ਗਦਰੀ ਬਾਬਾ ਸ਼ਹੀਦ ਮਾਸਟਰ ਊਧਮ ਸਿੰਘ ਕਸੇਲ ਦੇਸ਼ ਆਜ਼ਾਦ ਕਰਾਉਣ ਲਈ ਬਣਾਈ ਗਈ Ḕਗਦਰ ਪਾਰਟੀḔ (ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ) ਦੀ ਇੰਤਜ਼ਾਮੀਆ ਕਮੇਟੀ ਦਾ ਮੁੱਢਲਾ ਮੈਂਬਰ ਅਤੇ ਇਕ ਸ਼ਾਖਾ ਦਾ ਸਕੱਤਰ ਸੀ।
-ਕੁਲਦੀਪ ਸਿੰਘ ਯੂਨੀਅਨ ਸਿਟੀ
ਜਿਸ ਧਜ ਸੇ ਕੋਈ ਮਕਤਲ ਮੇਂ ਗਯਾ,
ਵੋ ਸ਼ਾਨ ਸਲਾਮਤ ਰਹਿਤੀ ਹੈ।
ਯੇ ਜਾਨ ਤੋ ਆਨੀ ਜਾਨੀ ਹੈ,
ਇਸ ਜਾਂ ਕੀ ਤੋ ਕੋਈ ਬਾਤ ਨਹੀਂ। -ਫੈਜ਼ ਅਹਿਮਦ ਫੈਜ਼
ਗਦਰੀ ਬਾਬਾ ਸ਼ਹੀਦ ਮਾਸਟਰ ਊਧਮ ਸਿੰਘ ਕਸੇਲ ਦੇਸ਼ ਆਜ਼ਾਦ ਕਰਾਉਣ ਲਈ ਬਣਾਈ ਗਈ Ḕਗਦਰ ਪਾਰਟੀḔ (ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ) ਦੀ ਇੰਤਜ਼ਾਮੀਆ ਕਮੇਟੀ ਦਾ ਮੁੱਢਲਾ ਮੈਂਬਰ ਅਤੇ ਇਕ ਸ਼ਾਖਾ ਦਾ ਸਕੱਤਰ ਸੀ। ਲਗਾਤਾਰ 15 ਸਾਲ ਦੇ ਜੁਝਾਰੂ ਜੀਵਨ ਵਿਚ ਉਸ ਨੇ ਇਕ ਇਕ ਪਲ ਦੇਸ਼ ਦੀ ਸੰਪੂਰਨ ਆਜ਼ਾਦੀ ਅਤੇ ਸਮਾਜਵਾਦ (ਸਾਂਝੀਵਾਲਤਾ) ਲਈ ਜੂਝਦਿਆਂ ਆਪਣਾ ਜੀਵਨ ਨਿਛਾਵਰ ਕਰ ਦਿੱਤਾ। ਉਹ ਜਾਂਬਾਜ਼ ਸੰਗਰਾਮੀਆ, ਪ੍ਰਵੀਨ ਜਰਨੈਲ, ਦੂਰ-ਅੰਦੇਸ਼, ਕੁਸ਼ਲ ਪ੍ਰਬੰਧਕ ਅਤੇ ਨੀਤੀਵਾਨ ਹੋਣ ਦੇ ਨਾਲ ਨਾਲ ਪਰਉਪਕਾਰੀ ਜੀਊੜਾ ਵੀ ਸੀ। Ḕਅਪਨਾ ਬਿਗਾਰਿ ਬਿਰਾਂਨਾ ਸਾਂਢੈḔ ਮਹਾਂਬੋਲਾਂ ਨੂੰ ਸਮਰਪਿਤ/ਵਚਨਬੱਧ, ਉਹ ਦੂਜਿਆਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਸਦਾ ਖਿੜ੍ਹੇ ਮੱਥੇ ਤਤਪਰ ਰਹਿੰਦਾ ਸੀ। ਦਸ ਮਿੰਟਾਂ ਦੇ ਅੰਦਰ-ਅੰਦਰ ਬੈਲੂਰ ਜੇਲ੍ਹ, ਮਦਰਾਸ (ਹੁਣ ਚੇਨੱਈ) ਦੀ 18 ਫੁਟ ਉਚੀ ਕੰਧ ਟੱਪ ਕੇ ਜੇਲ੍ਹ ਤੋਂ ਮੁਕਤੀ ਹਾਸਿਲ ਕਰਨ ਦਾ ਬਹਾਦਰੀ ਦਾ ਕਾਰਨਾਮਾ ਵੀ ਉਸ ਦੇ ਹੀ ਹਿੱਸੇ ਆਇਆ ਹੈ।
ਮਾਸਟਰ ਊਧਮ ਸਿੰਘ ਦਾ ਜਨਮ ਪਿੰਡ ਕਸੇਲ, ਜ਼ਿਲ੍ਹਾ ਅੰਮ੍ਰਿਤਸਰ (ਹੁਣ ਤਰਨ ਤਾਰਨ ਸਾਹਿਬ), ਸ਼ ਮੇਵਾ ਸਿੰਘ ਅਤੇ ਹੁਕਮ ਕੌਰ ਦੇ ਘਰ 15 ਮਾਰਚ 1882 ਨੂੰ ਹੋਇਆ। ਛੋਟੀ ਕਿਰਸਾਨੀ ਵਾਲੇ ਪਰਿਵਾਰ ਦੇ ਪੰਜ ਭਰਾਵਾਂ ਵਿਚੋਂ ਉਹ ਸਭ ਤੋਂ ਛੋਟਾ ਸੀ। ਪਿੰਡ ਦੇ ਸਕੂਲ ਵਿਚੋਂ ਮੁੱਢਲੀ ਸਿਖਿਆ ਪ੍ਰਾਪਤ ਕਰਨ ਦੇ ਨਾਲ ਨਾਲ ਉਸ ਨੇ ਬਚਪਨ ‘ਚ ਪਸ਼ੂ ਚਰਾਏ ਅਤੇ ਖੇਤੀ ਵਿਚ ਮਾਪਿਆਂ ਨਾਲ ਹੱਥ ਵਟਾਇਆ। 1907 ਵਿਚ ਉਜਲ ਭਵਿੱਖ ਤੇ ਰੋਜ਼ਗਾਰ ਦੀ ਭਾਲ ਲਈ ਉਸ ਨੇ ਵਿਦੇਸ਼ਾਂ ਵੱਲ ਚਾਲੇ ਪਾ ਦਿੱਤੇ। ਪਹਿਲਾਂ ਪਿਨਾਂਗ ਅਤੇ ਫਿਰ ਟੇਪਿੰਗ, ਮਲਾਇਆ (ਹੁਣ ਮਲੇਸ਼ੀਆ) ਪੁੱਜਿਆ। ਉਥੇ ਉਹ ਮਲਾਇਆ ਸਟੇਟ ਗਾਈਡ ਵਿਚ ਬਤੌਰ ਸਿਗਨਲਰ ਭਰਤੀ ਹੋ ਗਿਆ। ਇਸ ਨੌਕਰੀ ਦੌਰਾਨ ਹੀ ਮਲਾਇਆ ਦੀ ਸਥਾਨਕ ਭਾਸ਼ਾ ਅਤੇ ਅੰਗਰੇਜ਼ੀ ਵਿਚ ਬੋਲਣ ਦੀ ਮੁਹਾਰਤ ਹਾਸਿਲ ਕਰ ਲਈ। ਥੋੜ੍ਹੇ ਖਰਚੇ ਜੋਗੇ ਪੈਸੇ ਜਮ੍ਹਾਂ ਕਰਕੇ, ਨੌਕਰੀ ਤੋਂ ਅਸਤੀਫਾ ਦੇ ਕੇ ਉਹ ਓਰੇਗਾਨ (ਅਮਰੀਕਾ) ਪੁੱਜ ਗਿਆ। ਇੱਥੇ ਹੀ ਉਸ ਦਾ ਮਿਲਾਪ ਉਸ ਦੇ ਮਝੈਲ ਸਾਥੀਆਂ- ਬਾਬਾ ਸੋਹਣ ਸਿੰਘ ਭਕਨਾ, ਭਾਈ ਜੁਆਲਾ ਸਿੰਘ ਠੱਠੀਆਂ ਅਤੇ ਬਾਬਾ ਵਿਸਾਖਾ ਸਿੰਘ ਦਦੇਹਰ ਨਾਲ ਹੋਇਆ ਜਿਨ੍ਹਾਂ ਸਹਾਇਤਾ ਨਾਲ ਉਹ ਲੰਬਰ ਮਿੱਲ (ਓਰੇਗਾਨ) ‘ਚ ਕੰਮ ‘ਤੇ ਲੱਗ ਗਿਆ। ਜਦੋਂ ਇਨ੍ਹਾਂ ਬਾਬਿਆਂ ਨੂੰ ਰੋਜ-ਮੱਰਾ ਦੀ ਜ਼ਿੰਦਗੀ ‘ਚ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਤਾਂ ਸੁਭਾਵਿਕ ਹੀ ਇਸ ਦਾ ਕਾਰਨ ਭਾਰਤ ਗੁਲਾਮ ਹੋਣਾ ਨਜ਼ਰੀ ਆਇਆ। ਇਸ ਦੇ ਫਲਸਰੂਪ ਕੌਮੀਅਤ ਦਾ ਅਹਿਸਾਸ ਪ੍ਰਬਲ ਹੋਇਆ ਅਤੇ ਆਪਣੇ ਦੇਸ਼ ਨੂੰ ਸੰਪੂਰਨ ਆਜ਼ਾਦ ਕਰਾਉਣ ਦੀ ਤੜਪ ਨੇ Ḕਗਦਰ ਪਾਰਟੀḔ (ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ) ਨੂੰ ਜਨਮ ਦਿੱਤਾ। ਇਹ ਘਟਨਾ 21 ਅਪਰੈਲ 1913 ਨੂੰ ਆਸਟੋਰੀਆ (ਓਰੇਗਾਨ) ਘਟੀ ਸੀ।
ਗਦਰ ਪਾਰਟੀ ਦੇ ਮੁੱਖ ਅਹੁਦੇਦਾਰਾਂ ਦੀ ਚੋਣ ਤੋਂ ਬਾਅਦ ਮਾਸਟਰ ਊਧਮ ਸਿੰਘ ਨੂੰ ਗਦਰ ਪਾਰਟੀ ਦਾ ਮੁਢਲਾ ਮੈਂਬਰ ਚੁਣਿਆ ਗਿਆ ਅਤੇ ਇਕ ਬ੍ਰਾਂਚ ਦੇ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਉਸ ਦੇ ਜ਼ਿੰਮੇ ਅਮਰੀਕਾ ਵਿਚ ਪਾਰਟੀ ਕਾਰਕੁੰਨਾਂ ਨੂੰ ਫੌਜੀ ਟ੍ਰੇਨਿੰਗ ਦੇ ਕੇ ਖੁਫੀਆ ਸ਼ਾਖਾ ਕਾਇਮ ਕਰਨਾ ਅਤੇ ਹਿੰਦੁਸਤਾਨੀ ਫੌਜੀਆਂ ਵਿਚ ਦੇਸ਼ ਭਗਤੀ ਦਾ ਪ੍ਰਚਾਰ ਕਰਕੇ ਗਦਰੀ ਵਿਚਾਰਾਂ ਨਾਲ ਸਹਿਮਤ ਕਰਨਾ ਲਾਇਆ ਗਿਆ। ਗੁਰੀਲਾ ਯੁੱਧ ਕਲਾ, ਸੈਨਿਕ ਅਭਿਆਸ, ਰਾਈਫਲ, ਬੰਬ ਅਤੇ ਪਿਸਤੌਲਾਂ ਆਦਿ ਦੀ ਸੁਚੱਜੀ ਵਰਤੋਂ ਦੀ ਸਿਖਲਾਈ ਦੇਣ ਲਈ ਹੌਲਟਵਿਲ ਫਾਰਮ ਵਿਚ ਗੁਪਤ ਕੇਂਦਰ ਸਥਾਪਤ ਕੀਤਾ ਗਿਆ। ਇਨ੍ਹਾਂ ਸੇਵਾਵਾਂ ਕਾਰਨ ਹੀ ਉਸ ਦੇ ਨਾਮ ਦੇ ਨਾਲ ਅਗੇਤਰ ḔਮਾਸਟਰḔ ਜੁੜ ਗਿਆ। ਹਵਾਈ ਜਹਾਜ ਉਡਾਉਣ ਦੀ ਸਿਖਲਾਈ ਲਈ ਕਰਤਾਰ ਸਿੰਘ ਸਰਾਭਾ ਨੂੰ ਚੁਣਿਆ ਗਿਆ ਅਤੇ ਜਰਮਨ ਕੰਪਨੀ ਕੋਲ ਸੈਨ ਫਰਾਂਸਿਸਕੋ ਦੇ ਜਰਮਨ ਕੌਂਸਲਰ ਰਾਹੀਂ ਭੇਜਿਆ ਗਿਆ।
ਬਰਤਾਨੀਆ ਸੰਸਾਰ ਮਹਾਂਯੁੱਧ ਵਿਚ 4 ਅਗਸਤ 1914 ਨੂੰ ਕੁਦ ਪਿਆ। ਉਸ ਵੇਲੇ ਗਦਰ ਪਾਰਟੀ ਵਲੋਂ ਸਾਰੇ ਗਦਰੀਆਂ ਨੂੰ ਭਾਰਤ ਚਲੇ ਜਾਣ ਦਾ ਆਦੇਸ਼ ਦਿੱਤਾ ਗਿਆ। ਅਮਰੀਕਾ ਤੋਂ ਤੁਰਨ ਤੋਂ ਪਹਿਲਾਂ ਸਾਰੇ ਇਨਕਲਾਬੀਆਂ ਨੂੰ ਗਰੁਪਾਂ ਵਿਚ ਵੰਡ ਕੇ ਇਨ੍ਹਾਂ ਦੇ ਜਥੇਦਾਰ ਨਿਯਤ ਕੀਤੇ ਗਏ। ਮਾਸਟਰ ਊਧਮ ਸਿੰਘ ਨੂੰ ਵੀ ਇਕ ਜਥੇ ਦਾ ਆਗੂ ਬਣਾਇਆ ਗਿਆ। ਅਮਰੀਕਾ ਤੋਂ ਗਦਰੀਆਂ ਦਾ ਪਹਿਲਾ ਜਥਾ ਜਿਸ ਵਿਚ ਮਾਸਟਰ ਊਧਮ ਸਿੰਘ ਵੀ ਸ਼ਾਮਿਲ ਸੀ, ਕੋਰੀਆ ਜਹਾਜ ਰਾਹੀਂ ਸੈਨ ਫਰਾਂਸਿਸਕੋ ਤੋਂ 19 ਅਗਸਤ 1914 ਨੂੰ ਤੁਰਿਆ। ਇਹ ਜਹਾਜ ਹਾਂਗਕਾਂਗ ਤੱਕ ਆਇਆ। ਹਾਂਗਕਾਂਗ ਤੋਂ ਭਾਰਤ ਜਾਣ ਲਈ ਤੋਸ਼ਾ ਮਾਰੂ ਜਹਾਜ ਕਿਰਾਏ ‘ਤੇ ਕੀਤਾ ਗਿਆ। ਤੋਸ਼ਾ ਮਾਰੂ ਜਹਾਜ ਅਤੇ ਮਾਸ਼ੀਮ ਮਾਰੂ ਜਹਾਜ ਪਿਨਾਂਗ ਦੀ ਬੰਦਰਗਾਹ ਉਤੇ ਇਕੱਠੇ ਹੋਏ ਅਤੇ ਇਥੇ ਇਸ ਕਰਕੇ ਇੰਤਜ਼ਾਰ ਕਰਨੀ ਪਈ ਕਿਉਂਕਿ ਜਰਮਨ ਗਸ਼ਤੀ ਜੰਗੀ ਜਹਾਜ ḔਐਮਡਨḔ ਉਸ ਵੇਲੇ ਬੰਗਾਲ ਦੀ ਖਾੜੀ ਵਿਚ ਦੁਸ਼ਮਣਾਂ ਦੇ ਜਹਾਜ ਡੋਬ ਰਿਹਾ ਸੀ। ਇਸ ਵਕਫੇ ਦੌਰਾਨ ਮਾਸਟਰ ਊਧਮ ਸਿੰਘ ਨੇ ਪਿਨਾਂਗ ਤੋਂ ਹਥਿਆਰ ਖਰੀਦਣ ਦੀ ਕੋਸ਼ਿਸ਼ ਕੀਤੀ।
ਹਾਂਗਕਾਂਗ ਤੋਂ ਤੋਸ਼ਾ ਮਾਰੂ ਜਹਾਜ 19 ਅਕਤੂਬਰ 1914 ਨੂੰ ਕਲਕੱਤੇ ਪੁੱਜਾ ਪਰੰਤੂ ਬਾਹਰੋਂ ਆਏ ਸਾਰੇ ਦੇਸ਼ ਭਗਤਾਂ ਨੂੰ ਆਪਣੇ ਦੇਸ਼ ਦੀ ਧਰਤੀ ਉਪਰ ਪੈਰ ਰੱਖਣ ਤੋਂ ਪਹਿਲਾਂ ਹੀ ਤੋਸ਼ਾ ਮਾਰੂ ਜਹਾਜ ਨੂੰ ਸਰਕਾਰੀ ਫੌਜ ਨੇ ਕਬਜ਼ੇ ਵਿਚ ਲੈ ਲਿਆ। ਹਿਰਾਸਤ ‘ਚ ਲੈਣ ਵਾਲੇ ਗਦਰੀਆਂ ਵਿਚ ਬਾਬਾ ਸੋਹਣ ਸਿੰਘ ਭਕਨਾ, ਬਾਬਾ ਕੇਸਰ ਸਿੰਘ ਠੱਠਗੜ, ਬਾਬਾ ਜੁਆਲਾ ਸਿੰਘ ਠੱਠੀਆਂ ਅਤੇ ਮਾਸਟਰ ਊਧਮ ਸਿੰਘ ਕਸੇਲ ਆਦਿ ਸਨ। ਮੁਕੱਦਮਾ Ḕਪਹਿਲਾ ਲਾਹੌਰ ਸਾਜ਼ਿਸ਼ ਕੇਸḔ ਦੇ ਫੈਸਲੇ ਅਨੁਸਾਰ ਮਾਸਟਰ ਊਧਮ ਸਿੰਘ ਨੂੰ ਉਮਰ ਕੈਦ ਕਾਲੇ ਪਾਣੀ (ਜਲਾਵਤਨ) ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ। ਇਹ ਫੈਸਲਾ 13 ਸਤੰਬਰ 1915 ਨੂੰ ਸੁਣਾਇਆ ਗਿਆ ਅਤੇ ਮੁਕੱਦਮਾ ਸ਼ੁਰੂ ਹੋਣ ਦੀ ਮਿਤੀ 26 ਅਪਰੈਲ 1915 ਸੀ। ਇਹ ਸਜ਼ਾ ਆਪਣਿਆਂ ਵਿਚੋਂ ਹੀ ਵਾਅਦਾ ਮੁਆਫ ਬਣੇ ਗਵਾਹਾਂ- ਅਮਰ ਸਿੰਘ ਨਵਾਂਸ਼ਹਿਰ, ਮੂਲਾ ਸਿੰਘ ਮੀਰਾ ਕੋਟ (ਅੰਮ੍ਰਿਤਸਰ) ਅਤੇ ਨਵਾਬ ਖਾਨ ਹਲਵਾਰੀਆ ਦੀਆਂ ਝੂਠੀਆਂ-ਸੱਚੀਆਂ ਗਵਾਹੀਆਂ ਅਤੇ ਬਿਆਨਾਂ ਦੇ ਆਧਾਰ ‘ਤੇ ਦਿੱਤੀ ਗਈ।
ਜਲਾਵਤਨੀ ਉਮਰ ਕੈਦ ਵਾਲੇ ਗਦਰੀਆਂ ਨੂੰ ਲਾਹੌਰ ਤੋਂ ਬੇੜੀਆਂ ਅਤੇ ਹੱਥਕੜੀਆਂ ਨਾਲ ਨੂੜ ਕੇ ਅਲੀਪੁਰ ਜੇਲ੍ਹ ਕਲਕੱਤੇ ਲਿਆਂਦਾ ਗਿਆ। 7 ਦਸੰਬਰ 1915 ਨੂੰ ਐਸ਼ ਐਸ਼ ਮਹਾਰਾਜਾ ਨਾਮੀ ਜਹਾਜ, ਜਿਸ ਵਿਚ ਮਾਸਟਰ ਊਧਮ ਸਿੰਘ ਅਤੇ ਹੋਰ ਸਾਥੀ ਸਨ, ਕਲਕੱਤੇ ਤੋਂ ਪੋਰਟ ਬਲੇਅਰ ਲਈ ਰਵਾਨਾ ਹੋਇਆ। 10 ਦਸੰਬਰ 1915 ਨੂੰ ਇਸ ਜਹਾਜ ਨੇ ਪੋਰਟ ਬਲੇਅਰ ਦੀ ਬੰਦਰਗਾਹ ਦੇ ਕਾਲੇ ਪਾਣੀਆਂ ‘ਚ ਲੰਗਰ ਸੁੱਟਿਆ। ਦਸੰਬਰ 1915 ਦੇ ਅਖੀਰ ਤਕ 40 ਗਦਰੀ ਬਾਬੇ ਅੰਡੇਮਾਨ ਜੇਲ੍ਹ ਪੁੱਜ ਚੁੱਕੇ ਸਨ। ਇਸ ਕੁੰਭੀ ਨਰਕ ਜੇਲ੍ਹ ‘ਚ ਦੇਸ਼ ਭਗਤਾਂ ‘ਤੇ ਹੋਏ ਜੁਲਮਾਂ ਦੀ ਦਾਸਤਾਨ ਬਹੁਤ ਲੰਬੀ ਹੈ। ਸਿਦਕ, ਸਿਰੜ ਅਤੇ ਦਲੇਰੀ ਨਾਲ ਦੇਸ਼ ਭਗਤਾਂ ਨੇ ਜ਼ੁਲਮ ਦਾ ਜੇਲ੍ਹ ਅੰਦਰ ਮੁਕਾਬਲਾ ਕੀਤਾ। ਇਨ੍ਹਾਂ ਸਾਰੇ ਜੁਲਮਾਂ ਦਾ ਹਾਲ ਅਤੇ ਜੇਲ੍ਹ ਦੀਆਂ ਸਾਰੀਆਂ ਅਹਿਮ ਘਟਨਾਵਾਂ ਨੂੰ ਮਾਸਟਰ ਊਧਮ ਸਿੰਘ ਨੇ ਆਪਣੇ ਹੱਥ ਲਿਖਤ ਦਸਤਾਵੇਜ਼ Ḕਯਾਦਿ ਰਫਤਗਾਨḔ ‘ਚ ਦਰਜ ਕੀਤਾ ਹੈ। ਇਹ ਲਿਖਤ 1930 ਦੇ ਪਹਿਲੇ ਮਹੀਨਿਆਂ ‘ਚ ḔਕਿਰਤੀḔ ਵਿਚ ਪੰਜ ਕਿਸ਼ਤਾਂ ਵਿਚ ਛਾਪੀ ਗਈ ਸੀ। Ḕਖੂੰਡੇ ਵਾਲਾḔ ਖਾੜਕੂ ਅਕਾਲੀ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਵੀ ਅੰਡੇਮਾਨ ਜੇਲ੍ਹ ਦੀ ਸਜ਼ਾ (ਜੂਨ 1919 ਤੋਂ ਮਾਰਚ 1920) ਭੁਗਤੀ ਸੀ। ਰਾਜਸੀ ਕੈਦੀਆਂ ਨੇ ਆਪਸ ਵਿਚ ਮਿਲਣਾ ਹੋਵੇ ਤਾਂ ਬਹਾਨੇ ਨਾਲ ਹਸਪਤਾਲ ਚਲੇ ਜਾਂਦੇ ਸਨ। ਇਸੇ ਤਰ੍ਹਾਂ ਮਾਸਟਰ ਊਧਮ ਸਿੰਘ ਕਸੇਲ ਨੇ ਝੱਬਰ ਨੂੰ ਸੁਨੇਹਾ ਭੇਜ ਕੇ ਉਸ ਦੇ ਜੇਲ੍ਹ ਪੁੱਜਣ ਦੇ ਪਹਿਲੇ ਦਿਨਾਂ ਵਿਚ ਹੀ ਝੱਬਰ ਨੂੰ ਹਸਪਤਾਲ ਬੁਲਾ ਕੇ ਜੇਲ੍ਹ ਦੀ ਸਾਰੀ ਰਹਿਣੀ, ਬਹਿਣੀ, ਸਹਿਣੀ ਅਤੇ ਵਰਤ-ਵਿਹਾਰ ਦੀ ਗੱਲ ਸਮਝਾ ਦਿੱਤੀ। ਉਹ ਦੋਵੇਂ ਆਪਸ ਵਿਚ ਮਿਲ ਕੇ ਬਹੁਤ ਪ੍ਰਸੰਨ ਹੋਏ ਸਨ। ਕਰਤਾਰ ਸਿੰਘ ਝੱਬਰ ਨੇ 18-20 ਅਕਤੂਬਰ 1920 ਨੂੰ ਲਾਹੌਰ ਦੇ ਸਿੱਖ ਲੀਗ ਦੇ ਦੂਜੇ ਸਾਲਾਨਾ ਸਮਾਗਮ ਵਿਚ ਅੰਗਰੇਜ਼ੀ ਸਮਰਾਜ ਦਾ ਜੇਲ੍ਹ ਅੰਦਰ ਦੇਸ਼ ਭਗਤਾਂ ‘ਤੇ ਢਾਹੇ ਜਾਂਦੇ ਜੁਲਮਾਂ ਦਾ ਚਿੱਠਾ ਜੱਗ ਜਾਹਿਰ ਕਰ ਦਿੱਤਾ। ḔਅਕਾਲੀḔ ਅਖਬਾਰ ਨੇ ਵੀ ਇਨ੍ਹਾਂ ਜ਼ੁਲਮਾਂ ਨੂੰ ਨਸ਼ਰ ਕੀਤਾ। ਇਸ ਕਾਨਫਰੰਸ ਵਿਚ ਦੇਸ਼ ਭਗਤਾਂ ਦੀ ਰਿਹਾਈ, ਸ਼ਹੀਦਾਂ ਦੇ ਪਰਿਵਾਰਾਂ ਦੀ ਮਾਲੀ ਸਹਾਇਤਾ ਕਰਨਾ ਅਤੇ ਗਾਂਧੀ ਦੀ Ḕਨਾ-ਮਿਲਵਰਤਣ ਲਹਿਰḔ ਦੇ ਮੁੱਦੇ ਵਿਚਾਰੇ ਗਏ। ਅੰਡੇਮਾਨ ਜੇਲ੍ਹ ਦੀਆਂ ਹਾਲਤਾਂ ਨੂੰ ਝੱਬਰ ਰਾਹੀਂ ਪਬਲਿਕ ਕਰਨ ਲਈ ਮਾਸਟਰ ਊਧਮ ਸਿੰਘ ਦੀ ਅਹਿਮ ਭੂਮਿਕਾ ਸੀ।
ਅੰਡੇਮਾਨ ਜੇਲ੍ਹ ਦੇ ਕੈਦੀਆਂ ਨੂੰ ਭਾਰਤ ਦੀਆਂ ਜੇਲ੍ਹਾਂ ਵਿਚ ਭੇਜਣ ਦਾ ਫੈਸਲਾ ਹੋਇਆ। 23 ਅਗਸਤ 1921 ਨੂੰ ਫਿਰ ਐਸ਼ ਐਸ਼ ਮਹਾਰਾਜਾ ਜਹਾਜ ਵਿਚ ਗਦਰੀਆਂ ਨੂੰ ਦੱਖਣੀ ਭਾਰਤ ਵਲ ਰਵਾਨਾ ਕੀਤਾ ਗਿਆ ਅਤੇ ਮਦਰਾਸ ਦੀ ਸੈਂਟਰਲ ਜੇਲ੍ਹ ਵਿਚ ਪਹੁੰਚਾਇਆ ਗਿਆ। ਮਦਰਾਸ ਸਰਕਾਰ ਤੋਂ ਬਿਨਾਂ ਸਾਰੀਆਂ ਸੂਬਾ ਸਰਕਾਰਾਂ ਨੇ ਇਨ੍ਹਾਂ ਗਦਰੀਆਂ ਨੂੰ ਆਪਣੀਆਂ ਜੇਲ੍ਹਾਂ ‘ਚ ਲੈਣ ਲਈ ਸਾਫ ਇਨਕਾਰ ਕਰ ਦਿੱਤਾ। ਸਾਰੇ ਗਦਰੀਆਂ ਨੂੰ ਵੱਖ-ਵੱਖ ਗਰੁਪਾਂ ‘ਚ ਵੰਡ ਕੇ ਮਦਰਾਸ ਦੀਆਂ ਵਿਭਿੰਨ ਜੇਲ੍ਹਾਂ ‘ਚ ਭੇਜ ਦਿੱਤਾ ਗਿਆ। ਮਾਸਟਰ ਊਧਮ ਸਿੰਘ ਕਸੇਲ ਨੂੰ ਬੈਲੂਰ ਜੇਲ੍ਹ ਵਿਚ ਭੇਜਿਆ ਗਿਆ। ਇਸੇ ਜੇਲ੍ਹ ਵਿਚੋਂ ਉਹ ਜੂਨ 1922 ਨੂੰ ਜੇਲ੍ਹ ਦੀ 18 ਫੁੱਟ ਉਚੀ ਕੰਧ ਟਪ ਕੇ ਫਰਾਰ ਹੋ ਗਿਆ। ਇਸ ਕੰਮ ਲਈ ਜੇਲ੍ਹ ਕਮਰੇ ਦੀ ਨਕਲੀ ਚਾਬੀ ਤਿਆਰ ਕਰਨਾ, ਲੰਬਾ ਮੁੰਜ ਦਾ ਰੱਸਾ ਵਟਣਾ ਅਤੇ ਕਿਸੇ ਤਰ੍ਹਾਂ ਆਪਣਾ ਸ਼ੁਭਚਿੰਤਕ ਤਿਆਰ ਕਰਨਾ- ਮਾਸਟਰ ਊਧਮ ਸਿੰਘ ਦੀ ਆਹਲਾ ਤਰਕੀਬ ਦੇ ਸੂਚਕ ਹਨ। ਉਹ ਭੁਖੇ ਭਾਣੇ ਰਹਿੰਦਿਆਂ ਅਤੇ ਅਣਜਾਣ ਰਸਤਿਆਂ ਤੋਂ ਨਾਵਾਕਿਫ ਸੈਂਕੜੇ ਮੀਲਾਂ ਦਾ ਸਫਰ ਝਾਗ ਕੇ ਭਾਈ ਪਿਆਰਾ ਸਿੰਘ ਲੰਗੇਰੀ ਕੋਲ 2-3 ਮਹੀਨੇ ਦੀਆਂ ਸਖਤ ਤਕਲੀਫਾਂ ਪਿਛੋਂ ਪੰਜਾਬ ਪੁੱਜਿਆ। ਵੇਲੇ-ਕੁਵੇਲੇ ਦੀ ਭੁੱਖ, ਸੁਖ-ਨੀਂਦ ਆਰਾਮ ਤਿਆਗਣ ਕਰਕੇ ਉਸ ਦੇ ਸਰੀਰ ‘ਤੇ ਸੋਜ ਪੈ ਗਈ ਸੀ ਅਤੇ ਪੈਰ ਜ਼ਖਮੀ ਹੋ ਗਏ ਸਨ। ਭਾਈ ਪਿਆਰਾ ਸਿੰਘ ਨੇ ਉਸ ਦੀ ਟਹਿਲ ਸੇਵਾ ਕਰਕੇ ਉਸ ਨੂੰ ਦੁਆਰਾ ਨਵੇਂ ਸਿਰਿਓਂ ਕਾਇਮ ਕਰ ਦਿੱਤਾ ਅਤੇ ਫਿਰ ਉਸ ਨੂੰ ਸਹੀ ਸਲਾਮਤ ਕਾਬਲ (ਅਫਗਾਨਿਸਤਾਨ) ਪਹੁੰਚਾ ਦਿੱਤਾ।
ਕਾਬਲ ਵਿਚ ਕਰੀਬ ਤਿੰਨ ਸਾਲ ਦੇ ਪਰਵਾਸ ਦੌਰਾਨ ਮਾਸਟਰ ਊਧਮ ਸਿੰਘ ਨੇ ਮਾਊਂਟ ਐਵਰੈਸਟ ਨੂੰ ਸਰ ਕਰਨ ਵਰਗੀਆਂ ਮੁਸ਼ਕਿਲਾਂ ਨੂੰ ਜਿੱਤ ਕੇ ਅਜਿਹੀ ਲਹਿਰ ਪੈਦਾ ਕੀਤੀ ਕਿ ਉਹ ਉਥੋਂ ਦੇ ਹਿੰਦੂ-ਸਿੱਖਾਂ ਦੇ ਚਹੇਤੇ ਹੀ ਨਾ ਬਣੇ ਸਗੋਂ ਹਰ ਅਫਗਾਨੀ ਦੇ ਦਿਲਾਂ ਵਿਚ ਆਪਣਾ ਸਤਿਕਾਰ ਅਤੇ ਥਾਂ ਬਣਾ ਲਈ। ਹਿੰਦੂ-ਸਿੱਖਾਂ ਨੂੰ ਮਹੰਤਾਂ ਦੇ ਚੁੰਗਲ ਵਿਚੋਂ ਕੱਢ ਕੇ ਗੁਰਬਾਣੀ ਨਾਲ ਜੋੜਨ ਦੇ ਨਾਲ ਨਾਲ ਗੁਰਦੁਆਰਾ ਖਾਲਸਾ ਦੀਵਾਨ, ਚਸ਼ਮਾ ਸਾਹਿਬ, ਸੁਲਤਾਨਪੁਰ (ਜਲਾਲਾਬਾਦ) ਵੀ ਆਜ਼ਾਦ ਕਰਵਾਇਆ। ਇਸੇ ਪਵਿੱਤਰ ਚਸ਼ਮੇ ਦੀ ਸਫਾਈ ਕਰਵਾ ਕੇ ਜਲ ਦੀ ਵਰਤੋਂ ਕਰਨੀ ਸ਼ੁਰੂ ਕਰਵਾਈ। ਲਾਲਪੁਰੇ ਸਿੰਘ ਸਭਾ ਲਹਿਰ ਵਾਲਿਆਂ ਦੇ ਖੋਲੇ ਸਕੂਲ ਦੀ ਨਵ-ਉਸਾਰੀ ਕਰਵਾ ਕੇ ਪੜ੍ਹਾਈ ਸ਼ੁਰੂ ਕਰਵਾਈ ਅਤੇ ਉਸ ਨੇ ਖੁਦ ਪੰਜਾਬੀ ਦੀ ਕਲਾਸ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਸ਼ ਤੇਜਾ ਸਿੰਘ ਸੁਤੰਤਰ ਅਤੇ ਭਾਈ ਹਜਾਰਾ ਸਿੰਘ ਦੀ ਅਗਵਾਈ ਵਿਚ ਕਾਬਲ ਆਏ ਪ੍ਰਚਾਰਕ ਜਥੇ ਦਾ ਨਿੱਘਾ ਸੁਆਗਤ ਕੀਤਾ। ਕਾਬਲ ਵਿਚ ਹਿੰਦੂ, ਸਿੱਖ ਅਤੇ ਮੁਸਲਮਾਨ ਵਖਰੇ ਵਖਰੇ ਖਿਆਲਾਂ ਦੇ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਅੰਗਰੇਜ਼ੀ ਸਮਰਾਜ ਦੇ ਵਿਰੁਧ ਲਾਮਬੰਦ ਕੀਤਾ। ਕਾਬਲ, ਤੁਰਕੀ, ਰੂਸ, ਜੰਮੂ-ਕਸ਼ਮੀਰ ਅਤੇ ਹੋਰ ਸਰਕਾਰਾਂ ਨਾਲ ਮੇਲ-ਜੋਲ ਸਥਾਪਤ ਕੀਤਾ। ਜਦੋਂ ਬਾਬਾ ਗੁਰਮੁਖ ਸਿੰਘ ਲਲਤੋਂ ਕਾਬਲ ਪੁੱਜੇ ਤਾਂ ਗੁਜ਼ਾਰਾ ਤੋਰਨ ਅਤੇ ਕੇਂਦਰ ਸਥਾਪਤ ਕਰਨ ਦੇ ਮਕਸਦ ਨਾਲ, ਇਕ ਦੁਕਾਨ ਕਾਬਲ ‘ਚ ਖੋਲੀ ਗਈ। ਇਹ ਦੁਕਾਨ Ḕਅਕਾਲੀ ਸਟੋਰḔ ਕਰਕੇ ਬਹੁਤ ਮਸ਼ਹੂਰ ਹੋਈ ਅਤੇ ਦੇਸ਼ ਭਗਤਾਂ ਦਾ ਅੱਡਾ ਬਣ ਗਈ।
ਭਾਈ ਊਧਮ ਸਿੰਘ ਭਾਈ ਰਤਨ ਸਿੰਘ ਰਾਏਪੁਰ ਡੱਬਾ ਅਤੇ ਭਾਈ ਸੰਤੋਖ ਸਿੰਘ ਧਰਦਿਉ (ਯੂæ ਐਸ਼ ਏæ) ਤੋਂ ਸੋਵੀਅਤ ਯੂਨੀਅਨ ਮਾਰਕਸਵਾਦ-ਲੈਨਿਨਵਾਦ ਦੀ ਪੜ੍ਹਾਈ ਕਰਨ ਗਏ ਸਨ। ਉਥੇ ਅੱਠ ਮਹੀਨੇ ਗੁਜਾਰਨ ਪਿਛੋਂ ਦੋਵੇਂ ਬਰਲਿਨ (ਜਰਮਨੀ), ਇਰਾਨ ਹੁੰਦੇ ਹੋਏ ਅਗਸਤ 1923 ਦੇ ਸ਼ੁਰੂ ਵਿਚ ਅਫਗਾਨਿਸਤਾਨ ਪੁੱਜ ਗਏ। ਇਨ੍ਹਾਂ ਚਾਰੇ ਗਦਰੀ ਸਾਥੀਆਂ- ਗੁਰਮੁਖ ਸਿੰਘ ਲਲਤੋਂ, ਊਧਮ ਸਿੰਘ ਕਸੇਲ, ਭਾਈ ਰਤਨ ਸਿੰਘ ਰਾਏਪੁਰ ਡੱਬਾ ਅਤੇ ਭਾਈ ਸੰਤੋਖ ਸਿੰਘ ਧਰਦਿਉ ਦੀ ਅਰਸਿਆਂ ਬਾਅਦ ਹੋਈ ਇਹ ਮਿਲਣੀ ਜਜ਼ਬਿਆਂ, ਹੌਸਲਿਆਂ ਅਤੇ ਭਾਵੁਕਤਾ ਨਾਲ ਭਰਪੂਰ ਸੀ। ਇਨ੍ਹਾਂ ਆਗੂਆਂ ਨੇ ਬੀਤੇ ਦੀ ਪੜਚੋਲ ਕਰਕੇ ਨਵੇਂ ਫੈਸਲੇ ਕੀਤੇ ਅਤੇ ਨਵੀਂ ਯੁੱਧ ਨੀਤੀ ਤੈਅ ਕੀਤੀ। ਇਸ ਲਈ ਆਪੋ ਆਪਣੀਆਂ ਜ਼ਿੰਮੇਵਾਰੀਆਂ ਅਤੇ ਕਰਨ ਵਾਲੇ ਕੰਮਾਂ ਦੀ ਵੰਡ ਵੀ ਕੀਤੀ ਗਈ।
ਮਾਸਟਰ ਊਧਮ ਸਿੰਘ ਕਾਬਲ ਤੋਂ ਲੁਕ ਛਿਪ ਕੇ ਚਾਰ ਵਾਰ ਭਾਰਤ ਆਏ। ਦੇਸ਼ ਭਗਤ ਕਮੇਟੀ ਨੂੰ ਪੁਨਰਗਠਨ ਕਰਨਾ, ਕਿਰਤੀ ਪੇਪਰ ਲਈ ਮਾਇਆ ਦੇਣੀ ਅਤੇ ਸਰਕਾਰੀ ਹਿਰਾਸਤ ‘ਚ ਲਏ ਗਏ ਸ਼ ਸੰਤੋਖ ਸਿੰਘ ਧਰਦਿਉ ਨੂੰ ਛਡਾਉਣ ਲਈ ਉਦਮ-ਉਪਰਾਲੇ ਕਰਨ ਵਰਗੇ ਉਦੇਸ਼ਾਂ ਨਾਲ ਇਹ ਫੇਰੀਆਂ ਕੀਤੀਆਂ ਗਈਆਂ। ਜੰਮੂ-ਕਸ਼ਮੀਰ ਦੇ ਰਾਜਾ, ਰਾਜਾ ਮਹਿੰਦਰ ਪ੍ਰਤਾਪ (ਬਿੰਦਰਾਬਨ) ਅਤੇ ਨੇਪਾਲ ਨਰੇਸ਼ ਦੀ ਸਰਕਾਰ ਨੂੰ ਭਰੋਸੇ ‘ਚ ਲੈ ਕੇ ਅਤੇ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਾਲ ਅੰਗਰੇਜਾਂ ਨੂੰ ਹਥਿਆਰਬੰਦ ਹਮਲਾ ਕਰਕੇ ਦੇਸ਼ੋਂ ਬਾਹਰ ਕੱਢਣ ਦੀਆਂ ਸਕੀਮਾਂ ‘ਤੇ ਉਹ ਸੋਚ-ਵਿਚਾਰ ਕਰਦਾ ਰਿਹਾ ਸੀ। ਸੰਭਵ ਹੈ ਕਿ ਉਹ ਦਸਬੰਰ 1925 ਦੇ ਅਖੀਰਲੇ ਹਫਤੇ ਹੋਏ ਕਾਂਗਰਸ ਅਤੇ ਕਮਿਊਨਿਸਟਾਂ ਦੇ ਕਾਨਪੁਰ ਵਾਲੇ ਸਮਾਗਮਾਂ ਵਿਚ ਭੇਸ ਬਦਲ ਕੇ ਸ਼ਾਮਲ ਹੋਇਆ ਹੋਵੇ। ਉਹ ਬਾਅਦ ‘ਚ ਵਾਇਆ ਮਥਰਾ ਨੇਪਾਲ ਵਲ ਆਪਣੇ ਮਿਸ਼ਨ ਦੇ ਹੋਰ ਪ੍ਰੋਗਰਾਮਾਂ ਲਈ ਰਵਾਨਾ ਹੋ ਗਿਆ।
1925 ਦੇ ਆਖੀਰ ਵਿਚ ਮਾਸਟਰ ਊਧਮ ਸਿੰਘ ਕਸੇਲ ਦੀ ਚੌਥੀ ਅਤੇ ਅਖੀਰਲੀ ਭਾਰਤ ਫੇਰੀ ਹੋ ਨਿਬੜੀ। ਇਸ ਫੇਰੀ ਦੌਰਾਨ ਉਸ ਨੇ ਨੇਪਾਲ ਨਾਲ ਸਬੰਧਤ ਕੋਈ ਕਾਰਜ ਨਿਬੇੜ ਕੇ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਦਰਸ਼ਨ-ਪਰਸਨ ਕੀਤੇ। ਉਸ ਪਿਛੋਂ ਉਹ ਕਾਬੁਲ ਲਈ ਵਾਪਿਸ ਤੁਰ ਪਿਆ। ਪਿਸ਼ਾਵਰ ਤੋਂ ਤੁਰਨ ਲੱਗਿਆਂ, ਦੋ ਪਠਾਣਾਂ ਨੂੰ ਆਪਣੇ ਨਾਲ ਇਸ ਕਰਕੇ ਲੈ ਲਿਆ ਕਿ ਉਹ ਉਸ ਦੇ ਕਾਬੁਲ ਜਾਣ ਲਈ ਰਾਹ ਦਸੇਰੇ ਬਣਨ। ਇਨ੍ਹਾਂ ਹੀ ਪਠਾਣਾਂ ਇਕ ਥਾਂ ਆ ਕੇ (ਕਬੀਲਿਆਂ ਦਾ ਇਲਾਕਾ) ਉਸ ਦਾ ਬਟੂਆ ਜ਼ਬਰਦਸਤੀ ਖੋਹ ਲਿਆ। ਉਸ ਨੇ ਉਹ ਬਟੂਆ ਆਪਣਾ ਪਿਸਤੌਲ ਦਿਖਾ ਕੇ ਵਾਪਿਸ ਲੈ ਲਿਆ। ਉਥੋਂ ਤਾਂ ਇਹ ਪਠਾਣ ਦੁੰਮ ਦਬਾ ਕੇ ਨੱਸ ਗਏ ਪਰ ਬਾਅਦ ਵਿਚ ਬੰਦੂਕਾਂ ਲਿਆ ਕੇ ਰਾਹ ‘ਚ ਆਣ ਮਿਲੇ ਅਤੇ ਉਸ ‘ਤੇ ਅਚਨਚੇਤ ਹਮਲਾ ਕਰ ਦਿੱਤਾ। ਮਾਸਟਰ ਊਧਮ ਸਿੰਘ ਇਨ੍ਹਾਂ ਹਤਿਆਰਿਆਂ ਨਾਲ ਮੁਕਾਬਲਾ ਕਰਦਾ ਹੋਇਆ ਗੋਲੀਆਂ ਦਾ ਨਿਸ਼ਾਨਾ ਬਣ ਕੇ ਥਾਂ ਹੀ ਸ਼ਹੀਦ ਹੋ ਗਿਆ। ਇਸ ਤਰ੍ਹਾਂ ਭਾਰਤ ਦੀ ਆਜ਼ਾਦੀ ਅਤੇ Ḕਸਭੇ ਸਾਝੀਵਾਲ ਸਦਾਇਨਿæææḔ ਵਾਲੇ ਸਮਾਜ ਸਿਰਜਣ ਦੇ ਸੁਪਨੇ ਸੰਜੋਈ, ਗਦਰ ਲਹਿਰ ਦਾ ਇਹ ਮਹਾਨ ਯੋਧਾ 27 ਜਨਵਰੀ 1926 ਨੂੰ ਸਦੀਵੀ ਵਿਛੋੜਾ ਦੇ ਗਿਆ। ਭਾਈ ਸਰਨ ਸਿੰਘ ਆਜ਼ਿਜ ਦੀਆਂ ਹੇਠ ਲਿਖੀਆਂ ਕਾਵਿ-ਸਤਰਾਂ ਨਾਲ ਸ਼ਰਧਾਂਜਲੀ ਭੇਟ ਹੈ,
ਦਿਨ ਕੈਹਰ ਭਰਿਆ ਪੰਦਰਾਂ ਮਾਘ ਵਾਲਾ,
ਸਾਲ ਦੂਸਰਾ ਆਇਆ ਬਲਬੀਰ ਦਾ ਜੇ!
ਭਾਰਤ ਮਾਤਾ ਦਾ ਸੂਰਮਾ ਸ਼ੇਰ ਬਾਂਕਾ,
ਖੁਲ੍ਹ ਹਿੰਦ ਦੀ ਤੇ ਰਾਂਝਾ ਹੀਰ ਦਾ ਜੇ!
ਰੁਲਿਆ ਅਜ ਦੀ ਰਾਤ ਪਹਾੜ ਅੰਦਰ,
ਜਿਗਰਾ ਵੱਡਾ ਸੁਮੇਰ ਤੋਂ ਵੀਰ ਦਾ ਜੇ!
ਪ੍ਰਜਾ ਭਗਤ ਤੇ ਆਸ਼ਕ ਆਜ਼ਾਦੜੀ ਦਾ
ਪੁੱਤ ਦੁਸ਼ਟ-ਦਮਨ ਸੱਚੇ ਪੀਰ ਦਾ ਜੇ!
ਸ਼ਹੀਦੀ ਵਿਚ ਪਾ ਪਰਬਤਾਂ ਵਟਿਆਂ ਦੇ,
ਵਾਰ ਗਿਆ ਏ ਜਿੰਦ ਤੇ ਮਾਲ ਸਾਥੋਂ!
ਊਧਮ ਸਿੰਘ ਸੂਰਾ ਪ੍ਰਜਾ ਭਗਤ ਪੂਰਾ,
ਦੇਸ਼ ਕੌਮ ਦਾ ਗੁੰਮ ਗਿਆ ਲਾਲ ਸਾਥੋਂ!