ਕਦੀ ਮੁੱਕਦੀ ਨਾ ਜਿੰਦੜੀ ਦੀ ਦੌੜ

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856

ਕਰਮੂ ਦੀ ਅਰਦਾਸ ਵਾਹਿਗੁਰੂ ਨੇ ਸੁਣ ਲਈ ਸੀ। ਦਸ ਸਾਲ ਬਾਅਦ ਉਸ ਦੇ ਪੇਪਰਾਂ ਵਾਲਾ ਕਾਰਜ ਸੰਪੂਰਨ ਹੋ ਗਿਆ ਸੀ। ਅਮਰੀਕਾ ਛੱਡ ਕੇ ਜਾਣ ਦੀਆਂ ਗੱਲਾਂ ਕਰਨ ਵਾਲਾ ਕਰਮੂ ਧਰਤੀ ਪੈਰ ਨਹੀਂ ਸੀ ਲਾ ਰਿਹਾ। ਫੋਨ ਦੀ ਘੰਟੀ ਨਾਲ ਖਬਰ ਪਿੰਡ ਪਹੁੰਚ ਗਈ। ਸਾਰਾ ਪਰਿਵਾਰ ਖੁਸ਼ੀ ਵਿਚ ਨੱਚ ਉਠਿਆ।

ਕਰਮੂ ਦੇ ਪਿਛੇ ਮਾਂ-ਪਿਉ ਤੇ ਘਰਵਾਲੀ ਸੀ। ਦੋ ਬੋਟ ਸਨ ਜੋ ਹੁਣ ਉਡਾਰੀ ਭਰਨ ਜੋਗੇ ਹੋ ਗਏ ਸਨ। ਕਰਮੂ ਨੇ ਟਰੱਕ ਚਲਾ ਕੇ ਵਧੀਆ ਕਮਾਈ ਕੀਤੀ ਸੀ। ਬੱਸ, ਉਸ ਨੂੰ ਤਾਂ ਪੇਪਰਾਂ ਦੀ ਹੀ ਉਡੀਕ ਰਹਿੰਦੀ ਜੋ ਹੁਣ ਮਸਾਂ ਮੁੱਕੀ ਸੀ। ਫਿਰ ਪੇਪਰਾਂ ਦੇ ਤਬਾਦਲੇ ਹੁੰਦੇ ਗਏ ਅਤੇ ਕਰਮੂ ਦੀ ਘਰਵਾਲੀ ਪ੍ਰੀਤ, ਧੀ ਤੇ ਪੁੱਤ ਨੂੰ ਲੈ ਕੇ ਅਮਰੀਕਾ ਪਹੁੰਚ ਗਈ। ਕਰਮੂ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਛਲਕ ਪਏ। ਵੱਡੇ ਹੋਏ ਬੱਚੇ ਦੇਖ ਕੇ ਉਹ ਖੁਸ਼ ਹੋ ਗਿਆ। ਉਸ ਨੇ ਅੱਖਾਂ ਰਾਹੀਂ ਪ੍ਰੀਤ ਦਾ ਧੰਨਵਾਦ ਕੀਤਾ, ‘ਤੁਸੀਂ ਬੱਚਿਆਂ ਦਾ ਚੰਗਾ ਪਾਲਣ-ਪੋਸ਼ਣ ਕੀਤਾ ਹੈ।’ ਬੱਚੇ ਵੀ ਅਮਰੀਕਾ ਦੀਆਂ ਉਚੀਆਂ ਬਿਲਡਿੰਗਾਂ ਤੇ ਚੌੜੀਆਂ ਸੜਕਾਂ ਦੇਖ ਕੇ ਖੁਸ਼ ਅਤੇ ਹੈਰਾਨ ਹੋ ਰਹੇ ਸਨ।
ਕਰਮੂ ਤੇ ਪ੍ਰੀਤ ਦੀਆਂ ਗੱਲਾਂ ਸਾਰੀ ਰਾਤ ਨਾ ਮੁੱਕੀਆਂ। ਫਿਰ ਗੱਡੀ ਰਿੜ੍ਹੀ। ਕਰਮੂ ਨੇ ਬੱਚਿਆਂ ਨੂੰ ਪੜ੍ਹਨ ਲਾ ਦਿੱਤਾ। ਪ੍ਰੀਤ ਦੀ ਜੌਬ ਬੱਚਿਆਂ ਦੀ ਦੇਖਭਾਲ ਦੀ ਹੀ ਸੀ। ਉਨ੍ਹਾਂ ਨੂੰ ਸਕੂਲ ਛੱਡਣਾ ਤੇ ਲਿਆਉਣਾ। ਕਰਮੂ ਟਰੱਕ ‘ਤੇ ਚਲਾ ਜਾਂਦਾ। ਉਂਜ, ਅਕਸਰ ਉਸ ਦਾ ਚੇਤਾ ਪਿੰਡ ਜਾ ਵੜਦਾ। ਪਿੰਡ ਮਾਂ ਸੀ, ਰਿਟਾਇਰਡ ਫੌਜੀ ਪਿਉ ਸੀ, ਉਸ ਦੀ ਪੈਨਸ਼ਨ ਆ ਜਾਂਦੀ ਸੀ। ਪੰਜ ਕਿੱਲਿਆਂ ਦਾ ਮਾਮਲਾ ਦੋਹਾਂ ਤੋਂ ਮੁੱਕਦਾ ਨਹੀਂ ਸੀ। ਕਰਮੂ ਦੀ ਵੱਡੀ ਭੈਣ ਵਿਆਹੀ ਹੋਈ ਸੀ ਤੇ ਉਹ ਆਪਣੇ ਘਰ ਬਹੁਤ ਖੁਸ਼ ਸੀ।
ਕਰਮੂ ਨੇ ਹੋਰ ਡਾਲਰ ਜੋੜ ਕੇ ਚੰਗਾ ਘਰ ਖਰੀਦ ਲਿਆ। ਬੱਚੇ ਪੜ੍ਹਦੇ ਗਏ। ਪ੍ਰੀਤ ਸਾਰਾ ਸਮਾਂ ਆਪਣੇ ਬੱਚਿਆਂ ਨਾਲ ਬਿਤਾਉਂਦੀ। ਪਤੀ ਦੇ ਦਸ ਸਾਲ ਦੇ ਵਿਛੋੜੇ ਨੇ ਉਸ ਨੂੰ ਸਾਹਿਤ ਨਾਲ ਜੋੜ ਦਿੱਤਾ ਸੀ। ਉਸ ਨੇ ਗੁਰਬਾਣੀ ਪੜ੍ਹਨ ਦੇ ਨਾਲ-ਨਾਲ ਗੁਰ-ਇਤਿਹਾਸ ਵੀ ਪੜ੍ਹ ਲਿਆ ਸੀ। ਉਹ ਆਪਣੇ ਬੱਚਿਆਂ ਨੂੰ ਗੁਰੂਆਂ ਦੀ ਕੁਰਬਾਨੀ ਅਤੇ ਸਿੰਘਾਂ-ਸਿੰਘਣੀਆਂ ਦੇ ਸਿਦਕ ਦੇ ਉਹ ਪਲ ਸੁਣਾਉਂਦੀ ਜਿਥੇ ਉਨ੍ਹਾਂ ਨੇ ਜਾਨ ਦੀ ਪ੍ਰਵਾਹ ਨਾ ਕਰਦਿਆਂ ਸਿੱਖੀ ਸਿਦਕ, ਕੇਸਾਂ ਸੰਗ ਨਿਭਾਅ ਦਿੱਤਾ ਸੀ। ਪ੍ਰੀਤ ਦੀ ਬਦੌਲਤ ਬੱਚੇ ਸਿੱਖੀ ਨਾਲ ਜੁੜੇ ਹੋਏ ਸਨ। ਕਰਮੂ ਵੀ ਇਹੀ ਚਾਹੁੰਦਾ ਸੀ।
ਦੋਵੇਂ ਬੱਚੇ ਕਾਲਜ ਪੜ੍ਹਨ ਲੱਗੇ। ਦੋਵੇਂ ਹੀ ਪੜ੍ਹਨ ਨੂੰ ਹੁਸ਼ਿਆਰ। ਕਰਮੂ ਦੀ ਧੀ ਆਪਣੀ ਮਾਂ ਦੀ ਦਿੱਤੀ ਸਿੱਖਿਆ ‘ਤੇ ਅਡੋਲ ਖੜ੍ਹੀ ਸੀ ਪਰ ਪੁੱਤਰ ਕਾਲਜ ਦੀ ਹਵਾ ਨਾਲ ਸਭ ਕੁਝ ਭੁੱਲਣ ਲੱਗ ਪਿਆ। ਮਾਂ ਪਿਆਰ ਨਾਲ ਸਮਝਾਉਂਦੀ, ਉਹ ਅੱਗਿਉਂ ‘ਹਾਂ ਜੀ’ ਕਹਿ ਛੱਡਦਾ, ਪਰ ਪਰਨਾਲਾ ਉਥੇ ਦਾ ਉਥੇ ਹੀ ਰਿਹਾ। ਧੀ ਦੇ ਨੰਬਰ ਵਧੀਆ ਆਉਂਦੇ ਪਰ ਪੁੱਤ ਦੇ ਨੰਬਰ ਜ਼ੀਰੋ ਵੱਲ ਵਧਣ ਲੱਗੇ। ਕਰਮੂ ਤੇ ਪ੍ਰੀਤ ਚੌਵੀਂ ਘੰਟੇ ਚਿੰਤਾ ਵਿਚ ਰਹਿੰਦੇ। ਉਹ ਆਪਣੇ ਪੁੱਤ ਨੂੰ ਲੋਕਾਂ ਕੋਲ ਮਾੜਾ ਵੀ ਨਹੀਂ ਸੀ ਦੱਸਣਾ ਚਾਹੁੰਦੇ। ਖੈਰ! ਪੁੱਤ ਇੱਕੀ ਸਾਲ ਦਾ ਹੋ ਗਿਆ। ਕਰਮੂ ਨੇ ਟਰੱਕ ਦਾ ਲਾਇਸੈਂਸ ਦਿਵਾ ਕੇ ਟਰੱਕ ‘ਤੇ ਚਾੜ੍ਹ ਲਿਆ। ਹੁਣ ਪੁੱਤ ਕਰਮੂ ਦੀ ਅੱਖ ਹੇਠ ਰਹਿੰਦਾ। ਦੋਵੇਂ ਟਰੱਕ ‘ਤੇ ਰਹਿੰਦੇ, ਤੇ ਹਫ਼ਤੇ ਬਾਅਦ ਘਰ ਆਉਂਦੇ। ਟਰੱਕ ਦੀ ਬੰਦਿਸ਼ ਵਾਲੇ ਕੰਮ ਨੇ ਪੁੱਤ ਨੂੰ ਕੁਝ ਕੁ ਤਾਂ ਸੁਧਾਰ ਹੀ ਦਿੱਤਾ ਸੀ। ਕਰਮੂ ਵੀ ਸੋਚਦਾ ਕਿ ਬੱਚਾ ਹੈ, ਆਪੇ ਠੀਕ ਹੋ ਜਾਊਗਾ। ਇਸੇ ਦੌਰਾਨ ਕਰਮੂ ਦੀ ਧੀ ਨੇ ਕਾਲਜ ਦੀ ਪੜ੍ਹਾਈ ਪੂਰੀ ਕਰ ਕੇ ਯੂਨੀਵਰਸਿਟੀ ਵਿਚ ਦਾਖਲਾ ਲੈ ਲਿਆ। ਉਹ ਹੋਰ ਕੁੜੀਆਂ ਨਾਲੋਂ ਵੱਖਰੀ ਸੀ। ਪਿਆਰੀ ਤੇ ਸਿਆਣੀ ਧੀ। ਇਕ ਦਿਨ ਪ੍ਰੀਤ ਨੇ ਧੀ ਨੂੰ ਵਿਆਹ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ, “ਮੰਮੀ, ਅਜੇ ਦੋ ਸਾਲ ਨਹੀਂ। ਪੜ੍ਹਾਈ ਪੂਰੀ ਕਰ ਕੇ ਵਿਆਹ ਕਰਵਾਂਗੀ।”
ਸਾਰਾ ਪਰਿਵਾਰ ਸਿਟੀਜ਼ਨ ਹੋ ਚੁਕਾ ਸੀ। ਕਰਮੂ ਨੇ ਮਾਤਾ-ਪਿਤਾ ਨੂੰ ਮਿਲਣ ਲਈ ਇੰਡੀਆ ਜਾਣ ਦਾ ਪ੍ਰੋਗਰਾਮ ਬਣਾ ਲਿਆ ਪਰ ਧੀ-ਪੁੱਤ ਵੀ ਜਾਣ ਨੂੰ ਤਿਆਰ ਹੋ ਗਏ। ਕਰਮੂ ਨੇ ਚਾਰ ਟਿਕਟਾਂ ਲੈ ਲਈਆਂ ਤੇ ਤਿਆਰੀ ਕਰਨ ਲੱਗੇ। ਕਰਮੂ ਦੀ ਮਾਂ ਦੇ ਬੁੱਢੇ ਅੰਗਾਂ ਨੇ ਉਸ ਨੂੰ ਗਲਵੱਕੜੀ ਵਿਚ ਲੈ ਲਿਆ। ਪਿਉ ਨੇ ਵੀ ਫੌਜੀ ਜੱਫ਼ਾ ਪਾ ਲਿਆ। ਕਰਮੂ ਨੇ ਨਮ ਅੱਖਾਂ ਨਾਲ ਪਿਆਰ ਕਬੂਲਿਆ। ਫਿਰ ਕਰਮੂ ਨੇ ਮਕਾਨ ਦੀ ਮੁਰੰਮਤ ਬਗੈਰਾ ਕਰਵਾ ਕੇ ਅਖੰਡ ਪਾਠ ਕਰਵਾਇਆ। ਸਾਰੇ ਸਾਕ-ਸਬੰਧੀ ਸੱਦੇ। ਸਾਰੇ ਰਿਸ਼ਤੇਦਾਰਾਂ ਦੀ ਇਕੋ ਮੰਗ ਸੀ ਕਿ ਮੁੰਡੇ ਦਾ ਰਿਸ਼ਤਾ ਸਾਡੇ ਵੱਲ ਕਰ ਦੇਵੋ, ਕੋਈ ਧੀ ਦਾ ਰਿਸ਼ਤਾ ਮੰਗ ਰਿਹਾ ਸੀ। ਕਰਮੂ ਨੇ ਗੱਲ ਬੱਚਿਆਂ ਦੀ ਮੰਗ ‘ਤੇ ਛੱਡ ਦਿੱਤੀ ਸੀ। ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ ਸਾਰਾ ਪਰਿਵਾਰ ਤੀਰਥ ਯਾਤਰਾ ਲਈ ਰਵਾਨਾ ਹੋ ਗਿਆ।
ਦੋ ਮਹੀਨਿਆਂ ਬਾਅਦ ਪਰਿਵਾਰ ਵਾਪਸ ਆ ਗਿਆ। ਕਰਮੂ ਨੇ ਪੁੱਤ ਨੂੰ ਵੱਖਰਾ ਟਰੱਕ ਲੈ ਦਿੱਤਾ। ਧੀ ਦੀ ਪੜ੍ਹਾਈ ਪੂਰੀ ਹੋ ਗਈ। ਉਹਦੇ ਵਿਆਹ ਦੀ ਗੱਲ ਤੁਰੀ। ਮਾਂ ਨੇ ਪੁੱਛਿਆ, “ਧੀਏ, ਸਾਨੂੰ ਤੇਰੇ ‘ਤੇ ਮਾਣ ਵੀ ਹੈ ਤੇ ਭਰੋਸਾ ਵੀ; ਫਿਰ ਵੀ ਮਾਂ ਹੋਣ ਦੇ ਨਾਤੇ ਪੁੱਛਦੀ ਹਾਂæææਜੇ ਤੇਰੀ ਜ਼ਿੰਦਗੀ ਵਿਚ ਕੋਈ ਮੁੰਡਾ ਆਇਆ ਹੈ, ਜਾਂ ਤੂੰ ਕਿਸੇ ਨੂੰ ਪਸੰਦ ਕਰਦੀ ਹੈਂ, ਤਾਂ ਦੱਸ ਦੇ।”
“ਮੰਮੀ ਜੀ! ਮੇਰਾ ਮਕਸਦ ਸੀ ਪੜ੍ਹਾਈ ਪੂਰੀ ਕਰਨ ਦਾ, ਅਗਲੀ ਜੌਬ ਹੁਣ ਤੁਹਾਡੀ ਹੈæææਜਿਥੇ ਤੋਰੋਗੇ, ਤੁਰ ਜਾਵਾਂਗੀ; ਪਰ ਮੈਂ ਵਿਆਹ ਇਥੇ ਤੇ ਸਰਦਾਰ ਮੁੰਡੇ ਨਾਲ ਕਰਵਾਉਣਾ ਹੈ।”
ਮਾਂ ਨੇ ਧੀ ਨੂੰ ਘੁੱਟ ਕੇ ਗਲਵੱਕੜੀ ਵਿਚ ਲੈ ਲਿਆ। ਉਸ ਨੂੰ ਲੱਗੇ ਬੂਰ ਵਿਚੋਂ ਮਿੱਠੇ ਫਲ ਲੱਗਣ ਦੀ ਆਸ ਬੱਝ ਗਈ ਸੀ। ਫਿਰ ਉਹ ਧੀ ਲਈ ਯੋਗ ਵਰ ਲੱਭਣ ਲੱਗੇ। ਛੇਤੀ ਹੀ ਉਨ੍ਹਾਂ ਨੂੰ ਸਰਦਾਰ ਮੁੰਡਾ ਮਿਲ ਗਿਆ ਜੋ ਇੰਡੀਆ ਤੋਂ ਡਾਕਟਰ ਬਣਨ ਲਈ ਆਇਆ ਸੀ ਤੇ ਆਪਣੇ ਮਾਮਾ-ਮਾਮੀ ਕੋਲ ਰਹਿ ਰਿਹਾ ਸੀ। ਮੁੰਡੇ ਦਾ ਪਰਿਵਾਰ ਵੀ ਗੁਰਸਿੱਖ ਸੀ। ਸਾਰਾ ਕੁਝ ਦੇਖਣ-ਪਰਖਣ ਤੋਂ ਬਾਅਦ ਮੰਗਣੀ ਹੋ ਗਈ। ਮੁੰਡੇ ਦੇ ਮਾਤਾ-ਪਿਤਾ ਵਿਆਹ ਵਿਚ ਸ਼ਾਮਲ ਹੋਣ ਲਈ ਪਹੁੰਚ ਗਏ। ਸਾਦਾ ਅਤੇ ਗੁਰ-ਮਰਿਆਦਾ ਅਨੁਸਾਰ ਵਿਆਹ ਹੋਇਆ। ਕਰਮੂ ਦੀ ਧੀ ਆਪਣੇ ਸਹੁਰੇ ਘਰ ਚਲੀ ਗਈ। ਕਰਮੂ ਨੇ ਆਪਣੇ ਮਾਤਾ-ਪਿਤਾ ਵੀ ਵਿਆਹ ਵਿਚ ਸੱਦੇ ਸਨ ਪਰ ਮਾਤਾ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਪਹੁੰਚ ਨਹੀਂ ਸਕੇ।
ਧੀ ਬਿਨਾਂ ਘਰ ਸੁੰਨਾ-ਸੁੰਨਾ ਲੱਗਦਾ। ਪ੍ਰੀਤ ਇਕੱਲੀ ਬੈਠ ਕੇ ਰੋ ਲੈਂਦੀ, ਜਾਂ ਧੀ ਨੂੰ ਫੋਨ ਕਰ ਲੈਂਦੀ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ‘ਧੀਆਂ ਅਤੇ ਧਰੇਕਾਂ ਰੌਣਕ ਹੁੰਦੀਆਂ ਵਿਹੜੇ ਦੀ।’ ਮਾਂ ਸਬਰ ਕਰ ਕੇ ਕੰਮ ਲੱਗ ਜਾਂਦੀ। ਹੁਣ ਪ੍ਰੀਤ, ਧੀ ਦੀ ਥਾਂ ਨੂੰਹ ਲਿਆਉਣਾ ਚਾਹੁੰਦੀ ਸੀ। ਪੁੱਤ ਨੂੰ ਕਈ ਵਾਰ ਕਿਹਾ ਕਿ ਵਿਆਹ ਕਰਵਾ ਲਵੇ ਪਰ ਉਹ ਅੱਗਿਉਂ ਆਖਦਾ ਕਿ ਜਦੋਂ ਟਰੱਕ ਫਰੀ ਹੋ ਗਿਆ, ਵਿਆਹ ਕਰਵਾ ਲਵਾਂਗਾ। ਫਿਰ ਇਕ ਦਿਨ ਪੁੱਤ ਨੇ ਇੰਡੀਆ ਜਾਣ ਲਈ ਮਾਂ ਨੂੰ ਪੁੱਛਿਆ। ਉਹਦੇ ਕਿਸੇ ਮਿੱਤਰ ਦਾ ਵਿਆਹ ਸੀ। ਮਾਪਿਆਂ ਨੇ ਸਲਾਹ ਕਰ ਕੇ ਉਸ ਨੂੰ ਇਕ ਮਹੀਨੇ ਲਈ ਇੰਡੀਆ ਤੋਰ ਦਿੱਤਾ।
ਪੁੱਤ ਮਿੱਤਰ ਦੇ ਵਿਆਹ ਵਿਚ ਸ਼ਾਮਲ ਹੋਇਆ। ਰੰਗਾ-ਰੰਗ ਪ੍ਰੋਗਰਾਮ ਚੱਲਿਆ। ਪੁੱਤ ਦੀ ਅੱਖ ਨੱਚ ਰਹੀ ਇਕ ਕੁੜੀ ਨਾਲ ਲੜ ਗਈ। ਪਰੀਆਂ ਵਰਗੀ ਕੁੜੀ ਨੇ ਤਾਂ ਮੁੰਡੇ ਨੂੰ ਸ਼ੁਦਾਈ ਹੀ ਕਰ ਦਿੱਤਾ ਸੀ। ਦੋਹਾਂ ਨੇ ਫੋਨ ਨੰਬਰ ਵਟਾ ਲਏ। ਵਿਆਹ ਦੀ ਸਮਾਪਤੀ ਤੋਂ ਬਾਅਦ ਮੁੰਡੇ ਨੇ ਕੁੜੀ ਨੂੰ ਕੌਫ਼ੀ ਹੱਟ ‘ਤੇ ਬੁਲਾ ਲਿਆ। ਪਹਿਲੀ ਮੁਲਾਕਾਤ ਵਿਚ ਹੀ ਉਹ ਜਨਮਾਂ ਤੱਕ ਸਾਥ ਨਿਭਾਉਣ ਦਾ ਵਾਅਦਾ ਕਰ ਗਏ। ਕੁੜੀ ਨੇ ਉਠਣ ਲੱਗਿਆਂ ਕਿਹਾ, “ਮੈਂ ਸਰਦਾਰਾਂ ਦੀ ਧੀ ਨਹੀਂ, ਮਲੇਰ ਕੋਟਲੇ ਦੇ ਵਸਨੀਕ ਮੀਆਂ ਦੀ ਧੀ ਹਾਂ।” ਮੁੰਡੇ ਨੂੰ ਤਾਜ਼ੇ ਇਸ਼ਕ ਨੇ ਸਭ ਕੁਝ ਭੁਲਾ ਦਿੱਤਾ ਕਿ ਕੱਲ੍ਹ ਨੂੰ ਇਸ ਪਿਆਰ ਵਿਚ ਧਰਮ ਨੇ ਵੀ ਦੀਵਾਰ ਬਣਨਾ ਹੈ।
“ਬੰਦੇ ਦਾ ਧਰਮ ਇਨਸਾਨੀਅਤ ਹੈ। ਤੂੰ ਫ਼ਿਕਰ ਨਾ ਕਰ। ਤੂੰ ਕੀ ਸਮਝਦੀ ਏਂ ਕਿ ਸਰਦਾਰ ਤੈਨੂੰ ਧੋਖਾ ਦਊਗਾæææਨਹੀਂ ਕਦੇ ਨਹੀਂ।”
ਕੁੜੀ ਨੇ ਆਪਣਾ ਸਿਰ ਮੁੰਡੇ ਦੀ ਹਿੱਕ ‘ਤੇ ਰੱਖ ਦਿੱਤਾ, ਤੇ ਮੁੰਡੇ ਨੇ ਕੁੜੀ ਨੂੰ ਬਾਹਾਂ ਵਿਚ ਘੁੱਟ ਕੇ ਜਿੱਤ ਦਾ ਸਬੂਤ ਦੇ ਦਿੱਤਾ।
ਮੁੰਡੇ ਨੇ ਪਹਿਲੇ ਪਿਆਰ ਦੀ ਖਬਰ ਪਹਿਲਾਂ ਆਪਣੀ ਮਾਂ ਨੂੰ ਫੋਨ ‘ਤੇ ਸੁਣਾਈ। ਮਾਂ ਡਰ ਗਈ ਕਿ ਪੁੱਤ ਨੇ ਕੀ ਚੰਦ ਚਾੜ੍ਹ ਦਿੱਤਾ ਹੈ। ਜਦੋਂ ਉਸ ਨੂੰ ਪਤਾ ਲੱਗਾ ਕਿ ਧੀ ਮੁਸਲਮਾਨ ਭਾਈਚਾਰੇ ਦੀ ਹੈ, ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮਾਂ ਨੇ ਜਲਦੀ ਵਾਪਸ ਆਉਣ ਲਈ ਕਿਹਾ ਪਰ ਮੁੰਡਾ ਚਾਰ ਦਿਨ ਦੇ ਪਿਆਰ ਅੱਗੇ ਮਾਂ ਦੇ ਪੰਝੀ ਸਾਲਾਂ ਦਾ ਪਿਆਰ ਝੱਟ ਭੁੱਲ ਗਿਆ। ਪਿਉ ਨੇ ਤੁਰੰਤ ਟਿਕਟ ਲਈ, ਤੇ ਇੰਡੀਆ ਪਹੁੰਚ ਗਿਆ। ਪਿਉ ਦੇ ਪਹੁੰਚਣ ਤੋਂ ਪਹਿਲਾਂ ਮੁੰਡੇ ਨੇ ਮੰਗਣੀ ਦੀ ਰਸਮ ਪੂਰੀ ਕਰ ਲਈ ਸੀ। ਜਿਥੇ ਮੁੰਡੇ ਨੇ ਮਾਪਿਆਂ ਤੋਂ ਬਾਗੀ ਹੋ ਕੇ ਦੂਜੇ ਮਜ਼ਹਬ ਦੀ ਕੁੜੀ ਨਾਲ ਪਿਆਰ ਕੀਤਾ ਸੀ, ਉਥੇ ਧੀ ਵੀ ਸ਼ਰਮ-ਹਯਾ ਵਾਲੀ ਦਹਿਲੀਜ਼ ਟੱਪ ਆਈ ਸੀ। ਮੁੰਡੇ ਨੇ ਕੁੜੀ ਦੇ ਪੇਪਰ ਮੰਗੇਤਰ ਦੇ ਤੌਰ ‘ਤੇ ਭਰ ਦਿੱਤੇ, ਤੇ ਵਾਪਸ ਆ ਗਿਆ, ਪਿਛੇ ਗਏ ਪਿਉ ਦੀ ਇਕ ਨਾ ਸੁਣੀ। ਪਿਉ ਵਾਪਸ ਆਇਆ ਤਾਂ ਪ੍ਰੀਤ ਦੇ ਗਲ ਲੱਗ ਕੇ ਉਚੀ-ਉਚੀ ਰੋਇਆæææਸੋਚਿਆ, ਅਜਿਹੀ ਔਲਾਦ ਖੁਣੋਂ ਕੀ ਥੁੜ੍ਹਿਆ ਸੀ।
ਪੁੱਤ ਨੇ ਰਹਿੰਦੇ ਪੇਪਰ ਵੀ ਭੇਜ ਦਿੱਤੇ ਅਤੇ ਛੇ ਮਹੀਨਿਆਂ ਵਿਚ ਕੁੜੀ ਅਮਰੀਕਾ ਆ ਗਈ। ਕਰਮੂ ਨੇ ਪੁੱਤ ਦਾ ਬੋਰੀਆ-ਬਿਸਤਰਾ ਚੁਕਾ ਦਿੱਤਾ। ਟਰੱਕ ਵੀ ਵਾਪਸ ਲੈ ਲਿਆ। ਪੁੱਤ ਕੋਲ ਹੁਣ ਸਿਫ਼ਰ ਉਸ ਦਾ ਪਿਆਰ ਹੀ ਸੀ। ਉਸ ਨੇ ਕੋਰਟ ਮੈਰਿਜ ਕਰਵਾ ਲਈ। ਦੋਵੇਂ ਜਣੇ ਕੰਮ ‘ਤੇ ਜਾਣ ਲੱਗੇ। ਕੁੜੀ ਨੂੰ ਗਰੀਨ ਕਾਰਡ ਮਿਲ ਗਿਆ। ਫਿਰ ਉਸ ਦੇ ਪਿਆਰ ਵਿਚ ਕੁੜੱਤਣ ਆਉਣ ਲੱਗ ਪਈ। ਗੱਲ ਤੂੰ-ਤੂੰ ਮੈਂ-ਮੈਂ ‘ਤੇ ਪਹੁੰਚ ਗਈ। ਇਕ ਦਿਨ ਮੁੰਡੇ ਨੇ ਕੁੜੀ ‘ਤੇ ਹੱਥ ਚੁੱਕ ਲਿਆ ਤੇ ਕੁੜੀ ਨੇ ਪੁਲਿਸ ਨੂੰ ਕਾਲ ਕਰ ਦਿੱਤੀ। ਮੁੰਡੇ ਨੇ ਥਾਣੇ ਵਿਚੋਂ ਮਾਪਿਆਂ ਨੂੰ ਕਾਲ ਕੀਤੀ। ਮਾਪੇ ਥਾਣੇ ਵੱਲ ਭੱਜੇ ਅਤੇ ਜ਼ਮਾਨਤ ‘ਤੇ ਰਿਹਾ ਕਰਵਾਇਆ। ਨਾਲ ਹੀ ਮੁੰਡੇ ਦੀਆਂ ਅੱਖਾਂ ਤੋਂ ਪਿਆਰ ਦੀ ਪੱਟੀ ਲਹਿ ਗਈ। ਕੁੜੀ ਨੇ ਤਲਾਕ ਦੇ ਪੇਪਰ ਮੁੰਡੇ ਅੱਗੇ ਰੱਖ ਦਿੱਤੇ। ਮੁੰਡੇ ਨੇ ਪੁੱਛਿਆ, “ਸਾਡੇ ਪਿਆਰ ਦਾ ਕੀ ਬਣੂੰਗਾ।” ਕੁੜੀ ਨੇ ਕਿਹਾ, “ਮੇਰਾ ਹੁਸਨ ਦੇਖ ਕੇ ਮਾਪਿਆਂ ਦਾ ਪੰਝੀ ਸਾਲ ਦਾ ਪਿਆਰ ਭੁੱਲ ਗਿਆ, ਕੱਲ੍ਹ ਨੂੰ ਕਿਸੇ ਹੋਰ ਕੁੜੀ ਦਾ ਹੁਸਨ ਦੇਖ ਮੇਰੇ ਇਕ ਸਾਲ ਦਾ ਪਿਆਰ ਤਾਂ ਤੂੰ ਝੱਟ ਭੁੱਲ ਜਾਵੇਂਗਾ। ਜਿਹੜੇ ਮੁੰਡੇ ਨੇ ਆਪਣੀ ਕੁੱਖ ਦੀ ਲਾਜ ਨਹੀਂ ਰੱਖੀ, ਉਹ ਮੇਰੇ ਪਿਆਰ ਦੀ ਕੀ ਲਾਜ ਰੱਖ ਸਕਦਾ ਹੈ!”
ਕੁੜੀ ਦੀਆਂ ਸੱਚੀਆਂ ਤੇ ਖਰੀਆਂ ਸੁਣ ਕੇ ਮੁੰਡੇ ਦੀਆਂ ਅੱਖਾਂ ਖੁੱਲ੍ਹ ਗਈਆਂ ਤੇ ਉਹ ਆਪਣੇ ਮਾਪਿਆਂ ਦੇ ਪੈਰੀਂ ਡਿੱਗ ਪਿਆ। ਕਰਮੂ ਨੇ ਪੁੱਤ ਮੋਢੇ ਨਾਲ ਲਾ ਕੇ ਕੁੜੀ ਨੂੰ ਕਿਹਾ, “ਧੀਏ, ਜਿਹੜੇ ਪੁੱਤ ਨੂੰ ਅਸੀਂ ਨਹੀਂ ਸਮਝਾ ਸਕੇ, ਤੂੰ ਸਮਝਾ ਦਿੱਤਾ। ਤੇਰਾ ਧੰਨਵਾਦ, ਤੂੰ ਗਰੀਨ ਕਾਰਡ ਦੇ ਬਦਲੇ ਸਾਡਾ ਪੁੱਤ ਮੋੜ ਦਿੱਤਾ।”
ਕਰਮੂ ਨੇ ਨਵੇਂ ਟਰੱਕ-ਟਰੇਲਰ ਦੀਆਂ ਚਾਬੀਆਂ ਪੁੱਤ ਨੂੰ ਫੜਾ ਦਿੱਤੀਆਂ। ਪੁੱਤ ਛੇਤੀ ਹੀ ਸਾਊ ਪੁੱਤ ਬਣ ਗਿਆ।