ਪੰਜਾਬ ਕਾਂਗਰਸ ਵਿਚ ਚੌਧਰ ਲਈ ਕਲੇਸ਼ ਹੋਇਆ ਭਾਰੂ

ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਵਾਡਗੋਰ ਲਈ ਮੌਜੂਦਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਕਸ਼ਮਕਸ਼ ਨੇ ਜ਼ੋਰ ਫੜ ਲਿਆ ਹੈ। ਕੈਪਟਨ ਧੜੇ ਨੇ ਸ਼ ਬਾਜਵਾ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਲਈ ਖੁੱਲ੍ਹੀ ਜੰਗ ਦਾ ਐਲਾਨ ਕਰ ਦਿੱਤਾ ਹੈ। ਕੈਪਟਨ ਨੇ ਖੁੱਲ੍ਹ ਕੇ ਆਖ ਦਿੱਤਾ ਹੈ ਕਿ ਜੇਕਰ ਕਾਂਗਰਸ ਹਾਈਕਮਾਨ ਪਾਰਟੀ ਨੂੰ 2017 ਵਿਚ ਸੂਬੇ ਅੰਦਰ ਧੱਤਾਧਾਰੀ ਦੇਖਣਾ ਚਾਹੁੰਦੀ ਹੈ ਤਾਂ ਉਹ ਸੂਬਾਈ ਲੀਡਰਸ਼ਿਪ ਨੂੰ ਬਦਲ ਦੇਵੇ।

ਪਾਰਟੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨਾਲ ਮੀਟਿੰਗ ਦੌਰਾਨ ਲੋਕ ਸਭਾ ਵਿਚ ਪਾਰਟੀ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਦੀ ਸੂਬਾਈ ਪ੍ਰਧਾਨਗੀ ‘ਤੇ ਬਰਕਰਾਰ ਰਹਿਣ ਉਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਲੀਡਰਸ਼ਿਪ ਵਿਚ ਤਬਦੀਲੀ ਸਮੇਂ ਦੀ ਮੰਗ ਤੇ ਅਹਿਮ ਹੈ।
ਕੈਪਟਨ ਨੇ ਜਿਥੇ ਬਾਜਵਾ ਨੂੰ ਹਟਾਉਣ ਦੀ ਮੰਗ ਕੀਤੀ, ਉਥੇ ਹੀ ਆਪਣੇ ਧੜੇ ਦੇ ਆਗੂਆਂ ਦੀ ਇਕ ਮੀਟਿੰਗ ਕਰਦਿਆਂ ਟੇਢੇ ਢੰਗ ਨਾਲ ਸ਼ਕਤੀ ਪ੍ਰਦਰਸ਼ਨ ਵੀ ਕੀਤਾ। ਮੀਟਿੰਗ ਦੇ ਪ੍ਰੋਗਰਾਮ ਤਹਿਤ ਕੈਪਟਨ ਧੜੇ ਵੱਲੋਂ 22 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਰੈਲੀ ਕੀਤੀ ਜਾਵੇਗੀ, ਉਥੇ ਹੀ ਇਸ ਧੜੇ ਦੇ ਵਿਧਾਇਕ ਤੇ ਹਾਰੇ ਉਮੀਦਵਾਰਾਂ ਦੇ ਹਲਕਿਆਂ ਵਿਚ ਵੀ ਰੈਲੀਆਂ ਕੀਤੀਆ ਜਾਣਗੀਆਂ, ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਸੰਬੋਧਨ ਕਰਨਗੇ। ਇਹ ਫੈਸਲਾ 35 ਵਿਧਾਇਕਾਂ ਦੀ ਸਹਿਮਤੀ ਨਾਲ ਲਿਆ ਗਿਆ ਹੈ, ਜਿਹੜੇ ਮੌਕੇ ਉੱਤੇ ਹਾਜ਼ਰ ਸਨ। ਨਸ਼ਿਆਂ ਤੇ ਅਕਾਲੀ ਭਾਜਪਾ ਸਰਕਾਰ ਦੇ ਖ਼ਿਲਾਫ਼ ਕੀਤੀ ਜਾਣ ਵਾਲੀ ਇਸ ਰੈਲੀ ਬਾਰੇ ਫੈਸਲਾ 35 ਵਿਧਾਇਕਾਂ ਸਮੇਤ ਤਕਰੀਬਨ 100 ਹੋਰ ਪ੍ਰਮੁੱਖ ਆਗੂਆਂ ਦੀ ਸਹਿਮਤੀ ਨਾਲ ਲਿਆ ਗਿਆ। ਉਸੇ ਦਿਨ ਭਾਜਪਾ ਵੱਲੋਂ ਵੀ ਰੈਲੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਸ਼ ਬਾਜਵਾ ਨੂੰ ਬਦਲੇ ਜਾਣ ਤੋਂ ਨਾਂਹ ਕਰਨ ਉਪਰੰਤ ਕੈਪਟਨ ਧੜੇ ਵੱਲੋਂ ਬਾਜਵਾ ਖ਼ਿਲਾਫ਼ ਜਹਾਦ ਵਿੱਢ ਦਿੱਤਾ ਗਿਆ ਹੈ ਕਿਉਂਕਿ ਪਾਰਟੀ ਹਾਈਕਮਾਨ ਦੇ ਪ੍ਰੋਗਰਾਮ ਤੋਂ ਬਿਨਾਂ ਹਲਕਾ ਵਾਰ ਰੈਲੀਆਂ ਕਰਨਾ ਸਿੱਧੇ ਰੂਪ ਵਿਚ ਪ੍ਰਦੇਸ਼ ਪ੍ਰਧਾਨ ਦੇ ਖ਼ਿਲਾਫ਼ ਬਗਾਵਤ ਦੇ ਹੀ ਤੁਲ ਹੀ ਹੈ।
ਇਥੇ ਨਿਊ ਮੋਤੀ ਬਾਗ ਪੈਲੇਸ ਵਿਖੇ ਹੋਈ ਇਸ ਮੀਟਿੰਗ ਦੌਰਾਨ ਭਾਵੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੇ ਤੌਰ ‘ਤੇ ਸ੍ਰੀ ਬਾਜਵਾ ਜਾਂ ਕਿਸੇ ਹੋਰ ਦੇ ਖ਼ਿਲਾਫ਼ ਕੋਈ ਵੀ ਗੱਲ ਨਹੀਂ ਆਖੀ ਗਈ, ਪਰ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਖਾਸ ਕਰਕੇ ਭਾਜਪਾ ਨੂੰ ਹੀ ਮੁੱਖ ਤੌਰ ‘ਤੇ ਆਪਣਾ ਨਿਸ਼ਾਨਾ ਬਣਾਇਆ।
ਕੈਪਟਨ ਦੀ ਅਗਵਾਈ ਹੇਠ ਇਹ ਮਤਾ ਵੀ ਪਾਸ ਕੀਤਾ ਗਿਆ ਕਿ ਉਹ ਸਾਰੇ ਅਨੁਸ਼ਾਸਿਤ ਸਿਪਾਹੀਆਂ ਦੀ ਤਰ੍ਹਾਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰਨ ਲਈ ਤਤਪਰ ਰਹਿਣਗੇ। ਉਨ੍ਹਾਂ ਕਿਹਾ ਕਿ ਇਤਿਹਾਸ 1980 ਦੀ ਤਰ੍ਹਾਂ ਇਕ ਵਾਰ ਫਿਰ ਤੋਂ ਖ਼ੁਦ ਨੂੰ ਦੁਹਰਾਏਗਾ, ਜਦੋਂ ਪੰਜਾਬ ਵਿਚੋਂ ਕਾਂਗਰਸ ਪਾਰਟੀ ਦੀ ਵਾਪਸੀ ਦੀ ਸ਼ੁਰੂਆਤ ਹੋਈ ਸੀ ਤੇ ਇਥੋਂ ਇਹ ਦੌਰ ਪੂਰੇ ਦੇਸ਼ ਵਿਚ ਵਧਿਆ ਸੀ। ਪੰਜਾਬ ਕਾਂਗਰਸ ਦੇ ਕਈ ਸੀਨੀਅਰ ਨੇਤਾ, ਮੌਜੂਦਾ ਤੇ ਸਾਬਕਾ ਵਿਧਾਇਕ, ਪਹਿਲਾਂ ਹੀ ਹਾਈਕਮਾਨ ਨੂੰ ਕੈਪਟਨ ਦੇ ਹੱਕ ਵਿਚ ਆਪਣੇ ਵਿਚਾਰ ਦੱਸ ਚੁੱਕੇ ਹਨ। ਹੁਣ ਗੇਂਦ ਸ੍ਰੀਮਤੀ ਗਾਂਧੀ ਦੇ ਪਾਲੇ ਵਿਚ ਹੈ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਸ੍ਰੀ ਬਾਜਵਾ ਦੀ ਪਿੱਠ ‘ਤੇ ਥਾਪੜਾ ਦਿੱਤਾ ਹੋਇਆ ਹੈ ਤੇ ਪੰਜਾਬ ਮਾਮਲਿਆਂ ਦੇ ਮੁਖੀ ਤੇ ਜਨਰਲ ਸਕੱਤਰ ਸ਼ਕੀਲ ਅਹਿਮਦ ਵੀ ਮੌਜੂਦਾ ਪ੍ਰਧਾਨ ਦਾ ਸਮਰਥਨ ਕਰ ਚੁੱਕੇ ਹਨ। ਸੂਤਰਾਂ ਅਨੁਸਾਰ ਹਾਈਕਮਾਨ ਪੰਜਾਬ ਵਿਚ ਲੀਡਰਸ਼ਿਪ ਬਦਲਣ ਬਾਰੇ ਫੈਸਲਾ ਦਿੱਲੀ ਵਿਧਾਨ ਸਭਾ ਚੋਣਾਂ ਮਗਰੋਂ ਕਰ ਸਕਦੀ ਹੈ।
_____________________________
ਅਨੁਸ਼ਾਸਨ ਵਿਚ ਰਹੇ ਕੈਪਟਨ: ਬਾਜਵਾ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਤੇ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਲਛਮਣ ਰੇਖਾ ਉਲੰਘ ਰਹੇ ਹਨ ਤੇ ਉਨ੍ਹਾਂ ਨੂੰ ਅਨੁਸ਼ਾਸਨ ਵਿਚ ਰਹਿਣਾ ਚਾਹੀਦਾ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ਕੈਪਟਨ ਤਾਂ ਖ਼ੁਦ ਇਕ ਫੌਜੀ ਅਧਿਕਾਰੀ ਰਹੇ ਹਨ ਤੇ ਫੌਜੀ ਹਮੇਸ਼ਾ ਅਨੁਸ਼ਾਸਨ ਦੇ ਪਾਬੰਦ ਹੁੱਦੇ ਹਨ ਪਰ ਉਨ੍ਹਾਂ ਦੇ ਮਾਮਲੇ ਵਿਚ ਸਥਿਤੀ ਉਲਟ ਹੈ। ਉਨ੍ਹਾਂ ਨੂੰ ਬੇਲੋੜੇ ਬਿਆਨ ਦੇ ਕੇ ਕਾਂਗਰਸੀ ਵਰਕਰਾਂ ਵਿਚ ਭੰਬਲਭੂਸਾ ਨਹੀਂ ਪਾਉਣਾ ਚਾਹੀਦਾ। ਬਾਜਵਾ ਨੇ ਕਿਹਾ ਕਿ ਉਹ ਪੁੱਛਣਾ ਚਾਹੁੰਦੇ ਹਨ ਕਿ ਕੈਪਟਨ ਦੀ ਅਗਵਾਈ ਹੇਠ ਸਾਲ 2007 ਤੇ 2012 ਦੌਰਾਨ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਅਣਕਿਆਸੀਆਂ ਹਾਰਾਂ ਦਾ ਮੂੰਹ ਕਿਉਂ ਦੇਖਣਾ ਪਿਆ ਸੀ। ਜੇਕਰ ਕੈਪਟਨ ਨੂੰ ਉਸ ਵੇਲੇ ਹਾਰ-ਜਿੱਤ ਦਾ ਪਤਾ ਨਹੀਂ ਲੱਗਾ ਸੀ ਤਾਂ ਫਿਰ ਉਹ ਇਹ ਭਵਿੱਖਬਾਣੀ ਕਿਵੇਂ ਕਰ ਸਕਦੇ ਹਨ ਕਿ ਸਾਲ 2017 ਦੀਆਂ ਚੋਣਾਂ ਉਨ੍ਹਾਂ ਦੀ ਅਗਵਾਈ ਹੇਠ ਜਿੱਤਣੀਆਂ ਸੰਭਵ ਨਹੀਂ ਹਨ।
_____________________________
ਤਿਵਾੜੀ ਤੇ ਅਸ਼ਵਨੀ ਕੈਪਟਨ ਦੀ ਪਿੱਠ ਉਤੇ ਆਏ
ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਤੇ ਮਨੀਸ਼ ਤਿਵਾੜੀ ਨੇ ਕਿਹਾ ਕਿ ਕੈਪਟਨ ਪੰਜਾਬ ਵਿਚ ਪਾਰਟੀ ਦੇ ਆਗੂਆਂ ਵਿਚੋਂ ਸਭ ਤੋਂ ਉੱਚੇ ਕੱਦ ਦੇ ਮਾਲਕ ਹਨ ਤੇ ਪਾਰਟੀ ਦੀ ਕਾਇਆਕਲਪ ਕਰਨ ਲਈ ਵਰਕਰਾਂ ਅੰਦਰ ਇਕਜੁੱਟਤਾ ਪੈਦਾ ਕਰਨ ਦੀ ਲੋੜ ਹੈ। ਅਸ਼ਵਨੀ ਕੁਮਾਰ ਨੇ ਦੱਸਿਆ ਕਿ ਕਾਂਗਰਸ ਹਾਈਕਮਾਂਡ ਸੂਬੇ ਦੀ ਜ਼ਮੀਨੀ ਸਥਿਤੀ ਤੋਂ ਪੂਰੀ ਤਰ੍ਹਾਂ ਵਾਕਫ਼ ਹੈ। ਕਾਂਗਰਸੀ ਵਰਕਰਾਂ ਨੂੰ ਅਜਿਹੇ ਆਗੂ ਦੀ ਤਾਂਘ ਹੈ, ਜੋ ਲੋਕਾਂ ਦੇ ਰੌਂਅ ਨੂੰ ਉਭਾਰ ਸਕੇ ਤੇ ਇਸ ਪੱਖੋਂ ਕੈਪਟਨ ਅਮਰਿੰਦਰ ਸਿੰਘ ਦਾ ਕੱਦ-ਬੁੱਤ ਸਭ ਤੋਂ ਉੱਚਾ ਹੈ। ਮਨੀਸ਼ ਤਿਵਾੜੀ ਨੇ ਆਖਿਆ ਕਿ ਇਹ ਹਕੀਕਤ ਹੈ ਕਿ ਉਹ (ਅਮਰਿੰਦਰ ਸਿੰਘ) ਪੰਜਾਬ ਵਿਚ ਪਾਰਟੀ ਦੇ ਸਭ ਤੋਂ ਵੱਡੇ ਆਗੂ ਹਨ ਤੇ ਇਸ ਹਕੀਕਤ ਤੋਂ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ।