ਗਾਰਗੀ ਦੇ ਹਿਤ ਵਿਚ

æææ ਤੇ ਬਾਹਰ ਤਾਲਾ ਸੀ-2
ਸ਼ਬਦਾਂ ਦੇ ਜਾਦੂਗਰ ਬਲਵੰਤ ਗਾਰਗੀ ਨੇ ਪੰਜਾਬੀ ਲੇਖਕਾਂ ਅਤੇ ਹੋਰ ਕਲਾਕਾਰਾਂ ਬਾਰੇ ਬੜੇ ਚਰਚਿਤ ਰੇਖਾ ਚਿੱਤਰ ਲਿਖੇ। ਇਨ੍ਹਾਂ ਉਤੇ ਵਿਵਾਦ ਵੀ ਬਥੇਰੇ ਛਿੜਦੇ ਰਹੇ। ਉਹਦੇ ਲਿਖੇ ਰੇਖਾ ਚਿੱਤਰਾਂ ਬਾਰੇ ਇਹ ਗੱਲ ਧੁੰਮ ਗਈ ਸੀ ਕਿ ਉਹ ਰੇਖਾ ਚਿੱਤਰ ਨੂੰ ‘ਸੁਆਦਲਾ’ ਬਣਾਉਣ ਲਈ ਸਬੰਧਤ ਲੇਖਕ ਬਾਰੇ ਕਾਫੀ ਕੁਝ ਆਪਣੇ ਕੋਲੋਂ ਜੋੜ ਲੈਂਦਾ ਹੈ ਪਰ

ਲਿਖਤ ਵਿਚ ਇਹ ਜ਼ਿਕਰ ਇੰਨੀ ਜਾਨ ਨਾਲ ਗੁੰਦਦਾ ਕਿ ਉਸ ਜ਼ਿਕਰ ਤੋਂ ਬਗੈਰ ਲਿਖਤ ਅਧੂਰੀ ਜਾਪਦੀ। ਇਸ ਤੋਂ ਐਨ ਉਲਟ ਕਾਨਾ ਸਿੰਘ ਨੇ ਗਾਰਗੀ ਬਾਰੇ ਲਿਖੇ ਰੇਖਾ ਚਿੱਤਰ ‘æææਤੇ ਬਾਹਰ ਤਾਲਾ ਸੀ’ ਵਿਚ ਐਨ ਸੱਚੋ-ਸੱਚ ਬਿਆਨ ਕਰ ਕੇ ਜਿਹੜਾ ਗਾਰਗੀ ਪਾਠਕਾਂ ਦੇ ਸਾਹਮਣੇ ਪੇਸ਼ ਕੀਤਾ ਹੈ, ਉਹ ਕੋਈ ਵੱਖਰਾ ਹੀ ਗਾਰਗੀ ਹੈ। ਪੂਰੇ 52 ਸਾਲ ਪਹਿਲਾਂ ਹੋਈ ਨਿੱਘੀ ਮਿਲਣੀæææਇਸ ਲਿਖਤ ਵਿਚ ਕੁੜੀਆਂ ਦੀ ਸੰਗਤ ਵਿਚ ਬਲਦੀ ਮੋਮਬੱਤੀ ਵਾਂਗ ਪਿਘਲਦੇ ਬਲਵੰਤ ਗਾਰਗੀ ਦੇ ਭਰਪੂਰ ਦਰਸ਼ਨ ਹੁੰਦੇ ਹਨ। ਪਹਿਲੀ ਕਿਸ਼ਤ ਵਿਚ ਕਾਨਾ ਸਿੰਘ ਦੇ ਗਾਰਗੀ ਨਾਲ ਹੋਏ ਅਦਭੁੱਤ ਪਰ ਦਿਲਚਸਪ ਮੇਲ ਦਾ ਜ਼ਿਕਰ ਸੀ। ਇਸ ਦੇ ਨਾਲ-ਨਾਲ ਗਾਰਗੀ ਦੀ ਉਸ ਬਾਰੀਕ ਅੱਖ ਦੀ ਵੀ ਚਰਚਾ ਸੀ ਜਿਸ ਦਾ ਰੰਗ ਉਹਦੇ ਨਾਟਕਾਂ ਦਾ ਬੜਾ ਜ਼ੋਰਦਾਰ ਪੱਖ ਹੈ। ਲੇਖ ਦੀ ਦੂਜੀ ਅਤੇ ਆਖਰੀ ਕਿਸ਼ਤ ਵਿਚ ਕਾਨਾ ਸਿੰਘ ਨੇ ਗਾਰਗੀ ਦੀ ਗੈਰ-ਹਾਜ਼ਰੀ ਵਿਚ ਲਗਾਤਾਰ ਲਗਦੀ ਹਾਜ਼ਰੀ ਦੀ ਗੱਲਾਂ-ਬਾਤਾਂ ਸਾਂਝੀਆਂ ਕੀਤੀਆਂ ਹਨ। -ਸੰਪਾਦਕ

ਕਾਨਾ ਸਿੰਘ
ਫੋਨ: 91-95019-44944

ਸ਼ਾਦੀ ਤੋਂ ਬਾਅਦ ਪਹਿਲੀ ਪੇਕੇ ਫੇਰੀ ਤੋਂ ਜਦੋਂ ਮੈਂ ਵਾਪਸ ਮੁੰਬਈ ਪਰਤੀ, ਕਿਤਾਬਾਂ ਵਾਲੀ ਪੇਟੀ ਵਿਚੋਂ ਸਭ ਪੰਜਾਬੀ ਪੁਸਤਕਾਂ ਗਾਇਬ ਸਨ; ਸਿਵਾਇ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਅਤੇ Ḕਰੰਗਮੰਚ’ ਦੇ।
“ਐਵੇਂ ਵਾਧੂ ਗੰਦ ਪਿਆ ਹੋਇਆ ਸੀ, ਮੈਂ ਸਭ ਰੱਦੀ ਵਿਚ ਕੱਢ ਦਿੱਤੀਆਂ।” ਮੇਰੇ ਪੁੱਛਣ ਉਤੇ ਜੀਤ ਨੇ ਦੱਸਿਆ।
ਬਹੁਤ ਦੇਰ ਤਕ ਤਾਂ ਮੈਂ ਇਹੋ ਸਮਝਦੀ ਰਹੀ ਸਾਂ ਕਿ ਜੀਤ ਪੰਜਾਬੀ ਨੂੰ ਗੰਵਾਰਾਂ ਦੀ ਭਾਸ਼ਾ ਤੇ ਪੰਜਾਬੀ ਸਾਹਿਤ ਨੂੰ ਲੱਚਰ ਸਾਹਿਤ ਸਮਝਦਾ ਸੀ, ਇਸੇ ਲਈ ਉਸ ਨੇ ਮੇਰੀ ਪੰਜਾਬੀ ਲਾਇਬ੍ਰੇਰੀ ਖਤਮ ਕਰ ਦਿੱਤੀ ਹੋਵੇਗੀ ਪਰ ਇਕ ਅਰਸੇ ਮਗਰੋਂ ਜਦੋਂ ਉਸ ਨੇ ਮੇਰੀ ਮੌਜੂਦਗੀ ਵਿਚ ਹੀ ਆਪਣੇ ਇਕ ਮਿੱਤਰ ਨੂੰ ਉਸ ਦੀ ਉਘੀ ਨਰਤਕੀ ਬੀਵੀ ਨੂੰ ਕਾਬੂ ਕਰਨ ਵਜੋਂ ਸਲਾਹ ਦਿੱਤੀ ਕਿ ਉਹ ਉਸ ਉਤੇ ਕੇਵਲ ਸਟੇਜ ਉਤੇ ਹੀ ਨੱਚਣ ਦੀ ਰੋਕ ਨਾ ਲਗਾਵੇ, ਸਗੋਂ ਘਰ ਵਿਚ ਵੀ ਉਸ ਦਾ ਨੱਚਣਾ ਬੰਦ ਕਰ ਦਏ, ਸਾਜ਼ ਵੇਚ ਦਏ, ਘੁੰਗਰੂ ਸੁੱਟ ਦਏæææḔਇਨ੍ਹਾਂ ਪਰਾਂ ਦੇ ਕੱਟਣ ਨਾਲ ਉਹ ਸਦਾ ਕਾਬੂ ਵਿਚ ਰਹੇਗੀ’; ਤਾਂ ਮੈਨੂੰ ਜੀਤ ਦੇ ਉਸ ਕਰਮ ਪਿੱਛੇ ਲੁਕੀ ਭਾਵਨਾ ਦੀ ਸਮਝ ਆ ਗਈ।
ਮੌਕਾ ਪਾ ਕੇ ਮੈਂ Ḕਰੰਗ ਮੰਚ’ ਨੂੰ ਨਿੱਕ-ਸੁੱਕ ਵਾਲੇ ਸੰਦੂਕ ਵਿਚ ਲੁਕਾਅ ਦਿੱਤਾ। ਮੁੰਬਈ ਦੇ ਪੱਚੀ-ਸਾਲਾ ਜੀਵਨ ਦੌਰਾਨ ਬੇਸ਼ਕ ਮੇਰੇ ਘਰ ਵਿਚ ਇਕ ਵੀ ਪੰਜਾਬੀ ਪੁਸਤਕ ਨਹੀਂ ਸੀ, ਪਰ ਹੌਲੀ-ਹੌਲੀ ਮੇਰਾ ਅੰਗਰੇਜ਼ੀ ਕਿਤਾਬਾਂ ਦੀ ਲਾਇਬ੍ਰੇਰੀ ਦਾ ਆਕਾਰ ਵਧਦਾ ਗਿਆ। ਘਰ ਦਾ ਤਾਲਾਬ ਤਾਂ ਸੁੱਕ-ਪੜੁੱਕ ਸੀ, ਪਰ ਸੰਸਾਰ ਸਾਹਿਤ ਦੇ ਮਹਾਨ ਸਾਗਰ ਦੀਆਂ ਚੁੱਭੀਆਂ ਮੇਰੇ ਵੱਸ ‘ਚ ਸਨ।
ਮੁੰਬਈ ਦੇ ਨਿੱਕੇ-ਨਿੱਕੇ ਫਲੈਟਾਂ ਵਿਚ ਜਗ੍ਹਾ ਦੀ ਥੁੜ੍ਹ ਕਾਰਨ ਤੇ ਪਾਠਕਾਂ ਦੀ ਖਰੀਦ-ਸ਼ਕਤੀ ਤਕੜੀ ਹੋਣ ਕਾਰਨ ਲੋਕੀਂ ਕਿਤਾਬਾਂ ਪੜ੍ਹ ਕੇ ਛੇਤੀ ਹੀ ਰੱਦੀ ਵਿਚ ਕੱਢ ਦਿੰਦੇ ਹਨ। ਜਗ੍ਹਾ-ਜਗ੍ਹਾ ਲੱਗੀਆਂ ਪਟੜੀਆਂ ਉਤੇ ਗਿਆਨ-ਵਿਗਿਆਨ ਦੀਆਂ ਸਰਬੋਤਮ ਤੇ ਸ੍ਰੇਸ਼ਟ ਪੁਸਤਕਾਂ ਬਹੁਤ ਸਸਤੀ ਕੀਮਤ ਉਤੇ ਮਿਲ ਜਾਂਦੀਆਂ। ਸ਼ਾਮੀ ਸੌਦਾ-ਸਬਜ਼ੀ ਖਰੀਦਣ ਗਈ ਮੈਂ ਅਕਸਰ ਕੋਈ ਕਿਤਾਬ ਖਰੀਦ ਲੈਂਦੀ।
ਜਦੋਂ ਮੁੰਬਈ ਨੂੰ ਹਮੇਸ਼ਾਂ ਲਈ ਅਲਵਿਦਾ ਕਹਿਣ ਦੀ ਘੜੀ ਆਈ, ਮੈਂ ਆਪਣੀਆਂ ਸਾਰੀਆਂ ਕਿਤਾਬਾਂ ਸਾਹਿਤਕ ਰੁਚੀਆਂ ਰੱਖਣ ਵਾਲੇ ਸਨੇਹੀਆਂ ਮਿੱਤਰਾਂ ਨੂੰ ਵੰਡ ਆਈ; ਸਿਵਾਇ Ḕਰੰਗ ਮੰਚ’ ਦੇ ਜੋ ਘਰ ਖਾਲੀ ਕਰਨ ਵੇਲੇ ਸੇਜਲ ਤੇ ਸਿਉਂਕ ਦੀ ਮਾਰੀ ਮੈਨੂੰ ਪੜਛੱਤੀ ਦੇ ਭੁੱਲੇ-ਵਿਸਰੇ ਟਰੰਕ ਵਿਚੋਂ ਲੱਭੀ ਜਿਸ ਤੋਂ ਮੇਰਾ ਮੁੜ ਪੰਜਾਬੀ ਦੀ ਲਾਇਬ੍ਰੇਰੀ ਦਾ ਆਰੰਭ ਹੋਇਆ।æææਸ਼ੁਕਰ ਹੈ, ਗਾਰਗੀ ਨੇ ਪੁਸਤਕ ਉਪਰ ਦਸਤਖਤ ਨਹੀਂ ਸਨ ਕੀਤੇ!
æææਮੁੜ ਪਿੱਛੇ ਪਰਤਦੀ ਹਾਂ, ਉਸ ਮੁਲਾਕਾਤ ਵੱਲ। ਮੈਂ ਗਾਰਗੀ ਨੂੰ ਦੱਸਿਆ ਕਿ ਉਸ ਦੀ Ḕਪੱਤਣ ਦੀ ਬੇੜੀ’ ਨੂੰ ਮੁੱਖ ਰੱਖ ਕੇ ਮੈਂ ਐਮæਏæ ਦੀ ਪੜ੍ਹਾਈ ਦੌਰਾਨ ਉਸ ਦੀ ਨਾਟਕ ਕਲਾ ਉਤੇ ਲੇਖ ਲਿਖਿਆ ਸੀ।
“ਕੀ ਲਿਖਿਆ ਸੀ ਤੂੰ ਉਸ ਵਿਚ? ਲੈ ਕੇ ਕਿਉਂ ਨਹੀਂ ਆਈ? ਅਗਲੀ ਵਾਰ ਜ਼ਰੂਰ ਲੈ ਕੇ ਆਵੀਂ?” ਗਾਰਗੀ ਡਾਢਾ ਉਤਾਵਲਾ ਜਾਪਿਆ।
“ਫੇਰ ਕਦੋਂ ਆਵੇਂਗੀ?”
“ਪਤਾ ਨਹੀਂ ਆ ਸਕਾਂ ਕਿ ਨਾ।” ਤੇ ਮੈਂ ਉਸ ਨੂੰ ਦੱਸਿਆ ਕਿ ਆਉਂਦੀ ਚਾਰ ਫਰਵਰੀ ਨੂੰ ਮੈਂ ਮੁੰਬਈ ਲਈ ਰਵਾਨਾ ਹੋ ਰਹੀ ਸਾਂ। ਉਥੇ ਜੀਵਨ ਬੀਮਾ ਨਿਗਮ ਦੇ ਕੇਂਦਰੀ ਦਫਤਰ ਵਿਚ ਮੈਂ ਭਾਸ਼ਾ ਅਧਿਕਾਰੀ ਦੇ ਤੌਰ ‘ਤੇ ਨਿਯੁਕਤ ਹੋ ਚੁੱਕੀ ਸਾਂ।
ਨਿਗਮ ਦੇ ਇਸ਼ਤਿਹਾਰ ਵਿਭਾਗ ਵਿਚ ਦੇਸ਼ ਦੀ ਹਰ ਬੋਲੀ ਦਾ ਮਾਹਿਰ ਹੁੰਦਾ ਹੈ ਜਿਸ ਨੇ ਜੀਵਨ ਬੀਮਾ ਲਈ ਆਪਣੀ ਬੋਲੀ ਵਿਚ ਇਸ਼ਤਿਹਾਰ ਲਿਖਣ, ਰੂਪਾਂਤਰਨ ਤੇ ਅਨੁਵਾਦ ਕਰਨ ਤੋਂ ਇਲਾਵਾ ਬੀਮੇ ਸਬੰਧੀ ਮੌਲਿਕ ਲੇਖ ਤੇ ਰਚਨਾਵਾਂ ਵੀ ਲਿਖਣੀਆਂ ਹੁੰਦੀਆਂ ਹਨ। ਨਿਗਮ ਦੇ ਦਿੱਲੀ ਕੇਂਦਰ ਵਿਚ ਹੋਏ ਇੰਟਰਵਿਊ ਵਿਚ ਮੈਂ ਚੁਣ ਲਈ ਗਈ ਸਾਂ। ਮੁੰਬਈ ਵਿਚ ਮੈਨੂੰ ਰਿਹਾਇਸ਼ ਦੇ ਨਾਲ-ਨਾਲ ਸਹਾਇਕ ਸੰਪਾਦਕ ਦੇ ਗਰੇਡ ਮੁਤਾਬਕ ਤਨਖਾਹ ਮਿਲਣੀ ਸੀ, ਤੇ ਜਾਣ ਲਈ ਰੇਲ ਦਾ ਫਸਟ ਕਲਾਸ ਦਾ ਕਿਰਾਇਆ ਵੀ।
“ਫਸਟ ਕਲਾਸ ਵਿਚ ਨਾ ਜਾਈਂ। ਇਕੱਲੀ ਕੁੜੀ ਲਈ ਸੇਫ਼ ਨਹੀਂ। ਤੂੰ ਡਿਲੈਕਸ ਗੱਡੀ ਵਿਚ ਜਾਹ, ਤੇ ਕਲ੍ਹ ਹੀ ਸਟੇਸ਼ਨ ਜਾ ਕੇ ਚੇਅਰ ਕਾਰ ਵਿਚ ਸੀਟ ਬੁੱਕ ਕਰਾ ਲੈ। ਤੇਰੇ ਲਈ ਇਹੀ ਠੀਕ ਰਹੇਗਾ।” ਗਾਰਗੀ ਨੇ ਸੁਝਾਅ ਦਿੱਤਾ।
ਆਪਣੀ ਹੋਸ਼ ਵਿਚ ਉਹ ਮੇਰਾ ਪਹਿਲਾ, ਇਕੱਲਾ ਤੇ ਲੰਮਾ ਸਫਰ ਸੀ। ਨਾ ਮੈਨੂੰ ਚੇਅਰ ਕਾਰ ਬਾਰੇ ਕੁਝ ਪਤਾ ਸੀ, ਤੇ ਨਾ ਹੀ ਪਹਿਲਾਂ ਤੋਂ ਬੁਕਿੰਗ ਕਰਾਉਣ ਬਾਰੇ।
“ਉਥੇ ਕਿਥੇ ਰਹੇਂਗੀ?” ਵਿਦਾ ਹੋਣ ਲਈ ਉਠਦਿਆਂ ਮੈਥੋਂ ਗਾਰਗੀ ਨੇ ਪੁੱਛਿਆ।
“ਜਦ ਤਕ ਨਿਗਮ ਵੱਲੋਂ ਫਲੈਟ ਨਹੀਂ ਮਿਲ ਜਾਂਦਾ, ਆਪਣੀ ਭੈਣ ਦੇ ਘਰ, ਖਾਰ।”
“ਰਾਜਿੰਦਰ ਸਿੰਘ ਬੇਦੀ ਨੂੰ ਜ਼ਰੂਰ ਮਿਲੀਂ, ਤੇ ਉਸ ਨਾਲ ਸੰਪਰਕ ਵੀ ਰੱਖੀਂ, ਪਰ ਮੇਰੇ ਨਾਲ ਹੋਈ ਇਸ ਮੁਲਾਕਾਤ ਦਾ ਉਕਾ ਜ਼ਿਕਰ ਨਾ ਕਰੀਂ। ਮੈਂ ਅਗਲੇ ਮਹੀਨੇ ਮੁੰਬਈ ਆਵਾਂਗਾ, ਤੇ ਬੇਦੀ ਮੈਨੂੰ ਤੇਰੇ ਨਾਲ ਰਸਮੀ ਤੌਰ ‘ਤੇ ਪਰੀਚਿਤ ਕਰਾਵੇਗਾ।”
“ਕਿਉਂ?”
“ਤੇਰੇ ਹਿਤ ਵਿਚ ਇਹੀ ਠੀਕ ਹੋਵੇਗਾ।” ਉਹਦਾ ਉਤਰ ਸੀ।
ਮੁੰਬਈ ਦੀ ਨੌਕਰੀ ਸ਼ੁਰੂ ਕਰਨ ‘ਤੇ ਕੁਝ ਦਿਨਾਂ ਵਿਚ ਹੀ ਮੈਨੂੰ ਉਥੋਂ ਦੇ ਸਾਹਿਤਕ ਖੇਤਰ ਵਿਚੋਂ ਫੋਨ Ḕਤੇ ਸੱਦੇ ਆਉਣ ਲੱਗੇ। ਨਵ-ਵਿਆਹੀ ਕਹਾਣੀਕਾਰ ਜੋੜੀ ਕੁਲਦੀਪ ਬੱਗਾ ਤੇ ਰਾਜਿੰਦਰ ਕੌਰ, ਪ੍ਰੀਤਮ ਬੇਲੀ, ਸਾਗਰ ਸਰਹੱਦੀ, ਹਰਬੰਸ ਦੋਸਤ, ਮਿੰਨੀ ਗਰੇਵਾਲ ਤੇ ਫਿਲਮ ਨਿਰਦੇਸ਼ਕ ਗੁਲਜ਼ਾਰ (ਉਦੋਂ ਉਹ ਗੁਲਜ਼ਾਰ ਦੀਨਵੀ ਅਖਵਾਉਂਦਾ ਸੀ), ਸਾਰੇ ਵਾਰੋ-ਵਾਰੀ ਮੇਰੇ ਦਫਤਰ ਵਿਚ ਮੈਨੂੰ ਮਿਲਣ ਆਏ।
ਇਹ ਸਾਰੇ ਸਵਰਨ ਦੇ ਮਿੱਤਰ ਸਨ, ਤੇ ਸਵਰਨ ਨੇ ਸਭ ਨੂੰ ਚਿੱਠੀਆਂ ਪਾ ਦਿੱਤੀਆਂ ਸਨ ਮੈਨੂੰ ਮਿਲਣ ਲਈ, ਮੇਰਾ ਖਿਆਲ ਰੱਖਣ ਲਈ।
ਇਕ ਅੱਧ ਮਹੀਨੇ ਵਿਚ ਹੀ ਰਾਜਿੰਦਰ ਕੌਰ ਤੇ ਪ੍ਰੀਤਮ ਬੇਲੀ ਹੋਰਾਂ ਦੇ ਘਰ ਇਕ ਐਤਵਾਰ ਮਨਾ ਕੇ ਮੈਂ ਸ਼ਾਮੀਂ ਉਨ੍ਹਾਂ ਨਾਲ ਰਾਜਿੰਦਰ ਸਿੰਘ ਬੇਦੀ ਨੂੰ ਮਿਲਣ ਚਲੀ ਗਈ। ਉਥੇ ਗੱਲਬਾਤ ਦੌਰਾਨ ਗਾਰਗੀ ਦਾ ਜ਼ਿਕਰ ਆਉਂਦਿਆਂ ਹੀ ਮੇਰੇ ਮੂੰਹੋਂ ਨਿਕਲ ਗਿਆ: “ਉਹ ਅਗਲੇ ਮਹੀਨੇ ਮੁੰਬਈ ਆ ਰਿਹੈ।”
“ਪਰ ਅਚਲਾ (ਸਚਦੇਵ) ਨੂੰ ਤਾਂ ਇਸ ਦੀ ਕੋਈ ਖ਼ਬਰ ਨਹੀਂ। ਉਹ ਹੁਣੇ ਹੀ ਮਿਲ ਕੇ ਗਈ ਹੈ।” ਬੇਦੀ ਨੇ ਹੈਰਾਨੀ ਪ੍ਰਗਟ ਕੀਤੀ।
æææ
ਆਪਣੀ ਹਰ ਵਾਦੀ ਦਾ ਮੂਲ ਆਪਣੇ ਬਚਪਨ ਵਿਚੋਂ ਲੱਭਣ ਦੀ ਮੇਰੀ ਆਦਤ ਜਿਹੀ ਹੈ।æææਮੇਰੇ ਦੇਸ਼ ਭਗਤ ਭਾਪਾ ਜੀ ਨੂੰ ਗਹਿਣਿਆਂ ਤੋਂ ਵੀ ਉਤਨੀ ਹੀ ਨਫਰਤ ਸੀ ਜਿਤਨੀ ਵਿਦੇਸ਼ੀ ਮਾਲ ਤੋਂ।
“ਕੁੜੀਆਂ ਦੇ ਨੱਕ-ਕੰਨ ਸਲਾ ਕੇ ਸਰੂਪਨੱਖਾ ਬਣਾਣ ਨੀਂ ਕੋਈ ਲੋੜ ਨਹੀਂ।” ਉਨ੍ਹਾਂ ਦਾ ਮਾਂ ਨੂੰ ਪੱਕਾ ਆਦੇਸ਼ ਸੀ।
ਜੋ ਵਰਜਿਤ ਹੋਵੇ, ਉਸ ਲਈ ਲਲਚਾਣਾ ਇਨਸਾਨੀ, ਤੇ ਖਾਸ ਕਰ ਕੇ ਬਾਲ ਮਨ ਲਈ ਸੁਭਾਵਕ ਹੀ ਹੈ।æææਬੱਚੀ ਸਾਂ ਮੈਂ ਪੰਜ ਸੱਤ ਸਾਲ ਦੀ ਕਿ ਇਕ ਦਿਨ ਗਲੀ ਵਿਚ ਕੰਨ ਸੱਲਣ ਵਾਲੇ ਡੰਗੋਤਰੇ ਦਾ ਹੋਕਰਾ ਸੁਣ ਕੇ ਮੈਂ ਬੇਚੈਨ ਹੋ ਗਈ। ਗਲੀ ਦੀਆਂ ਮਾਵਾਂ ਆਟੇ ਦੀ ਇਕ-ਇਕ ਪੜੋਪੀ ਬਦਲੇ ਆਪਣੀਆਂ ਬੱਚੀਆਂ ਦੇ ਕੰਨ ਸਲਾਅ ਰਹੀਆਂ ਸਨ। ਮੈਂ ਵੀ ਅੜੀ ਕਰਨ ਲੱਗੀ। ਮਾਂ ਨੇ ਬਥੇਰਾ ਸਮਝਾਇਆ ਪਰ ਮੇਰੀ ਜ਼ਿਦ ਅੱਗੇ ਪੇਸ਼ ਨਾ ਜਾਂਦੀ ਵੇਖ ਕੇ ਬੋਲੀ, “ਅੱਛਾ ਬਾਬਾ ਸਲਾਅ ਦੇਨੀ ਆਂ, ਪਰ ਵਾਹਿਦਾ ਕਰ ਕਿ ਪੀਊ ਕੀ ਉੱਕਾ ਨਾ ਦਸਸੇਂ। ਉਸ ਨੇ ਆਣੇ ਤੂੰ ਪਹਿਲਾਂ ਹੀ ਰੁਮਾਲ ਵਲ੍ਹੇਟ ਕੈ ਸੌਂ ਜਾਵੀਂ। ਨਹੀਂ ਤੈ ਉਹ ਮੇਰੀ ਬੁਰੀ ਬਾਬ ਕਰਸੀ।”
ਸਿੱਕੇ ਦੀ ਤਾਰ ਦੀਆਂ ਮੁਰਕੀਆਂ ਮੇਰੇ ਕੰਨਾਂ ਵਿਚ ਪੈ ਗਈਆਂ। ਬਸ ਦੋ ਚਾਰ ਦਿਨ ਹੀ ਭਾਪਾ ਜੀ ਦੇ ਘਰ ਪਰਤਣ ਤੋਂ ਪਹਿਲਾਂ ਮੈਂ ਬਿਸਤਰੇ ਵਿਚ ਵੜ ਜਾਣਾ ਸੀ, ਤੇ ਫੇਰ ਛੇਦ ਮੌਲਣ ਉਤੇ ਬੇਜੀ ਨੂੰ ਕੰਨਾਂ ਦੇ ਬੁੰਦੇ ਲੈ ਕੇ ਦੇਣ ਲਈ ਰਾਜ਼ੀ ਕਰ ਲੈਣਾ ਸੀ। ਬੇਜੀ ਦੇ ਪੂਰੇ ਦੇ ਪੂਰੇ ਕੰਨ ਛੇਦੇ ਹੋਏ ਸਨ ਤੇ ਉਨ੍ਹਾਂ ਵਿਚ ਲਟਕ ਰਹੀਆਂ ਹੁੰਦੀਆਂ ਸਨ ਸੋਨੇ ਦੀਆਂ ਵਾਲੀਆਂ। ਜਦੋਂ ਹੱਸਦੇ ਤਾਂ ਨਾਲ-ਨਾਲ ਡੋਲਦੀਆਂ ਮਾਨੋਂ ਬੇਜੀ ਦੀਆਂ ਗੱਲਾਂ ਦਾ ਹੁੰਗਾਰਾ ਭਰ ਰਹੀਆਂ ਹੋਣ।
ਬੇਜੀ ਦੇ ਸਾਹਵੇਂ ਭਾਪਾ ਜੀ ਨੇ ਕੋਈ ਹੀਲ-ਹੁੱਜਤ ਨਹੀਂ ਸੀ ਕਰਨੀ, ਇਹ ਮੇਰਾ ਪੱਕਾ ਨਿਸਚਾ ਸੀ। ਕੰਨ ਵਿੰਨ੍ਹਾਂ ਕੇ ਕੋਠੇ ਦੀ ਬਾਰੀ ਉਪਰ ਰੱਖੇ ਸ਼ੀਸ਼ੇ ਦੇ ਟੁਕੜੇ ਵਿਚੋਂ ਵਾਰ-ਵਾਰ ਆਪਣਾ ਅਕਸ ਵੇਖਦੀ ਨੇ ਹਜ਼ਾਰਾਂ ਸੁਪਨੇ ਬੁਣ ਲਏ। ਮਨ ਨੂੰ ਵੀ ਨਾਲ ਨਾਲ ਪੱਕਾ ਕਰਦੀ ਰਹੀ।
“ਨਹੀਂ ਦਸਣਾ, ਨਹੀਂ ਦਸਣਾ; ਮੈਂ ਭਾਪਾ ਜੀ ਕੀ ਉਕਾ ਨਹੀਂ ਦਸਣਾ। ਉਨ੍ਹਾਂ ਨੇ ਆਣੈ ਤੂ ਪਹਿਲਾਂ ਹੀ ਰੁਮਾਲ ਬੰਨ੍ਹ ਕੈ ਸੌਂ ਜਾਸਾਂ।”
ਭਾਪਾ ਜੀ ਰਾਤ ਦੀ ਗੱਡੀ ਉੁਤੇ ਆਉਂਦੇ ਸਨ ਤੇ ਸਵੇਰੇ ਸਰਘੀ ਵੇਲੇ ਮੁੜ ਸਟੇਸ਼ਨ ਚਲੇ ਜਾਂਦੇ ਸਨ, ਗੱਡੀ ਫੜਨ। ਮੰਧਰੇ ਲਈ। ਪੈਟਰੋਲ ਪੰਪ ‘ਤੇ ਹਾਜ਼ਰ ਹੋਣ।
ਰੱਬ ਸਬੱਬੀ ਭਾਪਾ ਜੀ ਉਸ ਦਿਨ ਜਲਦੀ ਹੀ ਆ ਗਏ। ਹਮੇਸ਼ਾਂ ਵਾਂਗ ਫਲਾਂ ਤੇ ਮਿਠਾਈਆਂ ਦੇ ਝੋਲਿਆਂ ਸਮੇਤ, ਤੇ ਹਮੇਸ਼ਾਂ ਵਾਂਗ ਹੀ ਮੈਂ Ḕਭਾਪਾ ਜੀ ਆ ਗਏ’ Ḕਭਾਪਾ ਜੀ ਆ ਗਏ’ ਕਰਦੀ, ਛਲਾਂਗਾਂ ਮਾਰਦੀ ਉਨ੍ਹਾਂ ਦੀਆਂ ਲੱਤਾਂ ਨਾਲ ਚੰਬੜ ਗਈ ਤੇ ਫਿਰ ਜਿਉਂ ਹੀ ਕੰਨਾਂ ਦਾ ਖਿਆਲ ਆਇਆ ਤਾਂ ਕੰਨਾਂ ਉਤੇ ਹੱਥ ਧਰ ਕੇ ਬੋਲ ਪਈ: “ਨਾਂਹ ਦਸਨੀ ਨਾਂਹ ਦਸਨੀ, ਮੈਂ ਕੰਨ ਸਲਾਏ ਨੁ ਤੁਸਾਂ ਕੀ ਨਾਂਹ ਦਸਨੀ।”
“ਕਿਉਂ ਬਣਾ ਦਿਤਾ ਈ ਕੁੜੀ ਕੀ ਸਰੂਪ ਨੱਖਾਂ”, ਆਖਦਿਆਂ ਉਸੇ ਵੇਲੇ ਹੀ ਭਾਪਾ ਜੀ ਨੇ ਮੇਰੇ ਕੰਨਾਂ ਵਿਚੋਂ ਉਹ ਸਿੱਕੇ ਦੀਆਂ ਮੁਰਕੀਆਂ ਧਰੂ ਦਿੱਤੀਆਂ।
“ਨਿੱਜ ਨਾ ਜੰਮਨੀਏਂ ਜਿੰਨਣੀਏਂ”, ਆਖਦੀ ਮਾਂ ਦਾ ਹਾਸਾ ਨਿਕਲ ਗਿਆ ਤੇ ਭਾਪਾ ਜੀ ਦਾ ਵੀ।
“ਇਸ ਨੇ ਢਿੱਡੇ ‘ਚ ਦਾਦੀ ਹਾਰ ਕੋਈ ਗੱਲ ਨਹੀਂ ਪਚਨੀ। ਜਿਹੜੀ ਗੱਲ ਮਨ੍ਹਾਂ ਕਰੋ, ਉਹ ਤੈ ਜ਼ਰੂਰ ਹੀ ਦੱਸ ਕੈ ਛੋੜਸੀ”, ਮਾਂ ਆਖਦੀ ਹੁੰਦੀ ਸੀ।æææ
æææਗਾਰਗੀ ਦੇ ਵਰਜਿਤ ਕਰਨ ਦੇ ਬਾਵਜੂਦ ਮੈਂ ਉਸ ਨਾਲ ਹੋਈ ਆਪਣੀ ਪਛਾਣ ਦਾ ਭੇਤ ਬੇਦੀ ਨੂੰ ਦੱਸ ਬੈਠੀ ਸਾਂ। ਇਸ ਸ਼ਰਮਿੰਦਗੀ ਕਾਰਨ ਮੈਂ ਮੁੜ ਕੇ ਨਾ ਕਦੇ ਰਾਜਿੰਦਰ ਸਿੰਘ ਬੇਦੀ ਨਾਲ ਹੀ ਕੋਈ ਸੰਪਰਕ ਰੱਖਿਆ, ਤੇ ਨਾ ਹੀ ਗਾਰਗੀ ਨਾਲ।
ਆਉਂਦੀ ਤੇਰਾਂ ਅਪਰੈਲ ਨੂੰ ਵੀਰ ਜੀ ਦੀ ਸ਼ਾਦੀ ਹੋ ਗਈ, ਤੇ ਹਫਤੇ ਮਗਰੋਂ ਹੀ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਉਸ ਉਪਰੰਤ ਮਾਪਿਆਂ ਦੀਆਂ ਮਿੰਨਤਾਂ ਅੱਗੇ ਝੁਕਦੀ ਛੇਤੀ ਹੀ ਮੈਂ ਮੰਗਣੀ ਲਈ ਰਾਜ਼ੀ ਹੋ ਗਈ, ਤੇ ਬਾਰਾਂ ਸਤੰਬਰ ਨੂੰ ਵਿਆਹ ਲਈ ਵੀ। ਸ਼ਾਦੀ ਹੁੰਦਿਆਂ ਹੀ ਮੈਂ ਨੌਕਰੀ ਤੋਂ ਅਸਤੀਫਾ ਦੇ ਦਿੱਤਾ, ਤੇ ਘਰ ਦੀ ਚਾਰਦੀਵਾਰੀ ਨੂੰ ਕਬੂਲ ਕਰ ਲਿਆ।
ਜੀਤ ਨਾਲ ਤਬਾਹੀ ਦੀ ਹੱਦ ਤਕ ਮੇਰੀ ਇਕਪਾਸੜ ਮੁਹੱਬਤ ਅਤੇ ਸੁਪਨਿਆਂ ਦੇ ਆਦਰਸ਼ ਲਈ ਸਹਿਕ-ਉਮਰ, ਚੱਕੀ ਦੇ ਇਨ੍ਹਾਂ ਦੋਹਾਂ ਪੁੜਾਂ ਵਿਚ ਪਿਸਦੀ ਮੁੰਬਈ ਦੇ ਵਰਸੋਵਾ ਤਟ ਉਤੇ ਰਹਿੰਦੀ, ਆਪਣੇ ਅੰਦਰਲੇ ਤੇ ਬਾਹਰਲੇ ਤੂਫਾਨਾਂ ਨਾਲ ਭਿੜਦੀ ਤੇ ਹਰ ਮੰਝਧਾਰ ਵਿਚ ਡਗਮਗਾਉਂਦੀ ਮੇਰੀ ਜੀਵਨ ਬੇੜੀ ਵਿਚ ਗਾਰਗੀ ਮਾਨੋ ਅਛੋਪਲੇ ਹੀ ਪ੍ਰਵੇਸ਼ ਕਰ ਜਾਂਦਾ ਤੇ ਮੈਨੂੰ ਧੀਰਜ ਬੰਨ੍ਹਾ, ਕਿਨਾਰੇ ‘ਤੇ ਲਗਾ ਲੋਪ ਹੋ ਜਾਂਦਾ।
ਜੀਤ ਦੇ ਸ਼ੱਕੀ ਸੁਭਾਅ ਕਾਰਨ ਕਦਮ-ਕਦਮ ਉਤੇ ਹਰ ਨਜ਼ਰ ਤੋਂ ਤ੍ਰਹਿਕਦੀ ਤੇ ਆਪਣੇ ਆਪ ਵਿਚ ਸੁੰਗੜਦੀ ਦੇ ਕੰਨਾਂ ਵਿਚ ਗਾਰਗੀ ਜਿਵੇਂ ਫੂਕਦਾ ਰਿਹਾ ਹੋਵੇ-Ḕਜੋ ਕੁਝ ਵੀ ਵਾਪਰਦਾ ਹੈ, ਉਹ ਨਾਮੁਕਿਨ ਨਹੀਂ ਤੇ ਜੇ ਉਹ ਮੁਮਕਿਨ ਹੀ ਹੈ ਤੇ ਕਦੇ ਵੀ, ਕਿਧਰੇ ਵੀ, ਕਿਸੇ ਵੀ ਦੀਪੋ ਨਾਲ ਹੁੰਦਾ ਥੀਂਦਾ ਰਿਹਾ ਹੈ ਤੇ ਰਹੇਗਾ ਤਾਂ ਫਿਰ ਗ਼ਮ ਕਾਹਦਾ?’æææਗਾਰਗੀ ਵਲੋਂ ਇਨ੍ਹਾਂ ਆਪ ਸਿਰਜੇ ਸ਼ਬਦਾਂ ਦੇ ਚੱਪੂ ਸੰਗ ਮੈਂ ਆਪਣੀ ਗ੍ਰਹਿਸਥ-ਨਈਆ ਠ੍ਹੇਲਦੀ ਰਹੀ।
ਨੌਂ ਸਾਲ ਵਰਸੋਵਾ ਤਟ ਦੀ ਖੂਬਸੂਰਤ ਬਸਤੀ Ḕਸਾਤ ਬੰਗਲਾ’ ਵਿਚ ਰਹਿਣ ਮਗਰੋਂ ਅਸੀਂ ਪੂਰਬੀ ਸਾਂਤਾਕਰੂਜ਼ ਆ ਗਏ, ਆਪਣੇ ਫਲੈਟ ਵਿਚ।æææਕਿੱਥੇ ਸਾਗਰ ਕੰਢੇ ਸਥਿਤ ਗਵਾਲੀਅਰ ਪੈਲੇਸ ਦੇ ਮੋਕਲੇ ਕਮਰੇ ਦੀਆਂ ਸਮੁੰਦਰ ਵੱਲ ਖੁੱਲ੍ਹਦੀਆਂ ਉਹ ਆਦਮਕੱਦ ਖਿੜਕੀਆਂ, ਸਾਗਰ ਛੱਲਾਂ ਦਾ ਉਹ ਜਵਾਰਭਾਟਾ, ਸਮੁੰਦਰੀ Ḕਵਾਵਾਂ ਨਾਲ ਬੰਗਲੇ ਦੇ ਵਿਸ਼ਾਲ ਮੈਦਾਨ ਵਿਚ ਸਾਂ-ਸਾਂ ਕਰਦੇ ਨਾਰੀਅਲ, ਚੀਕੂ, ਅਮਰੂਦ, ਸਿੰਗਾਫਲੀ ਤੇ ਜੰਗਲੀ ਬਦਾਮਾਂ ਦੇ ਬਿਰਛ ਤੇ ਕਿੱਥੇ ਇਹ ਘੁੱਗ ਵੱਸਦੀ ਵਾਕੋਲਾ ਦੀ ਉਦਯੋਗਿਕ ਬਸਤੀ ਦੀ ਪ੍ਰਦੂਸ਼ਿਤ ਹਵਾ ਦੀ ਸੜ੍ਹਾਂਦ, ਮੱਖੀਆਂ ਤੋਂ ਵੀ ਵੱਡੇ ਮੱਛਰ ਤੇ ਮਾਚਿਸ-ਡੱਬੀਆਂ ਵਰਗੇ ਫਲੈਟਾਂ ਦੀ ਘੁਟਣ!
ਫਲੈਟ ਦੇ ਪਿਛਲੇ ਸੌਣ ਕਮਰੇ ਨਾਲ ਲਗਦੀ ਬਾਲਕੋਨੀ ਨੂੰ ਛੱਤ ਕੇ ਅਸਾਂ ਰਸੋਈ ਬਣਾ ਲਈ ਤੇ ਰਸੋਈ ਨੂੰ ਬੱਚਿਆਂ ਦੇ ਨਿਵੇਕਲੇ ਕਮਰੇ ਵਿਚ ਤਬਦੀਲ ਕਰ ਲਿਆ ਪਰ ਮੁਹਰਲੀ ਬੈਠਕ ਵਾਲੀ ਗੈਲਰੀ ਨੂੰ, ਸਾਡਾ ਖੁੱਲ੍ਹਿਆਂ ਹੀ ਛੱਡਣ ਦਾ ਇਰਾਦਾ ਸੀ, ਤਾਂ ਜੁ ਅੰਦਰੋਂ ਹੁਸੜ ਕੇ ਕਦੇ ਬਾਹਰ ਆਣ ਖਲੋਈਏ, ਤੇ ਸੜਕ ‘ਤੇ ਲੰਘਦੇ-ਪਲੰਘਦੇ ਲੋਕਾਂ ਨੂੰ ਵੇਖ ਸਕੀਏ।
ਸਾਡੇ ਫਲੈਟ ਦੇ ਐਨ ਸਾਹਮਣੇ ਕਿਸ਼ੋਰ ਦਾ ਘਰ ਸੀ। ਪੁਰਤਗਾਲੀ ਤੇ ਗੁਜਰਾਤੀ ਨਸਲਾਂ ਦੇ ਮੇਲ ‘ਚੋਂ ਪੈਦਾ ਹੋਇਆ ਤੇ ਵਿਗਸਿਆ, ਪਿਆਨੋ ਦੀ ਕਾਰੀਗਰੀ ਵਿਚ ਪ੍ਰਬੀਨ ਸਾਰੀ ਮੁੰਬਈ ਵਿਚ ਉਹ ਇਕ ਮਾਤਰ ਘਰਾਣਾ ਸੀ, ਤੇ ਕਿਸ਼ੋਰ ਮਿਸਤਰੀ (ਮਿਸਤਰੀ ਗੋਤ ਹੈ) ਇਸ ਘਰਾਣੇ ਦਾ ਸਿਰਕੱਢ ਕਾਰੀਗਰ। ਬਾਈ ਤੇਈ ਸਾਲਾਂ ਦਾ ਨੱਢਾ, ਗਜ਼ਬ ਦਾ ਸੁਹਣਾ, ਚੌੜੀ ਛਾਤੀ, ਸੁਹਣੇ ਨੈਣ-ਨਕਸ਼ ਤੇ ਸੁਡੌਲ ਬਦਨ, ਦਸਤੀ ਕੰਮ ਨਾਲ ਕਮਾਈਆਂ ਹੋਈਆਂ ਉਸ ਦੀਆਂ ਬਾਹਵਾਂ ਦੀ ਬਣਾਵਟ ਵੇਖਦਿਆਂ ਹੀ ਬਣਦੀ। æææ
ਲੌਢਾ ਵੇਲਾ ਸੀ। ਇਕੱਲੀ, ਉਦਾਸ ਬਾਲਕੋਨੀ ਵਿਚ ਖੜੋਤੀ ਪਤਾ ਨਹੀਂ ਕਿਹੜੇ ਖਿਆਲਾਂ ਵਿਚ ਗੁਆਚੀ ਹੋਈ ਸਾਂ ਪਰ ਨਜ਼ਰ ਮੇਰੀ ਕਿਸ਼ੋਰ ਉਤੇ ਸੀ। ਰੰਦਾ ਮਾਰਦੇ ਉਸ ਦੇ ਡੌਲਿਆਂ ਦੀਆਂ ਉਭਰਦੀਆਂ ਤੇ ਡੁੱਬਦੀਆਂ ਮੱਛੀਆਂ ਦੀ ਖੇਡ ਵਿਚ ਲੀਨæææਮੇਰੇ ਅੰਦਰ ਦੇ ਦੀਪੋ ਦੀ ਮਾਸੂਮ ਜਿਹੀ ਭਾਵਨਾ!
ਪਤਾ ਹੀ ਨਾ ਲੱਗਾ ਕਦੋਂ ਜੀਤ ਮੇਰੇ ਮਗਰ ਆ ਖਲੋਤਾ, ਮੇਰੀ ਨੀਝ ਨੂੰ ਘੋਖਦਾ।
ਕਿਸ਼ੋਰ ਮੇਰੀ ਤੱਕਣੀ ਤੋਂ ਬੇਖਬਰ ਸੀ ਤੇ ਮੈਂ ਜੀਤ ਦੀ ਤੋਂ। ਅਚਾਨਕ ਪਿੱਛੇ ਪਰਤ ਕੇ ਜੁ ਵੇਖਿਆ ਤਾਂ ਜੀਤ ਦੇ ਚਿਹਰੇ ਦੀ ਕਾਲੀ ਕਰੂਰ ਰੰਗਤ ਤੋਂ ਸਹਿਮ ਗਈ।
ਕੁਝ ਦਿਨਾਂ ਮਗਰੋਂ ਹਰ ਸਾਲ ਵਾਂਗ ਬੱਚਿਆਂ ਸਮੇਤ ਦੀਵਾਲੀ ਦੀਆਂ ਤਿੰਨ ਹਫਤਿਆਂ ਦੀਆਂ ਛੁੱਟੀਆਂ ਪੇਕੇ ਦਿੱਲੀ ਗੁਜ਼ਾਰ ਕੇ ਜਦੋਂ ਵਾਪਸ ਘਰ ਪਰਤੀ, ਤਾਂ ਬਾਲਕੋਨੀ ਵਿਚ ਕੇਵਲ ਲੋਹੇ ਦੀ ਭਾਰੀ ਗਰਿਲ ਹੀ ਨਹੀਂ ਸੀ ਲੱਗੀ ਹੋਈ, ਸਗੋਂ ਸਾਗਵਾਨ ਦੀਆਂ ਖਿੜਕੀਆਂ ਦੇ ਬੰਦ ਪੱਲੇ ਵੀ ਸਨ; ਨਾ ਜਾਲੀ ਤੇ ਨਾ ਕੱਚ ਨਾਲ ਬੀੜੇ, ਸਗੋਂ ਨਿਰੋਲ ਲੱਕੜੀ ਦੇæææ!
ਗਾਰਗੀ ਦੀ Ḕਪੱਤਣ ਦੀ ਬੇੜੀ’ ਮੈਨੂੰ ਕੀਕੂੰ ਵਿਸਰਦੀ?
ਮੇਰੀ ਸਮੁੱਚੀ ਵਿਆਹੁਤਾ ਜ਼ਿੰਦਗੀ ਧਾਗੇ ਨਾਲ ਲਟਕੀ ਤਲਵਾਰ ਵਰਗੀ ਸੀ। ਅਸੁਰੱਖਿਆ ਦੀ ਭਾਵਨਾ ਹਮੇਸ਼ਾ ਬਣੀ ਰਹਿੰਦੀ। ਚੰਗੇ ਪਲਾਂ ਵਿਚ ਵੀ ਧੁੜਕੂ ਜਿਹਾ ਲੱਗਾ ਰਹਿੰਦਾ ਕਿ ਜੇ ਜੀਤ ਨੂੰ ਫੇਰ ਘਰ ਛੱਡਣ ਦਾ ਦੌਰਾ ਪੈ ਗਿਆ ਤਾਂ? ਕੀਕੂੰ ਕਰਾਂਗੀ ਬੱਚਿਆਂ ਦੀ ਪਰਵਰਿਸ਼?
ਚਾਲੀਆਂ ਵਿਚ ਪ੍ਰਵੇਸ਼ ਕਰ ਚੁੱਕੀ ਸਾਂ ਤੇ ਇਕ ਪੈਸਾ ਵੀ ਕਮਾ ਸਕਣ ਦਾ ਸਵੈ-ਵਿਸ਼ਵਾਸ ਮੇਰੇ ਵਿਚ ਨਹੀਂ ਸੀ।
ਇਧਰ ਜੀਤ ਦੇ ਸੈਰ-ਸਪਾਟੇ ਵਧ ਰਹੇ ਸਨ। ਕਦੇ ਸ੍ਰੀਨਗਰ ਦੀ ਸੈਰ ਨੂੰ ਘਰੋਂ ਨਿਕਲਿਆ ਉਹ ਕੰਨਿਆ ਕੁਮਾਰੀ ਤੋਂ ਆਣ ਪਰਤਦਾ ਤੇ ਕਦੇ ਨੇਪਾਲ ਲਈ ਕਹਿ ਕੇ ਗਿਆ, ਹਾਂਗਕਾਂਗ ਤੋਂ।
ਦਸੰਬਰ, ਉਨੀ ਸੌ ਉਨਾਸੀ ਦੀ ਗੱਲ ਹੈ। ਜੀਤ ਸਿੰਘਾਪੁਰ ਗਿਆ ਹੋਇਆ ਸੀ। ਸਾਂਤਾਕੂਰਜ਼ ਬਾਜ਼ਾਰ ਵਿਚੋਂ ਸਬਜ਼ੀ-ਭਾਜੀ ਖਰੀਦਦਿਆਂ ਮੇਰਾ ਟਾਕਰਾ ਰਮਾ ਕੰਚਨ ਨਾਲ ਹੋ ਗਿਆ।
ਰਮਾ ਦਾ ਪਤੀ ਟਾਟਾ ਕੰਪਨੀ ਵਿਚ ਕਲਰਕ ਸੀ ਤੇ ਸ਼ਾਮ ਨੂੰ ਘਰ ਵਿਚ ਸ਼ੌਕੀਆ ਹੋਮਿਉਪੈਥੀ ਦੀ ਚਕਿਤਸਾ ਵੀ ਕਰਦਾ ਹੁੰਦਾ ਸੀ। ਇਕ ਸਾਲ ਪਹਿਲਾਂ ਉਹ ਅਚਾਨਕ ਦਿਲ ਦੇ ਦੌਰੇ ਨਾਲ ਸੁਰਗਵਾਸ ਹੋ ਗਿਆ ਸੀ। ਪੈਂਤੀ ਕੁ ਸਾਲਾਂ ਦੀ ਉਮਰ ਦੀ, ਮਿਡਲ ਪਾਸ ਤੇ ਦੋ ਬੱਚਿਆਂ ਦੀ ਮਾਂ ਰਮਾ ਪੁਰਾਣੀ ਜਿਹੀ ਚਾਲ ਦੇ ਇਕ ਕਮਰੇ ਵਿਚ ਰਹਿੰਦੀ ਸੀ। ਉਸ ਕੋਲ ਨਾ ਤੇ ਕੋਈ ਪੈਸਾ-ਧੇਲਾ ਹੀ ਸੀ ਤੇ ਨਾ ਹੀ ਕੋਈ ਕਮਾਈ ਦਾ ਸਾਧਨ। ਅਸਾਂ ਲੋਕਾਂ ਨੇ ਰਲ-ਮਿਲ ਕੇ ਉਸ ਨੂੰ ਇਕ ਲੱਖ ਰੁਪਇਆ ਇਕੱਠਾ ਕਰ ਕੇ ਦਿੱਤਾ ਸੀ ਜਿਸ ਦੇ ਵਿਆਜ ਨਾਲ ਉਸ ਰੋਟੀ ਚਲਾਉਣੀ ਸੀ।
ਅੱਜ ਇਕ ਸਾਲ ਮਗਰੋਂ ਦੀ ਰਮਾ ਨੂੰ ਵੇਖ ਕੇ ਮੈਂ ਦੰਗ ਰਹਿ ਗਈ। ਸੋਹਣੀ, ਬਣੀ ਸੰਵਰੀ, ਖਿੜੀ ਤੇ ਸਵੈ-ਵਿਸ਼ਵਾਸ ਨਾਲ ਭਰਪੂਰ! ਉਹਨੇ ਦੱਸਿਆ ਕਿ ਬਿਊਟੀਸ਼ਨ ਦਾ ਕੋਰਸ ਕਰ ਕੇ ਘਰ ਦੀ ਬਾਲਕੋਨੀ ਵਿਚ ਬਿਊਟੀ ਪਾਰਲਰ ਖੋਲ੍ਹ ਲਿਆ ਸੀ ਤੇ ਹੁਣ ਵਾਹਵਾ ਕਮਾ ਰਹੀ ਸੀ।
“ਮੈਂ ਵੀ ਇਹ ਕੰਮ ਸਿੱਖ ਸਕਦੀ ਹਾਂ?” ਮੈਂ ਕਦੇ ਕਿਸੇ ਬਿਊਟੀ ਪਾਰਲਰ ਵਿਚ ਨਹੀਂ ਸਾਂ ਵੜੀ।
“ਕਿਉਂ ਨਹੀਂ ਦੀਦੀ, ਤੁਸੀਂ ਤਾਂ ਇੰਨੇ ਪੜ੍ਹੇ-ਲਿਖੇ ਹੋ, ਯੋਗ ਸਾਧਨ ਵਿਚ ਪ੍ਰਬੀਨ ਹੋ। ਇੰਨੀ ਸੋਹਣੀ ਅੰਗਰੇਜ਼ੀ ਬੋਲ ਲੈਂਦੇ ਹੋ। ਤੁਸੀਂ ਤਾਂ ਮੈਥੋਂ ਵਧੀਆ ਚਲਾਵੋਗੇ। ਸ਼ੁਰੂ ਤਾਂ ਕਰੋ, ਮੈਂ ਵੀ ਤੁਹਾਡੀ ਪੂਰੀ ਮਦਦ ਕਰਾਂਗੀ।”
ਰਮਾ ਦੇ ਉਤਸ਼ਾਹ ਸਦਕੇ ਦੂਜੇ ਦਿਨ ਹੀ ਮੈਂ ਸਾਂਤਾਕਰੂਜ਼ ਦੇ ਮਾਡਰਨ ਬਿਊਟੀ ਸੈਂਟਰ ਵਿਚ ਟ੍ਰੇਨਿੰਗ ਲਈ ਭਰਤੀ ਹੋ ਗਈ। ਦੋ ਤਿੰਨ ਮਹੀਨਿਆਂ ਵਿਚ ਹੀ ਪਹਿਲਾਂ ਮੁਫ਼ਤ ਤੇ ਫਿਰ ਬਹੁਤ ਘੱਟ ਕੀਮਤ ‘ਤੇ ਆਂਢਣਾਂ-ਗੁਆਂਢਣਾਂ ਨੂੰ ਆਪਣੀ ਸੇਵਾ ਦੇਣ ਲੱਗ ਪਈ।
ਮਾਰਚ ਉਨੀ ਸੌ ਅੱਸੀ ਵਿਚ ਤੀਹ ਰੁਪਏ ਕਮਾ ਕੇ ਮੈਂ ਇੰਜ ਮਹਿਸੂਸ ਕੀਤਾ, ਮਾਨੋ ਕਾਰੂੰ ਦਾ ਖਜ਼ਾਨਾ ਮਿਲ ਗਿਆ ਹੋਵੇ! ਮੇਰੀਆਂ ਅੱਖਾਂ ਭਰ ਆਈਆਂ। ਫਿਰ ਤਾਂ ਚਲ ਸੌ ਚਲ।
ਦਸੰਬਰ ਅੱਸੀ ਤਕ ਮੇਰੀ ਮਾਸਿਕ ਕਮਾਈ ਚਾਰ ਹਿੰਦਸੀ ਸੀਮਾ ਪਾਰ ਕਰ ਗਈ। ਮੈਂ ਅਗਲੀ ਬਾਲਕੋਨੀ ਵਿਚ ਬਿਊਟੀ ਪਾਰਲਰ ਦਾ ਜ਼ਰੂਰੀ ਜੁਗਾੜ ਕਰ ਲਿਆ। ਇਹ ਕੰਮ ਜੀਤ ਨੂੰ ਵੀ ਮਾਫ਼ਕ ਸੀ ਕਿਉਂਕਿ ਇਸ ਵਿਚ ਮੇਰਾ ਕੇਵਲ ਤੇ ਕੇਵਲ ਇਸਤਰੀਆਂ ਨਾਲ ਹੀ ਵਾਹ ਪੈਣਾ ਸੀ।
ਜਿਉਂ-ਜਿਉਂ ਕਮਾਈ ਵਧਦੀ ਗਈ, ਮੇਰਾ ਆਤਮ-ਵਿਸ਼ਵਾਸ ਪੁਨਰ ਸਥਾਪਿਤ ਹੁੰਦਾ ਗਿਆæææ।
ਮੈਂ ਤੇ ਸੋਚਿਆ ਸੀ ਕਿ ਮੇਰੇ ਆਪਣੇ ਪੈਰਾਂ ਉਤੇ ਖੜੋਣ ਨਾਲ ਮੇਰੀ ਸ਼ਾਦੀ ਦੀ ਗੱਡੀ ਮੁੜ ਸਹੀ ਪਟੜੀ ਉਤੇ ਆ ਜਾਵੇਗੀ, ਪਰ ਉਹ ਤਾਂ ਹੋਰ ਵੀ ਡਿਗੂੰ-ਡਿਗੂੰ ਕਰਨ ਲੱਗੀ। ਮੇਰੇ ਰੁਝੇਵੇਂ ਦੇ ਬਹਾਨੇ ਜੀਤ ਹੋਰ ਵੀ ਘਰੋਂ ਬਾਹਰ ਰਹਿਣ ਲੱਗ ਪਿਆ।
ਬਿਊਟੀ ਪਾਰਲਰ ਦੇ ਨਾਲ-ਨਾਲ ਟਰੇਨਿੰਗ ਸੈਂਟਰ ਵੀ ਖੋਲ੍ਹ ਲਿਆ। ਹੁਣ ਤਾਂ ਪੈਸਿਆਂ ਦੀ ਬਰਸਾਤ ਹੀ ਹੋਣ ਲੱਗੀ। ਜਿੰਨਾ ਚਾਹਵਾਂ ਕਮਾ ਸਕਦੀ ਸਾਂ। ਸਿਰ ਸੁੱਟੀ ਲੱਗੀ ਹੀ ਰਹਿੰਦੀ। ਦੋ ਤਿੰਨ ਸਾਲਾਂ ਵਿਚ ਮੇਰੇ ਉਤੇ ਡਾਢੀ ਥਕਾਵਟ ਹਾਵੀ ਹੋਣ ਲੱਗੀ। ਮੈਨੂੰ ਲੱਗਦਾ ਕਿ ਮੈਂ ਬਸ ਪੈਸੇ ਕਮਾਉਣ ਦੀ ਮਸ਼ੀਨ ਬਣ ਗਈ ਹਾਂ। ਸਾਹਿਤ ਨਾ ਪੜ੍ਹ ਸਕਣ ਕਾਰਨ ਘੁਟਣ ਹੋਰ ਵਧਦੀ ਗਈ। ਆਖ਼ਰ ਕੰਮ ਸੀਮਿਤ ਕਰਨ ਦਾ ਫੈਸਲਾ ਕਰ ਲਿਆ। ਪਾਰਲਰ ਸਵੇਰੇ ਅਤੇ ਟ੍ਰੇਨਿੰਗ ਦਾ ਸਮਾਂ ਸ਼ਾਮ ਨੂੰ ਮੁਕੱਰਰ ਕਰ ਕੇ ਦੁਪਹਿਰ ਦਾ ਇਕ ਤੋਂ ਪੰਜ ਵਜੇ ਦਾ ਵਕਤ ਮੈਂ ਆਪਣੇ ਆਰਾਮ ਅਤੇ ਪੜ੍ਹਨ ਮਨਨ ਲਈ ਰੱਖ ਲਿਆ।
1984 ਦੇ ਲਗਭਗ, ਇਕ ਵੇਰਾਂ ਮੈਂ ਖਾਲਸਾ ਕਾਲਜ ਚਲੀ ਗਈ ਤੇ ਉਥੋਂ ਦੇ ਪ੍ਰਿੰਸੀਪਲ, ਸਾਹਿਤਕਾਰ ਕੇæ ਜਗਜੀਤ ਸਿੰਘ ਨੂੰ ਮਿਲ ਕੇ ਕਾਲਜ ਦੀ ਲਾਇਬਰੇਰੀ ਵਿਚੋਂ ਇਕੋ ਵੇਰਾਂ ਮਹੀਨੇ ਭਰ ਲਈ ਮਨਮਰਜ਼ੀ ਦੀਆਂ ਦਸ ਬਾਰਾਂ ਕਿਤਾਬਾਂ ਕਢਵਾਉਣ ਦਾ ਜੁਗਾੜ ਬਣਾ ਲਿਆ।
ਲਾਇਬ੍ਰੇਰੀ ਦੇ ਪੰਜਾਬੀ ਵਿਭਾਗ ਵਿਚ ਇਕੋ ਥਾਂ ਤੇ ਇਕੋ ਵੇਰਾਂ ਬੇਸ਼ੁਮਾਰ ਪੰਜਾਬੀ ਦੀਆਂ ਪੁਸਤਕਾਂ, ਪਰ ਲੱਪ-ਲੱਪ ਧੂੜ ਲੱਦੀਆਂ। ਕੋਈ ਵਿਰਲਾ ਹੀ ਵੜਦਾ ਸੀ ਇਸ ਪਾਸੇ। ਉਦੋਂ ਹੀ ਮੇਰੇ ਹੱਥ ਵਿਚ ਗਾਰਗੀ ਦੀ Ḕਨੰਗੀ ਧੁੱਪ’ ਆਈ।
ਇਸ ਬੀਤੇ ਅਰਸੇ ਦੌਰਾਨ ਗਾਰਗੀ ਦਾ ਵਿਆਹ ਹੋ ਗਿਆ ਸੀ, ਬੱਚੇ ਵੀ ਤੇ ਤਲਾਕ ਵੀ; ਇਹ ਮੈਨੂੰ Ḕਨੰਗੀ ਧੁੱਪ’ ਪੜ੍ਹਨ ਤੋਂ ਹੀ ਪਤਾ ਲੱਗਾ।
ਮੈਨੂੰ ਜਾਪਿਆ ਕਿ ਗਾਰਗੀ ਨੇ ਆਪਣੀ ਸਵੈ-ਜੀਵਨੀ ਵਿਚ ਆਪਣੀਆਂ ਕਮਜ਼ੋਰੀਆਂ ਦਾ ਇਕਬਾਲ ਕਰ ਕੇ ਆਪਣੀ ਪਤਨੀ ਜੀਨੀ ਨਾਲ ਪੂਰਾ ਨਿਆਂ ਕੀਤਾ ਹੈ।
ਲੰਮੇ ਸਮੇਂ ਮਗਰੋਂ ਪੰਜਾਬੀ ਦੀ ਇੰਨੀ ਅਨੂਠੀ ਪੁਸਤਕ ਪੜ੍ਹਨ ਨੂੰ ਮਿਲੀ ਤੇ ਉਹ ਵੀ ਗਾਰਗੀ ਦੀ।æææਚੰਦ ਸਾਲਾਂ ਮਗਰੋਂ (1986-87) ਮੁਹਾਲੀ ਵਿਚ ਆ ਵੱਸਣ ਮਗਰੋਂ ਸਾਹਿਤਕ ਖੇਤਰ ਵਿਚ ਪੈਰ ਪਾਉਣ ਉਤੇ ਮੈਨੂੰ Ḕਨੰਗੀ ਧੁੱਪ’ ਬਾਰੇ ਸਾਹਿਤਕਾਰਾਂ ਦੀ ਆਲੋਚਨਾ ਸੁਣਨ ਨੂੰ ਮਿਲੀ। ਬਹੁਤਿਆਂ ਦਾ ਕਹਿਣਾ ਸੀ ਕਿ ਗਾਰਗੀ ਨੇ ਉਸ Ḕਦੂਜੀ ਔਰਤ’ ਨਾਲ ਬੇਇਨਸਾਫੀ ਕੀਤੀ ਹੈ। ਉਸ ਨੂੰ ਕਿਧਰੇ ਮੂੰਹ ਦੇਣ ਜੋਗਾ ਨਹੀਂ ਛੋੜਿਆ, ਆਦਿ; ਪਰ ਮੈਨੂੰ ਇਹ ਸਭ ਵਕਤੀ ਤੇ ਇਕਪਾਸੜ ਪ੍ਰਤੀਕਰਮ ਜਾਪਦੇ। ਇਹ ਸੱਚ ਉਨ੍ਹਾਂ ਦਾ ਹੈ ਜੋ ਉਸ ਦੂਜੀ ਔਰਤ ਨੂੰ ਜਾਣਦੇ ਹਨ। ਇਕ ਖਾਸ ਸਮੇਂ ਤੇ ਸਥਾਨ ਦੀ ਸੀਮਾ ਵਿਚ ਰੱਖ ਕੇ ਸਾਹਿਤ ਦਾ ਮੁਲੰਕਣ ਕਰਨਾ ਕਿਤਨਾ ਕੁ ਵਾਜਬ ਹੈ?
ਕੀ Ḕਨੰਗੀ ਧੁੱਪ’ ਦਾ ਧਰਾਤਲ ਕੇਵਲ ਚੰਡੀਗੜ੍ਹ ਤਕ ਹੀ ਸੀਮਿਤ ਹੈ?æææਮੈਂ ਸੋਚਦੀ।
ਗੱਲ ਕਿਸੇ ਇਕ ਜੀਨੀ ਤੇ ਕਿਸੇ ਦੂਜੀ ਔਰਤ ਦੀ ਨਹੀਂ, ਗੱਲ ਇਨਸਾਨੀ ਰਿਸ਼ਤਿਆਂ ਦੀ ਹੈ, ਮਾਨਵੀ ਮਨੋ-ਦਵੰਦਾਂ ਦੀ। ਵਕਤ ਲੰਘ ਜਾਏਗਾ। ਨਾ ਗਾਰਗੀ ਦਾ ਭੌਤਕ ਸਰੀਰ ਰਿਹਾ ਹੈ, ਨਾ ਜੀਨੀ ਦਾ ਰਹਿਣਾ ਤੇ ਨਾ ਹੀ ਉਸ ਦੂਜੀ ਔਰਤ ਦਾ; ਪਰ ਧੁੱਪ ਇੱਦਾਂ ਹੀ ਨੰਗੀ ਰਹੇਗੀ, ਤੇ ਹਰ ਪਾਠਕ ਉਸ ਨਾਲ ਆਪਣੇ ਸੱਚ ਨੂੰ ਆਤਮਸਾਤ ਕਰਦਾ ਰਹੇਗਾ।
ਇਹ ਦੂਜੀ ਔਰਤ ਕੌਣ ਹੈ?
ਮੈਂ ਲੋਕਾਂ ਤੋਂ ਉਸ ਬਾਰੇ ਸੁਣ ਕੇ ਉਤਸੁਕ ਹੁੰਦੀ ਰਹੀ ਪਰ ਵੇਖਣ, ਮਿਲਣ ਦਾ ਇਤਫਾਕ ਕਦੇ ਨਾ ਹੋਇਆ।
ਜੂਨ ਇਕਾਨਵੇਂ ਦੀ ਸ਼ਾਮ ਪੰਜਾਬ ਸਾਹਿਤ ਅਕਾਦਮੀ ਵਲੋਂ ਕਲਾ ਭਵਨ, ਚੰਡੀਗੜ੍ਹ ਵਿਖੇ ਜੁੜੀ ਸਾਹਿਤਕ ਮਿਲਣੀ ਵਿਚ ਮੈਂ ਯਾਦ ਚਿੱਤਰ ਪੜ੍ਹ ਰਹੀ ਸਾਂ-‘ਸਿਰਜਣਾ ਦੀ ਸਾਂਝ ਸਾਹਿਰ’ ਅੱਧ ਵਿਚਾਲੇ ਹੀ ਕਿਤੇ ਚਿੱਟੇ ਲਿਬਾਸ ਵਿਚ, ਥੁਲਕ-ਥੁਲਕ ਭਰਵੀਂ ਤੇ ਸੁਨੱਖੀ ਇਸਤਰੀ ਦਾਖ਼ਲ ਹੋਈ ਤੇ ਬੜੇ ਧਿਆਨ ਨਾਲ ਮੈਨੂੰ ਸੁਣਦੀ ਰਹੀ। ਲੇਖ-ਪਾਠ ਦੇ ਖ਼ਤਮ ਹੁੰਦਿਆਂ ਹੀ ਉਸ ਉਠ ਕੇ ਮੇਰੇ ਦੋਵੇਂ ਹੱਥ ਨਿੱਘ ਨਾਲ ਘੁੱਟਦਿਆਂ ਮੈਨੂੰ ਵਧਾਈ ਦਿੱਤੀ, ਤੇ ਬੋਲੀ, Ḕਬਹੁਤ ਖੂਬ! ਮੈਨੂੰ ਅਫ਼ਸੋਸ ਹੈ ਕਿ ਮੈਂ ਇਹ ਲੇਖ ਮੁੱਢ ਤੋਂ ਨਹੀਂ ਸੁਣ ਸਕੀ।’
ਸਭਾ ਬਰਖਾਸਤ ਹੋਣ ‘ਤੇ ਹੌਲੀ-ਹੌਲੀ ਸਭ ਬਿਖਰਨ ਲੱਗੇ। ਮੇਰੇ ਨਾਲ ਦੀ ਕੁਰਸੀ ਉਤੇ ਇਕ ਨਾਟਕਕਾਰ ਬੈਠਾ ਸੀ। ਯਾਦ ਨਹੀਂ ਕਿਵੇਂ ਉਸ ਨਾਲ ਚੰਡੀਗੜ੍ਹ ਦੇ ਨਾਟਕ ਇਤਿਹਾਸ ਬਾਰੇ ਗੱਲ ਕਰਦਿਆਂ ਬਲਵੰਤ ਗਾਰਗੀ ਦਾ ਤੇ ਫਿਰ Ḕਨੰਗੀ ਧੁੱਪ’ ਦਾ ਜ਼ਿਕਰ ਚੱਲ ਪਿਆ ਤੇ ਮੇਰੇ ਮੂੰਹੋਂ ਨਿਕਲਿਆ: “ਉਹ ਦੂਜੀ ਔਰਤ ਕੌਣ ਹੈ, ਮੈਂ ਨਹੀਂ ਜਾਣਦੀ ਪਰ ਮੈਂ ਚੰਡੀਗੜ੍ਹ ਦੇ ਲੋਕਾਂ ਨਾਲ ਸਹਿਮਤ ਨਹੀਂ ਹਾਂ। ਜੇ Ḕਨੰਗੀ ਧੁੱਪ’ ਨੂੰ ਸਮੇਂ ਤੇ ਸਥਾਨ ਤੋਂ ਉਪਰ ਕਰ ਕੇ ਵੇਖਿਆ ਜਾਵੇ ਤਾਂ ਇਸ ਵਿਚ ਨਿਆਂ-ਅਨਿਆਂ ਵਾਲੀ ਕਿਹੜੀ ਗੱਲ ਰਹਿ ਜਾਂਦੀ ਹੈ?”
“ਕਮਾਲ ਹੈ, ਉਹੀ ਤਾਂ ਹੁਣੇ-ਹੁਣੇ ਤੁਹਾਨੂੰ ਵਧਾਈ ਦੇ ਕੇ ਗਈ ਹੈ।” ਨਾਟਕਕਾਰ ਦੇ ਸ਼ਬਦ ਸਨ।æææਮੈਂ ਅਵਾਕ ਰਹਿ ਗਈ।
ਨਵੰਬਰ ਅਠਾਸੀ ਵਿਚ ਜਦੋਂ ਮੈਂ ਰੂਸ ਦੀ ਯਾਤਰਾ ਤੋਂ ਪਰਤੀ ਤਾਂ ਦਿੱਲੀ ਵਿਚ ਦੋ ਕੁ ਦਿਨ ਠਹਿਰਨਾ ਪਿਆ। ਇਸ ਦੌਰਾਨ ਬਲਵੰਤ ਗਾਰਗੀ ਦਾ ਨੰਬਰ ਘੁਮਾਇਆ ਪਰ Ḕਹੈਨਾ’ ਦਾ ਕੋਈ ਹਵਾਲਾ ਨਾ ਦਿੱਤਾ। ਬੱਸ, ਉਤਸੁਕ ਸਾਂ ਕਿ ਗਾਰਗੀ ਮੈਨੂੰ ਪਛਾਣਦਾ ਵੀ ਹੈ ਕਿ ਨਹੀਂ।
ਛੱਬੀ ਸਾਲ ਤੇ ਦਸ ਮਹੀਨਿਆਂ ਬਾਅਦ ਅਤੀਤ ਵਿਚ ਗੁਆਚੀ ਨੇ ਮੁੜ ਮਿਥੇ ਸਮੇਂ ਉਤੇ ਬੈਲ ਦਿੱਤੀ। ਠੀਕ ਸਾਢੇ ਗਿਆਰਾਂ ਵਜੇ।
ਉਹੀ ਘਰæææਉਹੀ ਤਰਤੀਬæææਤੇ ਉਹੀ ਗਾਰਗੀ, ਚੁਸਤ ਲਿਬਾਸ ਵਿਚ।
ਅਸਾਂ ਭਾਰਤੀਆਂ ਵਿਚ ਇਕ ਕਮਾਲ ਦੀ ਸਿਫ਼ਤ ਹੈ। ਅਸੀਂ ਮਹੀਨਿਆਂ ਬੱਧੀ, ਸਾਲਾਂ ਬੱਧੀ, ਉਮਰਾਂ ਬੱਧੀ ਉਂਜ ਦੇ ਉਂਜ ਹੀ ਰਹਿੰਦੇ, ਜਿਉਂਦੇ ਹਾਂ। ਸਾਡਾ ਚਿੰਤਨ ਖੰਡਾਂ, ਬ੍ਰਹਿਮੰਡਾਂ ਤੇ ਪੁਲਾੜਾਂ ਨੂੰ ਗਾਹ ਲੈਂਦਾ ਹੈ, ਅਸੀਂ ਬਠਿੰਡੇ ਦੇ ਇਕ ਪਿੰਡ ਵਿਚੋਂ ਫੈਲ ਕੇ ਸਾਰੀ ਦੁਨੀਆਂ ਵਿਚ ਛਾ ਜਾਂਦੇ ਹਾਂ, ਕਿੰਨਾ ਪਾਣੀ ਲੰਘ ਜਾਂਦਾ ਹੈ, ਕਿੰਨੇ ਮਿੱਤਰ ਮਿਲ ਕੇ ਵਿਛੜ ਜਾਂਦੇ ਹਨ, ਕਿਤਨੇ ਜੰਮ ਕੇ ਮਰ ਖਪ ਜਾਂਦੇ ਹਨ, ਪਰ ਪੂਰਾਂ ਦੇ ਪੂਰ ਲੰਘਾ ਕੇ ਵੀ ਸਾਡੇ ਘਰਾਂ ਵਿਚ ਮੇਜ਼ ਉਥੇ ਹੀ ਰਹਿੰਦਾ ਹੈ, ਦੀਵਾਨ ਵੀ ਉਥੇ ਹੀ, ਸ਼ੈਲਫ ਵੀ ਉਥੇ ਹੀ ਤੇ ਉਸ ਵਿਚ ਪਈਆਂ ਕਿਤਾਬਾਂ ਦੀ ਤਰਤੀਬ ਵੀ ਉਂਜ ਦੀ ਉਂਜ। ਰਤਾ ਕੁ ਕੁਝ ਇਧਰੋਂ-ਉਧਰ ਹੋਇਆ ਨਹੀਂ ਕਿ ਅਸੀਂ ਉਖੜੇ ਨਹੀਂ।
ਕਿੰਨੇ ਵੀ ਇਨਕਲਾਬੀ ਕਿਉਂ ਨਾ ਹੋ ਜਾਈਏ, ਪਰ ਅੰਦਰੋਂ ਅਸੀਂ ਪਰੰਪਰਾਵਾਦੀ ਹਾਂ, ਇਕ ਖਾਸ ਢੰਗ ਨਾਲ ਜਿਉਣ ਤੇ ਜਿਉਂਦੇ ਰਹਿਣ ਦੇ ਆਦੀ।
ਮੈਨੂੰ ਲੱਗਿਆ ਜਿਵੇਂ ਮੈਂ ਕੱਲ੍ਹ ਹੀ ਗਾਰਗੀ ਦੇ ਘਰ ਆਈ ਸਾਂ ਤੇ ਉਸ ਤੋਂ ਬਾਅਦ ਅੱਜ।
ਟਾਈਪਰਾਈਟਰ ਦੀ ਟਿਕ-ਟਿਕ ਚਾਲੂ ਸੀ। ਬੰਦ ਗਲੇ ਵਾਲੀ ਲਾਲ ਨੀਲੀ ਚਾਰਖਾਨੀ ਕਮੀਜ਼ ਅਤੇ ਜੀਨ ਵਿਚ ਸਜਿਆ ਬੈਠਾ ਗਾਰਗੀ ਕਿਸੇ ਨੂੰ ਡਿਕਟੇਸ਼ਨ ਦੇ ਰਿਹਾ ਸੀ, ਦੋਵੇਂ ਹੱਥ ਜੋੜੀ, ਅੱਖਾਂ ਮੀਟੀ, ਇਕਾਗਰ ਚਿੱਤ, ਉਵੇਂ ਹੀ ਜਿਵੇਂ ਮੇਰੀ ਨਜ਼ਮ Ḕਲੋਹਿਓਂ ਪਾਰਸ’ ਨੂੰ ਸੁਣਨ ਵੇਲੇ ਸੀ।
ਚੌੜੇ ਹੱਡਾਂ ਵਾਲੀ, ਤਾਂਬੇ ਰੰਗੀ ਉਚੀ ਲੰਮੀ, ਤੱਖਰ ਜਿਹੀ ਅੱਧਖੜ ਇਸਤਰੀ ਵੀ ਸੀ ਜਿਸ ਦੇ ਚਿਹਰੇ ਉਪਰ ਕੁਝ ਨਿਸ਼ਾਨ ਸਨ।
“ਬੱਸ ਪੰਜ ਮਿੰਟ ਕਾਨਾ ਸਿੰਘ”, ਗਾਰਗੀ ਨੇ ਮੈਨੂੰ ਖੱਬੇ ਹੱਥ ਵੱਲ ਵਿਛੇ ਕਾਲੀਨ ਉਤੇ ਬੈਠਣ ਲਈ ਇਸ਼ਾਰਾ ਕਰਦਿਆਂ ਕਿਹਾ।
Ḕਸਭ ਕੁਝ ਉਹੀ ਹੈ, ਇਕ ਸੰਤੋਖ ਤੋਂ ਬਿਨਾ।’æææਬਿੰਦ ਕੁ ਮਗਰੋਂ ਗਾਰਗੀ ਦੇ ਮੇਰੇ ਵੱਲ ਮੁਸਕਰਾ ਕੇ ਵੇਖਣ ਉਤੇ ਮੈਥੋਂ ਕਹਿ ਹੋ ਗਿਆ। ਉਸ ਦੀ ਮੁਸਕਰਾਹਟ ਫੈਲ ਗਈ ਪਰ ਮੇਰੇ ਇੰਜ ਕਹਿਣ ਨਾਲ ਜਾਂ ਰੱਬ ਜਾਣੇ ਪਹਿਲਾਂ ਤੋਂ ਹੀ ਕਿਸੇ ਗੱਲੋਂ ਔਖੀ ਹੋਣ ਕਾਰਨ ਉਸ ਤੀਵੀਂ ਦਾ ਚਿਹਰਾ ਮੈਨੂੰ ਤਮਤਮਾਇਆ ਜਿਹਾ ਜਾਪਿਆ।
ਫੋਨ ਵੱਜਿਆ। ਮੁੰਬਈ ਤੋਂ ਕਾਲ ਆਈ ਤੇ ਫਿਰ ਇਕ ਹੋਰ ਤੇ ਹੋਰ ਕਾਲ।
ਗਾਰਗੀ ਕੁਝ ਭਾਜੜ ਜਿਹੀ ‘ਚ ਲੱਗਾ। ਉਸ ਨੂੰ ਕੁਝ ਲੱਭ ਨਹੀਂ ਸੀ ਰਿਹਾ, ਕੋਈ ਕਿਤਾਬ, ਕੋਈ ਫਾਈਲ ਜਾਂ ਕੋਈ ਜ਼ਰੂਰੀ ਲਿਖਤ; ਉਸ ਨੇ ਉਸ ਇਸਤਰੀ ਨੂੰ ਲੱਭਣ ਵਿਚ ਮਦਦ ਕਰਨ ਲਈ ਬੇਨਤੀ ਕੀਤੀ, ਪਰ ਉਹ ਔਖੀ ਜਿਹੀ ਸੀ ਤੇ ਉਸ ਦੀ ਗੱਲ ਦਾ ਹੁੰਗਾਰਾ ਨਹੀਂ ਸੀ ਭਰ ਰਹੀ। ਗਾਰਗੀ ਦੀ ਸੁਰ ਧੀਮੀ ਸੀ। ਮੱਧਮ, ਸ਼ਾਂਤ ਪਰ ਕੁਝ ਸ਼ਰਮਿੰਦਾ ਸ਼ਰਮਿੰਦਾ।
“ਮਾਫ਼ ਕਰਨਾ ਕਾਨਾ, ਕੁਝ ਮਿੰਟ ਹੋਰ।” ਗਾਰਗੀ ਨੇ ਮੈਨੂੰ ਹੋਰ ਉਡੀਕਣ ਲਈ ਕਿਹਾ।
ਉਹ ਇਸਤਰੀ ਮੇਰੇ ਕੋਲ ਆ ਕੇ ਬਹਿ ਗਈ। ਮੈਨੂੰ ਸਾਥ ਦੇਣ ਲਈ ਜਾਂ ਘਰ ਦੀ ਗ੍ਰਹਿਣੀ ਵਾਂਗ ਆਪਣੀ ਹੋਂਦ ਜਤਾਉਣ ਲਈ। ਉਸ ਆਪਣਾ ਨਾਂ ਦੱਸਿਆ ਜੋ ਹੁਣ ਮੈਨੂੰ ਯਾਦ ਨਹੀਂ। ਉਸ ਇਹ ਵੀ ਦੱਸਿਆ ਕਿ ਉਹ ਗਾਰਗੀ ਦੇ ਆਉਂਦੇ ਸੀਰੀਅਲ ਵਿਚ ਕੰਮ ਕਰ ਰਹੀ ਸੀ।
ਮੈਂ ਟੀæਵੀæ ਘੱਟ ਵੱਧ ਹੀ ਵੇਖਦੀ ਹਾਂ। ਪਤਾ ਨਹੀਂ ਉਹ ਕਿਹੜਾ ਸੀਰੀਅਲ ਸੀ ਤੇ ਉਸ ਨੇ ਉਸ ਵਿਚ ਕੰਮ ਕੀਤਾ ਵੀ ਸੀ ਜਾਂ ਨਹੀਂ।
ਮੇਰੇ ਨਾਲ ਉਸ ਇਸਤਰੀ ਦਾ ਵਤੀਰਾ ਕੁਝ ਇੰਜ ਦਾ ਸੀ ਜਿਵੇਂ ਰੇਲਗੱਡੀ ਦੇ ਸਾਧਾਰਨ ਡੱਬੇ ਵਿਚ ਆਪਣੀ ਸੀਟ ਉਤੇ ਡਟਿਆ ਕੋਈ ਮੁਸਾਫਰ ਨਾਲ ਦੀ ਖਾਲੀ ਸੀਟ ਉਤੇ ਵੀ ਆਪਣਾ ਹੱਕ ਜਮਾਉਣ ਲਈ ਕਿਸੇ ਨਵੇਂ ਪ੍ਰਵੇਸ਼ ਕਰਦੇ ਯਾਤਰੀ ਨੂੰ ਘੂਰਦਾ ਹੈ।
ਗਾਰਗੀ ਨੇ ਫਿਰ ਕੁਝ ਲੱਭਣ ਵਿਚ ਮਦਦ ਕਰਨ ਲਈ ਉਸ ਨੂੰ ਪੁਰਜ਼ੋਰ ਬੇਨਤੀ ਕੀਤੀ। ਉਹ ਉਠੀ ਤਾਂ ਸਹੀ ਪਰ ਚਿੜ੍ਹੀ ਹੋਈ।
ਇਹ ਦੱਸਣ ਲਈ ਕਿ ਮੈਂ ਇਹ ਸਭ ਨੋਟ ਨਹੀਂ ਕਰ ਰਹੀ, ਮੈਂ ਆਪਣਾ ਧਿਆਨ ਨਾਲ ਲਗਦੇ ਕਿਤਾਬਾਂ ਦੇ ਸ਼ੈਲਫ਼ ਵੱਲ ਮੋੜ ਲਿਆ। ਵਿਚਕਾਰਲੇ ਫੱਟੇ ਉਤੇ ਕਿਤਾਬਾਂ ਦੇ ਅੱਗੇ ਕਰ ਕੇ ਸਾਹਮਣੇ ਹੀ ਕੰਨਾਂ ਦੀਆਂ ਵਾਲੀਆਂ ਦਾ ਜੋੜਾ ਪਿਆ ਸੀ; ਭਾਰੀਆਂ, ਚਾਂਦੀ ਜਾਂ ਗਿਲਟ ਦੀਆਂ ਵਾਲੀਆਂ ਜਿਨ੍ਹਾਂ ਨੂੰ ਅੱਜ ਕੱਲ੍ਹ ਗੋ-ਗੋ ਜਿਊਲਰੀ ਕਹਿੰਦੇ ਨੇ, ਚਲੰਤ ਜਿਹੀ।
ਅਚਲਾ ਸਚਦੇਵ, ਪ੍ਰਵੀਨ ਬੋਬੀ, ਰਮਾ ਵਿੱਜ ਤੇ ਉਸ Ḕਦੂਜੀ ਔਰਤ’ ਵਰਗੀਆਂ ਭਰੀਆਂ, ਚੌੜੇ-ਚਕਲੇ ਚਿਹਰਿਆਂ, ਮੋਟੇ ਨਕਸ਼ਾਂ, ਭਰਪੂਰ ਹੋਠਾਂ ਤੇ ਚਮਕਦੇ ਦੰਦਾਂ ਵਾਲੀਆਂ ਥੁਲਕ-ਥੁਲਕ ਇਸਤਰੀਆਂ ਨਾਲ ਤਾਂ ਮੈਂ ਗਾਰਗੀ ਨੂੰ ਸਬੰਧਤ ਵੇਖ ਸਕਦੀ ਸਾਂ ਪਰ ਕੁਝ ਹੱਦ ਤੱਕ ਇਹ ਸਭ ਹੁੰਦਿਆਂ ਹੋਇਆਂ ਵੀ ਇਹ ਇਸਤਰੀ ਮੇਰੇ ਮਨ ਦੇ ਚੌਖਟੇ ਵਿਚ ਗਾਰਗੀ ਦੇ ਨਾਲ ਫਿੱਟ ਨਹੀ ਸੀ ਹੋ ਰਹੀ।
ਕੁਝ ਦੇਰ ਮਗਰੋਂ ਗਾਰਗੀ ਵੀ ਫਾਰਗ ਹੋ ਕੇ ਮੇਰੇ ਕੋਲ ਆ ਬੈਠਾ। ਥੱਲੇ, ਕਾਲੀਨ ਉਤੇ। ਉਸੇ ਤਰ੍ਹਾਂ ਚਾਹ ਦੀ ਟਰੇ ਵੀ ਹਾਜ਼ਰ ਸੀ। ਖੁਲ੍ਹੇ ਰੂਸੀ ਪਿਆਲੇ, ਦੁੱਧ ਵੱਖਰਾ, ਕਾਹਵਾ ਵੱਖਰਾ।
“ਕਿੰਨੀ ਖੰਡ ਪਾਵਾਂ?” ਉਸੇ ਤਰ੍ਹਾਂ ਮੁਸਕਰਾਉਂਦੇ ਗਾਰਗੀ ਨੇ ਪੁੱਛਿਆ, ਪਰ ਉਸ ਮੁਸਕਰਾਹਟ ਵਿਚ ਕੁਝ ਸੀ ਜੋ ਨਹੀਂ ਸੀ। ਕੀ ਇਹ ਉਹੀ ਗਾਰਗੀ ਸੀ?
“ਮੈਂ ਤੁਹਾਨੂੰ ਆਪਣੀ ਨਜ਼ਮਾਂ ਦੀ ਕਿਤਾਬ ਭੇਜੀ ਸੀ Ḕਲੋਹਿਓਂ ਪਾਰਸ’æææ।” ਸੋਚਿਆ ਸ਼ਾਇਦ ਗਾਰਗੀ ਨੂੰ ਅਤੀਤ ਵਿਚੋਂ ਕੁਝ ਯਾਦ ਆ ਜਾਵੇ।
“ਉਹ ਤੇਰੀ ਸੀ? ਪਰ ਉਸ ਵਿਚ ਯੋਗ ਨਾਲ ਸਬੰਧਤ ਕੋਈ ਸਿਰਨਾਵਾਂ ਕਾਰਡ ਸੀ, ਮੈਂ ਸਮਝਿਆ ਉਹ ਕੋਈ ਯੋਗ ਬਾਰੇ ਕਿਤਾਬ ਹੋਣੀ ਹੈ। ਮੈਂ ਖੋਲ੍ਹੀ ਹੀ ਨਹੀਂ, ਹੁਣ ਪੜ੍ਹਾਂਗਾ। ਤੈਨੂੰ ਸਾਹਿਤ ਦੀ ਕਿਤਾਬ ਵਿਚ ਆਪਣੇ ਕਿੱਤੇ ਵਾਲਾ ਕਾਰਡ ਨਹੀਂ ਸੀ ਪਾਉਣਾ ਚਾਹੀਦਾ।” ਗਾਰਗੀ ਉਹੀ ਸੀ, ਸਪਸ਼ਟ ਸੁਹਿਰਦ, ਮੱਤਾਂ ਦੇਣ ਵਾਲਾ।
ਮੈਨੂੰ ਚੰਗਾ ਲੱਗਾ।
ਉਹ ਇਸਤਰੀ ਵੀ ਚਾਹ ਦੇ ਪਿਆਲੇ ਉਤੇ ਸ਼ਾਮਲ ਹੋ ਗਈ। ਸਾਧਾਰਨ ਸਹਿਜ ਗੱਲਾਂ ਮੁੰਬਈ ਬਾਰੇ, ਰੂਸ ਬਾਰੇ ਜੋ ਸਹਿਜ ਨਹੀਂ ਸਨæææ
ਮੈਂ ਮੁੰਬਈ ਵਰਗੀ ਸਵਰਗੀ-ਧਰਤੀ ਛੱਡ ਕੇ ਮੁਹਾਲੀ ਵਿਚ ਕਿਵੇਂ ਆ ਵਸੀ, ਇਹ ਗਾਰਗੀ ਦੀ ਸਮਝ ਤੋਂ ਪਾਰ ਸੀ ਤੇ ਮੇਰੇ ਸਮਝਾਉਣ ਤੋਂ ਉਰਾਰ। ਮੈਂ ਮਹਿਸੂਸ ਕਰ ਰਹੀ ਸਾਂ ਕਿ ਗਾਰਗੀ ਨੇ ਬੜੀ ਮੁਸ਼ਕਲ ਨਾਲ ਮੇਰੇ ਲਈ ਵਕਤ ਕੱਢਿਆ ਸੀ। ਉਸ ਦੀ ਮਸਰੂਫੀਅਤ ਵਿਚ ਦਖ਼ਲ ਦੇ ਕੇ ਮੈਂ ਮਨ ਹੀ ਮਨ ਪਛਤਾ ਰਹੀ ਸਾਂ। ਸੋ ਛੇਤੀ ਹੀ ਵਿਦਾ ਲੈਣੀ ਚਾਹੀ। ਦਰਵਾਜ਼ੇ ਤਕ ਗਾਰਗੀ ਛੱਡਣ ਆਇਆ। ਬੂਹਿਓਂ ਬਾਹਰ ਹੁੰਦਿਆਂ ਹੀ ਉਸ ਮੇਰੇ ਦੋਵੇਂ ਹੱਥ ਆਪਣੇ ਹੱਥਾਂ ਵਿਚ ਘੁੱਟ ਲਏ। ਪੀਡੀ ਤੇ ਨਿੱਘੀ ਘੁੱਟਣੀ।
“ਮਾਫ ਕਰੀਂ Ḕਹੈਨਾਂ’, ਮੈਂ ਤੈਨੂੰ ਖਾਸ ਵਕਤ ਨਹੀਂ ਦੇ ਸਕਿਆ। ਤੂੰ ਫਿਰ ਨਹੀਂ ਆ ਸਕਦੀ? ਫਿਰ ਦਿੱਲੀ ਕਦੋਂ ਆਵੇਂਗੀ?”
ਮੈਨੂੰ ਹੁਣ ਆਪਣਾ ਚੱਕਰ ਅਜਾਈਂ ਨਾ ਲੱਗਾ।
“ਮੈਂ ਫਰਵਰੀ ਵਿਚ ਆਵਾਂਗੀ। ਛੇ ਫਰਵਰੀ ਨੂੰ ਮੇਰੇ ਮਾਪਿਆਂ ਦੀ ਬਰਸੀ ਹੈ।”
“ਠੀਕ ਹੈ, ਤੂੰ ਸੱਤ ਫਰਵਰੀ ਦੀ ਸਵੇਰ ਨੂੰ ਇਥੇ ਹੋਵੇਂਗੀ। ਠੀਕ ਸਾਢੇ ਗਿਆਰਾਂ ਵਜੇ। ਉਹ ਦਿਨ ਮੈਂ ਸਿਰਫ ਤੇਰੇ ਲਈ ਰੱਖਾਂਗਾ। ਪੂਰਾ।”
“ਠੀਕ ਹੈ।” ਕਹਿਣ ਨੂੰ ਤਾਂ ਮੈਂ ਕਹਿ ਦਿੱਤਾ ਪਰ ਕੀ ਇਹ ਗਾਰਗੀ ਦੇ ਹਿਤ ਵਿਚ ਹੋਵੇਗਾ?
æææ ਮੈਂ ਸੋਚ ਰਹੀ ਸਾਂ।
(ਸਮਾਪਤ)