ਕੁਲਵੰਤ ਸਿੰਘ ਵਿਰਕ ਦੀ ਅਣਗੌਲੀ ਪ੍ਰਤਿਭਾ

ਗੁਲਜ਼ਾਰ ਸਿੰਘ ਸੰਧੂ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਇਸ ਵਰ੍ਹੇ ਦੀ ਪੰਜਾਬੀ ਵਿਕਾਸ ਕਾਨਫਰੰਸ ਦੇ ਉਦਘਾਟਨੀ ਸਮਾਗਮ ਵਿਚ ਕੁਲਵੰਤ ਸਿੰਘ ਵਿਰਕ ਦੀਆਂ ਚੋਣਵੀਆਂ ਰਚਨਾਵਾਂ ਦੀ ਅੰਗਰੇਜ਼ੀ ਪੁਸਤਕ ਰਿਲੀਜ਼ ਕੀਤੀ ਗਈ ਹੈ।

ਇਸ ਵਿਚ ਵਿਰਕ ਦੀਆਂ 28 ਕਹਾਣੀਆਂ ਦੇ ਅੰਗਰੇਜ਼ੀ ਅਨੁਵਾਦ ਤੋਂ ਬਿਨਾ ਉਹਦੇ ਵਲੋਂ ਅੰਗਰੇਜ਼ੀ ਦੇ ਸਮਾਚਾਰ ਪੱਤਰਾਂ ਤੇ ਰਸਾਲਿਆਂ ਲਈ ਲਿਖੇ 20 ਲੇਖ ਤੇ ਓਨੇ ਹੀ ਮਿਡਲ (ਨਿੱਕੇ ਲੇਖ) ਸ਼ਾਮਲ ਹਨ। ਯੂਨੀਵਰਸਿਟੀ ਵਲੋਂ ਪ੍ਰਕਾਸ਼ਤ ਇਹ ਪੁਸਤਕ ੰeਲeਚਟeਦ ੱਰਟਿਨਿਗਸ ਾ ਖੁਲੱਅਨਟ ੰਨਿਗਹ ੜਰਿਕ (ਪੰਨੇ 360, ਮੁੱਲ 400 ਰੁਪਏ) ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਮੂੰਹ ਬੋਲਦੀ ਤਸਵੀਰ ਹੈ।
ਸ਼ੇਖਪੁਰਾ (ਪਾਕਿਸਤਾਨ) ਦਾ ਜਨਮ, ਸੰਤਾਲੀ ਦੀ ਵੰਡ ਪਿੱਛੋਂ ਪਹਿਲਾਂ ਉਹ ਹਰਿਆਣਾ ਵਿਚ ਕਰਨਾਲ ਤੇ ਫੇਰ ਉਤਰ ਪ੍ਰਦੇਸ਼ ਵਿਚ ਤਰਾਈ ਦੇ ਇਲਾਕੇ ਦਾ ਹੱਕਦਾਰ ਹੋਣ ਸਦਕਾ ਉਹ ਓਧਰਲੇ ਤੇ ਏਧਰਲੇ ਪੰਜਾਬ ਦੇ ਚੱਪੇ-ਚੱਪੇ ਤੋਂ ਜਾਣੂ ਸੀ। ਉਸ ਦੇ ਲੇਖਾਂ ਵਿਚ 19ਵੀਂ ਸਦੀ ਦੇ ਅਖੰਡ ਪੰਜਾਬ ਤੇ ਵੀਹਵੀਂ ਸਦੀ ਦੇ ਖੰਡਤ ਪੰਜਾਬ ਨੂੰ ਜੋੜਨ ਵਾਲੀ ਜਰਨੈਲੀ ਸੜਕ (ਸ਼ੇਰ ਸ਼ਾਹ ਸੂਰੀ ਮਾਰਗ) ਦੀਆਂ ਬਰਕਤਾਂ ਹੀ ਨਹੀਂ, ਅਪਰ ਬਾਰੀ ਦੁਆਬਾ ਤੇ ਸਰਹਿੰਦ ਨਹਿਰ ਦੀਆਂ ਬਖਸ਼ਿਸ਼ਾਂ ਵੀ ਸ਼ਾਮਲ ਹਨ। ਖਾਲਸਾ ਪੰਥ ਦੇ ਇੰਗਲੈਂਡ ਪਹੁੰਚੇ ਸਿਮ੍ਰਤੀ ਚਿੰਨ ਅਤੇ ਨਨਕਾਣਾ ਸਾਹਿਬ ਦੀਆਂ ਪ੍ਰਭਾਵੀ ਯਾਦਾਂ ਵੀ। ਪੰਜਾਬੀ ਜੀਵਨ ਤੇ ਲੋਕਯਾਨ ਯੋਗਦਾਨ ਹੀ ਨਹੀਂ, ਨਸ਼ੇ ਦੀ ਬੰਦ ਬੋਤਲ ਦਾ ਮਹੱਤਵ ਵੀ ਪੜ੍ਹਨ ਵਾਲਾ ਹੈ। ਕੋਹੇਨੂਰ ਦੀ ਅੰਤਮ ਮਾਲਕੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਅੰਤਮ ਸਸਕਾਰ ਬਾਰੇ ਕਹਾਣੀਕਾਰ ਵਿਰਕ ਦੀ ਪੇਸ਼ਕਾਰੀ ਪੰਜਾਬੀਅਤ ਦੇ ਨੈਣ ਨਕਸ਼ ਚਿਤਵਨ ਵਿਚ ਪਾਠਕ ਨੂੰ ਆਪਣੇ ਨਾਲ ਬਹਾ ਕੇ ਲੈ ਜਾਂਦੀ ਹੈ। ਨਿਸਚੇ ਹੀ ਦੋਹਾਂ ਪੰਜਾਬਾਂ ਦੇ ਅੰਗਰੇਜ਼ੀ ਪੜ੍ਹਨ ਵਾਲੇ ਪਾਠਕ ਇਸ ਵਿਚੋਂ ਆਪਣੀ ਵਿਰਾਸਤ ਦੇ ਰੰਗ ਪੜ੍ਹ ਅਤੇ ਮਾਣ ਸਕਦੇ ਹਨ।
ਪੁਸਤਕ ਦੇ ਦੂਜੇ ਕਾਂਡ ਵਿਚ ਪੰਜਾਬੀ ਸਾਹਿਤ ਤੇ ਸਭਿਆਚਾਰ ਨਾਲ ਸਬੰਧਤ ਲੇਖ ਹਨ। ਭਾਰਤੀ ਸਾਹਿਤ ਵਿਚ ਭਾਰਤੀਅਤਾ ਤੋਂ ਲੈ ਕੇ ਵਾਰਿਸ ਦੀ ਹੀਰ ਤੇ ਪੰਜਾਬੀ ਸਾਹਿਤ ਵਿਚ ਤੇਜਾ ਸਿੰਘ, ਮੋਹਨ ਸਿੰਘ ਤੇ ਸੰਤ ਸਿੰਘ ਸੇਖੋਂ ਦੀ ਦੇਣ ਨੂੰ ਉਘਾੜਨ ਵਾਲੇ। ਦੇਸ਼ ਵੰਡ ਕਾਰਨ ਪੰਜਾਬੀ ਭਾਸ਼ਾ ਦੀ ਬਦਕਿਸਤਮੀ ਸਾਹਿਤ ਦੀ ਦੁਨੀਆਂ ਵਿਚ ਪੰਜਾਬੀ ਲੇਖਕ ਦੀ ਹੋਂਦ ਕਿੱਥੇ ਖੜੀ ਹੈ, ਉਤੇ ਵੀ ਮਹਤਵਪੂਰਨ ਟਿੱਪਣੀ ਹੈ।
ਅੰਗਰੇਜ਼ੀ ਵਿਚ ਉਲਥਾਉਣ ਲਈ ਚੁਣੀਆਂ ਗਈਆਂ ਕਹਾਣੀਆਂ ਵਿਚ ਧਰਤੀ ਹੇਠਲਾ ਬੌਲਦ, ਤੂੜੀ ਦੀ ਪੰਡ, ਦੁੱਧ ਦਾ ਛੱਪੜ, ਮੁਰਦੇ ਦੀ ਤਾਕਤ, ਮੁੱਢੋਂ-ਸੁਢੋਂ, ਮੈਨੂੰ ਜਾਣਨੈ, ਓਪਰੀ ਰਤੀ ਪਰਦਾ, ਸ਼ੇਰਨੀਆਂ ਤੇ ਦਾਤੇ ਸਮੇਤ 28 ਕਹਾਣੀਆਂ ਹਨ ਜਿਹੜੀਆਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਪ੍ਰਤੀ ਉਸ ਦੇ ਸਦੀਵੀ ਮੋਹ ਦੀ ਬਾਤ ਪਾਉਂਦੀਆਂ ਹਨ। ਅੰਗਰੇਜ਼ੀ ਵਿਚ ਅਨੁਵਾਦ ਵਿਰਕ ਦੇ ਸਭ ਤੋਂ ਛੋਟੇ ਬੇਟੇ ਸੰਦੀਪ ਵਿਰਕ ਨੇ ਕੀਤਾ ਹੈ ਜੋ ਅੱਜਕਲ ਵਿਰਕ ਦੀਆਂ ਦੋ ਬੇਟੀਆਂ ਵਾਂਗ ਅਮਰੀਕਾ ਰਹਿੰਦਾ ਹੈ।
ਪੁਸਤਕ ਦੇ ਅੰਤ ਵਿਚ ਰੋਜ਼ਾਨਾ ਪੰਜਾਬੀ ਜੀਵਨ ‘ਤੇ ਝਾਤ ਪਾਉਂਦੇ ਉਸ ਦੇ ਮਿਡਲ (ਨਿੱਕੇ ਲੇਖ) ਹਨ ਜਿਹੜੇ ਆਉਣ ਵਾਲੇ ਕੱਲ ਦੇ ਸੁਫਨੇ ਚਿਤਰਣ ਤੋਂ ਲੈ ਕੇ ਲੇਖਕ ਨੂੰ ਜੀਵਨ ਨੇ ਕੀ ਕੁਝ ਸਿੱਖਾਇਆ, ਉਤੇ ਝਾਤ ਪਵਾਉਂਦੇ ਹਨ।
ਮੈਂ ਸਮਝਦਾ ਹਾਂ ਕਿ ਇਹ ਪੁਸਤਕ ਪੰਜਾਬੀ ਜੀਵਨ ਤੇ ਵਿਕਾਸ ਦੇ ਵਿਦਿਆਰਥੀ ਨੂੰ ਦਿੱਤਾ ਜਾਣ ਵਾਲਾ ਤੋਹਫਾ ਹੈ, ਜਿਸ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਧਾਈ ਦੀ ਹੱਕਦਾਰ ਹੈ। ਇਸ ਦੀ ਤਿਆਰੀ ਵਿਚ ਯੂਨੀਵਰਸਿਟੀ ਦੇ ਭਾਸ਼ਾ ਵਿਕਾਸ ਵਿਭਾਗ ਨੂੰ ਸਹਿਯੋਗ ਦੇਣ ਵਾਲੀ ਵਿਰਕ ਦੀ ਔਲਾਦ ਹੈ, ਜਿਨ੍ਹਾਂ ਨੇ ਵਿਰਕ ਦੇ ਲੇਖਾਂ ਤੇ ਮਿਡਲਾਂ ਦਾ ਖਜ਼ਾਨਾ ਯੂਨੀਵਰਸਿਟੀ ਦੇ ਹਵਾਲੇ ਕੀਤਾ। ਜੇ ਸੱਚ ਪੁੱਛੋ ਤਾਂ ਮੇਰੇ ਜਿੰਮੇ ਇਸ ਪੁਸਤਕ ਦੀ ਸੰਪਾਦਨਾ ਦਾ ਕੰਮ ਲਗਣਾ ਵੀ ਉਨ੍ਹਾਂ ਦੀ ਹੀ ਦੇਣ ਹੈ। ਉਹ ਮੈਨੂੰ ਆਪਣੇ ਪਾਪਾ ਕੁਲਵੰਤ ਵਿਰਕ ਵਰਗਾ ਆਦਰ ਮਾਣ ਦਿੰਦੇ ਆਏ ਹਨ।
ਮੇਰੀ ਉਮਰ ਜੀਵਨ ਦੀ ਅਜਿਹੀ ਮੰਜ਼ਿਲ ‘ਤੇ ਹੈ ਜਿਥੋਂ ਲੋਕੀਂ ਤੁਰ ਜਾਂਦੇ ਹਨ ਪਰ ਮੈਂ ਖੁਸ਼ ਹਾਂ ਕਿ ਮੇਰੇ ਮਨਭਾਉਂਦਾ ਇਹ ਪ੍ਰਾਜੈਕਟ ਮੇਰੇ ਜੀਊਂਦੇ ਜੀਅ ਨੇਪਰੇ ਚੜ੍ਹ ਗਿਆ ਹੈ। ਇਹ ਪ੍ਰਾਜੈਕਟ ਮੇਰੇ ਕੋਲ ਕਿਵੇਂ ਆਇਆ, ਇਹ ਤਾਂ ਲੰਮੀ ਕਹਾਣੀ ਹੈ ਪਰ ਮੈਂ ਪਰਮਜੀਤ ਸਿੰਘ ਰੋਮਾਣਾ ਦਾ ਧੰਨਵਾਦੀ ਹਾਂ ਜਿਸਨੇ ਇਹ ਕੰਮ ਆਪਣੇ ਹੱਥਾਂ ਵਿਚੋਂ ਨਿਕਲ ਕੇ ਮੇਰੇ ਹੱਥ ਆਉਣ ਸਮੇਂ ਵੱਡੀ ਖੁਲ੍ਹਦਿਲੀ ਦਿਖਾਈ ਹੈ।
ਡਾæ ਦੀਵਾਨ ਸਿੰਘ ਕਾਲੇਪਾਣੀ ਦੀ ਸਦੀਵੀ ਯਾਦਗਾਰ: 14 ਜਨਵਰੀ ਵਾਲੇ ਦਿਨ ਡਾæ ਦੀਵਾਨ ਸਿੰਘ ਕਾਲੇਪਾਣੀ ਨੂੰ ਇਸ ਦੁਨੀਆਂ ਤੋਂ ਕੂਚ ਕੀਤਿਆਂ 70 ਵਰ੍ਹੇ ਹੋ ਗਏ ਹਨ। ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਦੇ ਨਿੱਕੇ ਜਿਹੇ ਪਿੰਡ ਗਲੋਟੀਆਂ ਵਿਚ ਜਨਮੇ ਅਤੇ ਡਾਕਟਰੀ ਤੇ ਸਮਾਜ ਸੇਵਾ ਕਰਦੇ ਕਾਲੇਪਾਣੀ ਵਿਚ ਸ਼ਹੀਦ ਹੋਏ ਇਸ ਜੀਊੜੇ ਦੀ ਔਲਾਦ ਵੀ ਵੱਡੇ ਦਿਲ ਵਾਲੀ ਹੈ। ਉਨ੍ਹਾਂ ਨੇ ਉਸਦੀ ਯਾਦ ਨੂੰ ਸਦੀਵੀ ਕਰਨ ਲਈ ਕੁਰਾਲੀ-ਬੱਦੀ ਮਾਰਗ ਉਤੇ ਸਿਸਵਾਂ ਨੇੜੇ ਬਹੁਤ ਵਧੀਆ ਯਾਦਗਾਰ ਬਣਾਈ ਹੈ। ਇਸ ਵਿਚ ਲੇਖਕ ਦੀਆ ਕਵਿਤਾਵਾਂ ਨੂੰ ਕੰਧਾਂ ਅਤੇ ਮੀਨਾਰਾਂ ਉਤੇ ਉਕਰਨ ਤੋਂ ਬਿਨਾਂ ਉਨ੍ਹਾਂ ਦੇ ਕਾਲੇਪਾਣੀ ਵਿਚਲੇ ਜੀਵਨ ਉਤੇ ਵਧੀਆ ਝਾਤ ਪਵਾਈ ਗਈ ਹੈ। ਪਿਛਲੇ ਸਾਲ ਇਸ ਦਾ ਉਦਘਾਟਨ ਕਰਦਿਆਂ ਪੰਜਾਬ ਦੇ ਮੁਖ ਮੰਤਰੀ ਸ਼ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਇਹ ਕੰਮ ਜਿਹੜਾ ਮੇਰੀ ਸਰਕਾਰ ਨੂੰ ਕਰਨਾ ਚਾਹੀਦਾ ਸੀ, ਪਰਿਵਾਰ ਨੇ ਕਰ ਵਿਖਾਇਆ ਹੈ। ਉਹ ਤਸਵੀਰਾਂ ਤੇ ਸ਼ਬਦਾਂ ਦੀ ਪੇਸ਼ਕਾਰੀ ਤੋਂ ਬਹੁਤ ਪ੍ਰਭਾਵਤ ਹੋਏ ਸਨ। ਇਹ ਉਦਮ ਸੱਚਮੁੱਚ ਹੀ ਬੜਾ ਅਹਿਮ ਹੈ।
ਅੰਤਿਕਾ: ਰਣਜੀਤ ਸਰਾਂਵਾਲੀ
ਆ ਜਗਾਈਏ ਸੀਨੇ ਦੀ ਅੱਗ ਨਾਲ ਦੀਪ,
ਵੇਖਦੇ ਹਾਂ ਫਿਰ ਬੁਝਾਉਂਦਾ ਕੌਣ ਹੈ?
ਜਿੱਥੇ ਸਾਡੀ ਅੱਖ ਵੀ ਝੁਕਦੀ ਨਹੀਂ,
ਖਬਰੇ ਓਥੇ ਸਿਰ ਝੁਕਾਉਂਦਾ ਕੌਣ ਹੈ?