ਹਾਪਕਿਨਸਨ ਨਾਲ ਸਿੱਧਾ ਟਾਕਰਾ

ਭਾਈ ਮੇਵਾ ਸਿੰਘ ਲੋਪੋਕੇ-2
ਭਾਈ ਮੇਵਾ ਸਿੰਘ ਦੀ ਸ਼ਹੀਦੀ ਸ਼ਤਾਬਦੀ (11 ਜਨਵਰੀ 1915-11 ਜਨਵਰੀ 2015) ਮੌਕੇ ਕਥਾਕਾਰ ਵਰਿਆਮ ਸਿੰਘ ਸੰਧੂ ਨੇ ਆਪਣੇ ਲੇਖ ‘ਭਾਈ ਮੇਵਾ ਸਿੰਘ ਲੋਪੋਕੇ’ ਵਿਚ ਇਤਿਹਾਸ ਦੇ ਇਸ ਅਹਿਮ ਸਫੇ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਹੈ। ਇਮੀਗਰੇਸ਼ਨ ਅਫਸਰ ਵਿਲੀਅਮ ਹਾਪਕਿਨਸਨ ਨੂੰ ਮਾਰਨ ਦੇ ਦੋਸ਼ ਵਿਚ ਭਾਈ ਮੇਵਾ ਸਿੰਘ ਨੂੰ 11 ਜਨਵਰੀ 1915 ਨੂੰ ਸ਼ਹੀਦ ਕਰ ਦਿੱਤਾ ਗਿਆ ਸੀ।

ਇਸ ਸ਼ਖਸ ਵਲੋਂ ਦੇਸ਼ ਭਗਤਾਂ ਖਿਲਾਫ ਵਿੱਢੀ ਮੁਹਿੰਮ ਬਾਰੇ ਚਰਚਾ ਲੇਖ ਦੀ ਪਹਿਲੀ ਕਿਸ਼ਤ ਵਿਚ ਕੀਤੀ ਜਾ ਚੁੱਕੀ ਹੈ। ਐਤਕੀਂ ਦੂਜੀ ਕਿਸ਼ਤ ਵਿਚ ਉਨ੍ਹਾਂ ਹਾਲਾਤ ਬਾਰੇ ਤਬਸਰਾ ਕੀਤਾ ਗਿਆ ਹੈ ਜਿਨ੍ਹਾਂ ਕਰ ਕੇ ਭਾਈ ਮੇਵਾ ਸਿੰਘ ਨੇ ਦੇਸ਼ ਭਗਤਾਂ ਅਤੇ ਸਮੁੱਚੇ ਭਾਈਚਾਰੇ ਦੇ ਰਾਹ ਦਾ ਰੋੜਾ ਬਣ ਰਹੇ ਹਾਪਕਿਨਸਨ ਨੂੰ ਪਾਰ ਬੁਲਾਉਣ ਦਾ ਫੈਸਲਾ ਕੀਤਾ। ਭਾਈ ਮੇਵਾ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਵਿਚ ਪੈਂਦੇ ਪਿੰਡ ਲੋਪੋਕੇ ਵਿਚ ਸ਼ ਨੰਦ ਸਿੰਘ ਔਲਖ ਦੇ ਘਰ 1881 ਵਿਚ ਪੈਦਾ ਹੋਏ ਅਤੇ ਰੁਜ਼ਗਾਰ ਖਾਤਰ ਹੋਰ ਪੰਜਾਬੀਆਂ ਵਾਂਗ 1906 ਵਿਚ ਕੈਨੇਡਾ ਪਹੁੰਚੇ, ਪਰ ਕੈਨੇਡਾ ਪੁੱਜੇ ਪੰਜਾਬੀ ਛੇਤੀ ਹੀ ਕੈਨੇਡੀਅਨ ਸਰਕਾਰ ਵਲੋਂ ਪਰਵਾਸੀਆਂ ਨਾਲ ਕੀਤੇ ਜਾ ਰਹੇ ਧੱਕੇ ਅਤੇ ਵਿਤਕਰੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਸੋਚਣ ਲੱਗੇ। ਉਨ੍ਹਾਂ ਸਿੰਘ ਸਭਾ ਲਹਿਰ ਤੋਂ ਪ੍ਰੇਰਨਾ ਲੈ ਕੇ ਖ਼ਾਲਸਾ ਦੀਵਾਨ ਸੁਸਾਇਟੀ ਬਣਾਈ ਅਤੇ ਫਿਰ ਗੱਲ ਅਗਾਂਹ ਤੋਰਨ ਅਤੇ ਇਕੱਠੇ ਬੈਠ ਕੇ ਲਾਮਬੰਦੀ ਕਰਨ ਲਈ ਗੁਰਦੁਆਰਾ ਉਸਾਰਨ ਦਾ ਫ਼ੈਸਲਾ ਕਰ ਲਿਆ। ਜਿਹੜੇ ਆਗੂ ਗੁਰਦੁਆਰਾ ਉਸਾਰਨ ਦੀ ਮੁਹਿੰਮ ਵਿਚ ਅਗਲੀਆਂ ਸਫ਼ਾਂ ਵਿਚ ਕਾਰਜਸ਼ੀਲ ਸਨ, ਭਾਈ ਮੇਵਾ ਸਿੰਘ ਦਾ ਉਨ੍ਹਾਂ ਨਾਲ ਬੜਾ ਨੇੜਲਾ ਸਬੰਧ ਸੀ। ਇਸ ਲੰਮੇ ਲੇਖ ਰਾਹੀਂ ਅਸੀਂ ਭਾਈ ਮੇਵਾ ਸਿੰਘ ਅਤੇ ਉਨ੍ਹਾਂ ਦੇ ਜੁਝਾਰੂ ਸਾਥੀਆਂ ਨੂੰ ਯਾਦ ਕਰ ਰਹੇ ਹਾਂ। -ਸੰਪਾਦਕ

ਵਰਿਆਮ ਸਿੰਘ ਸੰਧੂ
ਇਮੀਗਰੇਸ਼ਨ ਅਫਸਰ ਵਿਲੀਅਮ ਹਾਪਕਿਨਸਨ ਨਾਲ ਮੇਵਾ ਸਿੰਘ ਦਾ ਸਿੱਧਾ ਮੇਲ ਉਦੋਂ ਹੋਇਆ ਜਦੋਂ ਉਹ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ ਤੇ ਹਰਨਾਮ ਸਿੰਘ ਸਾਹਰੀ ਨਾਲ ਅਮਰੀਕਾ ਤੋਂ ਹਥਿਆਰ ਖ਼ਰੀਦ ਕੇ ਕੈਨੇਡਾ ਵਾਪਸ ਮੁੜਦਿਆਂ ਹੱਦ ‘ਤੇ ਗ੍ਰਿਫ਼ਤਾਰ ਹੋਇਆ ਸੀ। ਇਹ ਹਥਿਆਰ ਉਨ੍ਹਾਂ ਨੇ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫ਼ਰਾਂ ਨੂੰ ਦੇਣੇ ਸਨ।
ਹਾਪਕਿਨਸਨ ਤੇ ਇਮੀਗਰੇਸ਼ਨ ਏਜੰਟ ਮੈਲਕਮ ਰੀਡ ਲਈ ਇਹ ਸੁਨਹਿਰੀ ਮੌਕਾ ਸੀ ਕਿ ਜੇ ਉਹ ਮੇਵਾ ਸਿੰਘ ਕੋਲੋਂ ਦੂਜੇ ਇਨਕਲਾਬੀਆਂ- ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ, ਭਾਈ ਹਰਨਾਮ ਸਿੰਘ ਸਾਹਰੀ ਤੇ ਹਸਨ ਰਹੀਮ ਆਦਿ ਖ਼ਿਲਾਫ਼ ਬਿਆਨ ਦਿਵਾ ਲੈਂਦੇ ਹਨ ਤਾਂ ਉਹ ਉਨ੍ਹਾਂ ਨੂੰ ਲੰਮੇ ਸਮੇਂ ਲਈ ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਕਰਵਾ ਸਕਣ ਦੇ ਆਪਣੇ ਮਨਸੂਬੇ ਵਿਚ ਕਾਮਯਾਬ ਹੋ ਸਕਦੇ ਹਨ। ਉਨ੍ਹਾਂ ਨੇ ਭਾਈ ਮੇਵਾ ਸਿੰਘ ਨੂੰ ਇਹ ਆਖ ਕੇ ਡਰਾਉਣਾ ਤੇ ਫੁਸਲਾਉਣਾ ਚਾਹਿਆ ਕਿ ਜੇ ਉਹ ਉਨ੍ਹਾਂ ਦੀ ਮਰਜ਼ੀ ਮੁਤਾਬਕ ਬਿਆਨ ਦੇ ਦੇਵੇ ਤਾਂ ਉਹ ਉਸ ਨੂੰ ਨਾਜਾਇਜ਼ ਰਿਵਾਲਵਰ ਰੱਖਣ ਦੇ ਦੋਸ਼ ਵਿਚ ਕੇਵਲ ਪੰਜਾਹ ਡਾਲਰ ਜੁਰਮਾਨਾ ਕਰਵਾ ਕੇ ਛੁਡਵਾ ਸਕਦੇ ਹਨ, ਪਰ ਜੇ ਉਹ ਅਜਿਹਾ ਨਹੀਂ ਕਰਦਾ ਤਾਂ ਹਥਿਆਰ ਸਮਗਲ ਕਰਨ ਤੇ ਕਸਟਮ ਅਦਾ ਨਾ ਕਰਨ ਦੇ ਦੋਸ਼ ਵਿਚ ਉਹਨੂੰ ਦਸ ਸਾਲ ਦੀ ਕੈਦ ਵੀ ਹੋ ਸਕਦੀ ਹੈ। ਬੇਲਾ ਸਿੰਘ ਨੇ ਉਸ ਨੂੰ ਇਹ ਵੀ ਕਿਹਾ ਕਿ ਜੇ ਉਹ ਹਾਪਕਿਨਸਨ ਨੂੰ ਚਾਲੀ ਡਾਲਰ ਰਿਸ਼ਵਤ ਦੇ ਦੇਵੇ, ਤਾਂ ਉਹ ਮੁਕੱਦਮੇ ਵਿਚੋਂ ਬਾਹਰ ਕੱਢਣ ਵਿਚ ਉਹਦੀ ਮਦਦ ਕਰ ਸਕਦਾ ਹੈ। ਮੇਵਾ ਸਿੰਘ ਨੇ ਇਹ ਰਿਸ਼ਵਤ ਵੀ ਦੇ ਦਿੱਤੀ। ਹਾਪਕਿਨਸਨ ਤੇ ਜੋਟੀਦਾਰ ਪ੍ਰਸਿੱਧ ਆਗੂ ਹਸਨ ਰਹੀਮ ਨੂੰ ਵੀ ਇਸ ਕੇਸ ਵਿਚ ਅੜੁੰਗਣਾ ਚਾਹੁੰਦੇ ਸਨ। ਉਨ੍ਹਾਂ ਦਾ ਜ਼ੋਰ ਸੀ ਕਿ ਭਾਈ ਮੇਵਾ ਸਿੰਘ ਇਹ ਬਿਆਨ ਦੇ ਦੇਵੇ ਕਿ ਇਹ ਸਾਰੇ ਹਥਿਆਰ ਭਾਈ ਹਸਨ ਰਹੀਮ ਨੂੰ ਦੇਣ ਵਾਸਤੇ ਸਨ, ਪਰ ਉਹਨੇ ਇਹ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਪਹਿਲੀ ਵਾਰ ਦਿੱਤੇ ਬਿਆਨ ਤੋਂ ਜਦੋਂ ਉਨ੍ਹਾਂ ਦੀ ਤਸੱਲੀ ਨਾ ਹੋਈ ਤਾਂ ਉਨ੍ਹਾਂ ਨੇ ਫ਼ੈਸਲਾ ਇਕ ਹੋਰ ਤਰੀਕ ਤੱਕ ਪਿੱਛੇ ਪਵਾ ਦਿੱਤਾ ਅਤੇ ਆਪਣੀ ਮਰਜ਼ੀ ਮੁਤਾਬਕ ਬਿਆਨ ਵਿਚ ਤਬਦੀਲੀ ਕਰਨ ਲਈ ਮੇਵਾ ਸਿੰਘ ਉਤੇ ਦੁਬਾਰਾ ਜ਼ੋਰ ਪਾਇਆ, ਪਰ ਮੇਵਾ ਸਿੰਘ ਬਿਆਨ ਬਦਲਣ ਲਈ ਰਾਜ਼ੀ ਨਾ ਹੋਇਆ। ਆਖ਼ਰਕਾਰ ਸੱਤ ਅਗਸਤ ਦੀ ਅਗਲੀ ਤਰੀਕ ਨੂੰ 50 ਡਾਲਰ ਜੁਰਮਾਨਾ ਕਰਵਾ ਕੇ ਇਸ ਆਸ ਨਾਲ ਭਾਈ ਮੇਵਾ ਸਿੰਘ ਨੂੰ ਰਿਹਾ ਕਰਵਾ ਦਿੱਤਾ ਕਿ ਉਹ ਅੱਗੇ ਤੋਂ ਜ਼ਰੂਰ ਉਸ ਨੂੰ ਆਪਣੇ ਮਕਸਦ ਲਈ ਵਰਤ ਸਕਦੇ ਸਨ। ਪਹਿਲਾਂ ਕਿਸੇ ਨੂੰ ਕੋਈ ਰਿਆਇਤ ਦਿਵਾਉਣੀ ਤੇ ਫਿਰ ਉਹਨੂੰ ਆਪਣੇ ਇਸ਼ਾਰਿਆਂ ‘ਤੇ ਨੱਚਣ ਲਈ ਮਜਬੂਰ ਕਰਨਾ, ਇਹ ਹਾਪਕਿਨਸਨ ਦੀ ਪਰਖ਼ੀ ਹੋਈ ਜੁਗਤ ਸੀ।
ਹੁਣ ਤੱਕ ਮੇਵਾ ਸਿੰਘ ਨੇ ਇਹ ਤਾਂ ਸੁਣਿਆ ਹੋਇਆ ਸੀ ਕਿ ਹਾਪਕਿਨਸਨ ਉਹਦੇ ਕਈ ਦੇਸ਼ ਵਾਸੀਆਂ ਕੋਲੋਂ, ਇਮੀਗਰੇਸ਼ਨ ਜਾਂ ਹੋਰ ਮਾਮਲਿਆਂ ਵਿਚ ਦਿੱਤੀਆਂ ਗਈਆਂ ਜਾਂ ਦਿਵਾਈਆਂ ਗਈਆਂ ਰਿਆਇਤਾਂ ਬਦਲੇ ਆਪਣੇ ਦੱਲਿਆਂ- ਬੇਲਾ ਸਿੰਘ, ਬਾਬੂ ਸਿੰਘ ਤੇ ਗੰਗਾ ਰਾਮ ਆਦਿ ਰਾਹੀਂ ਮਹੀਨਾਵਾਰ ਰਿਸ਼ਵਤ ਉਗਰਾਹੁੰਦਾ ਸੀ ਪਰ ਹੁਣ ਜਦੋਂ ਉਸ ਨੂੰ ਖ਼ੁਦ ਇਸ ਅਨੁਭਵ ਵਿਚੋਂ ਗੁਜ਼ਰਨਾ ਪਿਆ ਤਾਂ ਉਹਦੇ ਮਨ ਵਿਚ ਹਾਪਕਿਨਸਨ ਪ੍ਰਤੀ ਨਫ਼ਰਤ ਹੋਰ ਗੂੜ੍ਹੀ ਹੋ ਗਈ।
ਭਾਈ ਭਾਗ ਸਿੰਘ ਤੇ ਭਾਈ ਬਦਨ ਸਿੰਘ ਦੀ ਸ਼ਹੀਦੀ: ਇਸੇ ਦੌਰਾਨ ਇਕ ਹੋਰ ਮੰਦਭਾਗੀ ਘਟਨਾ ਵਾਪਰ ਗਈ। ਅਸੀਂ ਜਾਣ ਲਿਆ ਹੈ ਕਿ ਵੈਨਕੂਵਰ ਵਿਚ ਰਹਿੰਦੇ ਹਿੰਦੀਆਂ ਦੇ ਸਰਕਾਰ-ਪ੍ਰਸਤ ਤੇ ਇਨਕਲਾਬੀ ਧੜਿਆਂ ਵਿਚ ਤਿੱਖਾ ਵਿਰੋਧ ਚੱਲ ਰਿਹਾ ਸੀ। ਦੋਵੇਂ ਧਿਰਾਂ ਇਕ ਦੂਜੇ ਨੂੰ ਅਤਿ ਦੀ ਨਫ਼ਰਤ ਕਰਦੇ ਤੇ ਇਕ ਦੂਜੇ ਦੇ ਖ਼ੂਨ ਦੇ ਪਿਆਸੇ ਸਨ। ਇਹ ਰੰਜਿਸ਼ ਹੋਰ ਵੀ ਤਿੱਖੀ ਹੋ ਗਈ ਜਦੋਂ ਦਲਾਲ ਧੜੇ ਦੇ ਇਕ ਆਦਮੀ ਹੁਕਮਾ ਸਿੰਘ ਅੱਚਰਵਾਲ ਨੇ ਪ੍ਰਸਿੱਧ ਆਗੂ ਹਸਨ ਰਹੀਮ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਹਸਨ ਰਹੀਮ ਦਾ ਤਾਂ ਬਚਾਅ ਹੋ ਗਿਆ, ਪਰ ਆਪਸੀ ਦੁਸ਼ਮਣੀ ਦੀ ਧੂਣੀ ਤੇਜ਼ੀ ਨਾਲ ਧੁਖਣ ਲੱਗੀ। ਇਸੇ ਦੌਰਾਨ ਭਾਈ ਜਗਤ ਸਿੰਘ ਸੁਰ ਸਿੰਘ ਨੇ ਜੰਗਲ ਵਿਚ ਲਿਜਾ ਕੇ, ਬੇਲਾ ਸਿੰਘ ਗਰੁਪ ਦੇ ਹਰਨਾਮ ਸਿੰਘ ਦਾ ਕਤਲ ਕਰ ਦਿੱਤਾ। ਇੰਜ ਹੀ ਉਨ੍ਹਾਂ ਦਾ ਇਕ ਹੋਰ ਸਾਥੀ ਅਰਜਨ ਸਿੰਘ ਦਾ ਕਤਲ ਹੋ ਗਿਆ। ਹਾਪਕਿਨਸਨ ਤੇ ਬੇਲਾ ਸਿੰਘ ਨੂੰ ਯਕੀਨ ਸੀ ਕਿ ਇਹ ਕੰਮ ਦੇਸ਼ ਭਗਤ ਧੜੇ ਦਾ ਹੈ।
ਪੰਜ ਸਤੰਬਰ ਦੇ ਦਿਨ ਅਰਜਨ ਸਿੰਘ ਦਾ ਸਸਕਾਰ ਸੀ। ਸਸਕਾਰ ਤੋਂ ਵਿਹਲਾ ਹੁੰਦਿਆਂ ਹੀ ਬੇਲਾ ਸਿੰਘ ਸ਼ਾਮ ਦੇ ਸੱਤ ਕੁ ਵਜੇ ਦੇ ਕਰੀਬ ਗੁਰਦੁਆਰੇ ਵਿਚ ਪੁੱਜਾ। ਪੌੜੀਆਂ ਚੜ੍ਹ ਕੇ ਦੂਜੀ ਮੰਜ਼ਿਲ ‘ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਪ੍ਰਕਾਸ਼ ਸੀ, ਉਸ ਹਾਲ ਵਿਚ ਉਹ ਪਿਛਲੇ ਦਰਵਾਜ਼ੇ ਰਾਹੀਂ ਦਾਖ਼ਲ ਹੋਇਆ। ਹਾਲ ਵਿਚ ਉਸ ਸਮੇਂ ਰਲਾ-ਮਿਲਾ ਕੇ ਅਠੱਤੀ ਤੋਂ ਚਾਲੀ ਬੰਦੇ ਬੈਠੇ ਹੋਏ ਸਨ। ਭਾਈ ਬਲਵੰਤ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਹੋਏ ਸਨ ਤੇ ਭਾਈ ਭਾਗ ਸਿੰਘ ਵੀ ਉਨ੍ਹਾਂ ਦੇ ਨਾਲ ਹੀ ਤਖ਼ਤਪੋਸ਼ ‘ਤੇ ਬੈਠਾ ਹੋਇਆ ਸੀ। ਬੇਲਾ ਸਿੰਘ ਨੇ ਗੋਲਕ ਵਿਚ ਪੈਸੇ ਪਾਏ ਤੇ ਮੱਥਾ ਟੇਕਿਆ। ਕੁਝ ਚਿਰ ਸਾਹਮਣੇ ਬੈਠਣ ਉਪਰੰਤ ਉਹ ਉਠਿਆ ਤੇ ਭਾਈ ਭਾਗ ਸਿੰਘ ਦੇ ਪਿੱਛੇ ਜਾ ਕੇ ਚਾਰ-ਪੰਜ ਫੁੱਟ ਦੀ ਵਿੱਥ ‘ਤੇ ਬੈਠ ਗਿਆ। ਹਿਊ ਜਾਹਨਸਟਨ ਮੁਤਾਬਕ ਉਹ ਗੋਲਕ ਵਿਚ ਸਿੱਕਾ ਪਾਉਣ ਉਪਰੰਤ ਮੱਥਾ ਟੇਕ ਕੇ ਸਾਹਮਣੇ ਬੈਠ ਗਿਆ। ਇਸ ਵੇਲੇ ਸ਼ਬਦ ਕੀਰਤਨ ਹੋ ਰਿਹਾ ਸੀ ਤੇ ਭਾਈ ਮੇਵਾ ਸਿੰਘ ਵਜਦ ਵਿਚ ਆ ਕੇ ਰਾਗੀ ਜਥੇ ਦੀ ਅਗਵਾਈ ਕਰਦਾ ਸ਼ਬਦ ਗਾਇਨ ਕਰ ਰਿਹਾ ਸੀ। ਕੀਰਤਨ ਦੀ ਸਮਾਪਤੀ ਉਪਰੰਤ ਅਰਦਾਸ ਹੋਣ ਲੱਗੀ। ਸੰਗਤ ਅਰਦਾਸ ਵਿਚ ਜੁੜੀ ਹੋਈ ਸੀ ਜਦੋਂ ਬੇਲਾ ਸਿੰਘ ਨੇ ਦੋਵਾਂ ਹੱਥਾਂ ਵਿਚ ਫੜੇ ਪਿਸਤੌਲਾਂ ਨਾਲ ਭਾਈ ਭਾਗ ਸਿੰਘ ‘ਤੇ ਗੋਲੀਆਂ ਦੀ ਵਾਛੜ ਕਰ ਦਿੱਤੀ। ਇਸੇ ਵੇਲੇ ਭਾਈ ਬਦਨ ਸਿੰਘ ਭਾਈ ਭਾਗ ਸਿੰਘ ਦਾ ਬਚਾਅ ਕਰਨ ਲਈ ਅੱਗੇ ਵਧਿਆ ਤੇ ਉਸ ਨੂੰ ਕਿਹਾ, “ਓ ਦੁਸ਼ਟਾ! ਕੀ ਕਰਦਾ ਏਂ, ਉਏ ਹਨ੍ਹੇਰ ਨਾ ਕਰ”, ਤਾਂ ਬੇਲਾ ਸਿੰਘ ਨੇ ਪਿਸਤੌਲ ਉਸ ਵੱਲ ਸੇਧ ਲਏ। ਗੋਲੀਆਂ ਵੱਜਣ ਤੋਂ ਬਾਅਦ ਵੀ ਭਾਈ ਬਦਨ ਸਿੰਘ ਨੇ ਬੇਲਾ ਸਿੰਘ ਨੂੰ ਗਲਿਓਂ ਜਾ ਫੜਿਆ, ਪਰ ਬੇਲਾ ਸਿੰਘ ਨੇ ਪਿਸਤੌਲਾਂ ਵਾਲੇ ਹੱਥਾਂ ਨਾਲ ਧੱਕ ਕੇ ਉਹਨੂੰ ਫ਼ਰਸ਼ ‘ਤੇ ਸੁੱਟ ਦਿੱਤਾ। ਚੀਕ-ਚਿਹਾੜਾ ਤੇ ਭਗਦੜ ਮੱਚ ਗਈ। ਬੇਲਾ ਸਿੰਘ ਬੇਖ਼ੌਫ਼ ਹੋ ਕੇ ਅੰਨੇਵਾਹ ਗੋਲੀਆਂ ਚਲਾਉਂਦਾ ਰਿਹਾ। ਸਾਰਾ ਹਾਲ ਧੂੰਏ ਨਾਲ ਭਰ ਗਿਆ। ਇਸੇ ਭਗਦੜ ਤੇ ਧੂੰਆਂ-ਰੌਲੀ ਵਿਚ ਬੇਲਾ ਸਿੰਘ ਬਚ ਕੇ ਭੱਜ ਗਿਆ। ਕੁਝ ਚਿਰ ਬਾਅਦ ਜਦੋਂ ਪੁਲਿਸ ਪਹੁੰਚੀ ਤਾਂ ਸਾਰਾ ਹਾਲ ਲਹੂ ਨਾਲ ਲੱਥ-ਪੱਥ ਸੀ। ਕਈ ਜਣੇ ਜ਼ਖ਼ਮੀ ਹੋਏ ਸਨ। ਲਹੂ ਵਗ ਕੇ ਪੌੜੀਆਂ ਤੱਕ ਅੱਪੜ ਗਿਆ ਸੀ। ਜ਼ਖ਼ਮੀਆਂ ਨੂੰ ਤੁਰਤ ਹਸਪਤਾਲ ਪਹੁੰਚਾਇਆ ਗਿਆ। ਸੋਹਨ ਸਿੰਘ ਪੂਨੀ ਅਨੁਸਾਰ ਕੁੱਲ ਅੱਠ ਜਣੇ ਜ਼ਖ਼ਮੀ ਹੋਏ। ਬੇਲਾ ਸਿੰਘ ਭੱਜ ਕੇ ਘਰ ਗਿਆ ਤੇ ਕੱਪੜੇ ਬਦਲ ਕੇ ਵਾਪਸ ਆ ਗਿਆ। ਉਹ ਗਲੀ ਵਿਚ ਖਲੋ ਕੇ ਐਂਬੂਲੈਂਸ ਵਿਚ ਲਿਜਾਏ ਜਾਣ ਵਾਲੇ ਜ਼ਖ਼ਮੀਆਂ ਨੂੰ ਵੇਖਣ ਲੱਗਾ। ਸ਼ਾਇਦ ਪੁਸ਼ਟੀ ਕਰਨਾ ਚਾਹੁੰਦਾ ਹੋਵੇ ਕਿ ਉਸ ਦਾ ‘ਸ਼ਿਕਾਰ’ ਮਾਰਿਆ ਜਾ ਚੁੱਕਾ ਹੈ ਜਾਂ ਨਹੀਂ। ਮੇਵਾ ਸਿੰਘ ਸਮੇਤ ਕਈਆਂ ਨੇ ਉਸ ਨੂੰ ਗੋਲੀਆਂ ਚਲਾਉਂਦੇ ਨੂੰ ਵੇਖਿਆ ਸੀ, ਇਸ ਲਈ ਉਹਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਸ਼ੂਟਿੰਗ ਲਈ ਵਰਤੇ ਗਏ ਰਿਵਾਲਵਰਾਂ ਵਿਚੋਂ ਇਕ ਤਾਂ ਗੁਰਦੁਆਰੇ ਦੇ ਸਾਹਮਣੇ ਡਿੱਗਾ ਮਿਲ ਗਿਆ ਤੇ ਦੂਜਾ ਬੇਲਾ ਸਿੰਘ ਦੇ ਘਰੋਂ ਮਿਲ ਗਿਆ। ਤਿੰਨ ਸੌ ਗੋਲੀਆਂ ਤੇ ਹੋਰ ਅਸਲਾ ਵੀ ਪੁਲਿਸ ਨੇ ਉਹਦੇ ਘਰੋਂ ਕਬਜ਼ੇ ਵਿਚ ਲੈ ਲਿਆ। ਸਿਤਮਜ਼ਰੀਫ਼ੀ ਇਹ ਕਿ ਭਾਈ ਮੇਵਾ ਸਿੰਘ ਨੂੰ ਵੀ ਫੜ ਕੇ ਪੁਲਿਸ ਨੇ ਥਾਣੇ ਵਿਚ ਡੱਕ ਦਿੱਤਾ। ਇੰਜ ਹੀ ਭਾਈ ਬਲਵੰਤ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।
ਹਸਪਤਾਲ ਵਿਚ ਭਾਈ ਭਾਗ ਸਿੰਘ ਨੇ ਪੁਲਿਸ ਦੀ ਹਾਜ਼ਰੀ ਵਿਚ ਬੇਲਾ ਸਿੰਘ ਨੂੰ ਪਛਾਣ ਕੇ ਆਪਣਾ ਅੰਤਿਮ ਬਿਆਨ ਦਿੰਦਿਆਂ ਇਸ ਗੱਲ ਦੀ ਪੁਸ਼ਟ ਕੀਤੀ ਕਿ ਗੁਰਦੁਆਰੇ ਵਿਚ ਗੋਲੀਆਂ ਚਲਾਉਣ ਵਾਲਾ ਬੇਲਾ ਸਿੰਘ ਹੀ ਸੀ। ਬਿਆਨ ਦੇਣ ਸਾਰ ਭਾਈ ਭਾਗ ਸਿੰਘ ਨੇ ਪ੍ਰਾਣ ਤਿਆਗ ਦਿੱਤੇ। ਭਾਈ ਬਦਨ ਸਿੰਘ ਵੀ ਹਸਪਤਾਲ ਵਿਚ ਦਾਖ਼ਲ ਹੋਣ ਤੋਂ ਛੇਤੀ ਬਾਅਦ ਹੀ ਸਵਾਸ ਤਿਆਗ ਗਿਆ ਸੀ। ਦੂਜੇ ਜ਼ਖ਼ਮੀਆਂ ਨੇ ਵੀ ਸਾਫ਼ ਸ਼ਬਦਾਂ ਵਿਚ ਭਾਈ ਭਾਗ ਸਿੰਘ ਨਾਲ ਮਿਲਦਾ ਜਵਾਬ ਦੇ ਕੇ ਇਸ ਗੋਲੀ ਕਾਂਡ ਦਾ ਦੋਸ਼ੀ ਬੇਲਾ ਸਿੰਘ ਨੂੰ ਹੀ ਦੱਸਿਆ।
ਬੇਲਾ ਸਿੰਘ ਦਾ ਮੁਕੱਦਮਾ ਤੇ ਹਾਪਕਿਨਸਨ ਦੀ ਗਵਾਹੀ: ਬੇਲਾ ਸਿੰਘ ‘ਤੇ ਮੁਕੱਦਮਾ ਚੱਲਿਆ। ਬਚਾਓ ਪੱਖ ਲਈ ਜ਼ਰੂਰੀ ਸੀ ਕਿ ਅਜਿਹੀਆਂ ਗਵਾਹੀਆਂ ਜੁਟਾਈਆਂ ਜਾਂਦੀਆਂ ਜਿਨ੍ਹਾਂ ਤੋਂ ਇਹ ਸਾਬਤ ਹੁੰਦਾ ਹੋਵੇ ਕਿ ਬੇਲਾ ਸਿੰਘ ਨੂੰ ਧਮਕੀਆਂ ਮਿਲਦੀਆਂ ਰਹੀਆਂ ਹੋਣ ਕਰ ਕੇ ਮਾਰੇ ਜਾਣ ਦਾ ਖ਼ਤਰਾ ਸੀ। ਅਜਿਹੀਆਂ ਗਵਾਹੀਆਂ ਦੇਣ ਲਈ ਉਹਦੇ ਦੋਸਤ ਤਾਂ ਹਾਜ਼ਰ ਹੀ ਸਨ। ਕਾਮਾਗਾਟਾ ਮਾਰੂ ਜਹਾਜ਼ ਵਿਚ ਆਇਆ ਡਾਕਟਰ ਰਘੂਨਾਥ ਸਿੰਘ, ਜਿਹੜਾ ਅਜੇ ਵੈਨਕੂਵਰ ਵਿਚ ਹੀ ਸੀ, ਬੇਲਾ ਸਿੰਘ ਨੂੰ ਮਾਰਨ ਲਈ ਦਿੱਤੀਆਂ ਜਾਂਦੀਆਂ ਧਮਕੀਆਂ ਨੂੰ ਪੁਸ਼ਟ ਕਰਨ ਲਈ ਹਾਜ਼ਰ ਸੀ। ਸਭ ਤੋਂ ਵਧ ਕੇ ਹਾਪਕਿਨਸਨ ਆਪਣੇ ਸਭ ਤੋਂ ਵੱਧ ਮਦਦਗਾਰ ਬੰਦੇ ਬੇਲਾ ਸਿੰਘ ਨੂੰ ਇਸ ਤਰ੍ਹਾਂ ਨਹੀਂ ਸੀ ਗਵਾਉਣਾ ਚਾਹੁੰਦਾ। ਉਹਦੀ ਗਵਾਹੀ ਬਹੁਤ ਲਾਜ਼ਮੀ ਸੀ। ਇਮੀਗ੍ਰੇਸ਼ਨ ਵਿਭਾਗ ਕੋਲ ਦਸੰਬਰ 1913 ਵਿਚ ਲਏ ਗਏ ਕੁਝ ਬਿਆਨ ਸਨ ਜਿਨ੍ਹਾਂ ਰਾਹੀਂ ਇਹ ਸਾਬਤ ਕਰਨਾ ਸੀ ਕਿ ਕੁਝ ਬੰਦਿਆਂ ਨੇ ਹਸਨ ਰਹੀਮ, ਸੋਹਨ ਲਾਲ ਤੇ ਗੁਰਦੁਆਰਾ ਕਮੇਟੀ ਦੇ ਹੋਰ ਮੈਂਬਰਾਂ ਨੂੰ ਗੱਲਾਂ ਕਰਦਿਆਂ ਸੁਣਿਆ ਸੀ ਕਿ ਉਹ ਬੇਲਾ ਸਿੰਘ ਨੂੰ ਹੀ ਨਹੀਂ, ਸਗੋਂ ਬਾਬੂ ਸਿੰਘ ਤੇ ਗੰਗਾ ਰਾਮ ਨੂੰ ਮਾਰਨ ਦੇ ਨਾਲ ਨਾਲ ਹਾਪਕਿਨਸਨ ਅਤੇ ਮੈਲਕਮ ਰੀਡ ਨੂੰ ਵੀ ਕਤਲ ਕਰਨਾ ਚਾਹੁੰਦੇ ਹਨ। ਹਾਪਕਿਨਸਨ ਨੇ ਹੀ ਵਿਭਾਗ ਵਲੋਂ ਇਨ੍ਹਾਂ ‘ਕਹਾਣੀਆਂ’ ਦੇ ਹਵਾਲੇ ਨਾਲ ਗਵਾਹੀ ਦੇ ਕੇ ਪੁਸ਼ਟੀ ਕਰਨੀ ਸੀ ਕਿ ਗੁਰਦੁਆਰੇ ਵਿਚ ਹਮਲਾ ਬੇਲਾ ਸਿੰਘ ਨੇ ਨਹੀਂ ਸੀ ਕੀਤਾ, ਸਗੋਂ ਬੇਲਾ ਸਿੰਘ ਉਤੇ ਹਮਲਾ ਹੋਇਆ ਸੀ ਤੇ ਉਹਨੇ ਸੱਚਮੁੱਚ ਆਪਣਾ ਬਚਾਓ ਕਰਨ ਲਈ ਹੀ ਗੋਲੀ ਚਲਾਈ ਸੀ।
ਹਾਪਕਿਨਸਨ ਮੁਢਲੀ ਪੁਲਿਸ ਕੋਰਟ ਵਿਚ ਤਾਂ ਪੇਸ਼ ਨਹੀਂ ਸੀ ਹੋਇਆ, ਪਰ ਜਦੋਂ ਭਾਈ ਭਾਗ ਸਿੰਘ ਦੇ ਕਾਤਲ ਬੇਲਾ ਸਿੰਘ ਦਾ ਵੈਨਕੂਵਰ ਵਿਚਲੀ ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਵਿਚ ਮੁਕੱਦਮਾ ਸ਼ੁਰੂ ਹੋਇਆ ਤਾਂ ਹਾਪਕਿਨਸਨ ਨੇ ਕੋਰਟ ਵਿਚ ਗਵਾਹੀ ਦੇਣ ਜਾਣ ਦਾ ਫ਼ੈਸਲਾ ਕੀਤਾ। ਇਸ ਤੋਂ ਪਹਿਲਾਂ ਵੀ ਉਸ ਨੇ ਕਿਸੇ ਭਾਰਤੀ ਦੇ ਕਤਲ ਕੇਸ ਵਿਚ ਆਪਣੇ ਕਿਸੇ ਮੁਖ਼ਬਰ ਦੇ ਹੱਕ ਵਿਚ ਗਵਾਹੀ ਦੇ ਕੇ ਉਸ ਨੂੰ ਬਚਾ ਲਿਆ ਸੀ। ਹੁਣ ਉਹ ਬੇਲਾ ਸਿੰਘ ਨੰ ਬਚਾਉਣ ਲਈ ਮੈਦਾਨ ਵਿਚ ਨਿੱਤਰਿਆ ਸੀ।
ਦੂਜੇ ਪਾਸੇ ਭਾਈ ਮੇਵਾ ਸਿੰਘ ਤੇ ਦੂਜੇ ਸਾਥੀ ਸਮਝਦੇ ਸਨ ਕਿ ਜੇ ਭਾਈ ਭਾਗ ਸਿੰਘ ਦੇ ਕਾਤਲ ਨੂੰ ਸਜ਼ਾ ਨਹੀਂ ਮਿਲਦੀ, ਤੇ ਉਹ ਕੱਲ੍ਹ ਨੂੰ ਰਿਹਾ ਹੋ ਕੇ ਉਨ੍ਹਾਂ ਸਾਹਮਣੇ ਹਿੱਕ ਚੌੜੀ ਕਰ ਕੇ ਤੁਰਿਆ ਫਿਰੇਗਾ, ਤਾਂ ਉਨ੍ਹਾਂ ਦੇ ਜਿਉਣ ਖੁਣੋਂ ਕੀ ਥੁੜਿਆ ਹੈ! ਮੇਵਾ ਸਿੰਘ ਖ਼ੁਦ ਵੀ ਬੇਲਾ ਸਿੰਘ ਦੇ ਖ਼ਿਲਾਫ਼ ਗਵਾਹੀ ਦੇਣ ਵਾਲਿਆਂ ਵਿਚ ਸੀ। ਹਾਪਕਿਨਸਨ ਦੀ ਬੇਲਾ ਸਿੰਘ ਦੇ ਹੱਕ ਵਿਚ ਦਿੱਤੀ ਜਾਣ ਵਾਲੀ ਗਵਾਹੀ ਨੇ ਨਿਸਚੈ ਹੀ ਬੇਲਾ ਸਿੰਘ ਦੀ ਬੰਦ-ਖ਼ਲਾਸੀ ਕਰਵਾ ਦੇਣੀ ਸੀ, ਕਿਉਂਕਿ ਵੇਲੇ ਦੀ ਹਕੂਮਤ ਤਾਂ ਪਹਿਲਾਂ ਹੀ ਦੇਸ਼ ਭਗਤ ਧੜੇ ਦੀਆਂ ਸਰਗਰਮੀਆਂ ਨੂੰ ਨਾ-ਪਸੰਦ ਕਰਦੀ ਸੀ। ਹਾਪਕਿਨਸਨ ਕੇਵਲ ਬੇਲਾ ਸਿੰਘ ਦੇ ਬਚਾਓ ਲਈ ਹੀ ਗਵਾਹੀ ਨਹੀਂ ਸੀ ਦੇਣਾ ਚਾਹੁੰਦਾ, ਸਗੋਂ ਉਸ ਨੇ ਤੇ ਉਹਦੇ ਹਿੰਦੀ ਮੁਖ਼ਬਰਾਂ ਨੇ ਭਾਈ ਮੇਵਾ ਸਿੰਘ ਉਤੇ ਵੀ ਬੇਲਾ ਸਿੰਘ ਦੇ ਹੱਕ ਵਿਚ ਬਿਆਨ ਬਦਲਣ ਲਈ ਲਗਾਤਾਰ ਦਬਾਓ ਬਣਾਇਆ ਹੋਇਆ ਸੀ। ਭਾਈ ਮੇਵਾ ਸਿੰਘ ਅੰਦਰੇ-ਅੰਦਰ ਇਸ ਸਭ ਕੁਝ ਤੋਂ ਬਹੁਤ ਪ੍ਰੇਸ਼ਾਨ ਸੀ। ਮੇਵਾ ਸਿੰਘ ਸੱਚ ‘ਤੇ ਪਹਿਰਾ ਦੇ ਕੇ ਬੇਲਾ ਸਿੰਘ ਖਿਲਾਫ਼ ਗਵਾਹੀ ਦੇਣ ‘ਤੇ ਤੁਲਿਆ ਹੋਇਆ ਸੀ, ਪਰ ਸਰਕਾਰੀ ਮੁਖ਼ਬਰ ਹਰ ਰੋਜ਼ ਉਹਨੂੰ ਬੇਲਾ ਸਿੰਘ ਦੇ ਖ਼ਿਲਾਫ਼ ਗਵਾਹੀ ਦੋਣੋਂ ਵਰਜ ਰਹੇ ਸਨ। ਲਾਲਚ ਤੇ ਭੈਅ ਦੇ ਹੱਥਕੰਡੇ ਵਰਤ ਕੇ ਉਹਨੂੰ ਈਮਾਨ ਤੋਂ ਡੁਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਸ ਨੇ ਮਨ ਹੀ ਮਨ ਇਹ ਫ਼ੈਸਲਾ ਕਰ ਲਿਆ ਕਿ ਉਹ ਆਪ ਤਾਂ ਬੇਲਾ ਸਿੰਘ ਦੇ ਵਿਰੁਧ ਗਵਾਹੀ ਦੇਵੇਗਾ ਹੀ, ਸਗੋਂ ਉਹ ਹਾਪਕਿਨਸਨ ਨੂੰ ਕਿਸੇ ਵੀ ਸੂਰਤ ਵਿਚ ਬੇਲਾ ਸਿੰਘ ਨੂੰ ਬਚਾਉਣ ਦਾ ਮਾਧਿਅਮ ਨਹੀਂ ਬਣਨ ਦੇਵੇਗਾ। ਉਹ ਤਾਂ ਸਗੋਂ ਇਸ ਤੋਂ ਵੀ ਅੱਗੇ ਇਹ ਸੋਚਦਾ ਸੀ ਕਿ ਹੁਣ ਪੂਰੀ ਵਿਵਸਥਾ ‘ਤੇ ਸੱਟ ਮਾਰਨ ਦਾ ਵੇਲਾ ਆ ਗਿਆ ਹੈ।
ਹਾਪਕਿਨਸਨ ਦਾ ਕਤਲ: 21 ਅਕਤੂਬਰ 1914 ਦਾ ਦਿਨ ਸੀ। ਸਵੇਰ ਦੇ ਸਵਾ ਕੁ ਦਸ ਵਜੇ ਸਨ। ਹਾਪਕਿਨਸਨ ਜਿਊਰੀ ਅੱਗੇ ਗਵਾਹੀ ਦੇਣ ਤੋਂ ਪਹਿਲਾਂ ਅਦਾਲਤ ਦੇ ਕਮਰੇ ਦੇ ਐਨ ਬਾਹਰਵਾਰ ਕਾਰੀਡੋਰ ਵਿਚ ਕੰਧ ਨਾਲ ਢੋਅ ਲਾ ਕੇ ਖਲੋਤਾ ਸੀ ਜਦੋਂ ਭਾਈ ਮੇਵਾ ਸਿੰਘ ਪਤਲੂਨ ਦੀਆਂ ਜੇਬਾਂ ਵਿਚ ਹੱਥ ਪਾਈ ਹੌਲੀ ਹੌਲੀ ਤੁਰਦਾ ਉਹਦੇ ਕੋਲ ਪੁੱਜਾ। ਹਾਪਕਿਨਸਨ ਕਿਉਂਕਿ ਉਹਨੂੰ ਜਾਣਦਾ ਸੀ, ਤੇ ਉਹਨੂੰ ਸ਼ਾਇਦ ਇਹ ਵੀ ਆਸ ਸੀ ਕਿ ਉਹ ਮੇਵਾ ਸਿੰਘ ਦੀ ਗਵਾਹੀ ਵੀ ਬੇਲਾ ਸਿੰਘ ਦੇ ਹੱਕ ਵਿਚ ਦਿਵਾ ਲਵੇਗਾ, ਇਸ ਲਈ ਉਸ ਨੂੰ ਮੇਵਾ ਸਿੰਘ ਦਾ ਆਪਣੇ ਨੇੜੇ ਆਉਣਾ ਸ਼ੱਕੀ ਨਹੀਂ ਲੱਗਿਆ, ਪਰ ਮੇਵਾ ਸਿੰਘ ਤਾਂ ਆਪਣੀ ਤਾੜ ਵਿਚ ਸੀ। ਉਹਦੀ ਪਤਲੂਨ ਦੀਆਂ ਦੋਵਾਂ ਜੇਬਾਂ ਵਿਚ ਰਿਵਾਲਵਰ ਸਨ। ਮੇਵਾ ਸਿੰਘ ਨੇ ਆਪਣੀ ਸੱਜੀ ਜੇਬ ਵਿਚੋਂ 32 ਬੋਰ ਦਾ ਰਿਵਾਲਵਰ ਕੱਢਿਆ ਤੇ ਐਨ ਨੇੜਿਓਂ ਹਾਪਕਿਨਸਨ ‘ਤੇ ਗੋਲੀਆਂ ਚਲਾ ਦਿੱਤੀਆਂ। ਹਾਪਕਿਨਸਨ ਨੇ ਗੋਡਿਆਂ ਪਰਨੇ ਹੋ ਕੇ ਭਾਈ ਮੇਵਾ ਸਿੰਘ ਨੂੰ ਪੱਟਾਂ ਤੋਂ ਜੱਫਾ ਮਾਰ ਕੇ ਡੇਗਣ ਦੀ ਕੋਸ਼ਿਸ਼ ਕੀਤੀ। ਮੇਵਾ ਸਿੰਘ ਮਜ਼ਬੂਤ ਜੁੱਸੇ ਵਾਲਾ ਸੀ। ਉਸ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਰਿਵਾਲਵਰ ਦੀ ਮੁੱਠ ਨਾਲ ਹਾਪਕਿਨਸਨ ਦੇ ਸਿਰ ਵਿਚ ਵਾਰ ਕਰਨੇ ਸ਼ੁਰੂ ਕਰ ਦਿੱਤੇ। ਫਿਰ ਉਸ ਨੇ ਰਿਵਾਲਵਰ ਪਰ੍ਹੇ ਸੁੱਟਿਆ ਤੇ ਖੱਬੇ ਹੱਥ ਵਾਲਾ ਰਿਵਾਲਵਰ ਸੱਜੇ ਹੱਥ ਵਿਚ ਫੜ ਕੇ ਗੋਲੀਆਂ ਚਲਾਉਣ ਲੱਗਾ।
ਅਦਾਲਤ ਵਿਚਲੇ ਕਈ ਜਣਿਆਂ ਨੇ ਆਪਣੀ ਅੱਖੀਂ ਹਾਪਕਿਨਸਨ ਦਾ ਕਤਲ ਹੁੰਦਾ ਵੇਖਿਆ। ਉਹ ਭੈਅ-ਭੀਤ ਤੇ ਹੱਕੇ-ਬੱਕੇ ਰਹਿ ਗਏ। ਕਿਸੇ ਨੇ ਵੀ ਅਦਾਲਤ ਦੇ ਕਮਰੇ ਵਿਚੋਂ ਬਾਹਰ ਨਿਕਲ ਕੇ ਹਾਪਕਿਨਸਨ ਨੂੰ ਬਚਾਉਣ ਦਾ ਚਾਰਾ ਨਾ ਕੀਤਾ। ਉਹ ਆਪਣੀ ਥਾਂ ਤੋਂ ਹਿੱਲੇ ਤੱਕ ਨਾ। ਹਾਂ, ਏਨਾ ਜ਼ਰੂਰ ਕਰ ਲਿਆ ਕਿ ਅਦਾਲਤ ਦੇ ਕਮਰੇ ਦੇ ਦਰਵਾਜ਼ੇ ਨੂੰ ਅੰਦਰੋਂ ਕੁੰਡੀ ਲਾ ਲਈ। ਜਦੋਂ ਮੇਵਾ ਸਿੰਘ ਨੇ ਆਪਣਾ ਕੰਮ ਪੂਰਾ ਕਰ ਲਿਆ ਤਾਂ ਉਸ ਨੇ ਕਿਧਰੇ ਦੌੜ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਬੇਖ਼ੌਫ਼ ਖਲੋਤਾ ਸੀ। ਅਦਾਲਤ ਦਾ ਇਕ ਮੁਲਾਜ਼ਮ ਰਿਚਰਡ ਪੌਲੀ ਜਿਹੜਾ ਮੇਵਾ ਸਿੰਘ ਹੁਰਾਂ ਤੋਂ ਕੁਝ ਮੀਟਰ ਦੂਰੀ ‘ਤੇ ਖੜੋਤਾ ਸਾਰਾ ਕਾਂਡ ਆਪਣੀਆਂ ਅੱਖਾਂ ਨਾਲ ਵੇਖਦਾ ਰਿਹਾ ਸੀ, ਅੱਗੇ ਵਧਿਆ ਤੇ ਮੇਵਾ ਸਿੰਘ ਨੂੰ ਕਿਹਾ ਕਿ ਉਹ ਰਿਵਾਲਵਰ ਉਸ ਨੂੰ ਫੜਾ ਦੇਵੇ। ਉਸ ਨੇ ਜਵਾਬ ਦਿੱਤਾ, “ਮੈਂ ਇਹ ਪੁਲਿਸ ਨੂੰ ਦੇਵਾਂਗਾ।” ਏਨੇ ਚਿਰ ਵਿਚ ਸਫ਼ਾਈ ਕਰਮਚਾਰੀਆਂ ਦਾ ਮੁਖੀ ਜੇਮਜ਼ ਮੈਕਨਨ ਜਿਹੜਾ ਪਹਿਲੀ ਗੋਲੀ ਦਾ ਖੜਾਕ ਸੁਣ ਕੇ ਪੌੜੀਆਂ ਚੜ੍ਹ ਗਿਆ ਸੀ, ਮੇਵਾ ਸਿੰਘ ਨੂੰ ਸ਼ਾਂਤ ਚਿੱਤ ਖਲੋਤਾ ਵੇਖ ਕੇ ਉਹਨੂੰ ਕਾਬੂ ਕਰਨ ਲਈ ਅੱਗੇ ਵਧਿਆ, ਪਰ ਮੇਵਾ ਸਿੰਘ ਨੇ ਆਪ ਹੀ ਆਪਣਾ ਰਿਵਾਲਵਰ ਉਸ ਨੂੰ ਫੜਾਉਂਦਿਆਂ ਆਪਣੀ ਟੁੱਟੀ-ਫੁੱਟੀ ਅੰਗਰੇਜ਼ੀ ਵਿਚ ਕਿਹਾ, “ਆਈ ਸ਼ੂਟ! ਆਈ ਗੋ ਸਟੇਸ਼ਨ।”
(ਚਲਦਾ)