ਗੁਰ ਇਤਿਹਾਸ ਨਾਲ ਛੇੜ-ਛਾੜ ਕਿਉਂ?

ਪੰਜਾਬ ਟਾਈਮਜ਼ ਦੇ 20 ਦਸੰਬਰ 2014 ਦੇ ਅੰਕ ਵਿਚ ਸੁਰਜੀਤ ਸਿੰਘ ਪੰਛੀ ਦਾ ਲਿਖਿਆ ਲੇਖ Ḕਅਨੰਦਪੁਰ ਸਾਹਿਬ ਤੋਂ ਸਰਹਿੰਦ ਤੱਕḔ ਪੜ੍ਹਿਆ। ਪਿਛਲੇ ਸਾਲ ਵੀ ਥੋੜੇ ਜਿਹੇ ਸ਼ਬਦੀ ਰੱਦੋਬਦਲ ਨਾਲ ਇਹ ਲੇਖ ਛਪ ਚੁਕਾ ਹੈ।

ਇਸ ਲੇਖ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਦਾ ਵਿਆਹ ਬੁਰਹਾਨਪੁਰ ਤੋਂ ਆਏ ਸੇਵਾ ਸਿੰਘ ਦੀ ਪੁੱਤਰੀ ਤਾਰਾ ਬਾਈ ਨਾਲ ਮਾਘ ਸ਼ੁਦੀ ਏਕਮ 1761 (1704 ਈਸਵੀ) ਨੂੰ ਹੋ ਚੁਕਾ ਸੀ। ਅਨੰਦਪੁਰ ਦਾ ਕਿਲਾ ਛੱਡਣ ਸਮੇਂ ਤਾਰਾ ਬਾਈ ਗਰਭਵਤੀ ਸੀ ਅਤੇ ਸੰਮਤ 1762 ਪੋਹ ਸ਼ੁਦੀ ਪੰਚਮੀ (1705 ਈਸਵੀ) ਦੇ ਦਿਨ ਆਗਰਾ ਵਿਖੇ ਸ਼ਰਧਾ ਸਿੰਘ ਬੇਟਾ ਮੋਹਕਮ ਦਾਸ ਗੁਲਾਟੀ ਅਰੋੜਾ ਦੇ ਗ੍ਰਹਿ ਵਿਖੇ ਤਾਰਾ ਬਾਈ ਸਾਹਿਬਜ਼ਾਦਾ ਅਜੀਤ ਸਿੰਘ ਦੇ ਬੇਟੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੋਤਰੇ ਹਠੀ ਸਿੰਘ ਨੂੰ ਜਨਮ ਦਿੰਦੀ ਹੈ।
ਸੁਰਜੀਤ ਸਿੰਘ ਪੰਛੀ ਨੇ ਜਿਨ੍ਹਾਂ ਸਰੋਤਾਂ ਦੀ ਵਰਤੋਂ ਇਸ ਲੇਖ ਵਿਚ ਕੀਤੀ ਹੈ, ਮੈਂ ਸਿਰਫ ਉਨ੍ਹਾਂ ਸਰੋਤਾਂ ਨੂੰ ਕਸਵੱਟੀ ‘ਤੇ ਪਰਖਣ ਦੀ ਕੋਸ਼ਿਸ਼ ਕਰਾਂਗਾ। ਜਦ ਤੋਂ ਸਿੱਖ ਕੌਮ ਹੋਂਦ ਵਿਚ ਆਈ ਹੈ, ਇਸ ਦੇ ਇਤਿਹਾਸ ਨਾਲ ਛੇੜਛਾੜ ਕਰਨ ਵਾਲੇ ਵੀ ਸਮੇਂ ਸਮੇਂ ਪ੍ਰਗਟ ਹੁੰਦੇ ਰਹੇ ਹਨ।
ਸ਼ ਪੰਛੀ ਦਾ ਲੇਖ ਗੁਰਬਿਲਾਸ ਪਾਤਸ਼ਾਹੀ 10 ਦੇ ਲੇਖਕ ਭਾਈ ਕੁਇਰ ਸਿੰਘ (ਸੰਪਾਦਕ ਸ਼ਮਸ਼ੇਰ ਸਿੰਘ ਅਸ਼ੋਕ) ‘ਤੇ ਆਧਾਰਤ ਹੈ। ਉਨ੍ਹਾਂ ਆਪਣੇ ਵਿਚਾਰਾਂ ਦੀ ਪੁਖਤਗੀ ਲਈ ਕੌਮ ਦੇ ਉਚ ਕੋਟੀ ਦੇ ਵਿਦਵਾਨ ਸ਼ਹੀਦ ਭਾਈ ਮਨੀ ਸਿੰਘ ਦਾ ਨਾਮ ਵੀ ਵਰਤਿਆ ਹੈ।
ਕੁਇਰ ਸਿੰਘ ਕੌਣ ਸੀ: ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਬਿਸ਼ਨ ਦਾਸ ਭਾਈ ਮਨੀ ਸਿੰਘ ਤੋਂ ਅੰਮ੍ਰਿਤ ਪਾਨ ਕਰਕੇ ਸਿੰਘ ਸਜਿਆ। ਉਸ ਨੇ Ḕਗੁਰ ਬਿਲਾਸ ਪਾਤਸ਼ਾਹੀ 10Ḕ ਲਿਖ ਕੇ ਗੁਰ ਇਤਿਹਾਸ ਨੂੰ ਗੰਧਲਾ ਕਰਨ ਦਾ ਯਤਨ ਕੀਤਾ ਹੈ। ਉਹ ਲਿਖਦਾ ਹੈ ਕਿ ਉਸ ਨੇ ਇਹ ਪੁਸਤਕ ਭਾਈ ਮਨੀ
ਸਿੰਘ ਤੋਂ ਪੁਛ ਪੁਛ ਕੇ ਲਿਖੀ।
ਮਨੀ ਸਿੰਘ ਤਬ ਬਾਤ ਬਖਾਨੀ।
ਸੁਨੋ ਸਿੰਘ ਜਿਉ ਸੁਨੀ ਸਕਾਨੀ।
ਏਕ ਦੱਖਣਾ ਕੋ ਜੇ ਸਾਹਾ (ਸ਼ਾਹ)।
ਗੁਰੂ ਸੀਸ ਨਿਵਾਯੌ ਤਾਹਾ। (110)

ਤਬ ਗੁਰ ਕੋ ਤਿਹ ਬਚਨ ਸੁਨਾਏ।
ਮੈਂ ਕਮਨਿਆ ਦਾਸੀ ਸੁਤ ਲਾਏ
ਤਬ ਪ੍ਰਸੰਨਤਾ ਸਤਗੁਰ ਧਾਰੀ।
ਕੀਨੋ ਵਿਆਹ ਉਛਾਹ ਅਪਾਰਿ। (113)
ਭਾਈ ਮਨੀ ਸਿੰਘ 1737 ਵਿਚ ਸ਼ਹੀਦ ਹੁੰਦੇ ਹਨ ਅਤੇ ਗੁਰਬਿਲਾਸ ਛਪਦਾ ਹੈ 1751 ਵਿਚ, ਸ਼ਹਾਦਤ ਤੋਂ 14 ਸਾਲ ਬਾਅਦ। ਕੁਇਰ ਸਿੰਘ ਦੀ ਕਹੀ ਗੱਲ ਸ਼ੰਕਾ ਦੇ ਘੇਰੇ ਵਿਚ ਆ ਜਾਂਦੀ ਹੈ।
ਇਸ ਤੋਂ ਅੱਗੇ ਸੁਰਜੀਤ ਸਿੰਘ ਪੰਛੀ Ḕਭਟ ਵਹੀ ਪੂਰਬੀ ਦਖਣੀḔ ਦਾ ਹਵਾਲਾ ਦਿੰਦੇ ਹਨ, “ਅਜੀਤ ਸਿੰਘ ਬੇਟਾ ਗੁਰੂ ਗੋਬਿੰਦ ਸਿੰਘæææਦਾ ਵਿਆਹ ਤਾਰਾ ਬਾਈ ਬੇਟੀ ਸੇਵਾ ਸਿੰਘ ਸੇ ਸਾਲ ਸਤਰਾ ਸੈ ਇਕਾਹਠ (1704 ਈਸਵੀ) ਮਾਘ ਸੁਦੀ ਏਕਮ ਦੇ ਦਿਵਸ ਅਨੰਦਗਢ ਮੇਂ ਹੂਆ।”
ਉਹ ਵਿਆਹ ਦੇ ਪੁਖਤਾ ਸਬੂਤ ਵਜੋਂ ਗੁਰੂ ਕੀਆਂ ਸਾਖੀਆਂ ਲੇਖਕ ਭਾਈ ਸਰੂਪ ਸਿੰਘ ਕੌਸ਼ਿਸ਼ (ਸੰਪਾਦਕ ਪਿਆਰਾ ਸਿੰਘ ਪਦਮ) ਦਾ ਸਹਾਰਾ ਲੈਂਦੇ ਹਨ। Ḕਗੁਰਬਿਲਾਸ ਪਾਤਸ਼ਾਹੀ 10Ḕ ਦੀਆਂ ਕੁਝ ਹੋਰ ਸਤਰਾਂ ਨਾਲ ਸ਼ ਪੰਛੀ ਲਿਖਦੇ ਹਨ ਕਿ ਗੁਰੂ ਜੀ ਨੇ ਤਾਰਾ ਬਾਈ ਨੂੰ ਫਿਰ ਮਿਲਣ ਦਾ ਭਰੋਸਾ ਦਿਤਾ, ਤਾਂ ਉਹ ਮਾਤਾ ਸੁੰਦਰੀ, ਮਾਤਾ ਸਾਹਿਬ ਦੇਵਾਂ ਅਤੇ ਆਪਣੇ ਮਾਤਾ-ਪਿਤਾ ਨਾਲ ਪਹਿਲੇ ਵਹੀਰ ਨਾਲ ਜਾਣ ਸਮੇਂ ਗਰਭਵਤੀ ਸੀ।
ਬਹੁਤ ਪ੍ਰਸਨ ਨਾਰ ਤਬ ਭਈ।
ਪਿਤਾ ਸੰਗ ਦਖਣ ਕੋ ਗਈ।
ਉਦਰੇ ਗਰਭ ਪਾਲਤੀ ਜਾਵੈ।
ਸਤਗੁਰ ਗਿਆਨ ਦਿਯੋ ਭਲ ਭਾਵੇ। (129)
ਹੁਣ Ḕਬੰਸਾਵਲੀ ਨਾਮਾḔ ਲੇਖਕ ਭਾਈ ਕੇਸਰ ਸਿੰਘ ਛਿੱਬਰ (ਸੰਪਾਦਕ ਪਿਆਰਾ ਸਿੰਘ ਪਦਮ) ਦਾ ਹਵਾਲਾ ਦੇ ਕੇ ਸ਼ ਪੰਛੀ ਨੇ ਵਿਆਹ ਨੂੰ ਪੱਕਿਆਂ ਕਰਨ ਦਾ ਯਤਨ ਕਰਦਿਆਂ ਸ਼ਾਇਦ ਇਨ੍ਹਾਂ ਸਤਰਾਂ ਨੂੰ ਚੰਗੀ ਤਰ੍ਹਾਂ ਨਹੀਂ ਪੜ੍ਹਿਆ,
ਨਾਲ ਸਾਹਿਬ ਜੀਤ ਸਿੰਘ ਦਾ ਕੁਆਰਾ ਸੀ ਡੋਲਾ।
ਨਾਲ ਕਰ ਦਿਤਾ ਬਨਾਰਸੀ ਦਾਸ ਘਰ ਦਾ ਗੋਲਾ।
ਕੁਆਰਾ ਡੋਲਾ ਅਤੇ ਗਰਭਵਤੀ ਹੋਣਾ ਕੋਈ ਤੁਕ ਨਹੀਂ ਬਣਦੀ। ਕਵਾਰੇਪਨ ਵਿਚ ਗਰਭਵਤੀ ਹੋਣ ਨਾਲ ਜਗਤ ਦੀ ਥੂਹ ਥੂਹ ਪੱਲੇ ਪੈਂਦੀ ਹੈ। ਫੈਸਲਾ ਪਾਠਕਾਂ ‘ਤੇ ਹੈ। ਕੀ ਸਮਾਜ ਕੁਆਰਾ ਡੋਲਾ ਅਤੇ ਗਰਭਵਤੀ ਨੂੰ ਪਰਵਾਨ ਕਰਦਾ ਹੈ? ਹਠੀ ਸਿੰਘ ਦੇ ਜਨਮ ਦੀ ਗੱਲ ਕਰਨ ਲੱਗਿਆਂ ਗਣਤ ਨੂੰ ਧਿਆਨ ਵਿਚ ਰੱਖਣਾ ਪਵੇਗਾ। ਸ਼ ਪੰਛੀ ਹਠੀ ਸਿੰਘ ਦੇ ਜਨਮ ਬਾਰੇ ਲਿਖਦੇ ਹਨ, ਭਟ ਵਹੀ ਪੂਰਬੀ ਦਖਣੀ, ਖਾਤਾ ਹਜਾਵਤ ਆਬਿਆਨੋਂ ਕਾ ਪੁਤਰ ਹਠੀ ਸਿੰਘ ਦੇ ਜਨਮ ਦੀ ਗਵਾਹੀ ਅਤੇ ਵੇਰਵਾ ਇਸ ਤਰ੍ਹਾਂ ਦਿੰਦੀ ਹੈ, “ਹਠੀ ਸਿੰਘ ਬੇਟਾ ਅਜੀਤ ਸਿੰਘ ਕਾ ਪੋਤਾ ਗੁਰੂ ਗੋਬਿੰਦ ਸਿੰਘ ਜੀæææਪਰਗਨਾ ਕਹਿਲੂਰ, ਸੰਮਤ ਸਤਰਾ ਸੈ ਬਾਸਠ (1705 ਈਸਵੀ) ਪੋਖ ਮਾਸੇ ਸੁਦੀ ਪੰਚਮੀਂ ਦਿਹੁੰ ਆਗਰਾ ਨਗਰੀ ਪਰਗਨਾ ਮਥਰਾ ਭਾਈ ਸ਼ਰਧਾ ਸਿੰਘ ਬੇਟਾ ਮੋਹਕਮ ਦਾਸ ਗੁਲਾਟੀ ਅਰੋੜਾ ਕੇ ਗ੍ਰਿਹ ਹੂਆ।”
ਹੁਣ ਦੇਖਣਾ ਹੈ ਕਿ ਇਹ ਗੱਲ ਗਣਤ ‘ਤੇ ਪੂਰੀ ਉਤਰਦੀ ਹੈ। ਪੰਛੀ ਜੀ ਅਨੁਸਾਰ 19 ਅਤੇ 20 ਦਸੰਬਰ 1704 ਈਸਵੀ ਦੀ ਰਾਤ ਨੂੰ ਕਿਲਾ ਛੱਡਿਆ ਗਿਆ। ਕਿਲਾ ਛੱਡਣ ਸਮੇਂ ਤਾਰਾ ਬਾਈ ਗਰਭਵਤੀ ਸੀ। ਉਸ ਜ਼ਮਾਨੇ ਵਿਚ ਬੱਚੇ ਦੀ ਪਹਿਲੀ ਹਰਕਤ ਨਾਲ ਗਰਭ ਮੰਨਿਆ ਜਾਂਦਾ ਸੀ। ਬੱਚੇ ਦੀ ਪਹਿਲੀ ਹਰਕਤ ਗਰਭ ਧਾਰਨ ਤੋਂ 98 ਦਿਨ ਤੋਂ ਪਹਿਲਾਂ ਸੰਭਵ ਨਹੀਂ, ਜਣੇਪਾ ਕਿਰਿਆ ਪੂਰੀ ਹੂੰਦੀ ਹੈ ਤਕਰੀਬਨ 280 ਦਿਨਾਂ ਵਿਚ। ਸੋ 280 ਮਨਫੀ 98 ਦਿਨ। ਬਚਦੇ ਹਨ 192 ਦਿਨ। ਇਸ ਹਿਸਾਬ ਹਠੀ ਸਿੰਘ ਦਾ ਜਨਮ ਜੂਨ ਦੇ ਆਖਰੀ ਜਾਂ ਜੁਲਾਈ ਦੇ ਪਹਿਲੇ ਹਫਤੇ 1705 ਈਸਵੀ ਨੂੰ ਹੋਣਾ ਚਾਹੀਦਾ ਸੀ ਪਰ ਹੁੰਦਾ ਹੈ, ਤਕਰੀਬਨ 5 ਮਹੀਨੇ 20 ਦਿਨ ਬਾਅਦ ਕਿਉਂਕਿ ਪੋਖ ਸੁਦੀ ਪੰਚਮੀ ਸੰਮਤ 1762 (20 ਦਸੰਬਰ 1705 ਈਸਵੀ ਨੂੰ) ਆਉਂਦੀ ਹੈ। ਇਹ ਤਾਰੀਖਾਂ ਮੈਂ ਕੈਲੰਡਰ ਵਿਦਵਾਨ ਸਰਬਜੀਤ ਸਿੰਘ ਸੈਕਰਾਮੈਂਟੋ ਨਾਲ ਵੀ ਮਿਲਾ ਲਈਆਂ ਹਨ।
ਸੁਰਜੀਤ ਸਿੰਘ ਪੰਛੀ ਦੇ ਲੇਖ ਅਨੁਸਾਰ ਹਠੀ ਸਿੰਘ ਦਾ ਜਨਮ ਪੋਖ ਸੁਦੀ ਪੰਚਮੀ ਸੰਮਤ 1762 (20 ਦਸੰਬਰ 1705 ਈਸਵੀ) ਬਣਦਾ ਹੈ। 20 ਦਸੰਬਰ 1705 ਤੋਂ 9 ਮਹੀਨੇ ਪਿਛੇ ਨੂੰ ਗਿਣੀਏ ਤਾਂ ਗਰਭ ਧਾਰਨ ਦੀ ਤਾਰੀਖ 20 ਮਾਰਚ 1705 ਈਸਵੀ ਦੇ ਇਰਦ-ਗਿਰਦ ਆਉਂਦੀ ਹੈ। ਸਾਹਿਬਜ਼ਾਦਾ ਅਜੀਤ ਸਿੰਘ ਦੀ ਸ਼ਹਾਦਤ ਹੁੰਦੀ ਹੈ 22 ਦਸੰਬਰ 1704 ਈਸਵੀ ਨੂੰ ਅਤੇ ਗਰਭ ਧਾਰਨ ਹੁੰਦਾ ਹੈ 20 ਮਾਰਚ 1705 ਨੂੰ, ਸ਼ਹਾਦਤ ਤੋਂ ਤਕਰੀਬਨ ਤਿੰਨ ਮਹੀਨੇ ਬਾਅਦ। ਗੱਲ ਜੱਚਦੀ ਨਹੀਂ। ਸਾਫ ਹੈ ਕਿ ਹਠੀ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਦਾ ਬੇਟਾ ਨਹੀਂ ਸੀ।
ਫੇਰ ਹਠੀ ਸਿੰਘ ਕਿਸ ਦਾ ਬੇਟਾ ਸੀ? ਸਾਹਿਬਜ਼ਾਦਾ ਅਜੀਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਮਾਤਾ ਸੁੰਦਰੀ ਜੀ ਇਕ ਸੁਨਾਰਾਂ ਦਾ ਬੱਚਾ ਅਪਨਾ ਲੈਂਦੀ ਹੈ ਜੋ ਸ਼ਕਲ ਸੂਰਤ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਮਿਲਦਾ-ਜੁਲਦਾ ਸੀ। ਮਾਤਾ ਸੁੰਦਰੀ ਜੀ ਨੇ ਉਸ ਦਾ ਨਾਮ ਵੀ ਅਜੀਤ ਸਿੰਘ ਹੀ ਰਖਿਆ (ਇਤਿਹਾਸ ਵਿਚ ਉਹ ਅਜੀਤ ਸਿੰਘ ਪਾਲਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ।) ਗੁਰੂ ਜੀ ਦੀ ਵਿਰਾਸਤ ‘ਤੇ ਕਾਬਜ਼ ਹੋਣ ਦੀ ਭਾਵਨਾ ਨਾਲਾ ਤਾਰਾ ਬਾਈ ਦੇ ਮਾਪਿਆਂ ਜਾਂ ਅਜੀਤ ਸਿੰਘ ਪਾਲਤਾ ਦੇ ਮਾਪਿਆਂ ਦੀ ਮਿਲੀਭੁਗਤ ਨਾਲ ਉਸ ਦਾ ਵਿਆਹ ਭਟ ਵਹੀਆਂ ਵਿਚ 1704 ਈਸਵੀ ਸੰਮਤ 1761 ਦਾ ਲਿਖਵਾਇਆ ਗਿਆ। ਇਹੋ ਜਿਹੀ ਹੇਰਾ-ਫੇਰੀ ਉਦੋਂ ਵੀ ਸੰਭਵ ਸੀ ਅਤੇ ਅੱਜ ਵੀ ਹੈ।
ਲੇਖਕਾਂ ਨੂੰ ਬੇਨਤੀ ਹੈ ਕਿ ਉਹ ਗੁਰੂ ਇਤਿਹਾਸ ਬਾਰੇ ਕੁਝ ਲਿਖਣ ਤੋਂ ਪਹਿਲਾਂ ਆਪਣੀ ਲਿਖਤ ਦਾ ਇਕ ਇਕ ਅਖਰ ਤੋਲ ਲਿਆ ਕਰਨ ਤਾਂ ਕਿ ਕੋਈ ਨਵੀਂ ਦੁਬਿਧਾ ਨਾ ਖੜੀ ਹੋਵੇ।
-ਮੁਹਿੰਦਰ ਸਿੰਘ ਘੱਗ
ਫੋਨ: 530-695-1318