ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਜੇਲ੍ਹਾਂ ਵਿਚ ਬੰਦ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਬਾਰੇ ਕੇਂਦਰ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਪੀਲ ਰੱਦ ਕਰ ਦਿੱਤੀ ਹੈ। ਗ੍ਰਹਿ ਮੰਤਰਾਲੇ ਨੇ ਕਾਲੀ ਸੂਚੀ ਵਿਚ 58 ਨਾਂ ਬਰਕਰਾਰ ਰੱਖਣ ਦਾ ਫੈਸਲਾ ਵੀ ਕੀਤਾ ਹੈ। ਇਹ ਸੂਚੀ ਮਈ 2014 ਵਿਚ ਅਪਡੇਟ ਕੀਤੀ ਗਈ ਸੀ।
ਸੱਤਾਧਾਰੀ ਅਕਾਲੀ-ਭਾਜਪਾ ਗੱਠਜੋੜ ਦੇ ਆਪਸੀ ਸਬੰਧ ਪਹਿਲਾਂ ਹੀ ਤਣਾਅਪੂਰਨ ਹਨ ਅਤੇ ਗ੍ਰਹਿ ਮੰਤਰਾਲੇ ਦੇ ਇਸ ਫੈਸਲੇ ਨਾਲ ਤਣਾਅ ਹੋਰ ਵਧਣ ਦੇ ਆਸਾਰ ਹਨ।
ਪੰਜਾਬ ਵਿਚ ਸਿੱਖ ਬੰਦੀਆਂ ਦੀ ਰਿਹਾਈ ਦਾ ਮਾਮਲਾ ਕਾਫੀ ਭਖਿਆ ਹੋਇਆ ਹੈ। ਸਿੱਖ ਕਾਰਕੁਨ ਗੁਰਬਖਸ਼ ਸਿੰਘ ਖਾਲਸਾ ਤਕਰੀਬਨ ਦੋ ਮਹੀਨਿਆਂ ਤੋਂ ਅੰਬਾਲਾ ਵਿਖੇ ਭੁੱਖ ਹੜਤਾਲ ‘ਤੇ ਹਨ। ਸ਼ ਬਾਦਲ ਨੇ ਪਿਛਲੇ ਮਹੀਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖ ਕੇ ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਪਰਮਜੀਤ ਸਿੰਘ ਭਿਓਰਾ ਤੇ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਕਰਨ ਦੀ ਮੰਗ ਕੀਤੀ ਸੀ ਜੋ ਇਸ ਵੇਲੇ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹਨ। ਇਸ ਤੋਂ ਇਲਾਵਾ ਉਨ੍ਹਾਂ ਉਤਰ ਪ੍ਰਦੇਸ਼, ਰਾਜਸਥਾਨ, ਪੱਛਮੀ ਬੰਗਾਲ, ਕਰਨਾਟਕ, ਗੁਜਰਾਤ ਤੇ ਯੂæਟੀæ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਚਿੱਠੀ ਲਿਖੀ ਸੀ। ਜਿਨ੍ਹਾਂ ਹੋਰ ਸਿੱਖ ਕੈਦੀਆਂ ਦੀ ਰਿਹਾਈ ਮੰਗੀ ਸੀ, ਉਨ੍ਹਾਂ ਵਿਚ ਗੁਰਮੀਤ ਸਿੰਘ ਫੌਜੀ ਤੇ ਦਯਾ ਸਿੰਘ ਲਾਹੌਰੀਆ ਜੋ ਕ੍ਰਮਵਾਰ ਰਾਜਸਥਾਨ ਤੇ ਦਿੱਲੀ ਦੀਆਂ ਜੇਲ੍ਹਾਂ ਵਿਚ ਹਨ, ਸ਼ਾਮਲ ਹਨ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਮੁੱਦੇ ‘ਤੇ ਆਪਸੀ ਵਿਵਾਦ ਵਿਚ ਉਲਝੀਆਂ ਸਮੂਹ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਾਨਕਸ਼ਾਹੀ ਕੈਲੰਡਰ ਮੁੱਦੇ ‘ਤੇ ਆਪਸ ਵਿਚ ਲੜਨ ਦੀ ਥਾਂ ਸਿੱਖ ਬੰਦੀਆਂ ਦੀ ਰਿਹਾਈ ਦੇ ਮੁੱਦੇ ‘ਤੇ ਇਕਜੁਟ ਹੋਣ। ਜਥੇਦਾਰ ਨੇ ਆਖਿਆ ਕਿ ਇਸ ਵੇਲੇ ਸਮੂਹ ਸਿੱਖ ਜਥੇਬੰਦੀਆਂ ਵਿਚਾਲੇ ਪੰਥਕ ਇਕਜੁੱਟਤਾ ਦੀ ਲੋੜ ਹੈ। ਉਨ੍ਹਾਂ ਸਿੱਖ ਕੌਮ ਨੂੰ ਦੁਹਾਈ ਦਿੱਤੀ ਕਿ ਜੇ ਸਿੱਖ ਕੈਦੀਆਂ ਦੀ ਰਿਹਾਈ ਦੇ ਮਾਮਲੇ ਵਿਚ ਨਿਆਂ ਪ੍ਰਾਪਤ ਕਰਨਾ ਹੈ ਤਾਂ ਸਮੂਹ ਸਿੱਖ ਧਿਰਾਂ ਕੈਲੰਡਰ ਆਦਿ ਮੁੱਦਿਆਂ ‘ਤੇ ਆਪਸੀ ਵਿਵਾਦ ਨੂੰ ਛੱਡ ਕੇ ਇਕਜੁੱਟ ਹੋਣ। ਕੈਲੰਡਰ ਦਾ ਮਾਮਲਾ ਸਿੱਖ ਕੌਮ ਦਾ ਅੰਦਰੂਨੀ ਮਾਮਲਾ ਹੈ ਤੇ ਇਸ ਨੂੰ ਸਮੂਹ ਧਿਰਾਂ ਅੰਦਰ ਬੈਠ ਕੇ ਵੀ ਹੱਲ ਕਰ ਸਕਦੀਆਂ ਹਨ।
_____________________________________
ਬਾਦਲ ਪਹਿਲਾਂ ਪੰਜਾਬ ਦੀਆਂ ਜੇਲ੍ਹਾਂ ਵਿਚੋਂ ਬੰਦੀ ਸਿੱਖ ਰਿਹਾਅ ਕਰਨ
ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਗੁਰਬਖਸ਼ ਸਿੰਘ ਖਾਲਸਾ ਨੂੰ ਮਿਲਣ ਗਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਖਰੀਆਂ-ਖਰੀਆਂ ਸੁਣਨੀਆਂ ਪਈਆਂ। ਗੁਰਬਖਸ਼ ਸਿੰਘ ਨੇ ਜਥੇਦਾਰ ਮੱਕੜ ਨੂੰ ਕਿਹਾ ਕਿ ਜੇ ਆਏ ਹੋ ਤਾਂ ‘ਜੀ ਆਇਆਂ ਨੂੰ’, ਪਰ ਬੰਦੀ ਸਿੱਖਾਂ ਨੂੰ ਰਿਹਾਅ ਕਰਾਉਣ ਲਈ ਕੋਈ ਬਹਾਨਾ ਨਾ ਲਾਇਓ, ਧਾਰਾ 161 ਦਾ ਰੌਲਾ ਵੀ ਨਾ ਪਾਇਆ ਜਾਵੇ। ਨਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿ ਕੇ ਪਹਿਲਾਂ ਪੰਜਾਬ ਦੀਆਂ ਜੇਲ੍ਹਾਂ ਵਿਚੋਂ ਬੰਦੀ ਸਿੱਖਾਂ ਨੂੰ ਰਿਹਾਅ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਕਬੱਡੀ ਕੱਪ ਜੀਅ ਸਦਕੇ ਕਰਾਓ, ਪਰ ਜੋ ਕੌਮ ਲਈ ਕਬੱਡੀ ਖੇਡ ਕੇ ਜੇਲ੍ਹਾਂ ਵਿਚ ਪਏ ਹਨ, ਉਨ੍ਹਾਂ ਨੂੰ ਵੀ ਬਾਹਰ ਲਿਆਓ।
_____________________________________________
ਪੰਥ ਦੇ ਪਹਿਰੇਦਾਰ ਭਗਵੇਂਕਰਨ ਦੇ ਪ੍ਰਭਾਵ ਹੇਠ: ਨੰਦਗੜ੍ਹ
ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਬੰਦੀ ਸਿੱਖਾਂ ਦੀ ਰਿਹਾਈ ਦੇ ਮਾਮਲੇ ‘ਤੇ ਕਟਹਿਰੇ ਵਿਚ ਖੜ੍ਹਾ ਕੀਤਾ ਹੈ। ਉਨ੍ਹਾਂ ਆਖਿਆ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਗੁਰਬਖ਼ਸ ਸਿੰਘ ਖਾਲਸਾ ਨਾਲ ਇਕ ਵਰ੍ਹਾ ਪਹਿਲਾਂ ਕੀਤਾ ਵਾਅਦਾ ਨਹੀਂ ਨਿਭਾਇਆ ਅਤੇ ਹੁਣ ਉਹ ਵੀ ਕਾਨੂੰਨ ਦੀ ਗੱਲ ਕਰ ਰਹੇ ਹਨ। ਪੰਜਾਬ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਇਕ ਪਾਸੇ ਧਾਰਾ 25 ਵਿਚ ਸੋਧ ਦੀ ਮੰਗ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਨਹੀਂ ਕਰਵਾਇਆ ਜਾ ਰਿਹਾ। ਉਨ੍ਹਾਂ ਆਖਿਆ ਕਿ ਪੰਥ ਦੇ ਪਹਿਰੇਦਾਰ ਹੁਣ ਭਗਵੇਂਕਰਨ ਦੇ ਪ੍ਰਭਾਵ ਹੇਠ ਹਨ।