ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ‘ਤੇ ਸਿਆਸੀ ਜੰਗ ਤੇਜ਼

ਅੰਮ੍ਰਿਤਸਰ: ਪੰਜਾਬ ਦੀਆਂ ਸਿਆਸੀ ਧਿਰਾਂ ਨਸ਼ਿਆਂ ਦੇ ਮੁੱਦੇ ‘ਤੇ ਸਿਆਸਤ ਚਮਕਾਉਣ ਵਿਚ ਜੁਟ ਗਈਆਂ ਹਨ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਅਕਾਲੀ ਦਲ ਦੇ ਗੜ੍ਹ ਮਾਝੇ ਵਿਚ 22 ਜਨਵਰੀ ਨੂੰ ਰੱਖੀ ਗਈ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਫਿਰ ਮੁਲਤਵੀ ਕਰ ਦਿੱਤੀ ਗਈ ਹੈ। ਭਾਜਪਾ ਦਾ ਇਹ ਫੈਸਲਾ ਕਾਂਗਰਸ ਵੱਲੋਂ ਅੰਮ੍ਰਿਤਸਰ ਵਿਚ 22 ਜਨਵਰੀ ਨੂੰ ਹੀ ‘ਲਲਕਾਰ ਰੈਲੀ’ ਕਰਨ ਦੇ ਐਲਾਨ ਪਿੱਛੋਂ ਆਇਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਕਾਂਗਰਸ ਦੀ ਰੈਲੀ ਤੋਂ ਡਰ ਕੇ ਭੱਜ ਗਈ ਹੈ। ਹਾਲਾਂਕਿ ਭਾਜਪਾ ਦਾ ਕਹਿਣਾ ਹੈ ਕਿ ਇਹ ਰੈਲੀ ਦਿੱਲੀ ਵਿਧਾਨ ਸਭਾ ਚੋਣਾਂ ਕਾਰਨ ਮੁਲਤਵੀ ਕੀਤੀ ਗਈ ਹੈ। ਭਾਜਪਾ ਵੱਲੋਂ ਅਚਨਚੇਤ ਹੀ ਦੂਜੀ ਵਾਰ ਰੈਲੀ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ ਹੈ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪਹਿਲਾਂ 12 ਜਨਵਰੀ ਨੂੰ ਰੈਲੀ ਕਰਨ ਦਾ ਪ੍ਰੋਗਰਾਮ ਰੱਖਿਆ ਸੀ।
ਦੱਸਣਯੋਗ ਹੈ ਕਿ ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ‘ਤੇ ਸਿਆਸੀ ਧਿਰਾਂ ਇਕ-ਦੂਜੀ ਨੂੰ ਪਿੱਛੇ ਛੱਡਣ ਵਾਲਾ ਦਾਅ ਖੇਡ ਰਹੀਆਂ ਹਨ। ਇਸ ਤੋਂ ਪਹਿਲਾਂ ਅਕਾਲੀ ਦਲ ਸਰਹੱਦ ‘ਤੇ ਨਸ਼ਿਆਂ ਖਿਲਾਫ ਧਰਨੇ ਮਾਰ ਚੁੱਕਾ ਹੈ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਨਵੀਂ ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਜਾਣ ਕਾਰਨ ਅੰਮ੍ਰਿਤਸਰ ਵਿਚ ਕੀਤੀ ਜਾਣ ਵਾਲੀ ਪ੍ਰਸਤਾਵਿਤ ਕਾਨਫਰੰਸ ਰੱਦ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ 23 ਜਨਵਰੀ ਤੋਂ ਭਾਰਤੀ ਜਨਤਾ ਯੁਵਾ ਮੋਰਚਾ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਜਾਣ ਵਾਲੀ ਜਨ ਜਾਗਰਣ ਯਾਤਰਾ ਨੂੰ ਵੀ ਅੱਗੇ ਪਾ ਦਿੱਤਾ ਗਿਆ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਦੇ ਪ੍ਰੋਗਰਾਮ ਵਿਚ ਕੋਈ ਤਬਦੀਲੀ ਨਹੀਂ ਹੋਈ ਹੈ। ਇਕ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਭਾਜਪਾ, ਕਾਂਗਰਸ ਦੇ ਪ੍ਰੋਗਰਾਮ ਤੋਂ ਡਰ ਕੇ ਪੰਜਾਬ ਵਿਚ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਤੋਂ ਭੱਜ ਗਈ ਹੈ। ਭਾਜਪਾ ਦਾ ਦੋਗਲਾ ਚਿਹਰਾ ਬੇਨਕਾਬ ਹੋ ਗਿਆ ਹੈ। ਕੈਪਟਨ ਨੇ ਕਿਹਾ ਕਿ ਭਾਜਪਾ ਪਹਿਲਾਂ ਨਸ਼ਿਆਂ ਦੀ ਸਮਗਲਿੰਗ ਵਿਰੁੱਧ ਰੌਲਾ ਪਾ ਰਹੀ ਸੀ ਪਰ ਉਸ ਨੇ ਵਿਧਾਨ ਸਭਾ ਵਿਚ ਕਾਂਗਰਸ ਵੱਲੋਂ ਲਿਆਂਦੇ ਬੇਭਰੋਸਗੀ ਦੇ ਮਤੇ ‘ਤੇ ਅਕਾਲੀਆਂ ਦਾ ਸਾਥ ਦਿੱਤਾ। ਭਾਜਪਾ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਨਹੀਂ ਦਿਵਾ ਸਕਦੀ। ਉਨ੍ਹਾਂ ਕਿਹਾ ਕਿ ਭਾਵੇਂ ਭਾਜਪਾ ਨੇ ਰੈਲੀ ਅੱਗੇ ਪਾ ਦਿੱਤੀ ਹੈ ਪਰ ਕਾਂਗਰਸ ਦੀ ਰੈਲੀ 22 ਨੂੰ ਹੀ ਹੋਵੇਗੀ। ਭਾਜਪਾ ਦੀ ਰੈਲੀ ਮੁਲਤਵੀ ਹੋਣ ‘ਤੇ ਕੈਪਟਨ ਸਮਰਥਕਾਂ ਵਿਚ ਉਤਸ਼ਾਹ ਹੈ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਹਰਦਿਆਲ ਕੰਬੋਜ, ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਜੋਗੀਪੁਰ ਆਦਿ ਨੇ ਕਿਹਾ ਕਿ ਭਾਜਪਾ, ਕੈਪਟਨ ਦੀ ਲਲਕਾਰ ਤੋਂ ਪਹਿਲਾਂ ਹੀ ਡਰ ਗਈ ਹੈ।
_____________________________________
ਭਾਜਪਾ ਵਲੋਂ ਬਾਦਲਾਂ ਦੇ ਜ਼ਿਲ੍ਹੇ ਤੋਂ ਪੇਂਡੂ ਵੋਟ ਬੈਂਕ ਨੂੰ ਸੰਨ੍ਹ
ਸ੍ਰੀ ਮੁਕਤਸਰ ਸਾਹਿਬ: ਭਾਰਤੀ ਜਨਤਾ ਪਾਰਟੀ ਵੱਲੋਂ ਆਪਣੀ ਗੁੱਝੀ ਯੋਜਨਾ ਤਹਿਤ ਅਕਾਲੀ ਦਲ ਦਾ ਪੇਂਡੂ ਵੋਟ ਬੈਂਕ ਹਥਿਆਉਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜ਼ਿਲ੍ਹੇ ਤੋਂ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਸ ਲਈ ਮੁਕਤਸਰ ਲਾਗਲੇ ਦੋ ਪਿੰਡਾਂ ਮੋਹਲਾਂ ਤੇ ਭੰਗੇਵਾਲਾ ਵਿਖੇ ਭਾਜਪਾ ਵੱਲੋਂ ਵੱਡੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ। ਇਨ੍ਹਾਂ ਦੋਹਾਂ ਕਾਨਫਰੰਸਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਤੇ ਸੂਬਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਹ ਦੋਵੇਂ ਕਾਨਫਰੰਸਾਂ ਨਿਰੋਲ ਪੇਂਡੂ ਖੇਤਰ ਵਿਚ ਸਨ। ਪਿੰਡ ਮੋਹਲਾਂ ਵਿਖੇ ਤਕਰੀਬਨ ਤਿੰਨ ਹਜ਼ਾਰ ਦੀ ਵੱਡੀ ਗਿਣਤੀ ਵਿਚ ਮਲੋਟ, ਪੰਨ੍ਹੀਵਾਲਾ ਤੇ ਮੁਕਤਸਰ ਲਾਗਲੇ ਪਿੰਡਾਂ ਦੇ ਕਿਸਾਨ ਤੇ ਖੇਤ ਮਜ਼ਦੂਰ ਸ਼ਾਮਲ ਹੋਏ। ਇਸੇ ਤਰ੍ਹਾਂ ਪਿੰਡ ਭੰਗੇਵਾਲਾ ਵਿਖੇ ਮੁਕਤਸਰ, ਸਾਦਿਕ ਤੇ ਫਰੀਦਕੋਟ ਖੇਤਰ ਦੇ ਪੇਂਡੂ ਲੋਕ ਸ਼ਾਮਲ ਹੋਏ। ਭਾਜਪਾ ਵੱਲੋਂ ਇਕੋ ਦਿਨ ਕੀਤੀਆਂ ਇਨ੍ਹਾਂ ਦੋਵੇਂ ਵੱਡੀਆਂ ਕਾਨਫਰੰਸਾਂ ਵਿਚ ਮੇਲਾ ਮਾਘੀ ਮੌਕੇ ਹੋਣ ਵਾਲੀ ਅਕਾਲੀ ਕਾਨਫਰੰਸ ਤੇ ਕਿਸੇ ਅਕਾਲੀ ਆਗੂ ਦਾ ਕੋਈ ਜ਼ਿਕਰ ਤੱਕ ਵੀ ਨਹੀਂ ਕੀਤਾ ਗਿਆ।
____________________________
ਜਗਦੀਸ਼ ਭੋਲੇ ਤੇ ਬਿੱਟੂ ਔਲਖ ਨੇ ਡਰੱਗ ਕੇਸ ਦੀ ਸੀæਬੀæਆਈæ ਜਾਂਚ ਮੰਗੀ
ਮੁਹਾਲੀ: ਛੇ ਹਜ਼ਾਰ ਕਰੋੜ ਦੇ ਸਿੰਥੈਟਿਕ ਡਰੱਗ ਮਾਮਲੇ ਵਿਚ ਫੜੇ ਗਏ ਮਨਜਿੰਦਰ ਸਿੰਘ ਉਰਫ਼ ਬਿੱਟੂ ਔਲਖ ਤੇ ਸਾਬਕਾ ਕੌਮਾਂਤਰੀ ਪਹਿਲਵਾਨ ਤੇ ਬਰਖ਼ਾਸਤ ਡੀæਐਸ਼ਪੀ ਜਗਦੀਸ਼ ਸਿੰਘ ਨੇ ਡਰੱਗ ਤਸਕਰੀ ਮਾਮਲੇ ਦੀ ਸੀæਬੀæਆਈæ ਤੋਂ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ।
ਮੁਹਾਲੀ ਅਦਾਲਤ ਵਿਚ ਪੇਸ਼ੀ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਨੂੰ ਉਨ੍ਹਾਂ ਕੋਲੋਂ ਰੱਤੀ ਭਰ ਵੀ ਨਸ਼ਾ ਬਰਾਮਦ ਨਹੀਂ ਹੋਇਆ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਝੂਠੇ ਮਾਮਲੇ ਵਿਚ ਫਸਾਇਆ ਗਿਆ। ਉਨ੍ਹਾਂ ਜਨਤਕ ਤੌਰ ‘ਤੇ ਐਲਾਨ ਕੀਤਾ ਕਿ ਜੇਕਰ ਪੁਲਿਸ ਗ੍ਰਿਫ਼ਤਾਰੀ ਦੌਰਾਨ ਜਾਂ ਇਸ ਤੋਂ ਪਹਿਲਾਂ ਉਸ ਕੋਲੋਂ ਇਕ ਗ੍ਰਾਮ ਵੀ ਨਸ਼ੀਲਾ ਪਦਾਰਥ ਬਰਾਮਦ ਹੋਇਆ ਦਿਖਾ ਦੇਵੇ ਤੇ ਅਦਾਲਤ ਵਿਚ ਇਹ ਗੱਲ ਸਾਬਤ ਕਰ ਦੇਵੇ ਤਾਂ ਫਿਰ ਭਾਵੇਂ ਉਸ ਨੂੰ ਫ਼ਾਂਸੀ ਚੜ੍ਹਾ ਦਿੱਤਾ ਜਾਵੇ। ਭੋਲਾ ਹਾਲੇ ਮੀਡੀਆ ਨਾਲ ਆਪਣੀ ਗੱਲ ਸਾਂਝੀ ਕਰ ਰਿਹਾ ਸੀ ਤੇ ਇਸ ਤੋਂ ਪਹਿਲਾਂ ਕਿ ਮੀਡੀਆ ਕਰਮੀ ਉਸ ਨੂੰ ਕੁਝ ਹੋਰ ਪੁੱਛਦੇ ਕਿ ਪੁਲਿਸ ਵਾਲਿਆਂ ਨੇ ਸੁਰੱਖਿਆ ਘੇਰਾ ਬਣਾਉਂਦਿਆਂ ਭੋਲੇ ਨੂੰ ਪਿੱਛੇ ਖਿੱਚ ਲਿਆ ਤੇ ਪੁਲਿਸ ਦੀ ਗੱਡੀ ਵਿਚ ਬਿਠਾ ਕੇ ਤਾਕੀ ਬੰਦ ਕਰ ਦਿੱਤੀ।
ਉਧਰ ਬਿੱਟੂ ਔਲਖ ਨੇ ਕਿਹਾ ਕਿ ਜੇਕਰ ਇਸ ਮਾਮਲੇ ਦੀ ਜਾਂਚ ਸੀæਬੀæਆਈæ ਕਰਦੀ ਹੈ ਤਾਂ ਸੱਚ ਸਾਹਮਣੇ ਆ ਜਾਵੇਗਾ। ਪੇਸ਼ੀ ਲਈ ਲਿਆਂਦਾ ਬਿੱਟੂ ਔਲਖ ਜਿਵੇਂ ਹੀ ਗੱਡੀ ਵਿਚੋਂ ਉਤਰਿਆ ਤਾਂ ਉਹ ਮੁਸਕਰਾ ਰਿਹਾ ਸੀ ਅਤੇ ਸੁਰੱਖਿਆ ਕਰਮੀਆਂ ਨੂੰ ਕਹਿ ਰਿਹਾ ਸੀ ਕਿ ਫੋਟੋਗਰਾਫਰਾਂ ਨੂੰ ਤਸਵੀਰਾਂ ਖਿੱਚ ਲੈਣ ਦਿਉ। ਸੱਤਾਧਾਰੀ ਧਿਰ ਇਸ ਮਾਮਲੇ ਵਿਚ ਸੀæਬੀæਆਈæ ਤੋਂ ਜਾਂਚ ਕਰਵਾਏ ਜਾਣ ਨੂੰ ਇਹ ਕਹਿ ਕੇ ਟਾਲਦੀ ਆ ਰਹੀ ਹੈ ਕਿ ਕਿਸੇ ਵੀ ਦੋਸ਼ੀ ਦੇ ਕਹਿਣ ‘ਤੇ ਸੀæਬੀæਆਈæ ਜਾਂਚ ਨਹੀਂ ਕਰਵਾਈ ਜਾ ਸਕਦੀ ਹੈ।