ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਸਾਲਾਂ ਦੌਰਾਨ ਬੜੇ ਜ਼ੋਰ-ਸ਼ੋਰ ਨਾਲ ਲਿਆਂਦਾ ਮਾਡਲ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ। ਵੱਡੀ ਪੱਧਰ ਉਤੇ ਸਿਆਸਤ ਦਾ ਅਪਰਾਧੀਕਰਨ ਹੋਣ ਕਾਰਨ ਸੂਬੇ ਦੀ ਕਾਨੂੰਨ-ਵਿਵਸਥਾ ਹੀ ਡਾਵਾਂਡੋਲ ਹੋ ਗਈ ਹੈ ਅਤੇ ਹੁਣ ਸ਼ ਪ੍ਰਕਾਸ਼ ਸਿੰਘ ਬਾਦਲ ਵਰਗੇ ਬਜ਼ੁਰਗ ਆਗੂ ਨੂੰ ਵੀ ਸਵਾਲਾਂ ਦੇ ਜਵਾਬ ਦੇਣੇ ਔਖੇ ਹੋ ਰਹੇ ਹਨ। ਵਿਧਾਨ ਸਭਾ ਚੋਣਾਂ ਵਿਚ ਲਗਾਤਾਰ ਦੂਜੀ ਵਾਰ ਜਿੱਤ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਦੇ ਹੌਸਲੇ ਇੰਨੇ ਵਧਾ ਦਿੱਤੇ ਹਨ ਕਿ ਉਹ ਆਪ ਮੁਹਾਰੇ ਹੋ ਕੇ ਕਾਨੂੰਨ ਹੱਥ ਵਿਚ ਲੈ ਰਹੇ ਹਨ।
ਅਸਲ ਵਿਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਲਈ ਸੱਤਾ ਦੀ ਦੂਜੀ ਪਾਰੀ ਕੰਡਿਆਂ ਦਾ ਤਾਜ ਹੀ ਸਾਬਤ ਹੋਈ ਹੈ। ਇਸ ਦੂਜੀ ਪਾਰੀ ਲਈ ਜਿੱਤ ਦਾ ਸਿਹਰਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਿਰ ਬੱਝਾ ਸੀ ਅਤੇ ਉਨ੍ਹਾਂ ਨੂੰ ਸਰਕਾਰ ਦਾ ਸਭ ਤੋਂ ਅਹਿਮ ਗ੍ਰਹਿ ਵਿਭਾਗ ਸੌਂਪਿਆ ਗਿਆ ਸੀ। ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਜਿਸ ਢੰਗ ਨਾਲ ਪਾਰਟੀ ਦਾ ਜਥੇਬੰਦਕ ਢਾਂਚਾ ਖੜ੍ਹਾ ਕੀਤਾ, ਉਸ ਨੂੰ ਹੀ ਪਾਰਟੀ ਦੀ ਦੂਜੀ ਜਿੱਤ ਲਈ ਮੁੱਖ ਜ਼ਿੰਮੇਵਾਰ ਮੰਨਿਆ ਗਿਆ ਪਰ ਉਹ ਸੂਬੇ ਵਿਚ ਅਮਨ-ਕਾਨੂੰਨ ਦੀ ਹਾਲਤ ਬਣਾਈ ਰੱਖਣ ਵਿਚ ਕਾਮਯਾਬ ਹੁੰਦੇ ਨਜ਼ਰ ਨਹੀਂ ਆ ਰਹੇ। ਇਸ ਮਾਮਲੇ ਵਿਚ ਸੁਖਬੀਰ ਬਾਦਲ ਨੇ ਚੁਫੇਰਿਓਂ ਵਿਰੋਧ ਦੇ ਬਾਵਜੂਦ ਕਈ ਕੇਸਾਂ ਵਿਚ ਘਿਰੇ ਸੁਮੇਧ ਸੈਣੀ ਨੂੰ ਰਾਜ ਦਾ ਪੁਲਿਸ ਮੁਖੀ ਬਣਾਇਆ। ਇਸ ਤੋਂ ਇਲਾਵਾ ਸੂਬੇ ਦੇ ਸਮੂਹ ਥਾਣਿਆਂ ਨੂੰ ਜ਼ਬਾਨੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਕੋਈ ਵੀ ਕੇਸ ਸਥਾਨਕ ਆਗੂਆਂ ਨੂੰ ਭਰੋਸੇ ਵਿਚ ਲੈਣ ਤੋਂ ਬਿਨਾ ਦਰਜ ਨਾ ਕੀਤਾ ਜਾਵੇ। ਸਰਕਾਰ ਦੀ ਇਹ ਨੀਤੀ ਯੂਥ ਅਕਾਲੀ ਦਲ ਵਿਚ ਸ਼ਾਮਲ ਲੱਠਮਾਰਾਂ ਤੇ ਬੁਰਛਿਆਂ ਨੂੰ ਬਹੁਤ ਰਾਸ ਆਈ। ਉਹ ਕਾਂਗਰਸੀਆਂ ਨੂੰ ਨਿਸ਼ਾਨਾ ਬਣਾਉਣ ਤੋਂ ਇਲਾਵਾ ਜ਼ਮੀਨਾਂ ‘ਤੇ ਕਬਜ਼ੇ ਕਰਨ ਲੱਗੇ ਤੇ ਪੁਲਿਸ ਉਨ੍ਹਾਂ ਅੱਗੇ ਬੇਵੱਸ ਹੋ ਗਈ। ਉਨ੍ਹਾਂ ਦੇ ਹੌਸਲੇ ਇੰਨੇ ਵਧ ਗਏ ਕਿ ਗੱਲ ਸ਼ਰ੍ਹੇਆਮ ਕਤਲ, ਅਗਵਾ ਅਤੇ ਬਲਾਤਕਾਰਾਂ ਤੱਕ ਜਾ ਅੱਪੜੀ। ਫਰੀਦਕੋਟ ਵਿਚ ਵਾਪਰੇ ਸ਼ਰੂਤੀ ਕਾਂਡ ਤੋਂ ਸਰਕਾਰ ਨੇ ਸਬਕ ਤਾਂ ਕੀ ਸਿੱਖਣਾ ਸੀ, ਲੋਕ ਰੋਹ ਦੇ ਬਾਵਜੂਦ ਅਕਾਲੀ ਆਗੂਆਂ ਵੱਲੋਂ ਦੋਸ਼ੀਆਂ ਨੂੰ ਸ਼ਹਿ ਦਿੱਤੀ ਜਾਂਦੀ ਰਹੀ ਅਤੇ ਅੱਜ ਦਲ ਦਾ ਹਰਿਆਵਲ ਦਸਤਾ ਹੀ ਉਸ ਲਈ ਮੁੱਖ ਚੁਣੌਤੀ ਬਣ ਗਿਆ ਹੈ। ਸੂਬੇ ਵਿਚ ਅਮਨ-ਕਾਨੂੰਨ ਦੀ ਹਾਲਤ ਇਸ ਕਦਰ ਨਿੱਘਰ ਚੁੱਕੀ ਹੈ ਕਿ ਪੰਜਾਬ ਵਿਚ ਹਰ ਦੋ ਦਿਨਾਂ ਦੌਰਾਨ ਪੰਜ ਕਤਲ ਹੋ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਵਿਚ ਬਲਾਤਕਾਰਾਂ ਦੀਆਂ ਘਟਨਾਵਾਂ ਵਿਚ 33 ਫੀਸਦੀ ਤੇ ਅਗਵਾ ਤੇ ਉਧਾਲਣ ਦੀਆਂ ਵਾਰਦਾਤਾਂ ਵਿਚ 14 ਫੀਸਦੀ ਵਾਧਾ ਹੋਇਆ ਹੈ। ਉਂਜ ਇਹ ਅੰਕੜੇ ਉਹ ਹਨ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਪੁਲਿਸ ਦੀਆਂ ਫਾਈਲਾਂ ਤੱਕ ਪੁੱਜ ਜਾਂਦੇ ਹਨ। ਪਿੰਡਾਂ ਵਿਚ ਸਿਆਸੀ ਦਬਾਅ ਹੇਠ ਬਹੁਤ ਸਾਰੇ ਮਾਮਲੇ ਥਾਣੇ ਆਉਣ ਤੋਂ ਪਹਿਲਾਂ ਹੀ ਮੁਕਾ ਦਿੱਤੇ ਜਾਂਦੇ ਹਨ।
ਅਸਲ ਵਿਚ ਬਿਹਾਰ ਅਤੇ ਉਤਰ ਪ੍ਰਦੇਸ਼ ਦੀ ਤਰਜ਼ ‘ਤੇ ਵਿਰੋਧੀਆਂ ਵਿਚ ਦਹਿਸ਼ਤ ਪਾ ਕੇ ਜਿੱਤ ਪ੍ਰਾਪਤ ਕਰਨ ਦੀ ਨੀਤੀ ਤਹਿਤ ਸ਼ ਸੁਖਬੀਰ ਸਿੰਘ ਬਾਦਲ ਦੇ ਸਾਲੇ ਅਤੇ ‘ਮੁੱਖ ਸਲਾਹਕਾਰ’ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸੂਬੇ ਭਰ ਵਿਚੋਂ ਲੜਾਕੂ ਤੇ ਜਰਾਇਮ ਪੇਸ਼ਾ ਮੁੰਡੀਰ ਨੂੰ ਪਾਰਟੀ ਵਿਚ ਸ਼ਾਮਲ ਕੀਤਾ। ਲੱਠਮਾਰਾਂ ਦੀ ਫੌਜ ਨੇ ਬਠਿੰਡਾ ਲੋਕ ਸਭਾ ਦੀ ਚੋਣ ਵਿਚ ਅਹਿਮ ਭੂਮਿਕਾ ਨਿਭਾਈ ਸੀ ਤੇ ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਵਿਚ ਵੀ ਇਨ੍ਹਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ। ਇਨ੍ਹਾਂ ਨੂੰ ਪਾਰਟੀ ਵਿਚ ਅਹੁਦੇ ਦੇ ਕੇ ਸਨਮਾਨਿਆ ਗਿਆ ਤੇ ਸਥਾਨਕ ਪੁਲਿਸ ਤੇ ਪ੍ਰਸ਼ਾਸਕੀ ਅਧਿਕਾਰੀਆਂ ਨੂੰ ਇਨ੍ਹਾਂ ਦੀ ਗੱਲ ਮੰਨਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਸਿਆਸੀ ਤੇ ਪੁਲਿਸ ਦੀ ਸ਼ਹਿ ਹਾਸਲ ਹੋਣ ‘ਤੇ ਪਹਿਲਾਂ ਹੀ ਜ਼ਰਾਇਮ ਪ੍ਰਵਿਰਤੀ ਵਾਲੀ ਇਹ ਮੁੰਡੀਰ ਇੰਨੀ ਆਪ ਮੁਹਾਰੀ ਹੋ ਗਈ ਕਿ ਪੁਲਿਸ ਨੂੰ ਵੀ ਵੰਗਾਰਨ ਲੱਗੀ। ਬੇਸ਼ੱਕ ਅਕਾਲੀ ਦਲ ਇਨ੍ਹਾਂ ਕਾਲੀਆਂ ਭੇਡਾਂ ਨੂੰ ਬਾਹਰ ਦਾ ਰਾਹ ਵਿਖਾਉਣ ਦੀ ਗੱਲ ਕਰ ਰਿਹਾ ਹੈ ਪਰ ਇਹ ਹੁਣ ਸੌਖਾ ਕੰਮ ਨਹੀਂ ਰਿਹਾ ਕਿਉਂਕਿ ਇਨ੍ਹਾਂ ਨੂੰ ਸੀਨੀਅਰ ਲੀਡਰਾਂ ਦੀ ਸਰਪ੍ਰਸਤੀ ਹਾਸਲ ਹੈ। ਇਸ ਨਾਲ ਪਾਰਟੀ ਵਿਚ ਬਗਾਵਤ ਵਾਲੀ ਹਾਲਤ ਵੀ ਬਣ ਸਕਦੀ ਹੈ।
ਇਸ ਤੋਂ ਇਲਾਵਾ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਪੁਲਿਸ ਦਾ ਸਿਆਸੀਕਰਨ ਕਰ ਦਿੱਤਾ ਹੈ। ਪੰਜਾਬ ਪੁਲਿਸ ਦੀ ਹਾਲਤ ਇਸ ਸਮੇਂ ਇਥੋਂ ਤੱਕ ਨਿੱਘਰ ਚੁੱਕੀ ਹੈ ਕਿ ਜ਼ਿਲ੍ਹਾ ਪੁਲਿਸ ਮੁਖੀਆਂ ਤੇ ਹੋਰ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਥਾਣਾ ਮੁਖੀਆਂ ਵੱਲੋਂ ਪੀੜਤਾਂ ਦੀਆਂ ਸ਼ਿਕਾਇਤਾਂ ‘ਤੇ ਕੋਈ ਕਾਰਵਾਈ ਕਰਨ ਦੀ ਬਜਾਏ ਸਭ ਤੋਂ ਪਹਿਲਾਂ ਸ਼ਿਕਾਇਤ ਬਾਰੇ ਸਬੰਧਤ ਹਲਕੇ ਦੇ ਵਿਧਾਇਕ ਜਾਂ ਹਾਰੇ ਉਮੀਦਵਾਰ ਤੋਂ ਇਲਾਵਾ ਮੰਤਰੀ ਕੋਲੋਂ ਹੁਕਮ ਲਏ ਜਾਂਦੇ ਹਨ।
ਇਸ ਤਰ੍ਹਾਂ ਹਲਕਿਆਂ ਦੇ ਜਿੱਤੇ ਵਿਧਾਇਕ ਜਾਂ ਹਾਰੇ ਉਮੀਦਵਾਰਾਂ ਵੱਲੋਂ ਲੋੜੀਂਦੇ ਹੁਕਮ ਪ੍ਰਾਪਤ ਹੋਣ ਦੇ ਬਾਅਦ ਹੀ ਥਾਣਿਆਂ ਵਿਚ ਕੇਸ ਦਰਜ ਕੀਤੇ ਜਾ ਰਹੇ ਹਨ। ਜੇਕਰ ਸ਼ਿਕਾਇਤਕਰਤਾ ਵਿਰੋਧੀ ਧਿਰ ਦਾ ਹੋਵੇ ਤਾਂ ਸ਼ਿਕਾਇਤ ਨੂੰ ਪਾੜ ਕੇ ਖੂਹ ਖਾਤੇ ਪਾ ਦਿੱਤਾ ਜਾਂਦਾ ਹੈ ਪਰ ਜੇ ਸ਼ਿਕਾਇਤਕਰਤਾ ਸੱਤਾਧਾਰੀ ਧਿਰ ਦਾ ਸਮਰਥਕ ਹੋਵੇ ਤਾਂ ਲੋੜੀਂਦੇ ਹੁਕਮ ਪ੍ਰਾਪਤ ਕਰਨ ਤੋਂ ਬਾਅਦ ਹੀ ਥਾਣੇਦਾਰਾਂ ਵੱਲੋਂ ਕੇਸ ਦਰਜ ਕੀਤੇ ਜਾਂਦੇ ਹਨ।
ਸੀਨੀਅਰ ਅਕਾਲੀ ਆਗੂਆਂ ਨੇ ਖੁਦ ਮੰਨਿਆ ਹੈ ਕਿ ਸ਼ਰੂਤੀ ਅਗਵਾ ਕਾਂਡ, ਖਾਲੜਾ ਪੁਲਿਸ ਥਾਣੇ ਵਿਚ ਦਰਜ ਫਰਜ਼ੀ ਕੇਸ ਅਤੇ ਅਕਾਲੀ ਆਗੂਆਂ ਵੱਲੋਂ ਜ਼ਮੀਨਾਂ ‘ਤੇ ਕਬਜ਼ਿਆਂ ਦੀਆਂ ਸ਼ਿਕਾਇਤਾਂ ਨੇ ਦਲ ਨੂੰ ਬੁਰੀ ਤਰ੍ਹਾਂ ਬਦਨਾਮ ਕਰ ਦਿੱਤਾ ਹੈ। ਇਸ ਬਾਰੇ ਧੜਾਧੜ ਸ਼ਿਕਾਇਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੱਕ ਪਹੁੰਚ ਰਹੀਆਂ ਹਨ ਤੇ ਉਹ ਇਸ ਗੱਲ ਨੂੰ ਲੈ ਕੇ ਡਾਢੇ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਨੇੜੇ ਛੇਹਰਟਾ ਵਿਚ ਵਾਪਰੀ ਘਟਨਾ ਨੇ ਤਾਂ ਪਾਰਟੀ ਦੇ ‘ਅਕਸ’ ਨੂੰ ਵੱਡੀ ਢਾਹ ਲਾਈ ਹੈ ਜਿਸ ਕਰਕੇ ਪਾਰਟੀ ਦੀ ਲੀਡਰਸ਼ਿਪ ਸੋਚਣ ਲਈ ਮਜਬੂਰ ਹੋ ਗਈ ਹੈ।
ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਮੰਨਣਾ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਅਪਰਾਧਕ ਪਿਛੋਕੜ ਵਾਲੇ ਬੰਦੇ ਪਾਰਟੀ ਵਿਚ ਘੁਸਪੈਠ ਕਰ ਗਏ ਹਨ ਜਿਸ ਕਾਰਨ ਅੰਮ੍ਰਿਤਸਰ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਆਗੂਆਂ ਦੀ ਰਾਏ ਹੈ ਕਿ ਸੂਬੇ ਵਿਚ ਜ਼ੁਰਮ ਵਧਣ ਨਾਲ ਸਰਕਾਰ ਦੇ ਵੱਕਾਰ ਨੂੰ ਢਾਹ ਲੱਗ ਰਹੀ ਹੈ। ਅਕਾਲੀ ਦਲ ਨੂੰ ਡਰ ਹੈ ਕਿ ਅਮਨ ਕਾਨੂੰਨ ਦੀ ਵਿਗੜੀ ਹਾਲਤ ਦਾ ਅਸਰ 2014 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ‘ਤੇ ਵੀ ਪੈ ਸਕਦਾ ਹੈ।
ਯੂਥ ਅਕਾਲੀ ਦਲ ਵਿਚ ਪਿਛਲੇ ਸਮੇਂ ਦੌਰਾਨ ਵੱਡੀ ਗਿਣਤੀ ਵਿਚ ਅਹੁਦੇਦਾਰੀਆਂ ਵੰਡੇ ਜਾਣ ਕਾਰਨ ਪਾਰਟੀ ਨੂੰ ਇਸ ਗੱਲ ਦੀ ਵੀ ਕੋਈ ਜਾਣਕਾਰੀ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਕਿੰਨੇ ਅਹੁਦੇਦਾਰ ਹਨ। ਫਰੀਦਕੋਟ ਵਿਚ ਸ਼ਰੂਤੀ ਅਗਵਾ ਕਾਂਡ ਦੇ ਮੁੱਖ ਮੁਲਜ਼ਮ ਤੇ ਅੰਮ੍ਰਿਤਸਰ ਕਾਂਡ ਵਿਚ ਅਕਾਲੀ ਅਹੁਦੇਦਾਰਾਂ ਦੀ ਸ਼ਮੂਲੀਅਤ ਦੇ ਦੋਸ਼ ਲੱਗ ਰਹੇ ਹਨ।
ਪੰਜਾਬ ਵਿਚ ਸੁਖਬੀਰ ਮਾਡਲ ਫੇਲ੍ਹ!
ਦਹਿਸ਼ਤ ਦੇ ਜ਼ੋਰ ਨਾਲ ਸਿਆਸਤ ਚਲਾਉਣ ਨਾਲ ਹਾਲਾਤ ਡਾਵਾਂਡੋਲ
Leave a Reply