-ਜਤਿੰਦਰ ਪਨੂੰ
ਪੰਜਾਬ ਦੀ ਰਾਜਨੀਤੀ ਇਸ ਵਕਤ ਬੜੇ ਨਾਜ਼ੁਕ ਪੜਾਅ ਉਤੇ ਆਣ ਪਹੁੰਚੀ ਹੈ। ਅਗਲੇ ਦਿਨਾਂ ਵਿਚ ਕਿਹੜੇ ਰੰਗ ਵੇਖਣ ਨੂੰ ਮਿਲਣਗੇ, ਇਸ ਬਾਰੇ ਹਰ ਕੋਈ ਆਪੋ-ਆਪਣੀ ਰਾਏ ਦੱਸਣ ਲਈ ਕਾਹਲਾ ਹੈ, ਪਰ ਹਕੀਕਤ ਇਹ ਹੈ ਕਿ ਜਿਹੜੇ ਮੋਹਰਿਆਂ ਨੇ ਰਾਜਨੀਤੀ ਖੇਡਣੀ ਹੈ, ਅਗਲੇ ਕਦਮਾਂ ਬਾਰੇ ਉਹ ਵੀ ਅਜੇ ਤੱਕ ਗਿਣਤੀਆਂ ਦੇ ਚੱਕਰ ਤੋਂ ਬਾਹਰ ਨਹੀਂ ਨਿਕਲੇ।
ਉਨ੍ਹਾਂ ਸਾਰਿਆਂ ਲਈ ਅਗਲਾ ਕਦਮ ਜੂਏ ਦੇ ਦਾਅ ਵਾਂਗ ਹੈ। ਫਿਰ ਵੀ ਪੰਜਾਬ ਦੀ ਚਰਚਾ ਵਿਚ ਹਰ ਗੱਲ ਇਸ ਨੁਕਤੇ ਉਤੇ ਕੇਂਦਰਤ ਹੋ ਜਾਂਦੀ ਹੈ ਕਿ ਜਿੰਨੀ ਮਾੜੀ ਹਾਲਤ ਇਸ ਰਾਜ ਦੀ ਹੁਣ ਹੋਈ ਹੈ, ਇਸ ਤਰ੍ਹਾਂ ਦਾ ਮਾੜਾ ਦੌਰ ਪਹਿਲਾਂ ਕਦੇ ਨਹੀਂ ਵੇਖਿਆ ਗਿਆ। ਚੁਫੇਰੇ ਬਦ-ਅਮਨੀ ਵੀ ਹੈ ਤੇ ਸਿਖਰਾਂ ਦਾ ਭ੍ਰਿਸ਼ਟਾਚਾਰ ਵੀ ਹਰ ਕੋਈ ਮੰਨਦਾ ਹੈ। ਜਿਹੜੀ ਗੱਲ ਕਿਸੇ ਨੇ ਨਹੀਂ ਮੰਨਣੀ, ਉਹ ਇਹ ਕਿ ਕੋਈ ਵੀ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਸ ਨੇ ਵੀ ਭ੍ਰਿਸ਼ਟਾਚਾਰ ਕੀਤਾ ਹੈ। ਬਹੁਤਾ ਭਾਂਡਾ ਅਕਾਲੀ ਲੀਡਰਸ਼ਿਪ ਦੇ ਸਿਰ ਭੰਨਿਆ ਜਾ ਰਿਹਾ ਹੈ।
ਅਕਾਲੀ ਲੀਡਰਸ਼ਿਪ ਦੇ ਸਿਰ ਭਾਂਡਾ ਭੰਨਣ ਵਾਲਿਆਂ ਵਿਚ ਇਸ ਵੇਲੇ ਕਿਸੇ ਵੀ ਹੋਰ ਤੋਂ ਵੱਧ ਭਾਜਪਾ ਲੀਡਰ ਬੋਲਦੇ ਸੁਣਦੇ ਹਨ, ਜਿਹੜੇ ਪਿਛਲੇ ਦਿਨਾਂ ਵਿਚ ਅਕਾਲੀ ਦਲ ਦੇ ਸੀਰੀ ਬਣੇ ਰਹੇ ਸਨ। ਉਦੋਂ ਸੁਖਬੀਰ ਸਿੰਘ ਬਾਦਲ ਨੂੰ ਉਹ ਸਟੇਜੀ ਭਾਸ਼ਣਾਂ ਵਿਚ ‘ਪੰਜਾਬ ਦਾ ਭਵਿੱਖ ਦਾ ਮੁੱਖ ਮੰਤਰੀ’ ਵੀ ਆਖਣ ਤੱਕ ਚਲੇ ਜਾਂਦੇ ਸਨ, ਪਰ ਦਿੱਲੀ ਤੋਂ ਇਸ਼ਾਰਾ ਮਿਲਣ ਪਿੱਛੋਂ ਉਹ ਪੰਜਾਬ ਦੇ ਸਾਰੇ ਦੁੱਖਾਂ ਲਈ ‘ਸਾਲਾ-ਜੀਜਾ’ ਜੋੜੀ ਨੂੰ ਜ਼ਿੰਮੇਵਾਰ ਦੱਸਣ ਲੱਗੇ ਹਨ। ਮਾਲਵੇ ਦੇ ਇੱਕ ਭਾਜਪਾ ਮੰਤਰੀ ਨੂੰ ਕਿਸੇ ਵੀ ਹੋਰ ਤੋਂ ਵੱਧ ਸੁਖਬੀਰ ਸਿੰਘ ਬਾਦਲ ਦੇ ਨਿੱਜੀ ਕਾਰਿੰਦੇ ਵਜੋਂ ਵੇਖਿਆ ਜਾਂਦਾ ਸੀ ਪਰ ਹੁਣ ਉਹ ਹਰ ਥਾਂ ਆਪਣੇ ਉਸੇ ਮਾਲਕ ਦੇ ਖਿਲਾਫ ਖੌਰੂ ਪਾਉਣ ਵਿਚ ਖੁਸ਼ ਹੁੰਦਾ ਹੈ। ਸਥਿਤੀ ਬਦਲ ਜਾਣ ਤੋਂ ਬਾਅਦ ਭਾਜਪਾ ਅੰਦਰਲੀਆਂ ਗੱਲਾਂ ਬਾਹਰ ਕੱਢਣ ਲਈ ਹਰ ਤਰੀਕਾ ਵਰਤ ਰਹੀ ਹੈ ਤੇ ਇੱਕ ਖਾਸ ਵੰਨਗੀ ਦੇ ਪੱਤਰਕਾਰਾਂ ਨੂੰ ਉਸ ਦੇ ਕੁਝ ਮੰਤਰੀ ਵੇਲੇ-ਕੁਵੇਲੇ ਡਿਨਰ ਵੀ ਦੇਣ ਲੱਗ ਪਏ ਹਨ।
ਪਹਿਲਾਂ ਅਕਾਲੀ ਦਲ ਨੇ ਕਿਸੇ ਸਮੇਂ ਭਾਜਪਾ ਨੂੰ ਕਮਜ਼ੋਰ ਕਰਨ ਦਾ ਇੱਕ ਦਾਅ ਖੇਡਿਆ ਸੀ। ਜਿਸ ਭਾਜਪਾ ਆਗੂ ਨੂੰ ਅਹੁਦੇ ਦੀ ਸਭ ਤੋਂ ਵੱਧ ਭੁੱਖ ਸੀ, ਉਸ ਨੂੰ ਵਿਧਾਨ ਸਭਾ ਵਿਚਲੇ ਭਾਜਪਾ ਆਗੂ ਦੀ ਵਿਰੋਧਤਾ ਲਈ ਉਕਸਾਇਆ ਜਾਂਦਾ ਰਿਹਾ। ਭਾਜਪਾ ਦੇ ਵਿਧਾਨ ਸਭਾ ਆਗੂ ਨੂੰ ਖੂੰਜੇ ਲਾ ਦੇਣ ਪਿੱਛੋਂ ਬਠਿੰਡੇ ਦੇ ਇੱਕ ਸਮਾਗਮ ਵਿਚ ਉਸ ਮੰਤਰੀ ਦੀ ਬੇਇੱਜ਼ਤੀ ਕਰ ਕੇ ਉਸ ਨੂੰ ਉਸ ਦੀ ਇਹੋ ਜਿਹੀ ਔਕਾਤ ਵਿਖਾਈ ਕਿ ਅਗਲੀ ਵਾਰੀ ਭਾਜਪਾ ਤੋਂ ਉਸ ਨੂੰ ਟਿਕਟ ਵੀ ਨਹੀਂ ਸੀ ਮਿਲਣ ਦਿੱਤੀ। ਹੁਣ ਭਾਜਪਾ ਵਾਲੇ ਇਹੋ ਜਿਹੇ ਦਾਅ ਵਰਤ ਰਹੇ ਹਨ। ਛੋਟੇ ਬਾਦਲ ਤੋਂ ਨਾਰਾਜ਼ ਅਕਾਲੀ ਦਲ ਦੇ ਕੁਝ ਆਗੂਆਂ ਨੂੰ ਦਿੱਲੀ ਵਿਚ ਭਾਜਪਾ ਦੇ ਵੱਡੇ ਆਗੂ ਬਰੇਕ-ਫਾਸਟ ਦੇ ਰਹੇ ਸੁਣੀਂਦੇ ਹਨ।
ਭਾਜਪਾ ਇਸ ਵਕਤ ਪੂਰੀ ਚੜ੍ਹਤ ਵਿਚ ਆਪਣੇ ਕਾਫਲੇ ਨੂੰ ਪੰਜਾਬ ਵਿਚ ਤੋਰਨ ਲਈ ਤਿਆਰ ਹੈ ਤੇ ਅਮਿਤ ਸ਼ਾਹ ਦੀ 22 ਜਨਵਰੀ ਦੀ ਰੈਲੀ ਅਗਲੇ ਵੱਡੇ ਹਮਲੇ ਦਾ ਸੰਖ ਵਜਾਉਣ ਲਈ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਉਹ ਦੂਸਰੀਆਂ ਪਾਰਟੀਆਂ ਵਿਚ ਸੰਨ੍ਹ ਲਾਉਣ ਦੇ ਜਿਹੜੇ ਯਤਨ ਕਰ ਰਹੀ ਹੈ, ਜਗਮੀਤ ਸਿੰਘ ਬਰਾੜ ਦਾ ਕਾਂਗਰਸ ਪਾਰਟੀ ਛੱਡਣਾ ਤੇ ਫਿਰ ਆਪਣੇ ਸਾਥੀਆਂ ਤੋਂ ਉਡਾਰੀਆਂ ਮਰਵਾਉਣ ਦੀ ਮੁਹਿੰਮ ਚਲਵਾਉਣਾ- ਇਸੇ ਖੇਡ ਦਾ ਇੱਕ ਪੈਂਤੜਾ ਸੀ, ਜਿਹੜਾ ਕਾਮਯਾਬ ਰਿਹਾ ਹੈ। ਹੁਣ ਅਕਾਲੀ ਦਲ ਵਿਚ ਸੰਨ੍ਹ ਲਾਈ ਜਾ ਰਹੀ ਜਾਪਦੀ ਹੈ। ਬੜੇ ਚਿਰਾਂ ਦੇ ਕੁਣਕੇ ਤੋਂ ਵਾਂਝੇ ਅਕਾਲੀ ਆਗੂ ਭੁੱਖ ਦਾ ਯੋਗ ਕਮਾਉਣ ਨਾਲੋਂ ਬਾਪੂ ਬਾਦਲ ਦੇ ਟਿੱਲੇ ਨੂੰ ਸਾਸਰੀ-ਕਾਲ ਕਹਿਣ ਲਈ ਮਸ਼ਵਰੇ ਕਰਨ ਲੱਗ ਪਏ ਹਨ। ਇੱਕ ਇਹੋ ਜਿਹੀ ਮਸ਼ਵਰਾ-ਮੀਟਿੰਗ ਵਿਚ ਇੱਕ ਟਕਸਾਲੀ ਅਕਾਲੀ ਨੇ ਆਖਿਆ ਕਿ ‘ਭਾਜਪਾ ਹਿੰਦੂਤੱਵ ਦਾ ਝੰਡਾ ਚੁੱਕੀ ਫਿਰਦੀ ਹੈ, ਅਸੀਂ ਹੁਣ ਤੱਕ ਇਹ ਕਹਿੰਦੇ ਰਹੇ ਹਾਂ ਕਿ ਸਿੱਖ ਵੱਖਰੀ ਕੌਮ ਹਨ ਤੇ ਸਾਡਾ ਹਿੰਦੂਤੱਵ ਨਾਲ ਕੋਈ ਵਾਸਤਾ ਨਹੀਂ। ਜਦੋਂ ਇਨ੍ਹਾਂ ਵਾਲਾ ਝੰਡਾ ਚੁੱਕ ਕੇ ਤੁਰਾਂਗੇ ਤਾਂ ਲੋਕਾਂ ਨੂੰ ਕੀ ਕਹਾਂਗੇ?’ ਉਸ ਨੂੰ ਮੀਟਿੰਗ ਵਿਚ ਸੱਦਣ ਵਾਲੇ ਆਗੂ ਨੇ ਹੱਸ ਕੇ ਕਿਹਾ ਕਿ ‘ਇਹ ਧਾਰਨਾ ਪੁਰਾਣੀ ਹੋ ਚੁੱਕੀ ਹੈ। ਤਖਤ ਸ੍ਰੀ ਪਟਨਾ ਸਾਹਿਬ ਦੇ ਲੰਮਾ ਸਮਾਂ ਪ੍ਰਧਾਨ ਰਹਿ ਚੁੱਕੇ ਸੁਰਿੰਦਰਜੀਤ ਸਿੰਘ ਆਹਲੂਵਾਲੀਆ ਨੂੰ ਕਾਂਗਰਸੀ ਹੁੰਦੇ ਨੂੰ ਅਕਾਲੀ ਦਲ ਨੇ ਨੇੜੇ ਨਹੀਂ ਸੀ ਲਾਇਆ ਪਰ ਜਦੋਂ ਭਾਜਪਾ ਵਿਚ ਚਲਾ ਗਿਆ, ਉਹ ਸਾਡਾ ਹੋ ਗਿਆ ਸੀ। ਉਹ ਆਪ ਉਥੇ ਨਹੀਂ ਸੀ ਗਿਆ, ਬਾਦਲ ਸਾਹਿਬ ਨੇ ਉਸ ਦਾ ਭਾਜਪਾ ਨਾਲ ਸੌਦਾ ਮਰਵਾਇਆ ਸੀ। ਦਿੱਲੀ ਵਿਚ ਅਕਾਲੀ ਦਲ ਨੇ ਦੋ ਵਾਰੀ ਭਾਜਪਾ ਦੇ ਚੋਣ ਨਿਸ਼ਾਨ ‘ਕਮਲ ਦੇ ਫੁੱਲ’ ਨਾਲ ਚੋਣ ਲੜੀ ਅਤੇ ਆਪਣੇ ਬੰਦਿਆਂ ਨੂੰ ਭਾਜਪਾ ਉਮੀਦਵਾਰ ਕਿਹਾ ਸੀ। ਉਸ ਤੋਂ ਬਾਅਦ ਦਿੱਲੀ ਦਾ ਸਿੱਖ ਹੁਣ ਅਕਾਲੀ ਤੇ ਭਾਜਪਾ ਦਾ ਫਰਕ ਨਹੀਂ ਰੱਖਦਾ, ਪੰਜਾਬ ਵਿਚ ਵੀ ਫਰਕ ਮਿਟਦਾ ਜਾਂਦਾ ਹੈ।’ ਉਸ ਦੀ ਏਨੀ ਦਲੀਲ ਸੁਣਨ ਪਿੱਛੋਂ ਉਹ ਬਾਪੂ ਨਹੀਂ ਸੀ ਬੋਲਿਆ ਪਰ ਦੂਸਰਿਆਂ ਨੇ ਇਹ ਛਹਿਬਰ ਲਾ ਦਿੱਤੀ ਸੀ ਕਿ ‘ਸੱਚੇ ਸੌਦੇ ਵਾਲੇ ਨਾਲ ਬਾਦਲ ਪਿਓ-ਪੁੱਤ ਦੀ ਸਾਂਝ, ਨੂਰਮਹਿਲ ਵਾਲੇ ਦੀ ਲਾਸ਼ ਉਤੇ ਵੀ ਇਹ ਪੁਲਿਸ ਦੇ ਪਹਿਰੇ ਲਾਈ ਫਿਰਦੇ ਨੇ, ਕੋਈ ਘਰ ਇਹੋ ਜਿਹਾ ਨਹੀਂ, ਜਿਸ ਦੇ ਵਿਰੁਧ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਆਉਣ ਤੋਂ ਬਾਅਦ ਇਨ੍ਹਾਂ ਨੇ ਸਾਂਝ ਨਾ ਰੱਖੀ ਹੋਵੇ। ਹੁਣ ਇਹ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰ ਕੇ ਬਿਕਰਮੀ ਕੈਲੰਡਰ ਲਾਗੂ ਕਰਨ ਲੱਗੇ ਨੇ ਤਾਂ ਇਹ ਹਿੰਦੂਤੱਵ ਨਾਲੋਂ ਵੱਖਰੀ ਕਿਹੜੀ ਸਿੱਖ ਕੌਮ ਦੇ ਝੰਡੇ ਝੁਲਾ ਦੇਣਗੇ?’
ਜਿਹੜੀ ਗੱਲ ਸਭ ਤੋਂ ਕਮਾਲ ਦੀ ਹੋਈ, ਉਹ ਇਹ ਸੀ ਕਿ ਇਸ ਮੀਟਿੰਗ ਵਿਚ ਇੱਕ ਇਹੋ ਜਿਹਾ ਲੀਡਰ ਆ ਗਿਆ, ਜਿਹੜਾ ਕਦੇ ਖਾਲਿਸਤਾਨ ਬਣਾਉਣ ਦੇ ਭਾਸ਼ਣ ਕਰਦਾ ਹੁੰਦਾ ਸੀ ਤੇ ਸਿਮਰਨਜੀਤ ਸਿੰਘ ਮਾਨ ਦਾ ਬੜਾ ਲੰਮਾ ਸਮਾ ਚੇਲਾ ਬਣਿਆ ਰਿਹਾ ਸੀ। ਉਪਰੋਕਤ ਦਲੀਲਾਂ ਨਾਲ ਉਹ ਵੀ ਸਹਿਮਤ ਹੁੰਦਾ ਪਿਆ ਸੀ। ਇੱਕ ਜਥੇਦਾਰ ਉਸ ਨੂੰ ਪੁੱਛ ਬੈਠਾ ਕਿ ਤੁਸੀਂ ਵਿਚਾਰਧਾਰਾ ਕਦੋਂ ਦੀ ਬਦਲ ਲਈ? ਉਸ ਨੇ ਹੱਸ ਕੇ ਕਿਹਾ: ‘ਮੈਂ ਵਿਚਾਰਧਾਰਾ ਬਦਲਣ ਵਾਲਾ ਪਹਿਲਾ ਨਹੀਂ, ਕਈਆਂ ਨੇ ਬਦਲੀ ਹੈ। ਅੰਮ੍ਰਿਤਸਰ ਡਿਪਟੀ ਕਮਿਸ਼ਨਰ ਦੇ ਦਫਤਰ ਉਤੇ ਖਾਲਸੇ ਦਾ ਝੰਡਾ ਲਾਉਣ ਲਈ ਸਭ ਤੋਂ ਪਹਿਲਾਂ ਜਥੇਦਾਰ ਉਮਰਾਨੰਗਲ ਗਿਆ ਸੀ। ਜੇ ਬਾਅਦ ਵਿਚ ਉਹ ਮੁੱਖ-ਧਾਰਾ ਵਿਚ ਸ਼ਾਮਲ ਹੋ ਗਿਆ ਸੀ ਤਾਂ ਮੈਂ ਕਿਉਂ ਨਹੀਂ ਹੋ ਸਕਦਾ?’ ਸ਼ਾਇਦ ਇਹ ਵੱਦਾਣ ਵਰਗੀ ਇਹੋ ਜਿਹੀ ਵੱਡੀ ਚੋਟ ਸੀ, ਜਿਸ ਪਿੱਛੋਂ ਕਿਸੇ ਇੱਕ ਨੇ ਵੀ ਕੋਈ ਸਵਾਲ ਨਹੀਂ ਪੁੱਛਿਆ ਤੇ ਅਮਿਤ ਸ਼ਾਹ ਦੀ ਰੈਲੀ ਦੀ ਤਿਆਰੀ ਕਰਨ ਦੀ ਸਹਿਮਤੀ ਹੋ ਗਈ।
ਬੜਾ ਲੰਮਾ ਸਮਾਂ ਇੱਕ ਖਾਸ ਗੂੰਦ ਨਾਲ ਵਰਕਰ ਅਤੇ ਜਥੇਦਾਰ ਬਾਦਲ ਅਕਾਲੀ ਦਲ ਨਾਲ ਬੱਝੇ ਹੋਏ ਸਮਝੇ ਜਾਂਦੇ ਸਨ, ਤੇ ਉਹ ਗੂੰਦ ਅਕਾਲੀ ਦਲ ਨਾਲ ਵਫਾਦਾਰੀ ਨਹੀਂ, ਸਗੋਂ ਪੁਲਿਸ ਦਾ ਡੰਡਾ ਸੀ। ਮਨਪ੍ਰੀਤ ਸਿੰਘ ਬਾਦਲ ਦੇ ਨਾਲ ਪੰਦਰਾਂ ਸਾਲ ਰਾਤ-ਦਿਨ ਜੁੜੇ ਰਹੇ ਇੱਕ ਬੰਦੇ ਦੇ ਖਿਲਾਫ ਕੇਸ ਬਣਾ ਕੇ ਉਸ ਨੂੰ ਅਤੇ ਉਸ ਦੇ ਬਾਪ ਨੂੰ ਜਦੋਂ ਥਾਣੇ ਵਿਚ ਦੋ ਰਾਤਾਂ ਕੱਟਵਾ ਦਿੱਤੀਆਂ ਤਾਂ ਉਸ ਨੇ ਆਪਣੇ ਆਪ ਮਨਪ੍ਰੀਤ ਸਿੰਘ ਦਾ ਪੱਲਾ ਛੱਡ ਕੇ ਮੌਕੇ ਦੇ ਮਾਲਕਾਂ ਦੀ ਸਰਦਲ ਉਤੇ ਮੱਥਾ ਜਾ ਟੇਕਿਆ ਸੀ। ਜਿਹੜੇ ਪੁਲਿਸ ਅਫਸਰ ਇਸ ਖੇਡ ਵਿਚ ਵੱਡੇ-ਘਰ ਨੰਬਰ ਬਣਾਉਣ ਲਈ ਏਨੇ ਸਰਗਰਮ ਹੁੰਦੇ ਸਨ ਕਿ ਉਨ੍ਹਾਂ ਨੂੰ ਪੁਲਿਸ ਮਹਿਕਮੇ ਦੇ ਮੁਲਾਜ਼ਮ ਪਿੱਠ ਪਿੱਛੇ ‘ਜਥੇਦਾਰ ਜੀ’ ਕਿਹਾ ਕਰਦੇ ਸਨ, ਉਨ੍ਹਾਂ ਵਿਚੋਂ ਕੁਝ ਹੁਣ ਆਨੇ-ਬਹਾਨੇ ਦਿੱਲੀ ਦਾ ਟੂਰ ਪ੍ਰੋਗਰਾਮ ਰੱਖਣ ਲੱਗ ਪਏ ਹਨ ਤੇ ਉਥੇ ਮਿਲਦੇ ਕਿਸ ਆਗੂ ਜਾਂ ਮੰਤਰੀ ਨੂੰ ਹਨ, ਇਹ ਪੁਲਿਸ ਦੇ ਦੂਸਰੇ ਅਫਸਰਾਂ ਨੂੰ ਵੀ ਪਤਾ ਹੁੰਦਾ ਹੈ।
ਲਾਲੂ ਪ੍ਰਸਾਦ ਯਾਦਵ ਨੇ ਇੱਕ ਵਾਰ ਇਹ ਕਿਹਾ ਸੀ ਕਿ ਭਾਰਤ ਵਿਚ ਸਭ ਤੋਂ ਵੱਡਾ ਮੌਸਮ ਵਿਗਿਆਨੀ ਰਾਮ ਵਿਲਾਸ ਪਾਸਵਾਨ ਹੈ, ਜਿਸ ਨੂੰ ਪਹਿਲਾਂ ਪਤਾ ਹੁੰਦਾ ਹੈ ਕਿ ਹਵਾ ਦਾ ਰੁਖ ਕਿਹੜੇ ਪਾਸੇ ਨੂੰ ਹੈ, ਇਸ ਲਈ ਉਸ ਪਾਸੇ ਮੂੰਹ ਮੋੜ ਤੁਰਦਾ ਹੈ। ਪੰਜਾਬ ਦੇ ਪੁਲਿਸ ਅਤੇ ਸਿਵਲ ਅਫਸਰ ਰਾਮ ਵਿਲਾਸ ਪਾਸਵਾਨ ਜਿੰਨੇ ਸਿਆਣੇ ਨਹੀਂ, ਇਸ ਲਈ ਕਈ ਵਾਰੀ ਮੌਸਮ ਦਾ ਗਲਤ ਅੰਦਾਜ਼ਾ ਲਾ ਕੇ ਫਸ ਜਾਂਦੇ ਹਨ ਪਰ ਇਹ ਗੱਲ ਸਾਫ ਹੈ ਕਿ ਵਕਤ ਤੋਂ ਪਹਿਲਾਂ ਨਵੇਂ ਮਾਲਕਾਂ ਦੀ ਭਾਲ ਕਰਨ ਦਾ ਮੌਕਾ ਉਹ ਵੀ ਨਹੀਂ ਗੁਆਉਂਦੇ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਜਦੋਂ ਇਹ ਲੱਗਦਾ ਸੀ ਕਿ ਕਾਂਗਰਸ ਨੇ ਜਿੱਤ ਜਾਣਾ ਹੈ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇਗਾ, ਕੁਝ ਅਫਸਰ ਇੱਕ ਦਿਨ ਪਹਿਲਾਂ ਪਟਿਆਲੇ ਵਿਚ ਜਾ ਪਹੁੰਚੇ ਸਨ ਤੇ ਨਤੀਜੇ ਦੇ ਦਿਨ ਮੋਤੀ-ਮਹਿਲ ਦੇ ਸ਼ਾਮਿਆਨੇ ਲੱਗਣ ਦਾ ਪ੍ਰਬੰਧ ਵੀ ਕੋਲ ਖੜੋ ਕੇ ਕਰਾਉਂਦੇ ਪਏ ਸਨ। ਜਦੋਂ ਦਸ ਵਜੇ ਤੱਕ ਬਾਜ਼ੀ ਪਲਟਣ ਲੱਗੀ ਤਾਂ ਉਨ੍ਹਾਂ ਦੀਆਂ ਕਾਰਾਂ ਅੱਗੜ-ਪਿੱਛੜ ਚੰਡੀਗੜ੍ਹ ਨੂੰ ਇਸ ਤਰ੍ਹਾਂ ਦੌੜੀਆਂ ਜਾਂਦੀਆਂ ਸਨ, ਜਿਵੇਂ ਕਿਤੇ ਅੱਗ ਲੱਗੀ ਬੁਝਾਉਣ ਲਈ ਫਾਇਰ ਬ੍ਰਿਗੇਡ ਦੇ ਇੰਜਣ ਜਾਂਦੇ ਹਨ। ਇਹ ਕੰਮ ਹੁਣ ਫਿਰ ਹੋਣ ਲੱਗ ਪਿਆ ਹੈ। ਇੱਕ ਅਫਸਰ ਕਿਸੇ ਵੇਲੇ ਅਮਰਿੰਦਰ ਸਿੰਘ ਦੇ ਰਾਜ ਵਿਚ ਅਕਾਲੀਆਂ ਦੇ ਖਿਲਾਫ ਵੀ ਸੀ ਤੇ ਜੇਬਾਂ ਭਰਨ ਵਾਲੀ ਜੁੰਡੀ ਦਾ ਵੀ ਅੰਗ ਸੀ। ਅਕਾਲੀ-ਭਾਜਪਾ ਨੇ ਚੋਣਾਂ ਮੌਕੇ ਜਾਰੀ ਕੀਤੇ ਇਸ਼ਤਿਹਾਰਾਂ ਵਿਚ ਉਸ ਦੀ ਫੋਟੋ ਲਾ ਕੇ ਲਿਖਿਆ ਸੀ ਕਿ ਰਾਜ ਬਦਲਣ ਮਗਰੋਂ ਇਹ ਵੀ ਜੇਲ੍ਹ ਜਾਵੇਗਾ। ਰਾਜ ਬਦਲਦੇ ਸਾਰ ਉਹ ਕੇਂਦਰ ਸਰਕਾਰ ਦੇ ਇੱਕ ਮਹਿਕਮੇ ਵਿਚ ਬਦਲੀ ਕਰਵਾ ਕੇ ਚਲਾ ਗਿਆ ਅਤੇ ਦਿੱਲੀ ਬੈਠ ਕੇ ਪੰਜਾਬ ਦੇ ਨਵੇਂ ਮਾਲਕਾਂ ਦੇ ਮਿੰਨਤ-ਤਰਲੇ ਕਰ-ਕਰ ਕੇ ਆਖਰ ਇਸ ਗੱਲ ਵਿਚ ਕਾਮਯਾਬ ਰਿਹਾ ਕਿ ਅਕਾਲੀਆਂ ਦੀ ਲੀਡਰਸ਼ਿਪ ਨੇ ਉਸ ਨੂੰ ਬੇਗਾਨਾ ਪੁੱਤ ਮੁਤਬੰਨਾ ਬਣਾਉਣ ਵਾਂਗ ਅਪਨਣਾ ਲਿਆ। ਕਮਾਲ ਦੀ ਗੱਲ ਇਹ ਵੀ ਹੈ ਕਿ ਅੱਜ ਦੇ ਪ੍ਰਸ਼ਾਸਨ ਵਿਚ ਉਹ ਸਿਖਰ ਉਤੇ ਹੈ, ਪਰ ਇਹ ਗੱਲ ਕੁਝ ਗਿਣਤੀ ਦੇ ਲੋਕਾਂ ਤੱਕ ਸੀਮਤ ਹੈ ਕਿ ਪਿਛਲੇ ਹਫਤੇ ਫਿਰ ਦਿੱਲੀ ਜਾ ਕੇ ਉਹ ਅਗਲੀ ਧਿਰ-ਬਦਲੀ ਦਾ ਜੁਗਾੜ ਬਣਾ ਆਇਆ ਹੈ। ਇਹ ਸਭ ਕੁਝ ਇਸ ਲਈ ਹੋ ਰਿਹਾ ਹੈ ਕਿ ਪੰਜਾਬ ਵਿਚ ਇਹ ਪ੍ਰਭਾਵ ਜੰਮ ਚੁੱਕਾ ਹੈ ਕਿ ਸਿਆਸੀ ਰੁੱਤ ਬਦਲਣ ਵਾਲੀ ਹੈ।
ਪੰਜਾਬ ਦੀ ਰਾਜਨੀਤੀ ਦੇ ਇਸ ਉਲਝਣ ਭਰੇ ਪੜਾਅ ਉਤੇ ਹੁਣ ਕੁਝ ਲੋਕ ਇਹ ਸੋਚ ਰਹੇ ਹਨ ਕਿ ਸੁਖਬੀਰ ਸਿੰਘ ਦੀਆਂ ਪਾਈਆਂ ਉਲਝਣਾਂ ਨੂੰ ਸੁਲਝਾਉਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੁਝ ਕਰਨਗੇ। ਆਪਣੇ ਪੇਟ ਦੀ ਕਿਸੇ ਗੱਲ ਦਾ ਕਦੀ ਭੇਦ ਨਾ ਦੇਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਵਕਤ ਆਏ ਤੋਂ ਲਿਫਣਾ ਵੀ ਆਉਂਦਾ ਹੈ ਅਤੇ ਜਦੋਂ ਮੌਕਾ ਮਿਲ ਜਾਵੇ ਤਾਂ ਵਰਤਣਾ ਵੀ ਆਉਂਦਾ ਹੈ। ਬੜੇ ਔਖੇ ਹਾਲਾਤ ਵਿਚ ਅਕਾਲ ਤਖਤ ਦੇ ਜਿਸ ਜਥੇਦਾਰ ਨੇ ਉਸ ਨੂੰ ਸੱਦ ਕੇ ਇਹ ਸਥਿਤੀ ਬਣਾ ਦਿੱਤੀ ਸੀ ਕਿ ਜਾਂ ਬਾਦਲ ਬਾਕੀਆਂ ਦੇ ਥੱਲੇ ਲੱਗੇਗਾ ਤੇ ਜਾਂ ਤਨਖਾਹੀਆ ਮੰਨ ਕੇ ਉਸ ਨੂੰ ਭਾਂਡੇ ਮਾਂਜਣ ਲਾ ਦਿੱਤਾ ਜਾਵੇਗਾ, ਉਸ ਨੇ ਉਹ ਸਥਿਤੀ ਪਲਟ ਲਈ ਸੀ। ਬਹੁਤੇ ਲੋਕਾਂ ਨੂੰ ਇਹ ਪਤਾ ਕਦੇ ਨਹੀਂ ਸੀ ਲੱਗਾ ਕਿ ਉਸ ਸਥਿਤੀ ਨੂੰ ਪਲਟਣ ਲਈ ਉਨ੍ਹਾਂ ਨੇ ਜਥੇਦਾਰ ਦੇ ਪਿਤਾ ਜੀ ਨੂੰ ਮਨਾ ਲਿਆ ਤੇ ਜਦੋਂ ਜਥੇਦਾਰ ਪੁੱਤਰ ਦੇ ਸਾਹਮਣੇ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਪੇਸ਼ ਹੋਇਆ ਤਾਂ ਜਥੇਦਾਰ ਦੇ ਪਿਤਾ ਜੀ ਉਸ ਨਾਲ ਸੱਜੇ ਪਾਸੇ ਖੜੇ ਹੋਣ ਕਾਰਨ ਲਿਖੇ ਪਏ ਪਹਿਲੇ ਕਾਗਜ਼ ਪਾਸੇ ਰੱਖ ਕੇ ਨਵੇਂ ਬਣ ਗਏ ਸਨ। ਬਾਦਲ ਇਸ ਵੇਲੇ ਫਿਰ ਦਿੱਲੀ ਨਾਲ ਸਾਂਝ ਦੀਆਂ ਤੰਦਾਂ ਜੋੜਨ ਦੇ ਯਤਨ ਵਿਚ ਹੈ ਤੇ ਇਸ ਸਾਂਝ ਦੀ ਵੇਦੀ ਤੋਂ ਚੌਟਾਲਿਆਂ ਦੀ ਸਾਰੀ ਉਮਰ ਦੀ ਯਾਰੀ ਵੀ ਕੁਰਬਾਨ ਕਰਨ ਨੂੰ ਤਿਆਰ ਹੈ। ਬੀਤੇ ਦਸੰਬਰ ਮਹੀਨੇ ਪਿੰਡ ਬਾਦਲ ਵਿਚ ਕਬੱਡੀ ਮੈਚ ਮੌਕੇ ਪਹਿਲੀ ਵਾਰ ਹੋਇਆ ਕਿ ਚੌਟਾਲਿਆਂ ਦਾ ਕੋਈ ਜੀਅ ਦਿਖਾਈ ਨਹੀਂ ਦਿੱਤਾ ਤੇ ਉਨ੍ਹਾਂ ਦੇ ਕੱਟੜ ਵਿਰੋਧੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੁਰੀਂ ਭਲਵਾਨੀ ਗੇੜੇ ਦਿੰਦੇ ਜਾਪਦੇ ਸਨ। ਮਾਮਲਾ ਕੁੰਢੀਆਂ ਦੇ ਸਿੰਗ ਫਸਣ ਵਾਂਗ ਹੈ। ਜਿੰਨੇ ਕੁ ਰਾਜਨੀਤੀ ਦੇ ਦਾਅ ਪ੍ਰਕਾਸ਼ ਸਿੰਘ ਬਾਦਲ ਨੇ ਹੁਣ ਤੱਕ ਅਜ਼ਮਾਏ ਹੋਏ ਹਨ, ਉਨ੍ਹਾਂ ਬਾਰੇ ਸ਼ਾਇਦ ਕੋਈ ਸੋਚ ਵੀ ਸਕਦਾ ਹੈ ਪਰ ਜਿਹੜੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨਾਂ ਦੇ ਦੋ ਆਗੂਆਂ ਨਾਲ ਵਾਸਤਾ ਪਿਆ ਹੈ, ਉਨ੍ਹਾਂ ਬਾਰੇ ਸੋਚਣ ਦਾ ਦਾਅਵਾ ਵੀ ਕੋਈ ਨਹੀਂ ਕਰਦਾ। ਉਹ ਕਿਹੜਾ ਦਾਅ ਖੇਡ ਜਾਣਗੇ, ਪੰਜਾਬ ਦੀ ਅਗਲੀ ਰਾਜਨੀਤੀ ਉਸ ਉਤੇ ਨਿਰਭਰ ਕਰੇਗੀ।