ਸਾਹਿਬਜ਼ਾਦਾ ਅਜੀਤ ਸਿੰਘ ਅਤੇ ਪਾਲਕ ਪੁੱਤਰ ਅਜੀਤ ਸਿੰਘ

ਪੰਜਾਬ ਟਾਈਮਜ਼ ਦੇ 20 ਦਸੰਬਰ ਦੇ ਅੰਕ ਵਿਚ ਸੁਰਜੀਤ ਸਿੰਘ ਪੰਛੀ ਦੇ ਲੇਖ Ḕਅਨੰਦਪੁਰ ਸਾਹਿਬ ਤੋਂ ਸਰਹਿੰਦ ਤੱਕḔ ਛਪਿਆ ਸੀ। ਕੁਝ ਵਿਦਵਾਨਾਂ ਦੀ ਦਲੀਲ ਹੈ ਕਿ ਸ਼ ਪੰਛੀ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਮਾਤਾ ਸੁੰਦਰੀ ਦੇ ਪਾਲਕ ਪੁੱਤਰ ਅਜੀਤ ਸਿੰਘ ਵਿਚਾਲੇ ਮੁਬਾਲਗਾ ਲੱਗਾ ਹੈ।

ਸ਼ ਪੰਛੀ ਨੇ ਆਪਣੀ ਗੱਲ ਦੀ ਪੁਸ਼ਟੀ ਲਈ ਕੁਝ ਸਿੱਖ ਇਤਿਹਾਸਕਾਰਾਂ ਦੀਆਂ ਲਿਖਤਾਂ ਦਾ ਹਵਾਲਾ ਦਿੱਤਾ ਹੈ ਜੋ ਦਲੀਲ ਉਪਰ ਖਰੀਆਂ ਨਹੀਂ ਉਤਰਦੀਆਂ। ਪ੍ਰੋæ ਜਗਿੰਦਰ ਸਿੰਘ ਰਮਦੇਵ ਅਤੇ ਮਹਿੰਦਰ ਸਿੰਘ ਘੱਗ ਦੇ ਪ੍ਰਤੀਕਰਮ ਸਾਨੂੰ ਕਾਫੀ ਦੇਰ ਨਾਲ ਪਹੁੰਚੇ ਹਨ ਪ੍ਰੰਤੂ ਸਾਰੇ ਵਿਚਾਰਾਂ ਨੂੰ ਬਰਾਬਰ ਦੀ ਥਾਂ ਦੇਣ ਦੀ ਪੰਜਾਬ ਟਾਈਮਜ਼ ਦੀ ਨੀਤੀ ਕਰਕੇ ਇਹ ਵਿਚਾਰ ਇਥੇ ਛਾਪੇ ਜਾ ਰਹੇ ਹਨ। -ਸੰਪਾਦਕ

ਪੰਜਾਬ ਟਾਈਮਜ਼ ਦੇ 20 ਦਸੰਬਰ ਦੇ ਅੰਕ ਵਿਚ ਸੁਰਜੀਤ ਸਿੰਘ ਪੰਛੀ ਦੇ ਲੇਖ Ḕਅਨੰਦਪੁਰ ਸਾਹਿਬ ਤੋਂ ਸਰਹਿੰਦ ਤੱਕḔ ਵਿਚ ਕੁਝ ਗੰਭੀਰ ਉਕਾਈਆਂ ਹਨ। ਜਿਸ ਅਜੀਤ ਸਿੰਘ ਦਾ ਇਸ ਲੇਖ ਵਿਚ ਜ਼ਿਕਰ ਕੀਤਾ ਗਿਆ ਹੈ, ਉਹ ਅਸਲ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਨਹੀਂ ਸਗੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਉਪਰੰਤ ਮਾਤਾ ਸੁੰਦਰੀ ਵਲੋਂ ਗੋਦ ਲਿਆ ਗਿਆ ਅਜੀਤ ਸਿੰਘ ਨਾਂ ਦਾ ਇਕ ਸ਼ਖਸ ਹੈ ਜਿਸ ਨੂੰ ਬਾਦ ਵਿਚ ਮਾਤਾ ਸੁੰਦਰੀ ਜੀ ਨੇ ਉਸ ਦੀਆਂ ਕਰਤੂਤਾਂ ਕਾਰਨ ਫਾਰਖਤੀ ਦੇ ਦਿਤੀ ਸੀ।
ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਸਨ। ਸਭ ਤੋਂ ਵਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ (ਜਿਸ ਬਾਰੇ ਕਿ ਲੇਖਕ ਨੇ ਇਸ ਲੇਖ ਵਿਚ ਟਪਲਾ ਖਾਧਾ ਹੈ) ਨੇ ਗੁਰੂ ਕੇ ਮਹਿਲ ਮਾਤਾ ਸੁੰਦਰੀ ਜੀ ਦੀ ਕੁਖੋਂ ਜਨਮ ਲਿਆ। ਛੋਟੇ ਤਿੰਨਾਂ ਸਾਹਿਬਜ਼ਾਦਿਆਂ-ਜੁਝਾਰ ਸਿੰਘ, ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੇ ਗੁਰੂ ਕੇ ਦੂਜੇ ਮਹਿਲ ਮਾਤਾ ਜੀਤੋ ਜੀ ਦੀ ਕੁਖੋਂ ਜਨਮ ਲਿਆ। ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਅਜੇ ਦੋ ਸਾਲਾਂ ਦੇ ਹੀ ਸਨ ਕਿ ਮਾਤਾ ਜੀਤੋ ਜੀ ਕਿਲਾ ਲੋਹਗੜ੍ਹ ਲਾਗੇ ਅਗਮਪੁਰਾ ਵਿਚ ਅਕਾਲ ਚਲਾਣਾ ਕਰ ਗਏ। ਛੋਟੇ ਦੋਹਾਂ ਸਾਹਿਬਜ਼ਾਦਿਆਂ ਦੀ ਸਾਂਭ-ਸੰਭਾਲ ਉਨ੍ਹਾਂ ਦੀ ਦਾਦੀ ਮਾਤਾ ਗੁਜਰੀ ਜੀ ਨੇ ਕੀਤੀ। ਵਡੇ ਦੋਹੇਂ ਸਾਹਿਬਜ਼ਾਦੇ ਚਮਕੌਰ ਦੀ ਲੜਾਈ ਵਿਚ ਸ਼ਹੀਦ ਹੋ ਗਏ ਜਦੋਂ ਕਿ ਛੋਟੇ ਦੋਹਾਂ ਨੂੰ ਸਰਹਿੰਦ ਵਿਚ ਨੀਹਾਂ ਵਿਚ ਚਿਣ ਦਿਤਾ ਗਿਆ।
ਗੁਰੂ ਗੋਬਿੰਦ ਸਿੰਘ ਜੀ ਦੇ ਪਲੇਠੀ ਦੇ ਪੁਤ ਬਾਬਾ ਅਜੀਤ ਸਿੰਘ ਮਾਤਾ ਸੁੰਦਰੀ ਜੀ ਦੀ ਕੁਖੋਂ 26 ਜਨਵਰੀ 1687 ਈæ ਨੂੰ ਪਾਉਂਟਾ ਸਾਹਿਬ ਵਿਚ ਪੈਦਾ ਹੋਏ ਸਨ। 1688 ਭੰਗਾਣੀ ਦੀ ਜਿਤ ਤੋਂ ਪਿਛੋਂ ਗੁਰੂ ਜੀ ਮੁੜ ਅਨੰਦਪੁਰ ਸਾਹਿਬ ਆ ਗਏ ਸਨ। ਬਾਬਾ ਅਜੀਤ ਸਿੰਘ ਦੀ ਉਮਰ ਉਸ ਸਮੇਂ ਕੇਵਲ ਇਕ ਸਾਲ ਸੀ। 30 ਮਾਰਚ 1699 ਨੂੰ ਖਾਲਸੇ ਦੇ ਜਨਮ ਪਿਛੋਂ ਬਾਬਾ ਅਜੀਤ ਸਿੰਘ ਪਹਾੜੀ ਰਾਜਿਆਂ ਨਾਲ ਹੋਏ ਹਰ ਛੋਟੇ ਵੱਡੇ ਸੰਘਰਸ਼ ਵਿਚ ਹਿੱਸਾ ਲੈਂਦੇ ਰਹੇ। 12 ਸਾਲ ਦੀ ਉਮਰ ਵਿਚ ਸੌ ਸਿੰਘਾਂ ਦੀ ਅਗਵਾਈ ਕਰਕੇ ਨੂੰਹ ਪਿੰਡ ਦੇ ਰੰਗੜਾਂ ਤੋਂ ਪੋਠੋਹਾਰ ਤੋਂ ਆਉਂਦੀ ਸੰਗਤ ਦਾ ਲੁਟਿਆ ਮਾਲ ਵਾਪਸ ਕਰਵਾਇਆ। 6 ਦਸੰਬਰ 1705 ਈæ ਵਿਚ ਜਦੋਂ ਗੁਰੂ ਜੀ ਨੇ ਅਨੰਦਪੁਰ ਛਡਿਆ ਤਾਂ ਆਪ ਨੇ ਪਿਛੇ ਰਹਿ ਕੇ ਫੌਜੀ ਦਸਤਿਆਂ ਦੀ ਅਗਵਾਈ ਕੀਤੀ ਤੇ “ਸ਼ਾਹੀ ਟਿਬੇ” ਤੇ ਭਾਈ ਉਦੈ ਸਿੰਘ ਦੇ ਪੁਜਣ ਤਕ ਪੂਰਾ ਮੁਕਾਬਲਾ ਕੀਤਾ।
ਅਜੀਤ ਸਿੰਘ ਪਾਲਕ ਪੁਤਰ: ਇਹ ਅਜੀਤ ਸਿੰਘ ਮਾਤਾ ਸੁੰਦਰੀ ਦਾ ਪਾਲਕ ਪੁਤਰ ਸੀ ਜਿਸ ਬਾਰੇ Ḕਮਹਾਨ ਕੋਸ਼’ ਵਿਚ ਭਾਈ ਕਾਹਨ ਸਿੰਘ ਨਾਭਾ ਪੰਨਾ 48 ਉਤੇ ਲਿਖਦੇ ਹਨ, “ਇਕ ਸੁਨਿਆਰੇ ਦਾ ਪੁਤਰ, ਜਿਸ ਨੂੰ ਮਾਤਾ ਸੁੰਦਰੀ ਜੀ ਨੇ ਸ੍ਰੀ ਅਜੀਤ ਸਿੰਘ ਜਿਹੀ ਸ਼ਕਲ ਦਾ ਵੇਖ ਕੇ ਪੁਤਰ ਬਣਾਇਆ।”
ਅਸਲ ਵਿਚ ਮਾਤਾ ਸੁੰਦਰੀ ਜੀ ਆਪਣੇ ਇਕਲੌਤੇ ਪੁਤਰ ਬਾਬਾ ਅਜੀਤ ਸਿੰਘ ਦੀ ਸ਼ਹਾਦਤ ਪਿਛੋਂ ਬੜੇ ਦੁਖੀ ਰਹਿੰਦੇ ਸਨ। ਇਸ ਦੁਖ ਨੂੰ ਭੁਲਾਉਣ ਲਈ ਆਪ ਨੇ ਇਸ ਬੱਚੇ ਨੂੰ ਗੋਦ ਲੈ ਲਿਆ ਅਤੇ ਇਸ ਦਾ ਨਾਂ ਵੀ ਅਜੀਤ ਸਿੰਘ ਰਖਿਆ। ਇਸ ਦੇ ਮਾਪਿਆਂ ਦਾ ਕੁਝ ਪਤਾ ਨਹੀਂ ਪਰ ਇਹ ਸਪਸ਼ਟ ਹੈ ਕਿ ਮਾਤਾ ਜੀ ਨੇ ਇਸ ਨੂੰ ਇਕ ਸੁਨਿਆਰੇ ਤੋਂ ਗੋਦ ਲਿਆ। ਮਾਤਾ ਸੁੰਦਰੀ ਜੀ ਨੇ ਇਸ ਨੂੰ ਬੜੇ ਚਾਵਾਂ-ਮਲ੍ਹਾਰਾਂ ਨਾਲ ਪਾਲਿਆ। ਇਥੋਂ ਤਕ ਕਿ ਇਸ ਦਾ ਵਿਆਹ ਵੀ ਇਕ ਚੰਗੇ ਘਰਾਣੇ ਦੀ ਲੜਕੀ ‘ਤਾਰਾ ਬਾਈ’ ਨਾਲ ਕੀਤਾ। ਇਸ ਵਿਚੋਂ ਇਕ ਲੜਕੇ ਦਾ ਜਨਮ ਵੀ ਹੋਇਆ ਅਤੇ ਇਸ ਦਾ ਨਾਂ ਹਥੀ ਸਿੰਘ ਰਖਿਆ।
ਪਰ ਮਾਤਾ ਜੀ ਦੇ ਕਰਮਾਂ ਵਿਚ ਪੁਤਰ ਦਾ ਸੁਖ ਨਹੀਂ ਸੀ। ਜਿਉਂ-ਜਿਉਂ ਅਜੀਤ ਸਿੰਘ ਵਡਾ ਹੁੰਦਾ ਗਿਆ, ਮਾਤਾ ਜੀ ਦੀ ਜਿੰਦਗੀ ਵਧੇਰੇ ਦੁਖੀ ਹੁੰਦੀ ਗਈ। ਇਹ ਬੜਾ ਗੁਸੈਲਾ, ਘੁਮੰਡੀ ਅਤੇ ਆਕੜ ਖਾਂ ਹੋ ਨਿਬੜਿਆ। ਇਹ ਹੰਕਾਰੀ ਇਨਸਾਨ ਆਪਣੀ ਜਿੰਦਗੀ ਝੂਠੀ ਸ਼ਾਨੋ-ਸ਼ੌਕਤ ਨਾਲ ਬਿਤਾਉਣ ਲੱਗਾ। ਦਿਨੋ ਦਿਨ ਇਸ ਦਾ ਹੰਕਾਰ ਵਧਦਾ ਗਿਆ ਅਤੇ ਇਹ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗਾ।
ਮੁਸਲਮਾਨ ਵੀ ਇਸ ਨੂੰ ਬਹੁਤ ਘ੍ਰਿਣਾ ਕਰਨ ਲਗੇ। ਇਕ ਵਾਰ ਬਾਦਸ਼ਾਹ ਵਾਂਗ ਹੀ ਆਪਣੇ ਸਵਾਰਾਂ ਸਮੇਤ ਜਾਮਾ ਮਸਜਿਦ ਕੋਲੋਂ ਲੰਘ ਰਿਹਾ ਸੀ। ਮੌਲਵੀਆਂ ਨੂੰ ਇਹ ਚੰਗਾ ਨਾ ਲੱਗਾ ਤੇ ਉਨ੍ਹਾਂ ਨੇ ਬਾਦਸ਼ਾਹ ਦੇ ਖੂਬ ਕੰਨ ਭਰੇ ਤੇ ਬਾਦਸ਼ਾਹ ਕੋਲੋਂ ਇਹ ਹੁਕਮ ਜਾਰੀ ਕਰਵਾ ਦਿਤਾ, “ਅਜੀਤ ਸਿੰਘ ਜਾਂ ਤਾਂ ਸਿੱਖੀ ਨੂੰ ਤਿਲਾਂਜਲੀ ਦੇਵੇ ਜਾਂ ਇਸ ਨੂੰ ਕੈਦ ਕਰ ਲਿਆ ਜਾਵੇ।” ਇਸ ਡਰਪੋਕ ਨੇ ਆਪਣੀ ਜਾਨ ਬਚਾਉਣ ਲਈ ਆਪਣੇ ਕੇਸ ਕਤਲ ਕਰਵਾ ਕੇ, ਇਕ ਥਾਲੀ ਸੋਨੇ ਦੀਆਂ ਕੁਝ ਅਸ਼ਰਫੀਆਂ ਸਮੇਤ ਬਾਦਸ਼ਾਹ ਨੂੰ ਪੇਸ਼ ਕਰਕੇ ਆਪਣੀ ਜਾਨ ਬਚਾਈ। ਜਦੋਂ ਮਾਤਾ ਜੀ ਨੂੰ ਇਹ ਦੁਖਦਾਈ ਖਬਰ ਪੁਜੀ ਤਾਂ ਉਨ੍ਹਾਂ ਹੁਕਮ ਦਿਤਾ ਕਿ ਅਜੀਤ ਸਿੰਘ ਹੁਣ ਮੇਰੇ ਮੱਥੇ ਨਾ ਲਗੇ ਅਤੇ ਇਸ ਹੁਕਮ ਦੀ ਪਾਲਣਾ ਮਾਤਾ ਜੀ ਨੇ ਅੰਤਮ ਸਵਾਸਾਂ ਤਕ ਕੀਤੀ।
ਅਜੀਤ ਸਿੰਘ ਬਾਰੇ ਮੁਗਲ ਹਕੂਮਤ ਦੇ ਰੋਜਨਾਮਿਆਂ ‘ਚ (ਭਾਵ ਅਹਕਾਮੇ-ਆਲਮਗੀਰੀ, ਅਖਬਰਾਤੇ-ਦਰਬਾਰੇ ਮੁਲ੍ਹਾ, ਇਬਰਤ-ਨਾਮਾ, ਖਾਫੀ ਖਾਂ ਦੀ ਡਾਇਰੀ ਆਦਿ) ਸਭ ਤੋਂ ਪਹਿਲਾਂ 30 ਅਕਤੂਬਰ 1708 ਵਿਚ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣਾ ਕਰ ਜਾਣ ‘ਤੇ, ਬਹਾਦਰ ਸ਼ਾਹ ਨੇ Ḕਮਾਤਮੀ ਪੁਸ਼ਾਕ’ ਗੁਰੂ ਜੀ ਦੇ ਪੁੱਤਰ ਅਜੀਤ ਸਿੰਘ ਨੂੰ ਦੇਣ ਦਾ ਹੁਕਮ ਦਿਤਾ।
11 ਨਵੰਬਰ 1708 ਨੂੰ ਅਜੀਤ ਸਿੰਘ ਮਾਤਾ ਸੁੰਦਰੀ ਦਾ ਪਾਲਕ ਪੁਤਰ ਬਾਦਸ਼ਾਹ ਦੇ ਦਰਬਾਰ ਵਿਚ ਹਾਜਰ ਹੋਇਆ ਜਿਸ ਨੂੰ ਇਕ ਸ਼ਾਹੀ ਖਿਲਅਤ ਬਖਸ਼ੀ ਗਈ।
26 ਸਤੰਬਰ 1710 ਨੂੰ ਬੰਦਾ ਬਹਾਦਰ ਹਥੋਂ ਨਵਾਬ ਵਜ਼ੀਰ ਖਾਂ ਦੀ ਮੌਤ ਤੇ ਸਰਹਿੰਦ ਦੀ ਫਤਿਹ ਪਿਛੋਂ, ਬਹਾਦਰ ਸ਼ਾਹ ਨੇ ਸਢੌਰੇ ਤੇ ਲੋਹਗੜ੍ਹ ‘ਤੇ ਹਮਲਾ ਕਰਨ ਸਮੇਂ ਅਜੀਤ ਸਿੰਘ ਨੂੰ ਆਪਣੇ ਦਰਬਾਰ ਵਿਚ ਹਾਜਰ ਹੋਣ ਲਈ ਰਾਜਾ ਚਤਰਸ਼ਾਲ ਬੁੰਦੇਲਾ ਰਾਹੀਂ ਦਿਲੀਓਂ ਬੁਲਾ ਭੇਜਿਆ। ਦਰਬਾਰ ਵਿਚ ਹਾਜਰ ਹੋਣ ‘ਤੇ ਅਜੀਤ ਸਿੰਘ ਨੂੰ ਕੁਝ ਮੁਹਰਾਂ, ਇਕ ਤਲਵਾਰ, ਇਕ ਢਾਲ ਤੇ ਇਕ ਖਿਲਅਤ ਪੇਸ਼ ਕੀਤੀ ਗਈ। ਅਜੀਤ ਸਿੰਘ ਨੇ ਬਾਦਸ਼ਾਹ ਵਲੋਂ ਬਖਸ਼ੇ ਆਸਰੇ ਨੂੰ ਕਬੂਲ ਕੀਤਾ। ਬੰਦੇ ਬਹਾਦਰ ਤੇ ਸ਼ਾਹੀ ਹਮਲਾ ਹੋਣ ਸਮੇਂ ਅਜੀਤ ਸਿੰਘ ਮੁਗਲ ਕੈਂਪ ਵਿਚ ਹਾਜਰ ਸੀ।
27 ਦਸੰਬਰ 1710 ਨੂੰ ਲੋਹਗੜ੍ਹ ਦੀ ਫਤਿਹ ਪਿਛੋਂ ਅਜੀਤ ਸਿੰਘ ਨੂੰ ਤਾਲਬ ਖਾਂ ਬਹਾਦਰ ਦੀ ਨਿਗਰਾਣੀ ਵਿਚ ਰਖਿਆ ਗਿਆ। ਪਹਿਲੀ ਜੂਨ 1711 ਨੂੰ ਅਜੀਤ ਸਿੰਘ ਨੇ ਸਰਬਖਾਂ ਕੋਤਵਾਲ ਰਾਹੀਂ ਬਾਦਸ਼ਾਹ ਨੂੰ ਮਿਲਣ ਲਈ ਬੇਨਤੀ ਕੀਤੀ ਅਤੇ ਹਮੀਦ-ਉਦ-ਦੀਨ ਖਾਂ ਬਹਾਦਰ ਰਾਹੀਂ ਅਜੀਤ ਸਿੰਘ ਨੇ ਪੰਜ ਮੁਹਰਾਂ ਦਾ ਨਜ਼ਰਾਨਾ ਬਾਦਸ਼ਾਹ ਨੂੰ ਪੇਸ਼ ਕੀਤਾ। ਬਾਦਸ਼ਾਹ ਨੇ ਅਜੀਤ ਸਿੰਘ ਨੂੰ ਕੁਝ ਸੁਗਾਤਾਂ ਭੇਂਟ ਕੀਤੀਆਂ ਤੇ ਖਾਨ ਬਹਾਦਰ ਨੂੰ ਅਜੀਤ ਸਿੰਘ ਦੀ ਪੂਰੀ ਦੇਖਭਾਲ ਦਾ ਹੁਕਮ ਦਿਤਾ।
30 ਦਸੰਬਰ 1711 ਨੂੰ ਅਜੀਤ ਸਿੰਘ ਮੁੜ ਬਾਦਸ਼ਾਹ ਦੇ ਦਰਬਾਰ ਵਿਚ 11 ਅਸ਼ਰਫੀਆਂ ਦਾ ਨਜ਼ਰਾਨਾ ਲੈ ਕੇ ਪੇਸ਼ ਹੋਇਆ। ਬਾਦਸ਼ਾਹ ਨੇ ਮਹਾਬਤ ਖਾਂ ਬਹਾਦਰ ਨੂੰ ਹੁਕਮ ਦਿਤਾ ਕਿ ਅਜੀਤ ਸਿੰਘ ਦੀ ਪੂਰੀ ਰਾਖੀ ਕੀਤੀ ਜਾਵੇ। ਇਹ ਜਿਥੇ ਚਾਹੇ ਰਹਿ ਸਕਦਾ ਹੈ। ‘ਗੁਰੂ ਕਾ ਚੱਕ’ ਅੰਮ੍ਰਿਤਸਰ ਇਸ ਦੇ ਨਾਂ ‘ਤੇ ਪਟਾ ਲਿਖ ਦਿਤਾ। ਅਜੀਤ ਸਿੰਘ ਕੁਝ ਸਮੇਂ ਲਈ ਆਪਣੇ ਸਵਾਰਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਚਲਾ ਗਿਆ।
7 ਅਗਸਤ 1716 ਨੂੰ ਬੰਦਾ ਬਹਾਦਰ ਦੀ ਸ਼ਹੀਦੀ ਪਿਛੋਂ ਅਜੀਤ ਸਿੰਘ ਆਪਣੇ ਕੁਝ ਸਾਥੀਆਂ ਸਮੇਤ ਫਰੁਖਸ਼ਿਅਰ ਦੇ ਦਰਬਾਰ ਵਿਚ ਹਾਜਰ ਹੋਇਆ। ਫਰੁਖਸ਼ਿਅਰ ਨੇ ਅਜੀਤ ਸਿੰਘ ਨੂੰ ਸ਼ੁਕਰਾਨੇ ਵਜੋਂ ਇਕ ਪਗੜੀ ਦੇ ਕੇ ਇਸ ਦਾ ਮਾਣ ਵਧਾਇਆ।
ਇਸ ਸਭ ਤੋਂ ਸਪਸ਼ਟ ਹੈ ਕਿ ਅਜੀਤ ਸਿੰਘ ਬਾਬਾ ਬੰਦਾ ਬਹਾਦਰ ਦੀ ਸੱਤ ਸਾਲ ਦੀ ਲੜਾਈ ਦੌਰਾਨ ਮੁਗਲਾਂ ਨਾਲ ਘਿਉ-ਖਿਚੜੀ ਬਣਿਆ ਰਿਹਾ ਅਤੇ ਮੁਗਲ ਹਕੂਮਤ ਦਾ ਮੁਹਰਾ ਬਣ ਕੇ ਸਿੱਖ ਹਿਤਾਂ ਵਿਰੁਧ ਕੰਮ ਕਰਦਾ ਰਿਹਾ। ਹਕੂਮਤ ਦੇ ਇਸ਼ਾਰੇ ‘ਤੇ ਸਿੱਖਾਂ ਅਤੇ ਬੰਦਾ ਬਹਾਦਰ ਵਿਚਕਾਰ ਪਾੜ ਪਾਉਣ ਵਿਚ ਕੁਝ ਹੱਦ ਤਕ ਸਫਲ ਵੀ ਹੋਇਆ। ਪਰ ਇਹ ਸਭ ਕੁਝ ਕਰਨ ਦੇ ਬਾਵਜੂਦ ਇਹ ਲਾਲਚੀ ਆਪਣੀ ਸਕੀਮ ਵਿਚ ਸਫਲ ਨਾ ਹੋ ਸਕਿਆ।
ਇਕ ਵਾਰ ਇਹ ਸਾਥੀਆਂ ਸਮੇਤ ਸ਼ਿਕਾਰ ਖੇਡਣ ਜਾ ਰਿਹਾ ਸੀ, ਘੁਮੰਡ ਤੇ ਕ੍ਰੋਧ ਵਿਚ ਆ ਕੇ ਇਕ ਬੇਨਵੇ ਮੁਸਲਮਾਨ ਨੂੰ ਕਤਲ ਕਰਕੇ ਖੂਹ ਵਿਚ ਸੁਟ ਦਿਤਾ। ਇਹ ਬੇਨਵੇ ਫਕੀਰ ਸ਼ੱਰਾ ਦੇ ਬੜੇ ਪੱਕੇ ਹੁੰਦੇ ਹਨ। ਇਨ੍ਹਾਂ ਦੀ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਤਕ ਪਹੁੰਚ ਸੀ। ਬਾਦਸ਼ਾਹ ਨੇ ਅਜੀਤ ਸਿੰਘ ਦੀ ਗ੍ਰਿਫਤਾਰੀ ਦਾ ਹੁਕਮ ਜਾਰੀ ਕਰ ਦਿਤਾ।
18 ਜਨਵਰੀ 1725 ਨੂੰ ਬਾਦਸ਼ਾਹ ਦੇ ਹੁਕਮ ਅਨੁਸਾਰ ਅਜੀਤ ਸਿੰਘ ਨੂੰ ਹਾਥੀ ਦੇ ਪੈਰਾਂ ਨਾਲ ਬੰਨ੍ਹ ਕੇ ਦਿੱਲੀ ਦੀਆਂ ਗਲੀਆਂ ਵਿਚ ਘਸੀਟ-ਘਸੀਟ ਕੇ ਮਾਰਿਆ ਗਿਆ। ਇਹਦਾ ਸਸਕਾਰ ਸਬਜ਼ੀ ਮੰਡੀ ਦੇ ਇਲਾਕੇ ਵਿਚ ਕੀਤਾ ਗਿਆ ਤੇ ਉਥੇ ਇਸ ਦੀ ਯਾਦ ਵਿਚ ਇਕ ਛੋਟਾ ਜਿਹਾ ਗੁਰਦੁਆਰਾ ਉਸਰਿਆ ਹੋਇਆ ਹੈ।
ਮਾਤਾ ਸੁੰਦਰੀ ਜੀ ਅਜੀਤ ਸਿੰਘ ਦੀ ਪਤਨੀ ਤਾਰਾ ਬਾਈ ਤੇ ਉਸ ਦੇ ਪੁਤ ਹਥੀ ਸਿੰਘ ਨੂੰ ਲੈ ਕੇ ਮਥਰਾ ਚਲੇ ਗਏ। ਮਾਤਾ ਸੁੰਦਰੀ ਜੀ ਨੂੰ ਆਪਣੇ ਪਾਲਕ ਪੋਤੇ ਹਠੀ ਸਿੰਘ ਵਲੋਂ ਵੀ ਸੁਖ ਦਾ ਸਾਹ ਨਾ ਮਿਲਿਆ। ਇਹ ਵੀ ਆਪਣੇ ਪਿਉ ਵਾਂਗ ਘੁਮੰਡੀ, ਹੰਕਾਰੀ ਤੇ ਧੋਖੇਬਾਜ ਸਾਬਤ ਹੋਇਆ। ਆਪਣੀ ਗੁਰਿਆਈ ਸਥਾਪਤ ਕਰਨ ਲਈ ਕਈ ਢੰਗ ਵਰਤੇ। ਆਪਣੇ ਪ੍ਰਚਾਰ ਲਈ ਉਸ ਗੁਰੂ ਗ੍ਰੰਥ ਸਾਹਿਬ ਵਿਚੋਂ ‘ਨਾਨਕ’ ਪਦ ਆਪਣੇ ਨਾਂ ਨਾਲ ਲਿਖਣਾ ਅਰੰਭ ਕਰ ਦਿਤਾ। ਜਦੋਂ ਮਾਤਾ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਇਸ ਤੋਂ ਵੀ ਕਿਨਾਰਾ-ਕਸ਼ੀ ਕਰ ਲਈ। ਮਾਤਾ ਜੀ ਦਿੱਲੀ ਦੀਆਂ ਸੰਗਤਾਂ ਦੇ ਬੁਲਾਵੇ ‘ਤੇ ਮੁੜ ਦਿੱਲੀ ਆ ਗਏ। ਉਹ ਗੁਰੂ ਜੀ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਲਗਭਗ 40 ਸਾਲ ਜੀਵੇ ਤੇ ਸੰਨ 1747 ਵਿਚ 80 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਏ। ਇਨ੍ਹਾਂ ਦੀ ਯਾਦ ਵਿਚ ਜਿਥੇ ਆਪ ਰਹਿੰਦੇ ਸਨ, ਮਾਤਾ ਸੁੰਦਰੀ ਜੀ ਨਾਂ ਦਾ ਗੁਰਦੁਆਰਾ ਕਾਇਮ ਹੈ।
1757 ਵਿਚ ਅਹਿਮਦ ਸ਼ਾਹ ਦੁਰਾਨੀ ਦੇ ਮਥਰਾ ਲੁਟਣ ਤੋਂ ਬਾਅਦ ਹਠੀ ਸਿੰਘ ਆਪਣੇ ਨਾਨਕੇ ਪਿੰਡ ਬੁਰਹਾਨਪੁਰ ਜਿਲਾ ਨਿਮਾਰ ਚਲਾ ਗਿਆ ਅਤੇ ਉਥੇ ਹੀ 1783 ਵਿਚ ਬੇ-ਉਲਾਦ ਮਰ ਗਿਆ।
-ਪ੍ਰੋæ ਜਗਿੰਦਰ ਸਿੰਘ ਰਮਦੇਵ
ਫੋਨ: 847-543-7565