ਫਲਸਤੀਨ, ਹਮਾਸ ਤੇ ਇਜ਼ਰਾਈਲ

ਹਮਾਸ ਦਾ ਬੇਟਾ-3
ਫਲਸਤੀਨੀਆਂ ਦੀ ਜੁਝਾਰੂ ਜਥੇਬੰਦੀ ‘ਹਮਾਸ’ ਦੇ ਮੋਢੀ ਲੀਡਰਾਂ ਵਿਚੋਂ ਇਕ, ਸ਼ੇਖ ਹਸਨ ਯੂਸਫ ਦੇ ਪੁੱਤਰ ਮੋਸਾਬ ਹਸਨ ਯੂਸਫ (ਜਨਮ 1978) ਨੇ ਛੋਟੀ ਉਮਰ ਵਿਚ ਹੀ ਆਪਣੀ ਸਵੈ-ਜੀਵਨੀ ‘ਸਨ ਆਫ ਹਮਾਸ’ ਲਿਖ ਦਿੱਤੀ ਹੈ। ਫਲਸਤੀਨ ਲਈ ਜੂਝ ਰਹੇ ਲੋਕਾਂ ਨੇ ਇਸ ਕਿਤਾਬ ਨੂੰ ਮੁੱਢੋਂ-ਸੁੱਢੋਂ ਰੱਦ ਕੀਤਾ ਹੈ ਪਰ ਪੱਛਮੀ ਜਗਤ ਨੇ ਇਸ ਕਿਤਾਬ ਦਾ ਭਰਵਾਂ ਸਵਾਗਤ ਕੀਤਾ ਹੈ।

ਮੋਸਾਬ ਅੱਜ ਕੱਲ੍ਹ ਅਮਰੀਕਾ ਵਿਚ ਰਹਿੰਦਾ ਹੈ ਅਤੇ ਉਸ ਦੇ ਇਜ਼ਰਾਈਲ ਲਈ ਜਸੂਸੀ ਕਰਨ ਦੇ ਕਿੱਸੇ ਵੀ ਚਰਚਾ ਵਿਚ ਰਹੇ ਹਨ। ਸਾਲ 2012 ਵਿਚ ਛਪੀ ਇਸ ਕਿਤਾਬ ਬਾਰੇ ਲੰਮਾ ਲੇਖ ਉਘੇ ਸਿੱਖ ਚਿੰਤਕ ਪ੍ਰੋæ ਹਰਪਾਲ ਸਿੰਘ ਪੰਨੂ ਨੇ ‘ਪੰਜਾਬ ਟਾਈਮਜ਼’ ਨੂੰ ਭੇਜਿਆ ਹੈ। ਇਸ ਲੇਖ ਵਿਚ ਉਨ੍ਹਾਂ ਇਸ ਕਿਤਾਬ, ਲੇਖਕ ਮੋਸਾਬ ਹਸਨ ਯੂਸਫ, ਫਲਸਤੀਨ ਅਤੇ ਇਜ਼ਰਾਈਲ ਦੇ ਪਿਛੋਕੜ ਵਿਚ ਪਏ ਅਹਿਮ ਤੱਥ ਉਜਾਗਰ ਕੀਤੇ ਹਨ। ਤੁਸੀਂ ਪੜ੍ਹ ਚੁੱਕੇ ਹੋ ਕਿ ਸ਼ਾਂਤ ਸੁਭਾਅ ਵਾਲਾ ਸ਼ੇਖ ਹਸਨ ਯੂਸਫ ਕਿਸ ਤਰ੍ਹਾਂ ਹੌਲੀ ਹੌਲੀ ਜਹਾਦ ਵੱਲ ਸਰਕ ਰਿਹਾ ਸੀ ਅਤੇ ਉਸ ਦਾ ਪੁੱਤਰ ਮੋਸਾਬ ਹਸਨ ਯੂਸਫ ਵੀ ਉਸ ਦੇ ਮਗਰ ਮਗਰ ਉਸੇ ਰਾਹ ਤੁਰਿਆ। ਇਸ ਤੀਜੀ ਕਿਸ਼ਤ ਵਿਚ ਚਰਚਾ ਹੈ ਕਿ ਕਿਤਾਬ ਦਾ ਲੇਖਕ ਮੋਸਾਬ ਹਸਨ ਯੂਸਫ, ਹਮਾਸ ਵੱਲੋਂ ਵਿੱਢੇ ਜਹਾਦ ਦੀਆਂ ਤੱਦੀਆਂ ਦੇਖ-ਸੁਣ ਕੇ ਵਿਲਕ ਉਠਦਾ ਹੈ ਅਤੇ ਫਿਰ ਹੌਲੀ ਹੌਲੀ ਹਰ ਤਰ੍ਹਾਂ ਦੀ ਹਿੰਸਾ ਦੇ ਖਿਲਾਫ ਹੋ ਜਾਂਦਾ ਹੈ। -ਸੰਪਾਦਕ

ਹਰਪਾਲ ਸਿੰਘ ਪੰਨੂ
ਫੋਨ: 91-94642-51454
ਗਾਜ਼ਾ ਪੱਟੀ ਵਿਚ ਦਸ ਲੱਖ ਰਫਿਊਜੀ ਸਨ, ਇਨ੍ਹਾਂ ਕੋਲ ਗੁਆਉਣ ਲਈ ਕੁਝ ਨਹੀਂ ਸੀ। ਇਨ੍ਹਾਂ ਵਿਚੋਂ ਹਮਾਸ ਲਈ ਭਰਤੀ ਆਸਾਨ ਕੰਮ ਸੀ। ਇਮਾਦ ਨਾਮ ਦੇ ਮੁੰਡੇ ਨੇ ਕਿਤਿਓਂ ਬੰਦੂਕ ਲੈ ਲਈ ਤਾਂ ਕਿ ਇਜ਼ਰਾਈਲੀ ਸਿਪਾਹੀ ਨੂੰ ਮਾਰ ਕੇ ਉਸ ਦੇ ਹਥਿਆਰ ਖੋਹ ਸਕੇ। ਨਿੱਕਾ ਜਿਹਾ ਹਥਿਆਰਬੰਦ ਦਸਤਾ ਬਣ ਗਿਆ। ਲੀਡਰਾਂ ਨੇ ਹਮਾਸ ਵਿਚ ਲੜਾਕੂ ਵਿੰਗ ਥਾਪ ਕੇ ਇਮਾਦ ਨੂੰ ਕਮਾਂਡਰ ਬਣਾ ਦਿੱਤਾ। ਉਹ ਕਿਸੇ ਅੱਗੇ ਜਵਾਬਦੇਹ ਨਹੀਂ ਸੀ।
13 ਦਸੰਬਰ 1992 ਨੂੰ ਤਲਅਵੀਵ ਨੇੜੇ ਇਜ਼ਰਾਈਲੀ ਸਿਪਾਹੀ ਨੂੰ ਅਗਵਾ ਕਰ ਲਿਆ ਗਿਆ, ਤੇ ਹਮਾਸ ਨੇ ਇਸ ਬਦਲੇ ਆਪਣੇ ਨੇਤਾ ਸ਼ੇਖ ਅਹਿਮਦ ਯਾਸੀਨ ਦੀ ਰਿਹਾਈ ਮੰਗੀ। ਇਜ਼ਰਾਈਲ ਨੇ ਨਾਂਹ ਕਰ ਦਿੱਤੀ। ਦੋ ਦਿਨ ਬਾਅਦ ਸਿਪਾਹੀ ਦੀ ਲਾਸ਼ ਮਿਲੀ। ਇਜ਼ਰਾਈਲ ਨੇ ਹਮਾਸ ਦੀ ਕਮਰ ਤੋੜਨ ਦਾ ਫੈਸਲਾ ਕੀਤਾ। 1600 ਮੈਂਬਰ ਗ੍ਰਿਫਤਾਰ ਕਰ ਲਏ, 415 ਲੀਡਰ ਦੇਸ਼ ਤੋਂ ਬਾਹਰ ਦੀਆਂ ਜੇਲ੍ਹਾਂ ਵਿਚ ਲੈ ਗਏ। ਸ਼ੇਖ ਹਸਨ ਵੀ ਇਨ੍ਹਾਂ ਵਿਚ ਸੀ, ਉਸ ਦੇ ਤਿੰਨ ਭਰਾ ਵੀ। ਛੇ ਮਹੀਨਿਆਂ ਬਾਅਦ ਖਬਰ ਮਿਲੀ ਕਿ 101 ਜਲਾਵਤਨੀ ਰਿਹਾ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚ ਸ਼ੇਖ ਹਸਨ ਨਹੀਂ ਸੀ। ਅਗਲੇ ਤਿੰਨ ਮਹੀਨਿਆਂ ਬਾਅਦ ਸਾਰੇ ਬੰਦੀ ਰਿਹਾ ਕਰ ਦਿੱਤੇ।
ਆਪੋ ਆਪਣੇ ਰਿਸ਼ਤੇਦਾਰਾਂ ਨੂੰ ਲੋਕ ਲੈਣ ਗਏ ਹੋਏ ਸਨ। ਸਭ ਆ ਗਏ, ਸ਼ੇਖ ਹਸਨ ਨਹੀਂ ਆਇਆ। ਅੱਧੀ ਰਾਤ ਤਕ ਪਰਿਵਾਰ ਉਡੀਕਦਾ ਰਿਹਾ। ਰਿਹਾਈ ਹੋਣ ਵਾਲੇ ਬੰਦਿਆਂ ਨੂੰ ਵੀ ਉਸ ਦਾ ਪਤਾ ਨਹੀਂ। ਬਾਅਦ ਵਿਚ ਵਕੀਲਾਂ ਨੇ ਪਤਾ ਕੀਤਾ, ਰਿਹਾਈ ਹੋਣ ਸਾਰ ਮੁੜ ਸ਼ੇਖ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ।
9 ਸਤੰਬਰ 1993 ਨੂੰ ਯਾਸਰ ਅਰਾਫਾਤ ਨੇ ਇਜ਼ਰਾਈਲ ਨਾਲ ਸੁਲ੍ਹਾ ਕਰ ਲਈ ਅਤੇ ਪ੍ਰਧਾਨ ਮੰਤਰੀ ਰਾਬਿਨ ਨੂੰ ਖਤ ਲਿਖਿਆ, “ਇਜ਼ਰਾਈਲ ਸਟੇਟ ਨੂੰ ਕਾਇਮ ਰਹਿਣ ਦਾ ਹਰ ਹੱਕ ਹੈ ਅਤੇ ਮੈਂ ਅਤਿਵਾਦ ਸਮੇਤ ਹਰ ਕਿਸਮ ਦੀ ਹਿੰਸਾ ਦੀ ਨਿਖੇਧੀ ਕਰਦਾ ਹਾਂ।” ਇਸ ਬਦਲੇ ਰਾਬਿਨ ਨੇ ਕਿਹਾ, “ਪੀæਐਲ਼ਓæ ਫਲਸਤੀਨੀ ਲੋਕਾਂ ਦੀ ਸਹੀ ਪ੍ਰਤੀਨਿਧ ਜਥੇਬੰਦੀ ਹੈ।” ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਨੇ ਪੀæਐਲ਼ਓæ ਉਪਰੋਂ ਪਾਬੰਦੀ ਹਟਾ ਲਈ, 13 ਸਤੰਬਰ ਨੂੰ ਦੁਨੀਆਂ ਨੇ ਵ੍ਹਾਈਟ ਹਾਊਸ ਵਿਚ ਅਰਾਫਾਤ ਅਤੇ ਰਾਬਿਨ ਦੀ ਹੱਥ ਮਿਲਾਉਂਦਿਆਂ ਦੀ ਤਸਵੀਰ ਦੇਖੀ। ਜਲਾਵਤਨੀ ਖਤਮ ਹੋਈ, ਅਰਾਫਾਤ ਟਿਊਨੀਸ਼ੀਆ ਤੋਂ ਫਲਸਤੀਨ ਪਰਤਿਆ।
ਸ਼ੇਖ ਹਸਨ ਨੂੰ ਅਰਾਫਾਤ ਅਤੇ ਰਾਬਿਨ ਉਤੇ ਕੋਈ ਭਰੋਸਾ ਨਹੀਂ ਸੀ। ਕੁਝ ਨੇਤਾ ਇਸ ਕਰ ਕੇ ਵੀ ਇਸ ਸੰਧੀ ਦੇ ਵਿਰੁਧ ਸਨ ਕਿ ਇਸ ਨਾਲ ਤਾਂ ਅਮਨ ਪਰਤ ਆਏਗਾ, ਫਿਰ ਹਮਾਸ ਕੀ ਕਰੇਗੀ? ਜਿਥੇ ਹਰ ਇਕ ਦੀ ਵੱਖੋ ਵੱਖਰੀ ਤੂਤੀ ਹੋਵੇ, ਉਥੇ ਅਮਨ ਕਿਵੇਂ ਥਿਰ ਹੋ ਸਕਦਾ ਹੈ? ਮਾੜੀਆਂ-ਮੋਟੀਆਂ ਹਿੰਸਕ ਵਾਰਦਾਤਾਂ ਜਾਰੀ ਰਹੀਆਂ।
25 ਫਰਵਰੀ 1994 ਨੂੰ ਵੱਡੀ ਵਾਰਦਾਤ ਹੋਈ। ਰਮਜ਼ਾਨ ਦੇ ਮਹੀਨੇ ਜਦੋਂ ਮੁਸਲਮਾਨ ਅਲ-ਹਰਮ ਮਸੀਤ ਵਿਚ ਹੇਬਰੋਨ ਵਿਖੇ ਨਮਾਜ਼ ਪੜ੍ਹ ਰਹੇ ਸਨ ਤਾਂ ਗੋਲਡਸਟੀਨ ਨਾਂ ਦਾ ਅਮਰੀਕਾ ਵਿਚ ਜੰਮਿਆ ਯਹੂਦੀ ਡਾਕਟਰ ਬੰਦੂਕ ਲੈ ਕੇ ਮਸੀਤ ਵਿਚ ਦਾਖਲ ਹੋਇਆ। ਇਸ ਮਸੀਤ ਦੇ ਵਿਹੜੇ ਵਿਚ ਆਦਮ-ਈਵ, ਅਬਰਾਹਮ-ਸਾਰਾਹ, ਇਸਹਾਕ-ਰਿਬੇਕਾ, ਯਾਕੂਬ-ਲੀਹ ਪੈਗੰਬਰਾਂ ਅਤੇ ਉਨ੍ਹਾਂ ਦੀਆਂ ਬੀਵੀਆਂ ਦੀਆਂ ਕਬਰਾਂ ਹਨ। ਅਕਾਰਨ ਹੀ ਉਸ ਨੇ ਅੰਧਾਧੁੰਦ ਫਾਇਰਿੰਗ ਖੋਲ੍ਹ ਦਿੱਤੀ। 29 ਫਲਸਤੀਨੀ ਮਾਰ ਦਿੱਤੇ, 100 ਤੋਂ ਵੱਧ ਜ਼ਖਮੀ ਹੋ ਗਏ। ਗੁੱਸੇ ਵਿਚ ਆਈ ਭੀੜ ਨੇ ਹਮਲਾਵਰ ਕੁੱਟ-ਕੁੱਟ ਕੇ ਮਾਰ ਦਿੱਤਾ। ਮਸਜਿਦ ਵਿਚੋਂ ਇਕ ਇਕ ਲਾਸ਼ ਬਾਹਰ ਲਿਜਾਈ ਜਾਂਦੀ ਟੀæਵੀæ ਵਿਚ ਦਿਖਾਈ ਗਈ। ਫਲਸਤੀਨੀ ਲੋਕ ਸੁੰਨ ਹੋ ਗਏ। ਹਮਾਸ ਕੜਕੀ- ਇਸ ਕਤਲੇਆਮ ਦਾ ਬਦਲਾ ਲਵਾਂਗੇ। ਹਮਲਾਵਰ, ਇਜ਼ਰਾਈਲੀ ਫੌਜ ਦੀ ਵਰਦੀ ਵਿਚ ਸੀ। ਸਮਝਿਆ ਗਿਆ ਸਰਕਾਰ ਨੇ ਕਾਰਾ ਕਰਵਾਇਆ।
6 ਅਪਰੈਲ ਨੂੰ ਕਾਰ ਵਿਚ ਬੰਬ ਫਟਿਆ; ਅੱਠ ਮਰੇ, 44 ਜ਼ਖਮੀ ਹੋਏ। ਉਸੇ ਦਿਨ ਹਮਾਸ ਨੇ ਦੋ ਇਜ਼ਰਾਈਲੀ ਮਾਰੇ, ਚਾਰ ਜ਼ਖਮੀ ਹੋਏ। 13 ਅਪਰੈਲ ਨੂੰ ਪਹਿਲਾ ਮਨੁੱਖੀ ਬੰਬ ਫਟਿਆ, ਇਸੇ ਦਿਨ ਸ਼ੇਖ ਹਸਨ ਰਿਹਾ ਹੋਇਆ। ਉਪਰੰਤ ਥਾਂ ਥਾਂ ਧਮਾਕੇ-ਦਰ-ਧਮਾਕੇ ਹੋਏ। ਸ਼ੇਖ ਨੇ ਕਿਹਾ- ਇਹ ਹੇਬਰੋਨ ਦੁਰਘਟਨਾ ਦੇ ਫਲ ਹਨ।
ਇਜ਼ਰਾਈਲ ਵਿਚ ਸਮਾਜਸੇਵੀ ਜਥੇਬੰਦੀ ‘ਜ਼ਾਕਾ’ ਦੇ ਵਲੰਟੀਅਰ ਪੀਲੀਆਂ ਵਰਦੀਆਂ ਪਾ ਕੇ ਦੁਰਘਟਨਾ ਵਾਲੀ ਥਾਂ ਆਉਂਦੇ, ਖਿੱਲਰੀਆਂ ਲੱਤਾਂ-ਬਾਹਾਂ-ਸਿਰ ਇਕੱਠੇ ਕਰਦੇ, ਫਿਰ ਇਨ੍ਹਾਂ ਅੰਗਾਂ ਨੂੰ ਮ੍ਰਿਤਕਾਂ ਦੇ ਸਰੀਰਾਂ ਨਾਲ ਜੋੜ ਕੇ ਦਫਨ ਵਾਸਤੇ ਰਿਸ਼ਤੇਦਾਰਾਂ ਨੂੰ ਦੇ ਦਿੰਦੇ। ਸਮਾਜਸੇਵੀ ਆਖਦੇ- ਆਪਣੇ ਮ੍ਰਿਤਕ ਪਿਆਰਿਆਂ ਨੂੰ ਦੇਖਣ ਨਾ ਜਾਉ, ਉਨ੍ਹਾਂ ਦੀ ਜਿਉਂਦੇ ਜੀਅ ਦੀ ਤਸਵੀਰ ਤੁਹਾਡੀ ਯਾਦ ਵਿਚ ਰਹਿਣੀ ਚਾਹੀਦੀ ਹੈ, ਪਰ ਕੌਣ ਰੁਕਦੈ?
ਯਾਹੀਆ ਅੱਯਾਸ਼ ਬੰਬ ਬਣਾਉਣ ਦਾ ਮਾਹਿਰ ਸੀ। ਉੁਹ ਕੋਈ ਕੱਟੜਪੰਥੀ ਅਤਿਵਾਦੀ ਨਹੀਂ ਸੀ। ਇੰਜੀਨੀਅਰਿੰਗ ਦਾ ਵਿਦਿਆਰਥੀ ਸੀ ਤੇ ਵਿਦੇਸ਼ ਜਾ ਕੇ ਪੜ੍ਹਨਾ ਚਾਹੁੰਦਾ ਸੀ। ਇਜ਼ਰਾਈਲ ਨੇ ਆਗਿਆ ਨਹੀਂ ਦਿੱਤੀ। ਕ੍ਰੋਧ ਵਿਚ ਆ ਗਿਆ ਤੇ ਬੰਬ ਬਣਾਉਣ ਲੱਗਾ। ਇਹ ਫਲਸਤੀਨੀਆਂ ਦਾ ਹੀਰੋ ਬਣ ਗਿਆ ਤੇ ਇਜ਼ਰਾਈਲ ਸਰਕਾਰ ਉੁਸ ਦੀ ਤਲਾਸ਼ ਵਿਚ ਸੀ। ਵੱਖ ਵੱਖ ਧਮਾਕਿਆਂ ਦੌਰਾਨ ਉਸ ਨੇ 39 ਬੰਦੇ ਮਾਰੇ। ਮੋਸਾਬ ਨੂੰ ਇਹ ਖਬਰਾਂ ਸੁਣ ਕੇ ਜੋਸ਼ ਵੀ ਆਉਂਦਾ, ਸੁਆਦ ਵੀ।
ਯਾਸਰ ਅਰਾਫਾਤ ਨੇ ਕੁਵੈਤ ਉਪਰ ਹਮਲੇ ਵੇਲੇ ਇਰਾਨ ਦੀ ਹਮਾਇਤ ਵਿਚ ਬਿਆਨ ਦੇ ਦਿੱਤਾ ਜਿਸ ਨਾਲ ਅਮਰੀਕਾ ਅਤੇ ਅਰਬ ਦੇਸ਼ ਉਸ ਤੋਂ ਪਰੇ ਹਟ ਗਏ। ਅਰਾਫਾਤ ਨੂੰ ਫੰਡ ਦੇਣ ਦੀ ਥਾਂ ਹਮਾਸ ਦੀ ਸਹਾਇਤਾ ਕਰਨ ਲੱਗੇ। ਹਮਾਸ ਅਰਾਫਾਤ ਦੇ ਵਿਰੁਧ ਸੀ ਕਿਉਂਕਿ ਉਸ ਦੀ ਇਜ਼ਰਾਈਲੀ ਵਜ਼ੀਰਾਂ ਨਾਲ ਨੇੜਤਾ ਸੀ। ਅਰਾਫਾਤ ਇਜ਼ਰਾਈਲ ਵਿਚ ਰਹਿੰਦਿਆਂ ਫਲਸਤੀਨ ਲਈ ਖੁਦਮੁਖਤਾਰੀ ਮੰਗਦਾ ਸੀ ਪਰ ਹਮਾਸ ਦਾ ਫੈਸਲਾ ਸੀ ਕਿ ਇਜ਼ਰਾਈਲ 1948 ਤੋਂ ਪਹਿਲਾਂ ਵਾਲੀ ਸਾਰੀ ਧਰਤੀ ਖਾਲੀ ਕਰੇ।
ਸ਼ੇਖ ਹਸਨ ਨੂੰ ਮਿਲਣ ਅਰਾਫਾਤ ਰਮੱਲਾ ਨਗਰ ਆਇਆ। ਪਤਵੰਤਿਆਂ ਨੇ ਉਸ ਦਾ ਸਵਾਗਤ ਕੀਤਾ। ਅਰਾਫਾਤ ਨੇ ਹਮਾਸ ਦੇ ਬਾਨੀਆਂ ਨਾਲ ਹੱਥ ਮਿਲਾਇਆ ਪਰ ਸ਼ੇਖ ਹਸਨ ਦਾ ਹੱਥ ਚੁੰਮਿਆ, ਯਾਨਿ ਉਸ ਨੂੰ ਧਾਰਮਿਕ ਤੇ ਸਿਆਸੀ ਨੇਤਾ ਮੰਨਿਆ। ਇਸ ਪਿਛੋਂ ਗਾਜ਼ਾ ਸ਼ਹਿਰ ਵਿਚ ਵੀ ਦੋਵਾਂ ਦੀਆਂ ਮੀਟਿੰਗਾਂ ਹੋਈਆਂ ਪਰ ਪੀæਐਲ਼ਓæ ਅਤੇ ਹਮਾਸ ਵਿਚ ਏਕਤਾ ਨਾ ਹੋਈ, ਹੋ ਹੀ ਨਹੀਂ ਸਕਦੀ ਸੀ! ਹਮਾਸ ਇਸਲਾਮ ਦੇ ਪੌੜੀ ਦੇ ਆਖਰੀ ਡੰਡੇ ਉਤੇ ਚੜ੍ਹ ਗਈ ਸੀ ਤੇ ਕੁਰਾਨ ਉਸ ਨੂੰ ਜਹਾਦ ਕਰਨ ਦੀ ਪ੍ਰੇਰਨਾ ਦਿੰਦਾ ਸੀ। ਸ਼ੇਖ ਹਸਨ ਕਤਲ ਦੀਆਂ ਸਾਜ਼ਿਸ਼ਾਂ ਨਹੀਂ ਰਚਦਾ ਸੀ, ਇਹ ਕੰਮ ਜੁਆਨ ਆਪੇ ਕਰਦੇ; ਉਹ ਬੱਸ ਰੋਕਦਾ ਨਹੀਂ ਸੀ। ਸਰਕਾਰ ਖਾੜਕੂਆਂ ਨੂੰ ਲੱਭ ਨਾ ਸਕਦੀ, ਸ਼ੇਖ ਵਰਗੇ ਲੀਡਰਾਂ ਨੂੰ ਫੜ ਲੈਂਦੀ। ਹਿੰਸਕ ਵਾਰਦਾਤਾਂ ਵਾਸਤੇ ਕੋਈ ਇਕ ਨੇਤਾ ਜ਼ਿੰਮੇਵਾਰ ਨਹੀਂ ਸੀ। ਹਮਾਸ ਦਾ ਕੋਈ ਵਿਧੀ ਵਿਧਾਨ ਨਹੀਂ ਸੀ; ਹਮਾਸ ਕੇਵਲ ਖਿਆਲ ਦਾ ਨਾਮ ਸੀ, ਉਸ ਚਪਟੇ ਕੀੜੇ ਵਰਗਾ ਖਿਆਲ ਜਿਸ ਦਾ ਸਿਰ ਕੱਟ ਦਿਉ, ਤਾਂ ਥੋੜ੍ਹੀ ਦੇਰ ਬਾਅਦ ਨਵਾਂ ਸਿਰ ਉਗ ਆਉਂਦਾ ਹੈ। ਸ਼ੇਖ ਹਸਨ ਦੀ ਹਰ ਗ੍ਰਿਫਤਾਰੀ ਨਾਲ ਵਾਰਦਾਤਾਂ ਵਧ ਜਾਂਦੀਆਂ। ਕਿਸੇ ਨੂੰ ਯਕੀਨ ਨਹੀਂ ਸੀ ਕਿ ਯਹੂਦੀ, ਫਲਸਤੀਨ ਵਿਚੋਂ ਚਲੇ ਜਾਣਗੇ, ਪਰ ਅੱਲਾ ਕਰਾਮਾਤ ਕਰ ਕੇ ਕੱਢੇਗਾ। ਪੀæਐਲ਼ਓæ ਸਿਆਸੀ ਜਥੇਬੰਦੀ ਸੀ; ਸੋ, ਇਸ ਨਾਲ ਬੈਠ ਕੇ ਕੋਈ ਰਸਤਾ ਨਿਕਲ ਸਕਦਾ ਹੈ ਪਰ ਹਮਾਸ ਧਾਰਮਿਕ ਇਸਲਾਮਿਕ ਜਥੇਬੰਦੀ ਹੈ, ਇਸ ਦਾ ਕੀ ਇਲਾਜ?
ਇਕ ਦਿਨ ਮਨੁੱਖੀ ਬੰਬ ਨੇ ਮਾਸੂਮ ਬੱਚਿਆਂ, ਔਰਤਾਂ ਦੀਆਂ ਕਈ ਜਾਨਾਂ ਲਈਆਂ। ਖਬਰ ਸੁਣ ਕੇ ਮੋਸਾਬ ਨੇ ਪੁੱਛਿਆ, “ਅੱਬੂ, ਤੁਹਾਨੂੰ ਚੰਗੇ ਲਗਦੇ ਨੇ ਇਹ ਕੰਮ?” ਅੱਬੂ ਨੇ ਕਿਹਾ, “ਮੈਂ ਘਰੋਂ ਬਾਹਰ ਨਿਕਲਿਆ ਤਾਂ ਬਿੱਛੂ ਜਾਂਦਾ ਦੇਖਿਆ। ਮੈਂ ਸੋਚੀਂ ਪੈ ਗਿਆ, ਇਸ ਨੂੰ ਮਾਰਾਂ ਕਿ ਨਾ। ਮੈਥੋਂ ਮਾਰਿਆ ਨਹੀਂ ਗਿਆ।”
“ਤਾਂ ਕੀ ਇਜ਼ਰਾਈਲੀ ਬਿੱਛੂ ਨੇ ਅੱਬੂ?” ਅੱਬੂ ਖਾਮੋਸ਼ ਬੈਠਾ ਰਿਹਾ।
ਟੀæਵੀæ ‘ਤੇ ਵੱਡੀ ਖਬਰ ਸੁਣੀ- ਇਜ਼ਰਾਈਲ ਦਾ ਪ੍ਰਧਾਨ ਮੰਤਰੀ ਰਾਬਿਨ ਕਤਲ। ਫਲਸਤੀਨੀ ਖੁਸ਼ ਹੋ ਗਏ, ਹਮਾਸ ਏਡਾ ਕਾਰਨਾਮਾ ਵੀ ਕਰ ਸਕਦੀ ਹੈ? ਅਰਾਫਾਤ ਨੇ ਸ਼ੇਖ ਹਸਨ ਨੂੰ ਫੋਨ ਕੀਤਾ। ਸ਼ੇਖ ਹੂੰ ਹਾਂ ਕਰਦਾ ਰਿਹਾ। ਅਰਾਫਾਤ ਨੇ ਦੱਸਿਆ ਕਿ ਇਹ ਕਾਰਾ ਹਮਾਸ ਨੇ ਨਹੀਂ, ਕਿਸੇ ਯਹੂਦੀ ਜੁਆਨ ਨੇ ਕੀਤਾ ਹੈ। ਹਮਾਸ ਦੇ ਯੋਧੇ ਦੁਖੀ ਹੋਏ ਕਿ ਬਹਾਦਰੀ ਦਾ ਕਾਰਨਾਮਾ ਯਹੂਦੀ ਕਰ ਗਿਆ।
ਦੁਨੀਆਂ ਨੇ ਅਰਾਫਾਤ ‘ਤੇ ਦਬਾਉ ਪਾਇਆ ਕਿ ਖਾੜਕੂਆਂ ਨੂੰ ਕਾਬੂ ਕਰੇ। ਸ਼ੇਖ ਹਸਨ ਨੂੰ ਗ੍ਰਿਫਤਾਰ ਕਰ ਕੇ ਅਰਾਫਾਤ ਦੀ ਸਪੁਰਦਗੀ ਵਿਚ ਉਸ ਦੇ ਹੀ ਮਹਿਲ ਦੇ ਇਕ ਹਿਸੇ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਹੁਣ ਯਹੂਦੀ ਨਹੀਂ, ਫਲਸਤੀਨੀ ਫਲਸਤੀਨੀਆਂ ਨੂੰ ਗ੍ਰਿਫਤਾਰ ਕਰਨਗੇ। ਅਰਾਫਾਤ ਨੇ ਸ਼ੇਖ ਨੂੰ ਸਤਿਕਾਰ ਨਾਲ ਰੱਖਿਆ, ਤੇ ਗਾਹੇ-ਬਗਾਹੇ ਸਲਾਹ ਮਸ਼ਵਰਾ ਕਰਨ ਆਉਂਦਾ ਜਾਂਦਾ। ਬਹੁਤ ਗ੍ਰਿਫਤਾਰੀਆਂ ਹੋਈਆਂ, ਭੇਤ ਲੈਣ ਵਾਸਤੇ ਤਸੀਹਿਆਂ ਦੌਰਾਨ ਮੌਤਾਂ ਹੋਈਆਂ ਤੇ ਬਹੁਤ ਸਾਰੇ ਖਾੜਕੂ ਅੰਡਰਗ੍ਰਾਊਂਡ ਹੋ ਕੇ ਵਾਰਦਾਤਾਂ ਕਰਦੇ ਰਹੇ।
ਮੋਸਾਬ ਇਜ਼ਰਾਈਲ ਦੇ ਵਿਰੁਧ ਸੀ ਕਿਉਂਕਿ ਉਸ ਨੇ ਅੱਲਾਹ ਦੇ ਬੰਦਿਆਂ ਦੀ ਜ਼ਮੀਨ ਖੋਹੀ ਸੀ। ਉਹ ਅਰਾਫਾਤ ਵਰਗੇ ਨਾਸਤਿਕ ਦੇ ਵਿਰੁਧ ਸੀ ਜਿਹੜਾ ਮੁਸਲਮਾਨਾਂ ਦੇ ਹੱਕ ਵਿਚ ਨਹੀਂ, ਯਹੂਦੀਆਂ ਦੇ ਹੱਕ ਵਿਚ ਭੁਗਤ ਰਿਹਾ ਸੀ; ਜਿਸ ਨੇ ਭਲੇਮਾਣਸ ਅੱਬੂ ਸ਼ੇਖ ਹਸਨ ਵਰਗੇ ਆਦਰਸ਼ਕ ਮੁਸਲਮਾਨ ਨੂੰ ਗ੍ਰਿਫਤਾਰ ਕਰ ਰੱਖਿਆ ਹੈ। ਉਹ ਸਤਾਰਾਂ ਸਾਲ ਕੁਝ ਮਹੀਨੇ ਦਾ ਹੋ ਗਿਆ। ਕਦੀ ਕਦਾਈਂ ਅੱਬੂ ਨਾਲ ਮੁਲਾਕਾਤ ਕਰਨ ਜਾਂਦਾ, ਅੱਬੂ ਹਰ ਵਾਰ ਇਹੀ ਆਖਦਾ, “ਤੇਰਾ ਕੰਮ ਕੇਵਲ ਪੜ੍ਹਨਾ ਹੈ, ਸਮਝਿਆ? ਕੇਵਲ ਪੜ੍ਹਾਈ ਕਰ।” ਮੋਸਾਬ ਹਾਂ ਹੂੰ ਕਰਦਾ ਰਹਿੰਦਾ ਪਰ ਉਸ ਦਾ ਮਨ ਹਥਿਆਰ ਲੈ ਕੇ ਇਜ਼ਰਾਈਲ ਅਤੇ ਪੀæਐਲ਼ਓæ ਵਿਰੁਧ ਲੜਨ ਦਾ ਬਣ ਰਿਹਾ ਸੀ। ਨਾ ਸਫਲ ਹੋਵਾਂਗਾ, ਨਾ ਸਹੀ; ਸ਼ਹੀਦ ਤਾਂ ਅਖਵਾਵਾਂਗਾ। ਅੱਬੂ ਨੇ ਕਿਹਾ, “ਮੇਰੇ ਬਾਅਦ ਪਰਿਵਾਰ ਦੀ ਜ਼ਿੰਮੇਵਾਰੀ ਤੇਰੀ ਹੈ। ਮਾਂ ਦਾ ਆਖਾ ਮੰਨੀਂ, ਨਮਾਜ਼ ਵਿਚ ਕਦੀ ਨਾਗਾ ਨਾ ਪਾਈਂ।” ਮੋਸਾਬ ਉਪਰ ਅੱਬੂ ਦੀ ਸਿੱਖਿਆ ਅਸਰਅੰਦਾਜ਼ ਨਹੀਂ ਸੀ ਹੋ ਰਹੀ। ਉਹ ਘਰੋਂ ਖਾਣਾ ਲੈ ਕੇ ਜਾਂਦਾ, ਲਜ਼ੀਜ਼ ਖਾਣਾ ਅੱਬੂ ਸਿਪਾਹੀਆਂ ਨਾਲ ਵੰਡ ਕੇ ਖਾਂਦਾ। ਗਾਰਦ ਉਸ ਦਾ ਪੂਰਾ ਸਤਿਕਾਰ ਕਰਦੀ। ਮੋਸਾਬ ਨੂੰ ਇਹ ਸਭ ਅਜੀਬ ਲਗਦਾ। ਵੈਰੀ ਨਾਲ ਪਿਆਰ ਦਾ ਕੀ ਮਤਲਬ?
ਉਸ ਨੇ ਆਪਣੇ ਦੋਸਤ ਇਬ੍ਰਾਹੀਮ ਨੂੰ ਕਿਹਾ, “ਮੇਰਾ ਜੀ ਕਰਦੈæææਬੰਦੂਕ ਖਰੀਦਾਂ ਪਰ ਪੈਸੇ ਨਹੀਂ। ਬਹੁਤ ਮਹਿੰਗੀ ਨਾ ਸਹੀ, ਸਸਤੀ ਖਰੀਦ ਲਾਂਗੇ, ਪਿਸਤੌਲ ਵੀ ਠੀਕ ਐ।” ਇਬ੍ਰਾਹੀਮ ਨੇ ਕਿਹਾ, ਉਹ ਪੈਸਿਆਂ ਦਾ ਬੰਦੋਬਸਤ ਕਰ ਦਏਗਾ। ਫਿਰ ਆਪਣੇ ਚਚੇਰੇ ਭਰਾ ਦਾਊਦ ਨੂੰ ਪੁੱਛਿਆ, “ਹਥਿਆਰ ਕਿਥੋਂ ਮਿਲ ਸਕਦਾ?” ਉਸ ਨੇ ਕਿਹਾ, “ਦੱਸ ਦਿਆਂਗਾ, ਪਰ ਤੂੰ ਕਰਨਾ ਕੀ ਐ?” ਮੋਸਾਬ ਨੇ ਕਿਹਾ, “ਹਰ ਘਰ ਵਿਚ ਹਥਿਆਰ ਐ, ਮੈਂ ਪਰਿਵਾਰ ਦੀ ਰਾਖੀ ਕਰਾਂਗਾ।”
ਆਪਣੇ ਆਪ ਨੂੰ ਸਵਾਲ ਕੀਤਾ, ‘ਸਕੂਲ ਦਾ ਕੀ ਬਣੇਗਾ?’ ਫਿਰ ਆਪੇ ਜਵਾਬ ਦੇ ਲਿਆ, ‘ਪਾਗਲਾਂ ਦੇ ਦੇਸ਼ ਵਿਚ ਸਕੂਲ ਦੀ ਕੀ ਲੋੜ?’
ਅੱਬੂ ਵਾਲੀ ਛੋਟੀ ਜਿਹੀ ਕਾਰ ਚਲਾਉਣੀ ਸਿੱਖ ਲਈ ਸੀ। ਚਚੇਰੇ ਭਰਾ ਦੇ ਦੱਸੇ ਸਿਰਨਾਵੇਂ ‘ਤੇ ਇਕ ਪਿੰਡ ਕਿਸੇ ਦੇ ਘਰ ਇਬ੍ਰਾਹੀਮ ਸਣੇ ਪੁੱਜ ਗਿਆ। ਦੋਵਾਂ ਨੇ ਦੋ ਰਫਲਾਂ ਖਰੀਦ ਲਈਆਂ। ਡਿੱਕੀ ਵਿਚ ਕੱਪੜੇ ਹੇਠ ਲੁਕੋਣ ਬਾਅਦ ਘਰ ਵਾਲੇ ਨੂੰ ਕਿਹਾ- ਕਾਲੀ ਮਿਰਚ ਦਾ ਪਾਊਡਰ ਦੇਹ। ਉਸ ਨੇ ਪੁੱਛਿਆ- ਕੀ ਕਰਨੈ? ਮੋਸਾਬ ਨੇ ਕਿਹਾ- ਡਿੱਕੀ ਵਿਚ ਧੂੜਨੈ। ਕੋਈ ਇਜ਼ਰਾਈਲੀ ਕੁੱਤਾ ਸੁੰਘਣ ਲੱਗਾ ਤਾਂ ਨਿੱਛਾਂ ਮਾਰੇਗਾ।
ਕਦੀ ਕਦਾਈਂ ਇਬ੍ਰਾਹੀਮ ਨਾਲ ਫੋਨ ‘ਤੇ ਗੱਲ ਕਰ ਲੈਂਦਾ। ਇਮਤਿਹਾਨਾਂ ਵਿਚ ਦੋ ਹਫਤੇ ਰਹਿ ਗਏ। ਇਕ ਸ਼ਾਮ ਘਰ ਆਇਆ ਤਾਂ ਭਰਾ ਨੇ ਦੱਸਿਆ, “ਮੋਸਾਬ ਪੁਲਿਸ ਆਈ ਸੀ, ਤੈਨੂੰ ਲੱਭ ਰਹੀ ਸੀ।” ਅੱਬੂ ਨੂੰ ਮਿਲਣ ਗਿਆ, ਅੱਬੂ ਨੂੰ ਪੁਲਿਸ ਦਾ ਪਤਾ ਲੱਗ ਗਿਆ। ਪੁੱਛਿਆ, “ਸੱਚ ਦੱਸ ਕੀ ਗੱਲ ਐ?” ਸੱਚ ਦੱਸ ਦਿੱਤਾ। ਸ਼ਾਂਤ ਸੁਭਾਅ ਦਾ ਅੱਬੂ ਦੁਖੀ ਵੀ ਹੋਇਆ, ਕ੍ਰੋਧਵਾਨ ਵੀ, “ਕਿਹੜਾ ਰਸਤਾ ਫੜ ਲਿਐ ਤੂੰ? ਸਿਰ ਵਿਚ ਗੋਲੀ ਦਾਗ ਦੇਣਗੇ। ਤੂੰ ਘਰ ਵਿਚ ਜੇਠਾ ਬੇਟਾ ਹੈਂ, ਤੂੰ ਕੀ ਕਰਨ ਲੱਗੈਂ?”
ਇਮਤਿਹਾਨ ਤੱਕ ਮੋਸਾਬ ਇਧਰ ਉਧਰ ਲੁਕ ਛੁਪ ਕੇ ਰਹਿਣ ਲੱਗਾ। ਫਿਰ ਪਤਾ ਲੱਗਾ, ਇਬ੍ਰਾਹੀਮ ਦੇ ਘਰ ਛਾਪਾ ਪਿਆ, ਗੰਨ ਫੜੀ ਗਈ, ਅਗਲੇ ਗ੍ਰਿਫਤਾਰ ਕਰ ਕੇ ਲੈ ਗਏ। ਸਕੂਲੋਂ ਪਰਤਦਿਆਂ ਮੋਸਾਬ ਦੀ ਗ੍ਰਿਫਤਾਰੀ ਹੋ ਗਈ। ਪੁਲਿਸ ਦੇ ਖੁਫੀਆ ਵਿੰਗ ਨੇ ਦੋਹਾਂ ਦੀ ਗੁਫਤਗੂ ਰਿਕਾਰਡ ਕਰ ਲਈ ਸੀ। ਥੋੜ੍ਹੇ ਦਿਨਾਂ ਬਾਅਦ ਦਾਊਦ ਵੀ ਕਾਬੂ ਕਰ ਲਿਆ।
ਜਿਸ ਤਫਤੀਸ਼ ਕੇਂਦਰ ਵਿਚ ਸ਼ੇਖ ਹਸਨ ਨੂੰ ਤਸੀਹੇ ਦਿੱਤੇ ਸਨ, ਉਸੇ ਵਿਚ ਆਖਰ ਮੋਸਾਬ ਪੁੱਜ ਗਿਆ। ਉਚੀ ਆਵਾਜ਼ ਵਿਚ ਸੀæਡੀæ ਵੱਜ ਰਹੀ ਸੀ ਤਾਂ ਕਿ ਬੰਦੀਆਂ ਦੀਆਂ ਚੀਕਾਂ ਬਾਹਰ ਸੁਣਾਈ ਨਾ ਦੇਣ। ਤਸ਼ੱਦਦ ਝੱਲਦਿਆਂ ਮੋਸਾਬ ਨੂੰ ਲਗਦਾ, ਗਲਤ ਉਤਰ ਸੁਣ ਕੇ ਮੁਨਕਿਰ ਤੇ ਨਕੀਰ ਫਰਿਸ਼ਤੇ ਸਿਰ ਵਿਚ ਹਥੌੜੇ ਮਾਰ ਰਹੇ ਸਨ।
ਇਕ ਦਿਨ ਉਸ ਨੂੰ ਕਿਸੇ ਹੋਰ ਕਮਰੇ ਵਿਚ ਲਿਜਾਇਆ ਗਿਆ ਜਿਥੇ ਖੁਫੀਆ ਪੁਲਿਸ ਅਫਸਰ ਬੈਠਾ ਸੀ। ਮੋਸਾਬ ਵੱਲ ਦੇਖ ਕੇ ਕਿਹਾ, “ਅੱਖ ਕਿਉਂ ਸੁੱਜੀ ਹੋਈ ਐ?”
“ਉਨ੍ਹਾਂ ਨੇ ਰਫਲ ਦਾ ਬੱਟ ਮਾਰਿਆ।”
“ਕਿਨ੍ਹਾਂ ਨੇ?”
“ਜਿਹੜੇ ਸਿਪਾਹੀ ਮੈਨੂੰ ਜੀਪ ਵਿਚ ਸੁੱਟ ਕੇ ਲਿਆਏ ਸਨæææਉਨ੍ਹਾਂ ਨੇ।”
“ਇਹ ਤਾਂ ਗ਼ੈਰ-ਕਾਨੂੰਨੀ ਕੰਮ ਹੈ, ਮੈਂ ਖਬਰ ਲਵਾਂਗਾ ਉਨ੍ਹਾਂ ਦੀ। ਹਾਂ, ਇਹ ਦੱਸ ਤੈਨੂੰ ਇਥੇ ਕਿਉਂ ਲਿਆਂਦਾ ਗਿਆ?”
“ਪਤਾ ਨਹੀਂ।”
“ਤੈਨੂੰ ਸਭ ਪਤੈ। ਮੈਂ ਖੁਫੀਆ ਪੁਲਿਸ ਕਪਤਾਨ ਲੋਈ ਹਾਂ, ਤੇਰੇ ਇਲਾਕੇ ਦਾ ਇੰਚਾਰਜ। ਤੇਰੇ ਪਰਿਵਾਰ, ਤੇਰੇ ਸਾਥੀਆਂ ਬਾਰੇ ਸਭ ਪਤਾ ਹੈ ਮੈਨੂੰ। ਦੇਖ, ਮੈਂ ਉਨ੍ਹਾਂ ਅਫਸਰਾਂ ਵਰਗਾ ਨਹੀਂ ਜਿਹੜੇ ਤੈਨੂੰ ਟਾਰਚਰ ਕਰਦੇ ਰਹੇ। ਮੇਰੀ ਦਿਲਚਸਪੀ ਤੈਨੂੰ ਸੁਧਾਰਨ ਵਿਚ ਹੈ। ਹੁਣ ਜੋ ਤੈਨੂੰ ਪਤਾ ਹੈ, ਉਗਲ ਦੇ।”
“ਤੁਸੀਂ ਕਾਸ ਬਾਰੇ ਪੁੱਛਣੈ?”
“ਹਮਾਸ ਬਾਰੇ, ਹਥਿਆਰਾਂ ਬਾਰੇ, ਇਸਲਾਮਿਕ ਲਹਿਰ ਬਾਰੇ।”
“ਮੈਨੂੰ ਕੋਈ ਜਾਣਕਾਰੀ ਨਹੀਂ।”
“ਮੋਸਾਬ, ਤੂੰ ਮੁਸੀਬਤ ਵਾਲੇ ਰਾਹ ਪੈ ਰਿਹੈਂ। ਤੇਰੇ ਅੱਬੂ ਨੂੰ ਮੈਂ ਪੁੱਛ-ਗਿਛ ਲਈ ਲਿਆਂਦਾ ਸੀ। ਉਹ ਭਲਾ ਆਦਮੀ ਹੈ, ਤੇਰੇ ਵਾਂਗ ਹਥਿਆਰਾਂ ਦਾ ਸ਼ੁਕੀਨ ਨਹੀਂ। ਤੂੰ ਇਜ਼ਰਾਈਲੀ ਲੋਕਾਂ ਦੇ ਖਿਲਾਫ ਹੈਂ। ਦੇਖ ਛੋਕਰੇ, ਇਜ਼ਰਾਈਲ ਨਿੱਕਾ ਜਿਹਾ ਦੇਸ ਐ ਜੋ ਅਸੀਂ ਬੜੀ ਮੁਸ਼ਕਿਲ ਨਾਲ ਹਾਸਲ ਕੀਤੈ। ਜਿਹੜਾ ਬੰਦਾ ਇਜ਼ਰਾਈਲ ਦੇ ਵਸਨੀਕਾਂ ਨਾਲ ਬੁਰਾ ਕਰੇਗਾ, ਅਸੀਂ ਛੱਡਾਂਗੇ ਨਹੀਂ। ਅਸੀਂ ਬੜੇ ਦੁਖ ਦੇਖੇ ਹਨ, ਹੁਣ ਬੱਸ।”
ਇਹ ਕਹਿ ਕੇ ਕਪਤਾਨ ਕਿਧਰੇ ਚਲਾ ਗਿਆ, ਥੋੜ੍ਹੀ ਦੇਰ ਬਾਅਦ ਮੀਟ-ਚੌਲਾਂ ਦੀ ਭਰੀ ਪਲੇਟ ਲੈ ਕੇ ਆ ਗਿਆ।
“ਤੈਨੂੰ ਭੁੱਖ ਲਗੀ ਹੋਣੀ ਮੋਸਾਬ, ਖਾ ਲੈ।”
ਪਲੇਟ ਫੜ ਲਈ, ਸੋਹਣੀ ਖੁਸ਼ਬੂ ਸੀ। ਇਹ ਕੈਦੀਆਂ ਲਈ ਨਹੀਂ, ਅਫਸਰਾਂ ਲਈ ਤਿਆਰ ਕੀਤਾ ਖਾਣਾ ਸੀ। ਖਾ ਗਿਆ।
ਕਪਤਾਨ ਨੇ ਕਿਹਾ, “ਹਾਂ, ਹੁਣ ਦੱਸ ਤੂੰ ਇਜ਼ਰਾਈਲੀਆਂ ਦਾ ਦੁਸ਼ਮਣ ਕਿਉਂ ਹੈਂ?”
“ਮੈਂ ਅਜ ਤੱਕ ਕਿਸੇ ਇਜ਼ਰਾਈਲੀ ਨੂੰ ਤੰਗ ਨਹੀਂ ਕੀਤਾ, ਸਗੋਂ ਤੁਸੀਂ ਮੇਰੇ ਬੇਕਸੂਰ ਅੱਬੂ ਨੂੰ ਅਨੇਕ ਵਾਰ ਗ੍ਰਿਫਤਾਰ ਕੀਤਾ, ਟਾਰਚਰ ਕੀਤਾ, ਹੁਣ ਤੱਕ ਬੰਦ ਹੈ।”
“ਮੋਸਾਬ, ਤੈਨੂੰ ਆਖਰੀ ਮੌਕਾ ਦਿਤੈ। ਫੇਰ ਟਾਰਚਰ ਚੈਂਬਰ ਵਿਚ ਜਾਣਾ ਚਾਹੁਨੈæææਤੇਰੀ ਮਰਜ਼ੀ। ਤੂੰ ਅਜੇ ਬੱਚਾ ਹੈਂ, ਮੈਨੂੰ ਤੇਰੇ ‘ਤੇ ਤਰਸ ਆਉਂਦੈ। ਮੈਂ ਤੈਨੂੰ ਬਚਾਉਣਾ ਚਾਹੁੰਨਾ। ਬਚਣੈ ਤਾਂ ਸਾਰੀ ਗੱਲ ਦੱਸ ਦੇਹ।”
ਮੋਸਾਬ ਨੇ ਬੰਦੂਕ ਖਰੀਦਣ ਦੀ ਸਾਰੀ ਗੱਲ ਦੱਸ ਦਿੱਤੀ। ਇਹ ਨਹੀਂ ਦੱਸਿਆ ਕਿ ਕਿਸ ਵਾਸਤੇ ਖਰੀਦੀ ਸੀ। ਕਿਹਾ, ਆਪਣੇ ਘਰਦਿਆਂ ਦੀ ਰਾਖੀ ਵਾਸਤੇ ਲਿਆਂਦੀ, ਪਰ ਇਹ ਤੱਥ ਦੱਸਦਿਆਂ ਚਚੇਰੇ ਭਰਾ ਦਾ ਨਾਮ ਵੀ ਲੈਣਾ ਪਿਆ। ਇਸ ਕਰ ਕੇ ਉਹ ਵੀ ਦਬੋਚ ਲਿਆ। ਵੱਖ ਵੱਖ ਅਤੇ ਇਕੱਠਿਆਂ ਕੀਤੀ ਪੜਤਾਲ ਤੋਂ ਪਤਾ ਲੱਗਾ, ਅਜੇ ਕੋਈ ਵਾਰਦਾਤ ਨਹੀਂ ਕੀਤੀ। ਕਪਤਾਨ ਲੋਈ ਕੁਝ ਹਫਤਿਆਂ ਬਾਅਦ ਫਿਰ ਆ ਗਿਆ।
“ਮੋਸਾਬ, ਜੇ ਤੂੰ ਸਾਡੇ ਨਾਲ ਮਿਲ ਕੇ ਚੱਲੇਂਗਾ ਤਾਂ ਸੰਕਟ ਤੋਂ ਬਚ ਸਕਦੈਂ। ਜੇਲ੍ਹ ਵਿਚ ਵੀ ਲੰਮਾ ਸਮਾਂ ਨਹੀਂ ਰਹੇਂਗਾ। ਫਲਸਤੀਨੀ, ਇਜ਼ਰਾਈਲੀਆਂ ਨਾਲ ਲੜਦੇ ਰਹੇ ਹਨ, ਅੱਜ ਉਹ ਇਕ ਟੇਬਲ ‘ਤੇ ਬੈਠੇ ਅਮਨ ਦਾ ਰਸਤਾ ਲੱਭ ਰਹੇ ਹਨ।”
“ਪਰ ਇਸਲਾਮ ਮੈਨੂੰ ਤੁਹਾਡੇ ਨਾਲ ਮਿਲਣ ਨਹੀਂ ਦਿੰਦਾ।”
“ਇਹ ਗੱਲ ਨੀ ਮੋਸਾਬ, ਤੇਰਾ ਅੱਬੂ ਘੰਟਿਆਂ ਬੱਧੀ ਸਾਡੇ ਨਾਲ ਸਹੀ ਗੱਲ, ਸਭ ਦੇ ਭਲੇ ਦੀ ਗੱਲ ਕਰਦਾ ਰਿਹੈ। ਹੁਣ ਵੀ ਕਰ ਰਿਹੈ।”
ਮੋਸਾਬ ਸੋਚ ਰਿਹਾ ਸੀ, ਦੁਸ਼ਮਣ ਨਾਲ ਮਿਲ ਕੇ ਚੱਲਣ ਦਾ ਮਤਲਬ ਹੈ ਰੱਬ ਦੀਆਂ ਨਜ਼ਰਾਂ ਵਿਚ ਡਿਗ ਜਾਣਾ, ਦੋਜਖਾਂ ਵਿਚ ਸੁਟਿਆ ਜਾਣਾ, ਪਤਾ ਲੱਗ ਗਿਆ ਤਾਂ ਫਲਸਤੀਨੀ ਉਸ ਨੂੰ ਗੋਲੀ ਨਾਲ ਫੁੰਡ ਦੇਣਗੇ। ਇਕ ਰਸਤਾ ਹੋਰ ਵੀ ਹੈ। ਇਨ੍ਹਾਂ ਇਜ਼ਰਾਈਲੀਆਂ ਨਾਲ ਰਲ ਕੇ ਕੰਮ ਸ਼ੁਰੂ ਕਰੋ, ਅਸਲੀ ਰਫਲ ਮਿਲ ਜਾਏਗੀ, ਉਸੇ ਰਫਲ ਨਾਲ ਇਨ੍ਹਾਂ ਨੂੰ ਮਾਰ ਕੇ ਹੋਰ ਹਥਿਆਰ ਕਾਬੂ ਕਰੋ।
ਕੁਝ ਦਿਨਾਂ ਬਾਅਦ ਲੋਈ ਫਿਰ ਆਇਆ, “ਦੱਸ ਮੋਸਾਬ, ਕੀ ਫੈਸਲਾ ਕੀਤਾ।”
“ਮੈਂ ਤਾਂ ਤਿਆਰ ਹਾਂ, ਪਰ ਮੈਨੂੰ ਜੇ ਉਨ੍ਹਾਂ ਮਾਰ ਦਿੱਤਾ?”
“ਮੈਂ 18 ਸਾਲ ਤੋਂ ਪੁਲਿਸ ਵਿਚ ਹਾਂ। ਅਸੀਂ ਅਕਲ ਨਾਲ ਆਪਣੇ ਕੰਮ ਸਿਰੇ ਚਾੜ੍ਹਦੇ ਹਾਂ। ਸਾਡੀ ਫਲਸਤੀਨੀਆਂ ਨਾਲ ਦੁਸ਼ਮਣੀ ਨਹੀਂ, ਅਸੀਂ ਬੱਸ ਆਪਣੀ ਖੈਰ ਚਾਹੁੰਦੇ ਹਾਂ।”
“ਠੀਕ ਹੈ ਫਿਰ, ਮੈਂ ਤੁਹਾਡੇ ਨਾਲ ਕੰਮ ਕਰਨ ਲਈ ਤਿਆਰ ਹਾਂ। ਹੁਣ ਘਰ ਜਾਵਾਂ?”
ਲੋਈ ਹੱਸ ਪਿਆ, “ਓ ਬੱਚੂ, ਮੇਰਾ ਜੀ ਕਰਦੈ ਹੁਣੇ ਤੈਨੂੰ ਘਰ ਭੇਜ ਦਿਆਂ ਪਰ ਤੇਰੀ ਤੇ ਤੇਰੇ ਸਾਥੀਆਂ ਦੀ ਗ੍ਰਿਫਤਾਰੀ ਅਖਬਾਰਾਂ ਦੇ ਪਹਿਲੇ ਪੰਨੇ ‘ਤੇ ਛਪੀ ਸੀ। ਤੁਹਾਨੂੰ ਤਕੜੇ ਖਾੜਕੂ ਸਮਝਿਆ ਗਿਆ ਸੀ। ਹੁਣੇ ਤੈਨੂੰ ਰਿਹਾ ਕਰ ਦਿੱਤਾ ਤਾਂ ਲੋਕ ਸਮਝਣਗੇ ਤੂੰ ਸਾਡੇ ਨਾਲ ਰਲ ਗਿਐਂ। ਤੈਨੂੰ ਸੁਰੱਖਿਅਤ ਰੱਖਣ ਵਾਸਤੇ ਜੇਲ੍ਹ ਠੀਕ ਐ। ਜੇਲ੍ਹ ਵਿਚ ਤੈਨੂੰ ਹਮਾਸ ਦੇ ਹੋਰ ਬੰਦੀ ਮਿਲਣਗੇ, ਤੇਰੀ ਇਜ਼ਤ ਕਰਨਗੇ, ਆਖਰ ਤੂੰ ਸ਼ੇਖ ਹਸਨ ਦਾ ਫਰਜ਼ੰਦ ਐਂ।”
ਜੇਲ੍ਹ ਭੇਜਣ ਵਾਸਤੇ ਹੱਥਾਂ ਵਿਚ ਹੱਥਕੜੀ ਲਾ ਦਿੱਤੀ, ਡੇਢ ਮਹੀਨੇ ਬਾਅਦ ਸੂਰਜ ਦੇਖਿਆ। ਇਸ ਵਾਰੀ ਜੀਪ ਦੇ ਫਰਸ਼ ਉਪਰ ਨਹੀਂ ਸੀਟ ‘ਤੇ ਬਿਠਾਇਆ। ਜੇਲ੍ਹ ਪੁੱਜੇ ਡਾਕਟਰ ਨੇ ਮੁਆਇਨਾ ਕਰ ਕੇ ਕਿਹਾ, “ਠੀਕ ਐ, ਲੈ ਜਾਉ।” ਦਫਤਰ ਵਿਚ ਪੁੱਛਿਆ, “ਕਿਸ ਜਥੇਬੰਦੀ ਲਈ ਕੰਮ ਕਰਦੈਂ?”
“ਹਮਾਸ ਲਈ।” ਉਤਰ ਦਿੱਤਾ।
ਵੱਖੋ ਵੱਖ ਗਰੁਪਾਂ ਨੂੰ ਵੱਖ ਵੱਖ ਬੰਦ ਕੀਤਾ ਜਾਂਦਾ। ਜਿਥੇ ਹਮਾਸ ਦੇ ਬੰਦੀ ਹਨ, ਉਥੇ ਮੋਸਾਬ ਨੂੰ ਭੇਜਣਾ ਹੈ। ਅੰਦਰਲਾ ਪ੍ਰਬੰਧ ਵੀ ਬੰਦੀ ਆਪ ਕਰਨ। ਇਜ਼ਰਾਈਲੀਆਂ ਨਾਲ ਟੱਕਰ ਹੋ ਸਕਦੀ ਹੈ, ਆਪਸ ਵਿਚ ਵੀ ਟਕਰਾਉਣਗੇ, ਤਾਂ ਵੀ ਠੀਕ; ਇਸ ਨਾਲ ਕਮਜ਼ੋਰ ਹੋਣਗੇ। ਇਸ ਜੇਲ੍ਹ ਵਿਚ ਹਮਾਸ ਦੇ ਬੰਦੀ ਸਭ ਤੋਂ ਵਧੀਕ ਸਨ। ਹਮਾਸ ਜੇਲ੍ਹ ਵਿਚਲੇ ਨਿਯਮ ਲਾਗੂ ਕਰਦੀ, ਸਭ ਨੂੰ ਮੰਨਣੇ ਪੈਂਦੇ।
ਸਵੇਰੇ ਚਾਰ ਵਜੇ ਨਮਾਜ਼ ਵਾਸਤੇ ਜਗਾ ਲਿਆ ਜਾਂਦਾ, ਦਿਨ ਵਿਚ ਦੋ ਵਾਰ ਇਮਾਮ ਉਪਦੇਸ਼ ਕਰਨ ਆਉਂਦਾ। ਟੀæਵੀæ ਉਪਰ ਰੱਸੇ ਨਾਲ ਬੰਨ੍ਹਿਆ ਫੱਟਾ ਲਟਕਦਾ। ਜਦੋਂ ਇਸ਼ਤਿਹਾਰ ਵਿਚ ਕੋਈ ਕੁੜੀ ਨੰਗੇ ਸਿਰ ਦਿਸਦੀ, ਫੱਟਾ ਠਾਹ ਕਰ ਕੇ ਹੇਠਾਂ ਡਿਗ ਕੇ ਟੀæਵੀæ ਢਕ ਲੈਂਦਾ।
“ਇਹ ਕੀ ਬਕਵਾਸ ਐ?” ਮੋਸਾਬ ਨੇ ਇਮਾਮ ਨੂੰ ਪੁੱਛਿਆ, “ਕੀ ਘਰਾਂ ਵਿਚ ਅਸੀਂ ਟੀæਵੀæ ਉਪਰ ਨੰਗੇ ਸਿਰ ਵਾਲੀਆਂ ਕੁੜੀਆਂ ਨਹੀਂ ਦੇਖਦੇ?”
“ਉਥੇ ਹੋਰ ਗੱਲ ਐ”, ਇਮਾਮ ਨੇ ਕਿਹਾ, “ਉਥੇ ਔਰਤਾਂ, ਮਰਦ ਇਕੱਠੇ ਰਹਿੰਦੇ ਨੇ। ਇਥੇ ਕੇਵਲ ਮਰਦ ਹਨ। ਇਹੋ ਜਿਹੇ ਸੀਨ ਦੇਖ ਕੇ ਸਹਿਵਾਸ ਹੋਣ ਦਾ ਡਰ ਰਹਿੰਦੈ।” ਇਸ ਬੈਰਕ ਵਿਚ ਤਾਸ਼ ਖੇਡਣ ‘ਤੇ ਪਾਬੰਦੀ ਸੀ। ਕੁਰਾਨ ਤੋਂ ਇਲਾਵਾ ਕੋਈ ਕਿਤਾਬ ਨਾ ਪੜ੍ਹੋ। ਭਿਆਨਕ ਚੀਕਾਂ ਸੁਣੀਆਂ, ਪੁੱਛਿਆ, “ਕੀ ਗੱਲ ਐ?” ਦੱਸਿਆ ਗਿਆ, “ਹਮਾਸ ਦਾ ਆਪਣਾ ਖੁਫੀਆ ਵਿੰਗ ਹੈ। ਉਹ ਮਾੜੇ ਬੰਦਿਆਂ ਨੂੰ ਟਾਰਚਰ ਕਰਦੈ।”
“ਇਸ ਨੇ ਕੀ ਬੁਰਾ ਕੀਤਾ?”
“ਜੇਲ੍ਹ ਵਿਚ ਕੋਈ ਬੁਰਾ ਨਹੀਂ ਕੀਤਾ, ਕਹਿੰਦੇ ਨੇ ਜਦੋਂ ਬਾਹਰ ਸੀ, ਇਸ ਨੇ ਕਿਸੇ ਖਾੜਕੂ ਦੀ ਇਤਲਾਹ ਇਜ਼ਰਾਈਲੀ ਪੁਲਿਸ ਨੂੰ ਦਿੱਤੀ ਸੀ।”
“ਇਹ ਕੀ ਕਰਦੇ ਨੇ?”
“ਨਹੁੰਆਂ ਦੇ ਹੇਠਲੇ ਪਾਸੇ ਹੱਥਾਂ-ਪੈਰਾਂ ਵਿਚ ਸੂਈਆਂ ਖਭੋਂਦੇ ਨੇ। ਜ਼ਰੂਰੀ ਨਹੀਂ ਇਤਲਾਹ ਸਹੀ ਹੋਵੇ, ਸ਼ੱਕ ਸ਼ੱਕ ਵਿਚ ਤਸੀਹੇ ਦੇਈ ਜਾਂਦੇ ਨੇ। ਜਿਸ ਕਿਸੇ ‘ਤੇ ਮੁਖਬਰੀ ਦਾ ਇਲਜ਼ਾਮ ਲੱਗਾ, ਸਮਝੋ ਉਸ ਦੀ ਜ਼ਿੰਦਗੀ ਖਤਮ। ਉਸ ਦੀ ਬੀਵੀ, ਬੱਚੇ, ਮਾਪੇ ਸਭ ਉਸ ਨੂੰ ਛੱਡ ਦਿੰਦੇ ਨੇ। ਸਾਲ 1993 ਤੋਂ 96 ਤੱਕ 150 ਸ਼ੱਕੀ ਮੁਖਬਰ ਟਾਰਚਰ ਹੋਏ ਜਿਨ੍ਹਾਂ ਵਿਚੋਂ 16 ਮਰ ਗਏ। ਇਹ ਸਭ ਜ਼ੁਲਮ ਜੇਲ੍ਹ ਅੰਦਰ ਹੁੰਦਾ ਸੀ।
ਮੋਸਾਬ ਦੀ ਲਿਖਾਈ ਬੜੀ ਵਧੀਆ ਸੀ। ਹਮਾਸ ਦੇ ਖੁਫੀਆ ਦਸਤੇ ਨੇ ਕਿਹਾ, “ਤੂੰ ਸਾਡੀ ਸੂਚਨਾ ਸਾਫ ਸਾਫ ਲਿਖ ਦਿਆ ਕਰ। ਇਹ ਕੇਵਲ ਤੇਰੇ ਤੱਕ ਰਹਿਣੀ ਚਾਹੀਦੀ ਹੈ।” ਮੋਸਾਬ ਸੋਚਣ ਲੱਗਾ, ‘ਇਹ ਸੂਚਨਾ ਹੈ ਕਿ ਲੁੱਚਪੁੱਣਾ?’ ਤਸੀਹਿਆਂ ਦੌਰਾਨ ਕੋਈ ਮੰਨ ਰਿਹਾ ਹੈ ਕਿ ਉਸ ਦੇ ਆਪਣੇ ਪਰਿਵਾਰ ਦੀ ਫਲਾਣੀ ਔਰਤ ਨਾਲ ਨਾਜਾਇਜ਼ ਸਬੰਧ ਹਨ। ਕੋਈ ਦੱਸ ਰਿਹਾ ਹੈ, ਉਸ ਨੇ ਗਾਂ ਨਾਲ ਜਬਰ-ਜਨਾਹ ਕੀਤਾ। ਅਜੇ ਇਕ ਫਾਈਲ ਤਿਆਰ ਹੋਈ ਸੀ, ਲੱਗਣ ਲੱਗਾ ਜਿਵੇਂ ਸਾਰੇ ਫਲਸਤੀਨੀ ਮੁਖਬਰ ਹਨ। ਦੁੱਖ ਤੋਂ ਬਚਣ ਵਾਸਤੇ ਤਸੀਹੇ ਝੱਲਦਾ ਬੰਦਾ ਉਹ ਕੁਝ ਮੰਨੀ ਜਾਂਦਾ ਜੋ ਉਸ ਨੇ ਨਹੀਂ ਕੀਤਾ ਹੁੰਦਾ। ਟਾਰਚਰ ਦਾ ਦੁੱਖ ਨਾ ਸਹਾਰਦਾ ਹੋਇਆ ਇਕ ਦਿਨ ਕੈਦੀ ਬਾਹਰ ਵੱਲ ਭੱਜਿਆ ਤੇ ਕੰਡਿਆਲੀ ਤਾਰ ਵਿਚ ਉਲਝ ਕੇ ਲਹੂ-ਲੁਹਾਣ ਹੋ ਗਿਆ। ਇਜ਼ਰਾਈਲੀ ਸਿਪਾਹੀ ਨੇ ਬੰਦੂਕ ਤਾਣ ਲਈ, ਜ਼ਖਮੀ ਚਿੱਲਾਇਆ, “ਮਾਰੋ ਨਾ, ਮੈਂ ਜੇਲ੍ਹੋਂ ਭੱਜਣ ਨਹੀਂ, ਤਸੀਹਿਆਂ ਤੋਂ ਦੁਖੀ ਹੋ ਕੇ ਇਧਰ ਆਇਆਂ।” ਸਿਪਾਹੀ ਨੇ ਉਸ ਨੂੰ ਧੌਣ ਤੋਂ ਫੜ ਲਿਆ ਤੇ ਆਪਣੇ ਨਾਲ ਕਿਸੇ ਹੋਰ ਪਾਸੇ ਲੈ ਗਿਆ। ਹਮਾਸ ਦੇ ਬੰਦੇ ਆਪਣੇ ਹੀ ਲਾਚਾਰ ਮੈਂਬਰਾਂ ਨਾਲ ਜਲਾਦਾਂ ਵਾਲਾ ਵਿਹਾਰ ਕਰ ਰਹੇ ਹਨ! ਮੋਸਾਬ ਆਪਣੇ ਆਪ ਨੂੰ ਪੁੱਛਦਾ, “ਇਹ ਹੈ ਇਸਲਾਮ?”
ਡੇਢ ਸਾਲ ਦੀ ਕੈਦ ਕੱਟ ਕੇ ਮੋਸਾਬ ਰਿਹਾ ਹੋਇਆ, ਲੱਗਾ ਨਰਕ ਵਿਚੋਂ ਸੁਰਗ ਵਿਚ ਆ ਗਿਆ ਹੋਵੇ। ਪਹਿਲੀ ਵਾਰ ਆਜ਼ਾਦੀ ਦੀ ਕੀਮਤ ਦਾ ਪਤਾ ਲੱਗਾ। ਅੱਬੂ ਰਿਹਾ ਹੋ ਗਿਆ ਸੀ, ਹੱਜ ਵਾਸਤੇ ਤੁਰ ਪਿਆ। ਬਾਰਡਰ ਪਾਰ ਨਹੀਂ ਕਰਨ ਦਿੱਤਾ, ਮੁੜ ਗ੍ਰਿਫਤਾਰ ਕਰ ਲਿਆ। ਅੱਬੂ ਨੇ ਕਿਸੇ ਨੂੰ ਨਹੀਂ ਦੱਸਿਆ ਸੀ, ਕੀ ਕੀ ਤਸੀਹੇ ਝੱਲੇ, ਨਾ ਮੋਸਾਬ ਨੇ ਕੁਝ ਦੱਸਿਆ।
ਦੋ ਮਹੀਨਿਆਂ ਬਾਅਦ ਕੈਪਟਨ ਲੋਈ ਦਾ ਫੋਨ ਆਇਆ, “ਰਿਹਾਈ ਦੀ ਮੁਬਾਰਕ ਮੋਸਾਬ। ਫੋਨ ‘ਤੇ ਵਧੀਕ ਗੱਲ ਨੀ ਹੋ ਸਕਦੀ, ਮਿਲਣ ਆ ਸਕਦੈਂ?”
“ਹਾਂ, ਕਿਉਂ ਨਹੀਂ। ਕਿੱਥੇ?”
“ਫਲਾਣੇ ਹੋਟਲ ਦੇ ਗੇਟ ‘ਤੇ।”
ਪੁੱਜ ਗਿਆ, ਕਾਰ ਆਈ। ਕਿਹਾ ਗਿਆ- ਸੀਟ ‘ਤੇ ਨਾ ਬੈਠ, ਹੇਠਾਂ ਬੈਠ। ਹੇਠਾਂ ਬੈਠੇ ਉਤੇ ਕੰਬਲ ਪਾ ਕੇ ਲੁਕਾ ਦਿੱਤਾ। ਇਕ ਘੰਟੇ ਮਗਰੋਂ ਕਾਰ ਵਿਚੋਂ ਨਿਕਲੇ ਤਾਂ ਕਿਸੇ ਦੇ ਘਰ ਪੁੱਜੇ। ਡਰਾਇੰਗ ਰੂਮ ਵਿਚ ਬੈਠ ਗਏ, ਥੋੜ੍ਹੀ ਦੇਰ ਬਾਅਦ ਕਪਤਾਨ ਲੋਈ ਆ ਗਿਆ। ਹੱਥ ਮਿਲਾਇਆ, ਫਿਰ ਜੱਫੀ ਪਾਈ।
“ਕਿਵੇਂ ਰਿਹਾ ਜੇਲ੍ਹ ਵਿਚਲਾ ਸਮਾਂ?”
“ਬੁਰਾ। ਤੁਸੀਂ ਕਹਿੰਦੇ ਸੀ ਜਲਦੀ ਰਿਹਾਈ ਕਰ ਦਿਆਂਗੇ?”
“ਤੇਰੇ ਭਲੇ ਲਈ ਕੀਤਾ, ਤੇਰਾ ਬਚਾਉ ਕਰਨਾ ਸੀ।”
“ਪਰ ਤੁਹਾਨੂੰ ਪਤੈæææਜੇਲ੍ਹ ਵਿਚ ਹਮਾਸ ਦੇ ਬੰਦੇ ਹਮਾਸ ਦੇ ਮੈਂਬਰਾਂ ਨੂੰ ਤਸੀਹੇ ਦਿੰਦੇ ਨੇ? ਤੁਸੀਂ ਰੋਕਦੇ ਕਿਉਂ ਨੀ?”
“ਅਸੀਂ ਕਿਉਂ ਰੋਕੀਏ? ਹਮਾਸ ਖੁਦਕੁਸ਼ੀ ਕਰਦੀ ਹੈ, ਕਰੇ।”
ਕਪਤਾਨ ਨੇ ਸੌ ਸੌ ਡਾਲਰਾਂ ਦੇ ਕੁਝ ਨੋਟ ਦਿੱਤੇ ਤੇ ਕਿਹਾ, “ਜਾਹ ਨਵੇਂ ਕੱਪੜੇ ਖਰੀਦ ਲੈ।” ਦੂਜੀ ਮੀਟਿੰਗ ਵਿਚ ਹੋਰ ਡਾਲਰ ਦਿੱਤੇ। ਇਕ ਮਹੀਨੇ ਵਿਚ ਅੱਠ ਸੌ ਡਾਲਰ ਵੀਹ ਸਾਲ ਦੇ ਮੁੰਡੇ ਲਈ ਬਹੁਤ ਜ਼ਿਆਦਾ ਰਕਮ ਸੀ। ਉਸ ਨੂੰ ਹਦਾਇਤ ਦਿੱਤੀ ਗਈ ਕਿ ਵਿਆਹੀ ਹੋਈ ਆਪਣੀ ਬੀਵੀ ਤੋਂ ਬਗੈਰ ਕਿਸੇ ਕੁੜੀ ਨਾਲ ਦੋਸਤੀ ਨਾ ਕਰੇ, ਇਹ ਸਭ ਤੋਂ ਵਧੀਕ ਖਤਰਨਾਕ ਹੋਵੇਗਾ। ਦੂਜੀ ਹਦਾਇਤ ਇਹ ਕਿ ਡਬਲ ਏਜੰਟ ਵਾਲੀ ਗੱਲ ਮੁੜ ਕੇ ਨਾ ਕਿਸੇ ਕੋਲ ਕਰੀਂ। ਪੜ੍ਹ ਲਿਖ ਕੇ ਚੰਗਾ ਮੁਸਲਮਾਨ ਬਣ। ਬੀæਏæ ਕਰ ਲੈ।
ਮੋਸਾਬ ਸੋਚਣ ਲੱਗਾ, ਇਨ੍ਹਾਂ ਬੰਦਿਆਂ ਨੂੰ ਮਾਰਨ ਦੀ ਸਕੀਮ ਘੜੀ ਸੀ ਮੈਂ? ਇਹ ਜੋ ਮੈਨੂੰ ਨੇਕ ਮੁਸਲਮਾਨ ਬਣਨ ਲਈ ਪ੍ਰੇਰ ਰਹੇ ਹਨ, ਦੁਸ਼ਮਣ ਕਿਵੇਂ ਹੋਏ? ਠੀਕ ਹੈ, ਇਨ੍ਹਾਂ ਨੇ ਮੈਨੂੰ ਜੀਪ ਵਿਚ ਸੁੱਟਿਆ, ਤਸੀਹਾ ਕੇਂਦਰ ਵਿਚ ਤੰਗ ਕੀਤਾ ਪਰ ਇਹੋ ਕੁਝ ਹਮਾਸ ਆਪਣੇ ਹੀ ਬੰਦੀਆਂ ਵਿਰੁਧ ਕਰ ਰਹੀ ਹੈ। ਫਿਰ ਮੇਰਾ ਦੋਸਤ ਕੌਣ ਤੇ ਵੈਰੀ ਕੌਣ? ਇਕ ਦਿਨ ਕਪਤਾਨ ਲੋਈ ਨੇ ਕਿਹਾ, “ਅਸੀਂ ਤੇਰੇ ਕਰ ਕੇ ਤੇਰੇ ਅੱਬੂ ਨੂੰ ਰਿਹਾ ਕਰ ਰਹੇ ਹਾਂ। ਨੇੜੇ ਰਿਹਾ ਕਰੀਂ। ਅਸੀਂ ਹੋਰ ਕਾਸੇ ਵਿਚ ਰੁਚਿਤ ਨਹੀਂ, ਹਿੰਸਾ ਰੋਕਣੀ ਹੈ। ਕਿਤੇ ਹਿੰਸਾ ਕਰਨ ਦੀ ਸਕੀਮ ਪਤਾ ਲੱਗੇ, ਸਾਨੂੰ ਦੱਸੀਂ। ਠੀਕ ਹੈ?”
“ਠੀਕ ਹੈ।” ਮੋਸਾਬ ਨੇ ਕਿਹਾ।
ਇਸ ਵੇਲੇ ਤਕ ਮੋਸਾਬ ਸੰਭਲ ਚੁੱਕਾ ਸੀ। ਉਹ ਹਰ ਇਕ ਧਿਰ ਵਲੋਂ ਕੀਤੀ ਹਿੰਸਾ ਵਿਰੁਧ ਹੋ ਗਿਆ। ਜਦੋਂ ਮਿਲਦੇ, ਇਜ਼ਰਾਈਲੀ ਅਫਸਰ ਉਸ ਅੱਗੇ ਕੋਈ ਅਜਿਹੀ ਹਰਕਤ ਨਾ ਕਰਦੇ ਜੋ ਇਸਲਾਮ ਦੇ ਅਨੁਕੂਲ ਨਾ ਹੋਵੇ। ਉਸ ਨੂੰ ਖਾਣ ਲਈ ਕਦੀ ਵਰਜਤ ਵਸਤੂ ਨਾ ਦਿੰਦੇ।
ਇਕ ਅੰਗਰੇਜ਼ ਈਸਾਈ ਨੇ ਅਰਬੀ ਅਤੇ ਅੰਗਰੇਜ਼ੀ ਜ਼ਬਾਨ ਵਿਚ ਛਪੀ ਬਾਈਬਲ ਮੋਸਾਬ ਨੂੰ ਦਿੱਤੀ। ਅੱਬੂ ਨੇ ਸਿਖਾਇਆ ਹੋਇਆ ਸੀ ਸਭ ਧਰਮ ਗੰ੍ਰਥ ਚੰਗੇ ਹਨ, ਦਿਲਚਸਪ ਲੱਗਣ ਲੱਗੀ। ਯਸੂ ਆਖ ਰਿਹੈ, ਤੁਹਾਨੂੰ ਦੱਸਿਆ ਗਿਆ ਸੀ ਗੁਆਂਢੀ ਨੂੰ ਪਿਆਰ ਕਰੋ, ਵੈਰੀ ਨੂੰ ਨਫਰਤ। ਮੈਂ ਤੁਹਾਨੂੰ ਦੱਸਣੈæææਦੁਸ਼ਮਣ ਨੂੰ ਵੀ ਪ੍ਰੇਮ ਕਰੋ। ਜਿਸ ਨੇ ਤੁਹਾਨੂੰ ਦੁੱਖ ਦਿੱਤੇ, ਉਸ ਵਾਸਤੇ ਅਰਦਾਸ ਕਰੋ, ਉਸ ਦਾ ਭਲਾ ਕਰੋ। ਤੁਹਾਡੇ ਦੁਸ਼ਮਣ ਬਾਹਰ ਨਹੀਂ, ਤੁਹਾਡੇ ਅੰਦਰ ਹਨ- ਗੁੱਸਾ, ਲੋਭ, ਨਫਰਤ; ਇਹ ਹਨ ਵੈਰੀ। ਇਨ੍ਹਾਂ ਤੋਂ ਦੂਰ ਰਹੋ।
ਮੋਸਾਬ ਵਿਚ ਬਦਲਾਉ ਆਉਣ ਲੱਗਾ- ਕੀ ਇਜ਼ਰਾਈਲੀ ਮੇਰੇ ਦੁਸ਼ਮਣ ਹਨ? ਮੇਰੇ ਕਲਚਰ ਨੇ ਮੈਨੂੰ ਇਹੀ ਸਿਖਾਇਆ ਸੀ। ਤੇ ਹਮਾਸ ਮੇਰੀ ਦੋਸਤ ਹੈ? ਮਾਸੂਮਾਂ ਨੂੰ ਮਾਰਨਾ ਕਿਧਰ ਦੀ ਸੂਰਮਗਤੀ ਹੋਈ? ਮੈਨੂੰ ਜਿਉਣ ਦਾ ਹੱਕ ਮਿਲੇ ਤਾਂ ਯਹੂਦੀਆਂ ਨੂੰ ਕਿਉਂ ਨਹੀਂ? ਪੜ੍ਹਿਆ- ਫਤਵੇ ਨਾ ਦਿਉ, ਤੁਹਾਡੇ ਖਿਲਾਫ ਵੀ ਫਤਵਾ ਮਿਲ ਸਕਦਾ ਹੈ। ਸੋਚਣ ਲੱਗਾ- ਇਸਲਾਮ ਵਿਚ ਤਾਂ ਫਤਵਾ-ਦਰ-ਫਤਵਾ ਚਲਦਾ ਰਹਿੰਦੈ। ਉਸ ਨੂੰ ਦਿਨ-ਬਦਿਨ ਯਸੂ ਮਸੀਹ ਚੰਗਾ ਲੱਗਣ ਲੱਗਾ।
(ਚਲਦਾ)