ਫਲਸਤੀਨੀਆਂ ਦੀ ਜੁਝਾਰੂ ਜਥੇਬੰਦੀ ‘ਹਮਾਸ’ ਦੇ ਮੋਢੀ ਲੀਡਰਾਂ ਵਿਚੋਂ ਇਕ, ਸ਼ੇਖ ਹਸਨ ਯੂਸਫ ਦੇ ਪੁੱਤਰ ਮੋਸਾਬ ਹਸਨ ਯੂਸਫ (ਜਨਮ 1978) ਨੇ ਛੋਟੀ ਉਮਰ ਵਿਚ ਹੀ ਆਪਣੀ ਸਵੈ-ਜੀਵਨੀ ‘ਸਨ ਆਫ ਹਮਾਸ’ ਲਿਖ ਦਿੱਤੀ ਹੈ। ਫਲਸਤੀਨ ਲਈ ਜੂਝ ਰਹੇ ਲੋਕਾਂ ਨੇ ਇਸ ਕਿਤਾਬ ਨੂੰ ਮੁੱਢੋਂ-ਸੁੱਢੋਂ ਰੱਦ ਕੀਤਾ ਹੈ ਪਰ ਪੱਛਮੀ ਜਗਤ ਨੇ ਇਸ ਕਿਤਾਬ ਦਾ ਭਰਵਾਂ ਸਵਾਗਤ ਕੀਤਾ ਹੈ।
ਮੋਸਾਬ ਅੱਜ ਕੱਲ੍ਹ ਅਮਰੀਕਾ ਵਿਚ ਰਹਿੰਦਾ ਹੈ ਅਤੇ ਉਸ ਦੇ ਇਜ਼ਰਾਈਲ ਲਈ ਜਾਸੂਸੀ ਕਰਨ ਦੇ ਕਿੱਸੇ ਵੀ ਲਗਾਤਾਰ ਚਰਚਾ ਵਿਚ ਰਹੇ ਹਨ। ਅਜਿਹੇ ਕੀ ਕਾਰਨ ਸਨ ਕਿ ਰੋਹ ਨਾਲ ਭਰਿਆ ਮੋਸਾਬ ਆਖਰਕਾਰ ਇਜ਼ਰਾਈਲ ਦਾ ਏਜੰਟ ਬਣ ਗਿਆ? ਇਸ ਬਾਰੇ ਬਾਤ ਪਾਉਂਦਾ ਇਹ ਲੰਮਾ ਲੇਖ ਉਘੇ ਸਿੱਖ ਚਿੰਤਕ ਪ੍ਰੋæ ਹਰਪਾਲ ਸਿੰਘ ਪੰਨੂ ਨੇ ‘ਪੰਜਾਬ ਟਾਈਮਜ਼’ ਨੂੰ ਭੇਜਿਆ ਹੈ। ਸਾਲ 2012 ਵਿਚ ਛਪੀ ਇਸ ਕਿਤਾਬ ‘ਤੇ ਆਧਾਰਤ ਇਸ ਲੇਖ ਵਿਚ ਉਨ੍ਹਾਂ ਇਸ ਕਿਤਾਬ, ਲੇਖਕ ਮੋਸਾਬ ਹਸਨ ਯੂਸਫ, ਫਲਸਤੀਨ ਅਤੇ ਇਜ਼ਰਾਈਲ ਦੇ ਪਿਛੋਕੜ ਵਿਚ ਪਏ ਅਹਿਮ ਤੱਥ ਉਜਾਗਰ ਕੀਤੇ ਹਨ। ਪਹਿਲੀ ਕਿਸ਼ਤ ਵਿਚ ਸ਼ਾਂਤ ਸੁਭਾਅ ਵਾਲੇ ਸ਼ੇਖ ਹਸਨ ਯੂਸਫ ਬਾਰੇ ਚਰਚਾ ਹੋਈ ਸੀ, ਉਹ ਹੌਲੀ ਹੌਲੀ ਜਹਾਦ ਵੱਲ ਕਿਸ ਤਰ੍ਹਾਂ ਸਰਕ ਰਿਹਾ ਸੀ। ਇਸ ਕਿਸ਼ਤ ਵਿਚ ਸ਼ੇਖ ਹਸਨ ਯੂਸਫ ਦਾ ਪੁੱਤਰ ਅਤੇ ਇਸ ਕਿਤਾਬ ਦਾ ਲੇਖਕ ਮੋਸਾਬ ਹਸਨ ਯੂਸਫ ਜਹਾਦ ਵੱਲ ਤੁਰਦਾ ਲੱਭਦਾ ਹੈ। -ਸੰਪਾਦਕ
ਹਰਪਾਲ ਸਿੰਘ ਪੰਨੂ
ਫੋਨ: 91-94642-51454
1975 ਵਿਚ ਮੋਸਾਬ ਹਸਨ ਯੂਸਫ ਦਾ ਅੱਬੂ ਸ਼ੇਖ ਹਸਨ ਯੂਸਫ ਜਦੋਂ ਜਾਰਡਨ ਵਿਚ ਪੜ੍ਹਨ ਆਇਆ, ਉਦੋਂ ਉਥੇ ਮੁਸਲਿਮ ਬ੍ਰਦਰਹੁੱਡ ਦਾ ਬੋਲਬਾਲਾ ਸੀ ਤੇ ਮੁਸਲਮਾਨਾਂ ਵਿਚ ਇਨ੍ਹਾਂ ਦੀ ਪੂਰੀ ਇੱਜ਼ਤ ਸੀ। ਸ਼ੇਖ ਹਸਨ ਯੂਸਫ ਦੇਖ ਰਿਹਾ ਸੀ, ਬ੍ਰਦਰਹੁੱਡ ਕਾਫਰਾਂ ਨੂੰ ਮੋਮਿਨ ਕਰ ਰਿਹਾ ਸੀ। ਬ੍ਰਦਰਹੁੱਡ ਦੇ ਨੇਤਾ ਉਹੋ ਕੁਝ ਕਰ ਰਹੇ ਸਨ ਜੋ ਈਸਾਈਆਂ ਵਾਸਤੇ ਮਾਰਟਿਨ ਲੂਥਰ ਨੇ ਕੀਤਾ ਸੀ। ਸ਼ੇਖ ਨੇ ਕਿਹਾ- ਇਹੋ ਮੇਰਾ ਸੁਫਨਾ ਸੀ। ਸ਼ੇਖ ਨੇ ਇਸਲਾਮ ਦਾ ਇਥੇ ਉਹ ਪੱਖ ਦੇਖਿਆ ਜੋ ਦਇਆ, ਪਿਆਰ ਤੇ ਰਹਿਮ ਸਿਖਾਉਂਦਾ ਹੈ। ਇਸ ਕਥਾ ਦੇ ਨਾਇਕ ਮੋਸਾਬ ਨੇ ਲਿਖਿਆ, “ਇਸਲਾਮ ਦਾ ਜੀਵਨ ਪੌੜੀ ਵਾਂਗ ਹੈ। ਪਹਿਲਾ ਡੰਡਾ ਅਰਦਾਸ ਹੈ, ਦੂਜਾ ਅੱਲਾਹ ਦੀ ਸਿਫਤ, ਤੀਜਾ ਲੋੜਵੰਦਾਂ ਲਾਚਾਰਾਂ ਦੀ ਮਦਦ, ਚੌਥਾ ਸਕੂਲ ਹਸਪਤਾਲ ਉੁਸਾਰਨੇ, ਪੰਜਵਾਂ ਦਾਨ ਤੇ ਸਭ ਤੋਂ ਸਿਖਰਲਾ ਡੰਡਾ ਜਹਾਦ ਹੈ। ਪੌੜੀ ਬੜੀ ਲੰਮੀ ਹੈ, ਸਿਖਰਲੇ ਡੰਡੇ ਉਪਰ ਕੀ ਹੋ ਰਿਹਾ ਹੈ, ਹੇਠਲਿਆਂ ਨੂੰ ਦਿਸਦਾ ਈ ਨਹੀਂ। ਉਪਰ ਜਾਣ ਦੀ ਰਫਤਾਰ ਧੀਮੀ ਹੈ। ਚਿੜੀ ਬਿੱਲੀ ਨੂੰ ਅੱਗੇ-ਪਿਛੇ ਆਉਂਦੀ ਜਾਂਦੀ ਦੇਖ ਰਹੀ ਹੈ ਪਰ ਇਹ ਨਹੀਂ ਸਮਝ ਸਕੀ ਕਿ ਹਰ ਗੇੜੇ ਨਾਲ ਬਿੱਲੀ ਰਤਾ ਕੁ ਹੋਰ ਚਿੜੀ ਵੱਲ ਸਰਕ ਰਹੀ ਹੈ। ਅੱਖ ਦੇ ਪਲਕਾਰ ਵਿਚ ਬਿੱਲੀ ਦੇ ਪੰਜੇ ਚਿੜੀ ਦੇ ਖੂਨ ਨਾਲ ਭਿਜੇ ਦਿਸਦੇ ਹਨ। ਨਰਮਦਲੀਆ ਮੁਸਲਮਾਨ, ਕੱਟੜ ਮੁਸਲਮਾਨ ਨਾਲੋਂ ਵਧੀਕ ਖਤਰਨਾਕ ਹੈ ਕਿਉਂਕਿ ਦੇਖਣ ਨੂੰ ਠੀਕ ਲਗਦਾ ਹੈ ਪਰ ਅਚਾਨਕ ਕਦੋਂ ਉਹ ਸਿਖਰਲਾ ਡੰਡਾ ਛੁਹ ਲਏ, ਪਤਾ ਨਹੀਂ ਲਗਦਾ। ਬਹੁਤੇ ਆਤਮਘਾਤੀ ਬੰਦੇ ਨਰਮਦਲੀਆਂ ਵਿਚੋਂ ਹੁੰਦੇ ਹਨ। ਮੋਸਾਬ ਦਾ ਅੱਬੂ ਪਹਿਲੀ ਪੌੜੀ ਚੜ੍ਹਿਆ ਤੇ ਅਖੀਰ ਤੱਕ ਪੁੱਜ ਗਿਆ। ਉਹ ਅੱਬੂ ਤੋਂ ਪੁੱਛਣਾ ਚਾਹੁੰਦਾ ਸੀ- ਅੱਬੂ! ਹਮਦਰਦ, ਦਿਆਲੂ ਇਨਸਾਨ ਤੋਂ ਤੁਸੀਂ ਮਾਸੂਮਾਂ ਦੇ ਕਤਲਾਂ ਤੱਕ ਕਿਉਂ ਪੁੱਜ ਗਏ? ਪਰ ਇਸਲਾਮੀ ਸਮਾਜ ਵਿਚ ਵੱਡਿਆਂ ਨੂੰ ਇਹੋ ਜਿਹੇ ਸਵਾਲ ਕਰਨ ਦਾ ਰਿਵਾਜ ਨਹੀਂ!
ਜਾਰਡਨ ਦੀ ਪੜ੍ਹਾਈ ਮੁਕਾ ਕੇ ਅੱਬੂ ਵਾਪਸ ਆਇਆ ਤਾਂ ਲੱਗਾ ਕਿ ਇਸਲਾਮ ਵਾਸਤੇ ਕੁਝ ਕਰੇਗਾ। ਇਕ ਉਸੇ ਵਰਗਾ ਬੰਦਾ ਇਬ੍ਰਾਹੀਮ ਅਬੂ ਸਲੇਮ ਸੀ। ਇਨ੍ਹਾਂ ਦੋਹਾਂ ਨੇ ਫਲਸਤੀਨ ਵਿਚ ਬ੍ਰਦਰਹੁੱਡ ਦੀ ਮੋਹੜੀ ਗੱਡੀ। 1977 ਵਿਚ ਉਸ ਦੀ ਜੇਬ ਵਿਚ ਕੇਵਲ 50 ਦਿਨਾਰ ਸਨ ਜਦੋਂ ਸਲੇਮ ਦੀ ਭੈਣ ਸੱਬਾ ਨਾਲ ਨਿਕਾਹ ਹੋਇਆ। ਸਾਲ ਬਾਅਦ ਮੋਸਾਬ ਜੰਮਿਆ। ਪਿਤਾ ਨੂੰ ਇਮਾਮ ਵਜੋਂ ਤਨਖਾਹ ਮਿਲਦੀ ਸੀ। ਫਿਰ ਸਕੂਲ ਵਿਚ ਪੜ੍ਹਾਉਣ ਦੀ ਨੌਕਰੀ ਵੀ ਮਿਲ ਗਈ ਪਰ ਦੋਵੇਂ ਤਨਖਾਹਾਂ ਮਿਲਾ ਕੇ ਵੀ ਪਰਿਵਾਰ ਦਾ ਗੁਜ਼ਾਰਾ ਮੁਸ਼ਕਲ ਨਾਲ ਚਲਦਾ। ਤਿੰਨ ਮੁੰਡੇ ਤੇ ਤਿੰਨ ਕੁੜੀਆਂ ਦਾ ਪਰਿਵਾਰ ਸੀ। ਮਾਂ, ਬੱਚਿਆਂ ਨੂੰ ਨਮਾਜ਼ ਪੜ੍ਹਨੀ ਸਿਖਾਉਂਦੀ; ਰੋਜ਼ੇ ਰੱਖਣੇ ਸਿਖਾਉਂਦੀ। ਜਿਵੇਂ ਅੱਬੂ ਬਾਬੇ ਵਰਗਾ ਬਣਨ ਦਾ ਇੱਛੁਕ ਸੀ, ਮੋਸਾਬ ਆਪਣੇ ਅੱਬੂ ਵਰਗਾ ਬਣਨਾ ਚਾਹੁੰਦਾ।
ਦੁਪਹਿਰ ਦੀ ਅਜ਼ਾਨ ਹੋਈ ਤਾਂ ਮੋਸਾਬ ਵੀ ਬਾਕੀ ਬੱਚਿਆਂ ਨਾਲ ਮਸਜਿਦ ਵੱਲ ਤੁਰ ਪਿਆ। ਸੋਚਿਆ, ਇੰਨੀਆਂ ਕਾਰਾਂ ਕਿਉਂ ਹਨ? ਜਾ ਕੇ ਦੇਖਿਆ, ਲਾਸ਼ ਪਈ ਸੀ। ਦਫਨ ਵਾਸਤੇ ਲਿਜਾ ਰਹੇ ਸਨ। ਪਿਛੇ ਪਿਛੇ ਉਹ ਵੀ ਤੁਰ ਪਿਆ। ਕਬਰਿਸਤਾਨ ਪੁੱਜ ਗਏ। ਇਕ ਬੰਦੇ ਨੇ ਕਿਹਾ- ਬੱਚੇ, ਕਬਰ ਉਪਰ ਪੈਰ ਨਹੀਂ ਰੱਖੀਦਾ। ਕਬਰ ਪਹਿਲੋਂ ਹੀ ਪੁੱਟੀ ਹੋਈ ਸੀ। ਇਮਾਮ ਨੇ ਇਸ਼ਾਰਾ ਕੀਤਾ ਤਾਂ ਕਫਨ ਜ਼ਮੀਨ ਵਿਚ ਉਤਾਰ ਦਿੱਤਾ। ਸਾਰੇ ਜਣੇ ਮਿੱਟੀ ਪਾਉਣ ਲੱਗੇ। ਕਬਰ ਪੁੱਟਣ ਵਾਲੇ ਦਾ ਨਾਮ ਜੁੱਮਾ ਸੀ। ਕਈ ਵਾਰੀ ਤਾਂ ਇਕੋ ਦਿਨ ਤਿੰਨ ਚਾਰ ਲਾਸ਼ਾਂ ਦਫਨ ਵਾਸਤੇ ਆ ਜਾਂਦੀਆਂ ਸਨ। ਬੱਚਿਆਂ ਤੋਂ ਸੁਣਿਆ ਸੀ, ਜੁੱਮਾ ਕਦੇ ਨਮਾਜ਼ ਨਹੀਂ ਪੜ੍ਹਦਾ; ਨਾ ਉਸ ਦਾ ਕੁਰਾਨ ਵਾਲੇ ਰੱਬ ਵਿਚ ਯਕੀਨ ਹੈ। ਕੀ ਉਸ ਨੂੰ ਮੌਤ ਤੋਂ ਡਰ ਨਹੀਂ ਲਗਦਾ? ਮੋਸਾਬ ਸੋਚਦਾæææ! ਇਮਾਮ ਨੇ ਮ੍ਰਿਤਕ ਬਾਰੇ ਕਿਹਾ- ਇਹ ਆਦਮੀ ਚਲਾ ਗਿਐ। ਆਪਣਾ ਧਨ, ਜਾਇਦਾਦ, ਧੀਆਂ, ਪੁੱਤ, ਪਤਨੀ; ਸਭ ਨੂੰ ਛੱਡ ਗਿਐ। ਆਪਾਂ ਸਾਰੇ ਇਵੇਂ ਜਾਵਾਂਗੇ। ਥੋੜ੍ਹੀ ਦੇਰ ਬਾਅਦ ਇਸ ਦੀ ਰੂਹ ਇਥੇ ਪਰਤੇਗੀ। ਮੁਨਕਿਰ ਤੇ ਨਕੀਰ ਫਰਿਸ਼ਤੇ ਇਸ ਤੋਂ ਇਸ ਦੀ ਕਰਨੀ ਬਾਰੇ ਸਵਾਲ ਪੁੱਛਣਗੇæææਪੁੱਛਣਗੇ- ਤੇਰਾ ਰੱਬ ਕਿਹੜੈ? ਜੇ ਉਸ ਤੋਂ ਸਹੀ ਉਤਰ ਨਾ ਦਿਤੇ ਗਏ ਤਾਂ ਉਸ ਦੇ ਸਿਰ ਵਿਚ ਹਥੌੜਾ ਮਾਰਨਗੇ ਤੇ ਮ੍ਰਿਤਕ ਦੀ ਰੂਹ 70 ਸਾਲ ਵਾਸਤੇ ਜ਼ਮੀਨ ਵਿਚ ਧਸ ਜਾਏਗੀ। ਯਾ ਅੱਲਾ! ਸਾਥੋਂ ਠੀਕ ਜਵਾਬ ਦਿਵਾਈਂ।
ਅੱਬੂ ਨੇ ਕਦੀ ਇਹ ਗੱਲਾਂ ਨਹੀਂ ਦੱਸੀਆਂ। ਮੋਸਾਬ ਨੇ ਅੱਬੂ ਨੂੰ ਕਿਹਾ- ਮੈਨੂੰ ਹੁਣੇ ਠੀਕ ਜਵਾਬ ਸਿਖਾ ਦੇ, ਮੈਨੂੰ ਡਰ ਲਗਦੈ। ਅੱਖ ਬਚਾ ਕੇ ਫਿਰ ਕਬਰਿਸਤਾਨ ਵਿਚ ਚਲਾ ਗਿਆ ਤਾਂ ਕਿ ਸਵਾਲ-ਜਵਾਬ ਸੁਣ ਸਕੇ, ਹਥੌੜਾ ਵਜਦਾ ਦੇਖੇ। ਘੰਟੇ ਦਾ ਬੈਠਾ ਬੈਠਾ ਬੋਰ ਹੋ ਗਿਆ। ਆ ਕੇ ਮਾਂ ਨੂੰ ਕਿਹਾ- ਉਥੇ ਤਾਂ ਕੁਝ ਵੀ ਨਹੀਂ ਹੋਇਆ? ਮੈਨੂੰ ਨਾ ਸਵਾਲ ਸੁਣੇ ਨਾ ਜਵਾਬ। ਮਾਂ ਨੇ ਕਿਹਾ- ਬੰਦਿਆਂ ਨੂੰ ਨਹੀਂ ਸੁਣਦੇ ਹੁੰਦੇ, ਜਾਨਵਰ ਸੁਣ ਲੈਂਦੇ ਨੇ। ਅੱਠ ਸਾਲ ਦੇ ਮੋਸਾਬ ਨੂੰ ਹੁਣ ਗੱਲ ਸਮਝ ਵਿਚ ਆਈ। ਕਬਰਿਸਤਾਨ ਉਸ ਦਾ ਖੇਡ ਮੈਦਾਨ ਹੋ ਗਿਆ।
—
1986 ਵਿਚ ਹੇਬਰੋਨ ਵਿਖੇ ਸੱਤ ਬੰਦਿਆਂ ਦੀ ਗੁਪਤ ਮੀਟਿੰਗ ਹੋਈ ਤੇ ਫਲਸਤੀਨ ਦੀ ਆਜ਼ਾਦੀ ਵਾਸਤੇ ਸੰਘਰਸ਼ ਕਰਨ ਦਾ ਫੈਸਲਾ ਹੋਇਆ। ਇਨ੍ਹਾਂ ਵਿਚ ਮੋਸਾਬ ਦਾ ਸ਼ਾਂਤ-ਚਿਤ ਅੱਬੂ ਸ਼ੇਖ ਹਸਨ ਵੀ ਸੀ। ਹਾਲੇ ਹਥਿਆਰਬੰਦ ਯੁੱਧ ਕਰਨ ਦੇ ਕਾਬਲ ਨਹੀਂ; ਬੱਸਾਂ ‘ਤੇ ਪਥਰਾਉ, ਟਾਇਰਾਂ ਨੂੰ ਅੱਗ ਲਾਉਣ ਵਰਗੇ ਕੰਮ ਹੋਣਗੇ। ਇਉਂ ਹਮਾਸ ਦਾ ਜਨਮ ਹੋਇਆ। ਹਮਾਸ ਵਿਚ ਜਾਨ ਪਾਉਣ ਲਈ ਮੌਕਾ ਚਾਹੀਦਾ ਸੀ, ਮਿਲ ਗਿਆ।
ਪਲਾਸਟਿਕ ਵੇਚਣ ਵਾਲੇ ਇਕ ਇਜ਼ਰਾਈਲੀ, ਸ਼ਲੋਮੋ ਦਾ ਗਾਜ਼ਾ ਵਿਚ ਛੁਰੇ ਨਾਲ ਕਤਲ ਹੋ ਗਿਆ। ਥੋੜ੍ਹੇ ਦਿਨਾਂ ਬਾਅਦ ਗਾਜ਼ਾ ਦੇ ਰਫਿਊਜੀ ਕੈਂਪ ਵਿਚਲੇ ਚਾਰ ਬੰਦੇ ਸੜਕ ਦੀ ਟ੍ਰੈਫਿਕ ਦੁਰਘਟਨਾ ਵਿਚ ਮਾਰੇ ਗਏ। ਅਫਵਾਹ ਫੈਲੀ ਕਿ ਸ਼ਲੋਮੋ ਦੇ ਕਤਲ ਦਾ ਬਦਲਾ ਲੈਣ ਲਈ ਯਹੂਦੀਆਂ ਨੇ ਇਹ ਕਾਰਾ ਕੀਤਾ ਹੈ। ਦੰਗੇ ਸ਼ੁਰੂ ਹੋ ਗਏ। 17 ਸਾਲਾ ਮੁੰਡੇ ਨੇ ਇਜ਼ਰਾਈਲੀ ਸਿਪਾਹੀ ਉਤੇ ਪੈਟਰੋਲ ਬੰਬ ਸੁੱਟਿਆ। ਮੁੰਡਾ ਗੋਲੀ ਨਾਲ ਫੁੰਡ ਦਿੱਤਾ ਗਿਆ। ਗਾਜ਼ਾ ਵਿਚ ਥਾਂ ਥਾਂ ਲੋਕ ਗਲੀਆਂ ਵਿਚ ਨਿਕਲ ਤੁਰੇ। ਹਮਾਸ ਨੇ ਦੰਗਿਆਂ ਨੂੰ ਪੂਰੀ ਸ਼ਹਿ ਦਿੱਤੀ। ਬੱਚੇ ਇਜ਼ਰਾਈਲੀ ਟੈਂਕਾਂ ਉਪਰ ਪੱਥਰ ਚਲਾਉਂਦੇ, ਅਜਿਹਾ ਕਰਦਿਆਂ ਦੀਆਂ ਤਸਵੀਰਾਂ ਦੁਨੀਆਂ ਭਰ ਦੇ ਅਖਬਾਰਾਂ ਵਿਚ ਛਪਦੀਆਂ। ਫਲਸਤੀਨ ਦਾ ਜਹਾਦ ਸੰਸਾਰ-ਖਬਰ ਬਣ ਗਿਆ। ਇਜ਼ਰਾਈਲੀਆਂ ਦੀਆਂ ਗੋਲੀਆਂ ਨਾਲ ਮਰੇ ਸ਼ਹੀਦਾਂ ਨੂੰ ਤੁਰਤ ਸਕੇ-ਸਬੰਧੀ ਦਫਨਾ ਦਿੰਦੇ, ਕਿਤੇ ਇਜ਼ਰਾਈਲੀ ਇਨ੍ਹਾਂ ਦੇ ਅੰਦਰਲੇ ਅੰਗ ਕੱਢ ਕੇ ਵਰਤ ਨਾ ਲੈਣ।
ਦਸ ਸਾਲ ਦੇ ਮੋਸਾਬ ਨੇ ਹਮਜੋਲੀਆਂ ਨਾਲ ਰਲ ਕੇ ਇਜ਼ਰਾਈਲੀਆਂ ਦੀ ਬੱਸ ਉਪਰ ਪਥਰਾਉ ਕਰਨ ਦੀ ਸੋਚੀ, ਕਿਉਂਕਿ ਵੱਡੀ ਗੱਡੀ ਹੋਣ ਕਰ ਕੇ ਨਿਸ਼ਾਨਾ ਉਕੇਗਾ ਨਹੀਂ। ਹਰ ਇਕ ਨੇ ਦੋ ਦੋ ਪੱਥਰ ਦੋਵਾਂ ਹੱਥਾਂ ਵਿਚ ਫੜੇ, ਤੇ ਓਟ ਵਿਚ ਸ਼ਹਿ ਲਾ ਕੇ ਬੈਠ ਗਏ। ਬੱਸ ਹਰ ਰੋਜ਼ ਇਕੋ ਟਾਈਮ ‘ਤੇ ਆਉਂਦੀ। ਡੀਜ਼ਲ ਇੰਜਣ ਦੀ ਆਵਾਜ਼ ਆਈ, ਚੌਕਸ ਹੋ ਗਏ। ਲੰਘਣ ਲੱਗੀ ਤਾਂ ਪਥਰਾਉ ਕਰ ਦਿੱਤਾ, ਸ਼ੀਸ਼ੇ ਟੁੱਟਣ ਦੀਆਂ ਆਵਾਜ਼ਾਂ ਤੋਂ ਪੱਕਾ ਹੋ ਗਿਆ ਕਿ ਨਿਸ਼ਾਨੇ ਟਿਕਾਣੇ ‘ਤੇ ਲੱਗੇ; ਪਰ ਉਹੋ! ਇਹ ਮੁਸਾਫਰਾਂ ਵਾਲੀ ਨਹੀਂ, ਹਥਿਆਰਬੰਦ ਫੌਜੀਆਂ ਦੀ ਬੱਸ ਸੀ। ਗੁਸੈਲੇ ਫੌਜੀਆਂ ਨੇ ਬੱਸ ਰੋਕ ਲਈ ਤਾਂ ਮੁੰਡੇ ਲੁਕਣ ਲਈ ਭੱਜੇ। ਨਾ ਇਨ੍ਹਾਂ ਨੂੰ ਸਿਪਾਹੀ ਦਿਸੇ, ਨਾ ਸਿਪਾਹੀਆਂ ਨੂੰ ਮੁੰਡੇ। ਉਨ੍ਹਾਂ ਹਵਾਈ ਫਾਇਰ ਸ਼ੁਰੂ ਕਰ ਦਿੱਤੇ, ਤੇ ਮੁੰਡੇ ਅੱਖ ਬਚਾ ਕੇ ਮਸੀਤ ਅੰਦਰ ਜਾ ਵੜੇ। ਨਮਾਜ਼ ਪੜ੍ਹੀ ਜਾ ਰਹੀ ਸੀ। ਨਮਾਜ਼ੀਆਂ ਨੂੰ ਕੋਈ ਪਤਾ ਨਹੀਂ, ਫਾਇਰਿੰਗ ਕਿਉਂ ਹੋ ਰਹੀ ਹੈ। ਇਹ ਮੁੰਡੇ ਸਭ ਤੋਂ ਪਿਛਲੀ ਕਤਾਰ ਵਿਚ ਜਾ ਖਲੋਤੇ। ਨਮਾਜ਼ ਖਤਮ ਹੋਈ ਤਾਂ ਇਮਾਮ ਨੇ ਗੁੱਸੇ ਨਾਲ ਇਨ੍ਹਾਂ ਵਲ ਦੇਖਿਆ। ਇੰਨੇ ਨੂੰ ਫੌਜੀ ਮਸੀਤ ਵਿਚ ਆ ਗਏ, ਤੇ ਸਾਰਿਆਂ ਨੂੰ ਮੂਧੇ ਮੂੰਹ ਲੇਟਣ ਲਈ ਕਿਹਾ। ਸ਼ਨਾਖਤ ਹੋਣੀ ਸ਼ੁਰੂ ਹੋ ਗਈ। ਮੁੰਡਿਆਂ ਨੂੰ ਪਸੀਨੇ ਛੁੱਟ ਰਹੇ ਸਨ ਕਿ ਗੋਲੀਆਂ ਮਾਰ ਦੇਣਗੇ; ਪਰ ਕਿਸੇ ਨੂੰ ਕੁਝ ਨਾ ਕਿਹਾ। ਸਿਪਾਹੀਆਂ ਨੇ ਪੱਥਰ ਸੁਟਦੇ ਬੱਚੇ ਦੇਖੇ ਹੀ ਨਹੀਂ ਸਨ, ਤੇ ਉਨ੍ਹਾਂ ਦੇ ਖਿਆਲ ਵਿਚ ਵੀ ਨਹੀਂ ਆਇਆ ਕਿ ਇੰਨੇ ਛੋਟੇ ਮੁੰਡੇ ਇੱਡਾ ਕਾਰਾ ਕਰ ਸਕਦੇ ਹਨ। ਦਬਕੇ-ਦੁਬਕੇ ਮਾਰ ਕੇ ਫੌਜੀ ਚਲੇ ਗਏ। ਮੋਸਾਬ ਅਤੇ ਸਾਥੀ ਹੋਰ ਹੌਸਲੇ ਵਿਚ ਆ ਗਏ ਕਿ ਦੇਖੋ ਕਿੱਡਾ ਵੱਡਾ ਕੰਮ ਕੀਤਾ, ਤੇ ਬਚ ਵੀ ਗਏ।
ਇਕ ਦਿਨ ਫਿਰ ਮੋਸਾਬ ਅਤੇ ਉਸ ਦੇ ਇਕ ਸਾਥੀ ਨੇ ਕਾਰ ਉਤੇ ਘਾਤ ਲਾ ਕੇ ਪੱਥਰ ਸੁੱਟੇ। ਪੱਥਰ ਸ਼ੀਸ਼ੇ ‘ਤੇ ਵੱਜਾ, ਤੇ ਬੰਬ ਫਟਣ ਵਰਗੀ ਆਵਾਜ਼ ਆਈ। ਕੁਝ ਦੂਰ ਤੱਕ ਤਾਂ ਕਾਰ ਅੱਗੇ ਵੱਲ ਦੌੜੀ, ਫਿਰ ਬੈਕ-ਗਿਅਰ ਪਾ ਕੇ ਡਰਾਈਵਰ ਵਾਪਸ ਲੈ ਆਇਆ। ਮੋਸਾਬ ਕਬਰਿਸਤਾਨ ਵੱਲ ਭੱਜ ਗਿਆ, ਤੇ ਉਸ ਦਾ ਸਾਥੀ ਉਲਟ ਦਿਸ਼ਾ ਵਿਚ, ਤਾਂ ਕਿ ਇਕ ਤਾਂ ਬਚੇ। ਹੱਥ ਵਿਚ ਗੰਨ ਫੜੀ ਇਜ਼ਰਾਈਲੀ ਕਬਰਿਸਤਾਨ ਵੱਲ ਭੱਜਾ। ਮੋਸਾਬ ਕਬਰ ਦੇ ਪਰਲੇ ਪਾਸੇ ਲੇਟ ਗਿਆ। ਜਾਣਦਾ ਸੀ, ਜਿਉਂ ਸਿਰ ਉਪਰ ਚੁਕਿਆ, ਗੋਲੀ ਪਾਰ ਹੋ ਜਾਵੇਗੀ। ਹਨ੍ਹੇਰਾ ਪੈਣ ਲੱਗਾ, ਇਜ਼ਰਾਈਲੀ ਕਬਰਿਸਤਾਨ ਵਿਚ ਵੜਨੋਂ ਡਰਦਾ ਸੀ। ਮੋਸਾਬ ਭੱਜਿਆ, ਖੋਦੀ ਹੋਈ ਕਬਰ ਵਿਚ ਜਾ ਡਿੱਗਾ। ਇਜ਼ਰਾਈਲੀ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ, ਤੇ ਚਲਾ ਗਿਆ।
ਅੱਧੇ ਘੰਟੇ ਬਾਅਦ ਮੋਸਾਬ ਕਬਰ ਵਿਚੋਂ ਬਾਹਰ ਨਿਕਲ ਕੇ ਘਰ ਗਿਆ। ਸ਼ੁਕਰ! ਫਿਰ ਬਚ ਗਿਆ। ਕੱਝ ਹਫਤਿਆਂ ਬਾਅਦ ਮੋਸਾਬ ਕੋਲੋਂ ਉਹੀ ਕਾਰ ਲੰਘੀ, ਉਹੀ ਡਰਾਈਵਰ। ਉਸ ਨੇ ਕਾਰ ਰੋਕ ਲਈ, ਮੋਸਾਬ ਨੂੰ ਪਛਾਣ ਲਿਆ। ਮੋਸਾਬ ਭੱਜਿਆ, ਪਰ ਐਤਕੀਂ ਦੂਰ ਨਹੀਂ ਜਾ ਸਕਿਆ। ਫੜ ਕੇ ਚਪੇੜ ਜੜੀ, ਤੇ ਧੂਹ ਕੇ ਗੱਡੀ ਵਿਚ ਸੁੱਟ ਲਿਆ; ਛਉਣੀ ਵਿਚ ਲੈ ਗਏ। ਉਸ ਨੂੰ ਕਿਹਾ- ਜੁੱਤੇ ਉਤਾਰ ਕੇ ਜ਼ਮੀਨ ‘ਤੇ ਬਹਿ ਜਾ। ਬੈਠ ਗਿਆ। ਸੋਚਣ ਲੱਗਾ- ਗੋਲੀ ਮਾਰ ਕੇ ਲਾਸ਼ ਖੇਤਾਂ ਵਿਚ ਸੁੱਟ ਦੇਣਗੇ। ਹਨ੍ਹੇਰਾ ਪੈਣ ਲੱਗਾ ਤਾਂ ਇਕ ਸਿਪਾਹੀ ਨੇੜੇ ਆਇਆ, ਕਿਹਾ- ਜਾਹ ਦਫਾ ਹੋ ਜਾਹ। ਮੋਸਾਬ ਨੇ ਕਿਹਾ- ਪਰ ਮੈਂ ਇੱਕਲਾ ਘਰ ਕਿਵੇਂ ਜਾਵਾਂ? ਨਾਲੇ ਮੇਰੇ ਜੁੱਤੇ ਤਾਂ ਦੇ ਦਿਉ। ਸਿਪਾਹੀਆਂ ਨੇ ਕਿਹਾ- ਸੁਣੀ ਨੀ ਗੱਲ? ਤੁਰ ਜਾਹ, ਅਗਾਂਹ ਤੋਂ ਪੱਥਰ ਮਾਰਿਆ ਨਾ, ਗੋਲੀ ਨਾਲ ਫੁੰਡ ਦਿਆਂਗੇ, ਸਮਝਿਆ?
ਘਰ ਪੁੱਜਾ ਤਾਂ ਮਾਂ ਨੇ ਛਾਤੀ ਨਾਲ ਘੁੱਟ ਲਿਆ ਤੇ ਰੋਣ ਲੱਗੀ। ਲੋਕਾਂ ਨੇ ਦੱਸ ਦਿੱਤਾ ਸੀ ਕਿ ਇਜ਼ਰਾਈਲੀ ਕਾਰ ਵਿਚ ਸੁੱਟ ਕੇ ਲੈ ਗਏ। ਕਦੀ ਪਥਰਾਉ ਹੁੰਦਾ, ਫੌਜੀ ਉਸ ਦੇ ਘਰ ਆ ਵੜਦੇ। ਮੋਸਾਬ ਇਸ ਗੱਲ ‘ਤੇ ਹੈਰਾਨ ਹੋਈ ਜਾਂਦਾ, ਕਿ ਕਿਸੇ ਨੇ ਵੀ ਪੱਥਰ ਮਾਰ ਦਿੱਤਾ, ਤਾਂ ਇੰਨਾ ਗੁੱਸਾ ਕਰਨ ਦੀ ਕੀ ਲੋੜ? ਕਿੱਡੇ ਕਿੱਡੇ ਭਾਰੇ ਹਥਿਆਰ ਚੁੱਕੀ ਫਿਰਦੇ ਨੇ।
ਇਕ ਰਾਤ ਜਦੋਂ ਖਾਣਾ ਖਾਣ ਪਿਛੋਂ ਗੱਲੀਂ ਲੱਗੇ ਹੋਏ ਸਨ, ਬੂਹੇ ‘ਤੇ ਦਸਤਕ ਹੋਈ। ਬੂਹਾ ਖੋਲ੍ਹਿਆ, ਇਜ਼ਰਾਈਲੀ ਪੁਲਿਸ ਦੇਖੀ। ਸਿਪਾਹੀ ਨੇ ਪੁਛਿਆ- ਸ਼ੇਖ ਹਸਨ? ਅੱਬੂ ਨੇ ਕਿਹਾ- ਹਾਂ, ਸ਼ੇਖ ਹਸਨ। ਪੰਜ ਮਿੰਟ ਪੁੱਛ-ਗਿਛ ਕਰਨੀ ਹੈ, ਸਾਡੇ ਨਾਲ ਛਾਉਣੀ ਜਾਣਾ ਪਏਗਾ। ਲੈ ਗਏ। ਪਰਿਵਾਰ ਸਾਰੀ ਰਾਤ ਉਡੀਕਦਾ ਰਿਹਾ। ਫਿਰ ਰੈਡ ਕਰਾਸ ਦੇ ਦਫਤਰ ਤੋਂ ਜਾਣਕਾਰੀ ਮੰਗੀ। ਰੈਡ ਕਰਾਸ ਨੇ ਕਿਹਾ- ਯਕੀਨਨ ਇਹ ਗ੍ਰਿਫਤਾਰੀ ਦਾ ਮਾਮਲਾ ਹੈ, ਪਰ ਸਾਨੂੰ ਉਹ ਕੁਝ ਨਹੀਂ ਦੱਸਦੇ। ਬੱਸ ਇੰਨਾ ਪਤਾ ਲੱਗਾ ਕਿ ਹਮਾਸ ਦਾ ਅਹਿਮ ਮੈਂਬਰ ਹੋਣ ਕਾਰਨ ਉਸ ‘ਤੇ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਗਿਆ ਹੈ। ਅਰਬਾਂ ਕੋਲ ਹਥਿਆਰ ਨਹੀਂ ਸਨ, ਇਕ ਬੰਦੇ ਨੇ ਤਿੰਨ ਇਜ਼ਰਾਈਲੀ ਚਾਕੂ ਨਾਲ ਮਾਰ ਦਿੱਤੇ। ਲਗਦਾ ਸੀ ਕਿ ਅੱਬੂ ਦੀ ਗ੍ਰਿਫਤਾਰੀ ਨਾਲ ਗੜਬੜ ਰੁਕ ਜਾਏਗੀ, ਇਹ ਵਧ ਗਈ। ਹਮਾਸ ਇੰਨੀ ਮਜ਼ਬੂਤ ਹੁੰਦੀ ਗਈ ਕਿ ਯਾਸਰ ਅਰਾਫਾਤ ਦੀ ਪੀæਐਲ਼ਓæ (ਫਲਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ) ਨਾਲ ਮੁਕਾਬਲਾ ਹੋਣ ਲੱਗਾ।
ਪੀæਐਲ਼ਓæ ਸ਼ੱਰਈ ਮੁਸਲਮਾਨਾਂ ਦੀ ਜਥੇਬੰਦੀ ਨਹੀਂ ਸੀ, ਇਸ ਵਿਚ ਕਮਿਊਨਿਸਟ ਵੀ ਸਨ। ਮੱਸ-ਫੁਟ ਗੱਭਰੂਆਂ ਤੋਂ ਸਾਲ ਵਿਚ ਇਕ ਦੋ ਵਾਰ ਹਿੰਸਕ ਵਾਰਦਾਤ ਕਰਵਾ ਦਿੰਦੇ ਤਾਂ ਕਿ ਫੰਡ ਇਕੱਠਾ ਕਰ ਸਕਣ। ਇਸ ਜਥੇਬੰਦੀ ਦੇ ਲੀਡਰ ਆਪਣੇ ਪ੍ਰਾਈਵੇਟ ਬੈਂਕ ਖਾਤਿਆਂ ਵਿਚ ਦਾਨ ਰਾਸ਼ੀ ਜਮ੍ਹਾਂ ਕਰਵਾਉਂਦੇ ਸਨ, ਤੇ ਕੋਈ ਹਿਸਾਬ ਨਹੀਂ ਸੀ ਮੰਗ ਸਕਦਾ। ਹਮਾਸ ਅਤੇ ਪੀæਐਲ਼ਓæ ਵਿਚ ਟੱਕਰ ਹੋਣੀ ਸ਼ੁਰੂ ਹੋ ਗਈ। ਹਮਾਸ ਦਾ ਲੀਡਰ ਬਿਆਨ ਦਿੰਦਾ- ਫਲਾਣੇ ਦਿਨ ਹੜਤਾਲ ਹੋਵੇਗੀ, ਜਿਸ ਨੇ ਦੁਕਾਨ ਖੋਲ੍ਹੀ, ਫੂਕ ਦਿਆਂਗੇ। ਪੀæਐਲ਼ਓæ ਵਲੋਂ ਬਿਆਨ ਆਉਂਦਾ- ਇਸ ਦਿਨ ਜਿਸ ਨੇ ਦੁਕਾਨ ਬੰਦ ਕੀਤੀ, ਫੂਕ ਦਿਆਂਗੇ।
ਪਰਿਵਾਰ ਵਿਚ ਇਕੋ ਕਮਾਊ ਮੈਂਬਰ ਸੀ, ਤਨਖਾਹ ਬਿਨਾਂ ਗੁਜ਼ਾਰਾ ਕਿਵੇਂ ਚੱਲੇ? ਮੋਸਾਬ ਦੀ ਮਾਂ ਸਸਤੀ ਤੋਂ ਸਸਤੀ ਸਬਜ਼ੀ ਖਰੀਦਦੀ ਹੋਈ ਦੁਕਾਨਦਾਰ ਨੂੰ ਆਖਦੀ- ਪਸ਼ੂਆਂ ਵਾਸਤੇ ਲਿਜਾਣੀ ਹੈਂ। ਚਾਚਿਆਂ, ਗਵਾਂਢੀਆਂ ਨੇ ਕੋਈ ਸਹਾਇਤਾ ਨਹੀਂ ਕੀਤੀ, ਕਿਉਂਕਿ ਉਨ੍ਹਾਂ ਦੇ ਖਿਆਲ ਵਿਚ ਇਨ੍ਹਾਂ ਕੋਲ ਕਾਹਦਾ ਘਾਟਾ ਹੈ। ਅੱਬੂ ਦੇ ਇਕ ਦੋਸਤ ਤੋਂ ਮਾਂ ਨੇ ਉਧਾਰ ਪੈਸੇ ਮੰਗੇ, ਦੇਣੇ ਤਾਂ ਕਿੱਥੇ ਸਨ, ਲੋਕਾਂ ਨੂੰ ਦੱਸਣ ਲੱਗਾ- ਸ਼ੇਖ ਹਸਨ ਦੀ ਬੀਵੀ ਪੈਸੇ ਮੰਗਣ ਆਈ ਸੀ, ਉਹ ਖਾਵੰਦ ਦੀ ਗ੍ਰਿਫਤਾਰੀ ਤੋਂ ਫਾਇਦਾ ਉਠਾਉਣਾ ਚਾਹੁੰਦੀ ਹੈ। ਆਖਰ ਮਾਂ ਨੇ ਮੋਸਾਬ ਨੂੰ ਕਿਹਾ- ਸਕੂਲੋਂ ਆ ਕੇ ਅਤੇ ਛੁੱਟੀ ਵਾਲੇ ਦਿਨ ਤੂੰ ਇਥੇ ਨੇੜੇ ਫੈਕਟਰੀ ਦੇ ਦਰਵਾਜੇ ‘ਤੇ ਪਕੌੜੇ ਵੇਚ ਆਇਆ ਕਰ। ਮੈਂ ਘਰ ਬਣਾ ਕੇ ਦੇ ਦਿਆ ਕਰਾਂਗੀ। ਪਹਿਲਾਂ ਪਹਿਲਾਂ ਤਾਂ ਮੋਸਾਬ ਨੂੰ ਕੁਝ ਸੰਗ ਲੱਗੀ, ਫਿਰ ਸਭ ਠੀਕ ਹੋ ਗਿਆ। ਇਕ ਦਿਨ ਚਾਚਾ ਇਬਰਾਹੀਮ ਉਧਰੋਂ ਆਪਣੇ ਦੋਸਤਾਂ ਨਾਲ ਲੰਘਿਆ, ਜਦੋਂ ਮੋਸਾਬ ਕਾਰਾਂ ਵਿਚ ਬੈਠੇ ਲੋਕਾਂ ਨੂੰ ਪਕੌੜੇ ਵੇਚ ਰਿਹਾ ਸੀ। ਚਾਚਾ ਲੋਹਾ ਲਾਖਾ ਹੋ ਗਿਆ, ਕਿਹਾ- ਲਿਆ ਸਾਰੇ ਪਕੌੜੇ ਮੈਨੂੰ ਦੇਹ। ਬਣਦੇ ਪੈਸੇ ਤਾਂ ਦੇ ਦਿੱਤੇ, ਪਰ ਉਸ ਦੀ ਮਾਂ ਨੂੰ ਫਟਕਾਰਾਂ ਪਾਉਣ ਲੱਗਾ ਕਿ ਤੂੰ ਖਾਨਦਾਨ ਦੀ ਬੇਇਜ਼ਤੀ ਕਰਵਾ ਰਹੀ ਐਂ। ਮਾਂ ਦੇਰ ਤੱਕ ਰੋਂਦੀ ਰਹੀ। ਮਦਦ ਕਰਨੀ ਤਾਂ ਦਰਕਿਨਾਰ, ਰੋਟੀ ਖਾਂਦੇ ਬਰਦਾਸ਼ਤ ਨਹੀਂ ਸਨ ਹੋ ਰਹੇ।
ਡੇਢ ਸਾਲ ਬਾਅਦ ਸ਼ੇਖ ਹਸਨ ਦੀ ਰਿਹਾਈ ਹੋਈ। ਅਖਬਾਰਾਂ ਨੇ ਵੱਡੀਆਂ ਸੁਰਖੀਆਂ ਲਾਈਆਂ। ਜਿਵੇਂ ਫਲਸਤੀਨ ਦਾ ਬਾਦਸ਼ਾਹ ਹੋਵੇ, ਵਧਾਈਆਂ ਦਾ ਹੜ੍ਹ ਆ ਗਿਆ। ਲੋਕ, ਮੋਸਾਬ ਅਤੇ ਭੈਣਾਂ ਭਾਈਆਂ ਦਾ ਇਉਂ ਆਦਰ ਕਰਦੇ ਜਿਵੇਂ ਸ਼ਾਹਜ਼ਾਦੇ ਸ਼ਾਹਜ਼ਾਦੀਆਂ ਹੋਣ। ਦੋਵੇਂ ਨੌਕਰੀਆਂ ਬਹਾਲ ਹੋ ਗਈਆਂ। ਘਰ ਵਿਚ ਖੁਸ਼ੀਆਂ ਖੇੜੇ ਪਰਤ ਆਏ।
ਦੋ ਸਾਲ ਬਾਅਦ ਫਿਰ ਪੁਲਿਸ ਆਈ, ਤੇ ਸ਼ੇਖ ਹਸਨ ਨੂੰ ਲੈ ਗਈ। ਛੇ ਮਹੀਨਿਆਂ ਬਾਅਦ ਰਿਹਾ ਹੋ ਗਿਆ। ਗ੍ਰਿਫਤਾਰੀ ਦੌਰਾਨ ਜਿਹੜੇ ਲੋਕ ਪਰੇ ਮੂੰਹ ਕਰ ਕੇ ਲੰਘ ਜਾਂਦੇ, ਉਹੋ ਬਾਅਦ ਵਿਚ ਵਧਾਈਆਂ ਦੇਣ ਆ ਜਾਂਦੇ। ਮੋਸਾਬ ਨੂੰ ਬਾਅਦ ਵਿਚ ਪਤਾ ਲੱਗਾ ਕਿ ਇਜ਼ਰਾਈਲੀਆਂ ਤੋਂ ਡਰਦੇ ਅਜਿਹਾ ਵਰਤਾਰਾ ਕਰਦੇ ਸਨ ਤਾਂ ਕਿ ਸਰਕਾਰ ਅਤਿਵਾਦੀਆਂ ਦੇ ਪਰਿਵਾਰ ਦੀ ਮਦਦ ਕਰਨ ਵਾਲਿਆਂ ਨੂੰ ਨਾ ਕਿਤੇ ਧਰ ਦਬੋਚੇ, ਪਰ ਇਹ ਤਾਂ ਅਤਿਵਾਦੀ ਨਹੀਂ ਸਨ। ਹਮਾਸ ਦੇ ਵਰਕਰਾਂ ਕੋਲ ਹਥਿਆਰ ਹੀ ਨਹੀਂ ਸਨ।
ਅਗਸਤ 1990 ਵਿਚ ਫਿਰ ਤੀਜੀ ਵਾਰ ਸ਼ੇਖ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹ ਉਦੋਂ ਜੇਲ੍ਹ ਵਿਚ ਬੰਦੀ ਸੀ ਜਦੋਂ ਸੱਦਾਮ ਹੁਸੈਨ ਨੇ ਕੁਵੈਤ ‘ਤੇ ਕਬਜ਼ਾ ਕਰ ਲਿਆ। ਸਾਰੇ ਫਲਸਤੀਨੀ ਖੁਸ਼ ਹੋ ਗਏ- ਹੁਣ ਸੱਦਾਮ ਇਜ਼ਰਾਈਲ ਦਾ ਸਿਰ ਭੰਨੇਗਾ, ਸਾਡਾ ਭਰਾ ਹੈ ਨਾ ਆਖਰ। ਫਲਸਤੀਨ ਆਜ਼ਾਦ ਹੋ ਜਾਵੇਗਾ। ਬੱਚੇ ਘਰਾਂ ਦੀਆਂ ਛੱਤਾਂ ‘ਤੇ ਚੜ੍ਹ ਕੇ ਸੱਦਾਮ ਦੀਆਂ ਤਲਅਵੀਵ ਸ਼ਹਿਰ ਉਪਰ ਡਿਗਦੀਆਂ ਮਿਜ਼ਾਈਲਾਂ ਦੇਖਣ ਲਈ ਖਲੋਤੇ ਰਹਿੰਦੇ, ਪਰ ਕੋਈ ਮਿਜ਼ਾਈਲ ਨਹੀਂ ਡਿੱਗੀ। ਮੋਸਾਬ ਨੇ ਟੀæਵੀæ ਦੇਖਦਿਆਂ ਖਬਰ ਸੁਣੀ ਕਿ ਯੂæਐਨæਓæ ਨੇ ਸੱਦਾਮ ਨੂੰ ਕੁਵੈਤ ਵਿਚੋਂ ਬਾਹਰ ਖਦੇੜ ਦਿੱਤਾ ਹੈ। ਇਹ ਕੀ ਹੋ ਗਿਆ? ਅੱਬੂ ਅਜੇ ਜੇਲ੍ਹ ਵਿਚ ਹੈ, ਇਰਾਕ ਨੇ ਜੰਗ ਬੰਦ ਕਿਉਂ ਕਰ ਦਿੱਤੀ? ਇਜ਼ਰਾਈਲੀਆਂ ਨੂੰ ਖਦੇੜਨਾ ਤਾਂ ਬਹੁਤ ਜ਼ਰੂਰੀ ਸੀ।
1992 ਵਿਚ ਸ਼ੇਖ ਰਿਹਾ ਹੋਇਆ। ਮੋਸਾਬ ਦੀ ਮਾਂ ਨੇ ਖਾਵੰਦ ਨੂੰ ਕਿਹਾ- ਤੁਹਾਡੀ ਗੈਰ-ਹਾਜ਼ਰੀ ਵਿਚ ਮਾਲਕ ਮਕਾਨ ਬਦਤਮੀਜ਼ ਹੋ ਜਾਂਦੈ। ਮੇਰੇ ਗਹਿਣੇ ਵੇਚ ਕੇ ਗੁਜ਼ਾਰੇ ਜੋਗਾ ਮਕਾਨ ਲੈ ਲਈਏ। ਸ਼ੇਖ ਕਰਜ਼ਾ ਲੈ ਕੇ ਮਕਾਨ ਲੈ ਲੈਂਦਾ ਤਾਂ ਕਿਸ਼ਤਾਂ ਟੁੱਟ ਜਾਂਦੀਆਂ, ਕਿਉਂਕਿ ਕੀ ਪਤਾ, ਫਿਰ ਕਦੋਂ ਗ੍ਰਿਫਤਾਰੀ ਹੋ ਜਾਏ। ਗੁਜ਼ਾਰੇ ਜੋਗਾ ਫਲੈਟ ਲੈ ਲਿਆ। ਮੋਸਾਬ 14 ਸਾਲ ਦਾ ਹੋ ਗਿਆ।
ਨਵੇਂ ਘਰ ਆਇਆਂ ਥੋੜ੍ਹਾ ਸਮਾਂ ਬੀਤਿਆ, ਸ਼ੇਖ ਨੂੰ ਫਿਰ ਗ੍ਰਿਫਤਾਰ ਕਰ ਲਿਆ। ਹਮਾਸ ਹਥਿਆਰਬੰਦ ਹੋਣ ਲੱਗ ਪਈ, ਵਾਰਦਾਤਾਂ ਵਧਣ ਲੱਗੀਆਂ। ਸ਼ੱਕ ਦੇ ਆਧਾਰ ‘ਤੇ ਕਿਸੇ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਸੀ, ਸਬੂਤਾਂ ਦੀ ਲੋੜ ਨਹੀਂ ਸੀ। ਫਲਸਤੀਨੀ ਪਥਰਾਉ ਕਰਦੇ, ਇਜ਼ਰਾਈਲੀ ਗੋਲੀਆਂ ਨਾਲ ਉੁਨ੍ਹਾਂ ਨੂੰ ਭੁੰਨ ਦਿੰਦੇ। ਇਸ ਹਾਲਤ ਵਿਚ ਚੁਫੇਰਿਓਂ ਜਹਾਦ ਦੀਆਂ ਆਵਾਜ਼ਾਂ ਆਉਂਦੀਆਂ। ਹਮਾਸ ਉਤੇ ਕਿਸੇ ਦਾ ਕੰਟਰੋਲ ਨਹੀਂ ਸੀ। ਸਥਾਨਕ ਆਗੂ ਫੈਸਲੇ ਕਰਦੇ, ਹਮਲੇ ਕਰਦੇ।
(ਚਲਦਾ)