ਜੱਜ ਸਿੰਘ
ਸਮਕਾਲੀ ਦੌਰ ਵਿਚ ਭਾਸ਼ਾ ਅਤੇ ਰੁਜ਼ਗਾਰ ਦਾ ਅਟੁੱਟ ਸਬੰਧ ਸਥਾਪਤ ਹੋਇਆ ਹੈ। ਗਲੋਬਲੀ ਪ੍ਰਸੰਗ ਵਿਚ ਵਿਕਾਸਸ਼ੀਲ ਅਤੇ ਪਛੜੇ ਦੇਸ਼ਾਂ ਵਿਚ ਜਿਸ ਤਰ੍ਹਾਂ ਦੇ ਆਰਥਿਕ, ਸਮਾਜਕ ਹਾਲਾਤ ਪੈਦਾ ਹੋਏ ਹਨ, ਉਨ੍ਹਾਂ ਹਾਲਾਤ ਨੇ ਦੇਸ਼ਾਂ ਦੀ ਸਥਾਨਕਤਾ ਨੂੰ ਵੱਖ-ਵੱਖ ਢੰਗਾਂ ਰਾਹੀਂ ਪ੍ਰਭਾਵਿਤ ਕੀਤਾ ਹੈ। ਇਸ ਕਰ ਕੇ ਸਥਾਨਕਤਾ ਦਾ ਆਪਣੀ ਮਾਤ-ਭਾਸ਼ਾ ਦੇ ਵਰਤਾਓ-ਵਤੀਰੇ ਵਿਚ ਬਦਲਾਅ ਆਇਆ ਹੈ।
ਭਾਸ਼ਾ ਨੂੰ ਮਹਿਜ਼ ਬੋਲਚਾਲ ਜਾਂ ਸਾਹਿਤਕ ਪੱਧਰ ਤੋਂ ਅਗਾਂਹ ਰੁਜ਼ਗਾਰ ਦੀ ਪ੍ਰਾਪਤੀ ਵਜੋਂ ਦੇਖਿਆ ਜਾਣ ਲੱਗਾ ਹੈ। ਆਰਥਿਕਤਾ ਦਾ ਤੱਥ ਮਨੁੱਖੀ ਜੀਵਨ ਨੂੰ ਹਮੇਸ਼ਾ ਪ੍ਰਭਾਵਿਤ ਕਰਦਾ ਹੈ। ਇਸ Ḕਤੇ ਆਧਾਰਤ ਹੀ ਬੰਦਾ ਆਪਣੇ ਸਮੂਹਿਕ ਦੁਆਲੇ ਪ੍ਰਤੀ ਵਿਹਾਰ ਕਰਦਾ ਹੈ।
ਤਕਨਾਲੋਜੀ ਨੇ ਮਨੁੱਖੀ ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਸੂਖਮ ਤੋਂ ਸੂਖਮ ਗਿਆਨ ਨੂੰ ਅੱਜ ਸੰਸਾਰ-ਵਿਆਪੀ ਰੂਪ ਦੇ ਦਿੱਤਾ ਹੈ। ਇਸ ਗਿਆਨ ਦੇ ਆਧਾਰ Ḕਤੇ ਹੀ ਮਨੁੱਖੀ ਜੀਵਨ ਵਿਚ ਅਨੇਕਾਂ ਨਵੇਂ ਖੇਤਰਾਂ ਨੇ ਹੋਂਦ ਧਾਰਨ ਕੀਤੀ ਹੈ। ਹੁਣ ਸੰਸਾਰੀ ਵਰਤਾਰੇ ਵਿਚ ਗਿਆਨ ਅਤੇ ਰੁਜ਼ਗਾਰ ਦੇ ਸਬੰਧ ਨੂੰ ਅੰਤਰ-ਸਬੰਧਤ ਮੰਨਿਆ ਜਾਣ ਲੱਗ ਪਿਆ ਹੈ। ਰੁਜ਼ਗਾਰ ਦਾ ਸਬੰਧ ਭਾਸ਼ਾਵਾਂ ਨਾਲ ਇਸ ਤਰ੍ਹਾਂ ਜੁੜ ਗਿਆ ਹੈ ਕਿ ਭਾਸ਼ਾਵਾਂ ਨੂੰ ਗਿਆਨ ਦੇ ਨਾਲ-ਨਾਲ ਰੁਜ਼ਗਾਰ ਵਜੋਂ ਵੀ ਸਥਾਪਤ ਹੋਣਾ ਪੈ ਰਿਹਾ ਹੈ। ਜੋ ਭਾਸ਼ਾਵਾਂ ਇਸ ਦਾਇਰੇ ਵਿਚ ਨਹੀਂ ਆਉਂਦੀਆਂ, ਉਨ੍ਹਾਂ ਦੇ ਭਵਿੱਖ Ḕਤੇ ਸੁਆਲੀਆ ਚਿੰਨ੍ਹ ਲੱਗੇ ਹਨ।
ਅਸਲ ਵਿਚ 1990ਵਿਆਂ ਤੋਂ ਪਹਿਲਾਂ ਭਾਸ਼ਾ ਅਤੇ ਰੁਜ਼ਗਾਰ ਦਾ ਕੋਈ ਸਿੱਧਾ ਸਬੰਧ ਸਥਾਪਤ ਨਹੀਂ ਸੀ ਪਰ ਵੀਹਵੀਂ ਸਦੀ ਦੇ ਆਖਰੀ ਦਹਾਕੇ ਵਿਚ, ਜਦੋਂ ਸੰਸਾਰੀਕਰਨ ਨੇ ਪੂਰੇ ਸੰਸਾਰ ਨੂੰ ਇੱਕ ਪਿੰਡ ਦੇ ਰੂਪ ਵਿਚ ਸਥਾਪਤ ਕੀਤਾ ਤਾਂ ਇਸ ਨਾਲ ਰੁਜ਼ਗਾਰ, ਗਿਆਨ-ਵਿਗਿਆਨ, ਤਕਨਾਲੋਜੀ ਦੇ ਸਾਰੇ ਖੇਤਰ ਪੂਰੇ ਸੰਸਾਰ ਵਿਚ ਇੱਕੋ ਰੂਪ ਵਿਚ ਪ੍ਰਚਲਿਤ ਹੋਏ ਹਨ। ਇਸ ਨਾਲ ਭਾਸ਼ਾ ਅਤੇ ਰੁਜ਼ਗਾਰ ਦਾ ਆਪਸੀ ਸਬੰਧ ਸਥਾਪਤ ਹੋਇਆ ਪਰ ਗਲੋਬਲੀ ਪ੍ਰਸੰਗ ਵਿਚ ਖੇਤਰੀ ਭਾਸ਼ਾਵਾਂ ਦੀ ਰੁਜ਼ਗਾਰ, ਗਿਆਨ-ਵਿਗਿਆਨ ਵਜੋਂ ਜੋ ਹਾਲਤ ਸਮਕਾਲ ਵਿਚ ਹੈ, ਉਹ ਇਨ੍ਹਾਂ ਖੇਤਰੀ ਭਾਸ਼ਾਵਾਂ ਦੇ ਭਵਿੱਖ ਨੂੰ ਅਸੁਰੱਖਿਅਤ ਕਰਦੀ ਹੈ। ਸੰਸਾਰ ਪੱਧਰ Ḕਤੇ ਅੰਗਰੇਜ਼ੀ ਭਾਸ਼ਾ ਨੂੰ ਰਾਜਨੀਤਕ ਪਨਾਹ ਮਿਲਣ ਕਰ ਕੇ ਉਸ ਦੀ ਗਿਆਨ Ḕਤੇ ਪ੍ਰਭੂਸੱਤਾ ਸਥਾਪਤ ਹੋਈ ਹੈ। ਦੂਜੇ ਪਾਸੇ ਖੇਤਰੀ ਭਾਸ਼ਾਵਾਂ ਨੂੰ ਇਸ ਤਰ੍ਹਾਂ ਦੀ ਰਾਜਨੀਤਕ ਸਰਪ੍ਰਸਤੀ ਨਾ ਮਿਲਣ ਕਰ ਕੇ ਇਹ ਖੇਤਰੀ ਪੱਧਰ Ḕਤੇ ਸੌੜੀ ਰਾਜਨੀਤੀ ਦਾ ਸ਼ਿਕਾਰ ਹੋਈਆਂ ਹਨ। ਭਾਸ਼ਾਵਾਂ ਦਾ ਰਾਜਨੀਤਕ ਏਜੰਡੇ ਵਿਚ ਸ਼ਾਮਲ ਹੋਣਾ, ਉਨ੍ਹਾਂ ਦੀ ਅਜੋਕੇ ਸਮੇਂ ਵਿਚ ਪ੍ਰਭੂਸੱਤਾ, ਗਿਆਨ ਅਤੇ ਰੁਜ਼ਗਾਰ ਨੂੰ ਨਿਰਧਾਰਤ ਕਰਦਾ ਹੈ। ਜਿਨ੍ਹਾਂ ਭਾਸ਼ਾਵਾਂ ਪ੍ਰਤੀ ਰਾਜਨੀਤਕ ਚੇਤਨਾ ਹੈ, ਉਹ ਸੰਸਾਰ ਪੱਧਰ Ḕਤੇ ਆਪਣੀ ਹੋਂਦ ਨੂੰ ਹੀ ਨਹੀਂ ਬਚਾਈ ਰੱਖ ਰਹੀਆਂ, ਬਲਕਿ ਰੁਜ਼ਗਾਰ ਦੇ ਖੇਤਰ ਇਨ੍ਹਾਂ ਭਾਸ਼ਾਵਾਂ ਵਿਚ ਮੁਹੱਈਆ ਹੋਣ ਕਾਰਨ ਇਨ੍ਹਾਂ ਭਾਸ਼ਾਵਾਂ ਦੀ ਸਮਰੱਥਾ ਸ਼ਕਤੀ ਅੰਗਰੇਜ਼ੀ ਭਾਸ਼ਾ ਦੇ ਐਨ ਬਰਾਬਰ ਸਥਾਪਤ ਹੋਈ ਹੈ। ਇਨ੍ਹਾਂ ਭਾਸ਼ਾਵਾਂ ਦਾ ਆਪਣੇ ਖੇਤਰ ਦੀ ਮੰਡੀ ਉਪਰ ਇੰਨਾ ਦਬਾਅ ਵਧਿਆ ਹੈ ਕਿ ਗਲੋਬਲੀ ਕੰਪਨੀਆਂ ਨੂੰ ਆਪਣਾ ਮਾਲ ਖਰੀਦਣ/ਵੇਚਣ ਲਈ ਇਨ੍ਹਾਂ ਭਾਸ਼ਾਵਾਂ ਨੂੰ ਨਾ ਚਾਹੁੰਦਿਆਂ ਵੀ ਅਪਨਾਉਣਾ ਪੈ ਰਿਹਾ ਹੈ। ਇਸ ਪ੍ਰਸੰਗ ਵਿਚ ਚੀਨੀ, ਜਪਾਨੀ, ਜਰਮਨ ਆਦਿ ਭਾਸ਼ਾਵਾਂ ਨੂੰ ਦੇਖਿਆ ਜਾ ਸਕਦਾ ਹੈ ਜਿਨ੍ਹਾਂ ਨੇ ਆਪਣੀ ਤਕਨਾਲੋਜੀ, ਗਿਆਨ-ਵਿਗਿਆਨ ਅਤੇ ਰੁਜ਼ਗਾਰ ਵਜੋਂ ਸੰਸਾਰ ਮੰਡੀ ਵਿਚ ਆਪਣੀਆਂ ਭਾਸ਼ਾਵਾਂ ਨੂੰ ਸਥਾਪਤ ਕੀਤਾ ਹੈ। ਇਸੇ ਪ੍ਰਸੰਗ ਵਿਚ ਜਦੋਂ ਦੂਜੀਆਂ ਖੇਤਰੀ ਭਾਸ਼ਾਵਾਂ ਨੂੰ (ਵਿਕਾਸਸ਼ੀਲ ਤੇ ਪਛੜੇ ਦੇਸ਼ਾਂ) ਵਿਚਾਰਿਆ ਜਾਂਦਾ ਹੈ ਤਾਂ ਉਨ੍ਹਾਂ ਆਪਣੀ ਖੇਤਰੀ ਮੰਡੀ ਉਪਰ ਅੰਗਰੇਜ਼ੀ ਦਾ ਪ੍ਰਭਾਵ ਕਬੂਲਿਆ ਹੈ। ਇਨ੍ਹਾਂ ਭਾਸ਼ਾਵਾਂ ਨੂੰ ਮਜ਼ਬੂਤ ਰਾਜਨੀਤਕ ਸਰਪ੍ਰਸਤੀ ਪ੍ਰਾਪਤ ਹੋਣ ਕਰ ਕੇ ਗਲੋਬਲੀ ਮੰਡੀ ਨੇ ਆਪਣੇ ਪੰਜੇ ਵਿਚ ਜਕੜਿਆ ਹੋਇਆ ਹੈ। ਖੇਤਰ ਉਤੇ ਗਲੋਬਲੀ ਵਰਤਾਰੇ ਦੇ ਇਸ ਪ੍ਰਭਾਵ ਕਾਰਨ ਰੁਜ਼ਗਾਰ ਦੇ ਜੋ ਮੌਕੇ ਮੁਹੱਈਆ ਕਰਵਾਏ ਗਏ ਹਨ, ਉਨ੍ਹਾਂ ਦੀ ਲਾਲਸਾ ਹਿੱਤ ਸਿੱਖਿਆ ਪ੍ਰਬੰਧ ਦਾ ਅਖੌਤੀ ਨਵੀਨੀਕਰਨ ਦੇ ਨਾਮ ਹੇਠ ਅੰਗਰੇਜ਼ੀਕਰਨ ਹੋ ਰਿਹਾ ਹੈ। ਇਹ ਵਰਤਾਰਾ ਸਿੱਖਿਆ ਤੋਂ ਲੈ ਕੇ, ਰੁਜ਼ਗਾਰ ਤੱਕ ਦੂਜੇ ਸਥਾਨ Ḕਤੇ ਰੱਖਦਾ ਹੈ। ਅੰਗਰੇਜ਼ੀ ਭਾਸ਼ਾ ਨੂੰ ਰੁਜ਼ਗਾਰ ਦੀ ਭਾਸ਼ਾ ਵਜੋਂ ਸਥਾਪਤ ਕਰ ਕੇ ਸਥਾਨਕਤਾ ਨੂੰ ਇਹ ਭੁਲੇਖਾ ਪਾਇਆ ਗਿਆ ਹੈ ਕਿ ਖੇਤਰੀ ਜਾਂ ਸਥਾਨਕ ਭਾਸ਼ਾਵਾਂ ਉਨ੍ਹਾਂ ਨੂੰ ਰੁਜ਼ਗਾਰ ਦੇਣ ਦੇ ਸਮਰੱਥ ਨਹੀਂ ਹਨ।
ਸਰਮਾਏਦਾਰੀ ਪ੍ਰਬੰਧ ਨੇ ਅੰਗਰੇਜ਼ੀ ਭਾਸ਼ਾ ਨੂੰ ਗਿਆਨ ਵਿਗਿਆਨ ਅਤੇ ਰੁਜ਼ਗਾਰ ਦਾ ਸ਼ਕਤੀਸ਼ਾਲੀ ਮਾਧਿਅਮ ਬਣਾ ਕੇ, ਭਾਰਤੀ/ਪੰਜਾਬੀ ਮਨੁੱਖ ਅੰਦਰ ਇਹ ਲਾਲਸਾ ਪੈਦਾ ਕਰ ਦਿੱਤੀ ਹੈ ਕਿ ਜੇ ਭਵਿੱਖ ਵਿਚ ਰੁਜ਼ਗਾਰ ਪ੍ਰਾਪਤ ਕਰਨਾ ਹੈ, ਤਾਂ ਉਹ ਅੰਗਰੇਜ਼ੀ ਰਾਹੀਂ ਹੀ ਸੰਭਵ ਹੋ ਸਕਦਾ ਹੈ। ਇਸੇ ਕਰ ਕੇ ਅੱਜ ਪੰਜਾਬੀ ਰੁਜ਼ਗਾਰ ਦੀ ਭਾਸ਼ਾ ਵਜੋਂ ਆਪਣਾ ਤਰਜੀਹੀ ਮਹੱਤਵ ਗੁਆ ਕੇ, ਦੂਜੇ ਸਥਾਨ Ḕਤੇ ਪਹੁੰਚ ਗਈ ਹੈ।
ਭਾਸ਼ਾ ਦਾ ਸਮਾਜੀ ਆਰਥਿਕ ਵਿਵਸਥਾ ਵਿਚ ਵਿਸ਼ੇਸ਼ ਰੋਲ ਹੁੰਦਾ ਹੈ। ਆਰਥਿਕ ਵਿਵਸਥਾ ਵਿਚ ਆਪਣੀ ਭੂਮਿਕਾ ਤੋਂ ਵਿਹੂਣੀ ਭਾਸ਼ਾ, ਆਰਥਿਕ ਪੱਧਰ Ḕਤੇ ਵਿਕਸਿਤ ਨਹੀਂ ਬਣ ਸਕਦੀ। ਪਾਕਿਸਤਾਨ ਵਿਚ ਲਗਪਗ 8 ਕਰੋੜ ਤੋਂ ਉਪਰ ਲੋਕ ਪੰਜਾਬੀ ਬੋਲਦੇ ਹਨ, ਪਰ ਉਥੇ ਪੰਜਾਬੀ ਸਿਰਫ ਬੋਲੀ ਜਾਂਦੀ ਹੈ, ਹੋਰ ਕਿਸੇ ਸਮਾਜਕ ਆਰਥਿਕ ਵਿਵਸਥਾ ਵਿਚ ਆਪਣੀ ਭੂਮਿਕਾ ਨਹੀਂ ਨਿਭਾ ਰਹੀ। ਇਸ ਕਰ ਕੇ ਭਾਰਤੀ ਪੰਜਾਬ ਦੀ ਪੰਜਾਬੀ, ਪਾਕਿਸਤਾਨੀ ਪੰਜਾਬ ਦੀ ਪੰਜਾਬੀ ਨਾਲੋਂ ਕਿਤੇ ਅਗਾਂਹ ਤੇ ਵਿਕਸਿਤ ਭਾਸ਼ਾ ਹੈ ਕਿਉਂਕਿ ਭਾਰਤੀ ਪੰਜਾਬ ਵਿਚ ਤ੍ਰਿਸਕਾਰੇ ਜਾਣ ਦੇ ਬਾਵਜੂਦ ਵਿਵਸਥਾ ਵਿਚ ਆਪਣੀ ਭੂਮਿਕਾ ਅਦਾ ਕਰ ਰਹੀ ਹੈ। ਇਸ ਗੱਲ ਵਿਚ ਕੁਦਰਤੀ ਸੱਚਾਈ ਹੈ ਕਿ ਭਾਸ਼ਾ ਭਾਵੇਂ ਕਿੰਨੇ ਵੀ ਵੱਡੇ ਭਾਸ਼ਾਈ ਸਮੂਹ ਦੇ ਆਪਸੀ ਸੰਚਾਰ ਦਾ ਮਾਧਿਅਮ ਹੋਏ ਪਰ ਜੇ ਉਹ ਸਮਕਾਲੀ ਦੌਰ ਵਿਚ ਰੁਜ਼ਗਾਰ ਦੀ ਭਾਸ਼ਾ ਵਜੋਂ ਸਥਾਪਤ ਨਹੀਂ ਹੁੰਦੀ ਤਾਂ ਉਸ ਭਾਸ਼ਾ ਦਾ ਭਵਿੱਖ ਸੁਰੱਖਿਅਤ ਨਹੀਂ ਹੋ ਸਕਦਾ।
ਜੇ ਸਮਕਾਲ ਵਿਚ ਪੰਜਾਬੀ ਭਾਸ਼ਾ ਦੀ ਰੁਜ਼ਗਾਰ ਵਜੋਂ ਸਥਿਤੀ ਨੂੰ ਦੇਖਿਆ ਜਾਵੇ ਤਾਂ ਇਸ ਦੀ ਸਥਿਤੀ ਜ਼ਿਆਦਾ ਸੰਤੋਖਜਨਕ ਨਹੀਂ ਹੈ। ਸਿੱਖਿਆ ਦੇ ਖੇਤਰ ਵਿਚ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਿੱਤਾਕਾਰੀ ਸਿੱਖਿਆ ਨੂੰ ਲੋੜ ਮੁਤਾਬਕ ਹੁਲਾਰਾ ਨਹੀਂ ਦਿੱਤਾ ਜਾ ਰਿਹਾ। ਸਮੇਂ ਦੀ ਲੋੜ ਮੁਤਾਬਕ ਨਵੇਂ ਕਿੱਤਿਆਂ ਦੀ ਸਥਾਪਨਾ ਅਤੇ ਉਨ੍ਹਾਂ ਦੀ ਸਿਖਲਾਈ ਲਈ, ਸਿੱਖਿਆ ਅਦਾਰਿਆਂ ਦੀ ਵੱਡੇ ਪੱਧਰ ਉਤੇ ਕਮੀ ਹੈ। ਅਦਾਰਿਆਂ ਦੀ ਕਮੀ ਨਾਲ ਮਾਤ-ਭਾਸ਼ਾ ਵਿਚ ਇਨ੍ਹਾਂ ਕਿੱਤਿਆਂ ਦੀ ਸਿਖਲਾਈ ਵੀ ਉਪਲਬਧ ਨਹੀਂ ਹੈ। ਵਿਗਿਆਨਕ ਅਤੇ ਸਮਾਜਕ ਖੋਜਾਂ ਦੇ ਸਬੰਧ ਵਿਚ ਵੀ ਅਜਿਹੀ ਹੀ ਹਾਲਤ ਹੈ।
ਉਚ ਸਿੱਖਿਆ, ਕੁਦਰਤੀ ਵਿਗਿਆਨ, ਕਾਨੂੰਨ, ਤਕਨਾਲੋਜੀ, ਆਰਥਿਕ ਅਤੇ ਰਾਜਨੀਤਕ ਅਨੁਸ਼ਾਸਨਾਂ ਦੀ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਭਾਸ਼ਾ ਹੈ। ਇਨ੍ਹਾਂ ਖੇਤਰਾਂ ਦੇ ਵਿਦਿਆਰਥੀ ਵਧੇਰੇ ਕਰ ਕੇ ਬੈਂਕਿੰਗ ਕੰਪਿਊਟਰਾਈਜ਼ਡ ਮਾਰਕੀਟਿੰਗ ਆਦਿ ਅਦਾਰਿਆਂ ਵਿਚ ਨਿਯੁਕਤ ਹੁੰਦੇ ਹਨ ਪਰ ਇਨ੍ਹਾਂ ਦੀ ਨਿਯੁਕਤੀ ਸਮੇਂ ਇਨ੍ਹਾਂ ਦੇ ਗਿਆਨ ਅਤੇ ਹੁਨਰ ਦੇ ਨਾਲ-ਨਾਲ ਇਨ੍ਹਾਂ ਦੀ ਸਿੱਖਿਆ ਅਤੇ ਸਿੱਖਿਆ ਮਾਧਿਅਮ ਨੂੰ ਵਿਸ਼ੇਸ਼ ਧਿਆਨ ਵਿਚ ਰੱਖਿਆ ਜਾਂਦਾ ਹੈ। ਜ਼ਿਆਦਾਤਰ ਅੰਗਰੇਜ਼ੀ ਭਾਸ਼ਾ ਵਿਚ ਮੁਹਾਰਤ ਪ੍ਰਾਪਤ ਵਿਦਿਆਰਥੀਆਂ ਨੂੰ ਤਵੱਜੋ ਦਿੱਤੀ ਜਾਂਦੀ ਹੈ। ਖੇਤਰੀ ਭਾਸ਼ਾ ਵਿਚ ਸਿੱਖਿਅਕ ਅਤੇ ਹੁਨਰਮੰਦ ਵਿਦਿਆਰਥੀਆਂ ਨੂੰ ਇਨ੍ਹਾਂ ਅਦਾਰਿਆਂ ਵਿਚ ਨਿਮਨ ਅਹੁਦਿਆਂ ਉਪਰ ਹੀ ਨਿਯੁਕਤ ਕੀਤਾ ਜਾਂਦਾ ਹੈ। ਅਦਾਲਤੀ ਖੇਤਰਾਂ ਵਿਚ, ਅਦਾਲਤਾਂ ਦੀ ਬਹੁਤੀ ਕਾਰਵਾਈ ਦਾ ਲਿਖਤੀ ਅਤੇ ਮੌਖਿਕ ਭਾਸ਼ਾ ਦਾ ਮਾਧਿਅਮ ਅੰਗਰੇਜ਼ੀ ਹੈ। ਕਲਰਕ, ਸਟੈਨੋ, ਟਰਾਂਸਲੇਟਰ, ਜੱਜਮੈਂਟ-ਰਾਈਟਰ ਆਦਿ ਇਹ ਸਾਰੀਆਂ ਪਦਵੀਆਂ ਅੰਗਰੇਜ਼ੀ ਮਾਧਿਅਮ ਆਧਾਰਤ ਹਨ। ਇਹ ਅਧਿਕਾਰੀ ਅਦਾਲਤੀ ਕਾਰਵਾਈ, ਹੁਕਮਾਂ, ਨੀਤੀਆਂ, ਫੈਸਲੇ ਅੰਗਰੇਜ਼ੀ ਮਾਧਿਅਮ ਵਿਚ ਹੀ ਲੈਂਦੇ/ਦਿੰਦੇ ਹਨ। ਹਾਲਾਂਕਿ ਜੇ ਸਮੁੱਚੀ ਅਦਾਲਤੀ ਕਾਰਵਾਈ ਨੂੰ ਖੇਤਰੀ ਭਾਸ਼ਾ ਵਿਚ ਅਨੁਵਾਦ ਕੀਤਾ ਜਾਵੇ ਤਾਂ ਇਹ ਸਮੁੱਚਾ ਕਾਰ-ਵਿਹਾਰ ਪੰਜਾਬੀ ਵਿਚ ਹੋ ਸਕਦਾ ਹੈ ਅਤੇ ਅਦਾਲਤੀ ਖੇਤਰ ਦੀਆਂ ਪਦਵੀਆਂ ਵੀ ਪੰਜਾਬੀ ਮਾਧਿਅਮ ਆਧਾਰਤ ਹੋ ਸਕਦੀਆਂ ਹਨ ਪਰ ਸਰਕਾਰਾਂ ਦੀ ਭਾਸ਼ਾ ਪ੍ਰਤੀ ਲਾਪ੍ਰਵਾਹੀ ਅਤੇ ਪੰਜਾਬੀ ਵਿਦਵਾਨਾਂ ਦੀ ਬੇਰੁਖ਼ੀ ਕਰ ਕੇ ਅੱਜ ਵੀ ਪੰਜਾਬੀ ਨੂੰ ਸਮੇਂ ਦੀ ਹਾਣੀ ਨਹੀਂ ਬਣਾਇਆ ਗਿਆ।
ਸਮੇਂ ਦੇ ਜਿਸ ਦੌਰ ਵਿਚੋਂ ਅਸੀਂ ਲੰਘ ਰਹੇ ਹਾਂ, ਇਹ ਮੰਗ ਕਰਦਾ ਹੈ ਕਿ ਸਰਕਾਰਾਂ, ਪੰਜਾਬੀ ਵਿਦਵਾਨ ਅਤੇ ਭਾਸ਼ਾ ਹਿਤੈਸ਼ੀ ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣ ਵਜੋਂ ਅੱਗੇ ਆਉਣ। ਵਿਭਿੰਨ ਅਨੁਸ਼ਾਸਨਾਂ ਵਿਚਲੀ ਸਮੱਗਰੀ ਨੂੰ ਪੰਜਾਬੀ ਵਿਚ ਅਨੁਵਾਦ ਕਰ ਕੇ ਪੰਜਾਬੀ ਗਿਆਨ ਦਾ ਹਿੱਸਾ ਬਣਾਇਆ ਜਾਵੇ ਕਿਉਂਕਿ ਭਾਸ਼ਾ ਵਿਚਲਾ ਗਿਆਨ ਤੇ ਰੁਜ਼ਗਾਰ ਅੰਤਰ ਸਬੰਧਤ ਮਸਲੇ ਹਨ। ਦੂਜਾ, ਭਾਸ਼ਾ ਨੂੰ ਮਜ਼ਬੂਤ ਰਾਜਨੀਤਕ ਸਰਪ੍ਰਸਤੀ ਹੇਠ ਲਿਆਂਦਾ ਜਾਵੇ। ਅੱਜ ਜੇ ਜਪਾਨ, ਚੀਨ, ਜਰਮਨੀ, ਕੋਰੀਆ ਦੇਸ਼ਾਂ ਦੀਆਂ ਭਾਸ਼ਾਵਾਂ ਨੇ ਤਰੱਕੀ ਕੀਤੀ ਹੈ ਤਾਂ ਉਨ੍ਹਾਂ ਦੀ ਤਰੱਕੀ ਵਿਚ ਭਾਸ਼ਾ ਨੂੰ ਰਾਜਨੀਤਕ ਸਰਪ੍ਰਸਤੀ ਵਿਸ਼ੇਸ਼ ਤੱਥ ਰਿਹਾ ਹੈ। ਭਾਸ਼ਾ ਦੇ ਗਿਆਨ ਅਤੇ ਰੁਜ਼ਗਾਰ ਦੇ ਮਸਲੇ ਨੂੰ ਰਾਜਨੀਤੀ ਪ੍ਰਭਾਵਿਤ ਕਰਦੀ ਹੈ।