ਇਕਲਵਅ

ਇਸ ਕਹਾਣੀ ਦੀ ਪਿਠਭੂਮੀ ਅੱਜ ਤੋਂ ਤਕਰੀਬਨ ਚਾਰ ਹਜ਼ਾਰ ਵਰ੍ਹੇ ਪਹਿਲਾਂ ਤ੍ਰੈਗਾਰਤਾ ਰਾਜ ਦੀ ਹੈ ਜਿਸ ਦਾ ਖੇਤਰ ਅੱਜ ਕੱਲ੍ਹ ਦੇ ਹੁਸ਼ਿਆਰਪੁਰ ਅਤੇ ਕਾਂਗੜਾ ਦੇ ਆਲੇ-ਦੁਆਲੇ ਦਾ ਖੇਤਰ ਸੀ। ਇਕਲਵਅ ਹੁਸ਼ਿਆਰਪੁਰ ਅਤੇ ਦਸੂਹਾ ਵਿਚਕਾਰ ਵਸਦੇ ਢੋਲਬਾਹ (ਅੱਜ ਕੱਲ੍ਹ ਦਾ ਢੋਲਬਾਹਾ) ਦਾ ਰਹਿਣ ਵਾਲਾ ਸੀ।

ਮਿਤਾਨੀ ਜਾਤੀ ਦਾ ਦੇਸ਼ ਪ੍ਰਚੀਨ ਕਾਲ ਵਿਚ ਅੱਜ ਦਾ ਇਰਾਕ ਸੀ। ਮੱਧ ਪ੍ਰਦੇਸ਼ ਦੀਆਂ ਕਈ ਆਦਿਵਾਸੀ ਜਾਤੀਆਂ ਦੇ ਲੋਕ ਅੱਜ ਵੀ ਇਕਲਵਅ ਵਾਂਗ ਚਾਰ ਉਂਗਲਾਂ ਨਾਲ ਹੀ ਤੀਰ ਚਲਾਉਂਦੇ ਹਨ। -ਸੰਪਾਦਕ

ਮਨਮੋਹਨ ਬਾਵਾ
ਮੇਰਾ ਨਾਂ ਇਕਲਵਅ ਹੈ। ਅਸੁਰਾਂ ਦੀ ਕਿਰਾਤ ਜਾਤੀ ਦੇ ਸਰਦਾਰ ਹਿਰਨਧਾਨੂੰ ਦਾ ਪੁੱਤਰ ਇਕਲਵਅ। ਜੇ ਮੈਂ ਆਰੀਆ ਹੁੰਦਾ, ਛੱਤਰੀ-ਪੁੱਤਰ ਹੁੰਦਾ ਤਾਂ ਸ਼ਾਇਦ ਮੇਰੇ ਬਾਰੇ ਮਹਾਂਭਾਰਤ ਵਿਚ ਬਹੁਤ ਕੁਝ ਲਿਖਿਆ ਜਾਣਾ ਸੀ। ਇਹ ਵੀ ਸੰਭਵ ਹੈ ਕਿ ਦ੍ਰੋਣਾਚਾਰੀਆ ਗੁਰੂ ਦੱਖਣਾ ਦੇ ਬਹਾਨੇ ਮੇਰੇ ਕੋਲੋਂ ਮੇਰਾ ਅੰਗੂਠਾ ਨਾ ਮੰਗਦੇ, ਤੇ ਮੈਂ ਅਰਜੁਨ ਵਾਂਗ ਜਾਂ ਉਸ ਤੋਂ ਵੀ ਵੱਡਾ ਧਨੁਖਧਾਰੀ ਕਹਾਇਆ ਜਾਂਦਾ।
ਪਰ ਇਹ ਸਭ ਕੁਝ ਮੇਰੇ ਭਾਗਾਂ ਵਿਚ ਨਹੀਂ ਸੀ। ਆਪਣਾ ਅੰਗੂਠਾ ਕਟਵਾ ਕੇ ਮੈਂ ਘਰ ਬੈਠ ਗਿਆ ਹੋਵਾਂ ਜਾਂ ਮੱਝਾਂ ਚਰਾਉਂਦਿਆਂ ਆਪਣਾ ਜੀਵਨ ਬਿਤਾ ਦਿੱਤਾ ਹੋਵੇ, ਇਹ ਵੀ ਨਹੀਂ ਹੋਇਆ। ਤੁਸੀਂ ਚਾਹੇ ਜੋ ਵੀ ਕਹੋ ਪਰ ਮੈਂ ਅਰੁਜਨ ਵਰਗਾ ਘਟੀਆ ਬੰਦਾ ਬਹੁਤ ਘੱਟ ਵੇਖਿਆ ਹੈ ਜੋ ਉਪਰੋਂ ਕੁਝ ਹੋਰ ਅਤੇ ਅੰਦਰੋਂ ਕੁਝ ਹੋਰ ਸੀ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੈਂ ਜੀਅ ਭਰ ਕੇ ਅਰੁਜਨ ਤੋਂ ਬਦਲਾ ਲਿਆ। ਜੇ ਸ਼ਿਕਾਇਤ ਹੈ ਤਾਂ ਮੈਨੂੰ ਵਿਆਸ ਰਿਸ਼ੀ ਤੋਂ, ਕਿ ਉਨ੍ਹਾਂ ਨੇ ਮੇਰੀ ਉਸ ਅੰਗੂਠੇ ਵਾਲੀ ਘਟਨਾ ਉਪਰੰਤ ਕਿਤੇ ਵੀ ਮੇਰਾ ਜ਼ਿਕਰ ਕਰਨਾ ਉਚਿਤ ਨਹੀਂ ਸਮਝਿਆ ਕਿਉਂਕਿ ਉਸ ਨਾਲ ਉਨ੍ਹਾਂ ਦੇ ਆਰੀਆ ਅਭਿਮਾਨ ਨੂੰ ਠੇਸ ਪਹੁੰਚਦੀ ਸੀ।
ਹੁਣ ਮੈਂ ਤੁਹਾਨੂੰ ਸੰਖੇਪ ਵਿਚ ਦੱਸਦਾ ਹਾਂ ਕਿ ਮੇਰੇ ਨਾਲ ਕੀ ਕੀ ਬੀਤੀ ਅਤੇ ਕਿਵੇਂ ਮੈਂ ਮਹਾਭਾਰਤ ਯੁੱਧ ਵਿਚ ਅਰਜੁਨ ਤੋਂ ਬਦਲਾ ਲਿਆ ਅਤੇ ਉਸ ਦੇ ਪੁੱਤਰ ਅਭਿਮੰਨਯੂ ਦੀ ਮੌਤ ਦਾ ਕਾਰਨ ਬਣਿਆ।
ਮੈਂ ਤੁਹਾਨੂੰ ਸ਼ੁਰੂ ਤੋਂ ਹੀ ਦੱਸਦਾ ਹਾਂ। ਬਚਪਨ ਤੋਂ ਮੈਨੂੰ ਧਨੁਖ-ਬਾਣ ਚਲਾਉਣ ਅਤੇ ਸ਼ਿਕਾਰ ਖੇਡਣ ਦਾ ਸ਼ੌਕ ਸੀ। ਗੁਆਂਢੀ ਆਰੀਆ ਰਾਜਿਆਂ ਅਤੇ ਕਦੀ-ਕਦੀ ਆਪਣੇ ਹੀ ਅਸੁਰ ਰਾਜਿਆਂ ਨਾਲ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਮੇਰੇ ਪਿਤਾ ਚਾਹੁੰਦੇ ਸਨ ਕਿ ਮੈਂ ਨਿਪੁੰਨ ਧਨੁਖਧਾਰੀ ਅਤੇ ਵੀਰ ਯੋਧਾ ਬਣਾਂ। ਉਨ੍ਹੀਂ ਦਿਨੀਂ ਹਿਮਾਚਲ ਦੇ ਪਰਬਤਾਂ ਤੋਂ ਪਾਰ, ਕਿਸੇ ਦੂਰ ਦੇਸ ਤੋਂ ਮਿਤਾਨੀ ਜਾਤੀ ਦੇ ਕੁਝ ਯੋਧਾ ਇਸ ਪਾਸੇ ਆ ਨਿਕਲੇ। ਉਨ੍ਹਾਂ ਵਿਚੋਂ ਹੀ ‘ਮਹਾਸੁਰ’ ਨਾਂ ਦੇ ਬਿਰਧ ਧਨੁਖਧਾਰੀ ਤੋਂ ਮੈਂ ਸ਼ਸਤਰ ਵਿਦਿਆ ਪ੍ਰਾਪਤ ਕੀਤੀ ਅਤ ਚੌਦਾਂ ਵਰ੍ਹੇ ਦਾ ਹੋਣ ਤੱਕ ਮੈਂ ਨਿਪੁੰਨ ਧਨੁਖਧਾਰੀ ਬਣ ਗਿਆ।
ਜਿਨ੍ਹਾਂ ਦਿਨਾਂ ਦੀ ਇਹ ਗੱਲ ਹੈ, ਉਨ੍ਹੀਂ ਦਿਨੀਂ ਮੈਂ ਆਪਣੇ ਪਿੰਡ ਢੋਲਬਾਹ ਤੋਂ ਜਮਨਾ ਨਦੀ ਕੰਢੇ ਵਸਦੇ ਆਪਣੇ ਮਾਮੇ ਦੇ ਪਿੰਡ ਗਿਆ ਹੋਇਆ ਸੀ। ਇਕ ਦਿਨ ਮੈਂ ਅਤੇ ਮੇਰੇ ਮਾਮੇ ਦਾ ਪੁੱਤਰ ਲੂਮੜੀ ਦਾ ਪਿੱਛਾ ਕਰਦਿਆਂ ਜਮਨਾ ਨਦੀ ਤੱਕ ਪਹੁੰਚ ਗਏ। ਉਥੇ ਨਦੀ ਕੰਢੇ ਮੈਂ ਗਰੀਬੜਾ ਜਿਹਾ ਬ੍ਰਾਹਮਣ ਪਰਿਵਾਰ ਵੇਖਿਆ। ਇਨ੍ਹਾਂ ਵਿਚ ਦੋ ਛੋਟੇ-ਛੋਟੇ ਬੱਚੇ ਵੀ ਸਨ। ਇਕ ਬੱਚਾ ਰੋ ਰਿਹਾ ਸੀ ਅਤੇ ਦੁੱਧ ਪੀਣ ਦੀ ਜ਼ਿੱਦ ਕਰ ਰਿਹਾ ਸੀ।
ਮੈਨੂੰ ਉਨ੍ਹਾਂ ‘ਤੇ ਬਹੁਤ ਤਰਸ ਆਇਆ। ਮੈਂ ਜਾ ਕੇ ਆਖਿਆ, “ਤੁਸੀਂ ਐਵੇਂ ਕਿਉਂ ਰੁਆਈ ਜਾ ਰਹੇ ਹੋ ਇਸ ਬਾਲ ਨੂੰ?”
ਉਨ੍ਹਾਂ ਦੱਸਿਆ ਕਿ ਉਹ ਗਰੀਬ ਮੁਸਾਫਰ ਹਨ ਅਤੇ ਚੌਲਾਂ ਦੇ ਕੁਝ ਦਾਣਿਆਂ ਦੇ ਇਲਾਵਾ ਉਨ੍ਹਾਂ ਕੋਲ ਖਾਣ ਲਈ ਹੋਰ ਕੁਝ ਨਹੀਂ। ਉਹ ਚੌਲਾਂ ਦੀ ਪਿੱਛ ਕੱਢ ਕੇ ਆਪਣੇ ਬੱਚੇ ਨੂੰ ਦੁੱਧ ਦਾ ਭੁਲੇਖਾ ਪਾਉਣ ਦਾ ਯਤਨ ਕਰ ਰਹੇ ਸਨ ਤੇ ਬੱਚਾ ਕਹਿ ਰਿਹਾ ਸੀ ਕਿ ਉਹ ਜਾਣਦਾ ਹੈ, ਇਹ ਦੁੱਧ ਨਹੀਂ, ਚੌਲਾਂ ਦੀ ਪਿੱਛ ਹੈ।
ਮੈਂ ਦੌੜਿਆ-ਦੌੜਿਆ ਆਪਣੇ ਮਾਮੇ ਕੋਲ ਗਿਆ ਅਤੇ ਉਸ ਨੂੰ ਉਨ੍ਹਾਂ ਗਰੀਬ ਬ੍ਰਾਹਮਣਾਂ ਦੀ ਦੁਰਦਸ਼ਾ ਬਾਰੇ ਦੱਸਿਆ।
ਕੁਝ ਖਾਣ-ਪੀਣ ਦੀ ਸਮੱਗਰੀ ਲੈ ਕੇ ਮੈਂ ਆਪਣੇ ਮਾਮੇ ਨਾਲ ਜਮਨਾ ਕੰਢੇ ਪਹੁੰਚਿਆ ਤਾਂ ਵੇਖਿਆ, ਬ੍ਰਾਹਮਣ ਦਾ ਮੁੰਡਾ ਧਰਤੀ ਉਤੇ ਬੇਸੁਧ ਪਿਆ ਸੀ। ਉਸ ਦੀ ਪਤਨੀ ਵਿਰਲਾਪ ਕਰ ਰਹੀ ਸੀ ਅਤੇ ਉਹ ਬ੍ਰਾਹਮਣ ਆਪਣੇ ਪੁੱਤਰ ਨੂੰ ਮਰ ਗਿਆ ਜਾਣ ਕੇ, ਇਸ ਦੁੱਖ ਨੂੰ ਨਾ ਸਹਿਣ ਕਰਦਿਆਂ ਜਮਨਾ ਨਦੀ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਵਾਲਾ ਸੀ।
ਮੇਰੇ ਮਾਮੇ ਨੇ ਭੁੰਜੇ ਪਏ ਮੁੰਡੇ ਦੀ ਨਬਜ਼ ਟਟੋਲੀ ਤੇ ਫਿਰ ਬ੍ਰਾਹਮਣ ਨੂੰ ਸੰਬੋਧਨ ਹੋ ਕੇ ਬੋਲਿਆ, “ਇਹ ਮਰਿਆ ਨਹੀਂ, ਬੇਸੁਧ ਹੋ ਗਿਆ ਹੈ ਭੁੱਖ ਕਾਰਨ।”
ਅਸੀਂ ਉਸ ਬੱਚੇ ਅਤੇ ਸਾਰੇ ਪਰਿਵਾਰ ਨੂੰ ਦੁੱਧ ਪਿਲਾਇਆ ਅਤੇ ਆਪਣੇ ਘਰ ਲੈ ਆਏ।
ਇਸ ਆਰੀਆ ਬ੍ਰਾਹਮਣ ਦਾ ਨਾਮ ਦ੍ਰੋਣ, ਉਸ ਦੀ ਪਤਨੀ ਦਾ ਨਾਮ ਕਿਰਪੀ ਅਤੇ ਪੁੱਤਰ ਦਾ ਨਾਮ ਅਸ਼ਵਥਾਮਾ ਸੀ।
ਇਹ ਜਿਸ ਆਸ਼ਰਮ ਵਿਚ ਰਹਿੰਦੇ ਸਨ, ਉਥੇ ਭੁੱਖਮਰੀ ਦੇ ਹਾਲਾਤ ਹੋਣ ਕਾਰਨ ਇਹ ਬ੍ਰਾਹਮਣ ਦ੍ਰੋਣ ਆਪਣੇ ਪੁਰਾਣੇ ਮਿੱਤਰ, ਪੰਚਾਲ ਦੇਸ਼ ਦੇ ਰਾਜਾ ਦਰੋਪਦ ਕੋਲ ਜਾ ਰਹੇ ਸਨ। ਇਹ ਬਹੁਤ ਦਿਨ ਤੱਕ ਸਾਡੇ ਪਿੰਡ ਪਾਸ ਰਹੇ। ਸਾਡੇ ਪਾਸ ਬਹੁਤ ਗਾਈਆਂ-ਮੱਝਾਂ ਸਨ। ਜੰਗਲ ਵਿਚ ਨਾ ਸ਼ਿਕਾਰ ਦੀ ਘਾਟ, ਨਾ ਫਲਾਂ ਦੀ। ਦ੍ਰੋਣ ਆਪ ਬਹੁਤ ਨਿਪੁੰਨ ਧਨੁਖਧਾਰੀ ਸਨ। ਧਨੁਖ ਵਿਦਿਆ ਵਿਚ ਮੇਰੀ ਇੰਨੀ ਰੁਚੀ ਦੇਖ ਕੇ ਉਨ੍ਹਾਂ ਮੈਨੂੰ ਬਹੁਤ ਕੁਝ ਸਿਖਾਇਆ ਅਤੇ ਅੱਗੇ ਲਈ ਅਭਿਆਸ ਕਰਨ ਲਈ ਬਹੁਤ ਕੁਝ ਦੱਸ ਕੇ ਪੰਚਾਲ ਦੇਸ਼ ਵੱਲ ਤੁਰ ਪਏ। ਕੁਝ ਦਿਨ ਬਾਅਦ ਮੈਂ ਵੀ ਆਪਣੇ ਪਿੰਡ ਢੋਲਬਾਹ ਆ ਗਿਆ।
ਮੇਰਾ ਮਿਤਾਨੀ ਗੁਰੂ ਮਹਾਸੁਰ ਮੈਥੋਂ ਬਹੁਤ ਪ੍ਰਸੰਨ ਸੀ। ਉਸ ਨੇ ਮੈਨੂੰ ਉਹ ਸਭ ਕੁਝ ਸਿਖਾਇਆ ਜੋ ਉਸ ਨੇ ਪਿਛਲੇ ਕਈ ਵਰ੍ਹਿਆਂ ਦੇ ਤਜਰਬਿਆਂ ਅਤੇ ਖਸ਼ਾਂ, ਮਿਤਾਨੀਆਂ, ਹਿਟਾਇਟਾਂ, ਮਿਸਰੀਆਂ ਕੋਲੋਂ ਸਿੱਖਿਆ ਸੀ। ਦਰਅਸਲ ਉਹ ਆਪ ਵੀ ਮਿਤਾਨੀ ਰਾਜਕੁਮਾਰਾਂ ਦਾ ਗੁਰੂ ਰਹਿ ਚੁਕਾ ਸੀ ਅਤੇ ਹਿਟਾਇਟਾਂ ਹੱਥੋਂ ਮਿਤਾਨੀ ਰਾਜ ਦੇ ਪਤਨ ਤੋਂ ਬਾਅਦ ਨੱਸ ਕੇ ਇਥੇ ਸ਼ਰਨ ਆ ਲਈ ਸੀ।
ਅੱਠ ਦਸ ਵਰ੍ਹੇ ਬਾਅਦ ਗੁਰੂ ਮਹਾਸੁਰ ਦੇ ਮਰ ਜਾਣ ਤੋਂ ਪਿਛੋਂ ਮੈਂ ਆਪਣੇ ਪਿਤਾ ਦੇ ਕਹਿਣ ‘ਤੇ ਬ੍ਰਾਹਮਣ ਦ੍ਰੋਣ ਕੋਲੋਂ ਹੋਰ ਧਨੁਖ ਵਿਦਿਆ ਸਿੱਖਣ ਲਈ ਤੁਰ ਪਿਆ। ਸੁਣਿਆ ਸੀ ਕਿ ਉਨ੍ਹਾਂ ਦੀ ਤਕਦੀਰ ਨੇ ਪਲਟਾ ਖਾਧਾ ਹੈ ਅਤੇ ਉਹ ਹਸਤਿਨਾਪੁਰ ਵਿਚ ਕੌਰਵ ਪਾਂਡਵ ਰਾਜਕੁਮਾਰਾਂ ਦੇ ਰਾਜਗੁਰੂ ਬਣ ਗਏ ਹਨ ਅਤੇ ਗੁਰੂ ਦ੍ਰੋਣਾਚਾਰੀਆ ਦੇ ਨਾਂ ਨਾਲ ਪ੍ਰਸਿੱਧ ਹਨ।
ਗੁਰੂ ਦ੍ਰੋਣਾਚਾਰੀਆ ਅਤੇ ਉਨ੍ਹਾਂ ਦੀ ਪਤਨੀ ਕਿਰਪੀ ਮੈਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ। ਖੂਬ ਟਹਿਲ ਸੇਵਾ ਕੀਤੀ, ਪਰ ਇਕ ਚੀਜ਼ ਜੋ ਮੈਂ ਅਨੁਭਵ ਕਰਨ ਤੋਂ ਨਾ ਰਹਿ ਸਕਿਆ, ਉਹ ਸੀ ਉਨ੍ਹਾਂ ਨੂੰ ਉਚ ਕੁਲ ਆਰੀਆ ਬ੍ਰਾਹਮਣ ਅਤੇ ਰਾਜਗੁਰੂ ਹੋਣ ਦਾ ਅਭਿਮਾਨ! ਮੈਨੂੰ ਅਸੁਰ, ਨੀਵੀਂ ਜਾਤ ਦਾ ਸਮਝਦਿਆਂ ਮੇਰੇ ਨਾਲ ਅਜੀਬ ਜਿਹਾ ਵਿਹਾਰ। ਅਸ਼ਵਥਾਮਾ ਤਾਂ ਮੇਰੇ ਨਾਲ ਗੱਲ ਕਰ ਕੇ ਵੀ ਰਾਜ਼ੀ ਨਹੀਂ ਸੀ।
ਮੇਰਾ ਜੀਅ ਤੇ ਨਹੀਂ ਸੀ ਕਰਦਾ ਕਿ ਮੈਂ ਇਨ੍ਹਾਂ ਅੱਗੇ ਬੇਨਤੀ ਕਰਾਂ ਪਰ ਐਡੀ ਦੂਰੋਂ ਆਇਆ ਸਾਂ, ‘ਪੁੱਛਣ ਵਿਚ ਕੀ ਹਰਜ ਹੈ?’ ਮੈਂ ਮਨ ਹੀ ਮਨ ਸੋਚਿਆ।
ਜਦ ਮੈਂ ਆਪਣੀ ਇੱਛਾ ਦ੍ਰੋਣਾਚਾਰੀਆ ਸਾਹਮਣੇ ਪ੍ਰਗਟ ਕੀਤੀ ਤਾਂ ਉਨ੍ਹਾਂ ਸਾਫ਼ ਇਨਕਾਰ ਕਰ ਦਿੱਤਾ, ਤੇ ਬੋਲੇ ਕਿ ਉਹ ਕੌਰਵ ਪਾਂਡਵ ਰਾਜਕੁਮਾਰਾਂ ਦੇ ਇਲਾਵਾ ਹੋਰ ਕਿਸੇ ਨੂੰ ਵੀ ਸ਼ਸਤਰ ਵਿਦਿਆ ਨਾ ਸਿਖਾਉਣ ਲਈ ਵਚਨਬੱਧ ਹਨ ਪਰ ਉਨ੍ਹਾਂ ਦੀ ਪਤਨੀ ਕਿਰਪੀ ਦੇ ਮਨ ਵਿਚ ਦਯਾ ਆ ਗਈ। ਕਿਰਪੀ ਨੇ ਕਿਹਾ, “ਉਨ੍ਹਾਂ ਵਚਨ ਦਿੱਤਾ ਹੋਇਆ ਹੈ ਕਿ ਉਹ ਹੋਰ ਕਿਸੇ ਨੂੰ ਸ਼ਸਤਰ ਵਿਦਿਆ ਨਹੀਂ ਸਿਖਾਉਣਗੇ ਪਰ ਤੂੰ ਹੁਸ਼ਿਆਰ ਏਂ, ਉਨ੍ਹਾਂ ਦੇ ਬਿਨਾਂ ਸਿਖਾਇਆ ਵੀ ਸਿੱਖ ਸਕਦਾ ਏਂ।”
“ਉਹ ਕਿਵੇਂ?”
“ਜਦ ਉਹ ਕੌਰਵ ਪਾਂਡਵਾਂ ਨੂੰ ਸਿਖਾਉਣ, ਤੂੰ ਉਨ੍ਹਾਂ ਨੂੰ ਲੁਕ-ਲੁਕ ਕੇ ਵੇਖਦਾ ਰਹੀਂ।”
“ਪਰæææਪਰ ਇਹ ਤੇ ਚੋਰੀ ਹੋਵੇਗੀ?”
“ਵਿਦਿਆ ਦੀ ਚੋਰੀ ਕੋਈ ਚੋਰੀ ਨਹੀਂ ਹੁੰਦੀ।” ਮਾਂ ਕਿਰਪੀ ਨੇ ਮੁਸਕਰਾਉਂਦਿਆਂ ਆਖਿਆ।
ਸੋ ਮੈਂ ਉਸ ਜੰਗਲ ਵਿਚ ਕੁਟੀਆ ਬਣਾ ਕੇ ਰਹਿਣ ਲੱਗਾ ਜਿਥੇ ਆ ਕੇ ਦ੍ਰੋਣਾਚਾਰੀਆ ਰਾਜਕੁਮਾਰਾਂ ਨੂੰ ਸ਼ਸਤਰ ਚਲਾਉਣਾ ਸਿਖਾਉਂਦੇ ਸਨ। ਮਾਂ ਕਿਰਪੀ ਨੇ ਆਖਿਆ ਕਿ ਮੈਂ ਦ੍ਰੋਣਾਚਾਰੀਆ ਦੀ ਮਿੱਟੀ ਦੀ ਮੂਰਤੀ ਬਣਾ ਕੇ ਆਪਣੀ ਕੁਟੀਆ ਵਿਚ ਰੱਖ ਲਵਾਂ। ਇਸ ਨਾਲ ਮੈਨੂੰ ਗੁਰੂ ਅਸ਼ੀਰਵਾਦ ਦਾ ਫਲ ਮਿਲੇਗਾ। ਇਹ ਸੱਚ ਸੀ ਜਾਂ ਝੂਠ? ਮੈਂ ਉਨ੍ਹਾਂ ਦੀ ਮੂਰਤੀ ਜਿਹੀ ਬਣਾ ਕੇ ਆਪਣੀ ਕੁਟੀਆ ਵਿਚ ਰੱਖ ਲਈ ਅਤੇ ਜਦ ਮੈਂ ਸ਼ਸਤਰ ਅਭਿਆਸ ਲਈ ਬਾਹਰ ਨਿਕਲਦਾ, ਉਸ ਮੂਰਤੀ ਨੂੰ ਪ੍ਰਣਾਮ ਕਰ ਲੈਂਦਾ। ਮੈਨੂੰ ਕੀ ਪਤਾ ਸੀ ਕਿ ਮਿੱਟੀ ਦੀ ਇਹੀ ਮੂਰਤੀ ਅਸ਼ੀਰਵਾਦ ਦੀ ਥਾਂ ਮੇਰੇ ਲਈ ਸਰਾਪ ਦਾ ਕਾਰਨ ਬਣ ਜਾਏਗੀ!
ਕੌਰੋ-ਪਾਂਡੋ ਪੁੱਤਰ ਜਦ ਵੀ ਇਸ ਪਾਸੇ ਸ਼ਸਤਰ ਵਿਦਿਆ ਲਈ ਆਉਂਦੇ ਤਾਂ ਖੂਬ ਰੌਲਾ ਪਾਉਂਦੇ। ਮੈਨੂੰ ਇਹ ਜਾਣਨ ਵਿਚ ਕੋਈ ਔਖਿਆਈ ਨਾ ਹੁੰਦੀ ਕਿ ਉਹ ਕਿਸ ਪਾਸੇ ਹਨ। ਮੈਂ ਲੁਕ-ਲੁਕ ਕੇ ਸਭ ਕੁਝ ਵੇਖਦਾ ਰਹਿੰਦਾ।
ਦ੍ਰੋਣਾਚਾਰੀਆ ਜੋ ਕੁਝ ਵੀ ਉਨ੍ਹਾਂ ਨੂੰ ਸਿਖਾਉਂਦੇ, ਉਹ ਸਭ ਕੁਝ ਵੇਖਣ ਤੋਂ ਬਾਅਦ ਅਭਿਆਸ ਕਰਨ ਵਿਚ ਮੈਨੂੰ ਕੋਈ ਕਠਿਨਾਈ ਨਾ ਹੁੰਦੀ, ਪਰ ਇਹ ਅਨੁਭਵ ਕਰਦਿਆਂ ਮੈਂ ਖੁਸ਼ ਸਾਂ ਕਿ ਉਨ੍ਹਾਂ ਵਿਚੋਂ ਕੋਈ ਵੀ ਰਾਜਕੁਮਾਰ ਧਨੁਖ ਵਿਦਿਆ ਵਿਚ ਮੇਰੇ ਮੁਕਾਬਲੇ ਖੜ੍ਹਾ ਨਹੀਂ ਸੀ ਹੋ ਸਕਦਾ। ਇਸ ਦੇ ਤਿੰਨ ਕਾਰਨ ਸਨ,
ਇਕ ਤੇ ਇਹ, ਕਿ ਮੇਰੇ ਕੋਲ ਤਿੰਨ ਗੁਰੂਆਂ ਦੀ ਸਿੱਖਿਆ ਸੀ। ਤਿੰਨ ਵੱਡੀਆਂ ਜਾਤੀਆਂ ਦੀ। ਪਹਿਲੇ ਮੇਰੇ ਕਿਰਾਤ ਜਾਤੀ ਦੇ ਪਿਤਾ, ਦੂਜੇ ਮਿਤਾਨੀ ਜਾਤੀ ਦੇ ਮਹਾਸੁਰ ਤੇ ਤੀਜੇ ਦ੍ਰੋਣਾਚਾਰੀਆ। ਇਹ ਵੀ ਕਿ ਮੇਰੇ ਕੋਲ ਪਰਬਤਾਂ ਵਿਚ ਰਹਿੰਦਿਆਂ ਮੇਰਾ ਸਰੀਰ ਉਨ੍ਹਾਂ ਤੋਂ ਵੱਧ ਕਠੋਰ, ਫੁਰਤੀਲਾ ਅਤੇ ਸਹਿਣ ਸ਼ਕਤੀ ਰੱਖਦਾ ਸੀ।
ਤੁਹਾਨੂੰ ਮੇਰੀਆਂ ਇਹ ਅਤੇ ਅਗਲੀਆਂ ਗੱਲਾਂ ਅਤਿਕਥਨੀ ਲੱਗ ਰਹੀਆਂ ਹੋਣਗੀਆਂ ਜਾਂ ਲੱਗਣਗੀਆਂ। ਤੁਹਾਡੇ ਲਈ ਇਹ ਯਕੀਨ ਕਰ ਲੈਣਾ ਕਿ ਪੰਜੇ ਪਾਂਡਵ ਪੁੱਤਰ ਹਵਾ ਵਿਚੋਂ ਹੀ ਪੈਦਾ ਹੋ ਗਏ, ਜਾਂ ਉਨ੍ਹਾਂ ਦੀਆਂ ਮਾਂਵਾਂ ਆਪਣੇ ਪਤੀ ਨਾਲ ਭੋਗ ਵਿਲਾਸ ਕੀਤੇ ਬਿਨਾਂ ਗਰਭਵਤੀ ਹੋ ਗਈਆਂ, ਸੰਭਵ ਹੈ; ਪਰ ਮੇਰੀ ਗੱਲ ਉਤੇ ਯਕੀਨ ਕਰ ਲੈਣਾ ਕਠਿਨ ਤੇ ਕੌੜਾ ਲੱਗੇਗਾ।
ਜੀਵਨ ਵਿਚ ਕੁਝ ਛੋਟੀਆਂ-ਛੋਟੀਆਂ ਘਟਨਾਵਾਂ ਐਸੀਆਂ ਵਾਪਰਦੀਆਂ ਹਨ ਜੋ ਜੀਵਨ ਨੂੰ ਹੀ ਨਹੀਂ, ਬਲਕਿ ਸਮੁੱਚੀ ਜਾਤੀ ਜਾਂ ਸਮਾਜ ਨੂੰ ਬਹੁਤ ਵੱਡਾ ਮੋੜ ਦੇ ਜਾਂਦੀਆਂ ਹਨ।
æææਤੇ ਮੇਰੇ ਜੀਵਨ ਨੂੰ ਵੱਡਾ ਮੋੜ ਦੇਣ ਵਾਲਾ ਕੁੱਤਾ ਸੀ। ਭੀਮ ਦਾ ਉਹ ਲੰਮੀਆਂ ਜਤਾਂ ਵਾਲਾ ਕਾਲੇ ਰੰਗ ਦਾ ਕੁੱਤਾ ਜੋ ਉਸ ਦਿਨ ਮੈਨੂੰ ਵੇਖ ਕੇ ਨਾ ਭੌਂਕਦਾ, ਤਾਂ ਸ਼ਾਇਦ ਕਿਸੇ ਦਿਨ ਮੈਂ ਚੁੱਪ-ਚਾਪ ਪਰਤ ਜਾਣਾ ਸੀ। ਤੇ ਨਾ ਫਿਰ ਅਰਜੁਨ-ਪੁੱਤਰ ਅਭਿਮੰਨਯੂ ਚੱਕਰਵਿਊਹ ਵਿਚ ਫਸਦਾ, ਤੇ ਨਾ ਹੀ ਕੌਰਵਾਂ ਹੱਥੋਂ ਮਾਰਿਆ ਜਾਂਦਾ।
ਉਸ ਦਿਨ ਭੀਮ ਦਾ ਉਹ ਦੇਵਕਾਇਆ ਕੁੱਤਾ ਉਨ੍ਹਾਂ ਦੇ ਪਿੱਛੇ-ਪਿੱਛੇ ਆ ਗਿਆ। ਮੈਂ ਵੀ ਰੁੱਖਾਂ ਦੀ ਓਟ ਲੈਂਦਿਆਂ ਉਨ੍ਹਾਂ ਦੇ ਮਗਰ-ਮਗਰ ਜਾ ਰਿਹਾ ਸਾਂ। ਉਹ ਸ਼ਾਇਦ ਮੇਰਾ ਪੱਕਾ ਰੰਗ, ਤੇੜ ਚੀਤੇ ਦੀ ਖੱਲ ਦੇਖ ਕੇ ਭੌਂਕਿਆ ਪਰ ਇਸ ਤੋਂ ਪਹਿਲਾਂ ਕਿ ਉਹ ਮੂੰਹ ਬੰਦ ਕਰਦਾ, ਜਾਂ ਮੇਰੇ ਉਤੇ ਝਪਟਦਾ, ਮੈਂ ਸੱਤ ਬਾਣ ਉਸ ਦੇ ਮੂੰਹ ਵਿਚ ਖਿੱਚ ਮਾਰੇ। ਕੁੱਤੇ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ।
ਅਰਜੁਨ ਨੇ ਜਦ ਪਿੱਛੇ ਮੁੜ ਕੇ ਵੇਖਿਆ ਤਾਂ ਹੈਰਾਨ ਰਹਿ ਗਿਆ ਕਿ ਉਨ੍ਹਾਂ ਦੇ ਇਲਾਵਾ ਇਸ ਤਰ੍ਹਾਂ ਦਾ ਧਨੁਖਧਾਰੀ ਕੌਣ ਆ ਗਿਆ ਇਥੇ? ਥੋੜ੍ਹੀ ਜਿਹੀ ਵਿੱਥ ‘ਤੇ ਮੈਨੂੰ ਖੜ੍ਹਿਆ ਵੇਖ ਕੇ ਉਹ ਸਮਝ ਗਿਆ, ਤੇ ਪੁੱਛਿਆ ਕਿ ਮੈਂ ਕੌਣ ਹਾਂ ਅਤੇ ਤੀਰ-ਅੰਦਾਜ਼ੀ ਦੇ ਇਹ ਕਮਾਲ ਕਿਸ ਤੋਂ ਸਿੱਖੇ? ਉਸ ਵੇਲੇ ਦ੍ਰੋਣਾਚਾਰੀਆ ਵੀ ਉਥੇ ਆ ਗਏ ਸਨ।
ਮੈਂ ਬੜੇ ਅਭਿਮਾਨ ਨਾਲ ਛਾਤੀ ਫੁਲਾਉਂਦਿਆਂ ਆਖਿਆ, “ਮੈਂ ਕਿਰਾਤ ਜਾਤੀ ਦੇ ਸਰਦਾਰ ਹਿਰਨਧਾਨੂੰ ਦਾ ਪੁੱਤਰ ਹਾਂ। ਫਿਰ ਗੁਰੂ ਦ੍ਰੋਣਾਚਾਰੀਆ ਵੱਲ ਹੱਥ ਜੋੜਦਿਆਂ ਪ੍ਰਣਾਮ ਕਰਦਿਆਂ ਆਖਿਆ, “ਇਹੀ ਨੇ ਮੇਰੇ ਗੁਰੂ ਅਤੇ ਇਨ੍ਹਾਂ ਦੀ ਮੂਰਤੀ ਤੋਂ ਅਸ਼ੀਰਵਾਦ ਲੈ ਕੇ ਮੈਂ ਸ਼ਸਤਰ ਅਭਿਆਸ ਕਰਦਾ ਹਾਂæææ।”
“ਤਾਂ ਤੇ ਤੂੰ ਇਨ੍ਹਾਂ ਨੂੰ ਹੀ ਆਪਣਾ ਗੁਰੂ ਮੰਨਦਾ ਏ?” ਅਰਜੁਨ ਬੋਲਿਆ।
“ਹਾਂ ਕਿਉਂ ਨਹੀਂ!” ਮੈਂ ਖੁਸ਼ ਹੁੰਦਿਆਂ ਆਖਿਆ। ਮੈਨੂੰ ਕੀ ਪਤਾ ਸੀ, ਮੈਂ ਇਸ ਜਾਲ ਵਿਚ ਫਸ ਜਾਵਾਂਗਾ। ਅਰਜੁਨ ਨੇ ਸ਼ਿਕਾਇਤ ਅਤੇ ਕ੍ਰੋਧ ਭਰੀਆਂ ਨਜ਼ਰਾਂ ਨਾਲ ਗੁਰੂ ਦ੍ਰੋਣਾਚਾਰੀਆਂ ਵੱਲ ਤੱਕਿਆ ਤੇ ਬੋਲਿਆ, “ਤੁਸੀਂ ਤੇ ਵਚਨ ਦਿੱਤਾ ਸੀ ਕਿ ਮੈਥੋਂ ਵੱਡਾ ਧਨੁਖਧਾਰੀ ਇਸ ਧਰਤੀ ‘ਤੇ ਕੋਈ ਨਹੀਂ ਹੋਵੇਗਾæææਤਾਂ ਫਿਰ ਇਹ ਕੌਣ?”
ਦ੍ਰੋਣਾਚਾਰੀਆ ਨੇ ਮੇਰੇ ਵੱਲ ਚਲਾਕੀ ਭਰੀਆਂ ਅੱਖਾਂ ਨਾਲ ਤੱਕਿਆ ਅਤੇ ਬੋਲੇ, “ਜੇ ਤੂੰ ਮੈਨੂੰ ਆਪਣਾ ਗੁਰੂ ਮੰਨਦਾ ਏਂ ਤਾਂ ਤੈਨੂੰ ਗੁਰੂ ਦੱਖਣਾ ਵੀ ਦੇਣੀ ਪਵੇਗੀ।” ਤੇ ਫਿਰ ਉਹਨੇ ਗੁਰੂ ਦੱਖਣਾ ਵਜੋਂ ਮੇਰੇ ਸੱਜੇ ਹੱਥ ਕਾ ਅੰਗੂਠਾ ਮੰਗ ਲਿਆ। ਮੈਂ ਉਸੇ ਵੇਲੇ ਕਟਾਰ ਕੱਢ ਕੇ ਆਪਣਾ ਅੰਗੂਠਾ ਕੱਟ ਕੇ ਉਨ੍ਹਾਂ ਦੀ ਹਥੇਲੀ ਉਤੇ ਰੱਖ ਦਿੱਤਾ। ਮੇਰੀ ਰੱਤ ਨਾਲ ਉਨ੍ਹਾਂ ਦਾ ਹੱਥ ਰੰਗਿਆ ਗਿਆ। ਉਨ੍ਹਾਂ ਦੇ ਚਿਹਰੇ ਉਤੇ ਖੁਸ਼ੀ ਦੀ ਥਾਂ ਅਪਰਾਧ ਦੀ ਭਾਵਨਾ ਸੀ। ਅਰਜੁਨ, ਭੀਮ ਆਦਿ ਸਾਰੇ ਮੇਰੇ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ। ਇਕ ਅਸੁਰ ਐਡਾ ਬਲੀਦਾਨ ਹੱਸਦੇ-ਹੱਸਦੇ ਕਰ ਸਕਦਾ ਹੈ? ਇਹ ਵੀ ਉਨ੍ਹਾਂ ਦੀ ਸੋਚ ਸ਼ਕਤੀ ਤੋਂ ਬਾਹਰ ਸੀ। ਮੈਨੂੰ ਬੇਸ਼ੱਕ ਦੁੱਖ ਸੀ ਆਪਣੇ ਅੰਗੂਠੇ ਦੇ ਕੱਟੇ ਜਾਣ ਦਾ, ਪਰ ਅੰਤਰਮੁਖੀ ਖੁਸ਼ੀ ਵੀ ਸੀ; ਮਾਨਸਿਕ, ਆਤਮਿਕ ਅਤੇ ਨੈਤਿਕ ਜਿੱਤ ਦੀ; ਇਨ੍ਹਾਂ ਅਭਿਮਾਨੀ ਰਾਜਕੁਮਾਰਾਂ ਉਤੇ।
ਗੁਰੂ ਦ੍ਰੋਣਾਚਾਰੀਆ ਨੇ ਮੇਰੇ ਵੱਲ ਹਮਦਰਦੀ ਅਤੇ ਸ਼ਲਾਘਾ ਭਰੀਆਂ ਨਜ਼ਰਾਂ ਨਾਲ ਤੱਕਿਆ ਅਤੇ ਬੋਲੇ, “ਸ਼ਸਤਰ ਸਿੱਖਿਆ ਦੇ ਉਪਰੰਤ ਤੂੰ ਮੰਗ ਜੋ ਵੀ ਮੰਗਣਾ ਚਾਹੁੰਦਾ ਏਂ?”
ਮੈਂ ਹਕਾਰਤ ਭਰੀਆਂ ਨਜ਼ਰਾਂ ਨਾਲ ਅਰਜੁਨ ਵੱਲ ਤੱਕਿਆ ਅਤੇ ਆਖਿਆ, “ਜੇ ਸੱਚਮੁੱਚ ਹੀ ਤੁਸੀਂ ਕੁਝ ਦੇਣਾ ਚਾਹੁੰਦੇ ਹੋ ਤਾਂ ਵਰਦਾਨ ਦੇਵੋ ਕਿ ਇਕ ਦਿਨ ਮੈਂ ਇਸ ਅਰਜੁਨ ਦੇ ਸਾਹਮਣੇ ਖੜ੍ਹਾ ਹੋ ਕੇ ਆਪਣੀ ਤੀਰ-ਅੰਦਾਜ਼ੀ ਦੇ ਜੌਹਰ ਵਿਖਾ ਸਕਾਂ ਅਤੇ ਇਸ ਤੋਂ ਬਦਲਾ ਲੈ ਸਕਾਂ।”
“ਤਥਾ ਅਸਤੂ। ਇਸ ਤਰ੍ਹਾਂ ਹੀ ਹੋਵੇਗਾ।” ਉਨਾਂ ਦੇ ਬੁੱਲ੍ਹਾਂ ਵਿਚੋਂ ਹੌਲੀ ਦੇਣੀ ਨਿਕਲਿਆ।

ਕਈ ਵਰ੍ਹੇ ਬੀਤ ਗਏ। ਅੰਗੂਠੇ ਦਾ ਜ਼ਖਮ ਭਰਨ ਤੋਂ ਬਾਅਦ ਮੈਂ ਅੰਗੂਠੇ ਦੇ ਬਿਨਾਂ ਹੀ ਸਿਰਫ਼ ਚਾਰ ਉਂਗਲਾਂ ਦੀ ਸਹਾਇਤਾ ਨਾਲ ਤੀਰ ਚਲਾਉਣ ਦਾ ਅਭਿਆਸ ਕਰਨ ਲੱਗਾ। ਕੁਝ ਹੀ ਮਹੀਨਿਆਂ ਵਿਚ ਮੈਂ ਪਹਿਲਾਂ ਵਾਂਗ ਹੀ ਧਨੁਖ ‘ਤੇ ਬਾਣ ਚੜ੍ਹਾ ਕੇ ਨਿਸ਼ਾਨਾ ਸਾਧਣ ਵਿਚ ਨਿਪੁੰਨ ਹੋ ਗਿਆ।
ਇਹ ਤੇ ਹੋਣਾ ਹੀ ਸੀ। ਇਹ ਆਫਰੇ ਅਤੇ ਹੰਕਾਰੇ ਹੋਏ ਰਾਜਕੁਮਾਰਾਂ ਤੋਂ ਇਹੀ ਸੰਭਵ ਸੀ। ਰਾਜ ਸੱਤਾ, ਇਸਤਰੀ ਤੇ ਜ਼ਮੀਨ- ਤਿੰਨ ਹੀ ਤੇ ਕਾਰਨ ਹੁੰਦੇ ਹਨ ਕਿਸੇ ਵੀ ਯੁੱਧ ਦੇ। ਇਸ ਦੇ ਇਲਾਵਾ ਜੂਏ ਦੀ ਲਤ, ਈਰਖਾ, ਲਾਲਚ ਤੇ ਬਦਲੇ ਦੀ ਭਾਵਨਾ ਇਨ੍ਹਾਂ ਰਾਜਕੁਮਾਰਾਂ ਦੇ ਮਨਾਂ ਵਿਚ ਜ਼ਹਿਰੀਲੇ ਸੱਪ ਵਾਂਗ ਕੁੰਡਲੀਆਂ ਮਾਰੀ ਬੈਠੀ ਸੀ।
ਤ੍ਰੈਗਾਰਤਾ ਦੇ ਕਿਰਾਤ ਜਾਤੀ ਦੇ ਰਾਜੇ ਸੁਸਰਮਨ ਕੋਲ ਜਦ ਕੁਰੂ-ਪੁੱਤਰ ਦਰਯੋਧਨ ਦਾ ਸੱਦਾ ਆਇਆ ਤਾਂ ਮੈਨੂੰ ਬੜੀ ਖੁਸ਼ੀ ਹੋਈ। ਕੁਝ ਦਿਨਾਂ ਬਾਅਦ ਰਾਜਾ ਸੁਸਰਮਨ ਦੀ ਸੈਨਾ ਨਾਲ ਮੈਂ ਕੁਰੂਖੇਤਰ ਜਾ ਪੁੱਜਾ ਜਿਥੇ ਕੌਰਵਾਂ ਅਤੇ ਪਾਂਡਵਾਂ ਦੀਆਂ ਸ਼ਸਤਰਬਧ ਸੈਨਾ ਇਕ ਦੂਜੇ ਦੇ ਸਾਹਮਣੇ ਖੜ੍ਹੀਆਂ ਸਨ।
ਲੜਾਈ ਸ਼ੁਰੂ ਹੋਈ ਤੇ ਕਈ ਦਿਨ ਤੱਕ ਚਲਦੀ ਰਹੀ। ਰਾਜਾ ਸੁਸਰਮਨ, ਉਸ ਦਾ ਭਰਾ ਸਮਸਪਤਕ ਅਤੇ ਉਸ ਦੀ ਸੈਨਾ, ਯੁੱਧ ਵਿਚ ਦਰਯੋਧਨ ਦੀ ਸਹਾਇਤਾ ਕਰਦੀ ਲੜ ਰਹੀ ਸੀ ਪਰ ਮੈਂ ਯੁੱਧ ਵਿਚ ਕੋਈ ਹਿੱਸਾ ਨਹੀਂ ਲਿਆ। ਮੈਂ ਤਾਂ ਸਿਰਫ਼ ਅਰਜੁਨ ਨਾਲ ਲੜਨਾ ਚਾਹੁੰਦਾ ਸਾਂ ਤੇ ਉਸ ਨਾਲ ਲੜਨ ਲਈ ਜ਼ਰੂਰੀ ਸੀ ਕਿ ਮੈਂ ਵੀ ਕੋਈ ਮਹਾਂਰਥੀ ਹੁੰਦਾ। ਭੀਸ਼ਮ ਪਿਤਾਮਾ ਨੇ ਯੁੱਧ ਦੇ ਅਰੰਭ ਵਿਚ ਹੀ ਇਹ ਸ਼ਰਤ ਲਾ ਦਿਤੀ ਸੀ ਕਿ ਮਹਾਂਰਥੀ ਦੇ ਮੁਕਾਬਲੇ ਉਤੇ ਮਹਾਂਰਥੀ ਹੀ ਲੜ ਸਕਦਾ ਹੈ। ਮੇਰੇ ਵਰਗੇ ਪੈਦਲ ਜਾਂ ਘੋੜਸਵਾਰ ਸੈਨਿਕ ਨੂੰ ਉਨ੍ਹਾਂ ਨਾਲ ਲੜਨ ਦਾ ਹੱਕ ਹੀ ਖੋਹ ਲਿਆ ਗਿਆ ਸੀ। ਮੈਂ ਕੀ ਕਰਾਂ? ਕੁਝ ਵੀ ਸਮਝ ਨਹੀਂ ਸੀ ਆ ਰਿਹਾ।
ਕੌਰਵ ਸੈਨਾਪਤੀ ਭੀਸ਼ਮ ਪਿਤਾਮਾ ਦੇ ਹਾਰ ਜਾਣ ਤੋਂ ਬਾਅਦ ਦ੍ਰੋਣਾਚਾਰੀਆ ਸੈਨਾਪਤੀ ਬਣੇ ਤਾਂ ਦਰਯੋਧਨ ਨੇ ਉਨ੍ਹਾਂ ਸਾਹਮਣੇ ਵਿਉਂਤ ਰੱਖੀ ਕਿ ਜੇ ਕਿਸੇ ਤਰ੍ਹਾਂ ਯੁਧਿਸ਼ਟਰ ਨੂੰ ਜਿਉਂਦਿਆਂ ਫੜ ਲਿਆ ਜਾਵੇ ਤਾਂ ਅਸੀਂ ਪਾਂਡਵਾਂ ਨੂੰ ਹਥਿਆਰ ਸੁੱਟਣ ਲਈ ਮਜਬੂਰ ਕਰ ਸਕਦੇ ਹਾਂ। ਦ੍ਰੋਣਾਚਾਰੀਆ ਨੇ ਕਿਹਾ ਕਿ ਇਹ ਤਦ ਹੀ ਸੰਭਵ ਹੋ ਸਕਦਾ ਹੈ, ਜੇ ਅਰਜੁਨ ਉਸ ਨੂੰ ਬਚਾਉਣ ਲਈ ਉਥੇ ਨਾ ਹੋਵੇ ਤੇ ਕਿਸੇ ਤਰ੍ਹਾਂ ਅਰਜੁਨ ਨੂੰ ਯੁੱਧ ਭੂਮੀ ਤੋਂ ਦੂਰ ਲਿਜਾਇਆ ਜਾ ਸਕੇ।
ਉਸ ਵੇਲੇ ਰਾਜਾ ਸੁਸਰਮਨ ਨਾਲ ਮੈਂ ਵੀ ਉਥੇ ਮੌਜੂਦ ਸਾਂ ਜਿਥੇ ਇਹ ਯੋਜਨਾਵਾਂ ਬਣ ਰਹੀਆਂ ਸਨ। ਮੈਂ ਰਾਜਾ ਸੁਸਰਮਨ ਨਾਲ ਸਲਾਹ-ਮਸ਼ਵਰਾ ਕੀਤਾ ਅਤੇ ਹੱਥ ਜੋੜ ਦੇ ਦ੍ਰੋਣਾਚਾਰੀਆ ਨੂੰ ਅਰਜ਼ ਕੀਤੀ, “ਐ ਗੁਰੂ ਦ੍ਰੋਣਾਚਾਰੀਆ! ਤੁਹਾਨੂੰ ਯਾਦ ਹੋਵੇਗਾ ਕਿ ਬਹੁਤ ਵਰ੍ਹੇ ਪਹਿਲਾਂ ਤੁਸੀਂ ਇਕ ਅਸੁਰ ਧਨੁਖਧਾਰੀ ਨੂੰ ਵਰਦਾਨ ਦਿੱਤਾ ਸੀ, ਅੱਜ ਉਹੀ ਅਸੁਰ ਇਕਲਵਅ ਤੁਹਾਡੇ ਕੋਲੋਂ ਇਹ ਆਗਿਆ ਮੰਗਦਾ ਹੈ ਕਿ ਅਰਜੁਨ ਨੂੰ ਯੁੱਧ ਖੇਤਰ ਤੋਂ ਬਾਹਰ ਲੈ ਜਾਣ ਅਤੇ ਉਸ ਨਾਲ ਲੜਨ ਦਾ ਅਵਸਰ ਮੈਨੂੰ ਦਿੱਤਾ ਜਾਏæææਅਤੇ ਇਸ ਨੂੰ ਸੰਭਵ ਬਣਾਉਣ ਲਈ ਮੈਨੂੰ ਸਿਰਫ਼ ਇਕ ਦਿਨ ਲਈ ਮਹਾਂਰਥੀ ਬਣਨ ਦਾ ਸੁਭਾਗ ਪ੍ਰਾਪਤ ਹੋਵੇ।
ਉਨ੍ਹਾਂ ਦਰਯੋਧਨ, ਕਰਨ, ਸੁਸਰਮਨ ਅਤੇ ਹੋਰ ਮਹਾਂਰਥੀਆਂ ਨਾਲ ਸਲਾਹ ਕੀਤੀ ਤੇ ਫਿਰ ਮੈਨੂੰ ਇਕ ਦਿਨ ਲਈ ਮਹਾਂਰਥੀ ਬਣਾ ਦਿੱਤਾ ਗਿਆ।
ਮੈਂ ਆਪਣੇ ਸਰੀਰ ਉਤੇ ਪਿੱਤਲ ਦਾ ਬਣਿਆ ਭਾਰੀ ਕਵਚ ਧਾਰਨ ਕੀਤਾ ਅਤੇ ਅਨੇਕ ਪ੍ਰਕਾਰ ਦੇ ਤੀਰਾਂ-ਸ਼ਸਤਰਾਂ ਨਾਲ ਰੱਥ ਭਰ ਕੇ ਰਾਜਾ ਸੁਸਰਮਨ ਨਾਲ ਅਰਜੁਨ ਦੇ ਸਾਹਮਣੇ ਜਾ ਖੜ੍ਹਾ ਹੋਇਆ। ਸੁਸਰਮਨ ਨੇ ਅਰਜੁਨ ਨੂੰ ਯੁੱਧ ਕਰਨ ਲਈ ਵੰਗਾਰਿਆ। ਕੋਈ ਵੀ ਛੱਤਰੀ ਇਸ ਤਰ੍ਹਾਂ ਦੀ ਵੰਗਾਰ ਨੂੰ ਅਣਦੇਖਿਆ ਨਹੀਂ ਸੀ ਕਰ ਸਕਦਾ। ਅਰਜੁਨ ਨੇ ਆਪਣਾ ‘ਦੇਵਦਤ’ ਨਾਮ ਦਾ ਸ਼ੰਖ ਵਜਾਇਆ। ਸੁਸਰਮਨ ਨੇ ਵੀ ਆਪਣੇ ਨਗਾਰੇ ‘ਤੇ ਚੋਟ ਮਾਰੀ ਤੇ ਯੁੱਧ ਸ਼ੁਰੂ ਹੋ ਗਿਆ।
ਯੋਜਨਾ ਅਨੁਸਾਰ ਲੜਦੇ ਅਸੀਂ ਅਰਜੁਨ ਨੂੰ ਰਣਖੇਤਰ ਤੋਂ ਬਹੁਤ ਦੂਰ ਲੈ ਗਏ। ਜਿਉਂ-ਜਿਉਂ ਦਿਨ ਬੀਤਦਾ ਗਿਆ, ਅਰਜੁਨ ਅਤੇ ਸਾਡੇ ਰੱਥ ਯੁੱਧ ਭੂਮੀ ਤੋਂ ਬਹੁਤ ਦੂਰ ਹੁੰਦੇ ਗਏ। ਦੂਜੇ ਪਾਸੇ ਮੈਂ ਜਾਣਦਾ ਸਾਂ ਕਿ ਦ੍ਰੋਣਾਚਾਰੀਆ ਚੱਕਰਵਿਊਹ ਦੀ ਰਚਨਾ ਕਰ ਕੇ ਅੱਗੇ ਵਧਦਿਆਂ ਯੁਧਿਸ਼ਟਰ ਨੂੰ ਕਾਬੂ ਕਰਨ ਦਾ ਯਤਨ ਕਰ ਰਹੇ ਹੋਣਗੇ। ਇਸ ਚੱਕਰਵਿਊਹ ਨੂੰ ਇਸ ਯੁੱਧ ਵਿਚ ਸਿਰਫ ਕ੍ਰਿਸ਼ਨ ਅਤੇ ਅਰਜੁਨ ਹੀ ਕੱਟ ਸਕਦੇ ਸਨ, ਹੋਰ ਕੋਈ ਨਹੀਂ।
ਅਰਜੁਨ ਨੂੰ ਸੂਹੀਆਂ ਕੋਲੋਂ ਪਿਛਲੀ ਰਾਤ ਇਹ ਸੂਹ ਮਿਲ ਗਈ ਸੀ ਕਿ ਅਗਲੇ ਦਿਨ ਯੁਧਿਸ਼ਟਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਫੜਨ ਦੇ ਯਤਨ ਹੋਣਗੇ। ਉਹ ਸੁਸਰਮਨ ਨੂੰ ਛੇਤੀ ਹੀ ਹਰਾ ਕੇ ਰਣਭੂਮੀ ਵਿਚ ਵਾਪਸ ਪਰਤ ਜਾਣਾ ਚਾਹੁੰਦਾ ਸੀ। ਜਦ ਉਹ ਆਪਣੀ ਕੋਸ਼ਿਸ਼ ਵਿਚ ਕਾਮਯਾਬ ਨਾ ਹੋ ਸਕਿਆ ਤੇ ਸੂਰਜ ਢਲਣ ਲੱਗਾ ਤਾਂ ਕ੍ਰੋਧ ਵਿਚ ਆ ਕੇ ਉਸ ਨੇ ਵਾਯੂ ਅਸਤਰ ਅਤੇ ਹੋਰ ਕਈ ਪ੍ਰਕਾਰ ਦੇ ਅਸਤਰ ਚਲਾਉਣੇ ਸ਼ੁਰੂ ਕੀਤੇ। ਸੁਸਰਮਨ ਜ਼ਖ਼ਮੀ ਹੋ ਗਿਆ।
ਉਸ ਨੂੰ ਜ਼ਖ਼ਮੀ ਕਰ ਕੇ ਜਦ ਅਰਜੁਨ ਨੇ ਕ੍ਰਿਸ਼ਨ ਨੂੰ ਵਾਪਸ ਕੁਰੂ-ਖੇਤਰ ਵਿਚ ਚੱਲਣ ਲਈ ਕਿਹਾ ਤਾਂ ਐਨ ਉਸੇ ਵੇਲੇ ਮੈਂ ਆਪਣਾ ਰੱਥ ਵਧਾ ਕੇ ਉਸ ਸਾਹਮਣੇ ਆ ਖੜ੍ਹਾ ਹੋਇਆ। ਆਪਣੀ ਕਮਾਨ ‘ਤੇ ਤੀਰ ਚੜ੍ਹਾਇਆ ਤੇ ਅਰਜੁਨ ਨੂੰ ਲਲਕਾਰ ਕੇ ਬੋਲਿਆ, “ਖਬਰਦਾਰ ਅਰਜੁਨ, ਤਿਆਰ ਹੋ ਜਾ। ਮੈਨੂੰ ਹਰਾਏ ਬਿਨਾਂ ਤੂੰ ਰਣਖੇਤਰ ਵਿਚ ਵਾਪਸ ਨਹੀਂ ਪਰਤ ਸਕਦਾ।”
“ਤੂੰ ਕੌਣ ਏਂ ਜੋ ਆਪਣੀ ਮੌਤ ਨੂੰ ‘ਵਾਜਾਂ ਮਾਰ ਰਿਹਾ ਏਂ! ਜਾਹ ਚਲਿਆ ਜਾ ਆਪਣੀ ਜਾਨ ਬਚਾ ਕੇ। ਮੈਂ ਛੇਤੀ ਵਿਚ ਹਾਂ ਅਤੇ ਐਰੇ-ਗੈਰੇ ਨਾਲ ਲੜ ਕੇ ਵਕਤ ਬਰਬਾਦ ਨਹੀਂ ਕਰਨਾ ਚਾਹੁੰਦਾ।”
ਮੈਂ ਉਸ ਨੂੰ ਪੁਰਾਣੀ ਗੱਲ ਯਾਦ ਕਵਾਉਂਦਿਆਂ ਆਪਣਾ ਅੰਗੂਠਾ ਕੱਟਿਆ ਹੱਥ ਉਪਰ ਕਰ ਕੇ ਵਿਖਾਇਆ। ਤੇ ਇਹ ਵੀ ਆਖਿਆ ਕਿ ਉਹ ਇਹ ਨਾ ਸਮਝੇ ਕਿ ਘਟੀਆ ਤਰੀਕੇ ਨਾਲ ਮੇਰਾ ਅੰਗੂਠਾ ਕਟਵਾ ਕੇ ਮੈਨੂੰ ਨਕਾਰਾ ਬਣਾ ਦਿੱਤਾ ਹੋਵੇਗਾ।
ਮੇਰਾ ਬਿਨਾਂ ਅੰਗੂਠੇ ਵਾਲਾ ਹੱਥ ਵੇਖ ਕੇ ਉਸ ਦਾ ਜੋਸ਼ ਠੰਢਾ ਪੈ ਗਿਆ ਤੇ ਬੋਲਿਆ, “ਅੱਜ ਇਸ ਵੇਲੇ ਤੂੰ ਕੀ ਚਾਹੁੰਦਾ ਏਂ?”
“ਮੈਂ ਆਪਣੇ ਪੁਰਾਣੇ ਲੇਖੇ ਬਰਾਬਰ ਕਰਨ ਆਇਆ ਹਾਂ।”
ਅਰਜੁਨ ਨੇ ਕ੍ਰਿਸ਼ਨ ਵੱਲ ਵੇਖਿਆ ਤੇ ਬੋਲਿਆ, “ਹੇ ਕ੍ਰਿਸ਼ਨ, ਮੇਰੇ ਬੰਧੂ! ਤੂੰ ਹੀ ਦੱਸ, ਹੁਣ ਮੈਂ ਕੀ ਕਰਾਂ?” ਲੱਗਦਾ ਸੀ, ਉਸ ਨੂੰ ਅਹਿਸਾਸ ਸੀ ਆਪਣੇ ਅਪਰਾਧ ਦਾ।
“ਮੈਂ ਤੇ ਵਿਸ਼ਵਬੰਧੂ ਹਾਂ।” ਕ੍ਰਿਸ਼ਨ ਨੇ ਮੁਸਕਰਾਉਂਦਿਆਂ ਉਤਰ ਦਿੱਤਾ। ਮੈਂ ਤੇਰੇ ਵਿਚ ਵੀ ਹਾਂ ਅਤੇ ਇਕਲਵਅ ਵਿਚ ਵੀ। ਤੇਰਾ ਅੰਗੂਠਾ ਕੱਟੇ ਜਾਣ ਨਾਲ ਵੀ ਮੈਨੂੰ ਉਨਾ ਹੀ ਦਰਦ ਹੋਣਾ ਸੀ, ਜਿੰਨਾ ਇਕਲਵਅ ਦੇ ਅੰਗੂਠਾ ਕੱਟੇ ਜਾਣ ‘ਤੇ ਹੋਇਆ ਸੀ। ਜੋ ਪਾਪ ਤੂੰ ਉਸ ਵੇਲੇ ਈਰਖਾ-ਵਸ ਕੀਤਾ ਸੀ, ਉਸ ਦਾ ਫਲ ਤੇ ਭੋਗਣਾ ਹੀ ਪਵੇਗਾ!”
“ਇਹ ਤੁਸੀਂ ਕੀ ਕਹਿ ਰਹੇ ਹੋ ਕ੍ਰਿਸ਼ਨ?”
“ਤਾਂ ਯਾਦ ਕਰ ਫਿਰ ਉਹ ਵਰਦਾਨ ਜੋ ਇਸ ਨੇ ਦ੍ਰੋਣਾਚਾਰੀਆ ਕੋਲੋਂ ਉਸ ਵੇਲੇ ਮੰਗਿਆ ਸੀ। ਉਹ ਵੀ ਤੇ ਪੂਰਾ ਹੋ ਕੇ ਹੀ ਰਹੇਗਾæææ!”
ਅਰਜੁਨ ਇਕ ਪਲ ਚੁੱਪ ਰਿਹਾ। ਫਿਰ ਧਨੁਖ ‘ਤੇ ਬਾਣ ਚੜ੍ਹਾਉਣ ਲਈ ਹੱਥ ਚੁੱਕਿਆ। ਮੈਂ ਉਸ ਵੇਲੇ ਉਸ ਉਤੇ ਤੀਰਾਂ ਦੀ ਐਸੀ ਵਰਖਾ ਕੀਤੀ ਕਿ ਉਸ ਦੇ ਹੋਸ਼ ਉਡ ਗਏ। ਬਹੁਤ ਦੇਰ ਤੱਕ ਇਸੇ ਤਰ੍ਹਾਂ ਲੜਾਈ ਚਲਦੀ ਰਹੀ।
ਘਿਰਣਾ ਅਤੇ ਬਦਲੇ ਦੀ ਭਾਵਨਾ ਇਕ ਬਹੁਤ ਵੱਡੀ ਸ਼ਕਤੀ ਹੈ- ਪਿਆਰ ਤੋਂ ਵੀ ਵੱਡੀ ਜੋ ਇਕ ਯੋਧਾ ਨੂੰ ਮਨੋਬਲ ਅਤੇ ਉਦੇਸ਼ ਦਿੰਦੀ ਹੈ; ਆਪਣੇ ਵੈਰੀ ਨਾਲ ਲੜਨ ਲਈ। ਘਿਰਣਾ ਇਕ ਅੰਧਵਿਸ਼ਵਾਸ ਹੈ। ਮੈਂ ਅਰਜੁਨ ਨੂੰ ਸਿਰਫ ਇਸ ਲਈ ਨਫ਼ਰਤ ਨਹੀਂ ਸੀ ਕਰਦਾ ਕਿ ਉਸ ਨੇ ਮੇਰਾ ਅੰਗੂਠਾ ਕਟਵਾਇਆ ਸੀ; ਬਲਕਿ ਇਸ ਲਈ ਵੀ ਕਿ ਅਰਜੁਨ ਪ੍ਰਤੀਨਿਧੀ ਸੀ ਆਰੀਆ ਜਾਤੀ ਦਾ, ਜੋ ਅਸੁਰ ਜਾਤੀ ਦੇ ਅੰਗੂਠੇ ਕਟਵਾਉਣ ਅਤੇ ਉਨ੍ਹਾਂ ਨੂੰ ਸ਼ਕਤੀਹੀਣ ਕਰ ਕੇ ਆਪਣੇ ਦਾਸ ਬਣਾਉਣ ਦੀਆਂ ਯੋਜਨਾਵਾਂ ਵਿਚ ਵਿਅਸਥ ਸਨ।
ਜਦ ਵੀ ਕ੍ਰਿਸ਼ਨ ਵਾਪਸ ਪਰਤਣ ਲਈ ਰੱਥ ਘੁਮਾਉਂਦਾ, ਮੈਂ ਰਸਤਾ ਰੋਕ ਕੇ ਸਾਹਮਣੇ ਖੜ੍ਹਾ ਹੋ ਜਾਂਦਾ। ਆਖਰ ਅਰਜੁਨ ਬੋਲਿਆ, ਜੇ ਚਾਹਵਾਂ ਤਾਂ ਇਕ ਪਲ ਵਿਚ ਤੈਨੂੰ ਯਮਲੋਕ ਪੁਚਾ ਦੇਵਾਂ ਪਰ ਤੂੰ ਜਾਣਦਾ ਏਂ ਕਿ ਤੈਨੂੰ ਮਾਰ ਕੇ ਇਕ ਹੋਰ ਪਾਪ ਆਪਣੇ ਸਿਰ ਨਹੀਂ ਲੈਣਾ ਚਾਹੁੰਦਾ। ਆਖਰ ਕਦ ਤੱਕ ਤੂੰ ਮੇਰਾ ਰਸਤਾ ਰੋਕ ਕੇ ਖੜ੍ਹਾ ਰਹੇਗਾ?”
“ਜਦ ਤੱਕ ਅੱਜ ਦਾ ਸੂਰਜ ਦਿਸਹੱਦੇ ਤੋਂ ਪਰ੍ਹੇ ਨਹੀਂ ਹੋ ਜਾਂਦਾ।” ਮੈਂ ਕਹਿਣਾ ਤਾਂ ਨਹੀਂ ਸੀ ਚਾਹੁੰਦਾ ਪਰ ਮੇਰੇ ਮੂੰਹੋਂ ਨਿਕਲ ਹੀ ਗਿਆ, “ਕਿਉਂਕਿ ਉਹੀ ਦ੍ਰੋਣਾਚਾਰੀਆ ਜਿਸ ਨੂੰ ਕਹਿ ਕੇ ਤੂੰ ਮੇਰਾ ਅੰਗੂਠਾ ਕਟਵਾਇਆ ਸੀ, ਅੱਜ ਚੱਕਰਵਿਊਹ ਦੀ ਰਚਨਾ ਕਰ ਕੇ ਤੇਰੇ ਭਰਾ ਯੁਧਿਸ਼ਟਰ ਨੂੰ ਬੰਦੀ ਬਣਾਉਣ ਲਈ ਅਗੇ ਵਧ ਰਹੇ ਹੋਣਗੇ; ਜਾਂ ਸ਼ਾਇਦ ਬੰਦੀ ਬਣਾæææ।”
ਮੇਰਾ ਵਾਕ ਹਾਲੇ ਪੂਰਾ ਨਹੀਂ ਸੀ ਹੋਇਆ ਕਿ ਉਸ ਨੇ ਆਪਣੇ ਤਰਕਸ਼ ਵਿਚੋਂ ਇਕ ਵਿਸ਼ੇਸ਼ ਤੀਰ ਚੁਣ ਕੇ ਕੱਢਿਆ, ਗਾਂਡੀਵ ‘ਤੇ ਚੜ੍ਹਾਇਆ, ਕੰਨਾਂ ਤੱਕ ਖਿੱਚਿਆ ਅਤੇ ਛੱਡ ਦਿੱਤਾ। ਦਿਲ ਕੰਬਾ ਦੇਣ ਵਾਲੀ ਧੁਨੀ ਗਾਂਡੀਵ ਵਿਚੋਂ ਨਿਕਲੀ ਅਤੇ ਅਗਲੇ ਹੀ ਪਲ ਤੀਰ ਮੇਰੇ ਕਵਚ ਨੂੰ ਕੱਟਦਾ ਹੋਇਆ ਮੇਰੇ ਮੋਢੇ ਵਿਚ ਆ ਖੁੱਭਿਆ। ਮੈਂ ਸੱਜੇ ਹੱਥ ਨਾਲ ਜ਼ੋਰ ਲਾ ਕੇ ਤੀਰ ਬਾਹਰ ਕੱØਢਿਆ। ਲਹੂ ਦੀ ਧਾਰ ਬਾਹਰ ਨਿਕਲੀ ਅਤੇ ਮੇਰੇ ਕਵਚ, ਮੇਰੇ ਕੱਪੜਿਆਂ ਉਤੇ ਲਕੀਰ ਜਿਹੀ ਬਣਾਉਂਦੀ ਥੱਲੇ ਵਗ ਤੁਰੀ।
ਮੈਂ ਆਪਣੇ ਮਿਤਾਨੀ ਗੁਰੂ ਦੇ ਦਿੱਤੇ ਹੋਏ ਸੱਤ ‘ਕਾਲੀ ਧਾਤੂ’ ਦੇ ਬਣੇ ਤੀਰਾਂ ਵਿਚੋਂ ਇਕ ਤੀਰ ਕੱØਢਿਆ, ਤੇ ਦੂਜੇ ਹੀ ਪਲ ਉਹ ਤੀਰ ਅਰਜੁਨ ਦੇ ਪਿੱਤਲ ਦੇ ਕਵਚ ਨੂੰ ਕੱਟਦਾ ਖੱਬੀ ਬਾਂਹ ਵਿਚ ਜਾ ਖੁਭਿਆ। ਦੂਜਾ ਕਾਲੇ ਰੰਗ ਦਾ ਤੀਰ ਉਸ ਦੇ ਸੀਨੇ ਵੱਲ ਸਾਧ ਕੇ ਮਾਰਿਆ ਪਰ ਇਸ ਵਾਰੀ ਕ੍ਰਿਸ਼ਨ ਨੇ ਰੱਥ ਘੁਮਾ ਕੇ ਬਚਾ ਲਿਆ। ਫਿਰ ਉਸ ਨੇ ਮੇਰੇ ਦੋ ਘੋੜੇ ਮਾਰ ਦਿੱਤੇ ਅਤੇ ਮੈਂ ਵੀ ਉਸ ਦੇ ਦੋ ਘੋੜਿਆਂ ਨੂੰ ਲੰਮੇ ਪਾ ਦਿੱਤਾ।
ਹੁਣ ਅਸੀਂ ਆਪਣੇ ਰੱਥਾਂ ਤੋਂ ਉਤਰ ਕੇ ਇਕ-ਦੂਜੇ ਦੇ ਸਾਹਮਣੇ ਧਰਤੀ ਉਤੇ ਖੜ੍ਹੇ ਸਾਂ। ਮੈਂ ‘ਤੁਆਸ਼ਰ’ ਨਾਮ ਦਾ ਬਾਣ ਧਨੁਖ ‘ਤੇ ਚੜ੍ਹਾਇਆ। ਇਹ ਬਾਣ ਮੈਨੂੰ ਰਾਜਾ ਸੁਸਰਮਨ ਨੇ ਖਾਸ ਅੱਜ ਦੀ ਲੜਾਈ ਲਈ ਦਿੱਤਾ ਸੀ। ਇਸ ਤੋਂ ਅਰਜੁਨ ਕਿਸੇ ਤਰ੍ਹਾਂ ਨਹੀਂ ਬਚ ਸਕਦਾ, ਮੈਨੂੰ ਪੂਰਾ ਯਕੀਨ ਸੀ। ਭਿਅੰਕਰ ਧੁਨੀ ਪੈਦਾ ਕਰਦਾ ਹੋਇਆ ਬਾਣ ਮੇਰੇ ਧਨੁਖ ਵਿਚੋਂ ਨਿਕਲਿਆ ਪਰ ਐਨ ਉਸੇ ਵੇਲੇ ਕ੍ਰਿਸ਼ਨ ਨੇ ਅਰਜੁਨ ਦੇ ਅੱਗੇ ਆ ਕੇ ਬਾਣ ਆਪਣੀ ਛਾਤੀ ਉਤੇ ਰੋਕ ਲਿਆ। ਫਿਰ ਕ੍ਰਿਸ਼ਨ ਨੇ ਮੈਨੂੰ ਰੁਕਣ ਦਾ ਇਸ਼ਾਰਾ ਕੀਤਾ। ਅਸੀਂ ਦੋਵਾਂ ਨੇ ਆਪੋ-ਆਪਣੇ ਰੱਥਾਂ ਦੇ ਜ਼ਖਮੀ ਘੋੜੇ ਬਦਲੇ।
ਲੜਾਈ ਫਿਰ ਸ਼ੁਰੂ ਹੋ ਗਈ। ਮੇਰੇ ਜ਼ਖ਼ਮੀ ਮੋਢੇ ਵਿਚ ਦਰਦ ਵਧ ਰਿਹਾ ਸੀ, ਤੇ ਤੀਰ ਚਲਾਉਣ ਦੀ ਸ਼ਕਤੀ ਘਟ ਰਹੀ ਸੀ।
ਕ੍ਰਿਸ਼ਨ ਅਰਜੁਨ ਦੇ ਰੱਥ ਨੂੰ ਲੈ ਕੇ ਹੌਲੀ-ਹੌਲੀ ਕੁਰੂ-ਖੇਤਰ ਵੱਲ ਸਰਕਣ ਲੱਗੇ ਪਰ ਜਦ ਤੱਕ ਉਹ ਕੁਰੂ-ਖੇਤਰ ਪਹੁੰਚੇ, ਸੂਰਜ ਡੁੱਬ ਗਿਆ ਸੀ। ਕੌਰਵ ਸੈਨਾ ਯੁਧਿਸ਼ਟਰ ਨੂੰ ਤਾਂ ਬੰਦੀ ਨਾ ਬਣਾ ਸਕੀ ਪਰ ਅਰਜੁਨ ਦਾ ਪੁੱਤਰ ਅਭਿਮੰਨਊ ਉਸ ਚੱਕਰਵਿਊਹ ਵਿਚ ਫਸ ਕੇ ਕੌਰਵ ਮਹਾਂਰਥੀਆਂ ਹੱਥੋਂ ਮਾਰਿਆ ਗਿਆ ਸੀ।