ਹਰਿਹਰਿ ਨਾਮੁ ਜੋ ਜਨੁ ਜਪੈ ਸੋ ਆਇਆ ਪਰਵਾਣੁ

ਡਾæ ਗੁਰਨਾਮ ਕੌਰ, ਪਟਿਆਲਾ
ਗੁਰੂ ਨਾਨਕ ਦਾ ਚਲਾਇਆ Ḕਨਿਰਮਲ ਪੰਥḔ ਨਾਮ ਦਾ ਮਾਰਗ ਹੈ ਜਿਸ ਮਾਰਗ ‘ਤੇ ਹਰ ਕੋਈ ਚੱਲ ਸਕਦਾ ਹੈ। ਇਸ ਮਾਰਗ ‘ਤੇ ਚੱਲਣ ਲਈ ਹਿੰਦੂ ਧਰਮ ਦੀ ਤਰ੍ਹਾਂ ਮਨੁੱਖ ਦੀ ਕੋਈ ਜਾਤਿ-ਪਾਤਿ, ਕੋਈ ਆਸ਼ਰਮ ਧਰਮ ਦੀ ਵੰਡ ਪ੍ਰਵਾਨ ਨਹੀਂ ਕੀਤੀ ਗਈ।

ਮਨੁੱਖ ਨੇ ਜੀਵਨ ਦੇ ਕਾਰਜ ਕਰਦਿਆਂ ਉਸ ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਕਰਨਾ ਹੈ ਅਤੇ ਇਨ੍ਹਾਂ ਗੁਣਾਂ ਨੂੰ ਆਪਣੇ ਅੰਦਰ ਵਸਾਉਣਾ ਹੈ ਕਿਉਂਕਿ ਗੁਰੂ ਸਾਹਿਬਾਨ ਅਨੁਸਾਰ ਜਿਸ ਕਿਸਮ ਦੇ ਇਸ਼ਟ ਦਾ ਮਨੁੱਖ ਸਿਮਰਨ ਕਰਦਾ ਹੈ, ਜਿਸ ਕਿਸਮ ਦੇ ਇਸ਼ਟ ਨੂੰ ਮਨੁੱਖ ਧਿਆਉਂਦਾ ਹੈ, ਉਹੋ ਜਿਹਾ ਹੀ ਉਸ ਦਾ ਵਿਅਕਤੀਤਵ ਘੜਿਆ ਜਾਂਦਾ ਹੈ।
ਗੁਰੂ ਨਾਨਕ ਦੇ ਚਲਾਏ ਇਸੇ ਨਾਮ ਮਾਰਗ ਨੂੰ ਬਾਕੀ ਗੁਰੂ ਸਾਹਿਬਾਨ ਨੇ ਦ੍ਰਿੜ ਕਰਵਾਇਆ। Ḕਗਉੜੀ ਕੀ ਵਾਰ ਮਹਲਾ ੫Ḕ ਇਸੇ ਨਾਮ ਮਾਰਗ ਨੂੰ ਦ੍ਰਿੜ ਕਰਵਾਉਣ ਨਾਲ ਸ਼ੁਰੂ ਹੁੰਦੀ ਹੈ। ਵਾਰ ਦੇ ਅਰੰਭ ਵਿਚ ਸਲੋਕ ਵੀ ਗੁਰੂ ਅਰਜਨ ਦੇਵ ਜੀ ਦਾ ਹੀ ਹੈ। ਇਸ ਸਲੋਕ ਵਿਚ ਪੰਚਮ ਗੁਰੂ ਦੱਸਦੇ ਹਨ ਕਿ ਜੋ ਜੀਵ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦਾ ਹੈ, ਉਸ ਦਾ ਇਸ ਸੰਸਾਰ ‘ਤੇ ਆਉਣਾ ਸਫਲ ਮੰਨਿਆ ਜਾਂਦਾ ਹੈ। ਜਿਸ ਮਨੁੱਖ ਨੇ ਉਸ ਪਵਿੱਤਰ (ਮਾਇਆਵੀ ਮੈਲ ਤੋਂ ਰਹਿਤ) ਅਕਾਲ ਪੁਰਖ ਦਾ ਨਾਮ ਜਪਿਆ ਹੈ, ਉਸ ਤੋਂ ਸਦਕੇ ਜਾਈਏ। ਇਸ ਨਾਮ ਸਿਮਰਨ ਸਦਕਾ ਜਿਸ ਜੀਵ ਦਾ ਪਰਮ ਹਸਤੀ ਨਾਲ ਮਿਲਾਪ ਹੋ ਗਿਆ ਹੈ ਉਸ ਦਾ ਜਨਮ ਅਤੇ ਮਰਨ ਦਾ ਦੁੱਖ ਕੱਟਿਆ ਗਿਆ। ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਉਸ ਨੂੰ ਉਸ ਇੱਕ ਅਕਾਲ ਪੁਰਖ ਦਾ ਆਸਰਾ ਹੈ, ਉਸ ਨੇ ਸਤਿਸੰਗ ਵਿਚ ਰਹਿ ਕੇ ਸੰਸਾਰ ਰੂਪੀ ਭਵ-ਸਾਗਰ ਨੂੰ ਪਾਰ ਕਰ ਲਿਆ (ਸੰਤਾਂ ਤੋਂ ਭਾਵ ਇਥੇ ਡੇਰਿਆਂ ਦੇ ਸਾਧ ਨਹੀਂ ਜਿਹੜੇ ਸਿੱਖ ਧਰਮ ਵਿਚ ਘੁਸਪੈਠ ਕਰਕੇ ਇਸ ਦੀ ਵਿਲੱਖਣਤਾ ਨੂੰ ਖੋਰਾ ਲਾ ਰਹੇ ਹਨ, ਸੰਤਾਂ ਤੋਂ ਭਾਵ ਗੁਰਮੁਖਾਂ ਤੋਂ ਹੈ),
ਹਰਿਹਰਿ ਨਾਮੁ ਜੋ ਜਨੁ ਜਪੈ ਸੋ ਆਇਆ ਪਰਵਾਣੁ॥
ਤਿਸੁ ਜਨ ਕੈ ਬਲਿਹਾਰਣੈ ਜਿਨਿ ਭਜਿਆ ਪ੍ਰਭੁ ਨਿਰਬਾਣੁ॥
ਜਨਮ ਮਰਨ ਦੁਖੁ ਕਟਿਆ ਹਰਿ ਭੇਟਿਆ ਪੁਰਖੁ ਸੁਜਾਣੁ॥
ਸੰਤਸੰਗਿ ਸਾਗਰੁ ਤਰੇ ਜਨ ਨਾਨਕ ਸਚਾ ਤਾਣੁ॥੧॥ (ਪੰਨਾ ੩੧੮)
ਅਗਲਾ ਸਲੋਕ ਵੀ ਪੰਜਵੀਂ ਨਾਨਕ ਜੋਤਿ ਗੁਰੂ ਅਰਜਨ ਦੇਵ ਜੀ ਦਾ ਹੈ। ਇਸ ਸਲੋਕ ਵਿਚ ਗੁਰੂ ਅਰਜਨ ਦੇਵ ਗੁਰੂ ਦੇ ਦੱਸੇ ਮਾਰਗ ‘ਤੇ ਚੱਲਣ ਵਾਲੇ ਮਨੁੱਖ ਦੀ ਗੱਲ ਕਰਦੇ ਹਨ ਕਿ ਜੇ ਕੋਈ ਗੁਰਮੁਖ ਪ੍ਰਾਹੁਣਾ ਸਵੇਰੇ ਉਠ ਕੇ ਮੇਰੇ ਘਰ ਆਵੇ ਤਾਂ ਮੈਂ ਉਸ ਗੁਰਮੁਖਿ ਦੇ ਪੈਰ ਧੋਵਾਂ ਅਤੇ ਉਹ ਮੈਨੂੰ ਮੇਰੇ ਮਨ ਅਤੇ ਤਨ ਵਿਚ ਪਿਆਰਾ ਲੱਗੇ। ਉਹ ਗੁਰਮੁਖਿ ਪਿਆਰਾ ਹਰ ਰੋਜ ਅਕਾਲ ਪੁਰਖ ਦਾ ਨਾਮ ਸੁਣੇ, ਨਾਮ-ਧਨ ਇਕੱਠਾ ਕਰੇ ਅਤੇ ਪਰਮਾਤਮ-ਨਾਮ ਵਿਚ ਹੀ ਆਪਣੀ ਸੁਰਤਿ ਨੂੰ ਲੀਨ ਕਰੇ। ਉਸ ਦੇ ਆਉਣ ਨਾਲ ਮੇਰਾ ਘਰ, ਸਭ ਕੁਝ ਪਵਿੱਤਰ ਹੋ ਜਾਵੇ ਅਤੇ ਉਸ ਦੀ ਸੰਗਤਿ ਵਿਚ ਮੈਂ ਵੀ ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਕਰਾਂ। ਅੱਗੇ ਦੱਸਦੇ ਹਨ ਕਿ ਅਕਾਲ ਪੁਰਖ ਦੇ ਨਾਮ ਦਾ ਵਣਜ ਕਰਨ ਵਾਲਾ ਮੈਨੂੰ ਮੇਰੇ ਵੱਡੇ ਭਾਗਾਂ ਕਰਕੇ ਹੀ ਕਿਧਰੇ ਮਿਲ ਸਕਦਾ ਹੈ। ਭਾਵ ਗੁਰਮੁਖ ਸਦਾ ਅਕਾਲ ਪੁਰਖ ਦੇ ਗੁਣਾਂ ਨੂੰ ਸਿਮਰਦੇ ਹਨ ਅਤੇ ਅਜਿਹੇ ਗੁਰਮੁਖਾਂ ਦੀ ਸੰਗਤਿ ਚੰਗੀ ਕਿਸਮਤ ਨਾਲ ਹੀ ਮਿਲਦੀ ਹੈ,
ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ॥
ਪਾਉ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਉ॥
ਨਾਮੁ ਸੁਣੇ ਨਾਮੁ ਸੰਗ੍ਰਹੈ ਨਾਮੇ ਲਿਵ ਲਾਵਉ॥
ਗ੍ਰਿਹੁ ਧਨੁ ਸਭੁ ਪਵਿਤ੍ਰ ਹੋਇ ਹਰਿ ਕੇ ਗੁਣ ਗਾਵਉ॥
ਹਰਿ ਨਾਮ ਵਾਪਾਰੀ ਨਾਨਕਾ ਵਡਭਾਗੀ ਪਾਵਉ॥੨॥ (ਪੰਨਾ ੩੧੮)
ਗੁਰਮਤਿ ਵਿਚ ਮਨੁੱਖ ਨੂੰ ਅਕਾਲ ਪੁਰਖ ਦੇ ਭਾਣੇ ਨੂੰ ਮੰਨ ਕੇ ਚੱਲਣ ਦਾ ਅਦੇਸ਼ ਕੀਤਾ ਗਿਆ ਹੈ। ਇਸ ਵਾਰ ਦੀ ਪਹਿਲੀ ਪਉੜੀ ਵਿਚ ਗੁਰੂ ਅਰਜਨ ਦੇਵ ਫਰਮਾਉਂਦੇ ਹਨ ਕਿ ਜੋ ਕੁਝ ਜਾਂ ਜੋ ਮਨੁੱਖ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ, ਚੰਗਾ ਲਗਦਾ ਹੈ, ਉਹ ਹੀ ਭਲਾ ਹੈ ਕਿਉਂਕਿ ਉਸ ਦਾ ਭਾਣਾ ਸੱਚਾ ਹੈ। ਉਹ ਅਕਾਲ ਪੁਰਖ ਸਭ ਵਿਚ ਵਿਆਪਕ, ਉਹ ਹੀ ਜੋਤਿ ਸਰੂਪ ਹੋ ਕੇ ਸਾਰਿਆਂ ਵਿਚ ਸਮਾਇਆ ਹੋਇਆ ਹੈ। ਉਹ ਹਰ ਸਥਾਨ ‘ਤੇ ਵਿਆਪਕ ਹੈ, ਸਭ ਵਿਚ ਮੌਜੂਦ ਹੈ ਅਤੇ ਸਭ ਵਿਚ ਉਸੇ ਦੀ ਜੋਤਿ ਜਾਣੀ ਜਾਂਦੀ ਹੈ। ਸਤਿ-ਸੰਗਤਿ ਵਿਚ ਜਾ ਕੇ ਉਸ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਨੂੰ, ਉਸ ਦੇ ਭਾਣੇ ਨੂੰ ਮੰਨ ਕੇ ਮਿਲ ਸਕੀਦਾ ਹੈ। ਭਾਵ ਉਸ ਨੂੰ ਪਾਉਣ ਲਈ ਸਤਿ-ਸੰਗਤਿ ਵਿਚ ਜਾਣਾ ਅਤੇ ਉਸ ਦੇ ਹੁਕਮ ਦੇ ਅਨੁਸਾਰੀ ਹੋ ਕੇ ਚੱਲਣਾ ਹੀ ਸਮਰੱਥ ਸਾਧਨ ਹੈ। ਗੁਰੂ ਸਾਹਿਬ ਉਸ ਅਕਾਲ ਪੁਰਖ ਦਾ ਓਟ-ਆਸਰਾ ਲੈਣ ਅਤੇ ਉਸ ਤੋਂ ਸਦਕੇ ਜਾਣ ਦਾ ਉਪਦੇਸ਼ ਕਰਦੇ ਹਨ,
ਜੋ ਤੁਧੁ ਭਾਵੈ ਸੋ ਭਲਾ ਸਚੁ ਤੇਰਾ ਭਾਣਾ॥
ਤੂ ਸਭ ਮਹਿ ਏਕੁ ਵਰਤਦਾ ਸਭ ਮਾਹਿ ਸਮਾਣਾ॥
ਥਾਨ ਥਨੰਤਰਿ ਰਵਿ ਰਹਿਆ ਜੀਅ ਅੰਦਰਿ ਜਾਣਾ॥
ਸਾਧਸੰਗਿ ਮਿਲਿ ਪਾਈਐ ਮਨਿ ਸਚੇ ਭਾਣਾ॥
ਨਾਨਕ ਪ੍ਰਭ ਸਰਣਾਗਤੀ ਸਦ ਸਦ ਕੁਰਬਾਣਾ॥੧॥ (ਪੰਨਾ ੩੧੮)
ਇਸ ਪਉੜੀ ਤੋਂ ਅਗਲੇ ਸਲੋਕ ਵਿਚ ਗੁਰੂ ਅਰਜਨ ਦੇਵ ਆਪਣੇ ਮਨ ਨੂੰ ਸਮਝਾਉਂਦੇ ਹਨ ਕਿ ਜੇ ਤੈਨੂੰ ਉਸ ਅਕਾਲ ਪੁਰਖ ਦਾ ਚੇਤਾ ਹੈ ਕਿ ਉਹ ਸਦੀਵੀ ਕਾਇਮ ਰਹਿਣ ਵਾਲਾ ਅਕਾਲ ਪੁਰਖ ਸਭ ਦਾ ਮਾਲਕ ਹੈ, ਤਾਂ ਉਸ ਨੂੰ ਯਾਦ ਕਰ, ਉਸ ਦਾ ਸਿਮਰਨ ਕਰ। ਗੁਰੂ ਦੇ ਹੁਕਮ ਦਾ ਅਨੁਸਾਰੀ ਹੋ ਕੇ ਉਸ ਅਕਾਲ ਪੁਰਖ ਦਾ ਸਿਮਰਨ ਕਰ ਤਾਂ ਕਿ ਤੂੰ ਉਸ ਦੇ ਨਾਮ ਰੂਪੀ ਜਹਾਜ ‘ਤੇ ਚੜ੍ਹ ਕੇ ਇਸ ਸੰਸਾਰ-ਸਮੁੰਦਰ ਨੂੰ ਪਾਰ ਕਰ ਜਾਵੇਂ,
ਚੇਤਾ ਈ ਤਾਂ ਚੇਤਿ ਸਾਹਿਬੁ ਸਚਾ ਸੋ ਧਣੀ॥
ਨਾਨਕ ਸਤਿਗੁਰੁ ਸੇਵਿ ਚੜਿ ਬੋਹਿਥਿ ਭਉਜਲੁ ਪਾਰਿ ਪਉ॥੧॥
ਗੁਰੂ ਅਰਜਨ ਦੇਵ ਸਮਝਾਉਂਦੇ ਹਨ ਕਿ ਮੂਰਖ ਮਨੁੱਖ ਸੁਹਣੇ ਸੁਹਣੇ ਮੁਲਾਇਮ ਅਤੇ ਬਰੀਕ ਬਣੇ ਹੋਏ ਕਪੜੇ ਪਹਿਨਦਾ ਹੈ ਪਰ ਉਹ ਭੁੱਲ ਜਾਂਦਾ ਹੈ ਕਿ ਇਹ ਪਹਿਰਾਵਾ ਮਨੁੱਖ ਦੇ ਨਾਲ ਨਹੀਂ ਜਾਣਾ, ਇਹ ਇਥੇ ਹੀ ਮਰਨ ਉਪਰੰਤ ਸੜ ਕੇ ਸੁਆਹ ਹੋ ਜਾਣਾ ਹੈ,
ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ॥
ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ॥੨॥
ਅਗਲੀ ਪਉੜੀ ਵਿਚ ਦੱਸਿਆ ਹੈ ਕਿ ਕਾਮ, ਕ੍ਰੋਧ, ਲੋਭ, ਮੋਹ ਆਦਿ ਸੰਸਾਰਿਕ ਵਿਕਾਰਾਂ ਤੋਂ ਉਹ ਮਨੁੱਖ ਹੀ ਬਚੇ ਰਹਿੰਦੇ ਹਨ ਜਿਨ੍ਹਾਂ ‘ਤੇ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ, ਜਿਨ੍ਹਾਂ ਨੂੰ ਉਹ ਆਪ ਬਚਾਉਂਦਾ ਹੈ। ਅਜਿਹੇ ਮਨੁੱਖਾਂ ਦੇ ਚਿਹਰੇ ਦਾ ਦਰਸ਼ਨ ਕਰਕੇ ਉਸ ਅਕਾਲ ਪੁਰਖ ਦੇ ਨਾਮ ਦੇ ਅੰਮ੍ਰਿਤ ਦਾ ਸੁਆਦ ਮੂੰਹ ਵਿਚ ਚੱਖ ਸਕੀਦਾ ਹੈ ਅਤੇ ਅਸਲੀ ਜੀਵਨ ਮਿਲਦਾ ਹੈ। ਅਜਿਹੇ ਸਤਿ-ਪੁਰਖਾਂ, ਸਾਧ-ਜਨਾਂ ਦੀ ਸੰਗਤਿ ਵਿਚ ਕਾਮ, ਕ੍ਰੋਧ, ਲੋਭ, ਮੋਹ ਆਦਿ ਵਿਕਾਰ ਖਤਮ ਹੋ ਜਾਂਦੇ ਹਨ। ਜਿਨ੍ਹਾਂ ਉਤੇ ਅਕਾਲ ਪੁਰਖ ਨੇ ਆਪਣੀ ਮਿਹਰ ਕੀਤੀ ਹੈ, ਉਨ੍ਹਾਂ ਨੂੰ ਅਕਾਲ ਪੁਰਖ ਨੇ ਆਪ ਹੀ ਪਰਵਾਨ ਕਰ ਲਿਆ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ਪਰਵਰਦਗਾਰ ਦੇ ਕੌਤਕ ਕੋਈ ਮਨੁੱਖ ਸਮਝ ਨਹੀਂ ਸਕਦਾ,
ਸੇਈ ਉਬਰੇ ਜਗੈ ਵਿਚਿ ਜੋ ਸਚੈ ਰਖੇ॥
ਮੁਹਿ ਡਿਠੈ ਤਿਨ ਕੈ ਜੀਵੀਐ ਹਰਿ ਅੰਮ੍ਰਿਤੁ ਚਖੇ॥
ਕਾਮੁ ਕ੍ਰੋਧੁ ਲੋਭੁ ਮੋਹੁ ਸੰਗਿ ਸਾਧਾ ਭਖੇ॥
ਕਰਿ ਕਿਰਪਾ ਪ੍ਰਭਿ ਆਪਣੀ ਹਰਿ ਆਪਿ ਪਰਖੇ॥
ਨਾਨਕ ਚਲਤ ਨ ਜਾਪਨੀ ਕੋ ਸਕੈ ਨ ਲਖੇ॥੨॥ (ਪੰਨਾ ੩੧੮)
ਗੁਰਬਾਣੀ ਵਿਚ ਮਨੁੱਖ ਲਈ ਇਹ ਅਦੇਸ਼ ਕੀਤਾ ਹੈ ਕਿ ਅਕਾਲ ਪੁਰਖ ਨੂੰ ਹਰ ਸਮੇਂ, ਹਰ ਘੜੀ ਚੇਤੇ ਰੱਖਣਾ ਹੈ ਅਤੇ ਜੋ ਸਮਾਂ ਉਸ ਨੂੰ ਯਾਦ ਕਰਨ ਵਿਚ ਲਾਇਆ ਜਾਂਦਾ ਹੈ, ਉਹ ਸਮਾਂ ਗਿਣਤੀ ਵਿਚ ਹੈ ਅਤੇ ਸਕਾਰਥਾ ਹੈ। ਇਸੇ ਦੀ ਗੱਲ ਕਰਦਿਆਂ ਗੁਰੂ ਅਰਜਨ ਦੇਵ ਇਸ ਸਲੋਕ ਵਿਚ ਯਾਦ ਕਰਾਉਂਦੇ ਹਨ ਕਿ ਮਨੁੱਖ ਦੀ ਜ਼ਿੰਦਗੀ ਦਾ ਉਹ ਦਿਨ ਹੀ ਭਲਾ ਹੈ ਜਦੋਂ ਉਸ ਅਕਾਲ ਪੁਰਖ ਦਾ ਮਨ ਵਿਚ ਸਿਮਰਨ ਕੀਤਾ ਜਾਂਦਾ ਹੈ, ਉਸ ਨੂੰ ਧਿਆਇਆ ਜਾਂਦਾ ਹੈ। ਜਿਸ ਦਿਹਾੜੇ ਉਸ ਪਰਮ ਪੁਰਖ ਨੂੰ ਯਾਦ ਨਹੀਂ ਕੀਤਾ ਜਾਂਦਾ, ਮਨ ਵਿਚੋਂ ਵਿਸਾਰ ਦਿੱਤਾ ਜਾਂਦਾ ਹੈ ਉਹ ਰੁੱਤ ਭਾਵੇਂ ਕਿੰਨੀ ਸੁਹਾਵਣੀ ਹੋਵੇ ਫਿਰ ਵੀ ਫਿਟਕਾਰ ਯੋਗ ਹੈ,
ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ॥
ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ॥੧॥ (ਪੰਨਾ ੩੧੮)
ਅਗਲੇ ਸਲੋਕ ਵਿਚ ਉਸ ਅਕਾਲ ਪੁਰਖ ਨਾਲ ਨੇੜਤਾ, ਦੋਸਤੀ ਪਾਉਣ ਦੀ ਗੱਲ ਕੀਤੀ ਗਈ ਹੈ ਕਿ ਉਸ ਸੱਚੇ ਪਰਵਰਦਗਾਰ ਨਾਲ ਮਿੱਤਰਤਾ ਕਰਨੀ ਚਾਹੀਦੀ ਹੈ, ਉਸ ਨਾਲ ਨੇੜਤਾ ਪੈਦਾ ਕਰਨੀ ਚਾਹੀਦੀ ਹੈ ਜੋ ਸਭ ਕੁਝ ਕਰ ਸਕਣ ਦੇ ਸਮਰੱਥ ਹੈ, ਜਿਸ ਦੇ ਹੱਥ-ਵੱਸ ਸਭ ਕੁਝ ਹੈ। ਜਿਹੜੇ ਇੱਕ ਕਦਮ ਵੀ ਸਾਡੇ ਨਾਲ ਨਹੀਂ ਚੱਲ ਸਕਦੇ ਅਜਿਹੇ ਲੋਕ ਕੁਮਿੱਤਰ ਕਹੇ ਜਾਂਦੇ ਹਨ। ਭਾਵ ਦੁਨੀਆਂ ਦੀ ਹੋਰ ਕੋਈ ਵੀ ਚੀਜ਼ ਮਨੁੱਖ ਦੇ ਨਾਲ ਸਦੀਵੀ ਨਿਭਣ ਵਾਲੀ ਨਹੀਂ ਹੈ, ਸਿਰਫ ਅਕਾਲ ਪੁਰਖ ਦਾ ਸਾਥ ਹੀ ਸਦੀਵੀ ਹੈ ਅਤੇ ਉਸ ਨਾਲ ਕੀਤੀ ਦੋਸਤੀ ਹੀ ਸਦਾ ਨਾਲ ਨਿਭਣ ਵਾਲੀ ਹੈ,
ਨਾਨਕ ਮਿਤ੍ਰਾਈ ਤਿਸੁ ਸਿਉ ਸਭ ਕਿਛੁ ਜਿਸ ਕੈ ਹਾਥਿ॥
ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ॥੨॥ (ਪੰਨਾ ੩੧੮)
ਗੁਰਮਤਿ ਵਿਚ ਕਿਸੇ ਇਕਾਂਤ ਵਿਚ ਬੈਠ ਕੇ ਭਗਤੀ ਕਰਨ ਨਾਲੋਂ ਮਨੁੱਖ ਨੂੰ ਸਤਿਸੰਗਤਿ ਵਿਚ ਜਾ ਕੇ ਮਿਲ ਬੈਠ ਕੇ ਨਾਮ ਸਿਮਰਨ ਕਰਨ ਦਾ ਉਪਦੇਸ਼ ਕੀਤਾ ਹੈ। ਤੀਸਰੀ ਪਉੜੀ ਵਿਚ ਪੰਚਮ ਪਾਤਿਸ਼ਾਹ ਇਸ ਗੱਲ ਨੂੰ ਦ੍ਰਿੜ ਕਰਵਾਉਂਦੇ ਹਨ ਕਿ ਅਕਾਲ ਪੁਰਖ ਦਾ ਨਾਮ ਅੰਮ੍ਰਿਤ ਦਾ ਭੰਡਾਰ ਹੈ ਜਿਸ ਨੂੰ ਸਤਿਸੰਗਤਿ ਵਿਚ ਜਾ ਕੇ ਇਕੱਠੇ ਹੋ ਕੇ ਪੀਵੋ, ਮਿਲ ਬੈਠ ਕੇ ਪੀਵੋ। ਸਤਿਸੰਗਤਿ ਵਿਚ ਜਾ ਕੇ ਉਸ ਅਕਾਲ ਪੁਰਖ ਦਾ ਨਾਮ ਸਿਮਰਨ ਕਰਨ ਨਾਲ ਸਦੀਵੀ ਅਨੰਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਹੋਰ ਹਰ ਤਰ੍ਹਾਂ ਦੀ ਪਿਆਸ ਸ਼ਾਂਤ ਹੋ ਜਾਂਦੀ ਹੈ, ਮਨੁੱਖ ਨੂੰ ਹੋਰ ਕਿਸੇ ਕਿਸਮ ਦੀ ਪਿਆਸ ਨਹੀਂ ਰਹਿੰਦੀ। ਉਸ ਅਕਾਲ ਪੁਰਖ ਦੀ ਸੇਵਾ ਕਰਨ ਨਾਲ ਮਾਇਆ ਆਦਿ ਦੀ ਕੋਈ ਦੁਨਿਆਵੀ ਭੁੱਖ ਨਹੀਂ ਰਹਿੰਦੀ। ਉਸ ਦੀ ਸੇਵਾ ਅਤੇ ਸਿਮਰਨ ਕਰਨ ਨਾਲ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ, ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਅਤੇ ਅਮਰ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ ਅਰਥਾਤ ਉਚੀ ਆਤਮਕ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ ਜੋ ਸਦੀਵੀ ਰਹਿਣ ਵਾਲੀ ਹੈ। ਆਪਣੇ ਵਰਗਾ ਉਚਾ ਉਹ ਅਕਾਲ ਪੁਰਖ ਆਪ ਹੀ ਹੈ, ਹੋਰ ਕੋਈ ਵੀ ਉਸ ਦੇ ਬਰਾਬਰ ਦਾ ਨਹੀਂ ਹੈ ਅਤੇ ਗੁਰੂ ਸਾਹਿਬ ਮਨੁੱਖ ਨੂੰ ਉਸ ਦੀ ਸ਼ਰਨ ਪੈਣ ਦਾ ਉਪਦੇਸ਼ ਕਰਦੇ ਹਨ,
ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ॥
ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ॥
ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ॥
ਸਗਲ ਮਨੋਰਥ ਪੁੰਨਿਆ ਅਮਰਾ ਪਦੁ ਪਾਈ॥
ਤੁਧੁ ਜੇਵਡੁ ਤੂ ਹੈ ਪਾਰਬ੍ਰਹਮ ਨਾਨਕ ਸਰਣਾਈ॥੩॥ (ਪੰਨਾ ੩੧੮)
ਦੋ ਦੋ ਪੰਕਤੀਆਂ ਦੇ ਸਲੋਕਾਂ ਵਿਚ ਗੁਰੂ ਅਰਜਨ ਦੇਵ ਜੀ ਨੇ ਜੀਵਨ ਦੇ ਡੂੰਘੇ ਰਹੱਸ ਮਨੁੱਖ ਨੂੰ ਸਮਝਾਏ ਹਨ। ਅਗਲੇ ਸਲੋਕ ਵਿਚ ਦੱਸਿਆ ਹੈ ਕਿ ਉਹ ਪਰਮਾਤਮਾ ਸਰਬ-ਵਿਆਪਕ ਹੈ। ਕੋਈ ਵੀ ਥਾਂ ਅਜਿਹੀ ਨਹੀਂ ਹੈ ਜੋ ਉਸ ਤੋਂ ਰਹਿਤ ਹੋਵੇ, ਉਸ ਤੋਂ ਖਾਲੀ ਹੋਵੇ। ਪਰ ਇਸ ਦੇ ਬਾਵਜੂਦ ਜੀਵਨ ਦੇ ਮਨੋਰਥ ਨੂੰ ਹਰ ਕੋਈ ਨਹੀਂ ਪਾ ਸਕਦਾ (ਗੁਰਬਾਣੀ ਅਨੁਸਾਰ ਮਨੁੱਖ ਦੇ ਜੀਵਨ ਦਾ ਮਨੋਰਥ ਉਸ ਦੇ ਨਾਮ ਸਿਮਰਨ ਰਾਹੀਂ ਉਸ ਨੂੰ ਪਾਉਣਾ ਹੈ) ਉਸ ਨੂੰ ਹਰ ਕੋਈ ਨਹੀਂ ਲੱਭ ਸਕਦਾ। ਜੀਵਨ ਦਾ ਮਨੋਰਥ ਉਨ੍ਹਾਂ ਨੂੰ ਹੀ ਲੱਭਾ ਹੈ ਜਿਨ੍ਹਾਂ ਨੂੰ ਸਤਿਗੁਰ ਮਿਲ ਗਿਆ ਹੈ ਭਾਵ ਸਤਿਗੁਰ ਰਾਹੀਂ ਹੀ ਉਸ ਤੱਕ ਪਹੁੰਚ ਸਕੀਦਾ ਹੈ, ਉਸ ਨੂੰ ਪਾ ਸਕੀਦਾ ਹੈ,
ਡਿਠੜੋ ਹਭ ਠਾਇ ਊਣ ਨ ਕਾਈ ਜਾਇ॥
ਨਾਨਕ ਲਧਾ ਤਿਨ ਸੁਆਉ ਜਿਨਾ ਸਤਿਗੁਰੁ ਭੇਟਿਆ॥੧॥ (ਪੰਨਾ ੩੧੮-੧੯)
ਇਹ ਦੁਨੀਆਂ ਬਿਜਲੀ ਦੀ ਚਮਕ ਦੀ ਨਿਆਈਂ ਹੈ। ਜਿਵੇਂ ਬਿਜਲੀ ਦੀ ਲਿਸ਼ਕੋਰ ਇੱਕ ਮਿੰਟ ਲਈ ਪੈਂਦੀ ਹੈ ਅਤੇ ਲਿਸ਼ਕ ਕੇ ਬੰਦ ਹੋ ਜਾਂਦੀ ਹੈ, ਇਸੇ ਤਰ੍ਹਾਂ ਇਹ ਸੰਸਾਰ ਆਪਣੀ ਚਮਕ ਦਿਖਾ ਕੇ ਛਿੰਨ-ਭੰਗਰ ਹੋ ਜਾਂਦਾ ਹੈ। ਉਸ ਅਕਾਲ ਪੁਰਖ ਦਾ ਨਾਮ ਜਪਣਾ ਹੀ ਸਦਾ ਕਾਇਮ ਰਹਿਣ ਵਾਲੀ ਅਤੇ ਸੋਹਣੀ ਵਸਤੂ ਹੈ, ਬਾਕੀ ਸਭ ਕੁਝ ਨਾਸਵਾਨ ਹੈ। ਇਸ ਲਈ ਸਦਾ ਕਾਇਮ ਰਹਿਣ ਵਾਲੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ,
ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ॥
ਵਥੁ ਸੁਹਾਵੀ ਸਾਇ ਨਾਨਕ ਨਾਉ ਜਪੰਦੋ ਤਿਸੁ ਧਣੀ॥੨॥ (ਪੰਨਾ ੩੧੯)
ਅਗਲੀ ਪਉੜੀ ਵਿਚ ਦੱਸਿਆ ਹੈ ਕਿ ਸਾਰੀਆਂ ਸਿਮ੍ਰਤੀਆਂ ਅਤੇ ਸ਼ਾਸਤਰਾਂ (ਹਿੰਦੂ ਧਾਰਮਿਕ ਗ੍ਰੰਥ) ਦੀ ਛਾਣਬੀਣ ਕਰ ਲਈ, ਖੋਜ ਲਏ ਹਨ ਪਰ ਕਿਸੇ ਨੇ ਵੀ ਉਸ ਨੂੰ ਪਾਉਣ ਦਾ ਰਸਤਾ ਨਹੀਂ ਦੱਸਿਆ, ਕਿਸੇ ਨੇ ਵੀ ਉਸ ਦੀ ਕੀਮਤ ਨਹੀਂ ਪਾਈ, ਉਸ ਦੀ ਅਸਲੀਅਤ ਨੂੰ ਨਹੀਂ ਦੱਸਿਆ। ਉਹ ਮਨੁੱਖ ਹੀ ਅਕਾਲ ਪੁਰਖ ਦੇ ਮਿਲਾਪ ਦਾ ਅਨੰਦ ਮਾਣਦਾ ਹੈ ਜੋ ਸਤਿਸੰਗਤਿ ਵਿਚ ਮਿਲ ਕੇ ਬੈਠਦਾ ਹੈ ਅਰਥਾਤ ਸਤਿਸੰਗਤਿ ਹੀ ਅਜਿਹਾ ਸਾਧਨ ਹੈ ਜਿਥੇ ਉਸ ਨਾਲ ਮੇਲ ਹੁੰਦਾ ਹੈ ਅਤੇ ਉਸ ਨੂੰ ਮਿਲਣ ਦਾ ਸਦੀਵੀ ਅਨੰਦ ਮਾਣਿਆ ਜਾਂਦਾ ਹੈ। ਅਕਾਲ ਪੁਰਖ ਦਾ ਸੱਚਾ ਨਾਮ ਹੀ ਸਾਰੇ ਰਤਨ-ਪਦਾਰਥਾਂ ਦਾ ਖਜ਼ਾਨਾ ਹੈ ਭਾਵ ਉਸ ਦਾ ਨਾਮ ਹੀ ਬੇਸ਼ਕੀਮਤੀ ਖਜ਼ਾਨਾ ਹੈ। ਜਿਸ ਦੇ ਮੱਥੇ ‘ਤੇ ਚੰਗੇ ਭਾਗ ਲਿਖੇ ਹੋਣ, ਉਹ ਜੀਵ ਉਸ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦਾ ਹੈ। ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਕਿ ਨਾਨਕ ਦੀ ਖਾਤਰਦਾਰੀ ਇਹੀ ਹੈ ਕਿ ਆਪਣਾ ਸੱਚਾ ਨਾਮ ਖਰਚੇ ਵਜੋਂ ਬਖ਼ਸ਼ਿਸ਼ ਕਰ,
ਸਿਮ੍ਰਿਤਿ ਸਾਸਤ੍ਰ ਸੋਧਿ ਸਭਿ ਕਿਨੈ ਕੀਮ ਨ ਜਾਣੀ॥
ਜੋ ਜਨੁ ਭੇਟੈ ਸਾਧਸੰਗਿ ਸੋ ਹਰਿ ਰੰਗੁ ਮਾਣੀ॥
ਸਚੁ ਨਾਮੁ ਕਰਤਾ ਪੁਰਖੁ ਏਹ ਰਤਨਾ ਖਾਣੀ॥
ਮਸਤਕਿ ਹੋਵੈ ਲਿਖਿਆ ਹਰਿ ਸਿਮਰਿ ਪਰਾਣੀ॥
ਤੋਸਾ ਦਿਚੈ ਸਚੁ ਨਾਮੁ ਨਾਨਕ ਮਿਹਮਾਣੀ॥੪॥ (ਪੰਨਾ ੩੧੯)