦੁਆਰੇ ਵਿਚ ਉਥੋਂ ਦੀ ਸੰਗਤ ਨੇ ਮੇਵਾ ਸਿੰਘ ਦੇ ਨਾਂ ਦਾ ਸਹਿਜ ਪਾਠ ਰਖਵਾਇਆ ਹੋਇਆ ਸੀ। ਮੇਵਾ ਸਿੰਘ ਦੀ ਸ਼ਹੀਦੀ ਵਾਲੇ ਦਿਨ 11 ਜਨਵਰੀ ਨੂੰ ਇਸ ਸਹਿਜ ਪਾਠ ਦਾ ਭੋਗ ਪਾਇਆ ਗਿਆ। ਅਗਲੇ ਸਾਲ ਜਨਵਰੀ 1916 ਵਿਚ ਕੈਨੇਡਾ ਵਿਚ ਵੱਸਦੇ ਭਾਰਤੀ ਭਾਈਚਾਰੇ ਨੇ ਭਾਈ ਮੇਵਾ ਸਿੰਘ ਦੀ ਸ਼ਹਾਦਤ ਦੀ ਪਹਿਲੀ ਵਰ੍ਹੇ-ਗੰਢ ਮਨਾਈ। 1917 ਵਿਚ ਮੁੜ ਤੋਂ ਫ਼ਰੇਜ਼ਰ ਮਿੱਲ ਗੁਰਦੁਆਰੇ ਵਿਚ ਭਾਈ ਮੇਵਾ ਸਿੰਘ ਦੀ ਸ਼ਹਾਦਤ ਦੀ ਦੂਜੀ ਵਰ੍ਹੇਗੰਢ ਮਨਾਈ ਗਈ। ਇਸ ਸਮਾਗਮ ਵਿਚ ਪੰਜ ਸੌ ਦੇ ਲਗਭਗ ਲੋਕ ਇਕੱਠੇ ਹੋਏ। ਉਸ ਵੇਲੇ ਕੈਨੇਡਾ ਵਿਚ ਕੇਵਲ ਇਕ ਹਜ਼ਾਰ ਹਿੰਦੁਸਤਾਨੀ ਰਹਿੰਦੇ ਸਨ।
ਮੇਵਾ ਸਿੰਘ ਨੂੰ ਬੀæਸੀæ ਨਿਊ ਵੈਸਟ ਮਿਨਸਟਰ ਜੇਲ੍ਹ ਵਿਚ 11 ਜਨਵਰੀ 1915 ਨੂੰ ਫਾਂਸੀ ਦਿੱਤੀ ਗਈ। ਉਹਨੇ ਵੈਨਕੂਵਰ ਦੀ ਅਦਾਲਤ ਵਿਚ 21 ਅਕਤੂਬਰ 1914 ਨੂੰ ਵਿਲੀਅਮ ਚਾਰਲਸ ਹਾਪਕਿਨਸਨ ਨੂੰ ਗੋਲੀ ਮਾਰੀ ਸੀ। ਹਾਪਕਿਨਸਨ ਨੂੰ ਅਮਨ ਤੇ ਕਾਨੂੰਨ ਦੇ ਰਖਵਾਲੇ ਵਜੋਂ ਸ਼ਹੀਦ ਦਾ ਰੁਤਬਾ ਦਿੱਤਾ ਗਿਆ। ਹਜ਼ਾਰਾਂ ਦੀ ਗਿਣਤੀ ਵਿਚ ਮਰਦ, ਔਰਤਾਂ ਤੇ ਬੱਚੇ ਲੰਮੀਆਂ ਕਤਾਰਾਂ ਬੰਨ੍ਹੀ ਸੜਕਾਂ ਕਿਨਾਰੇ ਖਲੋਤੇ ਉਹਦੇ ਜਨਾਜ਼ੇ ਨੂੰ ਵੇਖ ਰਹੇ ਸਨ। ਜਿਸ ਅਦਾਲਤ ਵਿਚ ਹਾਪਕਿਨਸਨ ਨੂੰ ਗੋਲੀ ਮਾਰੀ ਗਈ ਸੀ, ਉਸ ਥਾਂ ‘ਤੇ ਹੁਣ ਆਰਟ ਗੈਲਰੀ ਬਣੀ ਹੋਈ ਹੈ।
ਭਗਤ ਸਿੰਘ ਹੁਰਾਂ ਦਾ ਪਹਿਲ-ਪਲੱਕੜਾ ਵਡੇਰਾ: ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਬੜੇ ਸੁਚੇਤ ਹੋ ਕੇ ਦਿੱਲੀ ਦੇ ਅਸੈਂਬਲੀ ਹਾਲ ਵਿਚ ‘ਬੋਲਿਆਂ ਕੰਨਾਂ ਤੱਕ ਆਵਾਜ਼ ਪਹੁੰਚਾਉਣ’ ਲਈ ਬੰਬ ਸੁੱਟ ਕੇ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਇਸ ਵਾਸਤੇ ਪੇਸ਼ ਕੀਤਾ ਸੀ ਕਿ ਅਜਿਹਾ ਕਰ ਕੇ ਉਹ ਅਦਾਲਤ ਨੂੰ ਆਪਣੇ ਵਿਚਾਰਾਂ ਨੂੰ ਪ੍ਰਚਾਰਨ ਦਾ ਮਾਧਿਅਮ ਬਣਾਉਣਗੇ। ਉਨ੍ਹਾਂ ਨੇ ਆਪਣੇ ਵਿਚਾਰਾਂ ਦੇ ਪ੍ਰਚਾਰ ਲਈ ਅਦਾਲਤ ਨੂੰ ਮਾਧਿਅਮ ਵਜੋਂ ਭਰਪੂਰ ਰੂਪ ਵਿਚ ਵਰਤਿਆ ਵੀ, ਪਰ ਇਹ ਭਾਈ ਮੇਵਾ ਸਿੰਘ ਹੀ ਸੀ ਜਿਸ ਨੇ ਸਾਡੇ ਇਨਕਲਾਬੀ ਇਤਿਹਾਸ ਵਿਚ ਸਭ ਤੋਂ ਪਹਿਲਾਂ ਇਸ ਜੁਗਤ ਦੀ ਸੁਚੇਤ ਤੌਰ ‘ਤੇ ਵਰਤੋਂ ਕੀਤੀ। ਭਗਤ ਸਿੰਘ ਨੂੰ ਵੀ ਪਤਾ ਸੀ ਕਿ ਉਹਦੀ ਗ੍ਰਿਫ਼ਤਾਰੀ ਦਾ ਅੰਤਮ ਸਿੱਟਾ ਉਹਦੀ ਮੌਤ ਵਿਚ ਹੀ ਨਿਕਲਣਾ ਹੈ, ਤਦ ਵੀ ਉਸ ਨੇ ਆਪਣੇ ਆਪ ਨੂੰ ਸੁਚੇਤ ਕੁਰਬਾਨੀ ਦੇ ਰਾਹ ਤੋਰ ਲਿਆ ਪਰ ਭਾਈ ਮੇਵਾ ਸਿੰਘ ਸੁਚੇਤ ਕੁਰਬਾਨੀ ਦੇ ਪੱਖੋਂ ਵੀ ਤਤਕਾਲੀ ਇਨਕਲਾਬੀ ਇਤਿਹਾਸ ਵਿਚ ਆਪਣੇ ਭਾਈਚਾਰੇ ਵਿਚ ਭਗਤ ਸਿੰਘ ਦਾ ਪਹਿਲ-ਪਲੱਕੜਾ ਵਡੇਰਾ ਸੀ। ਆਪਣੇ ਬਿਆਨ ਵਿਚ ਭਾਈ ਮੇਵਾ ਸਿੰਘ ਨੇ ਇਹ ਵੀ ਕਿਹਾ ਸੀ ਕਿ ਇਥੇ ਹਾਪਕਿਨਸਨ ਤੇ ਉਹਦੇ ਚਾਟੜਿਆਂ ਦੀ ਸੁਣੀ ਜਾਂਦੀ ਹੈ, ‘ਸਾਡੀ ਨਹੀਂ।’ ਉਸ ਵਲੋਂ ਹਾਪਕਿਨਸਨ ਦਾ ਕੀਤਾ ਕਤਲ ਵੀ ‘ਬੋਲੇ ਕੰਨਾਂ’ ਤੱਕ ਆਵਾਜ਼ ਪਹੁੰਚਾਉਣ ਦਾ ਹੀਲਾ ਸੀ।
ਬਹੁ-ਸਭਿਆਚਾਰਕ ਮੁਲਕ ਕੈਨੇਡਾ ਦਾ ਸ਼ਹੀਦ: ਭਾਈ ਮੇਵਾ ਸਿੰਘ ਦੀ ਸ਼ਹਾਦਤ ਦਾ ਮਾਣ ਲੋਪੋਕੇ ਪਿੰਡ ਦੀ ਛੋਟੀ ਜਿਹੀ ਇਕਾਈ ਤੋਂ ਲੈ ਕੇ ‘ਹਿੰਦੋਸਤਾਨ ਲਈ ਦਿੱਤੀ ਸ਼ਹਾਦਤ’ ਤੱਕ ਪਹੁੰਚ ਕੇ ਅਗਾਂਹ ਹੋਰ ਵੀ ਨਵੇਂ ਦਿਸਹੱਦਿਆਂ ਤੱਕ ਫ਼ੈਲ ਜਾਂਦਾ ਹੈ। ਅਸੀਂ ਜਾਣਦੇ ਹਾਂ ਕਿ ਕੈਨੇਡਾ ਨੂੰ ‘ਗੋਰਿਆਂ ਦਾ ਦੇਸ’ ਬਣਾਈ ਰੱਖਣ ਦੀ ਕੈਨੇਡੀਅਨ ਹਕੂਮਤ ਨੀਅਤ ਤੇ ਨੀਤੀ ਕਰ ਕੇ ਨਸਲੀ ਵਿਤਕਰੇ ਦੀ ਨੀਂਹ ਰੱਖੀ ਗਈ ਸੀ। ਭਾਰਤ ਦੀ ਅੰਗਰੇਜ਼ੀ ਸਰਕਾਰ, ਕੈਨੇਡਾ ਸਰਕਾਰ ਤੇ ਅਮਰੀਕਾ ਦੀ ਸਰਕਾਰ ਦਾ ਸਾਂਝਾ ਜਸੂਸ ਹਾਪਕਿਨਸਨ ਮੌਕੇ ਦੇ ਸਿਆਸਤਦਾਨਾਂ ਦੀ ਅਗਵਾਈ ਤੇ ਦੇਖ-ਰੇਖ ਵਿਚ ਇਮੀਗਰੇਸ਼ਨ ਏਜੰਟ ਮੈਲਕਮ ਰੀਡ ਨਾਲ ਮਿਲ ਕੇ ਹਿੰਦ ਵਾਸੀਆਂ ਖ਼ਿਲਾਫ਼ ਘਿਨਾਉਣੀਆਂ ਕਾਰਵਾਈਆਂ ਵਿਚ ਰੁੱਝਾ ਹੋਇਆ ਸੀ ਤੇ ਉਨ੍ਹਾਂ ਦੀ ਜਾਨ, ਸਵੈਮਾਣ ਤੇ ਇਜ਼ਤ-ਪਤ ਨਾਲ ਖਿਲ਼ਵਾੜ ਕਰ ਰਿਹਾ ਸੀ। ਉਹ ਕੈਨੇਡੀਅਨ ਤੇ ਅੰਗਰੇਜ਼ੀ ਸਰਕਾਰ ਦੀ ਸਥਾਪਤ ਤਾਕਤ ਦਾ ਚਿੰਨ੍ਹ ਸੀ। ਉਸ ਉਤੇ ਭਾਈ ਮੇਵਾ ਸਿੰਘ ਵਲੋਂ ਕੀਤਾ ਵਾਰ ਅਸਲ ਵਿਚ ਉਸ ਵਿਵਸਥਾ ਉਤੇ ਵਾਰ ਸੀ, ਜਿਹੜੀ ਵਿਵਸਥਾ ਕੈਨੇਡਾ ਨੂੰ ‘ਗੋਰਿਆਂ ਦਾ ਦੇਸ’ ਬਣਾਈ ਰੱਖਣ ਲਈ ਬਜ਼ਿਦ ਸੀ।
ਅੱਜ ਕੱਲ੍ਹ ਕੈਨੇਡਾ ਬਹੁ-ਸਭਿਆਚਾਰਕ ਮੁਲਕ ਹੈ ਤੇ ਕੈਨੇਡਾ ਸਰਕਾਰ ਇਸ ਗੱਲ ‘ਤੇ ਫ਼ਖ਼ਰ ਵੀ ਕਰਦੀ ਹੈ। ਭਾਈ ਮੇਵਾ ਸਿੰਘ ਕੇਵਲ ਤਦੋਕੇ ਗੋਰਿਆਂ ਦੇ ਦੇਸ਼ ਕੈਨੇਡਾ ਦਾ ਕਾਤਲ, ਕਰਿਮੀਨਲ ਜਾਂ ਅਪਰਾਧੀ ਸੀ ਪਰ ਅਜੋਕੇ ਬਹੁ-ਸਭਿਆਚਾਰਕ ਕੈਨੇਡਾ ਦਾ ਅਪਰਾਧੀ ਹਰਗਿਜ਼ ਨਹੀਂ; ਸਗੋਂ ਸੱਚੀ ਗੱਲ ਤਾਂ ਇਹ ਹੈ ਕਿ ਭਾਈ ਮੇਵਾ ਸਿੰਘ ਦੀ ਸ਼ਹਾਦਤ ਅਜੋਕੇ ਬਹੁ-ਸਭਿਆਚਾਰਕ ਕੈਨੇਡਾ ਲਈ ਕੀਤੀ ਮਾਣਯੋਗ ਸ਼ਹਾਦਤ ਹੈ। ਮੇਵਾ ਸਿੰਘ ਦੀ ਸ਼ਹਾਦਤ ਨੂੰ ਬਹੁ-ਸਭਿਆਚਾਰਕ ਕੈਨੇਡਾ ਲਈ ਕੀਤੀ ਸ਼ਹਾਦਤ ਮੰਨ ਕੇ ਕੇਵਲ ਕੈਨੇਡਾ ਵਿਚ ਰਹਿੰਦੇ ਭਾਰਤ ਵਾਸੀਆਂ, ਸਾਡੇ ਸਿਆਸਤਦਾਨਾਂ ਨੂੰ ਹੀ ਨਹੀਂ ਸਗੋਂ ਸਮੁੱਚੇ ਕੈਨੇਡੀਅਨ ਸਮਾਜ ਨੂੰ ਭਾਈ ਮੇਵਾ ਸਿੰਘ ਨੂੰ ਬਹੁ-ਸਭਿਆਚਾਰਕ ਕੈਨੇਡਾ ਦਾ ਸ਼ਹੀਦ ਮੰਨਣ ਤੇ ਮੰਨੇ ਜਾਣ ਲਈ ਯਤਨ ਅਰੰਭ ਕਰਨੇ ਚਾਹੀਦੇ ਹਨ। ਇਸੇ ਕਰ ਕੇ ਮੈਂ ਇਹ ਕਹਿੰਦਾ ਹਾਂ ਕਿ ਭਾਈ ਮੇਵਾ ਸਿੰਘ ‘ਹਿੰਦੁਸਤਾਨ ਦਾ ਸ਼ਹੀਦ’ ਹੀ ਨਹੀਂ, ਸਗੋਂ ‘ਕੈਨੇਡਾ ਦਾ ਸ਼ਹੀਦ’ ਵੀ ਹੈ। ਜਿਵੇਂ ਕੈਨੇਡੀਅਨ ਸਰਕਾਰ ਨੇ ਹੁਣ ਕਾਮਾਗਾਟਾ ਮਾਰੂ ਕਾਂਡ ਨੂੰ ਕੈਨੇਡੀਅਨ ਇਤਿਹਾਸ ਦਾ ਹਿੱਸਾ ਮੰਨਦਿਆਂ ਇਸ ਕਾਂਡ ਨਾਲ ਸਬੰਧਤ ਡਾਕ ਟਿਕਟ ਵੀ ਜਾਰੀ ਕੀਤੀ ਹੈ, ਇੰਜ ਹੀ ਭਾਈ ਮੇਵਾ ਸਿੰਘ ਦੀ ਸ਼ਹਾਦਤ ਕੈਨੇਡੀਅਨ ਇਤਿਹਾਸ ਦੀ ਮਾਣਯੋਗ ਘਟਨਾ ਵਜੋਂ ਸਵੀਕਾਰ ਕੀਤੀ ਜਾਣੀ ਚਾਹੀਦੀ ਹੈ।
(ਸਮਾਪਤ)