ਡਾæ ਗੁਰਨਾਮ ਕੌਰ, ਕੈਨੇਡਾ
ਪੰਜਾਬ ਅੱਜ ਪਹਿਲਾਂ ਵਾਲਾ ਪੰਜਾਬ ਨਹੀਂ ਰਿਹਾ। ਰਾਜਨੀਤਕ ਤਾਕਤ ਤੇ ਕਾਬਜ ਹੋਣ ਦੀ ਹਵਸ ਨੇ ਇਸ ਦਾ ਬਹੁਤ ਨੁਕਸਾਨ ਕੀਤਾ ਹੈ। ਰਾਜਨੀਤਕ ਤਾਕਤ ਤੇ ਕਬਜੇ ਦੀ ਇਹ ਲਾਲਸਾ ਹੀ ਸੀ ਜਿਸ ਨੇ ਆਜ਼ਾਦੀ ਮਿਲਣ ਦੇ ਨਾਲ ਨਾਲ ਦੇਸ਼ ਦੇ ਦੋ ਟੁਕੜੇ ਕੀਤੇ। ਇਸ ਵੰਡ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੋਇਆ।
ਪੰਜਾਬ ਦੀ ਧਰਤੀ ਨਾ ਸਿਰਫ ਪੰਜਾਂ ਦਰਿਆਵਾਂ ਤੋਂ ਢਾਈ ਦਰਿਆਵਾਂ ਦੀ ਰਹਿ ਗਈ ਬਲਕਿ ਜਿਸ ਤਰ੍ਹਾਂ ਨਾਲ ਦੋਹਾਂ ਪਾਸੇ ਦੇ ਲੋਕਾਂ ਦਾ ਤਬਾਦਲਾ ਅਤੇ ਉਜਾੜਾ ਹੋਇਆ ਉਸ ਨਾਲ ਕਦੇ ਵੀ ਨਾ ਪੂਰੇ ਜਾ ਸਕਣ ਵਾਲਾ ਜਾਨੀ ਅਤੇ ਮਾਲੀ ਨੁਕਸਾਨ ਪੰਜਾਬੀਆਂ ਨੂੰ ਝੱਲਣਾ ਪਿਆ। ਆਜ਼ਾਦੀ ਤੋਂ ਬਾਅਦ ਜਿੱਥੇ ਬਹੁਤੇ ਸੂਬਿਆਂ ਦੀ ਬੋਲੀ ਨੂੰ ਰਾਜਸੀ ਮਾਨਤਾ ਦੇ ਦਿੱਤੀ ਗਈ, ਉਥੇ ਪੰਜਾਬੀ ਬੋਲੀ ਨੂੰ ਇਸ ਦੇ ਬਣਦੇ ਸਤਿਕਾਰ ਤੋਂ ਵਾਂਝਾ ਰੱਖਿਆ ਗਿਆ। ਇਹ ਸਭ ਸੌੜੇ ਰਾਜਸੀ ਹਿਤਾਂ ਦੇ ਕਾਰਨ ਵਾਪਰਿਆ।
ਆਖਰ ਵਰ੍ਹਿਆਂ ਦੇ ਸੰਘਰਸ਼ ਤੋਂ ਬਾਅਦ ਜੇ ਇਹ ਮਾਨਤਾ ਮਿਲੀ ਤਾਂ ਪੰਜਾਬ ਦੇ ਫਿਰ ਟੋਟੇ-ਟੋਟੇ ਹੋ ਗਏ। ਇਸ ਵੰਡ ਨਾਲ ਜਿੱਥੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼- ਦੋ ਨਵੇਂ ਸੂਬੇ ਹੋਂਦ ਵਿਚ ਆ ਗਏ, ਉਥੇ ਪੰਜਾਬ ਤੋਂ ਉਸ ਦੇ ਪਾਣੀਆਂ ਦਾ ਕੰਟਰੋਲ, ਪੰਜਾਬੀ ਬੋਲਦੇ ਇਲਾਕੇ, ਉਸ ਦੀ ਨਵੀਂ ਉਸਰੀ ਰਾਜਧਾਨੀ ਚੰਡੀਗੜ੍ਹ ਜਿਸ ਨੂੰ ਵਸਾਉਣ ਲਈ ਪੰਜਾਬ ਦੇ ਅਨੇਕਾਂ ਪਿੰਡਾਂ ਦਾ ਉਜਾੜਾ ਕੀਤਾ ਗਿਆ, ਖੋਹ ਲਏ ਗਏ। ਪੰਜਾਬ ਵਿਚੋਂ ਇੰਡਸਟਰੀ ਅਤੇ ਟੂਰਿਜ਼ਮ ਥਾਂਵਾਂ ਬਾਹਰ ਹੋ ਗਈਆਂ ਜੋ ਉਸ ਦੀ ਆਮਦਨ ਦਾ ਸਾਧਨ ਸਨ ਅਤੇ ਪੰਜਾਬ ਮਹਿਜ ਖੇਤੀ ‘ਤੇ ਨਿਰਭਰ ਹੋ ਕੇ ਰਹਿ ਗਿਆ। ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਵੰਡ ਨੂੰ ਮਨਜ਼ੂਰ ਕਰ ਲਿਆ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਸਿੱਖ ਬਹੁ-ਗਿਣਤੀ ਵਾਲਾ ਇਲਾਕਾ ਮਿਲਣ ਨਾਲ ਇਕੱਲਿਆਂ ‘ਰਾਜ’ ਸ਼ਕਤੀ ਵਿਚ ਬਣੇ ਰਹਿਣ ਦੀ ਸੰਭਾਵਨਾ ਨਜ਼ਰ ਆਈ। ਇਹ ਤੱਥ ਜੱਗ ਜ਼ਾਹਿਰ ਹੈ ਕਿ ਬੀæਜੇæਪੀ ਦੀ ਸਾਂਝ ਤੋਂ ਬਿਨਾ ਅਕਾਲੀ ਦਲ ਕਦੇ ਸਰਕਾਰ ਨਹੀਂ ਬਣਾ ਸਕਿਆ ਅਤੇ ਬੀæਜੇæਪੀ ਅਰਥਾਤ ਜਨ ਸੰਘ ਹੀ ਪੰਜਾਬੀ ਬੋਲੀ ਨੂੰ ਇਸ ਦਾ ਬਣਦਾ ਮਾਣ-ਸਨਮਾਨ ਦੇਣ ਦੇ ਸਭ ਤੋਂ ਵੱਧ ਖਿਲਾਫ ਸੀ ਅਤੇ ਅੱਜ ਵੀ ਹੈ। ਭਾਵੇਂ ਪੰਜਾਬ ਭਾਰਤ ਦਾ ਅੰਨ ਭੰਡਾਰ ਰਿਹਾ ਹੈ ਪਰ ਵੱਧ ਫਸਲ ਪੈਦਾ ਕਰਨ ਦੇ ਲਾਲਚ ਨੇ ਇਸ ਦਾ ਕਿੰਨਾ ਨੁਕਸਾਨ ਕੀਤਾ ਹੈ, ਇਸ ਦਾ ਖੁਲਾਸਾ ਹਰ ਰੋਜ ਅਰਥ ਸ਼ਾਸਤਰੀ ਆਪਣੇ ਲੇਖਾਂ ਵਿਚ ਗਾਹੇ-ਬਗਾਹੇ ਕਰਦੇ ਰਹਿੰਦੇ ਹਨ। ਪੰਜਾਬ ਦਾ ਪਾਣੀ, ਮਿੱਟੀ, ਹਵਾ ਸਭ ਪਲੀਤ ਹੋ ਗਏ ਹਨ, ਪਾਣੀ ਦਾ ਪੱਧਰ ਦਿਨੋ-ਦਿਨ ਨੀਂਵਾਂ ਹੋਈ ਜਾ ਰਿਹਾ ਹੈ। ਪੰਜਾਬ ਵਿਚ ਕੈਂਸਰ ਇੱਕ ਮਾਰੂ ਰੋਗ ਦੀ ਤਰ੍ਹਾਂ ਫੈਲ ਗਿਆ ਹੈ। ਖੇਤੀ ਹੇਠਲਾ ਜ਼ਮੀਨ ਦਾ ਰਕਬਾ ਦਿਨੋ ਦਿਨ ਘਟ ਰਿਹਾ ਹੈ। ਹਰ ਸਾਲ ਤੰਗੀਆਂ ਅਤੇ ਕਰਜ਼ੇ ਨਾਲ ਜੂਝ ਰਹੇ ਕਿਸਾਨਾਂ ਦੀਆਂ ਖੁਦਕਸ਼ੀਆਂ ਦੀ ਗਿਣਤੀ ਵਧਦੀ ਜਾਂਦੀ ਹੈ। ਇਸ ਵੇਲੇ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਜੋ ਸਭ ਸੋਚ ਸਕਣ ਵਾਲੇ ਦਾਨਿਸ਼ਵਰਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ, ਉਹ ਹੈ ਪੰਜਾਬ ਦੀ ਨੌਜੁਆਨ ਪੀੜ੍ਹੀ ਦਾ ਨਸ਼ਿਆਂ ਹੱਥੋਂ ਹੋ ਰਿਹਾ ਨੁਕਸਾਨ। ਪੰਜਾਬ ਦੀ ਨਾ ਸਿਰਫ ਵਰਤਮਾਨ ਪੀੜ੍ਹੀ ਹੀ ਤਬਾਹ ਹੋ ਰਹੀ ਹੈ, ਇਸ ਦਾ ਅਸਰ ਆਉਣ ਵਾਲੀਆਂ ਨਸਲਾਂ ‘ਤੇ ਵੀ ਘਾਤਕ ਸਿੱਧ ਹੋ ਸਕਦਾ ਹੈ।
ਹਰ ਮਰਜ਼ ਦੇ ਕਾਰਨ ਵੀ ਹੁੰਦੇ ਹਨ ਅਤੇ ਜੇ ਕਾਰਨ ਲੱਭ ਪੈਣ ਤਾਂ ਉਸ ਦਾ ਇਲਾਜ ਵੀ ਹੋ ਸਕਦਾ ਹੈ। ਕੀ ਕਾਰਨ ਹੈ ਕਿ ਉਹ ਪੰਜਾਬ ਜੋ ਸਦੀਆਂ ਤੋਂ ਭਾਰਤ ਦੀ ਸੁਰੱਖਿਆ ਬਾਹੀ ਬਣ ਕੇ ਵਿਚਰਿਆ, ਜਿਸ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਸਭ ਤੋਂ ਵੱਧ ਘੁਲਾਟੀਏ ਦਿੱਤੇ, ਬਿਹਤਰ ਫੌਜੀ ਅਤੇ ਖਿਡਾਰੀ ਦਿੱਤੇ, ਭਾਰਤ ਦਾ ਅੰਨ-ਦਾਤਾ ਬਣ ਕੇ ਵਿਚਰਿਆ ਹੈ ਅਤੇ ਨੰਬਰ ਇੱਕ ਸੂਬਾ ਰਿਹਾ ਹੈ, ਅੱਜ ਬਿਹਾਰ ਵਰਗੇ ਪੱਛੜੇ ਸੂਬੇ ਵੀ ਇਸ ਤੋਂ ਅੱਗੇ ਲੰਘ ਗਏ ਹਨ ਅਤੇ ਪੰਜਾਬ ਦਾ ਸ਼ੁਮਾਰ ਭਾਰਤ ਦੇ ਪੱਛੜੇ ਸੂਬਿਆਂ ਵਿਚ ਹੋਣ ਲੱਗ ਪਿਆ ਹੈ, ਇਸ ਦੀ ਜੁਆਨ ਪੀੜ੍ਹੀ ਤਬਾਹੀ ਵੱਲ ਪੂਰੇ ਜੋਰ-ਸ਼ੋਰ ਨਾਲ ਦੌੜੀ ਜਾ ਰਹੀ ਹੈ। ਸਰਕਾਰ ਭਾਵੇਂ ਇਸ ਨੂੰ ਪੰਜਾਬ ਨੂੰ ਬਦਨਾਮ ਕਰਨ ਲਈ ਛੱਡਿਆ ਸ਼ੋਸ਼ਾ ਦੱਸੀ ਜਾ ਰਹੀ ਹੈ ਪਰ ਅੰਕੜੇ ਦੱਸ ਰਹੇ ਹਨ ਕਿ ਪੰਜਾਬ ਦੀ ਜੁਆਨੀ ਨਾਲ ‘ਸਭ ਅੱਛਾ’ ਨਹੀਂ ਹੋ ਰਿਹਾ ਹੈ। ਇਹ ਗਹਿਰੀ ਚਿੰਤਾ ਦਾ ਵਿਸ਼ਾ ਹੈ ਜੋ ਤੁਰੰਤ ਧਿਆਨ ਮੰਗਦਾ ਹੈ।
ਉਪਰ ਪੰਜਾਬ ਦੇ ਹਵਾ, ਪਾਣੀ ਅਤੇ ਮਿੱਟੀ ਦੇ ਪਲੀਤ ਹੋਣ ਦੀ ਗੱਲ ਕੀਤੀ ਹੈ। ਪ੍ਰਦੂਸ਼ਣ ਸਿਰਫ ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਹੀ ਤਬਾਹ ਨਹੀਂ ਕਰ ਰਿਹਾ ਸਗੋਂ ਪ੍ਰਦੂਸ਼ਣ ਤਾਂ ਪੰਜਾਬ ਦੇ ਸਭਿਆਚਾਰ, ਇਸ ਦੀਆਂ ਨੈਤਿਕ ਕੀਮਤਾਂ ਵਿਚ ਵੀ ਫੈਲ ਰਿਹਾ ਹੈ। ਪੰਜਾਬ, ਜਿਸ ਬਾਰੇ ਪ੍ਰੋæ ਪੂਰਨ ਸਿੰਘ ਨੇ ਕਿਹਾ ਸੀ ਕਿ ਇਹ ਗੁਰੂ ਦੇ ਨਾਂ ‘ਤੇ ਜੀਅ ਰਿਹਾ ਹੈ, ਅੱਜ ਗੁਰੂ ਦੇ ਨਾਂ ‘ਤੇ ਰਾਜ ਕਰਨ ਵਾਲੀ ਪਾਰਟੀ ਹੀ ਸਭ ਤੋਂ ਵੱਧ ਲਾਲਚੀ ਅਤੇ ਭ੍ਰਿਸ਼ਟ ਹੋ ਗਈ ਹੈ ਜਿਸ ਨੇ ਸਾਰੇ ਸਿਸਟਮ ਨੂੰ ਹੀ ਭ੍ਰਿਸ਼ਟ ਕਰ ਦਿੱਤਾ ਹੈ। ਇਥੇ ਇਸ ਦੇ ਵਿਸਥਾਰ ਵਿਚ ਜਾਣ ਦੀ ਜ਼ਰੂਰਤ ਨਹੀਂ ਜਾਪਦੀ ਕਿਉਂਕਿ ਜਿਵੇਂ ਪੰਜਾਬ ਦੇ ਮੰਤਰੀਆਂ, ਪੁਲਿਸ ਅਫਸਰਾਂ ਦੇ ਨਾਂ ਨਸ਼ਿਆਂ ਦੀ ਸਮਗਲਿੰਗ ਨਾਲ ਜੁੜ ਗਏ ਹਨ ਅਤੇ ਜੁੜ ਰਹੇ ਹਨ, ਉਹ ਸਭ ਹਰ ਰੋਜ਼ ਹੀ ਅਖਬਾਰਾਂ ਦੀਆਂ ਸੁਰਖੀਆਂ ਬਣ ਰਿਹਾ ਹੈ। ਲਾਲਚ ਨੇ ਪ੍ਰਬੰਧਕੀ ਮਸ਼ੀਨਰੀ, ਵਜ਼ੀਰਾਂ ਤੇ ਪਰਜਾ ਦੀ ਸੁਰੱਖਿਆ ਅਤੇ ਭਲਾਈ ਨਾਲ ਜੁੜੇ ਅਫਸਰਾਂ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ ਹੈ। ਲੋਕ ਚੰਦ ਸਿੱਕਿਆਂ ਅਤੇ ਨਸ਼ਿਆਂ ਦੇ ਲਾਲਚ ਵਿਚ ਮੁੜ ਮੁੜ ਅਜਿਹੇ ਲੋਕਾਂ ਦੇ ਹੱਥਾਂ ਵਿਚ ਵਾਗਡੋਰ ਸੰਭਾਲੀ ਜਾ ਰਹੇ ਹਨ। ਜੇ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਫਿਰ ਉਸ ਖੇਤ ਦਾ ਤਾਂ ਰੱਬ ਹੀ ਰਾਖਾ ਹੈ। ਇਹ ਵਜੀਰੀਆਂ ਵਾਲੇ ਨਾ ਸਿਰਫ ਨਸ਼ਿਆਂ ਦਾ ਵਿਉਪਾਰ ਹੀ ਕਰਦੇ ਹਨ ਬਲਕਿ ਵੋਟਾਂ ਬਟੋਰਨ ਲਈ ਲੋਕਾਂ ਵਿਚ ਨਸ਼ੇ ਵੀ ਵੰਡਦੇ ਹਨ ਅਤੇ ਨਸ਼ਿਆਂ ਦੀ ਲਤ ਲਾਉਂਦੇ ਹਨ। ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿਚ ਇਸ ਦਾ ਖੁਲਾਸਾ ਇਸ ਤਰ੍ਹਾਂ ਕੀਤਾ ਹੈ,
ਕਲਿ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ।
ਰਾਜੇ ਪਾਪੁ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ।
ਪਰਜਾ ਅੰਧੀ ਗਿਆਨ ਬਿਨੁ ਕੂੜ ਕੁਸਤੁ ਮੁਖਹੁ ਆਲਾਈ।æææ (ਵਾਰਾਂ ਭਾਈ ਗੁਰਦਾਸ 1/30)
ਸਿੱਖ ਧਰਮ ਵਿਚ ਹਰ ਤਰ੍ਹਾਂ ਦੇ ਨਸ਼ੇ ਕਰਨ ਦੀ ਮਨਾਹੀ ਹੈ। ਪੰਜਾਬ ਵਿਚ ਸਿੱਖ ਧਰਮ ਦਾ ਬੋਲਬਾਲਾ ਰਿਹਾ ਹੈ ਅਤੇ ਇਸ ਦਾ ਅਸਰ, ਜਿਵੇਂ ਪ੍ਰੋæ ਪੂਰਨ ਸਿੰਘ ਨੇ ਕਿਹਾ ਹੈ, ਪੰਜਾਬ ਵਿਚ ਵੱਸਣ ਵਾਲੇ ਸਾਰੇ ਧਰਮਾਂ ਦੇ ਲੋਕਾਂ ਦੀ ਰਹਿਣੀ ਬਹਿਣੀ ‘ਤੇ ਬਹੁਤ ਗਹਿਰਾ ਰਿਹਾ ਹੈ। ਇਹੀ ਕਾਰਨ ਸੀ ਕਿ ਪੰਜਾਬ ਵਿਚ ਨਾ ਸਿਰਫ ਅਫੀਮ, ਡੋਡਿਆਂ ਜਾਂ ਤੰਬਾਕੂ ਦੀ ਖੇਤੀ ਦੀ ਮਨਾਹੀ ਰਹੀ ਹੈ, ਬਾਕੀ ਸੂਬਿਆਂ ਦੇ ਮੁਕਾਬਲੇ ਇਥੇ ਇਨ੍ਹਾਂ ਵਸਤਾਂ ਦੀ ਵਰਤੋਂ ਵੀ ਮਨਫੀ ਵਾਂਗ ਹੀ ਸੀ ਪਰ ਹੁਣ ਖੇਤੀ ਨਾ ਹੋਣ ‘ਤੇ ਵੀ, ਅਖਬਾਰਾਂ ਵਿਚ ਛਪਦੀਆਂ ਖਬਰਾਂ ਅਨੁਸਾਰ ਨਸ਼ਿਆਂ ਦੇ ਟੀਕੇ, ਕੈਪਸੂਲਾਂ ਅਤੇ ਸਿੰਥੈਟਿਕ ਡਰੱਗ ਦੇ ਨਾਲ ਨਾਲ ਡੋਡੇ ਅਤੇ ਤੰਬਾਕੂ ਦੀ ਖਪਤ ਵੀ ਖੂਬ ਹੋ ਰਹੀ ਹੈ। ਇਸ ਸਭ ਦਾ ਕਾਰਨ ਆਰਥਿਕ ਅਤੇ ਰਾਜਨੀਤਕ ਕਾਰਨਾਂ ਦੇ ਨਾਲ ਨਾਲ ਸਭਿਆਚਾਰਕ ਪ੍ਰਦੂਸ਼ਣ ਵੀ ਹੈ।
ਸਭਿਆਚਾਰਕ ਪ੍ਰਦੂਸ਼ਣ ਸਭ ਤੋਂ ਪਹਿਲਾਂ ਪੰਜਾਬ ਵਿਚ ਨਕਸਲਵਾੜੀ ਲਹਿਰ ਦੀ ਚੜ੍ਹਤ ਵੇਲੇ ਸ਼ੁਰੂ ਹੋਇਆ ਜਦੋਂ ਨੌਜੁਆਨ ਪੀੜ੍ਹੀ ਨੂੰ ਲਹਿਰ ਨਾਲ ਜੋੜਨ ਲਈ ਧਰਮ ਨਾਲੋਂ ਤੋੜਨਾ ਜ਼ਰੂਰੀ ਮੰਨ ਲਿਆ ਗਿਆ। ਪੰਜਾਬੀ ਨੌਜੁਆਨ ਬਹੁਤੇ ਸਿੱਖ ਧਰਮ ਨਾਲ ਜੁੜੇ ਹੋਏ ਸਨ ਅਤੇ ਸਿੱਖ ਧਰਮ ਵਿਚ ‘ਕੁੜੀ ਮਾਰ ਅਤੇ ਨੜੀ ਮਾਰ ਨਾਲ’ ਸਮਾਜਿਕ ਵਰਤੋਂ ਰੱਖਣ ਦੀ ਵੀ ਮਨਾਹੀ ਹੈ। 60ਵਿਆਂ-70ਵਿਆਂ ਵਿਚ ਪੰਜਾਬ ਵਿਚ Ḕਪੀæ ਐਸ਼ ਯੂæḔ ਦੀ ਚੜ੍ਹਾਈ ਸੀ ਅਤੇ ਨੌਜੁਆਨਾਂ ਵਲੋਂ ਪੀæ ਐਸ਼ ਯੂæ ਦੇ ਮੈਂਬਰ ਹੋਣਾ ਫਖਰ ਸਮਝਿਆ ਜਾਂਦਾ ਸੀ। ਸਿੱਖ ਧਰਮ ਨਾਲੋਂ ਤੋੜਨ ਵਾਸਤੇ ਨਕਸਲਵਾੜੀ ਲਹਿਰ ਨਾਲ ਜੁੜਨ ਵਾਲੇ ਬਹੁਤੇ ਮੁੰਡਿਆਂ ਦੇ ਹੱਥ ਸਿਗਰਟ ਫੜਾਈ ਜਾਂਦੀ ਸੀ। ਉਦੋਂ ਦੇ ਨੌਜੁਆਨ ਹੁਣ ਢਲਦੀ ਉਮਰ ਵਿਚ ਵੀ ਸਿਗਰਟ ਤੋਂ ਖਹਿੜਾ ਨਹੀਂ ਛੁਡਾ ਸਕੇ। ਇਸੇ ਸੋ ਕਾਲਡ ਪ੍ਰੌਗਰੈਸਿਵ ਲਹਿਰ ਦੇ ‘ਇੰਟਲੈਕਚੁਅਲ ਵਿੰਗ’ ਦੀ ਦੇਣ ਸ਼ਰਾਬ ਦੀ ਆਦਤ ਵੀ ਹੈ ਕਿਉਂਕਿ ਪੱਛਮੀ ਸਾਹਿਤ ਨੂੰ ਪੜ੍ਹ ਕੇ ਹੋਰ ਕੁਝ ਭਾਵੇਂ ਸਿੱਖਿਆ ਹੋਵੇ ਭਾਵੇਂ ਨਾ ਪਰ ਇਹ ਗੱਲ ਪੱਕੀ ਘਰ ਕਰ ਗਈ ਹੈ ਕਿ ਸ਼ਰਾਬ ਦੀਆਂ ਚੁਸਕੀਆਂ ਨਾਲ ਹੀ ‘ਇੰਟਲੈਕਚੁਅਲ’ ਬਹਿਸ ਜਾਂ ਵਾਰਤਾਲਾਪ ਸੰਭਵ ਹੈ ਅਤੇ ਜਿਹੜੇ ਲੋਕ ਸ਼ਰਾਬ ਨਹੀਂ ਪੀਂਦੇ ਉਹ ਸ਼ਾਇਦ ਬੁੱਧੀ ਜੀਵੀ ਹਨ ਹੀ ਨਹੀਂ।
ਸਿੱਖ ਭਾਈਚਾਰੇ ਦੇ ਮਨ ਵਿਚ ਪਤਾ ਨਹੀਂ ਕਿੱਥੋਂ ਇਹ ਗਲਤਫਹਿਮੀ ਘਰ ਕਰ ਗਈ ਹੈ ਕਿ ਸ਼ਾਇਦ ਸ਼ਰਾਬ ਅਜਿਹਾ ਨਸ਼ਾ ਨਹੀਂ ਹੈ ਜਿਸ ਦੀ ਸਿੱਖ ਧਰਮ ਵਿਚ ਮਨਾਹੀ ਕੀਤੀ ਗਈ ਹੋਵੇ। ਇਸੇ ਲਈ ਸਭਿਆਚਾਰਕ ਪ੍ਰਦੂਸ਼ਣ ਦਾ ਇੱਕ ਹੋਰ ਪੱਖ ਹੈ ਸ਼ਰਾਬ ਨੂੰ ਹੀ ਪ੍ਰਾਹੁਣਚਾਰੀ ਦਾ ਜ਼ਰੂਰੀ ਹਿੱਸਾ ਮੰਨਣਾ। ਪਹਿਲੇ ਸਮਿਆਂ ਵਿਚ ਸ਼ਰਾਬ ਦੀ ਵਰਤੋਂ ਆਮ ਨਹੀਂ ਸੀ ਹੁੰਦੀ। ਕਿਧਰੇ ਲੋਹੜੀ, ਦੀਵਾਲੀ ਜਾਂ ਕਿਸੇ ਖਾਸ ਮੌਕੇ ਹੀ ਹੁੰਦੀ ਸੀ, ਉਹ ਵੀ ਸੀਮਤ ਮਾਤਰਾ ਵਿਚ। ਮੈਨੂੰ ਹੁਣ ਵੀ ਯਾਦ ਹੈ ਕਿ ਪਿੰਡ ਦੀ ਸਿੰਘ ਸਭਾ ਤੇ ਜਦੋਂ ਤਿੰਨ ਦਿਨ ਦੀਵਾਨ ਸਜਦਾ ਸੀ ਤਾਂ ‘ਪੰਮਿਆ’ ਪਿੰਡ ਦਾ ਕਵੀਸ਼ਰੀ ਜਥਾ ਜ਼ਰੂਰ ਆਪਣੀ ਹਾਜ਼ਰੀ ਲੁਆਉਂਦਾ ਸੀ। ਉਹ ਹਰ ਵਾਰ ਇੱਕ ਗੱਲ ਸੰਗਤਾਂ ਨੂੰ ਸਮਝਾਉਣ ਲਈ ਬੜੇ ਮਜਾਕੀਆ ਲਹਿਜੇ ਵਿਚ ਕਹਿੰਦੇ ਹੁੰਦੇ ਸੀ, “ਸੰਗਤ ਜੀ! ਕਿਸੇ ਦੇ ਘਰ ਮੁੰਡਾ ਜੰਮਿਆ ਤਾਂ ਵੀ ਸ਼ਰਾਬ, ਉਸ ਦੀ ਲੋਹੜੀ ਆ ਗਈ ਤਾਂ ਵੀ ਸ਼ਰਾਬ ਅਤੇ ਜਦੋਂ ਮੰਗਣਾ ਆ ਗਿਆ ਤਾਂ ਵੀ ਸ਼ਰਾਬ, ਵਿਆਹ ‘ਤੇ ਵੀ ਸ਼ਰਾਬ। ਇਹ ਮੁੰਡਾ ਨਾ ਹੋਇਆ, ਸ਼ਰਾਬ ਦਾ ਡਰੰਮ ਜੰਮ ਪਿਆ।” ਪਰ ਸੱਚੀ ਗੱਲ ਇਹ ਹੈ ਕਿ ਸ਼ਰਾਬ ਸਿਰਫ ਅਜਿਹੇ ਮੌਕਿਆਂ ‘ਤੇ ਹੀ ਮਹਿਦੂਦ ਹੁੰਦੀ ਸੀ। ਹੁਣ ਆਮ ਘਰਾਂ ਵਿਚ ਵੀ ਆਏ ਗਏ ਦੀ ‘ਖ਼ਾਤਰ’ ਸ਼ਰਾਬ ਨਾਲ ਕੀਤੀ ਜਾਂਦੀ ਹੈ, ਨਾ ਕੀਤੀ ਜਾਵੇ ਤਾਂ ਆਉਣ ਵਾਲਾ ਇਸ ਨੂੰ ਆਪਣੀ ਬੇਇਜ਼ਤੀ ਮੰਨਦਾ ਅਤੇ ਮੇਜ਼ਬਾਨ ਦੀ ਬਦਨਾਮੀ ਕਰਦਾ ਹੈ।
ਰੀਸ ਅਤੇ ਦਿਖਾਵਾ ਕਰਨਾ ਪੰਜਾਬੀਆਂ ਦਾ ਸੁਭਾਅ ਬਣ ਚੁੱਕਾ ਹੈ ਜਿਸ ਵਿਚ ਬਹੁਤ ਹੋਛਾਪਣ ਵੀ ਸ਼ਾਮਲ ਹੈ। ਇੱਕ ਦੂਸਰੇ ਦੀ ਰੀਸ ਕਰਨਾ ਅਤੇ ਉਸ ਤੋਂ ਵਧ ਕੇ ਕਰਨਾ ਉਨ੍ਹਾਂ ਦੀ ਫਿਤਰਤ ਦਾ ਹਿੱਸਾ ਬਣ ਗਿਆ ਹੈ। ਰੀਸੋ ਰੀਸੀ ਵਿਆਹਾਂ ‘ਤੇ ਫਜ਼ੂਲ ਖਰਚੀ ਦੇ ਨਾਲ ‘ਮੈਰਿਜ ਪੈਲੇਸ ਕਲਚਰ’ ਨੇ ਵੀ ਸਭਿਆਚਾਰਕ ਵਿਗਾੜ ਪੈਦਾ ਕਰਨ ਵਿਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਪਹਿਲੀਆਂ ਵਿਚ ਵੀ ਭਾਵੇਂ ਲੋਕ ਵਿਤ ਮੁਤਾਬਿਕ ਖਰਚ ਕਰਦੇ ਸਨ ਜਿਵੇਂ ਸਰਦੇ ਪੁਜਦੇ ਲੋਕ ਕੁੜੀਆਂ ਦੇ ਵਿਆਹਾਂ ‘ਤੇ ਹੋਰ ਦਾਜ ਦੇ ਨਾਲ ਨਾਲ ਘੋੜੀ-ਕੰਠਾ ਦੇਣਾ ਜਾਂ ਵਧੀਆ ਸੇਵਾ ਕਰਨਾ ਆਪਣੀ ਸ਼ਾਨ ਸਮਝਦੇ ਸਨ ਪਰ ਇਸ ਦੇ ਬਾਵਜੂਦ ਵਿਆਹ ਸਾਦੇ ਅਤੇ ਘਰਾਂ ਵਿਚ ਹੀ ਕੀਤੇ ਜਾਂਦੇ ਸਨ। ਸ਼ਰਾਬ ਆਦਿ ਜੰਞ-ਘਰਾਂ ਵਿਚ ਮੁੰਡੇ ਵਾਲਿਆਂ ਵਲੋਂ ਹੀ ਦਿੱਤੀ ਜਾਂਦੀ ਸੀ। ਸਭ ਕੁਝ ਸਿੱਧਾ ਸਾਦਾ ਅਤੇ ਰੌਲੇ-ਰੱਪੇ ਤੋਂ ਰਹਿਤ ਸੁਖਾਵੇਂ ਵਾਤਾਵਰਨ ਵਿਚ ਚਾਅ ਨਾਲ ਹੁੰਦਾ ਸੀ। ਨਾ ਕੋਈ ਬਹੁਤੀ ਫਜ਼ੂਲ-ਖਰਚੀ ਅਤੇ ਨਾ ਹੀ ਧਮੱਚੜ। ਵੱਧ ਤੋਂ ਵੱਧ ਬੈਂਡ-ਵਾਜੇ ਨਾਲ ਕੁੜੀਆਂ ਵਾਲੇ ਕਪੜੇ ਪਾਈ ਨਚਾਰ ਨੱਚਦਾ ਜਾਂਦਾ ਸੀ। ਬਰਾਤ ਭਾਵੇਂ ਦੋ ਰਾਤਾਂ ਠਹਿਰਦੀ ਸੀ ਪਰ ਸਭ ਕੁਝ ਸੁਖਾਵਾਂ ਹੁੰਦਾ ਸੀ। ‘ਮੈਰਿਜ ਪੈਲੇਸ’ ਕਲਚਰ ਨੇ ਜਿੱਥੇ ਕੁੜੀ ਵਾਲਿਆਂ ਦੇ ਖਰਚੇ ਵਧਾਏ ਹਨ, ਉਥੇ ‘ਸ਼ਰਾਬ’ ਵਰਗੇ ਨਸ਼ੇ ਨੂੰ ਵੀ ਆਮ ਕੀਤਾ ਹੈ। ਹੁਣ ਹਰ ਮੁੰਡੇ ਵਾਲਾ ਇਹ ਸਿਰਫ ਇੱਛਾ ਹੀ ਨਹੀਂ ਰੱਖਦਾ ਬਲਕਿ ਇਹ ਲਾਜ਼ਮੀ ਹੋ ਗਿਆ ਹੈ ਕਿ ਕੁੜੀ ਵਾਲਿਆਂ ਨੂੰ ‘ਮੈਰਿਜ ਪੈਲੇਸ’ ਵਿਚ ਆਉਣ ਵਾਲੀ ‘ਭੀੜ’ ਲਈ ਰੰਗ-ਬਿਰੰਗੀ ਮਹਿੰਗੀ ਸ਼ਰਾਬ ਵੀ ਰੱਖਣੀ ਪੈਂਦੀ ਹੈ। ਇਹ ਬਰਾਤ ਨਹੀਂ ਹੁੰਦੀ ‘ਭੀੜ’ ਹੀ ਹੁੰਦੀ ਹੈ ਕਿਉਂਕਿ ਇਸ ਵਿਚ ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਤੋਂ ਬਿਨਾ ਪੋਲੀਟੀਕਲ ਬੰਦਿਆਂ ਦੀ ਭੀੜ ਦੇ ਨਾਲ ਨਾਲ ਹੋਰ ਵੀ ਜਿਸ ਨੂੰ ਵੀ ‘ਓਬਲਾਈਜ਼’ ਕਰਨਾ ਹੁੰਦਾ ਹੈ- ਮੁੰਡੇ ਵਾਲੇ ‘ਵਿਆਹ’ ਤੇ ਸੱਦ ਲੈਂਦੇ ਹਨ। ਦੋ-ਚਾਰ ਸੌ ਕਹਿ ਕੇ ਇਹ ‘ਭੀੜ’ ਵਿਆਹ ਤੱਕ ਪਹੁੰਚਦੇ ਪਹੁੰਚਦੇ ਕਈ ਵਾਰ ਹਜ਼ਾਰਾਂ ਦੀ ਗਿਣਤੀ ਟੱਪ ਜਾਂਦੀ ਹੈ। ਓਨੇ ਲੱਖ ਰੁਪਿਆ ਕੁੜੀ ਅਤੇ ਸਹੁਰਿਆਂ ਦੇ ਕੱਪੜੇ ਗਹਿਣੇ ‘ਤੇ ਖ਼ਰਚ ਨਹੀਂ ਆਉਂਦਾ ਜਿੰਨੇ ਲੱਖ ਦਾ ਬਿਲ ਮੈਰਿਜ ਪੈਲੇਸ ਦਾ ਬਣ ਜਾਂਦਾ ਹੈ। ਪਹਿਲੇ ਸਮਿਆਂ ਵਿਚ ਵਿਆਹਾਂ ਵਿਚ ਵੀ ਪਿਉ-ਪੁੱਤ ਇਕੱਠੇ ਬੈਠ ਕੇ ਨਹੀਂ ਸੀ ਪੀਂਦੇ ਪਰ ਇਸ ਨਵੇਂ ਸਭਿਆਚਾਰ ਦੀ ਦੇਣ ਹੀ ਹੈ ਕਿ ਪੁੱਤਾਂ ਨੇ ਆਪਣੇ ਦੋਸਤਾਂ ਨਾਲ ਅਲੱਗ ਟੇਬਲ ਸਜਾਇਆ ਹੁੰਦਾ ਹੈ ਅਤੇ ਬਾਪ ਨੇ ਅਲੱਗ। ਕਈ ਵਾਰ ਤਾਂ ਇੱਕੋ ਟੇਬਲ ਤੇ ਪਿਉ, ਦਾਦਾ ਤੇ ਪੋਤਾ ਬੈਠ ਕੇ ਪੀਂਦੇ ਹਨ। ਇਸ ਨਾਲ ਬੱਚਿਆਂ ਵਿਚ ਜੋ ਝਾਕਾ ਜਾਂ ਅੱਖ ਦੀ ਸ਼ਰਮ ਹੁੰਦੀ ਸੀ, ਉਹ ਜਾਂਦੀ ਲੱਗੀ ਹੈ। ਕੌਣ ਕਿਸ ਨੂੰ ਕਹੇਗਾ ਕਿ ਕਿਹੜਾ ਰਾਹ ਗਲਤ ਹੈ ਅਤੇ ਕਿਹੜਾ ਠੀਕ? ਇਸ ਮੈਰਿਜ ਪੈਲੇਸ ਕਲਚਰ ਨੇ ਹੀ ਨਵੇਂ ਨਵੇਂ ਗਾਇਕਾਂ ਨੂੰ ਜਨਮ ਦਿੱਤਾ ਹੈ ਜਿਹੜੇ ਆਪਣੇ ਗੀਤਾਂ ਰਾਹੀਂ ਜਿੱਥੇ ਪੰਜਾਬੀ ਸਭਿਆਚਾਰ ਨੂੰ ਆਪਣੀ ਗਾਇਕੀ ਅਤੇ ਇਸ ਦੇ ਪ੍ਰਦਰਸ਼ਨ ਰਾਹੀਂ ਤਰ੍ਹਾਂ ਤਰ੍ਹਾਂ ਨਾਲ ਗੰਧਲਾ ਕਰ ਰਹੇ ਹਨ, ਉਥੇ ਆਪਣੀ ਗਾਇਕੀ ਰਾਹੀਂ ਸ਼ਰਾਬ ਦਾ ਵੀ ਖੂਬ ਪ੍ਰਚਾਰ ਕਰਦੇ ਹਨ ਜਿਵੇਂ ਸ਼ਰਾਬ ਤੋਂ ਬਿਨਾ ਪੰਜਾਬੀ ਬੰਦੇ ਦੀ ਹੋਰ ਕੋਈ ਪਹਿਚਾਣ ਹੀ ਨਹੀਂ ਹੈ। ਪੰਜਾਬੀ ਦਾ ਕੋਈ ਵਿਰਲਾ ਹੀ ਗਾਇਕ ਹੋਵੇਗਾ ਜਿਸ ਨੇ ਆਪਣੇ ਇੱਕ ਜਾਂ ਦੂਜੇ ਗੀਤ ਵਿਚ ਸ਼ਰਾਬ ਦੇ ਸੋਹਲੇ ਨਾ ਗਾਏ ਹੋਣ।
ਸਰਕਾਰਾਂ ਕਦੀ ਵੀ ਨਹੀਂ ਚਾਹੁੰਦੀਆਂ ਕਿ ਲੋਕ ਜਾਗਣ ਜਾਂ ਚੇਤੰਨ ਹੋਣ ਕਿਉਂਕਿ ਲੋਕ ਜਿੰਨੀ ਮਾਤਰਾ ਵਿਚ ਵੱਧ ਨਸ਼ੇੜੀ ਜਾਂ ਸੁੱਤੇ ਹੋਏ ਹੋਣਗੇ, ਓਨੀ ਮਾਤਰਾ ਵਿਚ ਹੀ ਉਹ ਸਰਕਾਰ ਦੀ ਨਾਲਾਇਕੀ ਤੇ ਕਿੰਤੂ-ਪ੍ਰੰਤੂ ਘੱਟ ਕਰਨਗੇ, ਬਲਕਿ ਅਵੇਸਲੇ ਹੀ ਹੋ ਰਹਿਣਗੇ। ਇਸ ਲਈ ਇਹ ਸਮਾਜ-ਸੇਵੀ ਸੰਸਥਾਵਾਂ ਅਤੇ ਲੋਕਾਂ ਦਾ ਭਲਾ ਚਾਹੁਣ ਵਾਲਿਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਨੌਜੁਆਨਾਂ ਅੰਦਰ ਚੇਤਨਾ ਪੈਦਾ ਕਰਨ, ਉਨ੍ਹਾਂ ਨੂੰ ਸੁਚਾਰੂ ਪਾਸੇ ਲਾਉਣ ਅਤੇ ਆਪਣੇ ਹੱਕਾਂ ਲਈ ਸੁਚੇਤ ਕਰਨ। ਪੰਜਾਬ ਤਬਾਹੀ ਵੱਲ ਬੜੀ ਤੀਬਰਤਾ ਨਾਲ ਵੱਧ ਰਿਹਾ ਹੈ। ਜੇ ਇਸ ਦੀ ਨੌਜੁਆਨ ਪੀੜ੍ਹੀ ਹੀ ਨਸ਼ਿਆਂ ਵਿਚ ਗਰਕ ਗਈ ਫਿਰ ਕਿਹੜਾ ਖ਼ਾਲਸਾ ਅਤੇ ਕੀਹਦੇ ਲਈ ਉਹ ਸਭ ਕੁਝ ਜਿਸ ਦੇ ਰੋਜ਼ ਨਾਹਰੇ ਲਗਦੇ ਹਨ।