ਆਂਦਰੇ ਵਲਚੇਕ
ਅਨੁਵਾਦ ਤੇ ਪੇਸ਼ਕਸ਼: ਬੂਟਾ ਸਿੰਘ
ਸੌ ਸਾਲ ਪਹਿਲਾਂ ਇਹ ਸੋਚਿਆ ਜਾ ਸਕਦਾ ਸੀ ਕਿ ਦੋ ਮੁਸਲਮਾਨ ਕਿਸੇ ਕੈਫ਼ੇ ਜਾਂ ਬੱਸ, ਗੱਡੀ ਵਿਚ ਘੁਸ ਕੇ ਫੀਤਾ ਫੀਤਾ ਹੋ ਜਾਣਗੇ ਤੇ ਦਰਜਨਾਂ ਲੋਕਾਂ ਦੀ ਜਾਨ ਲੈ ਲੈਣਗੇ; ਜਾਂ ਪੈਰਿਸ ਵਿਚ ਰਸਾਲੇ ਦੇ ਸਟਾਫ ਦਾ ਕਤਲੇਆਮ ਕਰਨਗੇ!
ਫਲਸਤੀਨੀ ਵਿਦਵਾਨ ਐਡਵਰਡ ਸਈਦ ਦੀਆਂ ਯਾਦਾਂ ਪੜ੍ਹਦਿਆਂ ਜਾਂ ਪੂਰਬੀ ਯੋਰੋਸ਼ਲਮ ਦੇ ਬਜ਼ੁਰਗਾਂ ਨਾਲ ਗੱਲ ਕਰਨ ‘ਤੇ ਸਾਫ ਹੋ ਜਾਂਦਾ ਹੈ ਕਿ ਫਲਸਤੀਨੀ ਸਮਾਜ ਦਾ ਵੱਡਾ ਹਿੱਸਾ ਪੂਰੀ ਤਰ੍ਹਾਂ ਧਰਮ-ਨਿਰਪੱਖ ਅਤੇ ਨਰਮ-ਖਿਆਲੀਆ ਹੁੰਦਾ ਸੀ। ਮਜ਼੍ਹਬੀ ਕੱਟੜਪੁਣੇ ਦੀ ਥਾਂ ਉਨ੍ਹਾਂ ਦਾ ਸਰੋਕਾਰ ਜ਼ਿੰਦਗੀ, ਸਭਿਆਚਾਰ ਅਤੇ ਫੈਸ਼ਨ ਨਾਲ ਵਧੇਰੇ ਸੀ। ਇਹੀ ਸੀਰੀਆ, ਇਰਾਕ, ਇਰਾਨ, ਮਿਸਰ ਅਤੇ ਇੰਡੋਨੇਸ਼ੀਆ ਸਮੇਤ ਬਹੁਤ ਸਾਰੇ ਹੋਰ ਮੁਲਕਾਂ ਬਾਰੇ ਵੀ ਸੱਚ ਹੈ। ਪੁਰਾਣੀਆਂ ਤਸਵੀਰਾਂ ਮੂੰਹੋਂ ਬੋਲਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਗੌਰ ਨਾਲ ਵਾਚਣਾ ਬਹੁਤ ਅਹਿਮ ਹੈ।
ਇਸਲਾਮ ਮਹਿਜ਼ ਇਕ ਮਜ਼੍ਹਬ ਨਾ ਹੋ ਕੇ, ਧਰਤੀ ਦੀ ਬੇਥਾਹ ਸੰਸਕ੍ਰਿਤੀ ਰਹੀ ਹੈ ਜਿਸ ਨੇ ਮਨੁੱਖਤਾ ਨੂੰ ਕੁਝ ਸਰਵਸ਼੍ਰੇਸ਼ਟ ਵਿਗਿਆਨਕ ਤੇ ਇਮਾਰਤਸਾਜ਼ੀ ਦੀਆਂ ਲੱਭਤਾਂ ਅਤੇ ਬੇਸ਼ੁਮਾਰ ਇਲਾਜ ਖੋਜਾਂ ਨਾਲ ਭਰਪੂਰ ਕੀਤਾ। ਮੁਸਲਮਾਨਾਂ ਨੇ ਸ਼ਾਨਦਾਰ ਕਵਿਤਾ ਰਚੀ ਅਤੇ ਖੂਬਸੂਰਤ ਸੰਗੀਤ ਦਿੱਤਾ। ਜਨਤਕ ਦਵਾਖ਼ਾਨੇ ਅਤੇ ਦੁਨੀਆਂ ਦੀਆਂ ਪਹਿਲੀਆਂ ਯੂਨੀਵਰਸਿਟੀਆਂ ਸਮੇਤ ਦੁਨੀਆਂ ਦੇ ਕੁਝ ਮੁਢਲੇ ਸਮਾਜੀ ਢਾਂਚੇ ਵਿਕਸਿਤ ਕਰਨ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ, ਜਿਵੇਂ ਫੈਜ਼ (ਮੋਰੱਕੋ) ਦੀ ਅਲ-ਕਾਰਾਵਿਯਿਨ ਯੂਨੀਵਰਸਿਟੀ।
‘ਸਮਾਜੀ’ ਖਿਆਲ ਬਹੁਤ ਸਾਰੇ ਮੁਸਲਿਮ ਸਿਆਸਤਦਾਨਾਂ ਲਈ ਸੁਭਾਵਿਕ ਰਹੇ ਹਨ। ਜੇ ਪੱਛਮ ਨੇ ਖੱਬੇਪੱਖੀ ਹਕੂਮਤਾਂ ਨੂੰ ਉਲਟਾ ਕੇ ਅਤੇ ਉਥੇ ਲੰਡਨ, ਵਾਸ਼ਿੰਗਟਨ ਤੇ ਪੈਰਿਸ ਦੇ ਫਾਸ਼ੀਵਾਦੀ ਜੋਟੀਦਾਰ ਸੱਤਾਧਾਰੀ ਨਾ ਬਣਾਏ ਹੁੰਦੇ ਤਾਂ ਇਰਾਨ, ਮਿਸਰ ਅਤੇ ਇੰਡੋਨੇਸ਼ੀਆ ਸਮੇਤ ਲਗਭਗ ਸਾਰੇ ਹੀ ਮੁਸਲਿਮ ਮੁਲਕਾਂ ਦੇ ਆਗੂ ਅੱਜ ਨਰਮ-ਖਿਆਲ ਅਤੇ ਜ਼ਿਆਦਾਤਰ ਧਰਮ-ਨਿਰਪੱਖ ਹੋਣੇ ਸਨ। ਬੀਤੇ ਵਿਚ, ਬੇਸ਼ੁਮਾਰ ਮੁਸਲਿਮ ਆਗੂਆਂ ਨੇ ਦੁਨੀਆਂ ‘ਤੇ ਕਾਬਜ਼ ਹੋਣ ਦੇ ਪੱਛਮ ਦੇ ਹਮਲਿਆਂ ਨਾਲ ਟੱਕਰ ਲਈ ਅਤੇ ਇੰਡੋਨੇਸ਼ੀਆਈ ਰਾਸ਼ਟਰਪਤੀ ਸੁਕਾਰਨੋ ਵਰਗੀਆਂ ਕਿੰਨੀਆਂ ਸ਼ਖਸੀਅਤਾਂ ਕਮਿਊਨਿਸਟ ਪਾਰਟੀਆਂ ਅਤੇ ਵਿਚਾਰਧਾਰਾ ਦੇ ਨੇੜੇ ਸਨ। ਇਸ ਦੀ ਮਿਸਾਲ ਗੁੱਟ-ਨਿਰਲੇਪ ਲਹਿਰ ਅਤੇ 1955 ਦੇ ਬਾਂਡੁੰਗ ਸੰਮੇਲਨ ਵਿਚ ਆਲਮੀ ਸਾਮਰਾਜ ਵਿਰੋਧੀ ਲਹਿਰ ਦੀ ਸਪਸ਼ਟ ਪਰਿਭਾਸ਼ਾ ਹਨ।
ਇਸ ਦੇ ਉਲਟ ਰੂੜ੍ਹੀਵਾਦੀ, ਕੁਲੀਨ-ਵਰਗੀ ਈਸਾਈਅਤ ਜ਼ਿਆਦਾਤਰ ਫਾਸ਼ੀਵਾਦੀ ਹੁਕਮਰਾਨਾਂ ਅਤੇ ਬਸਤੀਵਾਦੀਆਂ, ਸੁਲਤਾਨਾਂ, ਤਾਜਰਾਂ ਅਤੇ ਵੱਡੇ ਸਰਮਾਏਦਾਰਾਂ ਦੀਆਂ ਜੁੰਡਲੀਆਂ ਨਾਲ ਹੇਲ-ਮੇਲ ਰਹੀ ਹੈ। ਇਸ ਸਲਤਨਤ ਨੂੰ ਮੱਧ ਪੂਰਬ ਜਾਂ ਵਸੀਲਿਆਂ ਨਾਲ ਭਰਪੂਰ ਇੰਡੋਨੇਸ਼ੀਆ ਉਪਰ ਅਗਾਂਹਵਧੂ, ਮਾਰਕਸਵਾਦੀ, ਮੁਸਲਮਾਨ ਹਾਕਮਾਂ ਦਾ ਰਾਜ ਤੇ ਉਨ੍ਹਾਂ ਦੀ ਹਰਮਨਪਿਆਰਤਾ ਮਨਜ਼ੂਰ ਨਹੀਂ ਸੀ। ਜੇ ਉਨ੍ਹਾਂ ਨੇ ਕੁਦਰਤੀ ਦੌਲਤ ਆਪਣੇ ਆਵਾਮ ਦੀ ਬਿਹਤਰੀ ਲਈ ਵਰਤ ਲਈ, ਫਿਰ ਸਲਤਨਤ ਅਤੇ ਇਸ ਦੀਆਂ ਕਾਰਪੋਰੇਸ਼ਨਾਂ ਲਈ ਕੀ ਬਚੇਗਾ? ਹਰ ਹਰਬਾ ਵਰਤ ਕੇ ਇਸ ਨੂੰ ਰੋਕਣਾ ਜ਼ਰੂਰੀ ਸੀ। ਇਸਲਾਮ ‘ਚ ਫੁੱਟ ਪਾਈ ਗਈ; ਇੰਤਹਾਪਸੰਦ ਅਤੇ ਕਮਿਊਨਿਸਟ ਵਿਰੋਧੀ ਜਾਂ ਐਸੇ ਅਨਸਰਾਂ ਦੀ ਘੁਸਪੈਠ ਕਰਵਾਈ ਗਈ ਜੋ ਆਪਣੇ ਲੋਕਾਂ ਦੀ ਭਲਾਈ ਤੋਂ ਬੇਪ੍ਰਵਾਹ ਸਨ।
ਅੱਜ ਦੁਨੀਆਂ ਦੀਆਂ ਲਗਭਗ ਕੁਲ ਇਸਲਾਮੀ ਗਰਮ-ਖਿਆਲ ਤਹਿਰੀਕਾਂ ਇਸਲਾਮ ਦੇ ਘੋਰ-ਰੂੜ੍ਹੀਵਾਦੀ, ਪਿਛਾਖੜੀ ਮੱਤ ਵਹਾਬੀਵਾਦ ਨਾਲ ਬੱਝੀਆਂ ਹੋਈਆਂ ਹਨ ਜੋ ਸਾਊਦੀ ਅਰਬ, ਕਤਰ ਅਤੇ ਖਾੜੀ ਦੇ ਹੋਰ ਪੱਛਮੀ ਜੋਟੀਦਾਰ ਮੁਲਕਾਂ ਦੀ ਸਿਆਸੀ ਜ਼ਿੰਦਗੀ ਉਪਰ ਕਾਬਜ਼ ਹੈ।
ਵਹਾਬੀਵਾਦ ਇਸਲਾਮ ਅੰਦਰ ਬਰਤਾਨੀਆ ਦੀ ਸ਼ਿਸ਼ਕੇਰੀ ਮੂਲਵਾਦੀ ਲਹਿਰ ਹੈ। ਇਸ ਦੀ ਮਦਦ ਤੋਂ ਬਗੈਰ ਵਹਾਬੀਵਾਦ ਅਤੇ ਸਾਊਦੀ ਘਰਾਣੇ ਦੀ ਹੋਂਦ ਹੀ ਨਾ ਹੁੰਦੀ। 9/11 ਦੇ ਦਹਿਸ਼ਤੀ ਹਮਲੇ ਦੇ ਬਾਵਜੂਦ ਅਮਰੀਕਾ ਵੀ ਸਿੱਧੇ ਅਤੇ ਅਸਿੱਧੇ ਤੌਰ ‘ਤੇ ਵਹਾਬੀਵਾਦ ਦੀ ਹਮਾਇਤ ਕਰਦਾ ਹੈ। ਸੋਵੀਅਤ ਯੂਨੀਅਨ ਦੇ ਅਫਗਾਨਿਸਤਾਨ ਵਿਚ ਪੈਰ ਪਸਾਰਨ ‘ਤੇ ਪੱਛਮ ਨੇ 1980ਵਿਆਂ ਵਿਚ ਵਹਾਬੀਆਂ ਨੂੰ ਧਨ ਅਤੇ ਹਥਿਆਰ ਦੇ ਕੇ ਜੰਗ ਵਿਚ ਝੋਕਿਆ ਜੋ 1979 ਤੋਂ 1989 ਤਕ ਚੱਲੀ। ਇਸ ਵਿਚ ਆਰਥਿਕ ਅਤੇ ਮਨੋਵਿਗਿਆਨਕ ਤੌਰ ‘ਤੇ ਖੋਖਲੇ ਹੋਏ ਸੋਵੀਅਤ ਯੂਨੀਅਨ ਦਾ ਪਤਨ ਹੋਇਆ। ਪੱਛਮ ਤੇ ਇਸ ਦੇ ਇਤਹਾਦੀਆਂ ਦੀ ਹੱਲਾਸ਼ੇਰੀ ਅਤੇ ਧਨ ਨਾਲ ਲੱਦੇ ਮੁਜਾਹਿਦੀਨ, ਕਮਿਊਨਿਸਟ ਕਾਫਿਰਾਂ ਵਿਰੁਧ ‘ਪਵਿੱਤਰ ਜੰਗ’ ਲੜਨ ਲਈ ਮੁਸਲਿਮ ਜਗਤ ਦੇ ਕੋਨੇ ਕੋਨੇ ਤੋਂ ਉਥੇ ਗਏ ਸਨ।
ਪੱਛਮ ਵਲੋਂ ਵੱਖੋ-ਵੱਖਰੇ ਮੁਸਲਿਮ ਮੁਲਕਾਂ ਵਿਚ ਖੜ੍ਹੇ ਕੀਤੇ ਅਤੇ ਘੁਸਪੈਠ ਕਰਾਏ ਗਰਮ-ਖਿਆਲ ਮੁਸਲਿਮ ਗਰੁਪਾਂ ਵਿਚ ਅਲ-ਕਾਇਦਾ ਅਤੇ ਅਜੋਕੀ ਆਈæਐਸ਼ਆਈæਐਸ਼ ਸ਼ਾਮਲ ਹੈ। ਆਈæਐਸ਼ਆਈæਐਸ਼ ਦਾ ਜਨਮ ਸੀਰੀਆ/ਤੁਰਕੀ ਅਤੇ ਸੀਰੀਆ-ਜਾਰਡਨ ਦੇ ਸਰਹੱਦੀ ਸ਼ਰਨਾਰਥੀ ਕੈਂਪਾਂ ਵਿਚ ਹੋਇਆ। ਸੀਰੀਆ ਦੀ (ਧਰਮ-ਨਿਰਪੱਖ) ਬਸ਼ਰ ਅਲ-ਅਸਦ ਹਕੂਮਤ ਨਾਲ ਲੜਨ ਲਈ ਇਸ ਨੂੰ ਖੁੱਲ੍ਹਾ ਧਨ ਨਾਟੋ ਅਤੇ ਪੱਛਮ ਨੇ ਦਿੱਤਾ।
ਅਜਿਹੀਆਂ ਰੈਡੀਕਲ ਪੈਦਾਇਸ਼ਾਂ ਕਈ ਮਨੋਰਥ ਪੂਰੇ ਕਰਦੀਆਂ ਹਨ। ਪੱਛਮ ਇਨ੍ਹਾਂ ਨੂੰ ਆਪਣੇ ਉਨ੍ਹਾਂ ਵੈਰੀ ਮੁਲਕਾਂ ਵਿਰੁਧ ਜੰਗਾਂ ਵਿਚ ਵਰਤਦਾ ਹੈ ਜੋ ਸਲਤਨਤ ਦੀ ਆਲਮੀ ਗਲਬੇ ਦੀ ਯੁੱਧਨੀਤੀ ਦੇ ਰਾਹ ਦਾ ਰੋੜਾ ਹਨ। ਜਦੋਂ ਇਹ ਇੰਤਹਾਪਸੰਦ ਲਸ਼ਕਰ ਬੇਕਾਬੂ ਹੋ ਜਾਂਦੇ ਹਨ (ਜੋ ਹਮੇਸ਼ਾ ਹੁੰਦਾ ਹੈ), ਫਿਰ ਉਨ੍ਹਾਂ ਨੂੰ ਡਰਨੇ ਅਤੇ ‘ਦਹਿਸ਼ਤਵਾਦ ਖਿਲਾਫ ਜੰਗ’ ਦੀ ਵਾਜਬੀਅਤ ਲਈ, ਜਾਂ ਪੱਛਮੀ ਤਾਕਤਾਂ ਮੁੜ ਲਗਾਉਣ ਦੇ ਬਹਾਨੇ ਵਜੋਂ ਵਰਤਿਆ ਜਾਂਦਾ ਹੈ।
ਅਖ਼ਬਾਰਾਂ/ਰਸਾਲਿਆਂ ਦੇ ਮੁੱਖ ਪੰਨਿਆਂ ਜਾਂ ਟੀæਵੀæ ਪਰਦਿਆਂ ਉਪਰ ਇਨ੍ਹਾਂ ਇੰਤਹਾਪਸੰਦ ਧੜਿਆਂ ਦੀਆਂ ਸੁਰਖੀਆਂ ਪਾਠਕਾਂ/ਦਰਸ਼ਕਾਂ ਨੂੰ ਇਹ ਚੇਤੇ ਕਰਾਉਂਦੀਆਂ ਹਨ ਕਿ ‘ਦੁਨੀਆਂ ਦੇ ਹਾਲਾਤ ਕਿੰਨੇ ਖਤਰਨਾਕ ਹਨ’; ਇਸ ਲਈ ‘ਪੱਛਮ ਦਾ ਦਖਲ’, ਬੇਸ਼ੁਮਾਰ ‘ਬਦਮਾਸ਼ ਰਿਆਸਤਾਂ’ ਵਿਰੁਧ ਜੰਗਾਂ ਲਈ ਜਾਸੂਸੀ ਅਤੇ ਹੋਰ ਸੁਰੱਖਿਆ ਉਪਾਅ, ਬੇਥਾਹ ‘ਡਿਫੈਂਸ’ ਬਜਟ ਕਿੰਨੇ ਅਹਿਮ ਤੇ ਜ਼ਰੂਰੀ ਹਨ!
ਸਮਾਜਵਾਦੀ ਝੁਕਾਅ ਵਾਲੀ ਅਮਨਪਸੰਦ ਅਤੇ ਉਸਾਰੂ ਤਹਿਜ਼ੀਬ ਤੋਂ ਅਚਾਨਕ ਮੁਸਲਿਮ ਜਗਤ ਅਤੇ ਖੁਦ ਇਸਲਾਮ ਅਚਾਨਕ ਲੀਹੋਂ ਲੱਥੇ, ਠੱਗੇ ਗਏ, ਵਿਦੇਸ਼ੀ ਮਜ਼੍ਹਬੀ ਅਤੇ ਵਿਚਾਰਧਾਰਕ ਪੈਦਾਇਸ਼ਾਂ ਦੀ ਘੁਸਪੈਠ ਦਾ ਸ਼ਿਕਾਰ ਨਜ਼ਰ ਆਏ। ਪੱਛਮੀ ਨੀਤੀ-ਘਾੜਿਆਂ ਅਤੇ ਪ੍ਰਚਾਰਕਾਂ ਨੇ ਉਨ੍ਹਾਂ ਨੂੰ ‘ਭਾਰੀ ਖਤਰਾ’, ਦਹਿਸ਼ਤਵਾਦ ਅਤੇ ਅਸਹਿਣਸ਼ੀਲਤਾ ਦੇ ਪ੍ਰਤੀਕ ਬਣਾ ਦਿੱਤਾ।
ਇਨ੍ਹਾਂ ਬੇਹੱਦ ਅਜੀਬੋ-ਗਰੀਬ ਹਾਲਾਤ ਦਾ ਨਤੀਜਾ ਬੇਸ਼ੁਮਾਰ ਜਾਨੀ-ਮਾਲੀ ਤਬਾਹੀ ਹੈ। ਦਹਾਕਿਆਂ ਤੋਂ ਆਜ਼ਾਦੀ ਤੇ ਬੁਨਿਆਦੀ ਜਮਹੂਰੀ ਹੱਕਾਂ ਤੋਂ ਮਹਿਰੂਮ ਫਲਸਤੀਨੀਆਂ ਦੇ ਸਵੈ-ਨਿਰਣੇ ਦੇ ਹੱਕ ਦਾ ਜ਼ਿਕਰ ਸੁਣਦੇ ਹੀ ਸਲਤਨਤ ਅਤੇ ਇਸ ਦੇ ਜੋਟੀਦਾਰ ਇਜ਼ਰਾਈਲ ਨੂੰ ਅੱਗ ਲੱਗ ਉਠਦੀ ਹੈ। ਅਪਮਾਨ ਤੇ ਕਤਲੋਗਾਰਤ ਦੇ ਝੰਬੇ ਫਲਸਤੀਨੀਆਂ ਕੋਲ ਸਿਰਫ ਮਜ਼੍ਹਬ ਬਚਿਆ ਹੈ।
ਅਗਾਂਹਵਧੂ ਮੁਸਲਿਮ ਮੁੱਲਾਂ ਦੀ ਤਬਾਹੀ ਦੀਆਂ ਅਜਿਹੀਆਂ ਜੁਗਤਾਂ ਕਿਵੇਂ ਕੰਮ ਕਰਦੀਆਂ ਹਨ, ਇਸ ਦੀ ਸਭ ਤੋਂ ਉਘੜਵੀਂ ਇਤਿਹਾਸਕ ਮਿਸਾਲ ਇੰਡੋਨੇਸ਼ੀਆ ਹੈ। 1950ਵਿਆਂ ਵਿਚ ਅਤੇ 60ਵਿਆਂ ਦੇ ਸ਼ੁਰੂ ਵਿਚ ਅਮਰੀਕਾ, ਆਸਟਰੇਲੀਆ ਅਤੇ ਆਮ ਰੂਪ ‘ਚ ਪੱਛਮ ਨੂੰ ਰਾਸ਼ਟਰਪਤੀ ਸੁਕਾਰਨੋ ਦੇ ਅਗਾਂਹਵਧੂ ਸਾਮਰਾਜਵਾਦ ਵਿਰੋਧੀ ਤੇ ਕੌਮਾਂਤਰੀਵਾਦੀ ਪੈਂਤੜੇ, ਅਤੇ ਕਮਿਊਨਿਸਟ ਪਾਰਟੀ ਦੀ ਵਧ ਰਹੀ ਹਰਮਨਪਿਆਰਤਾ, ਖ਼ਾਸ ਕਰ ਕੇ ਇਸਲਾਮ ਦੇ ਜਾਗਰੂਕ, ਸਮਾਜਵਾਦੀ ਅਤੇ ਨਰਮ-ਖਿਆਲ ਇੰਡੋਨੇਸ਼ੀਆ ਬਰਾਂਡ ਤੇ ਇਸ ਦੀ ਕਮਿਊਨਿਸਟ ਆਦਰਸ਼ਾਂ ਨਾਲ ਵਧ ਰਹੀ ਸਾਂਝ ਬਹੁਤ ਸਤਾ ਰਹੀ ਸੀ। ਫਿਰ ਬਦਨਾਮ ਜੈਜ਼ੂਇਟ ਜੋਪ ਬੀਕ ਸਮੇਤ ਕਮਿਊਨਿਸਟ ਵਿਰੋਧੀ ਈਸਾਈ ਸਿਧਾਂਤਕਾਰਾਂ ਅਤੇ ‘ਯੋਜਨਾਘਾੜਿਆਂ’ ਨੇ ਉਥੇ ਘੁਸ ਕੇ ਵਿਚਾਰਧਾਰਕ ਤੋਂ ਲੈ ਕੇ ਨੀਮ-ਫੌਜੀ ਖੁਫੀਆ ਸੰਸਥਾਵਾਂ ਬਣਾਈਆਂ। ਫਿਰ ਇਨ੍ਹਾਂ ਨੇ ਰਾਜ ਪਲਟੇ ਵਿਚ ਪੱਛਮ ਦਾ ਹੱਥ ਵਟਾ ਕੇ 1965 ਤੋਂ ਪਿਛੋਂ, 10 ਤੋਂ ਲੈ ਕੇ 30 ਲੱਖ ਮਨੁੱਖੀ ਜਾਨਾਂ ਲਈਆਂ। ਇਸ ਲਾਮ-ਲਸ਼ਕਰ ਵਲੋਂ ਪ੍ਰਚਾਰੇ ਪੱਛਮ ਦੇ ਘੜੇ ਕਮਿਊਨਿਸਟ ਅਤੇ ਬੌਧਿਕਤਾ ਵਿਰੋਧੀ ਪ੍ਰਚਾਰ ਦੇ ਜ਼ਹਿਰੀਲੇ ਪ੍ਰਭਾਵ ਹੇਠ ਵੱਡੀਆਂ ਵੱਡੀਆਂ ਮੁਸਲਿਮ ਜਥੇਬੰਦੀਆਂ ਦੇ ਬਹੁਤ ਸਾਰੇ ਮੈਂਬਰ ਵੀ ਰਾਜ ਪਲਟੇ ਤੋਂ ਪਿਛੋਂ ਖੱਬੇਪੱਖੀਆਂ ਦੀ ਕਤਲੋਗਾਰਤ ਵਿਚ ਜਾ ਸ਼ਾਮਲ ਹੋਏ। ਉਨ੍ਹਾਂ ਨੂੰ ਇਲਮ ਨਹੀਂ ਸੀ ਕਿ ਪੱਛਮ-ਹਿਤੈਸ਼ੀ, ਈਸਾਈ ‘ਪੰਜਵੇਂ ਕਾਲਮ’ ਦਾ ਮੁੱਖ ਨਿਸ਼ਾਨਾ ਨਿਰਾ ਕਮਿਊਨਿਜ਼ਮ ਨਹੀਂ, ਸਗੋਂ ਖੱਬੇਪੱਖੀ ਝੁਕਾਅ ਵਾਲਾ, ਨਰਮ-ਖਿਆਲ ਇਸਲਾਮ ਸੀ।
ਰਾਜ ਪਲਟੇ ਤੋਂ ਬਾਅਦ ਜੋਪ ਬੀਕ ਪੱਛਮ ਦੇ ਹੱਥਠੋਕੇ ਤਾਨਾਸ਼ਾਹ ਜਨਰਲ ਸੁਹਾਰਤੋ ਦਾ ਮੁੱਖ ਸਲਾਹਕਾਰ ਬਣਿਆ। ਵਿਚਾਰਧਾਰਕ ਤੌਰ ‘ਤੇ ਉਸ ਨੇ ਬੀਕ ਦੇ ‘ਵਿਦਿਆਰਥੀਆਂ’ ਉਪਰ ਟੇਕ ਰੱਖੀ। ਆਰਥਿਕ ਤੌਰ ‘ਤੇ ਸੁਹਾਰਤੋ ਨਿਜ਼ਾਮ ਨੇ ਵੱਡੇ ਈਸਾਈ ਸਰਮਾਏਦਾਰਾਂ ਨਾਲ ਸਾਂਝ ਪਾਈ। ਸਭ ਤੋਂ ਵੱਡੀ ਮੁਸਲਿਮ ਆਬਾਦੀ ਵਾਲੇ ਇੰਡੋਨੇਸ਼ੀਆ ਵਿਚ ਮੁਸਲਮਾਨ ਹਾਸ਼ੀਏ ‘ਤੇ ਧੱਕੇ ਗਏ। ਸਿਆਸਤ ਉਪਰ (ਲੁਕਵੇਂ ਤੌਰ ‘ਤੇ) ਅਤੇ ਆਰਥਿਕਤਾ ਉਪਰ (ਸ਼ੱਰੇਆਮ) ਪੱਛਮ ਦੀ ਹਾਮੀ ਈਸਾਈ ਘੱਟ-ਗਿਣਤੀ ਕਾਬਜ਼ ਹੋ ਗਈ। ਹੁਣ ਵੀ ਕਮਿਊਨਿਸਟ ਵਿਰੋਧੀ ਈਸਾਈਆਂ, ਵੱਡੇ ਸਰਮਾਏਦਾਰ ਕਾਰਟਲਾਂ, ਮਾਫੀਆ ਗਰੋਹਾਂ, ਮੀਡੀਆ, ਪ੍ਰਾਈਵੇਟ ਮਜ਼੍ਹਬੀ ਸਕੂਲਾਂ, ਭ੍ਰਿਸ਼ਟਾਚਾਰੀ ਧਰਮ ਪ੍ਰਚਾਰਕਾਂ ਅਤੇ ਮੁਕਾਮੀ ਤੇ ਆਲਮੀ ਨਿਜ਼ਾਮ ਦੇ ਹੋਰ ਭਾਈਵਾਲਾਂ ਦਾ ਜਟਿਲ ਤੇ ਜ਼ਹਿਰੀਲਾ ਤਾਣਾ-ਬਾਣਾ ਮੌਜੂਦ ਹੈ।
ਇੰਡੋਨੇਸ਼ੀਆ ਵਿਚ ਇਸਲਾਮ ਨੂੰ ਖਾਮੋਸ਼, ਗਰੀਬ ਅਤੇ ਰਸੂਖਹੀਣ ਬਹੁ-ਗਿਣਤੀ ਬਣਾ ਦਿੱਤਾ ਗਿਆ। ਇਹ ਹੁਣ ਉਦੋਂ ਹੀ ਕੌਮਾਂਤਰੀ ਸੁਰਖੀਆਂ ਬਣਦੀ ਹੈ ਜਦੋਂ ਇਸ ਦੇ ਮਾਯੂਸ ਚਿੱਟੇ ਚੋਗਿਆਂ ਵਾਲੇ ਖਾੜਕੂ ਬਾਰਾਂ ਤਬਾਹ ਕਰਦੇ ਹਨ, ਜਾਂ ਇਨ੍ਹਾਂ ਵਿਚੋਂ ਇੰਤਹਾਪਸੰਦ- ਸਾਬਕਾ ਮੁਜਾਹੀਦੀਨ ਅਤੇ ਸੋਵੀਅਤ-ਅਫਗਾਨ ਜੰਗ ਵਾਲੇ ਲੜਾਕੂ, ਬਾਲੀ ਤੇ ਜਕਾਰਤਾ ਦੇ ਨਾਈਟ ਕਲੱਬਾਂ, ਹੋਟਲਾਂ ਜਾਂ ਰੈਸਤਰਾਂ ਨੂੰ ਉਡਾ ਦਿੰਦੇ ਹਨ। ਇੰਡੋਨੇਸ਼ੀਆ ਦਾ ਸਾਬਕਾ ਰਾਸ਼ਟਰਪਤੀ ਅਬਦੁਲ ਰਹਿਮਾਨ ਵਾਹਿਦ ਤਾਂ ਇੱਥੋਂ ਤਕ ਕਹਿੰਦਾ ਹੈ ਕਿ ਇਹ ਦਰਅਸਲ ਆਪਣੀ ਹੋਂਦ ਤੇ ਆਪਣੇ ਬਜਟ ਦੀ ਵਾਜਬੀਅਤ ਬਣਾਈ ਰੱਖਣ ਅਤੇ ਪੱਛਮ ਨੂੰ ਖੁਸ਼ ਕਰਨ ਲਈ ਖੁਫੀਆ ਪੁਲਿਸ ਦੇ ਕਾਰੇ ਹਨ।
ਉਘੇ ਬੁੱਧੀਜੀਵੀ ਜ਼ਿਆ-ਉਦ-ਦੀਨ ਸਰਦਾਰ ਦੀ ਦਲੀਲ ਹੈ ਕਿ ਪੱਛਮੀ ਸਾਮਰਾਜਵਾਦ ਨੇ ਗਰਮ-ਖਿਆਲ ਗੁੱਟਾਂ ਨਾਲ ਗੱਠਜੋੜ ਹੀ ਨਹੀਂ ਬਣਾਏ, ਸਗੋਂ ਉਨ੍ਹਾਂ ਨੂੰ ਪੈਦਾ ਕੀਤਾ ਹੈ। ਬਸਤੀਵਾਦ ਦੀ ਭੂਮਿਕਾ ਮੁਸਲਿਮ ਕੌਮਾਂ ਅਤੇ ਸਭਿਆਚਾਰਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਕਿਤੇ ਜ਼ਿਆਦਾ ਹੈ। ਇਸ ਨੇ ਮੁਸਲਿਮ ਸੰਸਕ੍ਰਿਤੀਆਂ ਵਿਚੋਂ ਗਿਆਨ ਅਤੇ ਤਾਲੀਮ, ਸੋਚ ਅਤੇ ਰਚਨਾਤਮਕਤਾ ਦੇ ਦਮਨ ਵਿਚ ਵੱਡੀ ਭੂਮਿਕਾ ਨਿਭਾਈ ਹੈ। ਬਸਤੀਆਨਾ ਭੇੜ ਇਸਲਾਮ ਦੇ ਗਿਆਨ ਅਤੇ ਤਾਲੀਮ ਨੂੰ ਹੜੱਪਣ ਤੋਂ ਸ਼ੁਰੂ ਹੋਇਆ ਜੋ ‘ਯੂਰਪੀ ਗਿਆਨ ਚੇਤਨਾ’ ਦਾ ਆਧਾਰ ਬਣਿਆ ਅਤੇ ਇਸ ਦਾ ਅੰਤ ਮੁਸਲਿਮ ਸਮਾਜਾਂ ਤੇ ਇਤਿਹਾਸ, ਦੋਵਾਂ ਤੋਂ ਗਿਆਨ ਤੇ ਤਾਲੀਮ ਖੋਹ ਲੈਣ ਨਾਲ ਹੋਇਆ। ਇਸ ਨੇ ਤਾਲੀਮ ਦੀਆਂ ਸੰਸਥਾਵਾਂ ਨੂੰ ਤਬਾਹ ਕਰਨ, ਖਾਸ ਤਰ੍ਹਾਂ ਦੇ ਦੇਸੀ ਗਿਆਨ ‘ਤੇ ਪਾਬੰਦੀ ਲਾਉਣ, ਵਿਦਵਾਨਾਂ ਨੂੰ ਮਰਵਾਉਣ ਅਤੇ ਇਤਿਹਾਸ ਨੂੰ ਪੱਛਮੀ ਸਭਿਅਤਾ ਦੇ ਇਤਿਹਾਸ ਵਜੋਂ ਦੁਬਾਰਾ ਲਿਖਣ ਦੇ ਦੋਵੇਂ ਢੰਗ ਅਪਨਾਏ। ਇਸ ਨਾਲ ਹੋਰ ਤਹਿਜ਼ੀਬਾਂ ਦੇ ਸਾਰੇ ਹੀ ਨਿੱਕੇ-ਨਿੱਕੇ ਇਤਿਹਾਸ ਆਪਣਾ ਹਿੱਸਾ ਬਣਾ ਲਏ ਜਾਂਦੇ ਹਨ।
ਦੂਜੀ ਆਲਮੀ ਜੰਗ ਤੋਂ ਪਿਛੋਂ ਦੇ ਉਨ੍ਹਾਂ ਉਮੀਦ ਭਰੇ ਸਾਲਾਂ ਤੋਂ ਅਜੋਕੀ ਘੋਰ ਉਦਾਸੀ ਤਕ ਦਾ ਇਹ ਸਫਰ ਕਿੰਨਾ ਲੰਮਾ ਅਤੇ ਭਿਆਨਕ ਹੈ! ਅੱਜ ਜ਼ਖ਼ਮੀ, ਅਪਮਾਨਤ ਤੇ ਘਚੋਲੇ ਦਾ ਸ਼ਿਕਾਰ ਮੁਸਲਿਮ ਜਗਤ ਬਚਾਓ ਦੀ ਹਾਲਤ ‘ਚ ਨਜ਼ਰ ਆਉਂਦਾ ਹੈ। ਅਕਸਰ ਹੀ ਪੱਛਮੀ ਅਤੇ ਈਸਾਈ ਖਿਆਲਾਂ ਉਪਰ ਭਰੋਸਾ ਕਰਨ ਵਾਲੇ ਬਾਹਰਲੇ ਅਤੇ ਇਸ ਦੇ ਆਪਣੇ ਲੋਕ ਵੀ ਇਸ ਨੂੰ ਗ਼ਲਤ ਸਮਝਦੇ ਹਨ। ਇਸਲਾਮ ਦੀ ਇਤਨੀ ਧੂਹਪਾਊ- ਸਹਿਣਸ਼ੀਲ, ਇਲਮ, ਲੋਕ ਭਲਾਈ ਦੇ ਸਰੋਕਾਰਾਂ ਵਾਲੀ ਸੰਸਕ੍ਰਿਤੀ ਇੰਜ ਵੱਢੀ-ਟੁੱਕੀ ਤੇ ਤਬਾਹ ਕੀਤੀ ਗਈ ਕਿ ਪਿਛੇ ਸਿਰਫ ਮਜ਼੍ਹਬ ਹੀ ਬਚਿਆ। ਦੱਖਣੀ ਅਤੇ ਕੇਂਦਰੀ ਅਮਰੀਕਾ ਤੇ ਅਫਰੀਕਾ ਦੀਆਂ ਬਹੁਤ ਸਾਰੀਆਂ ਮਹਾਨ ਕੌਮਾਂ ਅਤੇ ਸਲਤਨਤਾਂ ਵਾਂਗ ਹੀ ਪੱਛਮੀ ਧਾੜਵੀ ਅਤੇ ਬਸਤੀਵਾਦੀਏ ਮਹਾਨ ਮੁਸਲਿਮ ਸੰਸਕ੍ਰਿਤੀਆਂ ਦਾ ਪੂਰੀ ਤਰ੍ਹਾਂ ਸਫਾਇਆ ਕਰਨ ‘ਚ ਵੀ ਕਾਮਯਾਬ ਹੋ ਗਏ। ਇਨ੍ਹਾਂ ਦੀ ਥਾਂ ਲੋਭ, ਭ੍ਰਿਸ਼ਟਾਚਾਰ ਅਤੇ ਵਹਿਸ਼ਤ ਥੋਪ ਦਿੱਤੇ ਗਏ। ਸਲਤਨਤ ਵਲੋਂ ਉਹ ਹਰ ਚੀਜ਼ ਮਿੱਟੀ ‘ਚ ਮਿਲਾਈ ਜਾ ਰਹੀ ਹੈ ਜੋ ਵੱਖਰੀਆਂ, ਗੈਰ-ਈਸਾਈ ਬੁਨਿਆਦਾਂ ‘ਤੇ ਆਧਾਰਤ ਹੈ। ਸਿਰਫ ਸਭ ਤੋਂ ਵੱਡੀਆਂ ਅਤੇ ਸਭ ਤੋਂ ਸਖ਼ਤ-ਜਾਨ ਸੰਸਕ੍ਰਿਤੀਆਂ ਹੀ ਬਚੀਆਂ ਹਨ।
ਚਾਹੇ ਇਰਾਨ, ਮਿਸਰ, ਇੰਡੋਨੇਸ਼ੀਆ ਹੋਵੇ, ਜਾਂ ਤਾਜ਼ਾ ਮਿਸਾਲ ਵਜੋਂ ਇਰਾਕ, ਲਿਬੀਆ ਜਾਂ ਸੀਰੀਆ; ਇਸਲਾਮ ਦੇ ਸਾਰ-ਤੱਤ ਵੱਲ ਮੁੜ ਪਰਤਣ, ਸਮਾਜਵਾਦੀ ਜਾਂ ਸਮਾਜੀ ਦਿਸ਼ਾ ਅਪਨਾ ਕੇ ਆਪਣੇ ਬਲਬੂਤੇ ਚੱਲਣ ਦਾ ਯਤਨ ਕਰਨ ਵਾਲੇ ਹਰ ਮੁਲਕ ਨੂੰ ਵਹਿਸ਼ੀ ਤਸੀਹਿਆਂ ਅਤੇ ਤਬਾਹੀ ਦਾ ਸ਼ਿਕਾਰ ਹੋਣਾ ਪੈਂਦਾ ਹੈ। ਲੋਕ ਰਜ਼ਾ ਬੇਕਿਰਕੀ ਨਾਲ ਕੁਚਲ ਦਿੱਤੀ ਜਾਂਦੀ ਹੈ ਅਤੇ ਜਮਹੂਰੀ ਤੌਰ ‘ਤੇ ਚੁਣੇ ਨਿਜ਼ਾਮਾਂ ਨੂੰ ਉਲਟਾ ਦਿੱਤਾ ਜਾਂਦਾ ਹੈ। ‘ਅਰਬ ਬਸੰਤ’ ਲੀਹੋਂ ਲਾਹ ਦਿੱਤੀ ਗਈ, ਮਿਸਰ ਤੋਂ ਲੈ ਕੇ ਬਹਿਰੀਨ ਤਕ ਲਗਭਗ ਹਰ ਥਾਂ ਹੀ ਇਸ ਦਾ ਗਰਭਪਾਤ ਕਰ ਦਿੱਤਾ ਗਿਆ ਅਤੇ ਪੁਰਾਣੇ ਨਿਜ਼ਾਮ ਤੇ ਫੌਜੀ ਗੁੱਟ ਮੁੜ ਸੱਤਾਨਸ਼ੀਨ ਹੋ ਗਏ। ਅੱਜ ਜ਼ਿਆਦਾਤਰ ਮੁਸਲਿਮ ਮੁਲਕਾਂ ਉਪਰ ਤਾਨਾਸ਼ਾਹ, ਫੌਜੀ ਜਾਂ ਭ੍ਰਿਸ਼ਟਾਚਾਰੀ ਜੁੰਡਲੀਆਂ ਕਾਬਜ਼ ਹਨ। ਇਹ ਸਾਰੇ ਪੱਛਮ ਅਤੇ ਇਸ ਦੇ ਆਲਮੀ ਨਿਜ਼ਾਮ ਤੇ ਹਿੱਤਾਂ ਦੇ ਤਾਬੇਦਾਰ ਹਨ।
ਅਫ਼ਰੀਕੀਆਂ ਵਾਂਗ ਹੀ, ਮੁਸਲਮਾਨ ਵੀ ਭਰਪੂਰ ਕੁਦਰਤੀ ਵਸੀਲਿਆਂ ਵਾਲੇ ਮੁਲਕਾਂ ਵਿਚ ਪੈਦਾ ਹੋਣ ਦਾ ਮੁੱਲ ਚੁਕਾ ਰਹੇ ਹਨ। ਇਤਿਹਾਸ ਦੀ ਮਹਾਨ ਤਹਿਜ਼ੀਬ ਹੋਣ ਕਾਰਨ ਚੀਨ ਤੇ ਮੁਸਲਿਮ ਮੁਲਕਾਂ ਨੂੰ ਵਹਿਸ਼ਤ ਦਾ ਸ਼ਿਕਾਰ ਹੋਣਾ ਪਿਆ ਜਿਸ ਦੇ ਜਲੌਅ ਅੱਗੇ ਪੱਛਮ ਦੀਆਂ ਕੁਲ ਸੰਸਕ੍ਰਿਤੀਆਂ ਮਾਤ ਪੈ ਜਾਂਦੀਆਂ ਸਨ।
ਈਸਾਈਅਤ ਦੁਨੀਆਂ ਦੀ ਲੁੱਟਮਾਰ ਅਤੇ ਵਹਿਸ਼ਤ ਦਾ ਸਾਧਨ ਹੈ। ਇਸਲਾਮ ਤੇ ਇਸ ਦੇ ਸਲਾਦੀਨ ਵਰਗੇ ਮਹਾਨ ਸੁਲਤਾਨਾਂ ਨੇ ਧਾੜਵੀ ਹਮਲਾਵਰਾਂ ਨਾਲ ਟੱਕਰ ਲਈ ਅਤੇ ਮਹਾਨ ਸ਼ਹਿਰਾਂ ਅਲੈਪੋ ਤੇ ਦਮਸ਼ਕ, ਕਾਹਿਰਾ ਤੇ ਯੋਰੋਸ਼ਲਮ ਦੀ ਰਾਖੀ ਕੀਤੀ ਪਰ ਸਮੁੱਚੇ ਤੌਰ ‘ਤੇ ਉਹ ਲੁੱਟਮਾਰ ਅਤੇ ਜੰਗਾਂ ਦੀ ਬਜਾਏ ਮਹਾਨ ਤਹਿਜ਼ੀਬ ਉਸਾਰਨ ‘ਚ ਵੱਧ ਰੁਚਿਤ ਸਨ।
ਹੁਣ ਪੱਛਮ ਵਿਚ ਸਲਾਦੀਨ ਜਾਂ ਮੁਸਲਿਮ ਜਗਤ ਦੀਆਂ ਮਹਾਨ ਵਿਗਿਆਨਕ, ਕਲਾਤਮਕ ਜਾਂ ਸਮਾਜੀ ਪ੍ਰਾਪਤੀਆਂ ਬਾਰੇ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ, ਪਰ ਹਰ ਕਿਸੇ ਨੂੰ ਆਈæ ਐਸ਼ ਆਈæ ਐਸ਼ ਬਾਰੇ ‘ਪੂਰੀ ਜਾਣਕਾਰੀ’ ਹੈ। ਇਸ ਨੂੰ ਮਹਿਜ਼ ‘ਇਸਲਾਮਿਕ ਇੰਤਹਾਪਸੰਦ ਗੁੱਟ’ ਵਜੋਂ ਜਾਣਿਆ ਜਾਂਦਾ ਹੈ; ਇਹ ਮੱਧ-ਪੂਰਬ ਨੂੰ ਅਸਥਿਰ ਬਣਾਉਣ ਲਈ ਵਰਤਿਆ ਜਾ ਰਿਹਾ ਪੱਛਮ ਦਾ ਮੁੱਖ ਸੰਦ ਹੈ, ਇਹ ਕੋਈ ਨਹੀਂ ਜਾਣਦਾ।
ਹੁਣ ਜਦੋਂ ਫਰਾਂਸ, ਮਜ਼ਾਹੀਆ ਰਸਾਲੇ ਸ਼ਾਰਲੀ ਐਬਦੋ ਦੇ ਦਫਤਰ ਉਪਰ ਭਿਆਨਕ ਹਮਲੇ ਵਿਚ ਪੱਤਰਕਾਰਾਂ ਦੀ ਮੌਤ ਦਾ ਸੋਗ ਮਨਾ ਰਿਹਾ ਹੈ, ਪੂਰੇ ਯੂਰਪ ਵਿਚ ਇਕ ਵਾਰ ਫਿਰ ਇਸਲਾਮ ਦੀ ਵਹਿਸ਼ੀ ਤੇ ਹਿੰਸਕ ਤਸਵੀਰ ਪੇਸ਼ ਕੀਤੀ ਜਾ ਰਹੀ ਹੈ। ਆਪਣੇ ਧਰਮ-ਯੁੱਧ ਪਿਛੋਂ ਦੇ ਦੌਰ ਦੇ ਈਸਾਈ ਮੂਲਵਾਦੀ ਮੱਤਾਂ ਕਾਰਨ ਪੱਛਮ, ਮੁਸਲਿਮ ਜਗਤ ਵਿਚ ਕੁਲ ਨਰਮ-ਮਿਜਾਜ਼, ਧਰਮ-ਨਿਰਪੱਖ ਅਤੇ ਅਗਾਂਹਵਧੂ ਨਿਜ਼ਾਮਾਂ ਅਤੇ ਪ੍ਰਬੰਧਾਂ ਦੇ ਜੋ ਰਾਜ ਪਲਟੇ ਅਤੇ ਕਤਲੋਗਾਰਤ ਕਰਵਾ ਰਿਹਾ ਹੈ, ਉਸ ਨੂੰ ਕੋਈ ਵਹਿਸ਼ੀ ਤੇ ਹਿੰਸਕ ਨਹੀਂ ਕਹਿੰਦਾ। ਮੁਸਲਿਮ ਆਵਾਮ ਨੂੰ ਪਾਗਲ ਜਨੂੰਨੀਆਂ ਦੇ ਰਹਿਮ-ਕਰਮ ‘ਤੇ ਛੱਡ ਦਿੱਤਾ ਗਿਆ ਹੈ।
ਬੀਤੇ ਪੰਜ ਦਹਾਕਿਆਂ ਵਿਚ, ਲਗਭਗ ਇਕ ਕਰੋੜ ਮੁਸਲਮਾਨਾਂ ਨੂੰ ਇਸ ਕਾਰਨ ਕਤਲ ਕੀਤਾ ਗਿਆ ਕਿਉਂਕਿ ਉਨ੍ਹਾਂ ਦੇ ਮੁਲਕ ਸਲਤਨਤ ਦੀ ਸੇਵਾ ਨਹੀਂ ਸੀ ਕਰਦੇ, ਜਾਂ ਇਸ ਦੇ ਰਾਹ ਵਿਚ ਅੜਿੱਕਾ ਸਨ। ਇੰਡੋਨੇਸ਼ੀਆ ਸਮੇਤ ਕਿੰਨੇ ਮੁਲਕਾਂ ਦੇ ਮੁਸਲਮਾਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ। ਪੱਛਮ ਨੇ ਇਥੇ ਸਭ ਤੋਂ ਖੌਫਨਾਕ ਦੈਂਤ ਲੱਭੇ, ਉਨ੍ਹਾਂ ਉਪਰ ਅਰਬਾਂ ਡਾਲਰ ਪਾਣੀ ਵਾਂਗ ਵਹਾਏ, ਹਥਿਆਰਾਂ ਨਾਲ ਲੈਸ ਕੀਤੇ, ਆਧੁਨਿਕ ਫੌਜੀ ਸਿਖਲਾਈ ਦਿੱਤੀ ਅਤੇ ਫਿਰ ਉਨ੍ਹਾਂ ਦੇ ਪਟੇ ਖੋਲ੍ਹ ਦਿੱਤੇ। ਦਹਿਸ਼ਤਵਾਦ ਪੈਦਾ ਕਰਨ ਵਾਲੇ ਮੁਲਕ, ਸਾਊਦੀ ਅਰਬ ਤੇ ਕਤਰ, ਪੱਛਮ ਦੇ ਸਭ ਤੋਂ ਨੇੜਲੇ ਸੰਗੀ ਹਨ। ਇਨ੍ਹਾਂ ਨੂੰ ਸਮੁੱਚੇ ਮੁਸਲਿਮ ਜਗਤ ਵਿਚ ਖੌਫ ਦਰਾਮਦ ਕਰਨ ਦੀ ਕੋਈ ਸਜ਼ਾ ਨਹੀਂ ਦਿੱਤੀ ਜਾ ਰਹੀ।
ਹਿਜ਼ਬੁੱਲਾ ਵਰਗੀਆਂ ਸਮਾਜੀ ਲਹਿਰਾਂ ਜੋ ਇਸ ਵਕਤ ਆਈæਐਸ਼ਆਈæਐਸ਼ ਖਿਲਾਫ ਘਮਸਾਣ ਦੀ ਲੜਾਈ ਲੜ ਰਹੀ ਹੈ ਅਤੇ ਜਿਸ ਨੇ ਇਜ਼ਰਾਇਲੀ ਹਮਲੇ ਵਿਰੁਧ ਆਪਣੀ ਲੜਾਈ ਵਿਚ ਲਿਬਨਾਨ ਨੂੰ ਵੀ ਉਭਾਰਨਾ ਚਾਹਿਆ, ਉਹ ਪੱਛਮ ਦੀ ਬਣਾਈ ‘ਦਹਿਸ਼ਤਪਸੰਦ ਜਥੇਬੰਦੀਆਂ ਦੀ ਸੂਚੀ’ ਵਿਚ ਹਨ। ਇਸ ਤੋਂ ਬਹੁਤ ਕੁਝ ਸਮਝ ਪੈ ਜਾਂਦਾ ਹੈ। ਪ੍ਰਤੀਤ ਇਹ ਹੁੰਦਾ ਹੈ ਕਿ ਧਰਮ-ਯੁੱਧ ਦੇ ਦੌਰ ਵਾਂਗ ਹੀ ਹੁਣ ਵੀ ਪੱਛਮ ਦਾ ਨਿਸ਼ਾਨਾ ਮੁਸਲਿਮ ਮੁਲਕਾਂ ਅਤੇ ਮੁਸਲਿਮ ਸੰਸਕ੍ਰਿਤੀ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦਾ ਹੈ।
ਜਿੱਥੋਂ ਤਾਈਂ ਮੁਸਲਮਾਨਾਂ ਦੇ ਮਜ਼੍ਹਬ ਦਾ ਸਵਾਲ ਹੈ, ਸਲਤਨਤ ਨੂੰ ਇਸ ਦੇ ਸਿਰਫ ਉਹ ਨਿਤਾਣੇ ਰੂਪ ਹੀ ਕਬੂਲ ਹਨ ਜਿਨ੍ਹਾਂ ਨੂੰ ਸਰਮਾਏਦਾਰੀ ਅਤੇ ਪੱਛਮ ਦੀ ਭਾਰੂ ਆਲਮੀ ਪੁਜੀਸ਼ਨ ਕਬੂਲ ਹੈ। ਜਾਂ ਫਿਰ ਇਸ ਨੂੰ ਉਹ ਇਸਲਾਮ ਕਬੂਲ ਹੈ ਜੋ ਪੱਛਮ ਨੇ ਖੁਦ ਅਤੇ ਖਾੜੀ ਅੰਦਰਲੇ ਇਸ ਦੇ ਸੰਗੀਆਂ ਨੇ ਘੜਿਆ ਹੈ; ਜਿਹੜਾ ਤਰੱਕੀ ਤੇ ਸਮਾਜੀ ਨਿਆਂ ਦਾ ਟਾਕਰਾ ਕਰਨ ਲਈ ਘੜਿਆ ਹੋਇਆ ਹੈ, ਜੋ ਆਪਣੇ ਹੀ ਲੋਕਾਂ ਨੂੰ ਨਿਗਲ ਰਿਹਾ ਹੈ।