ਪੰਜਾਬ ਵਿਚ ਸ਼ਰਾਬ ਕਿੰਗਾਂ ਦੇ ਹੱਥ ਹੈ ਨਸ਼ਿਆਂ ਖਿਲਾਫ ਮੁਹਿੰਮ

ਬਠਿੰਡਾ: ਪੰਜਾਬ ਵਿਚ ਸਿਆਸੀ ਧਿਰਾਂ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਈ ਹੋਈ ਹੈ ਪਰ ਇਨ੍ਹਾਂ ਧਿਰਾਂ ਦੇ ਆਗੂ ਨਾਲੋ-ਨਾਲ ਸ਼ਰਾਬ ਦਾ ਕਾਰੋਬਾਰ ਵੀ ਚਲਾ ਰਹੇ ਹਨ। ਸੂਬੇ ਦੇ ਬਹੁਤ ਸਾਰੇ ਆਗੂ ਸ਼ਰਾਬ ਵੇਚਣ ਦੇ ਕਾਰੋਬਾਰ ਨਾਲ ਟੇਢੇ-ਮੇਢੇ ਢੰਗ ਨਾਲ ਜੁੜੇ ਹੋਏ ਹਨ। ਪੰਜਾਬ ਦੇ ਇਕ ਮੰਤਰੀ ਤੇ ਦੋ ਵਿਧਾਇਕਾਂ ਦੀਆਂ ਸ਼ਰਾਬ ਸਨਅਤਾਂ ਹਨ ਜਿਨ੍ਹਾਂ ਵਿਚ ਰੋਜ਼ਾਨਾ ਤਕਰੀਬਨ ਪੰਜ ਲੱਖ ਬੋਤਲਾਂ ਸ਼ਰਾਬ ਬਣਦੀ ਹੈ।

ਬੇਸ਼ੱਕ ਮੱਧ ਪ੍ਰਦੇਸ਼ ਵਿਚੋਂ ਨਸ਼ੇ ਪੰਜਾਬ ਵਿਚ ਆਉਣ ਦਾ ਰੌਲਾ ਪੈ ਰਿਹਾ ਹੈ ਪਰ ਪੰਜਾਬ ਦੇ ਅਕਾਲੀ ਵਿਧਾਇਕ ਦੀਪ ਮਲਹੋਤਰਾ ਨੇ ਇੰਦੌਰ (ਮੱਧ ਪ੍ਰਦੇਸ਼) ਵਿਚ ਸ਼ਰਾਬ ਫੈਕਟਰੀ (ਓਸਿਸ ਡਿਸਟਿਲਰੀ) ਲਗਾਈ ਹੋਈ ਹੈ। ਇਵੇਂ ਹੀ ਮਜੀਠੀਆ ਪਰਿਵਾਰ ਦੀ ਸ਼ਰਾਬ ਸਨਅਤ ਵੱਲੋਂ ਰਾਜਸਥਾਨ ਤੇ ਪੰਜਾਬ ਵਿਚ ਵੀ ਸ਼ਰਾਬ ਸਪਲਾਈ ਕੀਤੀ ਜਾਂਦੀ ਹੈ।
ਮਿਲੇ ਵੇਰਵਿਆਂ ਮੁਤਾਬਕ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਦੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੋਰਖਪੁਰ ਦੇ ਸਰਦਾਰ ਨਗਰ ਵਿਚ ਸ਼ਰਾਬ ਫੈਕਟਰੀ (ਸਰਾਇਆ ਡਿਸਟਿਲਰੀ) ਹੈ ਜਿਸਦੀ ਸਮਰੱਥਾ 49,500 ਕਿਲੋ ਲਿਟਰ ਹੈ। ਇਸ ਸ਼ਰਾਬ ਫੈਕਟਰੀ ਦੀ ਬਲੂ ਡਾਇਮੰਡ ਤੇ ਜੌਹਨਜ਼ ਸਿਲਵਰ ਬਰਾਂਡ ਦੀ ਸ਼ਰਾਬ ਪੰਜਾਬ ਵਿਚ ਵੀ ਵਿਕ ਰਹੀ ਹੈ। ਉਂਜ, ਸਰਾਇਆ ਕੰਪਨੀ ਨੇ ਆਪਣੇ ਅਪਰੇਸ਼ਨ ਦੇ ਘੇਰੇ ਵਿਚ ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ ਤੇ ਹਿਮਾਚਲ ਸਮੇਤ 14 ਰਾਜ ਦੱਸੇ ਹਨ। ਅਕਾਲੀ ਵਿਧਾਇਕ ਦੀਪ ਮਲਹੋਤਰਾ ਦੀ ‘ਮੈਸਰਜ ਓਮ ਸਨਜ਼’ ਦੇ ਨਾਂ ਹੇਠ ਬਠਿੰਡਾ ਦੇ ਪਿੰਡ ਸੰਗਤ ਵਿਚ ਸ਼ਰਾਬ ਦੀ ਫੈਕਟਰੀ ਹੈ ਜਿਸਨੂੰ ਸਰਕਾਰ ਨੇ ਮੈਗਾ ਪ੍ਰਾਜੈਕਟ ਤਹਿਤ ਰਿਆਇਤਾਂ ਵੀ ਦਿੱਤੀਆਂ ਹਨ। ਇਸ ਫੈਕਟਰੀ ਦੀ ਰੋਜ਼ਾਨਾ ਦੀ ਸਮਰੱਥਾ ਇਕ ਲੱਖ ਲਿਟਰ ਸ਼ਰਾਬ ਉਤਪਾਦਨ ਦੀ ਹੈ। ਦੀਪ ਮਲਹੋਤਰਾ ਦੀ ਫ਼ਿਰੋਜ਼ਪੁਰ ਦੇ ਜ਼ੀਰਾ ਵਿਚ ਵੀ ‘ਮੈਸਰਜ ਮੈਲਬਰੋਜ਼’ ਨਾਂ ਹੇਠ ਸ਼ਰਾਬ ਫੈਕਟਰੀ ਹੈ ਜੋ ਪੂਰੀ ਸਮਰੱਥਾ ‘ਤੇ ਚੱਲਣ ਦੀ ਸੂਰਤ ਵਿਚ ਰੋਜ਼ਾਨਾ 84 ਹਜ਼ਾਰ ਬੋਤਲਾਂ ਸ਼ਰਾਬ ਉਤਪਾਦਨ ਕਰਦੀ ਹੈ। ਦੀਪ ਮਲਹੋਤਰਾ ਦਾ ਕਹਿਣਾ ਹੈ ਕਿ ਸ਼ਰਾਬ ਦਾ ਕਾਰੋਬਾਰ ਉਨ੍ਹਾਂ ਦਾ ਬਹੁਤ ਪੁਰਾਣਾ ਹੈ ਤੇ ਸਿਆਸਤ ਵਿਚ ਉਹ ਦੋ ਸਾਲ ਪਹਿਲਾਂ ਹੀ ਆਏ ਹਨ।
ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਤਰਨਤਾਰਨ ਜ਼ਿਲ੍ਹੇ ਵਿਚ ‘ਮੈਸਰਜ ਰਾਣਾ ਸੂਗਰਜ਼’ ਨਾਂ ਹੇਠ ਸ਼ਰਾਬ ਫੈਕਟਰੀ ਹੈ ਜਿਸਦੀ ਸਮਰੱਥਾ 60 ਕਿਲੋ ਲਿਟਰ ਪ੍ਰਤੀ ਦਿਨ ਹੈ। ਸਰਕਾਰੀ ਸੂਤਰਾਂ ਅਨੁਸਾਰ ਜੇਕਰ ਇਹ ਸਨਅਤ ਪੂਰੀ ਸਮਰੱਥਾ ‘ਤੇ ਚੱਲੇ ਤਾਂ ਪ੍ਰਤੀ ਦਿਨ 84 ਹਜ਼ਾਰ ਬੋਤਲਾਂ ਸ਼ਰਾਬ ਬਣਾਉਦੀ ਹੈ। ਬਹੁਤ ਸਾਰੇ ਨੇਤਾ ਸ਼ਰਾਬ ਦੇ ਠੇਕਿਆਂ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਬਹੁਤੇ ਜ਼ਿਲ੍ਹਿਆਂ ਵਿਚ ਤਾਂ ਅਕਾਲੀ ਵਿਧਾਇਕ ਦੀਪ ਮਲਹੋਤਰਾ ਦੇ ਹੀ ਸ਼ਰਾਬ ਦੇ ਠੇਕੇ ਹਨ। ਜ਼ਿਲ੍ਹਾ ਫ਼ਰੀਦਕੋਟ ਦੇ ਪੰਜ ਗਰੁੱਪ ਦੀਪ ਮਲਹੋਤਰਾ ਕੋਲ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਮਜੀਠੀਆ ਪਰਿਵਾਰ ਦਾ ਪੁਰਾਣੇ ਸਮੇਂ ਤੋਂ ਹੀ ਇਹ ਕਾਰੋਬਾਰ ਚੱਲ ਰਿਹਾ ਹੈ ਜੋ ਕਾਨੂੰਨਨ ਠੀਕ ਹੈ ਤੇ ਸਰਕਾਰੀ ਨੀਤੀ ਮੁਤਾਬਕ ਹੈ। ਗ਼ੈਰਕਾਨੂੰਨੀ ਨਸ਼ੇ ਸਮਾਜ ਲਈ ਮਾੜੇ ਹਨ ਜਿਨ੍ਹਾਂ ਖ਼ਿਲਾਫ਼ ਅਕਾਲੀ ਦਲ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸ਼ਰਾਬ ਦਾ ਅੱਧਾ ਕਾਰੋਬਾਰ ਕਾਂਗਰਸੀ ਨੇਤਾ ਕਰ ਰਹੇ ਹਨ। ਦੱਸਣਯੋਗ ਹੈ ਕਿ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਸੂਬੇ ਦੀਆਂ ਜਾਗਰੂਕ ਪੰਚਾਇਤਾਂ ਤੇ ਸਮਾਜ ਸੇਵੀ ਜਥੇਬੰਦੀਆਂ ਵੱਡੀ ਗਿਣਤੀ ਵਿਚ ਅੱਗੇ ਆਈਆਂ ਹਨ।
ਆਬਕਾਰੀ ਤੇ ਕਰ ਵਿਭਾਗ ਪੰਜਾਬ ਨੂੰ ਹੁਣ ਤੱਕ ਤਕਰੀਬਨ 150 ਪੰਚਾਇਤਾਂ ਵੱਲੋਂ ਆਪਣੇ ਪਿੰਡਾਂ ਵਿਚੋਂ ਸ਼ਰਾਬ ਦੇ ਠੇਕੇ ਚੁਕਵਾਉਣ ਦੇ ਮਤੇ ਪ੍ਰਾਪਤ ਹੋਏ ਹਨ। ਉਂਜ ਸਮਾਜ ਸੇਵੀ ਜਥੇਬੰਦੀਆਂ ਤੇ ਪੰਚਾਇਤਾਂ ਦਾ ਗਿਲਾ ਹੈ ਕਿ ਪੰਜਾਬ ਸਰਕਾਰ ਸ਼ਰਾਬ ਦੇ ਠੇਕਿਆਂ ਦੀ ਬੰਦੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ।
_____________________________
ਸ਼ਰਾਬ ਕਾਰੋਬਾਰ ਵਿਚ ਔਰਤਾਂ ਦੀ ਹਿੱਸੇਦਾਰੀ ਵਧੀ
ਪੰਜਾਬ ਵਿਚ ਹੁਣ ਸ਼ਰਾਬ ਦੇ ਕਾਰੋਬਾਰ ਵਿਚ ਔਰਤਾਂ ਵੀ ਆ ਗਈਆਂ ਹਨ। ਸਰਕਾਰੀ ਸੂਚਨਾ ਅਨੁਸਾਰ ਪੰਜਾਬ ਵਿਚ ਤਕਰੀਬਨ 700 ਸ਼ਰਾਬ ਦੇ ਠੇਕੇ ਔਰਤਾਂ ਚਲਾ ਰਹੀਆਂ ਹਨ। ਮੁੱਖ ਮੰਤਰੀ ਪੰਜਾਬ ਦੇ ਹਲਕਾ ਲੰਬੀ ਵਿਚ 13 ਸ਼ਰਾਬ ਦੇ ਠੇਕੇ ਗੁਰਮੀਤ ਕੌਰ ਕੋਲ ਹਨ ਜਦਕਿ ਮੋਗਾ ਜ਼ਿਲ੍ਹੇ ਦੇ 21 ਠੇਕੇ ਜਲਾਲਾਬਾਦ ਦੀ ਰਹਿਣ ਵਾਲੀ ਔਰਤ ਸਰਵਜੀਤ ਕੌਰ ਕੋਲ ਹਨ। ਚੰਡੀਗੜ੍ਹ ਦੀ ਊਸ਼ਾ ਸਿੰਗਲਾ ਪੰਜਾਬ ਵਿਚ ਸਭ ਤੋਂ ਵੱਧ ਠੇਕੇ ਚਲਾ ਰਹੀ ਹੈ। ਇਸ ਮਹਿਲਾ ਕੋਲ ਪਠਾਨਕੋਟ ਤੇ ਤਪਾ ਮੰਡੀ ਦੇ ਸਾਰੇ ਠੇਕੇ ਤੇ ਜਲੰਧਰ ਜ਼ਿਲ੍ਹੇ ਦੇ 35 ਠੇਕੇ ਹਨ। ਇਸੇ ਮਹਿਲਾ ਕੋਲ ਫਤਹਿਗੜ੍ਹ ਸਾਹਿਬ ਦੇ ਅਮਲੋਹ ਤੇ ਖਮਾਣੋਂ ਜ਼ੋਨ ਦੇ 29 ਠੇਕੇ ਹਨ ਜਦਕਿ ਬਰਨਾਲਾ ਜ਼ਿਲ੍ਹੇ ਵਿਚ 51 ਸ਼ਰਾਬ ਦੇ ਠੇਕੇ ਹਨ। ਹੁਸ਼ਿਆਰਪੁਰ ਜ਼ਿਲ੍ਹੇ ਵਿਚ ਰੰਜੂ ਗੁਪਤਾ ਕੋਲ 20 ਠੇਕੇ ਤੇ ਮੋਨਿਕਾ ਕੁਮਾਰੀ ਕੋਲ 25 ਸ਼ਰਾਬ ਦੇ ਠੇਕੇ ਹਨ। ਇਸੇ ਤਰ੍ਹਾਂ ਸਾਰਿਕਾ ਸ਼ਰਮਾ ਕੋਲ 17 ਸ਼ਰਾਬ ਦੇ ਠੇਕੇ ਇਸੇ ਜ਼ਿਲ੍ਹੇ ਵਿਚ ਹਨ। ਆਰੁਸ਼ੀ ਡੋਡਾ ਕੋਲ ਜਲੰਧਰ ਦੇ 16 ਠੇਕੇ ਹਨ ਜਦੋਂਕਿ ਸੁਨੀਲਮ ਕੁਮਾਰੀ ਕੋਲ ਪਠਾਨਕੋਟ ਜ਼ਿਲ੍ਹੇ ਵਿਚ ਸੁਜਾਨਪੁਰ ਗਰੁੱਪ ਦੇ ਠੇਕੇ ਹਨ। ਇਥੋਂ ਤੱਕ ਕਿ ਸ਼ਰਾਬ ਦੇ ਥੋਕ ਕਾਰੋਬਾਰ ਵਿਚ ਵੀ ਔਰਤਾਂ ਦੀ ਹਿੱਸੇਦਾਰੀ ਹੈ। ਸ਼ਰਾਬ ਦੀ ਕਮਾਈ ਨੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਹੈ।