ਗੁਲਜ਼ਾਰ ਸਿੰਘ ਸੰਧੂ
ਨਵੇਂ ਸਾਲ ਦੀਆਂ ਵਧਾਈਆਂ ਵਿਚ ਇਕ ਚਿੱਠੀ ਸ਼ਿਕਾਗੋ ਤੋਂ ਹੈ। ਕੁਲਵੰਤ ਸਿੰਘ ਵਿਰਕ ਦੇ ਕੁਲੀਗ ਤੇ ਬਲਵੰਤ ਗਾਰਗੀ ਦੇ ਗਰਾਈਂ ਰੋਸ਼ਨ ਖਿੱਪਲ ਦੀ ਪਤਨੀ ਕਾਂਤਾ ਵਲੋਂ। ਇਸ ਵਿਚ ਸਵਰਗੀ ਰੋਸ਼ਨ ਖਿੱਪਲ ਦੀ ਗੁਰਮੁਖੀ ਅਖਰਾਂ ਵਿਚ ਲਿਖੀ ਇਕ ਦਹਾਕਾ ਪੁਰਾਣੀ ਘਟਨਾ ਦਰਜ ਹੈ। ਸਿਰਲੇਖ ਹੈ ‘ਸ਼ਿਕਾਗੋ ਵਿਚ ਪੰਜਾਬੀਅਤ ਜਾਗੀ।’
ਰੋਸ਼ਨ ਖਿਪੱਲ ਸ਼ਿਕਾਗੋ ਦੇ ਕਾਮਦਾਰ ਪਲਾਜ਼ਾ ਵਿਚ ਭੇਲ ਪੂਰੀ ਖਾਣ ਗਿਆ ਤਾਂ ਉਸ ਨੂੰ ਉਸ ਦਾ ਪੁਰਾਣਾ ਮਿੱਤਰ ਮੇਹਰ ਸਿੰਘ ਮਿਲ ਪਿਆ। ਉਸ ਦੇ ਹੱਥ ਵਿਚ ਸ਼ਿਕਾਗੋ ਤੋਂ ਪੰਜਾਬੀ ਭਾਸ਼ਾ ਵਿਚ ਨਿਕਲਦੇ ਹਫਤਾਵਾਰੀ ਅਖਬਾਰ ‘ਪੰਜਾਬ ਟਾਈਮਜ਼’ ਦੀ ਕਾਪੀ ਸੀ। ਉਹ ਖੁਸ਼ੀ ਵਿਚ ਫੁੱਲਿਆ ਨਹੀਂ ਸੀ ਸਮਾਉਂਦਾ। ਉਸ ਨੂੰ ਅਚਾਨਕ ਮਿਲੇ ਮਿੱਤਰ ਦੀ ਏਨੀ ਖੁਸ਼ੀ ਨਹੀਂ ਜਿੰਨੀ ਪੰਜਾਬੀ ਵਿਚ ਛਪਣ ਵਾਲੇ ਏਸ ਪਰਚੇ ਦੀ। ਉਸ ਨੂੰ ਆਪਣੀ ਜਵਾਨੀ ਦੇ ਉਹ ਦਿਨ ਚੇਤੇ ਆ ਗਏ ਸਨ, ਜਦੋਂ ਉਹ ਮੁੰਬਈ ਦੀ ਫਿਲਮ ਲਾਈਨ ਵਿਚ ਕਿਸਮਤ ਅਜ਼ਮਾਈ ਕਰਨ ਗਿਆ ਏਧਰ-ਉਧਰ ਧੱਕੇ ਖਾਣ ਤੋਂ ਪਿਛੋਂ ਅਮਰੀਕਾ ਜਾ ਕੇ ਇੰਜੀਨੀਅਰ ਬਣ ਗਿਆ ਸੀ। ਮਕਾਨਾਂ ਦੇ ਨਕਸ਼ੇ ਬਣਾਉਂਦਿਆਂ ਉਹਦੇ ਅੰਦਰਲੀ ਕਵਿਤਾ ਦਾ ਗਲਾ ਘੁੱਟਿਆ ਗਿਆ ਸੀ। ਉਹ ਗੱਲ ਕਰਨ ਦੀ ਥਾਂ ਕੋਈ ਕਾਵਿ ਟੋਟਕਾ ਗੁਣਗੁਣਾਈ ਜਾ ਰਿਹਾ ਸੀ। ਰੋਸ਼ਨ ਖਿਪੱਲ ਦੇ ਕਹਿਣ ਉਤੇ ਉਸ ਨੇ ਉਹ ਟੋਟਕਾ ਖੁਲ੍ਹ ਕੇ ਸੁਣਾਇਆ:
ਹੱਟੀ ਨੂੰ ਸੀ ਚੱਲੇ ਭਾਈ ਹੀਰਾ ਨੰਦ ਜੀ
ਮਾਰ ਕੇ ਛੜੱਪਾ ਉਨ੍ਹਾਂ ਟੱਪੀ ਕੰਧ ਜੀ
ਮੂਧੇ ਮੂੰਹ ਡਿੱਗੇ, ਟੁੱਟੇ ਪੰਜ ਦੰਦ ਜੀ
ਏਸੇ ਲਈ ਅੱਜ ਹੈ ਦੁਕਾਨ ਬੰਦ ਜੀ
ਇਸ ਤੋਂ ਪਿੱਛੋਂ ਮੇਹਰ ਸਿੰਘ ਨੇ ਮੁੰਬਈ ਵਿਚ ਲੇਖਕਾਂ ਤੇ ਕਵੀਆਂ ਨਾਲ ਗੁਜ਼ਾਰੇ ਕਿੱਸੇ ਸ਼ੁਰੂ ਕਰ ਲਏ। ਮੇਹਰ ਸਿੰਘ ਦੇ ਕਾਵਿ ਟੋਟਕੇ ਸੁਣਦਿਆਂ ਦੋਵਾਂ ਦੇ ਪਾਰਕਿੰਗ ਲਈ ਭਰੇ ਪੈਸਿਆਂ ਤੋਂ ਵੱਧ ਸਮਾਂ ਹੋ ਗਿਆ। ਅੰਤ ਦੋਨਾਂ ਦੋਸਤਾਂ ਨੇ ਵਾਧੂ ਪੈਸੇ ਭਰ ਕੇ ਕਾਰਾਂ ਕੱਢੀਆਂ। ਵਿਦੇਸ਼ਾਂ ਵਿਚ ਮਾਂ ਬੋਲੀ ਦਾ ਪਿਆਰ ਮਹਿੰਗਾ ਵੀ ਪੈ ਸਕਦਾ ਹੈ, ਉਨ੍ਹਾਂ ਨੇ ਸੋਚਿਆ ਤੱਕ ਨਹੀਂ ਸੀ। ਕਾਂਤਾ ਖਿਪੱਲ ਦੀ ਚਿੱਠੀ ਨੇ ਮੈਨੂੰ ਗਾਰਗੀ, ਵਿਰਕ ਤੇ ਰੋਸ਼ਨ ਖਿਪੱਲ ਹੀ ਚੇਤੇ ਨਹੀਂ ਕਰਾਏ, ਸਗੋਂ ਮੇਰੀ ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ ਵੇਲੇ ਦਾ ਪੁਰਾਣਾ ਕੁਲੀਗ ਅਮੋਲਕ ਸਿੰਘ ਵੀ ਚੇਤੇ ਕਰਾ ਦਿੱਤਾ ਹੈ ਜਿਸ ਨੇ ਸ਼ਿਕਾਗੋ ਜਾ ਕੇ ਪੰਜਾਬੀਅਤ ਜਗਾਈ। ਉਹ ਕਿਸੇ ਗੰਭੀਰ ਰੋਗ ਕਾਰਨ ਅਪੰਗ ਹੋ ਚੁੱਕਾ ਹੈ ਪਰ ਬਿਸਤਰੇ ਵਿਚ ਲੇਟਿਆ ‘ਪੰਜਾਬ ਟਾਈਮਜ਼’ ਕੱਢੀ ਜਾਂਦਾ ਹੈ। ਆਮੀਨ!
ਪੁਸਤਕ ‘ਖੁਸ਼ਵੰਤਨਾਮਾ’ ਵਿਚ ਸੰਤਾ ਬੰਤਾ
ਸੰਤਾ ਸਿੰਘ ਤੇ ਬੰਤਾ ਸਿੰਘ ਸਦਾ ਆਪਣੇ ਮਾਪਿਆਂ ਦੀਆਂ ਫੜਾਂ ਮਾਰਦੇ।
ਸੰਤਾ ਸਿੰਘ: ਤੂੰ ਯੁਏਜ਼ ਕੈਨਾਲ (ਸੁਏਜ਼ ਨਹਿਰ) ਬਾਰੇ ਸੁਣਿਆ ਹੈ?
ਬੰਤਾ ਸਿੰਘ: ਹਾਂ ਸੁਣਿਆ ਹੈ।
ਸੰਤਾ ਸਿੰਘ: ਠੀਕ ਹੈ। ਇਹ ਮੇਰੇ ਬਾਪ ਨੇ ਪੁੱਟੀ ਸੀ।
ਬੰਤਾ ਸਿੰਘ: ਫੇਰ ਇਹ ਕਿਹੜੀ ਗੱਲ ਹੈ? ਤੂੰ ਡੈਡ ਸੀ (ਮੁਰਦਾ ਸਮੁੰਦਰ) ਬਾਰੇ ਸੁਣਿਆ ਹੈ?
ਸੰਤਾ ਸਿੰਘ: ਹਾਂ!
ਬੰਤਾ ਸਿੰਘ: ਇਹ ਮੇਰੇ ਬਾਪ ਨੇ ਮਾਰਿਆ ਸੀ।
ਸ਼੍ਰੀਮਦ ਭਗਵਦ ਗੀਤਾ ਯਥਾਰੂਪ: ਮੈਂ ਚੰਡੀਗੜ੍ਹ ਦੇ 36 ਸੈਕਟਰ ਦਾ ਵਸਨੀਕ ਹਾਂ। ਮੇਰੇ ਘਰ ਤੋਂ ਸਰਕਾਰੀ ਮਾਡਲ ਹਾਈ ਸਕੂਲ 50 ਗਜ਼ ਦੀ ਦੂਰੀ ਉਤੇ ਹੈ। ਲੰਘੇ ਵਰ੍ਹੇ ਦੇ ਅੰਤਲੇ ਦਿਨਾਂ ਵਿਚ ਉਧਰੋਂ ਲੰਘ ਰਿਹਾ ਸਾਂ ਤਾਂ ਸਕੂਲ ਦੇ ਦਰਵਾਜ਼ੇ ਉਤੇ ਇਕ ਹੀ ਤਰ੍ਹਾਂ ਦੀਆਂ ਜਿਲਦਾਂ ਵਾਲੀਆਂ ਪੁਸਤਕਾਂ ਦਾ ਭਰਿਆ ਇਕ ਟਰੱਕ ਖੜਾ ਸੀ। ਚਾਰ ਕਾਮੇ ਇਸ ਵਿਚਲੀਆਂ ਪੁਸਤਕਾਂ ਦੇ ਬੰਡਲ ਸਕੂਲ ਦੇ ਅੰਦਰ ਲਿਜਾ ਰਹੇ ਸਨ।
ਮੇਰੇ ਘਰ ਦੇ ਦੋ ਬੱਚੇ ਏਸ ਸਕੂਲ ਵਿਚ ਪੜ੍ਹਦੇ ਹਨ। ਵੱਡੀ ਬੱਚੀ ਯਾਸ਼ਿਕਾ ਛੇਵੀਂ ਕਲਾਸ ਵਿਚ ਹੈ ਤੇ ਛੋਟੀ ਮੋਨਿਕਾ ਨਰਸਰੀ ਵਿਚ। ਉਨ੍ਹਾਂ ਤੋਂ ਪਤਾ ਲਗਿਆ ਕਿ ਸਕੂਲ ਵਿਚ ਪੜ੍ਹਦੇ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਸ਼੍ਰੀਮਦ ਭਗਵਦ ਗੀਤਾ ਦੀਆਂ ਕਾਪੀਆਂ ਮੁਫਤ ਵੰਡੀਆਂ ਜਾਣੀਆਂ ਸਨ। ਪਰ ਜਦੋਂ ਪੰਜਵੀਂ ਜਮਾਤ ਵਾਲੀ ਮੈਡਮ ਨੂੰ ਪਤਾ ਲਗਿਆ ਤਾਂ ਉਸ ਨੇ ਆਪਣੀ ਜਮਾਤ ਦੇ ਵਿਦਿਆਰਥੀਆਂ ਨੂੰ ਵੀ ਗੀਤਾ ਦੀਆਂ ਕਾਪੀਆਂ ਦਿੱਤੇ ਜਾਣ ਦੀ ਜ਼ਿੱਦ ਕੀਤੀ। ਉਨ੍ਹਾਂ ਲਈ ਹੋਰ ਕਾਪੀਆਂ ਮੰਗਵਾਈਆਂ ਗਈਆਂ। ਨਿਸਚੇ ਹੀ ਇਹ ਕਾਪੀਆਂ ਬਾਕੀ ਦੇ ਸਰਕਾਰੀ ਸਕੂਲਾਂ ਵਿਚ ਵੀ ਮੁਫਤ ਵੰਡੀਆਂ ਜਾਣੀਆਂ ਸਨ।
ਗੀਤਾ ਦੀਆਂ ਏਨੀਆਂ ਕਾਪੀਆਂ ਦਾ ਮੁੱਲ ਕਿਸ ਨੇ ਤਾਰਿਆ ਮੇਰੇ ਲਈ ਗੁੰਝਲ ਬਣਿਆ ਹੋਇਆ ਸੀ ਕਿ ਹਰਿਆਣਾ ਦੇ ਵਿਦਿਆ ਮੰਤਰੀ ਰਾਮ ਬਿਲਾਸ ਸ਼ਰਮਾ ਦਾ ਬਿਆਨ ਮੀਡੀਆ ਵਿਚ ਆ ਗਿਆ। ਉਹ ਇਹ ਕਿ ਹਰਿਆਣਾ ਦੇ ਸਕੂਲਾਂ ਵਿਚ ਸ਼੍ਰੀਮਦ ਭਗਵਦ ਗੀਤਾ ਦੇ ਚੋਣਵੇਂ ਅੰਸ਼ ਸਿਲੇਬਸ ਦਾ ਹਿੱਸਾ ਬਣਾਏ ਜਾਣਗੇ।
ਮੈਂ ਯਾਸ਼ਿਕਾ ਨੂੰ ਕਿਹਾ ਕਿ ਉਹ ਮੈਨੂੰ ਵੀ ਇਕ ਕਾਪੀ ਲਿਆ ਦੇਵੇ। ਸ਼੍ਰੀ ਸ਼੍ਰੀਮਦ ਏæਸੀ ਭਗਤਿਵੇਦਾਂਤ ਸਵਾਮੀ ਪ੍ਰਭੂਪਦ ਦੀ ਵਿਆਖਿਆ ਸਮੇਤ ਛਪਿਆ ਇਹ ਸੰਪੂਰਣ ਤੇ ਅਖੰਡ ਸੰਸਕਰਣ 576 ਪੰਨੇ ਦਾ ਹੈ। ਪੋਥੀ ਉਤੇ ਮੁੱਲ ਨਹੀਂ ਲਿਖਿਆ ਹੋਇਆ ਪਰ ਇਹ ਗੱਲ ਸਪਸ਼ਟ ਹੈ ਕਿ ਪਹਿਲਾ ਐਡੀਸ਼ਨ ਜਦੋਂ ਵੀ ਛਪਿਆ, ਦਸ ਹਜ਼ਾਰ ਸੀ। ਹਥਲਾ ਐਡੀਸ਼ਨ ਛੇ ਲੱਖ ਛੱਪਿਆ ਹੈ।
ਮੈਂ ਹਿੰਦੀ ਭਾਸ਼ਾ ਚੰਗੀ ਖਾਸੀ ਸਮਝਦਾ ਹਾਂ। ਸਵਾਮੀ ਜੀ ਦੀ ਵਿਆਖਿਆ ਵਾਲੀ ਹਿੰਦੀ ਬੜੀ ਕਠਿਨ ਹੈ ਛੋਟੀ ਸ਼੍ਰੇਣੀ ਦੇ ਵਿਦਿਆਰਥੀਆਂ ਦੇ ਸਮਝ ਆਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹਰਿਆਣਾ ਦੇ ਜਾਟਾਂ ਤੇ ਖੇਤ ਮਜ਼ਦੂਰਾਂ ਦੇ ਬੱਚੇ ਕਿਵੇਂ ਸਮਝਣਗੇ, ਵਿਦਿਆ ਮੰਤਰੀ ਜੀ ਹੀ ਜਾਨਣ! ਆਮੁਖ ਦਾ ਇਕ ਵਾਕ ਹੈ:
ਹਮਾਰਾ ਕ੍ਰਿਸ਼ਨਾ ਭਾਵਨਾਮ੍ਰਿਤ ਅੰਦੋਲਨ ਮੌਲਿਕ ਇਤਿਹਾਸਕ ਦ੍ਰਿਸ਼ਟੀ ਸੇ ਪ੍ਰਮਾਣਿਕ, ਸਹਿਜ ਤਥਾ ਦਿਵਯ ਹੈ ਕਿਉਂਕਿ ਯਿਹ ਭਗਵਦ ਗੀਤਾ ਯਥਾਰੂਪ ਪਰ ਆਧਾਰਿਤ ਹੈ।
ਅੰਤਿਕਾ: (ਟੀ ਐਨ ਰਾਜ਼)
ਹੋ ਮੁਬਾਰਕ ਸਾਲ ਕਾ ਪਹਿਲਾ ਮਹੀਨਾ ਆਪ ਕੋ।
ਔਰ ਮਿਲ ਜਾਏ ਨਈ ਕੋਈ ਹਸੀਨਾ ਆਪ ਕੋ।
ਹਮ ਦਸੰਬਰ ਮੇਂ ਮਗਰ ਪੂਛੇਂਗੇ ਹਜ਼ਰ ਯੇਹ ਜ਼ਰੂਰ,
ਮਿਲ ਗਿਆ ਕਿਆ ਇਸ਼ਕ ਕੀ ਮੰਜ਼ਿਲ ਕਾ ਜ਼ੀਨਾ ਆਪ ਕੋ।