ਚੰਡੀਗੜ੍ਹ: ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੁਰਲੱਭ ਹੱਥ ਲਿਖਤ ਬਾਣੀ ਤੇ ਕੱਕਾਰ ਸਮੇਤ ਹੋਰ ਵਸਤਾਂ, ਜੋ ਪੰਜਾਬ ਸਰਕਾਰ ਨੇ ਅਦਾਲਤੀ ਪ੍ਰਕਿਰਿਆ ਰਾਹੀਂ ਨਾਭਾ ਰਿਆਸਤ ਦੇ ਉਤਰਾ-ਅਧਿਕਾਰੀ ਤੋਂ ਪ੍ਰਾਪਤ ਕੀਤੀਆਂ ਸਨ, ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਸ਼ੋਭਿਤ ਕੀਤੀਆਂ ਜਾਣਗੀਆਂ।
ਗੁਰੂ ਜੀ ਨਾਲ ਸਬੰਧਤ ਇਨ੍ਹਾਂ ਵਸਤਾਂ ਵਿਚ ਉਨ੍ਹਾਂ ਦੀ ਹੱਥ ਲਿਖਤ ਬਾਣੀ ਤੋਂ ਬਿਨਾਂ ਚੋਲਾ ਸਾਹਿਬ, ਕੰਘਾ, ਕੇਸ, ਚਾਬੁਕ, ਤੀਰ, ਭਾਲਾ ਤੇ ਛੇ ਵੱਡੀਆਂ ਤੇ ਇਕ ਛੋਟੀ ਸ੍ਰੀ ਸਾਹਿਬ ਸ਼ਾਮਲ ਹੈ। ਇਨ੍ਹਾਂ ਵਸਤਾਂ ਦੇ ਦਰਸ਼ਨਾਂ ਤੋਂ ਸੰਗਤਾਂ ਅਜੇ ਤੱਕ ਵਾਂਝੀਆਂ ਚਲੀਆਂ ਆ ਰਹੀਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਪੀਰ ਬਾਬਾ ਬੁੱਧੂ ਸ਼ਾਹ ਰਾਹੀਂ ਗੁਰੂ ਜੀ ਦੇ ਵਸਤਰ, ਕੱਕਾਰ ਤੇ ਹੋਰ ਸ਼ਸਤਰ ਆਦਿ ਮਹਾਰਾਜਾ ਨਾਭਾ ਨੂੰ ਮਿਲੇ ਸਨ ਜਿਹੜੇ ਬਾਅਦ ਵਿਚ ਲੰਮੇ ਸਮੇਂ ਲਈ ਉਥੋਂ ਦੇ ਹੀਰਾ ਮਹੱਲ ਵਿਚ ਸੰਭਾਲ ਕੇ ਰੱਖੇ ਗਏ ਸਨ। ਅਦਾਲਤ ਵਲੋਂ ਇਨ੍ਹਾਂ ਨੂੰ ਪੰਜਾਬ ਸਰਕਾਰ ਦੇ ਹਵਾਲੇ ਕਰਨ ਪਿੱਛੋਂ ਇਨ੍ਹਾਂ ਨੂੰ ਪਟਿਆਲਾ ਵਿਚ ਕਿਸੇ ਬਿਲਡਿੰਗ ਦੇ ਲਾਕਰ ਵਿਚ ਰੱਖ ਦਿੱਤਾ ਗਿਆ ਸੀ।
ਸੂਤਰਾਂ ਅਨੁਸਾਰ ਸਰਕਾਰ ਵਲੋਂ ਪਹਿਲਾਂ ਇਹ ਨਿਸ਼ਾਨੀਆਂ ਵਿਰਾਸਤ-ਏ-ਖਾਲਸਾ ਵਿਚ ਰੱਖਣ ਦੀ ਯੋਜਨਾ ਸੀ ਪਰ ਪੰਥਕ ਮਾਹਿਰਾਂ ਦਾ ਇਤਰਾਜ਼ ਸੀ ਕਿ ਇਹ ਨਿਸ਼ਾਨੀਆਂ ਉਥੇ ਸੁਸ਼ੋਭਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਜਿਥੇ ਸ਼ਰਧਾਲੂ ਇਨ੍ਹਾਂ ਨੂੰ ਅਦਬ-ਸਤਿਕਾਰ ਨਾਲ ਸਿਰ ਢੱਕ ਕੇ ਵੇਖ ਸਕਣ।
ਮਿਲੀ ਜਾਣਕਾਰੀ ਅਨੁਸਾਰ ਗੁਰੂ ਜੀ ਦੀ ਹੱਥ ਲਿਖਤ ਬਾਣੀ ਸਮੇਤ ਹੋਰ ਵਸਤਾਂ ਨੂੰ ਹੀਰਾ ਮਹੱਲ ਵਿਚ ਰੱਖੇ ਜਾਣ ਦਾ ਪਤਾ ਲੱਗਣ ਤੋਂ ਬਾਅਦ ਕਿਸੇ ਨੇ ਸਰਕਾਰ ਦੇ ਹਵਾਲੇ ਕਰਨ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇਕ ਜਨਤਕ ਪਟੀਸ਼ਨ ਦਾਇਰ ਕੀਤੀ ਸੀ। ਇਸੇ ਸਮੇਂ ਦੌਰਾਨ ਇਹ ਕੀਮਤੀ ਵਸਤਾਂ ਦਿੱਲੀ ਪਹੁੰਚਾ ਦਿੱਤੀਆਂ ਗਈਆਂ ਸਨ। ਹਾਈਕੋਰਟ ਵਲੋਂ ਪਟੀਸ਼ਨ ‘ਤੇ ਸੁਣਾਏ ਫੈਸਲੇ ਵਿਚ ਇਨ੍ਹਾਂ ਨੂੰ ਪੰਜਾਬ ਸਰਕਾਰ ਦੇ ਹਵਾਲੇ ਕਰਨ ਦਾ ਹੁਕਮ ਦਿੱਤਾ ਗਿਆ ਸੀ। ਇਕ ਹੋਰ ਜਾਣਕਾਰੀ ਅਨੁਸਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਚ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਹੋਰ ਵੀ ਕਈ ਵਸਤਾਂ ਸੰਗਤਾਂ ਦੇ ਦਰਸ਼ਨਾਂ ਲਈ ਰੱਖੀਆਂ ਗਈਆਂ ਹਨ।
ਇਸ ਬਾਰੇ ਪੰਜਾਬ ਸਰਕਾਰ ਦੇ ਪੁਰਾਲੇਖ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਤੇ ਅਨੰਦਪੁਰ ਸਾਹਿਬ ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਗੁਰੂ ਜੀ ਦੀ ਬਾਣੀ ਤੇ ਉਨ੍ਹਾਂ ਨਾਲ ਸਬੰਧਤ ਵਸਤਾਂ ਦੇ ਦਰਸ਼ਨਾਂ ਤੋਂ ਅਜੇ ਤਾਈਂ ਸੰਗਤਾਂ ਵਾਂਝੀਆਂ ਰਹੀਆਂ ਹਨ। ਇਸ ਕਰਕੇ ਅਨੰਦਪੁਰ ਸਾਹਿਬ ਵਿਚ ਸੁਸ਼ੋਭਿਤ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ ਦਰਸ਼ਨਾਂ ਵਾਸਤੇ ਲਿਜਾਇਆ ਜਾ ਰਿਹਾ ਹੈ ਤੇ ਇਸ ਦਾ ਰੂਟ ਸ਼੍ਰੋਮਣੀ ਕਮੇਟੀ ਦੀ ਸਲਾਹ ਨਾਲ ਤਿਆਰ ਕੀਤਾ ਜਾਵੇਗਾ। ਰੂਟ ਤੇ ਦਰਸ਼ਨਾਂ ਦਾ ਸਮਾਂ ਸੰਗਤ ਦੀ ਇੱਛਾ ਮੁਤਾਬਕ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ।
ਸ਼ ਰੰਧਾਵਾ ਦਾ ਕਹਿਣਾ ਹੈ ਕਿ ਭਾਵੇਂ ਇਹ ਨਿਸ਼ਾਨੀਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਸ਼ੋਭਿਤ ਕੀਤੀਆਂ ਜਾਣੀਆਂ ਹਨ ਪਰ ਇਹ ਪੰਜਾਬ ਸਰਕਾਰ ਦੀ ਮਲਕੀਅਤ ਹੇਠ ਹੀ ਮੰਨੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ 15 ਦਿਨਾਂ ਦਾ ਇਕ ਰੂਟ ਤਿਆਰ ਕਰਵਾਇਆ ਹੈ, ਜਿਸ ਤਹਿਤ ਉਪਰੋਕਤ ਵਿਸ਼ੇਸ਼ ਬੱਸ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਜਾ ਕੇ ਸ਼ਰਧਾਲੂਆਂ ਨੂੰ ਇਨ੍ਹਾਂ ਨਿਸ਼ਾਨੀਆਂ ਦੇ ਦਰਸ਼ਨ ਕਰਵਾਏਗੀ ਤੇ ਉਸ ਤੋਂ ਬਾਅਦ ਇਹ ਨਿਸ਼ਾਨੀਆਂ ਤਖਤ ਸਾਹਿਬ ਵਿਖੇ ਸੁਸ਼ੋਭਿਤ ਕਰ ਦਿੱਤੀਆਂ ਜਾਣਗੀਆਂ। ਇਹ ਬੱਸ ਪਟਿਆਲੇ ਤੋਂ ਆਪਣੇ ਰੂਟ ਦੀ ਸ਼ੁਰੂਆਤ ਕਰੇਗੀ, ਜਿਥੇ ਪੰਜਾਬ ਸਰਕਾਰ ਨੇ ਇਹ ਨਿਸ਼ਾਨੀਆਂ ਰੱਖੀਆਂ ਹੋਈਆਂ ਹਨ।
____________________________________
ਵਿਸ਼ੇਸ਼ ਬੱਸ ਰਾਹੀਂ ਹਰ ਜ਼ਿਲ੍ਹੇ ‘ਚ ਕਰਵਾਏ ਜਾਣਗੇ ਖੁੱਲ੍ਹੇ ਦਰਸ਼ਨ
ਪੰਜਾਬ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਨ੍ਹਾਂ ਦੁਰਲੱਭ ਵਸਤਾਂ ਦੇ ਸੰਗਤਾਂ ਨੂੰ ਦਰਸ਼ਨ ਕਰਾਉਣ ਦਾ ਫ਼ੈਸਲਾ ਲਿਆ ਹੈ। ਕਮੇਟੀ ਵਲੋਂ ਪੌਣੇ ਦੋ ਲੱਖ ਦੀ ਲਾਗਤ ਨਾਲ ਇਕ ਵੱਡੇ ਆਕਾਰ ਦੀ ਸਕਰੀਨ ਵਾਲੀ ਵਿਸ਼ੇਸ਼ ਬੱਸ ਤਿਆਰ ਕਰਵਾਈ ਹੈ ਜਿਸ ਵਿਚ ਸਜਾ ਕੇ ਇਨ੍ਹਾਂ ਨੂੰ ਪਟਿਆਲੇ ਤੋਂ ਰਵਾਨਾ ਕੀਤਾ ਜਾਵੇਗਾ। ਸਰਕਾਰ ਨੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ 15 ਦਿਨਾਂ ਦਾ ਇਕ ਰੂਟ ਤਿਆਰ ਕਰਵਾਇਆ ਹੈ, ਜਿਸ ਤਹਿਤ ਉਪਰੋਕਤ ਵਿਸ਼ੇਸ਼ ਬੱਸ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਜਾ ਕੇ ਸ਼ਰਧਾਲੂਆਂ ਨੂੰ ਇਨ੍ਹਾਂ ਨਿਸ਼ਾਨੀਆਂ ਦੇ ਦਰਸ਼ਨ ਕਰਵਾਏਗੀ। ਉਸ ਤੋਂ ਬਾਅਦ ਇਹ ਨਿਸ਼ਾਨੀਆਂ ਤਖਤ ਸਾਹਿਬ ਵਿਖੇ ਸੁਸ਼ੋਭਿਤ ਕਰ ਦਿੱਤੀਆਂ ਜਾਣਗੀਆਂ।