ਦਲਜੀਤ ਅਮੀ
ਫੋਨ: 91-97811-21873
ਨੌਜਵਾਨ ਮੁੰਡੇ ਕੁੜੀਆਂ ਵਲੋਂ ਇੱਕ-ਦੂਜੇ ਨਾਲ ਰਹਿਣ ਦਾ ਫੈਸਲਾ ਮਾਪਿਆਂ ਨੂੰ ਇਸ ਹੱਦ ਤੱਕ ਨਾ-ਖੁਸ਼ਗਬਾਰ ਗੁਜ਼ਰਦਾ ਹੈ ਕਿ ਹੱਥੀਂ ਪਾਲੇ ਪੁੱਤਾਂ-ਧੀਆਂ ਨੂੰ ਕਤਲ ਕੀਤਾ ਜਾਂ ਕਰਵਾਇਆ ਜਾਂਦਾ ਹੈ। ਕਤਲ ਤੋਂ ਪਹਿਲਾਂ ਦਾ ਵਿਹਾਰ ਖਬਰ ਦਾ ਰੁਤਬਾ ਹਾਸਲ ਨਹੀਂ ਕਰਦਾ। ਕਤਲ ਤੋਂ ਪਹਿਲਾਂ ਦਾ ਵਿਹਾਰ ਨਿਜੀ ਜਾਂ ਪਰਿਵਾਰ ਦੇ ਘੇਰੇ ਵਿਚ ਰਹਿੰਦਾ ਹੈ।
ਇਨ੍ਹਾਂ ਕਤਲਾਂ ਲਈ ਕਸੂਰਵਾਰ ਧਿਰ ਨਾਲ ਹਮਦਰਦੀ ਹਰ ਤਬਕੇ ਅਤੇ ਅਦਾਰੇ ਵਿਚ ਮਿਲ ਜਾਂਦੀ ਹੈ। ਨਤੀਜੇ ਵਜੋਂ ਕਾਤਲ ਨਮੋਸ਼ੀ ਅਤੇ ਸਜ਼ਾ ਤੋਂ ਬਚ ਜਾਂਦਾ ਹੈ ਅਤੇ ਸਮਾਜਕ ਰਹਿਤ ਦੇ ਰਾਖੇ ਵਜੋਂ ਵਡਿਆਇਆ ਜਾਂਦਾ ਹੈ। ਕਾਤਲ ਨੂੰ ਪੀੜਤ ਵਜੋਂ ਵੇਖਿਆ ਜਾਂਦਾ ਹੈ ਕਿਉਂ ਜੋ ਉਸ ਨੂੰ Ḕਮਜਬੂਰੀਵਸ ਜਿਗਰ ਦੇ ਟੁਕੜਿਆਂ ਖਿਲਾਫḔ ਇਹ ਕਾਰਵਾਈ ਕਰਨੀ ਪਈ ਹੈ। ਮੌਜੂਦਾ ਦੌਰ ਵਿਚ ਇਸ ਰੁਝਾਨ ਦੇ ਪੱਖ ਵਿਚ ਬੌਧਿਕ ਦਲੀਲ ਕਮਜ਼ੋਰ ਜਾਪਦੀ ਹੈ ਪਰ ਇਸ ਦੀ ਮੂੰਹ-ਜ਼ੋਰੀ ਹਰ ਤਬਕੇ ਦੇ ਵਿਹਾਰ ਵਿਚ ਝਲਕਦੀ ਰਹਿੰਦੀ ਹੈ। ਬੌਧਿਕ ਤਬਕੇ ਵਿਚ Ḕਕਾਨੂੰਨੀ ਘੇਰੇ’ ਦਾ ਚੋਖਾ ਲਿਹਾਜ ਰੱਖਿਆ ਜਾਂਦਾ ਹੈ। ਚਰਚਾ ਦਾ ਵਿਸ਼ਾ ਕਾਨੂੰਨ ਦੇ ਘੇਰੇ ਵਿਚ ਆਉਂਦੇ ਕਤਲ ਤੱਕ ਮਹਿਦੂਦ ਰਹਿੰਦਾ ਹੈ। ਇਨ੍ਹਾਂ ਕਤਲਾਂ ਬਾਬਤ ਕਾਨੂੰਨੀ ਦਲੀਲ Ḕਆਤਮ ਰੱਖਿਆ ਲਈ ਕੀਤੇ ਕਤਲਾਂḔ ਦੇ ਘੇਰੇ ਵਿਚ ਨਹੀਂ ਆਉਂਦੀ ਪਰ ਸਮਾਜਕ ਦਲੀਲ ਵਿਚ ਇਨ੍ਹਾਂ ਨੂੰ Ḕਆਤਮ ਰੱਖਿਆ ਲਈ ਕੀਤੇ ਕਤਲਾਂḔ ਦੀ ਥਾਂ ਮਿਲਦੀ ਹੈ।
ਸੁਆਲ ਇਹੋ ਹੈ ਕਿ Ḕਆਤਮ ਰੱਖਿਆḔ ਦਾ ਕਿਹੜਾ ਪੱਖ ਹੈ ਜੋ ਇੰਨਾ ਮੂੰਹ-ਜ਼ੋਰ ਹੈ? ਬੰਦੇ ਦੀ ਸਮਾਜਕ ਰੱਖਿਆ (ਅਣਖ) ਨੂੰ ਦੋ ਜੀਆਂ ਦੇ ਮੇਲ ਤੋਂ ਕੀ ਖਤਰਾ ਹੈ? ਇਸ ਅਣਖ ਦਾ ਸਭਿਆਚਾਰ ਨਾਲ ਕੀ ਰਿਸ਼ਤਾ ਹੈ? ਆਮ ਤੌਰ ਉਤੇ ਅਜਿਹੇ ਵਿਆਹਾਂ ਨੂੰ ਸਮਾਜਕ ਰਹਿਤ ਦੇ ਖਿਲਾਫ ਮੰਨਿਆ ਜਾਂਦਾ ਹੈ। ਇਹ ਸੁਆਲ ਸਮਾਜਕ ਰਹਿਤ ਦੇ ਘੇਰੇ ਵਿਚ ਆਉਂਦਾ ਹੈ ਕਿ ਕਿਸ ਦਾ ਵਿਆਹ ਕਿਸ ਨਾਲ ਹੋ ਸਕਦਾ ਹੈ ਅਤੇ ਕਿਸ ਦਾ ਵਿਆਹ ਕਿਸ ਨਾਲ ਨਹੀਂ ਹੋ ਸਕਦਾ। ਇਸ ਮਾਮਲੇ ਵਿਚ ਗੋਤ, ਜਾਤ, ਧਰਮ, ਸ਼ਰੀਕੇ ਅਤੇ ਬਰਾਦਰੀ ਦੀਆਂ ਹੱਦਾਂ ਹਨ ਜੋ ਮੌਕੇ ਅਤੇ ਬੰਦੇ ਮੁਤਾਬਕ ਸੌੜੀਆਂ ਜਾਂ ਮੋਕਲੀਆਂ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਹੱਦਾਂ ਦੀ ਮਜ਼ਬੂਤੀ ਦੀਆਂ ਮਿਸਾਲਾਂ ਜੇ ਕਤਲ ਹਨ ਤਾਂ ਇਨ੍ਹਾਂ ਦੇ ਬੇਮਾਅਨਾ ਹੋਣ ਦਾ ਸਬੂਤ ਅਖਬਾਰਾਂ ਵਿਚ ਛਪਦੇ ਵਿਆਹਾਂ ਦੇ ਇਸ਼ਤਿਹਾਰ ਹਨ। ਇਨ੍ਹਾਂ ਇਸ਼ਤਿਹਾਰਾਂ ਵਿਚ ਆਮ ਤੌਰ ਉਤੇ ਧਰਮ, ਜਾਤ ਅਤੇ ਗੋਤ ਦੀ ਪਛਾਣ ਉਘੜਵੇਂ ਤੌਰ ਉਤੇ ਦੱਸੀ ਜਾਂਦੀ ਹੈ। ਵੱਡੀ ਗਿਣਤੀ ਵਿਚ ਇਸ਼ਤਿਹਾਰ ਹੁੰਦੇ ਹਨ ਜਿਨ੍ਹਾਂ ਵਿਚ ਧਰਮ, ਜਾਤ ਅਤੇ ਗੋਤ ਦੀ ਥਾਂ ਨਵੀਂ ਸ਼ਰਤ ਹੁੰਦੀ ਹੈ। Ḕਅੰਗਰੇਜ਼ੀ ਦੇ ਇਮਤਿਹਾਨ ਪਾਸ ਕਰḔ ਚੁੱਕੀਆਂ ਕੁੜੀਆਂ ਲਈ ਮੁੰਡੇ ਵਾਲੇ ਵਿਆਹ ਅਤੇ ਵਿਦੇਸ਼ ਜਾਣ ਦਾ ਖਰਚ ਚੁੱਕਣ ਲਈ ਤਿਆਰ ਹਨ। ਮੁੰਡੇ ਦੇ ਇਸ਼ਤਿਹਾਰ ਨਾਲ ਸ਼ਰਤ ਲੱਗਦੀ ਹੈ ਕਿ ਕੁੜੀ ਵਾਲਿਆਂ ਦੀ ਰਿਸ਼ਤੇਦਾਰੀ ਵਿਚੋਂ ਕੋਈ ਮੁੰਡਾ ਇਸ਼ਤਿਹਾਰ ਵਾਲਿਆਂ ਦੀ ਕੁੜੀ ਨੂੰ ਵਿਆਹ ਕਰਵਾ ਕੇ ਕਿਸੇ ਦੂਜੇ ਮੁਲਕ ਲੈ ਕੇ ਜਾਵੇ। ਇਨ੍ਹਾਂ ਤੋਂ ਬਿਨਾਂ ਕੱਚੇ, ਠੇਕੇ ਅਤੇ ਅੱਟੇ-ਸੱਟੇ ਦੇ ਵਿਆਹਾਂ ਦੇ ਇਸ਼ਤਿਹਾਰ ਛਪਦੇ ਹਨ। ਇਸ਼ਤਿਹਾਰ ਦੇਣ ਵਾਲਿਆਂ ਨਾਲ ਰਾਬਤਾ ਕਰਨ ਉਤੇ ਪਹਿਲੀ ਗੱਲ ਪੈਸੇ ਜਾਂ ਦੂਜੀਆਂ ਸ਼ਰਤਾਂ ਦੀ ਹੁੰਦੀ ਹੈ। ਵਿਦੇਸ਼ ਜਾਣ ਲਈ ਸਕੇ ਭੈਣ-ਭਰਾਵਾਂ ਤੱਕ ਨਾਲ ਵਿਆਹ ਕਰਵਾ ਕੇ ਵੀਜ਼ੇ ਲਗਵਾਉਣ ਦੀ ਮਿਸਾਲਾਂ ਬਹੁਤ ਹਨ। ਸਮਾਜਕ, ਧਾਰਮਿਕ ਅਤੇ ਕਾਨੂੰਨੀ ਅਦਾਰੇ ਇਨ੍ਹਾਂ ਕੱਚੇ, ਠੇਕੇ ਅਤੇ ਅੱਟੇ-ਸੱਟੇ ਦੇ ਵਿਆਹਾਂ ਨੂੰ ਧਾਰਮਿਕ, ਸਮਾਜਕ ਅਤੇ ਕਾਨੂੰਨੀ ਮਾਨਤਾ ਦੇਣ ਲਈ ਸਚੇਤ ਹਿੱਸਾ ਪਾਉਂਦੇ ਹਨ। ਰਿਸ਼ਤੇਦਾਰ ਅਤੇ ਸੱਜਣ-ਮਿੱਤਰ ਇਨ੍ਹਾਂ ਵਿਆਹਾਂ ਨੂੰ ਸਮਾਜਕ ਮੋਹਰ ਲਗਾਉਣ ਅਤੇ ਸਫਾਰਤਖਾਨਿਆਂ ਦੇ ਪੁਖਤਾ ਸਬੂਤ ਬਣਨ ਲਈ ਸਜਣ-ਧਜਣ, ਖਾਣ-ਪੀਣ, ਨੱਚਣ-ਗਾਉਣ ਅਤੇ ਹੱਸ-ਹੱਸ ਸ਼ਗਨ ਪਾਉਣ ਦੇ ਮੁਕਾਬਲੇ ਕਰਦੇ ਹਨ।
ਸਫਾਰਤਖਾਨਿਆਂ ਵਿਚ ਹਰ ਵਿਆਹ ਸ਼ੱਕ ਦੇ ਘੇਰੇ ਵਿਚ ਹੈ ਅਤੇ ਸ਼ੰਕਾ-ਨਵਿਰਤੀ ਲਈ ਕੁੱਖ ਤੋਂ ਘਰਾਂ ਤੱਕ ਦਾ ਹਰ ਸਾਂਗ ਰਚਿਆ ਜਾ ਰਿਹਾ ਹੈ। ਇਸ ਰੁਝਾਨ ਉਤੇ ਸਮਾਜਕ ਰਹਿਤ ਦੇ ਹਵਾਲੇ ਨਾਲ ਕੀਤਾ ਹਰ ਸੁਆਲ Ḕਸਾਰੇ ਧੋਣੇ ਧੋ ਦੇਣḔ ਜਾਂ Ḕਸੱਤ ਪੁਸ਼ਤਾਂ ਤਾਰ ਦੇਣḔ ਲਈ ਮਿਲਣ ਵਾਲੇ ਵੀਜ਼ਿਆਂ ਸਾਹਮਣੇ ਨਿਗੂਣਾ ਸਾਬਤ ਹੁੰਦਾ ਹੈ। ਨਤੀਜੇ ਵਜੋਂ ਵਿਦੇਸ਼ ਵਸਦੇ ਪਰਵਾਸੀ ਲਾੜਿਆਂ ਨੂੰ ਉਡੀਕਦੀਆਂ ਦੁਹਾਗਣਾਂ ਨੂੰ ਨੀਮ-ਵਿਧਵਾਵਾਂ ਦਾ ਵਿਸ਼ੇਸ਼ਣ ਮਿਲਿਆ ਹੈ। ਉਹ ਆਪਣੇ ਬੱਚਿਆਂ ਨੂੰ ਇੱਕਲੀਆਂ ਪਾਲਣ ਲਈ ਮਜਬੂਰ ਹੋਈਆਂ ਹਨ। ਜਹਾਜ ਚੜ੍ਹਨ ਦੀ ਆਸ ਲਗਾਈ ਬੈਠੇ ਮਾਪੇ ਅਤੇ ਭਾਈ-ਭਤੀਜੇ ਇਨ੍ਹਾਂ ਦੀਆਂ ਰੀਝਾਂ ਦੀ ਬੇਕਦਰੀ ਤੋਂ ਮੂੰਹ ਫੇਰ ਕੇ ਹੀ Ḕਲੋਕ ਲਾਜḔ ਪਾਲਦੇ ਹਨ।
ਇਸੇ ਦੌਰਾਨ ਕਾਨੂੰਨੀ ਪੱਧਰ ਉਤੇ ਰਸਮੀ ਵਿਆਹ ਤੋਂ ਬਿਨਾਂ ਇਕੱਠੇ ਰਹਿ ਰਹੇ ਜੀਆਂ ਨੂੰ ਜੋੜਿਆਂ ਵਾਲੇ ਅਖ਼ਤਿਆਰਾਂ ਦੇ ਘੇਰੇ ਵਿਚ ਲਿਆਂਦਾ ਗਿਆ ਹੈ। ਇਨ੍ਹਾਂ ਜੋੜਿਆਂ ਦੀ ਔਲਾਦ ਦੇ ਜਾਇਦਾਦ ਉਤੇ ਅਖ਼ਤਿਆਰਾਂ ਤੋਂ ਲੈ ਕੇ ਵੱਖ ਹੋਣ ਦੇ ਮਸਲੇ ਕਾਨੂੰਨ ਦੇ ਘੇਰੇ ਵਿਚ ਲਿਆਂਦੇ ਗਏ ਹਨ। ਵਿਆਹ ਦੇ ਵਾਅਦੇ ਨਾਲ ਕੀਤੀ ਨੇੜਤਾ ਨੂੰ ਵਾਅਦਾ-ਫਰੋਸ਼ੀ ਦੀ ਹਾਲਤ ਵਿਚ ਸਹਿਮਤੀ ਦੇ ਘੇਰੇ ਵਿਚੋਂ ਬਾਹਰ ਕੱਢ ਦਿੱਤਾ ਗਿਆ ਹੈ। ਇਨ੍ਹਾਂ ਸਾਰੀਆਂ ਤਬਦੀਲੀਆਂ ਨੂੰ ਬਦਲਦੇ ਸਮਾਜਕ ਵਿਹਾਰ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਨੌਜਵਾਨ ਮੁੰਡੇ ਕੁੜੀਆਂ ਦੀ ਵੱਡੀ ਗਿਣਤੀ ਆਪਣੀ ਪੜ੍ਹਾਈ, ਨੌਕਰੀ, ਪੇਸ਼ੇ ਜਾਂ ਕਾਰੋਬਾਰ ਦੇ ਸਿਲਸਿਲੇ ਵਿਚ ਲਗਾਤਾਰ ਸਫਰਯਾਫਤਾ ਹੈ। ਇਨ੍ਹਾਂ ਦੀ ਸਫਰਯਾਫਤਾ ਜ਼ਿੰਦਗੀ ਆਪਣੇ ਰਿਸ਼ਤੇ ਤੈਅ ਕਰ ਰਹੀ ਹੈ। ਸਫਰਯਾਫਤਾ ਜੀਅ ਨੇ ਆਪਣੇ ਹਮਸਫਰਾਂ ਨਾਲ ਜਿਉਣ ਦਾ ਸਲੀਕਾ ਸਿੱਖਣਾ ਹੈ। ਜਦੋਂ ਸਫਰਯਾਫਤਾ ਜੀਅ ਦਾ ਪੜਾਅ Ḕਰਵਾਇਤੀ ਘਰḔ ਵਿਚ ਹੁੰਦਾ ਹੈ ਤਾਂ ਉਸ ਦੀਆਂ ਕਾਮਯਾਬੀਆਂ-ਨਾਕਾਮਯਾਬੀਆਂ ਨਾਲ ਪ੍ਰਵਾਨਗੀ-ਨਾਪ੍ਰਵਾਨਗੀ ਤੈਅ ਹੁੰਦੀ ਹੈ। ਕਾਮਯਾਬੀਆਂ-ਨਾਕਾਮਯਾਬੀਆਂ ਦੇ ਮਿਆਰ ਵੱਖ-ਵੱਖ ਹੋ ਸਕਦੇ ਹਨ। ਬੰਦੇ ਦੀ ਆਪਣੀ ਆਸ ਪ੍ਰਵਾਨ ਕੀਤੀ ਗਈ ਕਾਮਯਾਬੀ ਤੋਂ ਵਡੇਰੀ ਹੋ ਸਕਦੀ ਹੈ। ਬੰਦੇ ਤੋਂ ਕੀਤੀ ਗਈ ਆਸ ਉਸ ਦੀ ਪ੍ਰਾਪਤੀ ਤੋਂ ਵਡੇਰੀ ਹੋ ਸਕਦੀ ਹੈ। ਕਾਮਯਾਬੀਆਂ ਨਾਲ ਖੁੱਲ੍ਹ ਮਿਲਦੀ ਹੈ ਅਤੇ ਨਾਕਾਮਯਾਬੀਆਂ ਨਾਲ ਪਾਬੰਦੀ ਲੱਗਦੀ ਹੈ। ਕਾਮਯਾਬੀ-ਨਾਕਾਮਯਾਬੀ ਵਿਚਲਾ ਫਰਕ ਹਾਲਾਤ ਵਿਚ ਤਬਦੀਲੀ ਨਹੀਂ ਕਰਦਾ। ਨਤੀਜੇ ਵਜੋਂ ਬੰਦੇ ਦੇ ਅੰਦਰ ਲਗਾਤਾਰ ਟੁੱਟ-ਭੰਨ ਹੁੰਦੀ ਹੈ ਅਤੇ ਉਸ ਦੇ ਰਿਸ਼ਤੇ ਵੀ ਇਹੋ ਤਜਰਬਾ ਹੱਡੀਂ ਹੰਢਾਉਂਦੇ ਹਨ।
ਮੁੰਡੇ-ਕੁੜੀ ਦੇ ਰਿਸ਼ਤੇ ਦੀ ਸਾਰੀ ਸਿਆਸਤ ਸਿਰਫ ਘਰ, ਸ਼ਰੀਕੇ ਜਾਂ ਨਿੱਜੀ ਘੇਰਿਆਂ ਤੱਕ ਮਹਿਦੂਦ ਨਹੀਂ ਹੁੰਦੀ। ਸਿਆਸੀ ਪਾਰਟੀਆਂ ਦੀ ਸਰਪ੍ਰਸਤੀ ਵਿਚ ਜਥੇਬੰਦੀਆਂ ਮੁੰਡੇ-ਕੁੜੀ ਦੇ ਰਿਸ਼ਤੇ ਦੁਆਲੇ ਮੁਹਿੰਮਾਂ ਚਲਾਉਂਦੇ ਹਨ। ਇਨ੍ਹਾਂ ਜਥੇਬੰਦੀਆਂ ਦੀ ਦਲੀਲ ਰਹਿੰਦੀ ਹੈ ਕਿ ਕਿਸੇ ਧਰਮ ਦੇ ਮੁੰਡੇ ਵਿਉਂਤਬੰਦ ਢੰਗ ਨਾਲ ਦੂਜੇ ਧਰਮ ਦੀਆਂ ਕੁੜੀਆਂ ਨੂੰ ਵਰਗਲਾ ਰਹੇ ਹਨ। ਇਨ੍ਹਾਂ Ḕਵਰਗਲਾਈਆਂ ਗਈਆਂ ਕੁੜੀਆਂḔ ਦੀ ਵਾਪਸੀ ਲਈ ਮੁਹਿੰਮਾਂ ਚੱਲਦੀਆਂ ਹਨ। ਰਾਸ਼ਟਰੀ ਸਵੈਮਸੇਵਕ ਸੰਘ (ਆਰæਐਸ਼ਐਸ਼) ਦੇ ਆਗੂ ਇੰਦਰੀਸ਼ ਕੁਮਾਰ ਇਸ ਰੁਝਾਨ ਨੂੰ ਇੱਕ ਫਿਕਰੇ ਵਿਚ ਬਿਆਨ ਕਰਦੇ ਹਨ, “ਜੋ ਹਮਾਰੀ ਬੇਟੀਆਂ ਵਰਗਲਾਈ ਗਈ ਹੈਂ, ਉਨ ਕੋ ਵਾਪਸ ਲਾਨਾ; ਔਰ ਅਗਰ ਹਮਾਰੇ ਬੇਟੋਂ ਨੇ ਉਨ ਕੀ ਬੇਟੀਓਂ ਸੇ ਸ਼ਾਦੀ ਕਰ ਲੀ ਹੈ, ਤੋ ਬਹੂਰਾਨੀ ਕਾ ਧਿਆਨ ਰਖਨਾ ਹਮਾਰਾ ਧਰਮ ਹੈ।” ਇਹ ਦਲੀਲ ਸਮਾਜਕ ਪੱਧਰ ਉਤੇ ਕਈ ਤਰ੍ਹਾਂ ਲਾਗੂ ਹੁੰਦੀ ਹੈ। ਜਾਤ ਦੇ ਮਾਮਲੇ ਵਿਚ ਇਹੋ ਦਲੀਲ ਦਿੱਤੀ ਜਾਂਦੀ ਹੈ। ਅਮੀਰ ਤਬਕਾ ਮੰਨਦਾ ਹੈ ਕਿ ਗਰੀਬ ਤਬਕੇ ਦੇ ਮੁੰਡੇ ਵਿਉਂਤਬੰਦ ਢੰਗ ਨਾਲ ਅਮੀਰਜ਼ਾਦੀਆਂ ਨੂੰ ਫੁਸਲਾਉਂਦੇ ਹਨ। ਇਸ ਦਲੀਲ ਤਹਿਤ ਕੁੜੀ ਨੂੰ ਵਰਗਲਾਈ ਜਾ ਸਕਣ ਵਾਲੀ ਕਮ-ਅਕਲ ਵਜੋਂ ਪ੍ਰਵਾਨ ਕਰ ਲਿਆ ਗਿਆ ਹੈ ਜਿਸ ਦੀ ਰਾਖੀ ਕਰਨੀ ਮਰਦਾਂ ਦੀ Ḕਜ਼ਿੰਮੇਵਾਰੀḔ ਬਣਦੀ ਹੈ।
ਜਦੋਂ ਅਣਖ ਲਈ ਕਤਲ ਕੀਤੇ ਜਾਂਦੇ ਹਨ ਤਾਂ ਅਫਸੋਸ ਵਿਚ ਦਲੀਲ ਦਿੱਤੀ ਜਾਂਦੀ ਸੀ ਕਿ Ḕਮਾਪੇ ਆਪਣੀਆਂ ਰੀਝਾਂ ਨੂੰ ਦਰਕਿਨਾਰ ਕਰ ਕੇ ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਪੜ੍ਹਾਈ-ਲਿਖਾਈ ਉਤੇ ਖ਼ਰਚ ਕਰਦੇ ਹਨ। ਬੱਚਿਆਂ ਨੂੰ ਖੁਦਗਰਜ਼ੀ ਨਹੀਂ ਕਰਨੀ ਚਾਹੀਦੀ।Ḕ ਜਦੋਂ ਬੱਚਿਆਂ ਨੂੰ ਪਾਲਿਆ ਹੀ ਗਰਜ਼ਾਂ ਤਹਿਤ ਜਾਂਦਾ ਹੈ ਤਾਂ ਨੌਜਵਾਨ ਹੋਏ ਮੁੰਡੇ-ਕੁੜੀਆਂ ਨੂੰ ਆਪਣੀ ਮਰਜ਼ੀ ਨਾਲ ਫੈਸਲੇ ਕਰਨ ਦੀ ਇਜਾਜ਼ਤ ਕਿਵੇਂ ਮਿਲ ਸਕਦੀ ਹੈ? ਕੁਝ ਲੋਕ Ḕਆਪਣੇ ਮਨ ਨੂੰ ਸਮਝਾ ਲੈਂਦੇ ਹਨḔ ਪਰ ਕਈਆਂ ਤੋਂ ਇਹ ḔਸਦਮਾḔ ਬਰਦਾਸ਼ਤ ਨਹੀਂ ਹੁੰਦਾ। ਇਸੇ ਮੋੜ ਉਤੇ ਮਾਪਿਆਂ ਦੀ ਬੇਗਰਜ਼ੀ ਦਾ ਦਾਅਵਾ ਬੇਪਰਦ ਹੁੰਦਾ ਹੈ।
ਆਪਣੀ ਬੰਦਖਲਾਸੀ ਦਾ ਸਭ ਤੋਂ ਵੱਡਾ ਦਾਅ ਜਦੋਂ ਬੱਚਿਆਂ ਉਤੇ ਲਗਾਇਆ ਜਾਂਦਾ ਹੈ ਤਾਂ ਉਨ੍ਹਾਂ ਤੋਂ ਸੀਲ ਹੋਣ ਦੀ ਤਵੱਕੋ ਤਾਂ ਹੀ ਕੀਤੀ ਜਾਵੇਗੀ। ਬੱਚਿਆਂ ਦੇ Ḕਕਹਿਣੇ ਵਿਚ ਹੋਣḔ ਅਤੇ Ḕਲਾਇਕ ਹੋਣḔ ਦੀ ਪ੍ਰਾਪਤੀ ਉਤੇ ਮਾਪਿਆਂ ਦੇ ਨਾਲ ਪਰਿਵਾਰ, ਸ਼ਰੀਕਾ, ਰਿਸ਼ਤੇਦਾਰ ਅਤੇ ਸਮੁੱਚੀ ਬਰਾਦਰੀ ਮਾਣ ਕਰਦੀ ਹੈ। ਆਪਣੀ ਮਰਜ਼ੀ ਦੇ ਜੀਵਨ ਸਾਥੀ ਨਾਲ ਰਹਿਣ ਦਾ ਇੱਕੋ ਫ਼ੈਸਲਾ ਇਸ ਪ੍ਰਾਪਤੀ ਉਤੇ ਕਾਟਾ ਮਾਰ ਦਿੰਦਾ ਹੈ। ਇਸ ਪ੍ਰਾਪਤੀ ਨਾਲ ਵਡਿਆਇਆ ਗਿਆ ਬੰਦਾ ਆਪਣੀ ਔਲਾਦ ਦੀ ਹਰ ਕਾਣ-ਕੱਜ ਢੱਕ ਲੈਂਦਾ ਹੈ ਪਰ ਇਸ ਫੈਸਲੇ ਦੀ Ḕਨਮੋਸ਼ੀḔ ਬਰਦਾਸ਼ਤ ਨਹੀਂ ਕਰਦਾ। ਸਕੂਲਾਂ/ਕਾਲਜਾਂ ਦੇ ਨਤੀਜਿਆਂ ਵੇਲੇ ਆਪੇ ਤੋਂ ਬਾਹਰ ਹੋਏ ਮਾਪੇ ਖਬਰਾਂ ਬਣਦੇ ਹਨ। ਮਾਪਿਆਂ ਦੀਆਂ ਉਮੀਦਾਂ ਮੁਤਾਬਕ ਨਤੀਜੇ ਨਾ ਆਉਣ ਉਤੇ ਬੱਚੇ ਮਨੋਰੋਗੀ ਹੋ ਜਾਂਦੇ ਹਨ। ਕਦੀ ਖੁਦਕੁਸ਼ੀਆਂ ਦੀਆਂ ਖਬਰਾਂ ਆਉਂਦੀਆਂ ਹਨ।
ਇਨ੍ਹਾਂ ਹਾਲਾਤ ਵਿਚੋਂ ਨਿਕਲ ਕੇ ਮਾਪੇ ਵਿਆਹ ਰਾਹੀਂ ਆਪਣੀ ਮਲਕੀਅਤ ਦੀ ਦਾਅਵੇਦਾਰੀ ਕਰਨਾ ਚਾਹੁੰਦੇ ਹਨ। ਜਦੋਂ ਇਹ ਮਲਕੀਅਤ ਖੁੱਸ ਜਾਂਦੀ ਹੈ ਤਾਂ ਬੱਚਿਆਂ ਦੀ ਹਰ ਗਲਤੀ ਨਜ਼ਰਅੰਦਾਜ਼ ਕਰਨ ਵਾਲੇ ਮਾਪੇ ਉਨ੍ਹਾਂ ਦੇ ਕਿਸੇ ਗੁਣ ਦੀ ਕਦਰ ਨਹੀਂ ਕਰਦੇ। ਜੱਦੀ ਜਾਇਦਾਦ ਤੋਂ ਬੇਦਖ਼ਲੀ ਦੀਆਂ ਧਮਕੀਆਂ ਕੰਮ ਨਹੀਂ ਕਰਦੀਆਂ ਤਾਂ Ḕਔਲਾਦ ਰੂਪੀ ਆਪਣੀ ਕਮਾਈḔ ਦੇ ਹੱਥੋਂ ਖੁੱਸਣ ਦਾ ḔਅਹਿਸਾਸḔ ਹਮਲਾਵਰ ਰੂਪ ਅਖ਼ਤਿਆਰ ਕਰ ਲੈਂਦਾ ਹੈ। ਇਸ ਦੌਰ ਵਿਚ ਵਿਦਿਅਕ ਅਦਾਰਿਆਂ ਨੇ ਵਿਦਿਆਰਥੀਆਂ ਨੂੰ ਖਪਤਕਾਰ ਕਰਾਰ ਦਿੱਤਾ ਹੈ। ਹਸਪਤਾਲਾਂ ਨੇ ਮਰੀਜ਼ਾਂ ਨੂੰ ਖਪਤਕਾਰ ਮੰਨ ਲਿਆ ਹੈ। ਸਰਕਾਰ ਮੁਨਾਫ਼ੇ ਕਮਾਉਣ ਵਾਲੇ ਨਿਜੀ ਅਦਾਰਿਆਂ ਨੂੰ ਸਮਾਜਕ ਪ੍ਰਾਪਤੀ ਵਜੋਂ ਪੇਸ਼ ਕਰਦੀ ਹੈ। ਇਹੋ ਰੁਝਾਨ ਮਾਪਿਆਂ ਉਤੇ ਅਸਰਅੰਦਾਜ਼ ਹੁੰਦਾ ਹੈ ਅਤੇ ਉਹ ਔਲਾਦ ਨੂੰ ਨਿਵੇਸ਼ ਦੀ ਉਪਜ ਮੰਨਦੇ ਹਨ। ਇਸ ਉਪਜ ਦਾ ਇੱਕ ਫੈਸਲਾ ਮੁਨਾਫ਼ੇ ਤੋਂ ਮੁਨਕਰ ਹੋਣ ਦੇ ਤੁੱਲ ਮੰਨਿਆ ਜਾਂਦਾ ਹੈ। ਖੁੱਲ੍ਹੀ ਮੰਡੀ ਦੀਆਂ ਕਦਰਾਂ-ਕੀਮਤਾਂ ਮੁਤਾਬਕ ਬੰਦਾ ਇੱਕੋ ਵੇਲੇ ਖਪਤਕਾਰ ਅਤੇ ਵਸਤੂ ਹੈ। ਜੇ ਮਾਪੇ ਸਾਰੀ ਮੁਸ਼ੱਕਤ ਔਲਾਦ ਰੂਪੀ ਵਸਤੂ ਦਾ ਮੁੱਲ ਵਧਾਉਣ ਲਈ ਕਰਦੇ ਹਨ ਤਾਂ ਖਪਤਕਾਰ ਵਜੋਂ ਲੁੱਟੇ ਜਾਣ ਦਾ ਅਹਿਸਾਸ ਤਾਂ ਹਮਲਾਵਰ ਰੂਪ ਵਿਚ ਸਾਹਮਣੇ ਆ ਹੀ ਸਕਦਾ ਹੈ।
ਇਹ ਜ਼ਰੂਰੀ ਨਹੀਂ ਕਿ ਅਣਖ ਲਈ ਹੁੰਦੇ ਹਰ ਕਤਲ ਵਿਚ ਇਹ ਸਾਰੇ ਕਾਰਨ ਸਰਗਰਮ ਹੋਣ। ਇਨ੍ਹਾਂ ਦਾ ਕੋਈ ਵੀ ਜਮ੍ਹਾਂਜੋੜ ਹੋ ਸਕਦਾ ਹੈ ਪਰ ਇਨ੍ਹਾਂ ਕਾਰਨਾਂ ਨਾਲ Ḕਅਣਖ ਲਈ ਹੁੰਦੇ ਕਤਲਾਂḔ ਨੂੰ ਪ੍ਰਵਾਨਗੀ ਮਿਲਦੀ ਹੈ। ਮੌਜੂਦਾ ਦੌਰ ਵਿਚ ਟੈਲੀਵਿਜ਼ਨ ਅਤੇ ਇੰਟਰਨੈਟ ਰਾਹੀਂ ਬੰਦਾ ਆਲਮੀ ਪੱਧਰ ਉਤੇ ਜਾਣਕਾਰੀ ਰਾਹੀਂ ਜੁੜ ਗਿਆ ਹੈ। ਉਸ ਦਾ ਰਾਬਤਾ ਹਰ ਤਰ੍ਹਾਂ ਦੀ ਜੀਵਨ-ਸ਼ੈਲੀ ਨਾਲ ਪੈ ਰਿਹਾ ਹੈ। ਉਸ ਦੀ ਸਫਰਯਾਫਤਾ ਜ਼ਿੰਦਗੀ ਦਾ ਇੱਕ ਪੱਖ ਇੱਕ ਥਾਂ ਤੋਂ ਦੂਜੀ ਥਾਂ ਵੱਲ ਜਾਣ ਨਾਲ ਜੁੜਿਆ ਹੋਇਆ ਹੈ ਪਰ ਦੂਜਾ ਪੱਖ ਉਸ ਦੇ ਅੰਦਰ ਚੱਲਦੀ ਹਿੱਲਜੁਲ ਨਾਲ ਜੁੜਿਆ ਹੋਇਆ ਹੈ। ਖੁੱਲ੍ਹੀ ਮੰਡੀ ਇੱਕ ਪਾਸੇ ਉਸ ਤੋਂ ਸਿਰ-ਵੱਢ ਮੁਕਾਬਲੇ ਵਿਚ ਪੈਣ ਦੀ ਮੰਗ ਕਰਦੀ ਹੈ ਅਤੇ ਦੂਜੇ ਪਾਸੇ ਸੀਲ ਖਪਤਕਾਰ ਹੋਣ ਦੀ ਤਵੱਕੋ ਕਰਦੀ ਹੈ। ਮਾਪੇ ਇੱਕ ਪਾਸੇ ਬੱਚਿਆਂ ਤੋਂ ਦੁਨੀਆਂ ਦੇ ਗਿਆਨ-ਵਿਗਿਆਨ ਅਤੇ ਖੁਸ਼ਹਾਲੀ ਦੀਆਂ ਸਿਖਰਾਂ ਸਰ ਕਰਨ ਦੀ ਆਸ ਕਰਦੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਆਪਣੀ Ḕਰਜ਼ਾ ਵਿਚ ਰਾਜ਼ੀ ਰੱਖਣਾḔ ਚਾਹੁੰਦੇ ਹਨ।
ḔਅਣਖḔ ਦੇ ਨਾਮ ਉਤੇ ਹੁੰਦੀ ਹਿੰਸਾ ਨੂੰ ਠੱਲ੍ਹ ਪਾਉਣ ਦੀ ਜ਼ਿੰਮੇਵਾਰੀ ਕਾਨੂੰਨ ਉਤੇ ਨਹੀਂ ਪਾਈ ਜਾ ਸਕਦੀ। ਕਾਨੂੰਨ ਦੇ ਘੇਰੇ ਵਿਚ ਤਾਂ ਹਿੰਸਾ ਤੋਂ ਬਾਅਦ ਦੇ ਸੁਆਲ ਆਉਂਦੇ ਹਨ ਜੋ ਇਨਸਾਫ ਅਤੇ ਸਜ਼ਾ ਨਾਲ ਜੁੜਦੇ ਹਨ। ਪੇਸ਼ਬੰਦੀਆਂ ਦਾ ਸੁਆਲ ਸਮਾਜਕ ਅਤੇ ਸਿਆਸੀ ਘੇਰੇ ਵਿਚ ਆਉਂਦਾ ਹੈ ਪਰ ਇਸ ਮਾਮਲੇ ਵਿਚ ਪਹਿਲਕਦਮੀਆਂ ਸਾਹਿਤਕ, ਬੌਧਿਕ, ਸਭਿਆਚਾਰਕ ਅਤੇ ਸਮਾਜਕ ਜਥੇਬੰਦੀਆਂ ਕਰ ਸਕਦੀਆਂ ਹਨ। ਸੰਵਾਦ ਤੋਰਨ ਦੀ ਜ਼ਿੰਮੇਵਾਰੀ ਬੌਧਿਕ ਅਦਾਰਿਆਂ ਉਤੇ ਪੈਂਦੀ ਹੈ। ਇਸ ਧਾਰਨਾ ਨੂੰ ਹਰ ਪੱਖ ਤੋਂ ਵਿਚਾਰਿਆ ਜਾਣਾ ਚਾਹੀਦਾ ਹੈ ਕਿ ਸਭਿਆਚਾਰ ਸਦਾ ਸਫਰਯਾਫਤਾ ਹੈ। ਲਗਾਤਾਰ ਤਬਦੀਲੀ ਵਾਪਰਦੀ ਰਹਿੰਦੀ ਹੈ ਅਤੇ ਸਭਿਆਚਾਰ ਦੀ ਵੰਨ-ਸਵੰਨਤਾ ਵਿਚ ਵਾਧਾ ਹੁੰਦਾ ਰਹਿੰਦਾ ਹੈ। ਮਨੁੱਖੀ ਕਦਰਾਂ-ਕੀਮਤਾਂ ਸਦੀਵੀ ਹਨ ਪਰ ਇਨ੍ਹਾਂ ਦੀ ਸਮਕਾਲੀ ਵਿਆਖਿਆ ਸਭ ਤੋਂ ਅਹਿਮ ਹੈ। ਇਹ ਸੁਆਲ ਅਹਿਮ ਰਹੇਗਾ ਕਿ ਹਰ ਦੌਰ ਦੇ ਸਲੀਕੇ ਵਿਚ ਮਨੁੱਖੀ ਕਦਰਾਂ-ਕੀਮਤਾਂ ਕਿਵੇਂ ਪਾਲੀਆਂ ਜਾਣਗੀਆਂ? ਜੇ ਇਸੇ ਸੁਆਲ ਨੂੰ ਖੋਲ੍ਹ ਕੇ ਵੇਖਿਆ ਜਾਵੇ ਤਾਂ ਬੰਦਾ ਸ਼ਾਇਦ ਆਪਣੇ ਆਪ ਨੂੰ ਖਪਤਕਾਰ ਜਾਂ ਵਸਤੂ ਦੀ ਥਾਂ ਮਨੁੱਖ ਵਜੋਂ ਸਮਝ ਸਕਦਾ ਹੈ ਜਿਸ ਦੀ ਹੋਂਦ ਦਾ ਧੁਰਾ ਦਰਦਮੰਦੀ ਅਤੇ ਜਗਿਆਸਾ ਉਤੇ ਟਿਕਿਆ ਹੋਵੇ।