ਬ੍ਰਿਟਿਸ਼ ਫਿਲਮਸਾਜ਼ ਗੁਰਿੰਦਰ ਚੱਢਾ ਦੀ ਸੰਸਾਰ ਪ੍ਰਸਿੱਧ ਹਿੱਟ ਫਿਲਮ Ḕਬੈਂਡ ਇਟ ਲਾਈਕ ਬੈਕਹੈਮḔ ਇਕ ਵਾਰ ਫਿਰ ਦਰਸ਼ਕਾਂ ਦਾ ਮਨ ਮੋਹਣ ਲਈ ਆ ਰਹੀ ਹੈ। ਇਸ ਵਾਰ ਇਸ ਫਿਲਮ ਦੇ ਆਧਾਰ ‘ਤੇ ਲੰਡਨ ਦੇ ਫੀਨਿਕਸ ਥੀਏਟਰ ਵਿਚ ਇਸੇ ਨਾਂ ਵਾਲਾ ਸੰਗੀਤ-ਨਾਟਕ 15 ਮਈ ਨੂੰ ਖੇਡਿਆ ਜਾ ਰਿਹਾ ਹੈ।
ਫਿਲਮ ਵਿਚ ਜੇਸੀ ਦਾ ਜਿਹੜਾ ਕਿਰਦਾਰ ਪਰਮਿੰਦਰ ਨਾਗਰਾ ਨੇ ਨਿਭਾਇਆ ਸੀ, ਸੰਗੀਤ-ਨਾਟਕ ਵਿਚ ਉਹ ਕਿਰਦਾਰ ਹੁਣ ਬ੍ਰਿਟਿਸ਼ ਸਟੇਜ ਤੇ ਟੈਲੀਵਿਜ਼ਨ ਅਦਾਕਾਰਾ ਨਤਾਲੀ ਡਿਊ ਨਿਭਾ ਰਹੀ ਹੈ। ਫਿਲਮ ਵਿਚ ਜੇਸੀ ਦੀ ਸਹੇਲੀ ਵਾਲਾ ਜਿਹੜਾ ਕਿਰਦਾਰ ਅਦਾਕਾਰਾ ਕੀਰਾ ਨਾਈਟਲੇ ਨੇ ਨਿਭਾਇਆ ਸੀ, ਉਸ ਕਿਰਦਾਰ ਲਈ ਲੌਰੇਨ ਸੈਮੂਅਲਜ਼ ਨੂੰ ਚੁਣਿਆ ਗਿਆ ਹੈ।
ਗੁਰਿੰਦਰ ਚੱਢਾ ਇਸ ਨਾਟਕ ਦੀ ਤਿਆਰੀ ਤੋਂ ਬਹੁਤ ਖੁਸ਼ ਹੈ। ਉਸ ਦਾ ਕਹਿਣਾ ਹੈ, “ਇਹ ਪ੍ਰਾਜੈਕਟ ਬੜਾ ਹੁਲਾਰਾ ਦੇਣ ਵਾਲਾ ਹੈ। ਉਂਜ ਵੀ ਇਸ ਨਾਟਕ ਵਿਚ ਸੰਗੀਤ ਨੂੰ ਬਹੁਤ ਅਹਿਮੀਅਤ ਦਿੱਤੀ ਗਈ ਹੈ ਅਤੇ ਮੈਂ ਸੰਗੀਤ ਨਾਲ ਬਹੁਤ ਡੂੰਘੀ ਜੁੜੀ ਹੋਈ ਹਾਂ। ਸੰਗੀਤ ਮੇਰੀ ਸੋਚ ਦੀਆਂ ਤਰੰਗਾਂ ਨੂੰ ਨਵੀਂ ਰੂਹ ਅਤੇ ਊਰਜਾ ਬਖਸ਼ਦਾ ਹੈ। ਇਸ ਨਾਟਕ ਰਾਹੀਂ ਹੁਣ ਮੈਂ ਸੰਗੀਤ, ਪਿਆਰ ਅਤੇ ਕਥਾ ਸੁਣਾਉਣ ਦੀ ਤਰਕੀਬ ਵਿਚਕਾਰ ਸੁਮੇਲ ਬਿਠਾਉਣ ਦਾ ਯਤਨ ਕੀਤਾ ਹੈ।”
ਗੁਰਿੰਦਰ ਚੱਢਾ (ਜਨਮ 10 ਜਨਵਰੀ 1960) ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1993 ਵਿਚ ਹਿੱਟ ਫਿਲਮ Ḕਭਾਜੀ ਔਨ ਦਿ ਬੀਚḔ ਨਾਲ ਕੀਤੀ ਸੀ। ਇਸ ਤੋਂ ਪਹਿਲਾਂ ਉਸ ਨੇ ਟੈਲੀਵਿਜ਼ਨ ਲਈ ਕੁਝ ਫਿਲਮਾਂ ਦਾ ਨਿਰਮਾਣ ਕੀਤਾ ਸੀ। Ḕਭਾਜੀ ਔਨ ਦਿ ਬੀਚḔ ਨੇ ਉਸ ਲਈ ਫਿਲਮਸਾਜ਼ੀ ਦੀ ਦੁਨੀਆਂ ਲਈ ਨਵੇਂ ਰਾਹ ਖੋਲ੍ਹ ਦਿੱਤੇ ਅਤੇ ਜਦੋਂ 9 ਸਾਲ ਬਾਅਦ ਉਸ ਨੇ 2002 ਵਿਚ ਫਿਲਮ Ḕਬੈਂਡ ਇਟ ਲਾਈਕ ਬੈਕਹੈਮḔ ਬਣਾਈ ਤਾਂ ਉਸ ਦੀਆਂ ਧੁੰਮਾਂ ਸੰਸਾਰ ਭਰ ਵਿਚ ਪੈ ਗਈਆਂ। ਨਿੱਕੇ ਜਿਹੇ ਬਜਟ ਦੀ ਇਹ ਫਿਲਮ ਸੰਸਾਰ ਦੀਆਂ ਵੱਡੀਆਂ ਫਿਲਮਾਂ ਵਿਚ ਸ਼ੁਮਾਰ ਹੋ ਗਈ ਅਤੇ ਇਸ ਫਿਲਮ ਦਾ ਟਾਈਟਲ ਤਾਂ ਇਕ ਤਰ੍ਹਾਂ ਨਾਲ ਮੁਹਾਵਰਾ ਹੀ ਬਣ ਗਿਆ। ਇਹ ਫਿਲਮ ਇੰਗਲੈਂਡ ਦੇ ਪ੍ਰਸਿੱਧ ਫੁੱਟਬਾਲ ਖਿਡਾਰੀ ਡੇਵਿਡ ਬੈਕਹੈਮ ਦੀ ਫ਼ਰੀ ਕਿੱਕ ਸਪੈਸ਼ੈਲਿਟੀ ਨੂੰ ਆਧਾਰ ਬਣਾ ਕੇ ਬਣਾਈ ਗਈ ਸੀ। ਦਰਅਸਲ ਇਹ ਫਿਲਮ ਦੋ ਸਭਿਆਚਾਰਾਂ ਦੇ ਭੇੜ ਨੂੰ ਦਰਸਾਉਂਦੀ ਹੈ। ਇਸ ਫਿਲਮ ਦੀ ਨਾਇਕਾ ਸਿੱਖ ਪਰਿਵਾਰ ਵਿਚ ਜੰਮੀ-ਪਲੀ ਹੈ ਅਤੇ ਫੁੱਟਬਾਲ ਖੇਡਣਾ ਚਾਹੁੰਦੀ ਹੈ ਪਰ ਪਰਿਵਾਰ ਉਸ ਨੂੰ ਇਸ ਦੀ ਆਗਿਆ ਦੇਣ ਲਈ ਤਿਆਰ ਨਹੀਂ। ਬੱਸ ਇਸੇ ਕਹਾਣੀ ਨੂੰ ਆਧਾਰ ਬਣਾ ਕੇ ਗੁਰਿੰਦਰ ਚੱਢਾ ਨੇ ਅਜਿਹੀ ਫਿਲਮ ਦਾ ਨਿਰਮਾਣ ਕੀਤਾ ਜੋ ਫਿਲਮ ਇਤਿਹਾਸ ਦਾ ਅਹਿਮ ਹਿੱਸਾ ਹੋ ਨਿਬੜੀ।
ਪਿਛਲੇ ਸਾਲ (2014) ਵਿਚ ਗੁਰਿੰਦਰ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਹ ਇਸ ਫਿਲਮ ਦਾ ਅਗਲਾ ਸੀਕੁਅਲ ਬਣਾਏਗੀ ਅਤੇ ਉਸ ਦੀ ਤਿਆਰੀ ਵਿਚ ਉਹ ਜੁਟੀ ਹੋਈ ਹੈ। ਉਂਜ, ਇਸ ਸੀਕੁਅਲ ਤੋਂ ਪਹਿਲਾਂ ਹੀ ਉਸ ਨੇ ਇਹ ਨਾਟਕ ਤਿਆਰ ਕਰ ਲਿਆ। ਉਸ ਦੀ ਯੋਜਨਾ ਹੈ ਕਿ ਉਹ ਇਸ ਨਾਟਕ ਨੂੰ ਸੰਸਾਰ ਭਰ ਵਿਚ ਲੈ ਕੇ ਜਾਵੇ। ਇਸ ਸਬੰਧੀ ਇਕ ਹੋਰ ਦਿਲਚਸਪ ਗੱਲ ਇਹ ਵੀ ਹੈ ਕਿ ਆਮ ਤੌਰ ‘ਤੇ ਕਿਸੇ ਕਹਾਣੀ ਜਾਂ ਨਾਟਕ ਦੇ ਆਧਾਰ ਉਤੇ ਕਿਸੇ ਫਿਲਮ ਦਾ ਨਿਰਮਾਣ ਕੀਤਾ ਜਾਂਦਾ ਹੈ, ਪਰ ਇਹ ਸ਼ਾਇਦ ਉਨ੍ਹਾਂ ਕੁਝ ਕੁ ਫਿਲਮਾਂ ਵਿਚ ਸ਼ਾਮਲ ਹੋਵੇਗੀ ਜਿਸ ਦੇ ਆਧਾਰ ‘ਤੇ ਇਉਂ ਨਾਟਕ ਖੇਡਿਆ ਜਾ ਰਿਹਾ ਹੈ। ਇਸ ਨਾਟਕ ਦੇ ਗੀਤ ਚਾਰਲਸ ਹਾਰਟ ਦੇ ਲਿਖੇ ਹਨ ਅਤੇ ਸੰਗੀਤ ਨਾਲ ਹਾਵਰਡ ਗੂਡਾਲ ਨੇ ਸਜਾਇਆ ਹੈ। ਗੁਰਿੰਦਰ ਚੱਢਾ ਨੂੰ ਬਹੁਤ ਆਸਾਂ ਹਨ ਕਿ ਜਿਸ ਤਰ੍ਹਾਂ ਲੋਕਾਂ ਨੂੰ ਫਿਲਮ Ḕਬੈਂਡ ਇਟ ਲਾਈਕ ਬੈਕਹੈਮḔ ਬਹੁਤ ਪਸੰਦ ਆਈ ਸੀ, ਉਸੇ ਤਰ੍ਹਾਂ ਉਹ ਇਸ ਨਾਟਕ ਨੂੰ ਵੀ ਬਹੁਤ ਪਸੰਦ ਕਰਨਗੇ।