ਟਵਿੰਕਲ ਦਾ ਹੀਰਾ ਤੇ ਹੀਰੋ ਅਕਸ਼ੈ

ਅਦਾਕਾਰਾ ਟਵਿੰਕਲ ਖੰਨਾ ਅਤੇ ਅਦਾਕਾਰ ਅਕਸ਼ੈ ਕੁਮਾਰ ਨੇ ਹੁਣੇ-ਹੁਣੇ ਆਪਣੇ ਵਿਆਹ ਦੀ 14ਵੀਂ ਵਰ੍ਹੇਗੰਢ ਮਨਾਈ ਹੈ। ਟਵਿੰਕਲ ਨੇ ਆਪਣੀ ਇਸ ਵਰ੍ਹੇਗੰਢ ਮੌਕੇ ਇਕ ਵਾਰ ਫਿਰ ਕਿਹਾ ਹੈ ਕਿ ਜਿਸ ਤਰ੍ਹਾਂ ਦੀ ਸਪੋਰਟ ਅਕਸ਼ੈ ਵਲੋਂ ਹਰ ਮਸਲੇ Ḕਤੇ ਮਿਲਦੀ ਰਹੀ ਹੈ, ਉਹ ਉਸ ਦੇ ਧੰਨਭਾਗ ਹਨ।

ḔਖਿਲਾੜੀḔ ਕੁਮਾਰ ਵਜੋਂ ਮਸ਼ਹੂਰ ਅਕਸ਼ੈ ਸੱਚਮੁੱਚ ਪਰਿਵਾਰਕ ਫਰੰਟ ਉਤੇ ਸਭ ਤੋਂ ਅੱਛਾ ਖਿਲਾੜੀ ਸਾਬਤ ਹੋਇਆ ਹੈ। ਹਰ ਮੋੜ ਉਤੇ ਉਹਨੇ ਟਵਿੰਕਲ ਨੂੰ ਹੀ ਨਹੀਂ, ਸਗੋਂ ਜਦੋਂ ਵੀ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਲੋੜ ਪਈ, ਉਹ ਹਰ ਵਕਤ ਉਥੇ ਹਾਜ਼ਰ ਹੋਇਆ। ਆਪਣੀ ਸੱਸ ਅਦਾਕਾਰਾ ਡਿੰਪਲ ਕਪਾਡੀਆ ਲਈ ਤਾਂ ਉਹ ਹਰ ਵਕਤ ਮਸੀਹਾ ਬਣ ਕੇ ਟੱਕਰਦਾ ਰਿਹਾ ਹੈ। ਹਿੰਦੀ ਫਿਲਮਾਂ ਦੇ ਪਹਿਲੇ ਸੁਪਰ ਸਟਾਰ ਅਤੇ ਆਪਣੇ ਸਹੁਰੇ ਰਾਜੇਸ਼ ਖੰਨਾ ਦੀ ਮੌਤ ਤੋਂ ਬਾਅਦ ਜਿਸ ਤਰ੍ਹਾਂ ਉਸ ਨੇ ਪਰਿਵਾਰਕ ਝੇੜਿਆਂ ਨੂੰ ਨਿਬੇੜਨ ਲਈ ਦਿਨ-ਰਾਤ ਇਕ ਕੀਤਾ, ਉਸ ਨੇ ਸਭ ਨੂੰ ਦੰਗ ਕਰ ਕੇ ਰੱਖ ਦਿੱਤਾ। ਇਸੇ ਕਰ ਕੇ ਟਵਿੰਕਲ ਖੰਨਾ ਹੁੱਬ ਕੇ ਆਖਦੀ ਹੈ ਕਿ ਉਸ ਦਾ ਅਕਸ਼ੈ ਹੀਰਾ ਹੈ ਅਤੇ ਉਸ ਦਾ ਹੀਰੋ ਹੈ। ਸੱਚਮੁੱਚ, ਇਸ ਮਾਮਲੇ Ḕਤੇ ਤਾਂ ਅਕਸ਼ੈ ਲਈ Ḕਹੈਟਸ ਆਫḔ ਹਨ।
ਅੰਮ੍ਰਿਤਸਰ ਵਿਚ ਜੰਮੇ ਅਕਸ਼ੈ ਦਾ ਅਸਲੀ ਨਾਂ ਰਾਜੀਵ ਭਾਟੀਆ ਹੈ ਅਤੇ ਉਹਦਾ ਬਾਪੂ ਹਰੀ ਓਮ ਭਾਟੀਆ ਫੌਜ ਵਿਚ ਅਫਸਰ ਸੀ। ਅਕਸ਼ੈ ਨੂੰ ਬਚਪਨ ਤੋਂ ਹੀ ਡਾਂਸ ਦਾ ਬੜਾ ਸ਼ੌਕ ਸੀ ਅਤੇ ਉਸ ਨੇ ਆਪਣਾ ਇਹ ਸ਼ੌਕ ਫਿਲਮਾਂ ਵਿਚ ਹੀਰੋ ਬਣ ਕੇ ਹਾਸਲ ਕੀਤਾ। ਆਪਣੇ ਵਿਸ਼ੇਸ਼ ਸਟੰਟਾਂ ਕਰ ਕੇ ਵੀ ਅਕਸ਼ੈ ਬਹੁਤ ਮਸ਼ਹੂਰ ਹੈ। ਇਨ੍ਹਾਂ ਮਾਰਸ਼ਲ ਕਾਰਜਾਂ ਲਈ ਉਹਨੇ ਬਾਕਾਇਦਾ ਟਰੇਨਿੰਗ ਲਈ ਹੋਈ ਹੈ ਅਤੇ ਉਹ ਆਪਣੀ ਇਸ ਟਰੇਨਿੰਗ ਦਾ ਰੰਗ ਆਪਣੀਆਂ ਫਿਲਮਾਂ ਵਿਚ ਵੀ ਅਕਸਰ ਦਿਖਾਉਂਦਾ ਰਹਿੰਦਾ ਹੈ। ਹੁਣੇ-ਹੁਣੇ ਰਿਲੀਜ਼ ਹੋਈ ਉਹਦੀ ਫਿਲਮ ḔਬੇਬੀḔ ਵਿਚ ਵੀ ਉਹਨੇ ਆਪਣੀ ਇਸ ਕਲਾ ਦੇ ਜੌਹਰ ਦਿਖਾਏ ਹਨ। ਅਕਸ਼ੈ ਕੁਮਾਰ ਹਿੰਦੀ ਫਿਲਮ ਸਨਅਤ ਦਾ ਅਜਿਹਾ ਪਹਿਲਾ ਅਦਾਕਾਰ ਹੈ ਜਿਸ ਦੀਆਂ ਫਿਲਮਾਂ ਨੇ ਹੁਣ ਤੱਕ ਰਿਕਾਰਡ 31 ਕਰੋੜ ਡਾਲਰ ਦੀ ਕਮਾਈ ਕੀਤੀ ਹੈ। ਜਿਸ ਤਰ੍ਹਾਂ ਉਹਦਾ ਸਹੁਰਾ ਰਾਜੇਸ਼ ਖੰਨਾ ਹਿੰਦੀ ਫਿਲਮਾਂ ਦਾ ਪਹਿਲਾ ਸੁਪਰ ਸਟਾਰ ਬਣਿਆ, ਐਨ ਉਸੇ ਤਰ੍ਹਾਂ ਅਕਸ਼ੈ ਖੰਨਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਪਹਿਲਾ ਅਦਾਕਾਰ ਬਣ ਗਿਆ ਹੈ।
ਟਵਿੰਕਲ ਖੰਨਾ ਆਪਣੇ ਇਸ ਹੀਰੋ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦੀ ਨਹੀਂ ਥੱਕਦੀ। ਉਸ ਦਾ ਤਾਂ ਕਹਿਣਾ ਹੈ ਕਿ ਇਸ ਦੁਨੀਆਂ ਵਿਚ ਅਕਸ਼ੈ ਵਰਗਾ ਕੋਈ ਹੋਰ ਹੈ ਹੀ ਨਹੀਂ ਹੈ। ਅਕਸ਼ੈ ਅਤੇ ਟਵਿੰਕਲ ਖੰਨਾ ਨੇ Ḕਜ਼ੁਲਮੀḔ ਅਤੇ Ḕਇੰਟਰਨੈਸ਼ਨਲ ਖਿਲਾੜੀḔ ਫਿਲਮਾਂ ਵਿਚ ਇਕੱਠਿਆਂ ਕੰਮ ਕੀਤਾ ਸੀ। ਇਹੀ ਉਹ ਫਿਲਮਾਂ ਸਨ ਜਿਨ੍ਹਾਂ ਦੀ ਸ਼ੂਟਿੰਗ ਦੌਰਾਨ ਦੋਹਾਂ ਵਿਚਕਾਰ ਇਸ਼ਕ ਸ਼ੁਰੂ ਹੋਇਆ। ਫਿਰ 17 ਜਨਵਰੀ 2001 ਨੂੰ ਦੋਹਾਂ ਨੇ ਵਿਆਹ ਕਰਵਾ ਲਿਆ ਅਤੇ ਟਵਿੰਕਲ ਖੰਨਾ ਨੇ ਅਕਸ਼ੈ ਲਈ ਫਿਲਮਾਂ ਨੂੰ ਅਲਵਿਦਾ ਆਖ ਦਿੱਤੀ। ਅੱਜ ਉਹ ਖੁਸ਼ ਹੈ ਕਿ ਉਸ ਨੂੰ ਅਕਸ਼ੈ ਕੁਮਾਰ ਵਰਗੇ ਬੰਦੇ ਦਾ ਸਾਥ ਮਿਲਿਆ ਹੈ।