ਪੰਜਾਬ ਵਿਚ ਪਰਲੋ

ਛੇਹਰਟਾ ਵਿਚ ਹੋਈ ਘਟਨਾ ਸੁੰਨ ਕਰ ਦੇਣ ਵਾਲੀ ਹੈ। ਸੋਚ ਕੇ ਹੌਲ ਪੈਂਦਾ ਹੈ ਕਿ ਕੋਈ ਘਟਨਾ ਇਸ ਤਰ੍ਹਾਂ ਵੀ ਵਾਪਰ ਸਕਦੀ ਹੈ। ਪੰਜਾਬ ਵਿਚ ਹਨ੍ਹੇਰਗਰਦੀ ਦੀਆਂ ਘਟਨਾਵਾਂ ਭਾਵੇਂ ਪਿਛਲੇ ਸਮੇਂ ਦੌਰਾਨ ਲਗਾਤਾਰ ਵਾਪਰ ਰਹੀਆਂ ਹਨ, ਪਰ ਇਹ ਘਟਨਾ ਪਰਲੋ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਸੀ। ਇਸ ਇਕੱਲੀ ਘਟਨਾ ਨੇ ਕੋਝੀ ਅਤੇ ਕਰੂਰ ਰੂਪ ਧਾਰ ਚੁੱਕੀ ਸਿਆਸਤ ਦਾ ਭਾਂਡਾ ਚੌਰਾਹੇ ਵਿਚ ਲਿਆ ਭੰਨ੍ਹਿਆ ਹੈ। ਇਸ ਘਟਨਾ ਦਾ ਦਰਦਨਾਕ ਪਹਿਲੂ ਇਹ ਹੈ ਕਿ ਜਦੋਂ ਪਿਉ-ਧੀ ਨਾਲ ਸ਼ਰ੍ਹੇਆਮ ਜੱਗੋਂ ਤੇਰਵੀਂ ਹੋ ਰਹੀ ਸੀ ਤਾਂ ਤਮਾਮ ਲੋਕ ਖੜ੍ਹੇ ਤਮਾਸ਼ਾ ਦੇਖ ਰਹੇ ਸਨ। ਬੇਵੱਸ ਕੁੜੀ ਦੀਆਂ ਚੀਕਾਂ ਕਿਸੇ ਨੂੰ ਨਹੀਂ ਸੁਣੀਆਂ, ਨਾ ਹੀ ਬਚਾਅ ਲਈ ਨੱਠੇ ਜਾਂਦੇ ਪਿਉ-ਧੀ ਉਤੇ ਕਿਸੇ ਨੂੰ ਤਰਸ ਆਇਆ। ਬਿਨਾਂ ਸ਼ੱਕ, ਸਭ ਨੂੰ ਬੱਸ ਆਪਣੀ ਜਾਨ ਹੀ ਪਿਆਰੀ ਸੀ। ਉਂਜ ਉਸ ਵੇਲੇ ਬੇਵੱਸ ਹੋਏ ਲੋਕ ਹੁਣ ਤੱਕ ਵੀ ਬੇਵੱਸ ਹਨ। ਉਦੋਂ ਘਟਨਾ ਤੋਂ ਤੁਰੰਤ ਬਾਅਦ, ਤੱਤੇ ਤੱਤੇ ਘਾਹ ਬਹੁਤ ਸਾਰਿਆਂ ਨੇ ਇਸ ਘਟਨਾ ਦੇ ਪੂਰੇ ਵੇਰਵੇ ਬਿਆਨ ਕੀਤੇ ਅਤੇ ਇਹ ਸਾਰੇ ਵੇਰਵੇ ਅਖਬਾਰਾਂ ਵਿਚ ਵੀ ਛਪੇ ਪਰ ਜਦੋਂ ਪੁਲਿਸ ਅਤੇ ਅਦਾਲਤੀ ਰਿਕਾਰਡ ਲਈ ਇਨ੍ਹਾਂ ਗਵਾਹਾਂ ਨੂੰ ਹਾਕਾਂ ਮਾਰੀਆਂ ਗਈਆਂ ਤਾਂ ਇਕ ਵੀ ਮਾਈ ਦਾ ਲਾਲ ਨਿੱਤਰ ਨਹੀਂ ਸਕਿਆ। ਅਜਿਹੀ ਖਾਮੋਸ਼ ਹਿੰਸਾ ਅਕਸਰ ਕਦੀ ਦਿਸਦੀ ਨਹੀਂ। ਹੁਣ ਦਿਸੀ ਹੈ ਤਾਂ ਬੇਵਸੀ ਦੀ ਚਾਦਰ ਵਿਚ ਲਪੇਟੀ ਹੋਈ ਹੈ। ਇਹ ਬੇਵਸੀ ਅਸਲ ਵਿਚ ਉਸ ਸਿਆਸੀ ਸਰਪ੍ਰਸਤੀ ਕਾਰਨ ਹੈ ਜਿਸ ਨੇ ਸਮੁੱਚਾ ਤਾਣਾ-ਬਾਣਾ ਹੀ ਬਦਲ ਸੁੱਟਿਆ ਹੈ। ਬੁਰਛਾਗਰਦਾਂ ਨੂੰ ਮਿਲ ਰਹੀ ਸਿਆਸੀ ਸਰਪ੍ਰਸਤੀ ਹੁਣ ਕਿਸੇ ਤੋਂ ਲੁਕੀ ਹੋਈ ਨਹੀਂ ਹੈ; ਨਿੱਤ ਦਿਨ ਅਜਿਹੇ ਵੇਰਵੇ ਆਮ ਮਿਲ ਜਾਂਦੇ ਹਨ। ਬਹੁਤ ਸਾਰੇ ਮਾਮਲੇ ਤਾਂ ਰਿਪੋਰਟ ਵੀ ਨਹੀਂ ਹੁੰਦੇ ਕਿਉਂਕਿ ਅਜਿਹੇ ਮਾਮਲੇ ਰਿਪੋਰਟ ਕਰਨ ਵਾਲੇ ਪੱਤਰਕਾਰਾਂ ਵਿਚੋਂ ਬਹੁਤੇ ਅੱਜਕੱਲ੍ਹ ਵੱਖ ਵੱਖ ਆਗੂਆਂ ਅਤੇ ਜਥੇਬੰਦੀਆਂ ਦੇ ਗੁਰਗੇ ਬਣੇ ਹੋਏ ਹਨ। ਕਈ ਅਖਬਾਰਾਂ ਦੇ ਕਰਤਾ-ਧਰਤਾ ਵੀ ਪਾਰਟੀਆਂ ਦੇ ਪੱਖ ਤੋਂ ਬਹੁਤ ਸਾਰੀਆਂ ਖਬਰਾਂ ਸੈਂਸਰ ਕਰ ਲੈਂਦੇ ਹਨ। ਇਹ ਰੁਝਾਨ ਪਿਛਲੇ ਕੁਝ ਸਮੇਂ ਦੌਰਾਨ ਕੁਝ ਜ਼ਿਆਦਾ ਹੀ ਭਾਰੂ ਹੋਇਆ ਹੈ। ਜ਼ਾਹਿਰ ਹੈ ਕਿ ਲੱਠਮਾਰ ਸਿਆਸਤ ਵਿਚ ਨਪੀੜੇ ਜਾ ਰਹੇ ਆਮ ਬੰਦੇ ਦੀ ਕਿਤੇ ਸੁਣਵਾਈ ਨਹੀਂ। ਅਕਾਲੀ ਆਗੂ ਰਾਣੇ ਦੀ ਕਾਰਵਾਈ ਇਸੇ ਲੱਠਮਾਰ ਸਿਆਸਤ ਦਾ ਹੀ ਨਤੀਜਾ ਹੈ। ਹੁਣ ਵਾਲਾ ਮਾਮਲਾ ਇਸ ਕਰ ਕੇ ਸਭ ਦੀਆਂ ਨਜ਼ਰਾਂ ਵਿਚ ਚੜ੍ਹਿਆ ਕਿਉਂਕਿ ਇਸ ਅਕਾਲੀ ਆਗੂ ਨੇ ਪੁਲਿਸ ਅਫਸਰ ਦੀ ਜਾਨ ਲੈ ਲਈ। ਇਕ ਪਲ ਲਈ ਸੋਚੋ, ਜੇ ਰਣਜੀਤ ਸਿੰਘ ਰਾਣਾ ਘਟਨਾ ਵਾਲੀ ਥਾਂ ਉਤੇ ਦੁਬਾਰਾ ਨਾ ਜਾਂਦਾ ਅਤੇ ਕਤਲ ਨਾ ਕਰਦਾ ਤਾਂ ਇਸ ਘਟਨਾ ਬਾਰੇ ਗੱਲ ਕਿਸ ਨੇ ਕਰਨੀ ਸੀ? ਕਿਸੇ ਨੇ ਵੀ ਨਹੀਂ! ਪੰਜਾਬ ਦੀ ਇਕ ਚੋਟੀ ਦੀ ਅਖਬਾਰ ਦੇ ਸੰਪਾਦਕ ਨੇ ਤਾਂ ਸੰਪਾਦਕੀ ਲਿਖਦਿਆਂ ਸ਼੍ਰੋਮਣੀ ਅਕਾਲੀ ਦਲ ਲਿਖਣ ਦੀ ਥਾਂ ਸੂਬੇ ਦੀ ਇਕ ਵੱਡੀ ਸੱਤਾਧਾਰੀ ਸਿਆਸੀ ਪਾਰਟੀ ਲਿਖ ਕੇ ਲੀਡਰਾਂ ਨਾਲ ਯਾਰੀ ਨਿਭਾਈ ਹੈ। ਇਸ ਤਰ੍ਹਾਂ ਦੀਆਂ ਯਾਰੀਆਂ ਪੱਤਰਕਾਰ ਲਗਾਤਾਰ ਨਿਭਾ ਰਹੇ ਹਨ। ਅਜਿਹੇ ਲੋਕਾਂ ਨੇ ਮੀਡੀਆ ਦੇ ਮਿਸ਼ਨ ਵਾਲੇ ਪੱਖ ਦੀ ਥਾਂ ਕਾਰੋਬਾਰ ਨੂੰ ਪਹਿਲ ਦਿੱਤੀ ਹੋਈ ਹੈ ਅਤੇ ਸਭ ਨੂੰ ਇਲਮ ਹੈ ਕਿ ਅੱਜਕੱਲ੍ਹ ਕਾਰੋਬਾਰ ਦਾ ਸਭ ਤੋਂ ਸੌਖਾ ਅਤੇ ਕਾਮਯਾਬ ਤਰੀਕਾ ਸਿਆਸੀ ਸਰਪ੍ਰਸਤੀ ਹਾਸਲ ਕਰਨਾ ਹੈ। ਪੱਤਰਕਾਰ ਵੀ ਇਸ ਦੌੜ ਵਿਚ ਕਿਸੇ ਤੋਂ ਘੱਟ ਨਹੀਂ ਹਨ; ਰਤਾ ਕੁ ਬੇਕਿਰਕੀ ਨਾਲ ਕਹਿਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਦੋ ਕਦਮ ਅੱਗੇ ਹੀ ਹਨ!
ਛੇਹਰਟੇ ਵਾਲੀ ਘਟਨਾ ਦੀਆਂ ਲੜੀਆਂ ਬਹੁਤ ਸਾਰੇ ਪੱਖਾਂ ਨਾਲ ਜੁੜੀਆਂ ਹੋਈਆਂ ਹਨ। ਇਸ ਵਿਚ ਕੁੜੀਆਂ ਦੀ ਸੁਰੱਖਿਆ ਦਾ ਮੁੱਦਾ ਸਭ ਤੋਂ ਅਹਿਮ ਅਤੇ ਸੰਵੇਦਨਸ਼ੀਲ ਹੈ। ਲੱਚਰ ਗੀਤ-ਸੰਗੀਤ, ਸਿਆਸੀ ਬੁਰਛਾਗਰਦੀ, ਹਥਿਆਰਾਂ ਅਤੇ ਨਸ਼ਿਆਂ ਦੀ ਚੰਡਾਲ ਚੌਕੜੀ ਨੇ ਅੱਜ ਦੇ ‘ਮਨੁੱਖ’ ਨੂੰ ‘ਮਰਦ’ ਬਣਾ ਧਰਿਆ ਹੈ। ਮਨੁੱਖ ਤੋਂ ਮਰਦ ਬਣਨ ਦਾ ਸਾਰਾ ਅਮਲ ਸਮਾਜ ਵਿਚ ਸਦਾ ਹੀ ਔਰਤ ਦੇ ਖਿਲਾਫ ਭੁਗਤਦਾ ਆਇਆ ਹੈ। ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਦੀ ਸਿਆਸਤ ਪਿਛਲੇ ਕੁਝ ਸਮੇਂ ਤੋਂ ਕਰਦਾ ਆ ਰਿਹਾ ਸੀ, ਉਸ ਨੇ ਛੇਹਰਟੇ ਵਰਗੀਆਂ ਘਟਨਾਵਾਂ ਲਈ ਹੀ ਰਾਹ ਖੋਲ੍ਹਣਾ ਸੀ। ਦੂਰ ਕੀ ਜਾਣਾ ਹੈ, ਅਕਾਲੀ ਦਲ ਦੀਆਂ ਜਥੇਬੰਦਕ ਚੋਣਾਂ, ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੇ ਫਿਰ ਵਿਧਾਨ ਸਭਾ ਚੋਣਾਂ ਉਤੇ ਹੀ ਤਰਦੀ ਤਰਦੀ ਨਿਗ੍ਹਾ ਮਾਰ ਲਉ, ਸਾਫ ਹੋ ਜਾਂਦਾ ਹੈ ਕਿ ਗੱਲ ਕਿਸ ਪਾਸੇ ਤੁਰ ਰਹੀ ਸੀ। ਜੇ ਕਿਸੇ ਨੇ ਇਸ ਪਾਸੇ ਧਿਆਨ ਨਹੀਂ ਸੀ ਦਿੱਤਾ ਤਾਂ ਇਸ ਨੂੰ ਹੁਣ ਖਾਮੋਸ਼ ਹਿੰਸਾ ਵਾਂਗ ਬੁਰਛਾਗਰਦੀ ਤੋਂ ਕਿਸੇ ਵੀ ਲਿਹਾਜ਼ ਘੱਟ ਨਹੀਂ ਸਮਝਣਾ ਚਾਹੀਦਾ। ਇਸ ਪਿੱਛੇ ਲੁਕੀ ਸਿਆਸਤ ਨੂੰ ਨਾ ਸਮਝ ਸਕਣਾ ਸਿਰੇ ਦੀ ਨਾਲਾਇਕੀ ਹੋਵੇਗੀ ਤੇ ਸਮਝ ਕੇ ਕੁਝ ਵੀ ਨਾ ਕਰਨਾ ਬੁਜ਼ਦਿਲੀ!
ਹੁਣ ਇਕ ਕੌੜਾ ਸੱਚ ਅਤੇ ਸਵਾਲ਼ææ! ਕੀ ਇਸ ਘਟਨਾ ਤੋਂ ਬਾਅਦ ਕੁਝ ਬਦਲੇਗਾ? ਰਤਾ ਕੁ ਪਿਛਾਂਹ ਝਾਤੀ ਮਾਰੋ। ਗੁਰਾਂ ਦੇ ਨਾਂ ਉਤੇ ਵਸਦੇ ਪੰਜਾਬ ਦੇ ਵਸਨੀਕ ਕਿੰਨਾ ਕੁਝ ਸਹਿਣਾ ਅਤੇ ਸਬਰ ਕਰਨਾ ਸਿੱਖ ਗਏ ਹਨ। ਛੇਹਰਟੇ ਵਾਲੀ ਘਟਨਾ ਤੋਂ ਬਾਅਦ ਇਸ ਘਟਨਾ ਸਬੰਧਤ ਹੋਰ ਘਟਨਾਵਾਂ ਦੀ ਲੜੀ ਤੁਰ ਪਈ ਹੈ। ਰਾਣੇ ਦੇ ਬਚਾਅ ਲਈ ਕਾਰਵਾਈ ਵੀ ਸ਼ੁਰੂ ਹੋ ਚੁੱਕੀ ਹੈ। ਉਹਦਾ ਬਿਆਨ ਹੈ ਕਿ ਉਸ ਨੇ ਆਪਣੇ ਬਚਾਅ ਖਾਤਰ ਥਾਣੇਦਾਰ ਉਤੇ ਗੋਲੀ ਚਲਾਈ। ਅਜਿਹੀਆਂ ਹੋਰ ਕਿੰਨੀਆਂ ਘਟਨਾਵਾਂ ਆਈਆਂ ਅਤੇ ਭੁਲਾ ਦਿੱਤੀਆਂ ਗਈਆਂ। ਇਹਨੂੰ ਮਿਹਣਾ ਨਾ ਆਖਣਾ; ਮਨੁੱਖ ਤੋਂ ਮਰਦ ਬਣੇ ਸਮਾਜ ਵਿਚ ਅਜਿਹਾ ਹੋਣਾ ਤੈਅ ਹੈ। ਬੱਸ ਹੁਣ ਇਕ ਗੱਲ ਤੈਅ ਹੋਣੀ ਬਾਕੀ ਹੈ ਕਿ ਇਸ ਖਾਮੋਸ਼ ਹਿੰਸਾ ਖਿਲਾਫ ਖਾਮੋਸ਼ੀ ਕਦੋਂ ਟੁੱਟਣੀ ਹੈ? ਹੁਣ ਕਿਸ ਤਰ੍ਹਾਂ ਦੀ ਲਾਮਬੰਦੀ ਹੋਣੀ ਹੈ ਅਤੇ ਇਹ ਕਿੰਨੀ ਤਿੱਖੀ ਤੇ ਕਿੰਨੇ ਚਿਰ ਲਈ ਚੱਲਣੀ ਹੈ? ਗਰਕ ਹੋ ਰਹੇ ਸਮਾਜ ਵਿਚ ਉਠ ਕੇ ਖੜ੍ਹਨਾ ਖਾਲਾ ਜੀ ਦਾ ਵਾੜਾ ਨਹੀਂ। ਇਸ ਲਈ ਹੁਣ ਮਰਦ ਤੋਂ ਮਨੁੱਖ ਬਣਨ ਤੱਕ ਦੇ ਸਫਰ ਲਈ ਪਰਖ ਦੀਆਂ ਘੜੀਆਂ ਵੀ ਹਨ।

Be the first to comment

Leave a Reply

Your email address will not be published.