ਓਬਾਮਾ ਹੋਇਆ ਮਿੱਟ ਰੋਮਾਨੀ ‘ਤੇ ਹਾਵੀ

ਵਾਸ਼ਿੰਗਟਨ: ਤਾਜ਼ਾ ਸਰਵੇਖਣ ਮੁਤਾਬਕ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਰਾਸ਼ਟਰਪਤੀ ਦੇ ਅਹੁਦੇ ਲਈ ਹੋਈ ਦੂਜੀ ਬਹਿਸ ਵਿਚ ਆਪਣੇ ਵਿਰੋਧੀ ਮਿਟ ਰੋਮਨੀ ਤੋਂ ਸ਼ਾਨਦਾਰ ਢੰਗ ਨਾਲ ਜਿੱਤ ਹਾਸਲ ਕਰ ਚੁੱਕੇ ਹਨ ਜਦੋਂਕਿ ਉਹ ਪਹਿਲਾਂ ਕੌਮੀ ਪੱਧਰ ‘ਤੇ ਇਕ ਅੰਕ ਨਾਲ ਪਛੜੇ ਹੋਏ ਸਨ। ਇਹ ਪ੍ਰਗਟਾਵਾ ਗੈਲਅਪ ਵੱਲੋਂ ਜਾਰੀ ਤਾਜ਼ਾ ਸਰਵੇਖਣ ਵਿਚ ਕੀਤਾ ਗਿਆ ਹੈ। ਜ਼ਿਕਰਯੋਗ ਹੈ ਅਮਰੀਕਾ ਦਾ ਨਵਾਂ ਰਾਸ਼ਟਰਪਤੀ 21 ਜਨਵਰੀ ਨੂੰ ਸਹੁੰ ਚੁੱਕੇਗਾ। ਨਿਊਯਾਰਕ ਵਿਚ ਹੋਈ ਦੂਜੀ ਬਹਿਸ ਜਿਨ੍ਹਾਂ ਅਮਰੀਕੀ ਨਾਗਰਿਕਾਂ ਨੇ ਦੇਖੀ ਹੈ, ਉਨ੍ਹਾਂ ਵਿਚੋਂ ਵਧੇਰਿਆਂ ਦਾ ਕਹਿਣਾ ਹੈ ਕਿ ਬਰਾਕ ਓਬਾਮਾ ਨੇ ਮਿਟ ਰੋਮਨੀ ਦੇ ਮੁਕਾਬਲੇ ਆਪਣਾ ਕਰਤੱਵ ਸ਼ਾਨਦਾਰ ਢੰਗ ਨਾਲ ਨਿਭਾਇਆ ਹੈ ਤੇ ਇਹ ਅਨੁਪਾਤ ਦੋਵਾਂ ਆਗੂਆਂ ਵਿਚ 51-38 ਫੀਸਦੀ ਦਾ ਹੈ। ਗੈਲਅਪ ਨੇ ਸੀਐਨਐਨ ਤੇ ਸੀਬੀਐਸ ਦੇ ਮੁਕਾਬਲੇ ਆਪਣੇ ਸਰਵੇਖਣ ਵਿਚ ਓਬਾਮਾ ਦੀ ਵਿਆਪਕ ਲੀਡ ਦਿਖਾਈ ਹੈ। ਸੀਐਨਐਨ ਤੇ ਸੀਬੀਐਨ ਨੇ ਓਬਾਮਾ ਨੂੰ ਆਪਣੇ ਸਰਵੇਖਣ ਵਿਚ ਸੱਤ ਅੰਕਾਂ ਨਾਲ ਜੇਤੂ ਦਿਖਾਇਆ ਹੈ।
ਰੀਅਲ ਕਲੀਅਰ ਪੌਲੇਟਿਕਸ ਜੋ ਸਾਰੇ ਅਹਿਮ ਚੋਣ ਸਰਵੇਖਣਾਂ ਉਤੇ ਨਜ਼ਰ ਰੱਖਦਾ ਹੈ, ਨੇ ਇਹ ਰਿਪੋਰਟ ਦਿੱਤੀ ਹੈ ਕਿ ਓਬਾਮਾ ਨੇ ਰੋਮਨੀ ਵੱਲੋਂ ਲਈ ਲੀਡ ਨੂੰ ਖਤਮ ਕਰ ਦਿੱਤਾ ਤੇ ਹੁਣ 0æ1 ਫੀਸਦੀ ਫਰਕ ਨਾਲ ਅੱਗੇ ਹਨ। ਇਹ ਅੰਦਾਜ਼ਾ ਸਾਰੇ ਮੁੱਖ ਸਰਵੇਖਣਾਂ ਦੀ ਔਸਤ ਤੋਂ ਬਾਅਦ ਲਾਇਆ ਗਿਆ ਹੈ। ਇਸ ਦੌਰ ਜਾਰੀ ਹੋਏ ਬਹੁਤ ਸਾਰੇ ਸਰਵੇਖਣਾਂ ਵਿਚ ਦੋਵਾਂ ਆਗੂਆਂ ਵਿਚ ਸਖ਼ਤ ਟੱਕਰ ਦਿਖਾਈ ਗਈ ਹੈ।
ਜ਼ਿਕਰਯੋਗ ਹੈ ਕਿ ਭਾਵੇਂ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ 6 ਨਵੰਬਰ ਨੂੰ ਵੋਟਾਂ ਪੈ ਰਹੀਆਂ ਹਨ ਤੇ ਨਵੇਂ ਰਾਸ਼ਟਰਪਤੀ ਅਹੁਦੇ ਦੀ ਸਹੁੰ ਸੰਵਿਧਾਨਕ ਤੌਰ ‘ਤੇ ਤੈਅ 20 ਜਨਵਰੀ ਦੀ ਥਾਂ 21 ਜਨਵਰੀ ਨੂੰ ਚੁੱਕਣਗੇ ਕਿਉਂਕਿ 20 ਜਨਵਰੀ ਨੂੰ ਐਤਵਾਰ ਹੈ। ਅਮਰੀਕੀ ਇਤਿਹਾਸ ਵਿਚ ਇਹ ਸੱਤਵੀਂ ਵਾਰ ਹੈ ਕਿ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣ ਦੀ ਸੰਵਿਧਾਨਕ ਤੌਰ ‘ਤੇ ਤੈਅ ਤਾਰੀਖ਼ ਐਤਵਾਰ ਨੂੰ ਆ ਗਈ ਹੈ। ਇਸ ਤੋਂ ਪਹਿਲਾਂ 1985 ਵਿਚ ਰੌਨਾਲਡ ਰੀਗਨ ਦੇ ਦੂਜੀ ਵਾਰ ਸਹੁੰ ਚੁੱਕਣ ਦੌਰਾਨ ਅਜਿਹਾ ਹੋਇਆ ਸੀ।
ਅਮਰੀਕੀ ਕਾਂਗਰਸ ਸਮਿਤੀ ਨੇ 21 ਜਨਵਰੀ ਦੇ ਪ੍ਰੋਗਰਾਮ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਮਿਟ ਰੋਮਨੀ ਛੇ ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ‘ਚ ਉਮੀਦਵਾਰ ਹਨ।
_______________________________________
ਫੰਡ ਜੁਟਾਉਣ ‘ਚ ਭਾਰਤੀ ਮੂਲ ਦੇ ਉਮੀਦਵਾਰ ਅੱਗੇ
ਵਾਸ਼ਿੰਗਟਨ: ਭਾਰਤੀ ਮੂਲ ਦੇ ਅਮਰੀਕੀ ਉਮੀਦਵਾਰਾਂ ਨੇ ਅਮਰੀਕੀ ਕਾਂਗਰਸ ਦੀਆਂ ਛੇ ਨਵੰਬਰ ਨੂੰ ਹੋ ਰਹੀਆਂ ਚੋਣਾਂ ‘ਚ ਫੰਡ ਇਕੱਠਾ ਕਰਨ ਦੇ ਮਾਮਲੇ ਵਿਚ ਆਪਣੇ ਵਿਰੋਧੀਆਂ ਨੂੰ ਵੱਡੇ ਫਰਕ ਨਾਲ ਪਛਾੜ ਦਿੱਤਾ ਹੈ। ਇਨ੍ਹਾਂ ਉਮੀਦਵਾਰਾਂ ਵਿਚ ਡੈਮੈਕਰੇਟਿਕ ਦਲ ਦੀ ਅਮੀ ਬੇਰਾ ਤੇ ਰਿਪਬਲਿਕਨ ਦੇ ਰਣਜੀਤ ਰਿੱਕੀ ਗਿੱਲ ਸ਼ਾਮਲ ਹਨ। ਹਾਲਾਂਕਿ ਚੋਣਾਂ ਤੋਂ ਬਾਅਦ ਨਤੀਜੇ ਹੀ ਦੱਸਣਗੇ ਕਿ ਇਨ੍ਹਾਂ ਉਮੀਦਵਾਰਾਂ ਵੱਲੋਂ ਫੰਡ ਇਕੱਠੇ ਕਰਕੇ ਬਣਾਇਆ ਪ੍ਰਭਾਵ ਵੋਟਾਂ ਹਾਸਲ ਕਰਨ ਵੇਲੇ ਅਸਰਅੰਦਾਜ਼ ਹੁੰਦਾ ਹੈ ਜਾਂ ਨਹੀਂ। ਇਨ੍ਹਾਂ ਦੋਹਾਂ ਉਮੀਦਵਾਰਾਂ ਤੋਂ ਬਿਨਾਂ ਉਪੇਂਦਰ ਚਿਵੁਕੁਲਾ (ਨਿਊ ਜਰਸੀ), ਮਨਨ ਤ੍ਰਿਵੇਦੀ (ਪੈਨਸੀਲਵਾਨੀਆ) ਸਈਦ ਤਾਜ (ਮਿਸ਼ੀਗਨ) ਵੀ ਉਹ ਭਾਰਤੀ ਮੂਲ ਦੇ ਅਮਰੀਕੀ ਉਮੀਦਵਾਰ ਹਨ ਜਿਨ੍ਹਾਂ ਫ਼ਿਲਹਾਲ ਫੰਡ ਇਕੱਠੇ ਕਰਨ ‘ਚ ਆਪਣੇ ਵਿਰੋਧੀਆਂ ਨੂੰ ਵੱਡੇ ਫਰਕ ਨਾਲ ਪਛਾੜ ਦਿੱਤਾ ਹੈ। ਇਸ ਸੂਚੀ ਵਿਚ ਸਭ ਤੋਂ ਉਤੇ ਅਮੀ ਬੇਰਾ ਦਾ ਨਾਂ ਹੈ ਜਿਸ ਨੇ 30 ਸਤੰਬਰ ਤਕ ਆਪਣੀ ਚੋਣ ਮੁਹਿੰਮ ਲਈ 731,000 ਅਮਰੀਕੀ ਡਾਲਰ ਇਕੱਠੇ ਕੀਤੇ ਜਦੋਂ ਕਿ ਉਸ ਦਾ ਵਿਰੋਧੀ ਡਾਨ ਲੰਗਰੀਨ ਕੇਵਲ 223,000 ਅਮਰੀਕੀ ਡਾਲਰ ਹੀ ਜੁਟਾ ਸਕਿਆ। ਪਿਛਲੇ ਹਫ਼ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਵੀ ਅਮੀ ਬੇਰਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਦੂਜਾ ਨੰਬਰ ਰਣਜੀਤ ਰਿੱਕੀ ਗਿੱਲ ਦਾ ਹੈ।
________________________________________
ਓਬਾਮਾ ਤੇ ਰੋਮਨੀ ਵਿਚਾਲੇ ਖੁਸ਼ਗਵਾਰ ਪਲ
ਨਿਊਯਾਰਕ: ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਤੇ ਉਨ੍ਹਾਂ ਦੇ ਰਿਪਬਲਿਕਨ ਵਿਰੋਧੀ ਮਿਟ ਰੋਮਨੀ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਦੋ ਤਲਖ਼ ਬਹਿਸਾਂ ਮਗਰੋਂ ਇਥੇ ਚੈਰਿਟੀ ਰਾਤਰੀ ਭੋਜ ਦੌਰਾਨ ਇਕ-ਦੂਜੇ ਨਾਲ ਕਾਫ਼ੀ ਮਜ਼ਾਕ ਕੀਤਾ। ਕੈਥੋਲਿਕ ਆਰਕਡਾਇਓਸੇਸੇ ਵੱਲੋਂ ਦਾਨ ਇਕੱਤਰ ਕਰਨ ਲਈ ਕਰਵਾਏ ਐਲਫਰੈੱਡ ਸਮਿੱਥ ਰਾਤਰੀ ਭੋਜ ‘ਚ ਦੋਵਾਂ ਆਗੂਆਂ ਨੇ ਚੋਣਾਂ ਦੀ ਤਲਖ਼ੀ ਨੂੰ ਤਿਆਗਦਿਆਂ ਮਜ਼ਾਕੀਆ ਭਾਸ਼ਣ ਦਿੱਤੇ। ਇਹ ਸਾਲਾਨਾ ਭੋਜ ਵਾਸ਼ਿੰਗਟਨ ਹਾਊਸ ਲਈ ਗਹਿਗੱਚ ਦੌੜ ਤੋਂ ਪਹਿਲਾਂ ਉਮੀਦਵਾਰਾਂ ਨੂੰ ਸਕੂਨ ਦੇ ਕੁਝ ਪਲ ਦੇਣ ਦਾ ਸਬੱਬ ਹੈ। ਇਹ ਭੋਜ ਡੈਮੋਕਰੇਟਿਕ ਗਵਰਨਰ ਐਲਫਰੈੱਡ ਸਮਿੱਥ ਦੀ ਯਾਦ ਵਿਚ ਦਿੱਤਾ ਜਾਂਦਾ ਹੈ। ਸ੍ਰੀ ਸਮਿੱਥ ਇਕ ਵਾਰ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਰਹੇ ਹਨ। ਸ੍ਰੀ ਓਬਾਮਾ ਤੇ ਸ੍ਰੀ ਰੋਮਨੀ ਨੇ ਇਕ-ਦੂਜੇ ਬਾਰੇ ਚੁਟਕਲੇ ਸੁਣਾਏ ਤੇ ਮਜ਼ਾਕੀਆ ਟਿੱਪਣੀਆਂ ਕੀਤੀਆਂ। ਰਿਪਬਲਿਕਨ ਉਮੀਦਵਾਰ ਦੇ ਬੋਲਣ ਮਗਰੋਂ ਰਾਸ਼ਟਰਪਤੀ ਨੇ ਕਿਹਾ ਕਿ ਇਹ ਹਾਲ ਹੀ ਵਿਚ ਤੀਜਾ ਮੌਕਾ ਹੈ ਜਦੋਂ ਸ੍ਰੀ ਰੋਮਨੀ ਤੇ ਉਹ ਮਿਲ ਰਹੇ ਹਨ।

Be the first to comment

Leave a Reply

Your email address will not be published.