ਖੋਜਉ ਅਸਮਾਨ

ਬਲਜੀਤ ਬਾਸੀ
ਕਹੁ ਕਬੀਰ ਖੋਜਉ ਅਸਮਾਨ॥
ਰਾਮ ਸਮਾਨ ਨ ਦੇਖਉ ਆਨ॥
ਗੁਰੂ ਨਾਨਕ ਦੇਵ ਨੇ ਕੁਝ ਅਜਿਹੇ ਹੀ ਭਾਵ ਵਧੇਰੇ ਕਾਵਿਕ ਅੰਦਾਜ਼ ਵਿਚ ਇਸ ਤਰਾਂ ਪ੍ਰਗਟਾਏ ਹਨ,

ਪੰਖੀ ਹੋਇ ਕੈ ਜੇ ਭਵਾ ਅਸਮਾਨੀ ਜਾਉ॥
ਨਦਰੀ ਕਿਸੈ ਨ ਆਵਊ ਨਾ ਕੁਛ ਪੀਆ ਖਾਉ॥
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ॥
ਕਬੀਰ ਅਤੇ ਨਾਨਕ ਨੇ ਅਸਮਾਨ ਖੋਜ ਮਾਰਿਆ ਪਰ ਉਨ੍ਹਾਂ ਨੂੰ ਵਿਸ਼ਾਲਤਾ ਦੇ ਨਜ਼ਰੀਏ ਤੋਂ ਪਰਮਾਤਮਾ ਦਾ ਸਾਨੀ ਕੋਈ ਨਾ ਮਿਲਿਆ। ਮਿਲਦਾ ਵੀ ਕਿਵੇਂ, ਧਾਰਮਿਕ ਨਜ਼ਰੀਏ ਤੋਂ ਅਸਮਾਨ ਖੁਦ ਰੱਬ ਨੇ ਸਿਰਜਿਆ ਹੈ। ਗੁਰੂ ਅਰਜਨ ਦੇਵ ਦੇ ਸ਼ਬਦਾਂ ਵਿਚ “ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ॥” ਗੁਰਬਾਣੀ ਵਿਚ ਅਸਮਾਨ ਬਾਰੇ ਕੁਝ ਤੁਕਾਂ ਜਾਣਨ ਪਿਛੋਂ ਆਉ ਅਸਮਾਨ ਦੇ ਸੰਕਲਪ ਤੇ ਇਸ ਦੇ ਸੂਚਕ ਸ਼ਬਦ ਦੀ ਪੈਦਾਇਸ਼ ਬਾਰੇ ਕੁਝ ਹੋਰ ਖੋਜ ਕਰੀਏ। ਪੰਜਾਬੀ ਵਿਚ ਅਕਾਸ਼ ਲਈ ਸਭ ਤੋਂ ਵਧ ਪ੍ਰਚਲਿਤ ਸ਼ਬਦ ਅਸਮਾਨ ਹੈ। ਬਹੁਤ ਸਾਰੇ ਮੁਹਾਵਰੇ, ਅਖਾਣਾਂ, ਉਕਤੀਆਂ, ਵਾਕੰਸ਼ਾਂ ਵਿਚ ਅਸਮਾਨ ਸ਼ਬਦ ਆਉਂਦਾ ਹੈ ਜਿਨ੍ਹਾਂ ਵਿਚ ਉਚਤਾ ਦੇ ਭਾਵ ਹਨ। ਕੁਝ ਇਕ ਗਿਣਾਉਂਦੇ ਹਾਂ- ਅਸਮਾਨ ਨੂੰ ਟਾਕੀਆਂ ਲਾਉਣਾ, ਅਸਮਾਨ ਨਾਲ ਗੱਲਾਂ ਕਰਨਾ, ਜ਼ਮੀਨ-ਅਸਮਾਨ ਇਕ ਕਰਨਾ, ਅਸਮਾਨ ਸਿਰ ‘ਤੇ ਚੁੱਕਣਾ, (ਕੀਮਤਾਂ ਆਦਿ ਦਾ) ਅਸਮਾਨੇ ਚੜ੍ਹਨਾ, ਸੱਤਵੇਂ ਅਸਮਾਨ ਵਿਚ ਹੋਣਾ, ਅਸਮਾਨ ਦੇ ਤਾਰੇ, ਜ਼ਮੀਨ ਅਸਮਾਨ ਦਾ ਫਰਕ, ਅਸਮਾਨ ਤੋਂ ਡਿੱਗਾ ਖਜੂਰ ‘ਤੇ ਲਟਕਿਆ। ਐਪਰ ਕਬੀਰ ਸਾਹਿਬ ਦੇ ਕਹੇ ਅਨੁਸਾਰ ਆਪਾਂ “ਬਾਤਨ ਹੀ ਅਸਮਾਨ ਗਿਰਵਹਿ॥” ਵਾਲੀ ਗੱਲ ਨਹੀਂ ਕਰਨੀ, ਕੁਝ ਠੋਸ ਗੱਲਾਂ ਕਰਨੀਆਂ ਹਨ। ਅਸਮਾਨ ਕਹਿੰਦੇ ਹਨ, ਧਰਤੀ ਦੇ ਉਪਰਲੇ ਗੁੰਬਦਨੁਮਾ ਖੇਤਰ ਨੂੰ ਜਿਥੇ ਬੱਦਲ ਘੁੰਮਦੇ ਰਹਿੰਦੇ ਹਨ ਤੇ ਜਿਸ ਦਾ ਰੰਗ ਨੀਲਾ ਪ੍ਰਤੀਤ ਹੁੰਦਾ ਹੈ। ਇਸ ਲਈ ਸਾਡੇ ਕੋਲ ਅੰਬਰ, ਅਕਾਸ਼ ਜਿਹੇ ਸ਼ਬਦ ਵੀ ਹਨ। ਬੋਲਚਾਲ ਵਿਚ ਇਸ ਨੂੰ ਨੀਲੀ ਛਤਰੀ ਵੀ ਕਿਹਾ ਜਾਂਦਾ ਹੈ। ਇਕ ਲੋਕ ਵਿਸ਼ਵਾਸ ਅਨੁਸਾਰ ਇਹ ਨੀਲੀ ਛਤਰੀ ਰੱਬ ਦੀ ਹੈ, ਸ਼ਾਇਦ ਉਸ ਨੇ ਧਰਤੀ ਤੇ ਇਸ ਉਤੇ ਵਸਦੇ ਜੀਵ-ਜੰਤੂਆਂ ਨੂੰ ਬਚਾਉਣ ਲਈ ਤਾਣੀ ਹੋਈ ਹੈ ਪਰ ਕਿਸ ਤੋਂ ਬਚਾਉਣ ਲਈ? ਮੀਂਹ ਦਾ ਕਹਿਰ ਤਾਂ ਇਸ ਤਣੀ ਹੋਈ ਛਤਰੀ ਦੇ ਬਾਵਜੂਦ ਖੁਲ੍ਹ ਖੇਡਦਾ ਰਹਿੰਦਾ ਹੈ। ਫਿਰ ਪਰਮਾਤਮਾ ਤਾਂ ਇਕ ਸਮਝ ਅਨੁਸਾਰ ਸਰਬਸ਼ਕਤੀਮਾਨ ਹੈ, ਉਸ ਨੇ ਸਾਨੂੰ ਹੋਰ ਕਿਸ ਦੇ ਕਹਿਰ ਤੋਂ ਬਚਾਉਣਾ ਹੈ? ਕੁਝ ਵਿਸ਼ਵਾਸਾਂ ਅਨੁਸਾਰ ਇਹ “ਨੀਲਾ ਨੀਲਾ” ਦਿਸਦਾ ਹੀ ਰੱਬ ਹੈ। ਖੈਰ, ਅਸਮਾਨ ਰੂਪੀ ਛਤਰੀ ਦਾ ਸੰਕਲਪ ਪਰਮਾਤਮਾ ਦੇ ਮਨੁਖ ਲਈ ਰੱਖਿਅਕ ਹੋਣ ਦਾ ਪ੍ਰਤੀਕ ਹੀ ਹੈ।
ਵਿਗਿਆਨ ਅਨੁਸਾਰ ਅਸਮਾਨ ਮਨੁਖ ਦੀ ਨਜ਼ਰ ਦੀ ਸੀਮਾ ਹੈ ਤੇ ਇਸ ਦਾ ਰੰਗ ਨੀਲਾ ਇਸ ਲਈ ਦਿਸਦਾ ਹੈ ਕਿਉਂਕਿ ਰੋਸ਼ਨੀ ਵਿਚਲੇ ਨੀਲੇ ਰੰਗ ਦੀ ਵੇਵਲੈਂਗਥ ਹੋਰ ਛੇ ਰੰਗਾਂ ਨਾਲੋਂ ਸੌਖਿਆਂ ਖਿੰਡਰ ਜਾਂਦੀ ਹੈ। ਬਾਈਬਲ ਅਨੁਸਾਰ ਰੱਬ ਨੇ ਧਰਤੀ ਹੇਠਲੇ ਤੇ ਉਤਲੇ ਪਾਣੀ ਨੂੰ ਵੱਖ ਕਰਨ ਲਈ ਅਸਮਾਨ ਬਣਾਇਆ। ਰੱਬ ਨੇ ਹੇਠਲੇ ਪਾਣੀ ‘ਤੇ ਧਰਤੀ ਟਿਕਾ ਦਿੱਤੀ। ਉਤਲਾ ਪਾਣੀ ਇਕ ਭੰਡਾਰੇ ਦੀ ਨਿਆਈ ਹੈ ਜੋ ਮੀਂਹ ਅਤੇ ਬਰਫਬਾਰੀ ਦੇ ਰੂਪ ਵਿਚ ਧਰਤੀ ‘ਤੇ ਡਿਗਦਾ ਹੈ। ਨਿਸਚੇ ਹੀ ਰੱਬ ਨੇ ਇਸ ਪਾਣੀ ਨੂੰ ਧਰਤੀ ‘ਤੇ ਵਰ੍ਹਾਉਣ ਲਈ ਅਤੇ ਸੂਰਜ, ਚੰਦ ਆਦਿ ਦੀ ਰੋਸ਼ਨੀ ਸਾਡੇ ਤੱਕ ਪਹੁੰਚਾਉਣ ਲਈ ਖਿੜਕੀਆਂ ਰੱਖੀਆਂ ਹੋਈਆਂ ਹਨ। ਇਥੋਂ ਇਹ ਵੀ ਪ੍ਰਤੀਤ ਹੁੰਦਾ ਹੈ ਕਿ ਬਾਈਬਲ ਦੀ ਸਮਝ ਅਨੁਸਾਰ ਅਸਮਾਨ ਇਕ ਠੋਸ ਚੀਜ਼ ਹੈ ਜਦਕਿ ਵਿਗਿਆਨ ਅਨੁਸਾਰ ਇਹ ਸਿਰਫ ਨਜ਼ਰ ਦੀ ਸੀਮਾ ਹੀ ਹੈ, ਜਿਸ ਨੂੰ ਚੀਰਿਆ ਜਾ ਸਕਦਾ ਹੈ, ਜਿਸ ਦੇ ਪਾਰ ਜਾਇਆ ਜਾ ਸਕਦਾ ਹੈ।
ਹਿੰਦ-ਇਰਾਨੀ ਅਤੇ ਆਦਿਮ ਹਿੰਦ-ਇਰਾਨੀ ਯੁੱਗ ਵਿਚ ਅਸਮਾਨ ਨੂੰ ਪੱਥਰ ਦੇ ਬਣੇ ਹੋਣ ਦੇ ਵਿਚਾਰਾਂ ਦੀ ਟੋਹ ਮਿਲਦੀ ਹੈ। ਜ਼ਰਯੁਸਤਾ ਲਿਖਤਾਂ ਅਨੁਸਾਰ ਦੇਵਤਿਆਂ ਨੇ ਸ੍ਰਿਸ਼ਟੀ ਦੀ ਰਚਨਾ ਸੱਤ ਪੜਾਵਾਂ ਵਿਚ ਕੀਤੀ। ਪਹਿਲਾਂ ਉਨ੍ਹਾਂ ਨੇ ਪੱਥਰ ਦਾ ਅਸਮਾਨ ਬਣਾਇਆ ਜੋ ਇਕ ਵੱਡੇ ਸਾਰੇ ਖੱਪੜ ਵਰਗਾ ਠੋਸ ਅਤੇ ਗੋਲ ਸੀ। ਇਸ ਧਰਮ ਵਿਚ ਅਸਮਾਨ ਨਾਂ ਦਾ ਇਕ ਦੇਵਤਾ ਵੀ ਸੀ। ਇਸਲਾਮ ਧਰਮ ਵਿਚ ਵੀ ਅਸਮਾਨ ਦੇ ਠੋਸ ਹੋਣ ਦੇ ਪ੍ਰਮਾਣ ਕੁਰਾਨ ਤੋਂ ਮਿਲ ਜਾਂਦੇ ਹਨ। ਦਅਰਅਸਲ ḔਅਸਮਾਨḔ ਸ਼ਬਦ ਹੈ ਹੀ ਫਾਰਸੀ ਅਸਲੇ ਦਾ ਤੇ ਇਸ ਦੀਆਂ ਜੜ੍ਹਾਂ ਪਾਰਸੀ ਧਰਮ ਦੇ ਪਵਿਤਰ ਗ੍ਰੰਥ ਅਵੇਸਤਾ ਵਿਚ ਮਿਲ ਜਾਂਦੀਆਂ ਹਨ। ਫਾਰਸੀ ਦੇ ਪੁਰਾਤਨ ਰੂਪ ਵਿਚ ਵੀ ਇਹ ਸ਼ਬਦ ਅਸਮਾਨ ਜਿਹਾ ਹੀ ਸੀ। ਅਵੇਸਤਾ ਵਿਚ ਦੱਸਿਆ ਗਿਆ ਹੈ ਕਿ ਖਰਲ ਅਸਮਾਨ ਦਾ ਬਣਿਆ ਹੁੰਦਾ ਹੈ। ਇਥੇ ਇਹ ਵੀ ਲਿਖਿਆ ਮਿਲਦਾ ਹੈ ਕਿ “ਪਵਿਤਰਤਮ ਆਤਮਾ ਨੇ ਸਭ ਤੋਂ ਸਖਤ ਪੱਥਰਾਂ ਨੂੰ ਧਾਰਨ ਕੀਤਾ ਹੋਇਆ ਹੈ।” ਟੀਕਕਾਰਾਂ ਅਨੁਸਾਰ ਇਥੇ ਅਸਮਾਨ ਵੱਲ ਸੰਕੇਤ ਹੈ। ਅਵੇਸਤਾ ਵਿਚ ਇਹ ਵੀ ਜ਼ਿਕਰ ਹੈ ਕਿ ਅਕਾਸ਼ ਧਾਤਾਂ ਦਾ ਬਣਿਆ ਹੋਇਆ ਹੈ ਅਤੇ ਇਸ ਨੇ ਸੰਸਾਰ ਨੂੰ ਖੋਲ ਦੀ ਤਰ੍ਹਾਂ ਵਲਿਆ ਹੋਇਅ ਹੈ। ਧਿਆਨਯੋਗ ਹੈ ਕਿ ਪਹਿਲਵੀ ਲਿਖਤਾਂ ਅਨੁਸਾਰ ਪੱਥਰ ਵੀ ਚੱਟਾਨੀ ਰਵਿਆਂ ਦੇ ਬਣੇ ਹੁੰਦੇ ਹਨ ਅਤੇ ਚੱਟਾਨੀ ਰਵਿਆਂ ਨੂੰ ਧਾਤ ਹੀ ਸਮਝਿਆ ਜਾਂਦਾ ਸੀ ਕਿਉਂਕਿ ਉਹ ਧਾਤ ਵਾਂਗ ਚਮਕੀਲੇ ਹੁੰਦੇ ਹਨ। ਗੌਰਤਲਬ ਹੈ ਕਿ ਪਹਿਲਵੀ ਵਿਚ ਅਕਾਸ਼ ਦੀ ਹੀਰੇ ਵਜੋਂ ਵੀ ਪਛਾਣ ਕੀਤੀ ਗਈ ਹੈ। ਮੁੱਕਦੀ ਗੱਲ ਇਹ ਕਿ ਉਸ ਜ਼ਮਾਨੇ ਵਿਚ ਪੱਥਰ ਅਤੇ ਧਾਤ ਵਿਚ ਫਰਕ ਨਹੀਂ ਸੀ ਪਾਇਆ ਜਾਂਦਾ।
ਸ੍ਰੋਤਾਂ ਅਨੁਸਾਰ ਇਸ ਸ਼ਬਦ ਵਿਚ “ਅਸ਼” ਧਾਤੂ ਕੰਮ ਕਰ ਰਿਹਾ ਹੈ ਜਿਸ ਵਿਚ ਪੱਥਰ ਦੇ ਭਾਵ ਹਨ। ਸੋ, ਇਸ ਸ਼ਬਦ ਦੀ ਨਿਰੁਕਤਕ ਵਿਆਖਿਆ ਤੋਂ ਵੀ ਅਸਮਾਨ ਨੂੰ ਪਥਰੀਲੇ ਹੋਣ ਵਜੋਂ ਕਲਪਣ ਦੇ ਪ੍ਰਮਾਣ ਮਿਲਦੇ ਹਨ। ਭਾਸ਼ਾ-ਵਿਗਿਆਨੀਆਂ ਨੇ ਇਸ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਕ ਵਿਚਾਰ ਅਨੁਸਾਰ ਅਸਮਾਨ ਦਾ ਅਰਥ ਹੈ ਗਰਦਸ਼ ਕਰਨ ਵਾਲਾ, ਘੁੰਮਣ ਵਾਲਾ। ਅਜਿਹੇ ਵਿਚਾਰ ਦੀ ਪ੍ਰੋੜਤਾ ਇਸ ਤੱਥ ਤੋਂ ਵੀ ਮਿਲ ਜਾਂਦੀ ਹੈ ਕਿ ਫਾਰਸੀ ਚਰਖ ਦਾ ਇਕ ਅਰਥ ਪਹੀਆ, ਚੱਕਾ ਹੈ ਤੇ ਦੂਜਾ ਅਸਮਾਨ। ਸੋ, ਅਸਮਾਨ ਉਹ ਹੈ ਜੋ ਚੱਕੀ ਦੀ ਤਰ੍ਹਾਂ ਘੁੰਮਦਾ ਹੈ। ਇਸੇ ਤਰ੍ਹਾਂ ਫਾਰਸੀ ਗਰਦੂੰ ਦਾ ਇਕ ਅਰਥ ਚਰਖੀ ਹੈ ਤੇ ਦੂਜਾ ਅਸਮਾਨ। ਪਰੰਤੂ ਅਸਮਾਨ ਸ਼ਬਦ ਦਾ ਅਰਥ ਚੱਕੀ ਜਾਂ ਚੱਕੀ ਦਾ ਪੁੜ ਇਸ ਲਈ ਹੈ ਕਿਉਂਕਿ ਇਹ ਪੱਥਰ ਦਾ ਬਣਿਆ ਹੁੰਦਾ ਹੈ। ਫਾਰਸੀ ਆਸੀਆ ਦਾ ਅਰਥ ਚੱਕੀ ਹੁੰਦਾ ਹੈ ਤੇ ਅਸਿਆਨਾ ਦਾ ਅਰਥ ਸਾਣ।
ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਪ੍ਰਾਚੀਨ ਹਿੰਦ-ਯੂਰਪੀ ਲੋਕ ਅਸਮਾਨ ਨੂੰ ਪੱਥਰ ਦੇ ਗੁੰਬਦ ਵਜੋਂ ਕਲਪਦੇ ਸਨ। ਇਕ ਹੋਰ ਵਿਚਾਰ ਅਨੁਸਾਰ ਅਕਾਸ਼ ਨੂੰ ਦੂਰ ਉਪਰ ਤੱਕ ਉਭਰੇ ਹੋਏ ਪਹਾੜਾਂ ਦੀਆਂ ਚੋਟੀਆ ਦਾ ਵਿਸਤਾਰ ਹੀ ਸਮਝਿਆ ਜਾਂਦਾ ਰਿਹਾ ਹੋਵੇਗਾ ਅਤੇ ਪਹਾੜ ਪੱਥਰਾਂ ਦੇ ਹੀ ਬਣੇ ਹੁੰਦੇ ਹਨ। ਇਕ ਵਿਦਵਾਨ ਅਨੁਸਾਰ ਅਕਾਸ਼ ਅਤੇ ਪੱਥਰ ਦਾ ਸਬੰਧ ਪੱਥਰ ਦੇ ਚਮਕਾਏ ਹੋਏ ਕੁਹਾੜੇ ਤੋਂ ਸਮਝਿਆ ਜਾ ਸਕਦਾ ਹੈ। ਇਕ ਸਮੇਂ ਲੋਕ ਵਿਸ਼ਵਾਸ ਪ੍ਰਚਲਿਤ ਸੀ ਕਿ ਇਹ “ਗਰਜ ਦੇ ਪੱਥਰ” ਅਸਮਾਨ ਤੋਂ ਡਿਗਦੇ ਹਨ। ਸੰਸਕ੍ਰਿਤ ਵਿਚ ਇੰਦਰ ਦੇਵਤੇ ਦਾ ਵਜਰ (ਗਦਾ) ਜਾਂ ਗਰਜ ਦਾ ਪੱਥਰ ਟਹੁਨਦeਰ ਬੋਲਟ ਹੈ। ਉਜ਼ਬੇਕਿਸਤਨ ਦੇ ਮਸ਼ਹੂਰ ਇਤਿਹਾਸਕ ਸ਼ਹਿਰ ਸਮਰਕੰਦ ਦਾ ਸ਼ਾਬਦਿਕ ਅਰਥ ਹੈ “ਪੱਥਰ ਦਾ ਕਿਲਾ” ਕਿਉਂਕਿ ਇਹ ਸ਼ਹਿਰ ਪਹਾੜਾਂ ਨਾਲ ਘਿਰਿਆ ਹੋਇਆ ਹੈ। ਸਮਰਕੰਦ ਸ਼ਬਦ ਵਿਚ ਸਮਰ ਅਸਲ ਵਿਚ ਅਸਮਰ ਦਾ ਸੁੰਗੜਿਆ ਰੂਪ ਹੈ ਤੇ ਅੱਗੋਂ ਅਸਮਰ ḔਅਸḔ ਧਾਤੂ ਤੋਂ ਬਣਿਆ ਹੈ।
ਹੁਣ ਤੱਕ ਇਹ ਗੱਲ ਸਪਸ਼ਟ ਹੋ ਜਾਣੀ ਚਾਹੀਦੀ ਹੈ ਕਿ ਅਸਮਾਨ ਸ਼ਬਦ ਦੀ ਸੰਸਕ੍ਰਿਤ ਨਾਲ ਸਾਂਝ ਹੈ। ਸੱਚੀ ਗੱਲ ਤਾਂ ਇਹ ਹੈ ਕਿ ਸੰਸਕ੍ਰਿਤ ਵਿਚ ਇਕ ਸ਼ਬਦ ਮਿਲਦਾ ਹੈ Ḕਅਸ਼ਮਨḔ ਜਿਸ ਦੇ ਲਗਭਗ ਸਾਰੇ ਅਰਥ ਅਸਮਾਨ ਦੇ ਨੇੜੇ-ਤੇੜੇ ਦੇ ਹਨ। ਇਸ ਸ਼ਬਦ ਦੇ ਮੁਖ ਅਰਥ ਹਨ- ਪੱਥਰ, ਚੱਟਾਨ; ਇਕ ਕੀਮਤੀ ਪੱਥਰ; ਪੱਥਰ ਦਾ ਬਣਿਆ ਸੰਦ ਜਿਵੇਂ ਹਥੌੜਾ; ਬਦਲ ਦੀ ਗਰਜ ਜਾਂ ਬਜਰ (ਵਜਰ); ਬੱਦਲ; ਅਕਾਸ਼। ਧਿਆਨਯੋਗ ਹੈ ਕਿ ਪੁਰਾਣੇ ਜ਼ਮਾਨੇ ਵਿਚ, ਖਾਸ ਤੌਰ ‘ਤੇ ਪੱਥਰ ਯੁੱਗ ਵਿਚ ਹਥਿਆਰ ਜਾਂ ਸੰਦ ਪੱਥਰ ਦੇ ਹੀ ਬਣਦੇ ਸਨ ਇਸ ਲਈ ਇਸ ਸ਼ਬਦ ਦਾ ਇਕ ਅਰਥ ਪੱਥਰ ਦੇ ਸੰਦ ਵੀ ਹਨ। ਇਸੇ ਨਾਲ ਜੁੜਦਾ ਇਕ ਸ਼ਬਦ ਹੈ Ḕਅਸ਼ਨḔ ਜਿਸ ਦੇ ਅਰਥ ਹਨ ਪੱਥਰ, ਚੱਟਾਨ; ਢੀਮ, ਗੁਲੇਲਾ; ਅਕਾਸ਼। ਅਸ਼ ਧਾਤੂ ਤੋਂ ਹੀ ਅਸ਼ਮ ਸ਼ਬਦ ਬਣਿਆ ਜਿਸ ਵਿਚ ਵੀ ਪੱਥਰ ਦੇ ਹੀ ਭਾਵ ਹਨ। ਪੰਜਾਬੀ ਵਿਚ ਮੈਨੂੰ ਅਸ਼ ਤੋਂ ਬਣੇ ਇਕੋ ਸ਼ਬਦ ਦੀ ਪਛਾਣ ਹੋਈ ਹੈ ਤੇ ਉਹ ਹੈ ਅਹਿਣ। ਇਹ ਸ਼ਬਦ ਆਮ ਤੌਰ ਤੇ “ਅਹਿਣ ਪੈਣੇ” ਉਕਤੀ ਵਿਚ ਵਰਤਿਆ ਜਾਂਦਾ ਹੈ ਤੇ ਇਸ ਦਾ ਅਰਥ ਹੈ- ਗਲੇ ਜਾਂ ਗੜੇ ਪੈਣੇ। ਇਹ ਸ਼ਬਦ ਬਹੁਤਾ ਲਹਿੰਦੀ ਵਿਚ ਵਰਤਿਆ ਜਾਂਦਾ ਹੈ। ਪਾਕਿਸਤਾਨ ਵਿਚ ਸ਼ੇਖ ਫਰੀਦ ਦੇ 210 ਹੋਰ ਸਲੋਕ ਮਿਲੇ ਹਨ ਜਿਨ੍ਹਾਂ ਦੀ ਪ੍ਰਮਾਣਿਕਤਾ ਸੰਦੇਹਜਨਕ ਹੈ। ਇਕ ਸਲੋਕ ਵਿਚ ਇਹ ਸ਼ਬਦ ਆਇਆ ਹੈ,
ਅਹਿਣ ਪਵੇ ਭਾਵੇ ਮੇਹੁ ਸਿਰ ਹੀ ਉਪਰ ਝੱਲਣਾ।
ਤਿਕਨ ਕਾਸਾ ਕਾਠ ਦਾ ਵਾਸਾ ਵਿਚ ਵਣਾ।
ਫਰੀਦਾ ਬਾਰੀ ਅੰਦਰ ਜਾਲਣਾ ਦਰਵੇਸਾ ਹਰਣਾ।
ਅਹਿਣ ਸ਼ਬਦ ਦਾ ਮੂਲ ਅਰਥ ਹੋਇਆ- ਪੱਥਰ ਦੀ ਗੋਲੀ, ਬਿੱਜ, ਅਸਮਾਨੀ ਗੋਲਾ। ਇਹ ਸੰਸਕ੍ਰਿਤ ਦੇ ਅਸ਼ਨ ਸ਼ਬਦ ਦਾ ਹੀ ਵਿਉਤਪਤ ਰੂਪ ਹੈ। ਦਿਲਚਸਪ ਗੱਲ ਹੈ ਕਿ ਗੜੇ ਦੇ ਅਰਥਾਂ ਵਾਲੇ ਓਲਾ (ਸੰਸਕ੍ਰਿਤ ਉਪਲ) ਸ਼ਬਦ ਦਾ ਮੂਲ ਅਰਥ ਵੀ ਪੱਥਰ ਹੀ ਹੈ। ਅਸਮਾਨ ਸ਼ਬਦ ਦੇ ਹੋਰ ਹਿੰਦ-ਯੂਰਪੀ ਭਾਸ਼ਾਵਾਂ ਵਿਚ ਸੁਜਾਤੀ ਸ਼ਬਦ ਮਿਲਦੇ ਹਨ। ਇਸ ਦਾ ਭਾਰੋਪੀ ਮੂਲ ḔਐਕḔ ਜਿਹਾ ਮਿਥਿਆ ਗਿਆ ਹੈ ਤੇ ਇਸ ਦਾ ਅਰਥ ਹੈ ਤਿੱਖਾ। ਪੁਰਾਤਨ ਗਰੀਕ ਭਾਸ਼ਾ ਵਿਚ ਆਕਮੋਨ ਸ਼ਬਦ ਦਾ ਅਰਥ ਹੈ- ਉਲਕਾ, ਚੱਟਾਨ, ਅਹਿਰਨ। ਲਿਥੂਏਨੀਅਨ, ḔਅਕਮੂਓḔ, ਰੂਸੀ ḔਕਮਨḔ, ਸਰਬੋ-ਕ੍ਰੋਸ਼ੀਅਨ ḔਕਮਨḔ ਅਤੇ ਅਲਬੇਨੀਅਨ ḔਕਮੇਸੇḔ ਦਾ ਅਰਥ ਹੈ ਦਾਤੀ। ਇਨ੍ਹਾਂ ਸ਼ਬਦਾਂ ਦੇ ਅਰਥਾਂ ਵਿਚ ਤਿੱਖੇਪਣ ਦੇ ਭਾਵ ਹਨ। ਅੰਗਰੇਜ਼ੀ ਸ਼ਬਦ ਅਚਮe ਜਿਸ ਦਾ ਅਰਥ ਟੀਸੀ (ਤਿੱਖੇਪਣ ਦਾ ਭਾਵ) ਭਾਵ ਤੋਂ ਵਿਕਸਿਤ ਹੋਇਆ ਹੈ। ਅੰਗਰੇਜ਼ੀ ਸ਼ਬਦ ਅਚੁਮeਨ (ਬੁਧੀ ਦੀ ਤੀਖਣਤਾ), ਅਚਰਦਿ (ਕੌੜਾ, ਚਟਪਟਾ, ਤਿੱਖਾ) ਆਦਿ ਵੀ ਸਕੇ ਸੋਹਦਰੇ ਹਨ।
ਐਕ ਧਾਤੂ ਤੋਂ ਇਕ ਹੋਰ ਧਾਤੂ ਬਣਿਆ ḔਐਕਮਨḔ ਜਿਸ ਵਿਚ ਤਿੱਖੇਪਣ ਦਾ ਭਾਵ ਵਿਕਸਿਤ ਹੋ ਕੇ ਸੰਦ ਵਜੋਂ ਵਰਤਿਆ ਜਾਂਦਾ ਪੱਥਰ ਤੇ ਫਿਰ ਪੱਥਰ ਹੀ ਹੋ ਗਿਆ। ਅਸੀਂ ਸੰਸਕ੍ਰਿਤ ਵਿਚ ਅਸ਼ਮਨ ਦਾ ਇਕ ਅਰਥ ਹਥੌੜਾ ਦੇਖ ਚੁੱਕੇ ਹਾਂ। ਬਹੁਤ ਸਾਰੇ ਨਿਰੁਕਤਕਾਰਾਂ ਦਾ ਵਿਚਾਰ ਹੈ ਕਿ ਅੰਗਰੇਜ਼ੀ ਹੈਮਰ (ਹਅਮਮeਰ = ਹਥੌੜਾ) ਇਸੇ ਤੋਂ ਵਿਕਸਿਤ ਹੋਇਆ ਹੈ। ਬਹੁਤ ਸਾਰੇ ਯੂਰਪੀ ਦੇਸ਼ਾਂ ਵਿਚ ਹੈਮਰ ਸ਼ਬਦ ਦਾ ਇਕ ਹੋਰ ਰੂਪ ਹਅਮਅਰਰ ਕਈ ਪਹਾੜੀ ਸ਼ਹਿਰਾਂ ਦੇ ਨਾਮ ਵਿਚ ਆਉਂਦਾ ਹੈ ਜਿਵੇਂ ਨੌਰਵੇ ਦਾ ਸ਼ਹਿਰ æਲਿਲeਹਅਮਮeਰ। ਕਮਿਉਨਿਸਟਾਂ ਦਾ ਨਿਸ਼ਾਨ ਦਾਤੀ ਹਥੌੜਾ ਮਜ਼ਦੂਰਾਂ ਅਤੇ ਕਿਸਾਨਾਂ ਦੀ ਏਕਤਾ ਦਾ ਪ੍ਰਤੀਕ ਹੈ। ਇਸ ਚਰਚਾ ਵਿਚ ਅਸੀਂ ਦੋਵੇਂ ਮਿਲਾ ਦਿੱਤੇ ਹਨ ਪਰ ਕਮਿਉਨਿਸਟ ਹੁਣ ਅੱਗੇ ਵਾਂਗ ਤਿੱਖੇ ਦਿਖਾਈ ਨਹੀਂ ਦਿੰਦੇ!