ਗਾਂਧੀਨਗਰ: 13ਵੇਂ ਪਰਵਾਸੀ ਭਾਰਤੀ ਦਿਵਸ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਰਵਾਸੀ ਭਾਰਤੀਆਂ ਨੂੰ ਦੇਸ਼ ਲਈ ‘ਵੱਡਾ ਸਰਮਾਇਆ’ ਕਰਾਰ ਦਿੰਦਿਆਂ ਕਿਹਾ ਹੈ ਕਿ ਮੌਕਿਆਂ ਭਰਪੂਰ ਭਾਰਤ ਦੀ ਕਿਸਮਤ ਬਦਲਣ ਲਈ ਉਨ੍ਹਾਂ ਦੇ ਸਹਿਯੋਗ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਲੋਕਾਂ ਨੇ ਵਿਦੇਸ਼ੀ ਧਰਤੀ ਉਪਰ ਆਪਣੀ ਮਿਹਨਤ ਤੇ ਇਮਾਨਦਾਰੀ ਨਾਲ ਜੋ ਥਾਂ ਬਣਾਈ ਹੈ, ਉਸ ਨੂੰ ਦੁਨੀਆਂ ਮੰਨਦੀ ਹੈ। ਹੁਣ ਭਾਰਤ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦੀ ਲੋੜ ਹੈ।
ਦੇਸ਼ ਵਿਚ ਪਰਵਾਸੀ ਭਾਰਤੀਆਂ ਲਈ ਮੌਕਿਆਂ ਦੀ ਕੋਈ ਕਮੀ ਨਹੀਂ ਹੈ। ਅੱਜ ਭਾਰਤ ਦੀ ਧਰਤੀ ਵੱਲ ਦੁਨੀਆਂ ਦੀ ਨਜ਼ਰ ਹੈ, ਕਿਉਂਕਿ ਇਥੇ ਵਿਕਾਸ ਦੇ ਅਥਾਹ ਮੌਕੇ ਹਨ। ਦੁਨੀਆਂ ਹੁਣ ਭਾਰਤ ਨਾਲ ਦੋਸਤੀ ਦੀ ਸਾਂਝ ਪਾਉਣ ਲਈ ਉਤਾਵਲੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆਂ ਭਾਰਤ ਵੱਲ ਦੋਸਤੀ ਦਾ ਹੱਥ ਵਧਾਉਣ ਲਈ ਕਾਹਲੀ ਹੈ। ਇਸ ਗੱਲ ਦਾ ਪਤਾ ਮੈਨੂੰ ਬੀਤੇ ਕੁਝ ਮਹੀਨਿਆਂ ਵਿਚ 50 ਮੁਲਕਾਂ ਦੇ ਮੁਖੀਆਂ ਨਾਲ ਮੀਟਿੰਗ ਕਰਨ ਤੋਂ ਲੱਗਿਆ ਹੈ। ਮੇਰੀ ਉਨ੍ਹਾਂ ਨਾਲ ਖੁੱਲ੍ਹੀ ਗੱਲ ਹੋਈ ਹੈ ਤੇ ਮੈਨੂੰ ਲੱਗਿਆ ਹੈ ਕਿ ਗਰੀਬ ਤੋਂ ਗਰੀਬ ਤੇ ਅਮੀਰ ਤੋਂ ਅਮੀਰ ਮੁਲਕ ਭਾਰਤ ਵੱਲ ਦੇਖ ਰਿਹਾ ਹੈ। ਦੁਨੀਆਂ ਦੇ ਭਾਰਤ ਪ੍ਰਤੀ ਨਜ਼ਰੀਏ ਵਿਚ ਆਈ ਤਬਦੀਲੀ ਦਾ ਅਸਰ ਇਹ ਹੈ ਕਿ ਉਨ੍ਹਾਂ ਨੇ ਵਿਸ਼ਵ ਯੋਗ ਦਿਵਸ ਮਨਾਉਣ ਦੀ ਤਜਵੀਜ਼ ਪੇਸ਼ ਕੀਤੀ ਸੀ, ਜੋ ਸੰਯੁਕਤ ਰਾਸ਼ਟਰ ਨੇ ਮਨਜ਼ੂਰ ਕਰ ਲਈ। ਆਮ ਕਰਕੇ ਸੰਯੁਕਤ ਰਾਸ਼ਟਰ ਵਿਚ ਤਜਵੀਜ਼ਾਂ ਦੋ-ਸਾਲਾਂ ਵਿਚ ਪਾਸ ਹੁੰਦੀਆਂ ਹਨ, ਪਰ ਉਨ੍ਹਾਂ ਵੱਲੋਂ ਰੱਖੀ ਤਜਵੀਜ਼ ਸੌ ਦਿਨਾਂ ਵਿਚ ਹੀ ਪਾਸ ਹੋ ਗਈ।
ਸ੍ਰੀ ਮੋਦੀ ਨੇ ਇਸ ਮੌਕੇ ਦੇਸ਼ ਵਿਚ ਚਲਾਈ ਜਾ ਰਹੀ ਸਵੱਛ ਤੇ ਗੰਗਾ ਸਫ਼ਾਈ ਮੁਹਿੰਮ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਪਰਵਾਸੀ ਭਾਰਤੀਆਂ ਨੂੰ ਸੱਦਾ ਦਿੱਤਾ ਕਿ ਉਨ੍ਹਾਂ ਲਈ ਭਾਰਤ ਦੇ ਦਰ ਖੁੱਲ੍ਹੇ ਹਨ ਤੇ ਉਹ ਇਥੇ ਪੂੰਜੀ ਨਿਵੇਸ਼ ਕਰਨ, ਉਨ੍ਹਾਂ ਭਰੋਸਾ ਦਿੱਤਾ ਕਿ ਅਮਰੀਕਾ ਵਿਚ ਪਰਵਾਸੀ ਭਾਰਤੀਆਂ ਨਾਲ ਜੋ ਵਾਅਦਾ ਕੀਤਾ ਸੀ, ਉਹ ਪੂਰਾ ਕਰ ਦਿੱਤਾ ਗਿਆ ਹੈ। ਹੁਣ ਭਾਰਤੀ ਮੂਲ ਦੇ ਨਾਗਰਿਕ (ਪੀਆਈਓ) ਤੇ ਪਰਵਾਸੀ ਭਾਰਤੀ (ਓਸੀਆਈ) ਨੂੰ ਉਮਰ ਭਰ ਲਈ ਭਾਰਤ ਦਾ ਵੀਜ਼ਾ ਦਿੱਤਾ ਜਾਵੇਗਾ।
__________________________________
ਸਾਂਝ ਵਧਾਉਣ ਦਾ ਦੋਵਾਂ ਧਿਰਾਂ ਨੂੰ ਫਾਇਦਾ: ਸੁਸ਼ਮਾ
ਗਾਂਧੀਨਗਰ: ਇਥੇ ਪਰਵਾਸੀ ਭਾਰਤੀ ਦਿਵਸ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਰਵਾਸੀ ਭਾਰਤੀਆਂ ਨੂੰ ਕਿਹਾ ਹੈ ਕਿ ਉਹ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣ, ਜਿਸ ਨਾਲ ਦੋਵਾਂ ਧਿਰਾਂ ਨੂੰ ਫਾਇਦਾ ਹੋਵੇਗਾ। ਸੁਸ਼ਮਾ ਸਵਰਾਜ ਨੇ ਪਰਵਾਸੀ ਭਾਰਤੀਆਂ ਨੂੰ ‘ਮੇਕ ਇਨ ਇੰਡੀਆ’ ਤੇ ‘ਸਵੱਛ ਭਾਰਤ’ ਜਿਹੇ ਸਰਕਾਰ ਦੇ ਉੱਦਮਾਂ ਵਿਚ ਨਿਵੇਸ਼ ਰਾਹੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦੇਸ਼ ਦੀ ਕਾਇਆਕਲਪ ਦੇ ਸੰਕਲਪ ਵਿਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਕਦਮ ਉਠਾ ਰਹੀ ਹੈ ਕਿ ਭਾਰਤ ਵਿਚ ਨਿਵੇਸ਼ ਤੇ ਕਾਰੋਬਾਰ ਕਰਨਾ ਸਰਲ ਤੇ ਆਸਾਨ ਬਣ ਸਕੇ। ਉਨ੍ਹਾਂ ਆਪਣੇ ਉਦਘਾਟਨੀ ਭਾਸ਼ਣ ਵਿਚ ਆਖਿਆ, “ਅਗਲੇ ਕੁਝ ਸਾਲਾਂ ਦੌਰਾਨ ਵਿਦੇਸ਼ੀ ਨਿਵੇਸ਼ ਜ਼ਰੂਰੀ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਭਾਰਤ ਦੇ ਭਵਿੱਖ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੰਕਲਪ ਵਿਚ ਯੋਗਦਾਨ ਦਿਓ।” ਉਨ੍ਹਾਂ ਕਿਹਾ ਕਿ ਸਰਕਾਰ ਨੇ ‘ਮੇਕ ਇਨ ਇੰਡੀਆ, ਜਨ ਧਨ ਯੋਜਨਾ, ਸਵੱਛ ਗੰਗਾ ਅਭਿਆਨ, ਸਵੱਛ ਭਾਰਤ ਅਭਿਆਨ ਜਿਹੇ ਕਈ ਪ੍ਰੋਗਰਾਮ ਚਲਾਏ ਹਨ ਪਰ ਇਨ੍ਹਾਂ ਲਈ ਨਿਵੇਸ਼ ਦੀ ਲੋੜ ਪਵੇਗੀ।
___________________________________
ਬਾਦਲ ਵਲੋਂ ‘ਮੇਕ ਇਨ ਪੰਜਾਬ’ ਦਾ ਨਾਅਰਾ
ਗਾਂਧੀਨਗਰ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਰਵਾਸੀਆਂ ਨੂੰ ਸੂਬੇ ਵਿਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ‘ਮੇਕ ਇਨ ਪੰਜਾਬ’ ਦਾ ਵਿਚਾਰ ਦਿੱਤਾ। ਇਥੇ ਪਰਵਾਸੀ ਭਾਰਤੀ ਦਿਵਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਰਵਾਸੀਆਂ ਲਈ ਬੇਹਿਸਾਬ ਮੌਕੇ ਹਨ ਤੇ ਅਜਿਹਾ ਕਿਸੇ ਹੋਰ ਰਾਜ ਵਿਚ ਨਹੀਂ। ਪ੍ਰਧਾਨ ਮੰਤਰੀ ਦਾ ਵਿਚਾਰ ‘ਮੇਕ ਇਨ ਇੰਡੀਆ’ ਬਹੁਤ ਵਧੀਆ ਹੈ। ਹੁਣ ਮੈਂ ‘ਮੇਕ ਇਨ ਪੰਜਾਬ’ ਦਾ ਨਾਅਰਾ ਦਿੰਦਾ ਹਾਂ। ਸ਼ ਬਾਦਲ ਨੇ ਪਰਵਾਸੀ ਭਾਰਤੀ ਸਮਾਗਮ ਵਿਚ ਇਹ ਉਲਾਂਭਾ ਵੀ ਦਿੱਤਾ ਕਿ ਪਹਿਲਾਂ ਪੰਜਾਬੀਆਂ ਨੂੰ ‘ਅਤਿਵਾਦੀ’ ਸੱਦਿਆ ਜਾਂਦਾ ਸੀ ਤੇ ਹੁਣ ‘ਨਸ਼ੇੜੀ’। ਉਨ੍ਹਾਂ ਆਪਣੇ ਸੰਬੋਧਨ ਵਿਚ ਪਰਵਾਸੀ ਭਾਰਤੀਆਂ ਨੂੰ ਘੁਸਪੈਠੀਆਂ, ਦੇਸ਼ ਦੇ ਦੁਸ਼ਮਣਾਂ ਤੇ ਅਤਿਵਾਦ ਖ਼ਿਲਾਫ਼ ਲੜਨ ਵਾਲੇ ਸੂਬੇ ਵਿਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਦੀ ਹਰੀ ਕ੍ਰਾਂਤੀ ਦੇ ਮੋਢੀ ਪੰਜਾਬ ਨੂੰ ਨਿਵੇਸ਼ ਦੀ ਲੋੜ ਹੈ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਹਾਜ਼ਰ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਪੰਜਾਬੀਆਂ ਵਰਗਾ ਦੇਸ਼ ਭਗਤ ਕੋਈ ਹੋਰ ਨਹੀਂ ਹੋ ਸਕਦਾ। ਪੰਜਾਬ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਅੱਜ ਵੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਜਾਨਾਂ ਵਾਰ ਰਹੇ ਹਨ ਪਰ ਬੜੇ ਦੁੱਖ ਦੀ ਗੱਲ ਹੈ ਕਿ ਪਹਿਲਾਂ ਸਾਡੇ ਸਿਆਸੀ ਵਿਰੋਧੀ ਪੰਜਾਬੀਆਂ ਨੂੰ ਅਤਿਵਾਦੀ ਕਹਿੰਦੇ ਸਨ ਤੇ ਹੁਣ ਨਸ਼ੇੜੀ ਸੱਦਦੇ ਹਨ। ਮੇਰਾ ਦਿਲ ਇਹ ਸੁਣ ਕੇ ਰੋ ਪੈਂਦਾ ਹੈ ਕਿ ਕੁਰਬਾਨੀਆਂ ਵਾਲੀ ਕੌਮ ਨੂੰ ਨਸ਼ੇੜੀ ਕਿਹਾ ਜਾ ਰਿਹਾ ਹੈ। ਸ਼ ਬਾਦਲ ਨੇ ਜਦੋਂ ਇਹ ਗੱਲ ਕਹੀ ਉਸ ਵੇਲੇ ਮੰਚ ‘ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਭਾਜਪਾ ਦੀ ਹਕੂਮਤ ਵਾਲੇ ਛੇ ਰਾਜਾਂ ਦੇ ਮੁੱਖ ਮੰਤਰੀ ਬੈਠੇ ਸਨ।
ਪੰਜਾਬ ਵਿਚ ਨਸ਼ਿਆਂ ਦੇ ਮਾਮਲੇ ਵਿਚ ਨਾ ਸਿਰਫ ਵਿਰੋਧੀ ਧਿਰ ਵੱਲੋਂ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ, ਸਗੋਂ ਉਸ ਦੀ ਲੰਮੇ ਸਮੇਂ ਤੋਂ ਮਿੱਤਰ ਚੱਲ ਰਹੀ ਭਾਜਪਾ ਵੀ ਉਸ ਨੂੰ ਘੇਰੇ ਵਿਚ ਲੈ ਰਹੀ ਹੈ। ਇਸ ਮਗਰੋਂ ਸ੍ਰੀ ਰਾਜਨਾਥ ਨੇ ਸ਼ ਬਾਦਲ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਸਿੱਖਾਂ ਵੱਲੋਂ ਦੇਸ਼ ਲਈ ਪਾਏ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ ਪਰ ਉਸ ਸਮੇਂ ਤੱਕ ਮੁੱਖ ਮੰਤਰੀ ਆਪਣਾ ‘ਤੀਰ’ ਚਲਾ ਚੁੱਕੇ ਸਨ।
ਪੰਜਾਬ ਵਿਚ ਨਸ਼ਿਆਂ ਦੀ ਤਸਕਰੀ ਕੌਮਾਂਤਰੀ ਸਰਹੱਦ ਰਾਹੀਂ ਹੋ ਰਹੀ ਹੈ। ਪੰਜਾਬ ਵਿਚ ਕੋਈ ਨਸ਼ਾ ਤਿਆਰ ਨਹੀਂ ਹੁੰਦਾ। ਇਹ ਅਫਗਾਨਿਸਤਾਨ ਤੇ ਹੋਰ ਥਾਵਾਂ ਤੋਂ ਆਉਂਦਾ ਹੈ। ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਵਿਚ ਭੁੱਕੀ ਤੇ ਅਫੀਮ ਦੀ ਪੈਦਾਵਾਰ ਹੁੰਦੀ ਹੈ ਤੇ ਉਹ ਉਥੋਂ ਪੰਜਾਬ ਵਿਚ ਆਉਂਦੀ ਹੈ। ਮੇਰੀ ਕੇਂਦਰ ਨੂੰ ਅਪੀਲ ਹੈ ਕਿ ਗੁਆਂਢੀ ਰਾਜਾਂ ਵਿਚ ਵੀ ਨਸ਼ਿਆਂ ਦੀ ਪੈਦਾਵਾਰ ਤੇ ਵਿਕਰੀ ‘ਤੇ ਪਾਬੰਦੀ ਲਾਵੇ।
ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਤੱਕ ਦੋਸ਼ ਸਿੱਧ ਨਹੀਂ ਹੁੰਦੇ, ਕਿਸੇ ਨੂੰ ਦੋਸ਼ੀ ਨਹੀਂ ਮੰਨਿਆ ਜਾ ਸਕਦਾ। ਅਕਾਲੀ ਦਲ ਖ਼ਿਲਾਫ਼ ਗਲਤ ਪ੍ਰਚਾਰ ਹੋ ਰਿਹਾ ਹੈ ਪਰ ਉਨ੍ਹਾਂ ਨੇ ‘ਪ੍ਰਚਾਰ’ ਕਰਨ ਵਾਲੇ ਦਾ ਨਾਮ ਨਹੀਂ ਦੱਸਿਆ। ਪਰਵਾਸੀ ਭਾਰਤੀ ਦਿਵਸ ਦੌਰਾਨ 9 ਰਾਜਾਂ ਦੇ ਮੁੱਖ ਮੰਤਰੀ ਆਪੋ-ਆਪਣੇ ਢੰਗ ਨਾਲ ਪਰਵਾਸੀਆਂ ਨੂੰ ਨਿਵੇਸ਼ ਲਈ ਰਾਜ਼ੀ ਕਰਨ ਲੱਗੇ ਸਨ। ਕੇਰਲ ਦੇ ਮੁੱਖ ਮੰਤਰੀ ਓਮੇਨ ਢਾਡੀ ਨੇ ਵਿਦੇਸ਼ਾਂ ਵਿਚ ਰਹਿ ਰਹੇ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਦੱਸੀਆਂ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੌਮੀ ਰਾਜਧਾਨੀ ਖੇਤਰ ਦਾ 75 ਫੀਸਦੀ ਹਿੱਸਾ ਹਰਿਆਣਾ ਦਾ ਹੈ। ਗੁਜਰਾਤ ਦੀ ਮੁੱਖ ਮੰਤਰੀ ਅਨੰਦੀਬੇਨ ਪਟੇਲ ਨਿਵੇਸ਼ਕਾ ਨੂੰ ਬੁਨਿਆਦੀ ਢਾਂਚੇ ਤੇ ਬੰਦਰਗਾਹਾਂ ਵਿਚ ਪੈਸਾ ਲਾਉਣ ਲਈ ਕਿਹਾ।