ਦਿੱਲੀ ਪੰਜਾਬੀ ਸਾਹਿਤ ਦਾ ਕੇਂਦਰ

ਕਹਾਣੀ ਇਉਂ ਤੁਰੀ-5
ਪੰਜਾਬੀ ਕਹਾਣੀ ਜਗਤ ਵਿਚ ਗੁਰਬਚਨ ਸਿੰਘ ਭੁੱਲਰ ਦਾ ਨਿਵੇਕਲਾ ਅਤੇ ਨਿਆਰਾ ਸਥਾਨ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿਚ ਪੰਜਾਬ, ਖਾਸ ਕਰ ਕੇ ਮਾਲਵਾ ਖਿੱਤੇ ਦਾ ਰੰਗ ਪੂਰੇ ਜਲੌਅ ਅਤੇ ਸਿਦਕ ਨਾਲ ਪੇਸ਼ ਹੋਇਆ ਹੈ।

ਆਪਣੀ ਪਹਿਲੀ ਹੀ ਕਹਾਣੀ ‘ਰਾਤਾਂ ਕਾਲੀਆਂ’ ਅਤੇ ਫਿਰ ਪਹਿਲੀ ਹੀ ਕਿਤਾਬ ‘ਓਪਰਾ ਮਰਦ’ ਨਾਲ ਉਨ੍ਹਾਂ ਪੰਜਾਬੀ ਸਾਹਿਤ ਜਗਤ ਦਾ ਧਿਆਨ ਵਾਹਵਾ ਖਿੱਚ ਲਿਆ ਸੀ, ਤੇ ਚੋਟੀ ਦੇ ਲੇਖਕਾਂ ਵਿਚ ਸ਼ੁਮਾਰ ਹੋ ਗਏ ਸਨ। ਹਾਲ ਹੀ ਵਿਚ ਉਨ੍ਹਾਂ ਦਾ ਪਲੇਠਾ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਪ੍ਰਕਾਸ਼ਤ ਹੋਇਆ ਹੈ। ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਉਨ੍ਹਾਂ ਆਪਣੀ ਲੰਮੀ ਲੇਖ ਲੜੀ ‘ਕਹਾਣੀ ਇਉਂ ਤੁਰੀ’ ਭੇਜੀ ਹੈ ਜਿਸ ਵਿਚ ਉਨ੍ਹਾਂ ਆਪਣੀ ਕਹਾਣੀ ਯਾਤਰਾ ਬਾਰੇ ਨਿੱਠ ਕੇ ਗੱਲਾਂ ਕੀਤੀਆਂ ਹਨ। ਉਂਜ, ਇਸ ਕਹਾਣੀ ਯਾਤਰਾ ਵਿਚ ਉਨ੍ਹਾਂ ਅਜਿਹਾ ਸਭਿਆਚਾਰਕ ਸਮਾਜਕ ਰੰਗ ਭਰਿਆ ਹੈ ਕਿ ਇਸ ਕਹਾਣੀ ਯਾਤਰਾ ਦੇ ਪਿਛੇ ਪੰਜਾਬ ਦੀਆਂ ਹੇਕਾਂ ਸੁਣਾਈ ਦਿੰਦੀਆਂ ਹਨ। ਇਹ ਦਿਲਚਸਪ ਲੇਖ ਲੜੀ ਅਸੀਂ ਆਪਣੇ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਐਤਕੀਂ ਉਨ੍ਹਾਂ ਦਿੱਲੀ ਦੀਆਂ ਕੁਝ ਹੋਰ ਹਸਤੀਆਂ ਬਾਰੇ ਗੱਲਾਂ ਛੇੜੀਆਂ ਹਨ। -ਸੰਪਾਦਕ

ਗੁਰਬਚਨ ਸਿੰਘ ਭੁੱਲਰ

ਸੋਹਨ ਸਿੰਘ ਜੋਸ਼ ਜੀ ਦਾ ਨਾਂ ਮੈਂ ਬਚਪਨ ਤੋਂ ਸਿਆਸੀ ਅਤੇ ਸਾਹਿਤਕ- ਦੋਵਾਂ ਖੇਤਰਾਂ ਵਿਚ ਸੁਣਦਾ ਆਇਆ ਸੀ। ਉਨ੍ਹਾਂ ਨਾਲ ਨੇੜਤਾ ਹੋ ਜਾਣ ਨੂੰ ਮੈਂ ਸੁਭਾਗ ਤੋਂ ਬਿਨਾਂ ਹੋਰ ਕਿਸੇ ਸ਼ਬਦ ਨਾਲ ਪਰਗਟ ਨਹੀਂ ਕਰ ਸਕਦਾ। ਉਹ ਸਾਡੇ ਇਤਿਹਾਸ ਦੇ ਛੇ ਦਹਾਕਿਆਂ ਦਾ ਸਾਕਾਰ ਰੂਪ ਸਨ। ਸੱਚੇ ਅਰਥਾਂ ਵਿਚ ਪ੍ਰਤੀਨਿਧ ਪੰਜਾਬੀ। ਇਕ ਵਾਰ ਪ੍ਰਸਿੱਧ ਹਿੰਦੀ ਲੇਖਕ ਨਾਗਾਰਜੁਨ ਨੇ ਕਿਹਾ ਸੀ, “ਮੈਂ ਪੰਜਾਬ ਤਾਂ ਪਹਿਲੀ ਵਾਰ ਆਇਆ ਹਾਂ, ਪਰ ਪੰਜਾਬ ਨੂੰ ਜਾਣਦਾ ਬੜੀ ਚੰਗੀ ਤਰ੍ਹਾਂ ਹਾਂ ਕਿਉਂਕਿ ਮੈਂ ਸੋਹਨ ਸਿੰਘ ਜੋਸ਼ ਨੂੰ ਜਾਣਦਾ ਹਾਂ!” ਕਲਮੀ ਖੇਤਰ ਵਿਚ ਉਹ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਸਨ ਅਤੇ ਕਵਿਤਾ, ਅਨੁਵਾਦ, ਯਾਤਰਾ, ਭਾਸ਼ਾ-ਵਿਗਿਆਨ, ਆਤਮ ਕਥਾ ਤੇ ਇਤਿਹਾਸ ਦੀਆਂ ਅਨੇਕ ਪੁਸਤਕਾਂ ਦੇ ਕਰਤਾ ਸਨ। ਉਨ੍ਹਾਂ ਨੇ ਵੱਡੀ ਗਿਣਤੀ ਵਿਚ ਖੋਜ-ਪੱਤਰ, ਆਲੋਚਨਾਤਮਕ ਲੇਖ, ਮੁੱਖ ਬੰਦ ਤੇ ਰੀਵਿਊ ਲਿਖੇ। ਉਹ ਸਾਹਿਤਕ ਗੋਸ਼ਟੀਆਂ ਤੇ ਸਭਾਵਾਂ ਵਿਚ ਉਤਸ਼ਾਹ ਨਾਲ ਹਿੱਸਾ ਲੈਂਦੇ।
ਸਿਆਸੀ ਖੇਤਰ ਵਿਚ ਉਨ੍ਹਾਂ ਦਾ ਕੱਦ ਸਰੀਰਕ ਕੱਦ ਵਾਂਗ ਬਹੁਤ ਵੱਡਾ ਸੀ। 1920 ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਈ। ਉਸ ਸਮੇਂ ਉਹ ਕੈਦ ਵਿਚ ਸਨ। ਰਿਹਾਈ ਮਗਰੋਂ ਮਾਰਚ 1923 ਵਿਚ ਉਨ੍ਹਾਂ ਨੂੰ ਕਮੇਟੀ ਦਾ ਮੈਂਬਰ ਅਤੇ ਦਲ ਦਾ ਜਨਰਲ ਸਕੱਤਰ ਚੁਣਿਆ ਗਿਆ। ਕਾਂਗਰਸ ਉਸ ਸਮੇਂ ਗਾਂਧੀਵਾਦੀ, ਗਰਮਖਿਆਲ, ਕਮਿਊਨਿਸਟ, ਅਕਾਲੀ, ਆਦਿ ਵੱਖ ਵੱਖ ਧਾਰਾਵਾਂ ਨੂੰ ਸਮੋ ਕੇ ਚੱਲ ਰਿਹਾ ਸਾਮਰਾਜ-ਵਿਰੋਧੀ ਅੰਦੋਲਨ ਸੀ। 1938 ਵਿਚ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਜਨਰਲ ਸਕੱਤਰ ਤੇ ਕੁੱਲ-ਹਿੰਦ ਕਾਂਗਰਸ ਕਮੇਟੀ ਦਾ ਮੈਂਬਰ ਥਾਪਿਆ ਗਿਆ। 1942 ਵਿਚ ਉਹ ਪੰਜਾਬ ਕਮਿਊਨਿਸਟ ਪਾਰਟੀ ਦੇ ਸਕੱਤਰ ਬਣੇ ਅਤੇ ਉਸ ਪਿੱਛੋਂ ਪਾਰਟੀ ਦੀਆਂ ਅਨੇਕ ਵੱਡੀਆਂ ਕੇਂਦਰੀ ਪਦਵੀਆਂ ਉਤੇ ਰਹੇ।
ਉਨ੍ਹਾਂ ਦੇ ਨੇੜੇ ਹੋ ਕੇ ਵਿਅਕਤੀ ਵਾਸਤੇ ਦੋ ਪ੍ਰਭਾਵ ਕਬੂਲਣੇ ਸੁਭਾਵਿਕ ਅਤੇ ਲਾਜ਼ਮੀ ਸਨ। ਉਸ ਸਮੇਂ ਉਨ੍ਹਾਂ ਦਾ ਭਰਵਾਂ ਦਾੜ੍ਹਾ ਉਨ੍ਹਾਂ ਦੀ ਪੱਗ ਵਾਂਗ ਸਫ਼ੈਦ ਹੋ ਚੁੱਕਿਆ ਸੀ। ਪਰ ਬਿਰਧ ਅਵਸਥਾ ਦੇ ਬਾਵਜੂਦ ਉਨ੍ਹਾਂ ਵਿਚ ਕੰਮ ਕਰਨ ਦੀ ਅਥਾਹ ਸਮਰੱਥਾ ਸੀ। ਮੈਂ ਜਦੋਂ ਵੀ ਜਾਂਦਾ, ਕਲਮ ਉਨ੍ਹਾਂ ਦੇ ਹੱਥ ਵਿਚ ਹੀ ਹੁੰਦੀ। ਦੂਜੇ, ਏਨੇ ਲੰਮੇ ਸਿਆਸੀ ਜੀਵਨ ਦੇ ਬਾਵਜੂਦ ਉਨ੍ਹਾਂ ਦਾ ਸਨਿਮਰ ਸੁਭਾਅ ਅਤੇ ਚਰਿਤਰ ਉਨ੍ਹਾਂ ਦੀ ਪੱਗ ਵਾਂਗ ਹੀ ਬੇਦਾਗ਼ ਸੀ।
ਕਰਤਾਰ ਸਿੰਘ ਦੁੱਗਲ ਮਸ਼ਹੂਰ ਤਾਂ ਗਲਪਕਾਰ ਵਜੋਂ ਹੋਏ, ਪਰ ਉਹ ਚੰਗੇ ਕਵੀ, ਨਾਟਕਕਾਰ, ਜੀਵਨੀਕਾਰ, ਆਦਿ ਵੀ ਸਨ। ਸਬੱਬ ਅਤੇ ਸੁਭਾਗ ਨਾਲ ਉਨ੍ਹਾਂ ਦੀ ਨੌਕਰੀ ਵੀ, ਪਹਿਲਾਂ ਰੇਡੀਓ ਤੇ ਫੇਰ ਨੈਸ਼ਨਲ ਬੁੱਕ ਟਰੱਸਟ ਦੇ ਅਧਿਕਾਰੀ ਵਜੋਂ ਅਤੇ ਅੰਤ ਨੂੰ ਭਾਰਤ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਸਲਾਹਕਾਰ ਵਜੋਂ, ਸ਼ਬਦ ਦੇ ਖੇਤਰ ਨਾਲ ਹੀ ਜੁੜੀ ਰਹੀ। ਉਹ ਪੱਕੇ ਨਿੱਤਨੇਮੀ ਸਨ। ਆਮ ਕਰਕੇ ਨਿੱਤਨੇਮੀ ਹਰ ਰੋਜ਼ ਪੂਜਾ-ਪਾਠ ਕਰਨ ਵਾਲੇ ਵਿਅਕਤੀ ਨੂੰ ਕਿਹਾ ਜਾਂਦਾ ਹੈ। ਉਹ ਦੋ ਵੇਲੇ ਗੁਰਬਾਣੀ ਦਾ ਪਾਠ ਤਾਂ ਕਰਦੇ ਹੀ, ਦੋ ਹੋਰ ਨੇਮ ਵੀ ਕਦੀ ਨਹੀਂ ਸਨ ਖੁੰਝਾਉਂਦੇ। ਇਕ ਸੀ ਲਿਖਣਾ ਤੇ ਦੂਜਾ ਸੈਰ ਨੂੰ ਜਾਣਾ। ਸਮੇਂ ਨੂੰ ਵਾਧੂ-ਵਿਹਲੀਆਂ ਗੱਲਾਂ ਵਿਚ ਅਜਾਈਂ ਗੁਆਉਣ ਦੀ ਥਾਂ ਉਹ ਲਿਖਣ-ਪੜ੍ਹਨ ਦੇ ਲੇਖੇ ਲਾਉਣ ਵਿਚ ਯਕੀਨ ਰਖਦੇ ਸਨ। ਇਸੇ ਕਰਕੇ ਹੀ ਤਾਂ ਉਹ ਏਨਾ ਫ਼ੈਲਵਾਂ ਰਚਨਾ-ਕਾਰਜ ਨੇਪਰੇ ਚਾੜ੍ਹ ਸਕੇ। ਸਾਰੀਆਂ ਭਾਰਤੀ ਭਾਸ਼ਾਵਾਂ ਦੇ ਸਾਹਿਤ ਤੇ ਸਾਹਿਤਕਾਰਾਂ ਦੀ ਨੇੜਲੀ ਜਾਣਕਾਰੀ ਰੱਖਣ ਵਾਲੇ ਖ਼ੁਸ਼ਵੰਤ ਸਿੰਘ ਨੇ ਵੀ ਦੁੱਗਲ ਨੂੰ ਯਾਦ ਕਰਦਿਆਂ ਕਿਹਾ ਸੀ, “ਮੈਨੂੰ ਨਹੀਂ ਲਗਦਾ, ਕੋਈ ਵੀ ਹੋਰ ਭਾਰਤੀ ਲੇਖਕ ਉਸ ਦੇ ਸਾਹਿਤ ਦੇ ਆਕਾਰ ਦੇ ਰਿਕਾਰਡ ਦੀ ਬਰਾਬਰੀ ਕਰ ਸਕਿਆ ਹੈ!”
ਕਿਸੇ ਨਾਲ ਗੱਲਬਾਤ ਸਮੇਂ ਉਹ ਸੁਣਦੇ ਬਹੁਤਾ, ਆਪਣਾ ਸੀਰ ਘੱਟ ਤੋਂ ਘੱਟ ਸ਼ਬਦਾਂ ਨਾਲ ਪਾਉਂਦੇ। ਜੇ ਸਰਦਾ ਹੁੰਦਾ, ਸ਼ਬਦਾਂ ਦੀ ਥਾਂ ਮੁਸਕਰਾਹਟ ਨਾਲ ਹੀ ਹੁੰਗਾਰਾ ਭਰ ਦਿੰਦੇ। ਸੈਰ ਸਮੇਂ ਬਹੁਤੇ ਲੋਕ ਵਾਕਫ਼ਾਂ-ਦੋਸਤਾਂ ਨੂੰ ਉਡੀਕ-ਲੱਭ ਕੇ ਇਧਰਲੀਆਂ-ਉਧਰਲੀਆਂ ਮਾਰਦੇ ਰਹਿਣਾ ਪਸੰਦ ਕਰਦੇ ਹਨ। ਪਰ ਦੁੱਗਲ ਸੈਰ ਸਮੇਂ ਵੀ ਆਪਣੇ ਆਪ ਵਿਚ ਹੀ ਮਗਨ ਰਹਿੰਦੇ। ਸੈਰ ਦਾ ਸਮਾਂ ਵੀ ਉਹ ਸਾਹਿਤਕ ਚਿੰਤਨ-ਮੰਥਨ ਦੇ ਲੇਖੇ ਹੀ ਲਾਉਂਦੇ ਸਨ। ਉਹ ਕਦੀ ਕਿਸੇ ਸਾਹਿਤਕ ਧੜੇਬੰਦੀ, ਗੁੱਟਬਾਜ਼ੀ, ਈਰਖਾ, ਆਦਿ ਵਿਚ ਨਹੀਂ ਸਨ ਪੈਂਦੇ। ਇਨ੍ਹਾਂ ਗੱਲਾਂ ਨੂੰ ਉਹ ਰਚਨਾਤਮਿਕਤਾ ਲਈ ਅੜਿਕਾ ਮੰਨਦੇ ਸਨ।
ਉਨ੍ਹਾਂ ਨੂੰ ਇਕ ਹਿਰਖ ਲੇਖਕਾਂ ਨੂੰ ਰਾਇਲਟੀ ਨਾ ਦੇਣ ਵਾਲੇ ਪ੍ਰਕਾਸ਼ਕਾਂ ਉਤੇ ਸੀ ਅਤੇ ਦੂਜਾ ਸਾਹਿਤ ਦੀ ਕਦਰ ਨਾ ਜਾਣਨ ਵਾਲੇ ਸਿਆਸਤਦਾਨਾਂ ਉਤੇ। ਇਕ ਦਿਨ ਗੱਲਾਂ ਕਰਦਿਆਂ ਉਨ੍ਹਾਂ ਨੇ ਆਪ-ਬੀਤੀ ਸੁਣਾਈ। ਉਹ ਕਈ ਸ਼ਹਿਰਾਂ ਵਿਚ ਸੇਵਾ-ਕਾਰਜ ਨਿਭਾ ਕੇ ਕਈ ਸਾਲਾਂ ਮਗਰੋਂ ਦਿੱਲੀ ਪਰਤੇ ਤਾਂ ਸ਼ਿਸ਼ਟਾਚਾਰ ਦੇ ਨਾਤੇ ਆਪਣੇ ਪੁਰਾਣੇ ਮਿੱਤਰ ਕੇਂਦਰੀ ਮੰਤਰੀ ਸਰਦਾਰ ਸਵਰਨ ਸਿੰਘ ਨੂੰ ਮਿਲਣ ਗਏ। ਜਾਂਦੇ ਹੋਏ ਆਪਣੀਆਂ ਨਵੀਆਂ ਛਪੀਆਂ ਪੁਸਤਕਾਂ ਵੀ ਲੈ ਗਏ। ਸਵਰਨ ਸਿੰਘ ਬੜੇ ਨਿੱਘ ਨਾਲ ਮਿਲੇ। ਦੁੱਗਲ ਨੇ ਪੁਸਤਕਾਂ ਭੇਟ ਕੀਤੀਆਂ ਤਾਂ ਉਨ੍ਹਾਂ ਨੇ ਫਰੋਲਣੀਆਂ ਤਾਂ ਕਿਤੇ ਰਹੀਆਂ, ਝਾਤ ਪਾਏ ਬਿਨਾਂ ਹੀ ਨਾਲ ਦੇ ਸੋਫ਼ੇ ਉਤੇ ਸੁੱਟਣ ਵਾਂਗ ਰਖਦਿਆਂ ਕਿਹਾ, “ਇਹ ਠੀਕ ਥਾਂ ਪਹੁੰਚ ਗਈਆਂ ਸਮਝੋ। ਮੈਂ ਆਪਣੇ ਪਿੰਡ ਲਾਇਬਰੇਰੀ ਖੁਲ੍ਹਵਾਈ ਹੈ, ਇਨ੍ਹਾਂ ਨੂੰ ਉਥੇ ਭਿਜਵਾ ਦੇਵਾਂਗਾ।”
ਉਨ੍ਹਾਂ ਦੇ ਗੁਜ਼ਰਨ ਤੋਂ ਕੁਝ ਸਮਾਂ ਪਹਿਲਾਂ ਪੰਜਾਬੀ ਸਾਹਿਤ ਸਭਾ ਦਿੱਲੀ ਦੀ ਗੋਸ਼ਟੀ ਵਿਚ ਮੈਂ ਪਾਠਕਾਂ ਦੀ ਘਾਟ ਦੀ ਸਮੱਸਿਆ ਬਾਰੇ ਪਰਚਾ ਪੜ੍ਹਿਆ। ਸਰੀਰਕ ਕਮਜ਼ੋਰੀ ਦੇ ਬਾਵਜੂਦ ਉਹ ਪ੍ਰਧਾਨਗੀ ਕਰਨ ਲਈ ਆਏ। ਮੈਂ ਗੋਡਿਆਂ ਵੱਲ ਝੁਕਿਆ ਤਾਂ ਮੋਢਿਆਂ ਤੋਂ ਫੜ ਕੇ ਮੈਨੂੰ ਸਾਹਮਣੇ ਖੜ੍ਹਾ ਕਰਦਿਆਂ ਅਸੀਸ ਵਜੋਂ ਮੁਸਕਰਾ ਪਏ।
ਅਨੇਕ ਸੰਸਥਾਵਾਂ, ਮੋਟੀਆਂ ਤਨਖ਼ਾਹਾਂ ਲੈਣ ਵਾਲੇ ਅਨੇਕ ਵਿਦਵਾਨ ਉਨ੍ਹਾਂ ਕੋਲ ਹੋਣ ਦੇ ਬਾਵਜੂਦ, ਇਕ ਵਿਅਕਤੀ ਜਿੰਨਾ ਕੰਮ ਵੀ ਨਹੀਂ ਕਰ ਸਕਦੀਆਂ। ਕਈ ਵਿਅਕਤੀ ਅਜਿਹੇ ਹੁੰਦੇ ਹਨ ਜੋ ਇਕੱਲੇ ਹੀ ਸੰਸਥਾ ਜਿੰਨਾ ਕੰਮ ਕਰ ਦਿਖਾਉਂਦੇ ਹਨ। ਇਹ ਕਹਿਣਾ ਵਧੀਕ ਠੀਕ ਹੋਵੇਗਾ ਕਿ ਉਹ ਆਪ ਹੀ ਇਕ ਸੰਸਥਾ ਬਣ ਜਾਂਦੇ ਹਨ। ਵਣਜਾਰਾ ਬੇਦੀ ਅਜਿਹੀ ਹੀ ਸੰਸਥਾ ਸਨ। ਨਾਂ ਤਾਂ ਉਨ੍ਹਾਂ ਦਾ ਸੁਹਿੰਦਰ ਸਿੰਘ ਸੀ ਪਰ ਉਨ੍ਹਾਂ ਦੇ ਕਾਗ਼ਜ਼-ਪੱਤਰਾਂ ਨਾਲ ਵਾਹ ਵਾਲੇ ਵਿਅਕਤੀਆਂ ਤੋਂ ਬਿਨਾਂ ਬਹੁਤੇ ਲੋਕ ਉਨ੍ਹਾਂ ਦਾ ਨਾਂ ਵਣਜਾਰਾ ਹੀ ਸਮਝਦੇ ਸਨ। ਇਹ ਸੀ ਵੀ ਠੀਕ। ਉਨ੍ਹਾਂ ਨੇ ਸਾਰੀ ਉਮਰ ਸਿਰਫ਼ ਸ਼ਬਦ, ਸਾਹਿਤ ਤੇ ਸਭਿਆਚਾਰ ਦਾ ਸੱਚਾ-ਸੁੱਚਾ ਵਣਜ ਕੀਤਾ ਅਤੇ ਹਰ ਸਾਊ-ਸਰੀਫ਼ ਵਣਜਾਰੇ ਵਾਂਗ ਉਸ ਵਿਚ ਭਰਪੂਰ ਮਾਇਕ ਘਾਟਾ ਖਾਧਾ ਪਰ ਓਨਾ ਹੀ ਭਰਪੂਰ ਜਸ ਖੱਟਿਆ।
ਉਨ੍ਹਾਂ ਨੇ ਕਈ ਵਿਧਾਵਾਂ ਵਿਚ ਮੌਲਕ ਰਚਨਾ ਤਾਂ ਕੀਤੀ ਹੀ ਪਰ ਪੰਜਾਬੀ ਸਭਿਆਚਾਰ ਤੇ ਰਹਿਤਲ ਦਾ, ਰਸਮਾਂ-ਰਿਵਾਜਾਂ, ਪਰੰਪਰਾਵਾਂ, ਰੀਤਾਂ, ਵਿਸ਼ਵਾਸਾਂ, ਕਹਾਵਤਾਂ, ਅਖਾਣਾਂ, ਟੋਟਕਿਆ, ਬਾਤਾਂ ਆਦਿ ਦਾ ਉਨ੍ਹਾਂ ਜਿਹਾ ਗਿਆਨੀ ਆਧੁਨਿਕ ਪੰਜਾਬੀ ਸਾਹਿਤ ਵਿਚ ਦੂਜਾ ਹੋਰ ਕੋਈ ਨਹੀਂ ਹੋਇਆ। ਇਸ ਸਭ ਬਾਰੇ ਉਨ੍ਹਾਂ ਨੇ ਰਿਸ਼ੀਆਂ ਵਾਲੀ ਤਪੱਸਿਆ ਨਾਲ ਜਾਣਕਾਰੀ ਇਕੱਤਰ ਕੀਤੀ ਅਤੇ ਉਸ ਗਿਆਨ ਨੂੰ ਪਾਠਕਾਂ ਤੱਕ ਪੁਜਦਾ ਕਰਨ ਵਾਸਤੇ ਭਾਂਤ-ਸੁਭਾਂਤੇ ਪੱਖਾਂ ਨੂੰ ਲੈ ਕੇ ਬਹੁਤ ਸਾਰੀਆਂ ਪੁਸਤਕਾਂ ਦੀ ਰਚਨਾ ਕੀਤੀ ਪਰ ਮੇਰੀ ਜਾਚੇ ਉਨ੍ਹਾਂ ਦਾ ਸਭ ਤੋਂ ਮਹੱਤਵਪੂਰਨ ਕਾਰਜ ‘ਪੰਜਾਬੀ ਲੋਕਧਾਰਾ ਵਿਸ਼ਵ ਕੋਸ਼’ ਦੀ ਰਚਨਾ ਹੈ। ਚਾਹੀਦਾ ਤਾਂ ਇਹ ਸੀ ਕਿ ਉਨ੍ਹਾਂ ਦੀ ਘਾਲਣਾ ਦੀ ਕਦਰ ਕਰਦਿਆਂ ਪੰਜਾਬੀ ਦੀਆਂ ਭਾਸ਼ਾ ਅਤੇ ਸਾਹਿਤ ਨਾਲ ਸਬੰਧਿਤ ਸੰਸਥਾਵਾਂ ਵਿਚ ਇਹਨੂੰ ਪ੍ਰਕਾਸ਼ਿਤ ਕਰਨ ਦਾ ਮੁਕਾਬਲਾ ਸ਼ੁਰੂ ਹੋ ਜਾਂਦਾ, ਹੋਇਆ ਇਹ ਕਿ ਉਨ੍ਹਾਂ ਨੂੰ ਅੱਠ ਵੱਡੀਆਂ ਸੈਂਚੀਆਂ ਵਾਲੇ ਇਸ ਮਹੱਤਵਪੂਰਨ ਗ੍ਰੰਥ ਨੂੰ ਪ੍ਰਕਾਸ਼ਿਤ ਵੀ ਆਪਣੇ ਵਸੀਲਿਆਂ ਨਾਲ ਹੀ ਕਰਨਾ ਪਿਆ!
ਵਣਜਾਰਾ ਜੀ ਸੁਭਾਅ ਦੇ ਵੀ ਏਨੇ ਫੱਕਰ ਸਨ ਕਿ ਕੋਸ਼ ਦੇ ਪ੍ਰਕਾਸ਼ਨ ਦੇ ਨਜ਼ਰੀਏ ਤੋਂ ਇਕ ਵਾਰ ਮੈਂ ਉਨ੍ਹਾਂ ਨੂੰ ਆਈਆਂ ਮੁਸ਼ਕਿਲਾਂ ਦਾ ਜ਼ਿਕਰ ਕੀਤਾ ਤਾਂ ਬੋਲੇ, “ਨਹੀਂ, ਭੁੱਲਰ ਜੀ, ਸਭ ਤੋਂ ਵੱਡੀ ਮੁਸ਼ਕਿਲ ਇਹ ਨਹੀਂ ਸੀ। ਇਹਨੂੰ ਤਾਂ ਮੈਂ ਹੋਰ ਖਰਚਾਂ ਵਿਚ ਸੰਕੋਚ ਕਰ ਕੇ ਪਾਰ ਕਰ ਲਿਆ। ਅਸਲ ਮੁਸ਼ਕਿਲ ਲੋਕ-ਸਭਿਆਚਾਰ ਨੂੰ ਜਿਉਂ-ਦਾ-ਤਿਉਂ ਲੋਕਾਂ ਦੀ ਬੋਲੀ ਵਿਚ ਰਿਕਾਰਡ ਕਰਨ ਦੀ ਸੀ। ਬਦਕਿਸਮਤੀ ਨੂੰ ਉਦੋਂ ਰਿਕਾਰਡਿੰਗ ਦੀਆਂ ਮਸ਼ੀਨਾਂ ਦਾ ਆਕਾਰ ਏਨਾ ਛੋਟਾ ਨਹੀਂ ਸੀ। ਇਹ ਸੰਭਵ ਨਹੀਂ ਸੀ ਕਿ ਰਿਕਾਰਡਰ ਆਪਣੇ ਕੋਲ ਛੁਪਾ ਲਿਆ ਜਾਵੇ। ਜੇ ਮੈਂ ਰਿਕਾਰਡਰ ਨੂੰ ਸਾਹਮਣੇ ਚਲਾਉਂਦਾ, ਬੋਲਣ ਵਾਲੇ/ਵਾਲੀ ਦਾ ਬੋਲਣ ਦਾ ਲਹਿਜਾ ਇਕਦਮ ਬਦਲ ਜਾਂਦਾ। ਉਹਨੇ ਝੱਟ ਸਚੇਤ ਤੇ ਸਾਵਧਾਨ ਹੋ ਜਾਣਾ। ਕੁਦਰਤੀ ਰੰਗ ਦੀ ਥਾਂ ਉਹਦੀ ਆਵਾਜ਼ ਵਿਚ, ਸ਼ਬਦ-ਚੋਣ ਤੇ ਵਾਕ-ਬਣਤਰ ਵਿਚ ਬਣਾਉਟੀਪਨ ਆ ਜਾਂਦਾ। ਜਦੋਂ ਮੈਂ ਰਿਕਾਰਡ ਕੀਤੇ ਬਿਨਾਂ ਕੋਈ ਬਾਤ-ਵਾਰਤਾ ਕਿਸੇ ਤੋਂ ਸੁਣ ਕੇ ਘਰ ਆ ਚੇਤੇ ਵਿਚੋਂ ਲਿਖਣ ਲਗਦਾ, ਉਸ ਵਿਚ ਮੇਰੀ ਲਿਖਣ-ਸ਼ੈਲੀ ਦਾ ਸਾਹਿਤਕ ਰੰਗ ਆ ਜਾਂਦਾ।” ਮੈਂ ਹੈਰਾਨ ਹੋਇਆ ਕਿ ਲੋਕ-ਸਭਿਆਚਾਰ ਨੂੰ ਉਹਦੇ ਨਿਰੋਲ ਸੁੱਚੇ ਰੂਪ ਵਿਚ ਪੇਸ਼ ਕਰਨ ਵਾਸਤੇ ਉਹ ਕਿੰਨੀ ਜ਼ਿੰਮੇਵਾਰੀ ਮਹਿਸੂਸ ਕਰਦੇ ਸਨ!
ਬਲਵੰਤ ਗਾਰਗੀ ਨੂੰ ਮਿਲਿਆ ਤਾਂ ਮੈਂ ਦਿੱਲੀ ਆ ਕੇ ਪਰ ਉਹਦਾ ਨਾਂ ਪਾਠ-ਪੁਸਤਕਾਂ ਵਿਚ ਪੜ੍ਹ ਪੜ੍ਹ ਹੀ ਮੇਰੀ ਉਸ ਉਤੇ ਮੇਰ ਹੋ ਗਈ ਸੀ। ਉਹ ਸਾਡੇ ਜ਼ਿਲਾ-ਸ਼ਹਿਰ ਬਠਿੰਡਾ ਤੋਂ ਸੀ ਅਤੇ ਉਹਦੇ ਨਾਨਕੇ ਸਾਥੋਂ ਚਾਰ ਕੋਹ ਵਾਟ ਤਪਾ ਮੰਡੀ ਸਨ। ਉਹਦੀ ਵੱਡੀ ਸਿਫ਼ਤ ਇਹ ਸੀ ਕਿ ਉਹ ਕੱਚੀ-ਪਿੱਲੀ ਰਚਨਾ ਨਹੀਂ ਸੀ ਕਰਦਾ। ਉਹਨੇ ਜਿਸ ਵਿਧਾ ਵਿਚ ਵੀ ਲਿਖਿਆ, ਮਿਆਰ ਮਿਥ ਦਿੱਤਾ। ਉਹ ਮਸ਼ਹੂਰ ਨਾਟਕਕਾਰ ਤੇ ਨਾਟ-ਨਿਰਦੇਸ਼ਕ ਤਾਂ ਸੀ ਹੀ, ਉਹਨੇ ਅਜਿਹੇ ਕਲਮੀ ਚਿਤਰ ਲਿਖੇ ਜਿਨ੍ਹਾਂ ਨੂੰ ਪਾਰ ਕਰਨਾ ਮੁਸ਼ਕਿਲ ਹੈ। ਉਹਦੀਆਂ ਕਹਾਣੀਆਂ ਦੀ ਗਵਾਹੀ ਤਾਂ ਮੈਂ ਕਹਾਣੀਕਾਰ ਹੋਣ ਦੇ ਨਾਤੇ ਦੇ ਸਕਦਾ ਹਾਂ। ਜੇ ਕਿਸੇ ਪਾਠਕ ਨੂੰ ਉਹਦੀਆਂ ਹੋਰ ਵਿਧਾਵਾਂ ਦੀਆਂ ਪੁਸਤਕਾਂ ਦਾ ਪਤਾ ਨਾ ਹੋਵੇ ਅਤੇ ਉਹਨੂੰ ਸਿਰਫ਼ ਉਹਦੀਆਂ ਕਹਾਣੀਆਂ ਪੜ੍ਹਾ ਦਿੱਤੀਆਂ ਜਾਣ, ਉਹ ਨਿਸਚੇ ਹੀ ਉਹਨੂੰ ਪੰਜਾਬੀ ਦੇ ਪ੍ਰਮੁੱਖ ਕਹਾਣੀਕਾਰਾਂ ਵਿਚ ਰੱਖੇਗਾ।
ਭਾਸ਼ਾ ਦੇ ਪੱਖੋਂ ਉਹ ਆਪਣੇ ਆਪ ਨੂੰ ਬੇਝਿਜਕ ਹੋ ਕੇ ‘ਅਨਪੜ੍ਹ’ ਆਖਦਾ ਸੀ। ਉਹ ਆਖਦਾ, “ਮਾਲਵੇ ਦੀ ਪੇਂਡੂ ਬੋਲੀ ਮੈਂ ਇਸ ਲਈ ਵਰਤੀ ਕਿਉਂਕਿ ਮੈਨੂੰ ਹੋਰ ਕੋਈ ਬੋਲੀ ਨਹੀਂ ਸੀ ਆਉਂਦੀ।” ਆਪਣੇ ਆਪ ਨੂੰ ‘ਅਨਪੜ੍ਹ’ ਕਹਿਣ ਵਾਲੇ ਗਾਰਗੀ ਨੇ ਪੰਜਾਬੀ ਦੀ ਏਨੀ ਮੁਹਾਰਤ ਹਾਸਲ ਕਰ ਲਈ ਜਿੰਨੀ ਪੰਜਾਬੀ ‘ਪੜ੍ਹੇ-ਲਿਖੇ’ ਲੇਖਕਾਂ ਵਿਚੋਂ ਵੀ ਵਿਰਲਿਆਂ ਨੂੰ ਹੀ ਨਸੀਬ ਹੋਈ ਹੈ। ਉਹਦੀ ਮਘਦੀ-ਦਗਦੀ ਪੰਜਾਬੀ ਨਿੱਘ ਵੀ ਦਿੰਦੀ ਹੈ ਤੇ ਚਾਨਣ ਵੀ ਕਰਦੀ ਹੈ।
ਬੋਲੀ ਦਾ ਸਿਧਾਂਤ ਹੈ ਕਿ ਇਹ ਸਰੋਵਰ ਵਾਂਗ ਹੁੰਦੀ ਹੈ। ਜਿਹੜੇ ਸ਼ਬਦ ਕਿਸੇ ਕਾਰਨ ਆਦਮੀ ਦੀ ਵਰਤੋਂ ਵਿਚ ਨਾ ਰਹਿਣ, ਉਹ ਕਿਰਦੇ-ਵਿਸਰਦੇ ਜਾਂਦੇ ਹਨ ਅਤੇ ਜੋ ਵਰਤੋਂ ਵਿਚ ਆਉਣ ਲੱਗਣ, ਉਹ ਨਵੇਂ ਸ਼ਬਦ ਉਹਦੇ ਭੰਡਾਰ ਵਿਚ ਜੁੜਦੇ ਜਾਂਦੇ ਹਨ। ਇਸ ਸੂਰਤ ਵਿਚ 60-70 ਸਾਲ ਪਹਿਲਾਂ ਸੁਣੇ-ਬੋਲੇ ਸ਼ਬਦਾਂ ਨੂੰ ਸਹਿਜੇ ਹੀ ਵਰਤਦੇ ਰਹਿਣਾ ਗਾਰਗੀ ਦੀ ਹੀ ਕਰਾਮਾਤ ਹੋ ਸਕਦੀ ਹੈ। ਅਕਸਰ ਮਿੱਤਰ ਦਿੱਲੀ ਵਿਚ ਅੱਧੀ ਸਦੀ ਤੋਂ ਰਹਿੰਦੇ ਹੋਣ ਦੇ ਬਾਵਜੂਦ ਮੇਰੀ ਪੰਜਾਬੀ ਦੀ ਨਿਰਮਲਤਾ ਦੀ ਗੱਲ ਕਰਦੇ ਹਨ ਪਰ ਸੱਚੀ ਗੱਲ ਹੈ, ਜਦੋਂ ਗਾਰਗੀ ਦੇ ਲਿਖੇ ਅਜਿਹੇ ਸ਼ਬਦ ਪੜ੍ਹਦਾ ਹਾਂ ਜੋ ਉਹਤੋਂ ਵੀਹ ਸਾਲ ਮਗਰੋਂ ਦਿੱਲੀ ਆ ਕੇ ਮੇਰੀ ਵਰਤੋਂ ਵਿਚੋਂ ਵੀ ਕਿਰ ਗਏ ਹਨ, ਮੈਂ ਕੱਚਾ ਜਿਹਾ ਹੋ ਜਾਂਦਾ ਹਾਂ। ਸ਼ਬਦਾਂ ਦਾ ਇਹ ਪਾਰਖੀ ਉਨ੍ਹਾਂ ਦੀ ਟੁਣਕਾਰ ਸੁਣ ਸਕਦਾ ਸੀ, ਉਨ੍ਹਾਂ ਨੂੰ ਰਗੜ ਕੇ ਚੰਗਿਆੜੇ ਕੱਢ ਸਕਦਾ ਸੀ ਅਤੇ ਉਨ੍ਹਾਂ ਦੀ ਸ਼ਕਤੀ ਨੂੰ ਮਹਿਸੂਸ ਕਰ ਵੀ ਸਕਦਾ ਸੀ ਤੇ ਕਰਵਾ ਵੀ ਸਕਦਾ ਸੀ!
ਉਪਰੋਕਤ ਵਡੇਰਿਆਂ ਤੋਂ ਮਗਰਲੀਆਂ ਪੀੜ੍ਹੀਆਂ ਦੇ ਮੇਰੇ ਵਰਗੇ ਲੇਖਕ ਤਾਂ ਕਲਮ ਦੇ ਇਨ੍ਹਾਂ ਧਨੀਆਂ ਦੇ ਦੇਣਦਾਰ ਹਨ ਹੀ, ਪੰਜਾਬੀ ਭਾਸ਼ਾ ਅਤੇ ਸਾਹਿਤ ਵੀ ਉਨ੍ਹਾਂ ਨੂੰ ਨਿੱਘ ਨਾਲ ਚੇਤੇ ਕਰਦੇ ਰਹਿਣਗੇ।
(ਚਲਦਾ)