ਕਹਾਣੀ ਇਉਂ ਤੁਰੀ-4
ਪੰਜਾਬੀ ਕਹਾਣੀ ਜਗਤ ਵਿਚ ਗੁਰਬਚਨ ਸਿੰਘ ਭੁੱਲਰ ਦਾ ਨਿਵੇਕਲਾ ਅਤੇ ਨਿਆਰਾ ਸਥਾਨ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿਚ ਪੰਜਾਬ, ਖਾਸ ਕਰ ਕੇ ਮਾਲਵਾ ਖਿੱਤੇ ਦਾ ਰੰਗ ਪੂਰੇ ਜਲੌਅ ਅਤੇ ਸਿਦਕ ਨਾਲ ਪੇਸ਼ ਹੋਇਆ ਹੈ। ਆਪਣੀ ਪਹਿਲੀ ਹੀ ਕਹਾਣੀ ‘ਰਾਤਾਂ ਕਾਲੀਆਂ’ ਅਤੇ ਫਿਰ ਪਹਿਲੀ ਹੀ ਕਿਤਾਬ ‘ਓਪਰਾ ਮਰਦ’ ਨਾਲ ਉਨ੍ਹਾਂ ਪੰਜਾਬੀ ਸਾਹਿਤ ਜਗਤ ਦਾ ਧਿਆਨ ਵਾਹਵਾ ਖਿੱਚ ਲਿਆ ਸੀ, ਤੇ ਚੋਟੀ ਦੇ ਲੇਖਕਾਂ ਵਿਚ ਸ਼ੁਮਾਰ ਹੋ ਗਏ ਸਨ। ਹਾਲ ਹੀ ਵਿਚ ਉਨ੍ਹਾਂ ਦਾ ਪਲੇਠਾ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਪ੍ਰਕਾਸ਼ਤ ਹੋਇਆ ਹੈ।
‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਉਨ੍ਹਾਂ ਆਪਣੀ ਲੰਮੀ ਲੇਖ ਲੜੀ ‘ਕਹਾਣੀ ਇਉਂ ਤੁਰੀ’ ਭੇਜੀ ਹੈ ਜਿਸ ਵਿਚ ਉਨ੍ਹਾਂ ਆਪਣੀ ਕਹਾਣੀ ਯਾਤਰਾ ਬਾਰੇ ਨਿੱਠ ਕੇ ਗੱਲਾਂ ਕੀਤੀਆਂ ਹਨ। ਉਂਜ, ਇਸ ਕਹਾਣੀ ਯਾਤਰਾ ਵਿਚ ਉਨ੍ਹਾਂ ਅਜਿਹਾ ਸਭਿਆਚਾਰਕ-ਸਮਾਜਕ ਰੰਗ ਭਰਿਆ ਹੈ ਕਿ ਇਸ ਕਹਾਣੀ ਯਾਤਰਾ ਦੇ ਪਿਛੇ ਪੰਜਾਬ ਦੀਆਂ ਹੇਕਾਂ ਸੁਣਾਈ ਦਿੰਦੀਆਂ ਹਨ। ਇਹ ਦਿਲਚਸਪ ਲੇਖ ਲੜੀ ਅਸੀਂ ਆਪਣੇ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਐਤਕੀਂ ਉਨ੍ਹਾਂ ਦਿੱਲੀ ਦੀਆਂ ਸਾਹਿਤਕ ਹਸਤੀਆਂ ਬਾਰੇ ਗੱਲਾਂ ਛੇੜੀਆਂ ਹਨ। -ਸੰਪਾਦਕ
ਗੁਰਬਚਨ ਸਿੰਘ ਭੁੱਲਰ
ਹੁਣ ਤਾਂ ਪੰਜਾਬ ਅੰਗ-ਅੰਗ ਕੱਟੇ ਜਾਣ ਨਾਲ ਢਾਈ ਆਬ ਬਣ ਗਿਆ ਹੈ। ਪੂਰੇ ਪੰਜਾਬ ਦਾ ਤਾਂ ਨਾਂ ਹੀ ਉਸ ਵਿਚ ਵਗਦੇ ਪੰਜ ਦਰਿਆਵਾਂ ਸਦਕਾ ਪਿਆ ਸੀ। ਜਦੋਂ ਮੈਂ ਦਿੱਲੀ ਪਹੁੰਚਿਆ, ਉਥੇ ਪੰਜਾਬੀ ਸਾਹਿਤ ਦੇ ਢਾਈ ਨਹੀਂ, ਪੰਜ ਵੀ ਨਹੀਂ, ਅਨੇਕ ਦਰਿਆ ਭਰ ਵਗਦੇ ਸਨ। ਇਹ ਸਭ ਅਜਿਹੇ ਲੋਕ ਸਨ ਜਿਨ੍ਹਾਂ ਨੂੰ ਜਦੋਂ ਵੀ ਮਿਲੋ, ਤੁਹਾਡੇ ਪੱਲੇ ਕੁਝ ਨਾ ਕੁਝ ਜ਼ਰੂਰ ਪੈਂਦਾ ਸੀ।
ਪ੍ਰਮੁੱਖ ਪ੍ਰਕਾਸ਼ਕ ਭਾਪਾ ਪ੍ਰੀਤਮ ਸਿੰਘ ਅਤੇ ਪ੍ਰਮੁੱਖ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਨਾਲ ਵਾਹ ਪੈਣ ਮਗਰੋਂ ਮੇਰਾ ਵਾਹ ਦੇਵਿੰਦਰ ਸਤਿਆਰਥੀ ਨਾਲ ਪਿਆ। ਉਨ੍ਹਾਂ ਨੂੰ ਜੇ ਸਾਕਾਰ ਸ਼ਬਦ ਤੇ ਸਾਕਾਰ ਸਾਹਿਤ ਆਖ ਲਈਏ, ਕੋਈ ਅਤਿਕਥਨੀ ਨਹੀਂ। ਮਗਰੋਂ ਦੇ ਬਹੁਤ ਲੰਮੇ ਤੇ ਨੇੜਲੇ ਵਾਹ ਸਮੇਂ ਮੈਂ ਦੇਖਿਆ, ਸਾਹਿਤ ਤੋਂ ਬਿਨਾਂ ਉਨ੍ਹਾਂ ਦਾ ਹੋਰ ਕੋਈ ਜੀਵਨ ਹੈ ਹੀ ਨਹੀਂ ਸੀ। ਘਰ-ਕਬੀਲਦਾਰੀ ਦੇ ਨੰਗਪੁਣੇ ਦੀਆਂ ਕੁੰਜੀਆਂ ਜੀਵਨ-ਸਾਥਣ, ਜਿਸ ਨੂੰ ਉਹ ਲੋਕ-ਮਾਤਾ ਆਖਦੇ ਸਨ, ਨੂੰ ਸੌਂਪ ਕੇ ਉਹ ਪੂਰੀ ਤਰ੍ਹਾਂ ਸਾਹਿਤ-ਸੰਨਿਆਸੀ ਹੋ ਗਏ। ਕਦੋਂ ਘਰੋਂ ਨਿਕਲਦੇ ਤੇ ਕਦੋਂ ਘਰ ਵੜਦੇ, ਇਹਦੀ ਪਰਵਾਹ ਉਨ੍ਹਾਂ ਨੂੰ ਕਦੀ ਹੋਈ ਹੀ ਨਹੀਂ ਸੀ, ਅੱਕ-ਥੱਕ ਕੇ ਲੋਕ-ਮਾਤਾ ਨੇ ਵੀ ਇਹ ਪਰਵਾਹ ਕਰਨੀ ਛੱਡ ਦਿੱਤੀ ਸੀ। ਕੱਛੇ ਮਾਰਿਆ ਕਿਤਾਬਾਂ-ਰਸਾਲਿਆਂ ਤੇ ਆਪਣੇ ਖਰੜਿਆਂ ਦਾ ਪੁਲੰਦਾ, ਉਹ ਕਾਫ਼ੀ ਹਾਊਸ ਜਾਂ ਨਵਯੁਗ ਬੈਠੇ ਮਿਲਦੇ ਜਾਂ ਫੇਰ ਕਿਸੇ ਸੜਕ ਦੇ ਕਿਨਾਰੇ ਕਿਨਾਰੇ ਤੁਰੇ ਜਾਂਦੇ ਦਿਸਦੇ।
ਇਕ ਵਾਰ ਮੈਂ ਪੁੱਛਿਆ, “ਸਤਿਆਰਥੀ ਜੀ, ਤੁਸੀਂ ਅੰਮ੍ਰਿਤ ਵੇਲੇ ਘਰੋਂ ਨਿੱਕਲ ਤੁਰਦੇ ਹੋ ਤੇ ਡੂੰਘੇ ਸੋਤੇ ਘਰ ਵੜਦੇ ਹੋ, ਲਿਖਦੇ ਕਿਸ ਸਮੇਂ ਹੋ?” ਬੋਲੇ, “ਸੁਬਹ-ਸਵੇਰੇ ਜਦੋਂ ਮੇਰੀ ਨੀਂਦ ਪਹਿਲੀ ਵਾਰ ਟੁਟਦੀ ਹੈ, ਤਿੰਨ ਵੱਜੇ ਹੋਣ ਚਾਹੇ ਚਾਰ, ਮੈਂ ਜਾਗ ਕੇ ਕਾਨੀ-ਕਾਗ਼ਜ਼ ਚੁੱਕ ਲੈਂਦਾ ਹਾਂ। ਭੁੱਲਰ ਜੀ, ਇਸ ਉਮਰ ਵਿਚ ਨੀਂਦ ਦੁਬਾਰਾ ਤਾਂ ਚੱਜ ਨਾਲ ਆਉਂਦੀ ਨਹੀਂ। ਅਧ-ਸੁੱਤੇ, ਅਧ-ਜਾਗਦੇ ਉਸਲਵੱਟੇ ਲੈਂਦੇ ਰਹਿਣ ਦਾ ਕੀ ਫ਼ਾਇਦਾ?” ਹੁਣ ਜਦੋਂ ਮੈਂ ਆਪ ਉਨ੍ਹਾਂ ਦੀ ਉਸ ਸਮੇਂ ਦੀ ਉਮਰ ਨੂੰ ਪਹੁੰਚ ਗਿਆ ਹਾਂ, ਉਨ੍ਹਾਂ ਦਾ ਇਹ ਗੁਰ ਬਹੁਤ ਕੰਮ ਆਉਂਦਾ ਹੈ।
ਕੁਲਵੰਤ ਸਿੰਘ ਵਿਰਕ ਪੰਜਾਬ ਸਰਕਾਰ ਦੇ ਇਕ ਦਿੱਲੀ ਦਫ਼ਤਰ ਵਿਚ ਅਧਿਕਾਰੀ ਸਨ। ਉਨ੍ਹਾਂ ਦਾ ਦਫ਼ਤਰ ਮੇਰੇ ਦਫ਼ਤਰ ਦੇ ਨੇੜੇ ਹੀ ਹੋਣ ਕਰ ਕੇ ਉਨ੍ਹਾਂ ਨਾਲ ਕਈ ਵਾਰ ਮਿਲਣ ਦਾ ਮੌਕਾ ਬਣ ਜਾਂਦਾ। ਉਹ ਉਨ੍ਹਾਂ ਕਹਾਣੀਕਾਰਾਂ ਵਿਚੋਂ ਮੁੱਖ ਸਨ ਜਿਨ੍ਹਾਂ ਦੀ ਕਹਾਣੀ ਲਿਖਣ ਦੀ ਜੁਗਤ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਸੀ। ਉਨ੍ਹਾਂ ਦੀ ਕਹਾਣੀ ਦਾ ਵੱਡਾ ਗੁਣ ਇਹ ਸੀ ਕਿ ਉਸ ਵਿਚ ਵਾਧੂ ਫ਼ਿਕਰਾ ਇਕ ਵੀ ਨਹੀਂ ਸੀ ਹੁੰਦਾ। ਫ਼ਿਕਰੇਬਾਜ਼ੀ ਦੇ ਲੋਭ ਵਿਚ ਉਹ ਭਾਸ਼ਾ ਦਾ ਖਿਲਾਰਾ ਨਹੀਂ ਸਨ ਪਾਉਂਦੇ। ਉਨ੍ਹਾਂ ਦੀ ਕਹਾਣੀ ਵਿਚਲੀ ਕਹਾਣੀ ਬਿਲਕੁਲ ਲੋੜੀਂਦੀ ਭਾਸ਼ਾ ਦੇ ਸਹਾਰੇ, ਘੁੰਮਦੀ ਮੱਛੀ ਦੀ ਅੱਖ ਵੱਲ ਸਿੱਧੇ ਜਾ ਰਹੇ ਅਰਜਨ ਦੇ ਤੀਰ ਵਾਂਗ, ਸਿੱਧੀ ਆਪਣੇ ਨਿਸ਼ਾਨੇ ਵੱਲ ਵਧਦੀ।
ਗੱਲਾਂ ਕਰਦਿਆਂ ਉਹ ਚੁੱਪ ਕਰ ਕੇ ਜਾਂ ਵੱਧ ਤੋਂ ਵੱਧ ਹੁੰਗਾਰੇ ਵਜੋਂ ਮੁਸਕਰਾਉਂਦੇ ਰਹਿ ਕੇ ਤੁਹਾਡੀ ਬਹੁਤੀ ਸੁਣਦੇ, ਆਪਣੀ ਘੱਟ ਸੁਣਾਉਂਦੇ। ਤੁਹਾਡੇ ਚਾਰ ਫ਼ਿਕਰਿਆਂ ਦਾ ਮੁਕੰਮਲ ਜਵਾਬ ਉਹ ਚਾਰ ਸ਼ਬਦਾਂ ਵਿਚ ਨਬੇੜ ਦਿੰਦੇ। ਜੇ ਤੁਹਾਡੇ ਬੈਠਿਆਂ ਕਿਸੇ ਦਾ ਫੋਨ ਆ ਜਾਂਦਾ, ਉਹ “ਹੂੰæææਹਾਂæææਅੱਛਾæææ” ਵਿਚ ਜਵਾਬ ਦਿੰਦੇ ਤੇ ਫੋਨ ਰੱਖ ਦਿੰਦੇ। ਉਨ੍ਹਾਂ ਦਾ ਮੱਤ ਸੀ, ਭਾਸ਼ਾ ਲੇਖਕ ਦੀ ਪੂੰਜੀ ਹੁੰਦੀ ਹੈ। ਕੋਈ ਵੀ ਸਿਆਣਾ ਬੰਦਾ ਪੂੰਜੀ ਨੂੰ ਐਵੇਂ ਹੀ ਨਹੀਂ ਰੋੜ੍ਹਦਾ। ਲੇਖਕ ਨੂੰ ਵੀ ਆਪਣੀ ਸ਼ਬਦਾਂ ਦੀ ਪੂੰਜੀ ਅਜਾਈਂ ਨਹੀਂ ਗੁਆਉਣੀ ਚਾਹੀਦੀ। ਜਿਹੜੀ ਗੱਲ ਤੁਸੀਂ ਆਪਣੀ ਕਹਾਣੀ ਰਾਹੀਂ ਪਾਠਕ ਤੱਕ ਪੁੱਜਦੀ ਕਰਨੀ ਹੈ, ਜੇ ਉਹ ਕਿਸੇ ਘਾਟ ਤੋਂ ਬਿਨਾਂ ਚਾਰ ਪੰਨਿਆਂ ਵਿਚ ਮੁਕੰਮਲ ਹੋ ਜਾਂਦੀ ਹੈ ਤਾਂ ਪੰਜਵਾਂ ਪੰਨਾ ਕਾਹਦੇ ਲਈ ਕਾਲਾ ਕਰਨਾ ਹੋਇਆ!
ਮਹਿੰਦਰ ਸਿੰਘ ਸਰਨਾ ਬਾਰੇ ਜੇ ਮੈਂ ਕਹਿ ਦੇਵਾਂ ਕਿ ਉਹ ਮੇਰੇ ਸੰਪਰਕ ਵਿਚ ਆਏ ਸਭ ਤੋਂ ਵੱਧ ਕੋਮਲ-ਚਿੱਤ ਕਥਾਕਾਰ ਸਨ, ਇਸ ਵਿਚ ਰੱਤੀ-ਭਰ ਵੀ ਝੂਠ ਨਹੀਂ ਹੋਵੇਗਾ। ਉਨ੍ਹਾਂ ਨੇ ਬਹੁਤ ਖ਼ੂਬਸੂਰਤ ਕਹਾਣੀਆਂ ਲਿਖੀਆਂ, ਪਰ ਜੋ ਕਹਾਣੀਆਂ ਸੰਤਾਲੀ ਬਾਰੇ ਲਿਖੀਆਂ, ਉਹ ਬੇਜੋੜ ਹਨ। ਸ਼ਾਇਦ ਹੀ ਕੋਈ ਹੋਰ ਪੰਜਾਬੀ ਲੇਖਕ ਉਸ ਮਨੁੱਖੀ ਪੀੜ ਨੂੰ ਏਨੀ ਸ਼ਿੱਦਤ ਨਾਲ ਮਹਿਸੂਸ ਕਰ ਸਕਿਆ ਹੋਵੇ। ਇਹ ਗੱਲ ਸ਼ਾਇਦ ਪਾਠਕਾਂ ਨੂੰ ਹੈਰਾਨ ਕਰੇ ਕਿ ਸਾਡੀਆਂ ਮੁਲਾਕਾਤਾਂ ਦੇ ਸਮੇਂ, ਸੰਤਾਲੀ ਤੋਂ ਕਈ ਦਹਾਕੇ ਮਗਰੋਂ ਵੀ ਉਨ੍ਹਾਂ ਦੇ ਮਨ ਦੇ ਜ਼ਖ਼ਮ ਅੱਲੇ ਸਨ। ਜਦੋਂ ਚੁਰਾਸੀ ਦੀ ਸੱਟ ਉਨ੍ਹਾਂ ਦੇ ਇਨ੍ਹਾਂ ਅੱਲੇ ਜ਼ਖ਼ਮਾਂ ਉਤੇ ਐਨ ਸਿੱਧੀ ਲੱਗੀ, ਪੀੜ ਨਾਲ ਉਨ੍ਹਾਂ ਦੀ ਬਿਲਬਿਲਾਹਟ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ।
ਏਨਾ ਦੱਸਣਾ ਕਾਫ਼ੀ ਹੋਵੇਗਾ ਕਿ ਇਨ੍ਹਾਂ ਕਾਰਨਾਂ ਕਰਕੇ ਉਨ੍ਹਾਂ ਦੇ ਸਦੀਵੀ ਅਸ਼ਾਂਤ ਰਹਿੰਦੇ ਮਨ ਨੂੰ ਸੋਚ-ਸੋਚ ਕੇ ਵੀ ਇਹ ਸਮਝ ਨਹੀਂ ਸੀ ਆਉਂਦੀ ਕਿ ਇਕ ਮਨੁੱਖ ਦੂਜੇ ਮਨੁੱਖ ਵਾਸਤੇ ਏਨਾ ਬੇਕਿਰਕ, ਏਨਾ ਜ਼ਾਲਮ, ਏਨਾ ਵਹਿਸ਼ੀ ਕਿਵੇਂ ਹੋ ਸਕਦਾ ਹੈ! ਜੇ ਮਨੁੱਖ ਦੀ ਮਨੁੱਖ ਵੱਲ ਇਸ ਬੇਕਿਰਕੀ ਦੀ ਥਾਹ ਪਾਉਣੀ ਹੋਵੇ, ਦੇਸ ਦੀ ਵੰਡ ਬਾਰੇ ਲਿਖੀਆਂ ਸਰਨਾ ਦੀਆਂ ਕਹਾਣੀਆਂ ਪੜ੍ਹ ਲੈਣੀਆਂ ਕਾਫ਼ੀ ਹਨ। ਤੁਸੀਂ ਪੜ੍ਹੋ ਸਹੀ, ਜੋ ਹੰਝੂ ਉਹਨੇ ਲਿਖਦਿਆਂ ਵਗਾਏ ਸਨ, ਪੜ੍ਹਦਿਆਂ ਤੁਹਾਡੇ ਆਪੇ ਵਗ ਪੈਣਗੇ। ਉਹ ਇਸ ਗੱਲ ਦੀ ਮਿਸਾਲ ਸਨ ਕਿ ਜੇ ਲੇਖਕ ਨੇ ਸੱਚੇ ਅਰਥਾਂ ਵਿਚ ਲੋਕਤਾ ਦੇ ਦਰਦ ਦਾ ਚਿਤੇਰਾ ਬਣਨਾ ਹੈ, ਉਹਨੂੰ ਮਨ-ਚਿੱਤ ਦੇ ਲਹੂ ਤੇ ਹੰਝੂਆਂ, ਦੋਵਾਂ ਨਾਲ ਮੁੱਲ ਤਾਰਨ ਲਈ ਤਿਆਰ ਰਹਿਣਾ ਹੋਵੇਗਾ।
ਡਾæ ਹਰਿਭਜਨ ਸਿੰਘ ਗਿਆਨ ਦਾ ਭੰਡਾਰ ਸਨ। ਹਿੰਦੀ-ਸੰਸਕ੍ਰਿਤ ਪਿਛੋਕੜ ਨਾਲ ਮਧਕਾਲੀ ਤੇ ਆਧੁਨਿਕ ਪੰਜਾਬ ਦਾ ਸਾਹਿਤਕ-ਸਭਿਆਚਾਰਕ ਅਧਿਐਨ ਉਨ੍ਹਾਂ ਦੇ ਗਿਆਨ ਦਾ ਆਧਾਰ ਸੀ। ਕਵਿਤਾ ਉਨ੍ਹਾਂ ਨੂੰ ਰਚਣੀ ਨਹੀਂ ਸੀ ਪੈਂਦੀ, ਉਤਰਦੀ ਸੀ। ਕਵਿਤਾ ਉਤਰਨ ਸਮੇਂ ਦੀ ਉਨ੍ਹਾਂ ਦੀ ਕਰਤਾਰੀ ਅਵਸਥਾ ਦਾ ਅੰਦਾਜ਼ਾ ਕਵਿਤਾ ਸੁਣਾਉਣ ਸਮੇਂ ਦੀ ਉਨ੍ਹਾਂ ਦੀ ਕਾਵਿਕ ਮਸਤੀ ਤੋਂ ਲਾਇਆ ਜਾ ਸਕਦਾ ਹੈ। ਖਾਸ ਕਰਕੇ ਜਦੋਂ ਉਹ ਕਿਸੇ ਛੋਟੀ ਜਿਹੀ ਨਿਜੀ ਮਹਿਫ਼ਲ ਵਿਚ ਕਵਿਤਾਵਾਂ ਸੁਣਾਉਂਦੇ, ਉਨ੍ਹਾਂ ਦਾ ਸੁਣਾਉਣ ਦਾ ਅਤੇ ਸਰੋਤਿਆਂ ਦੇ ਸੁਣਨ ਦਾ ਅਨੰਦ ਹੀ ਹੋਰ ਹੁੰਦਾ।
ਦਰਬਾਰ ਸਾਹਿਬ ਦਾ ਉਨ੍ਹਾਂ ਦੇ ਮਨ ਵਿਚ ਵਿਸ਼ੇਸ਼ ਸਥਾਨ ਸੀ। ਜਦੋਂ ਦਰਬਾਰ ਸਾਹਿਬ ਦੇ ਪਸਾਰੇ ਵਿਚ ਫ਼ੌਜਾਂ ਦਾਖ਼ਲ ਹੋਈਆਂ ਅਤੇ ਖੰਡਰ ਬਣਾ ਦਿੱਤੇ ਗਏ ਅਕਾਲ ਤਖ਼ਤ ਦੇ ਨਾਲ ਹੀ ਦਰਬਾਰ ਸਾਹਿਬ ਨੂੰ ਵੀ ਨੁਕਸਾਨ ਪੁੱਜਿਆ, ਡਾਕਟਰ ਸਾਹਿਬ ਨੇ ਕੁਝ ਕਵਿਤਾਵਾਂ ਲਿਖੀਆਂ। ਇਹ ਕਵਿਤਾਵਾਂ ਉਨ੍ਹਾਂ ਦੀ ਅੰਦਰਲੀ ਪੀੜ ਦਾ ਸ਼ਬਦੀਕਰਨ ਸਨ। ਉਹਨੀਂ ਦਿਨੀਂ ਸਾਨੂੰ ਚਾਰ ਕੁ ਦੋਸਤਾਂ ਨੂੰ ਡੂੰਘੀ ਸ਼ਾਮ ਇਕ ਮਿੱਤਰ ਦੇ ਘਰ ਦੀ ਛੱਤ ਉਤੇ ਤਾਰਿਆਂ ਦੀ ਛਾਂਵੇਂ ਉਹ ਕਵਿਤਾਵਾਂ ਉਨ੍ਹਾਂ ਦੇ ਮੂੰਹੋਂ ਸੁਣਨ ਦਾ ਮੌਕਾ ਮਿਲਿਆ। ਪਹਿਲੀ ਵਾਰ ਮਹਿਸੂਸ ਹੋਇਆ, ਦਿਲ ਨਾਲ ਰਚੀ ਗਈ ਕਵਿਤਾ ਦਾ ਦਿਮਾਗ਼ ਨਾਲ ਰਚੀ ਗਈ ਕਵਿਤਾ ਨਾਲੋਂ ਕੀ ਫ਼ਰਕ ਹੁੰਦਾ ਹੈ। ਜਿਥੋਂ ਤੱਕ ਮੈਨੂੰ ਪਤਾ ਹੈ, ਉਹ ਕਵਿਤਾਵਾਂ ਉਨ੍ਹਾਂ ਦੀ ਕਿਸੇ ਪੁਸਤਕ ਵਿਚ ਛਪੀਆਂ ਨਹੀਂ। ਜੇ ਉਹ ਕਿਸੇ ਤਰੀਕੇ ਛਪ ਸਕਣ, ਇਹ ਪੰਜਾਬੀ ਸਾਹਿਤ ਦੀ ਇਕ ਪ੍ਰਾਪਤੀ ਹੋਵੇਗੀ।
ਪ੍ਰੋæ ਕਿਸ਼ਨ ਸਿੰਘ ਵਰਗਾ ਸਿਆਣਾ ਤੇ ਨਾਲ ਹੀ ਗੰਭੀਰ ਸਾਹਿਤ-ਪਾਰਖੂ ਉਹਦੇ ਸਮਕਾਲੀਆਂ ਵਿਚ ਲੱਭਣਾ ਔਖਾ ਹੈ। ਪ੍ਰਸੰæਸਾ, ਮਾਣ-ਸਨਮਾਨ ਤੇ ਇਨਾਮਾਂ-ਪੁਰਸਕਾਰਾਂ ਤੋਂ ਉਹ ਪੂਰੀ ਤਰ੍ਹਾਂ ਬੇਲਾਗ ਸਨ। ਉਨ੍ਹਾਂ ਦਾ ਮੱਤ ਸੀ, ਸਾਹਿਤ ਕਿਸੇ ਵੀ ਕਾਲ ਦਾ ਹੋਵੇ, ਵਿਚਾਰਧਾਰਾ ਸੰਸਾਰ ਵਿਚ ਕਿਤੋਂ ਵੀ ਆਈ ਹੋਈ ਹੋਵੇ, ਉਹ ਪੇਸ਼ ਸਮਕਾਲੀ ਪੰਜਾਬੀ ਮੁਹਾਵਰੇ ਵਿਚ ਹੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਗੁਰਬਾਣੀ ਦਾ ਆਧੁਨਿਕ ਮੁਹਾਵਰੇ ਵਿਚ ਵਿਆਖਿਆ ਦਾ ਵਡਮੁੱਲਾ ਕਾਰਜ ਕੀਤਾ।
ਦਿੱਲੀ ਹਰ ਤਰ੍ਹਾਂ ਦੀ ਰਾਜਨੀਤੀ ਤੇ ਸੱਤਾ ਦਾ ਗੜ੍ਹ ਹੈ। ਇਸ ਵਿਚ ਸਾਹਿਤਕ ਰਾਜਨੀਤੀ ਤੇ ਸੱਤਾ ਵੀ ਸ਼ਾਮਲ ਹੈ। ਇਕ ਤਰ੍ਹਾਂ ਨਾਲ ਹਰ ਖੇਤਰ ਦੀ ਰਾਜਨੀਤੀ ਤੇ ਸੱਤਾ ਦੀਆਂ ਤਾਰਾਂ ਇਥੋਂ ਹੀ ਹਿਲਦੀਆਂ ਹਨ। ਇਸ ਹਾਲਤ ਵਿਚ ਦਿੱਲੀ ਵਿਚ ਕਿਸੇ ਸਾਹਿਤਕ ਫ਼ਕੀਰ ਦਾ ਲੱਭਣਾ ਅਸੰਭਵ ਹੀ ਮੰਨਿਆ ਜਾਣਾ ਚਾਹੀਦਾ ਹੈ। ਬਾਵਾ ਬਲਵੰਤ ਜਦੋਂ ਮਿਲਦੇ, ਬਾਰਾਂ ਮਹੀਨੇ ਤੀਹ ਦਿਨ, ਉਨ੍ਹਾਂ ਦੇ ਮੋਢੇ ਲੰਮੀ ਵੱਧਰੀ ਵਾਲਾ ਖੱਦਰ ਦਾ ਥੈਲਾ ਹੁੰਦਾ ਅਤੇ ਹੱਥ ਵਿਚ ਛਤਰੀ ਹੁੰਦੀ। ਮੇਲ-ਮਿਲਾਪ ਵਧਿਆ ਤਾਂ ਪਤਾ ਲੱਗਿਆ, ਇਹੋ ਉਨ੍ਹਾਂ ਦੀ ਕੁੱਲ ਜਾਇਦਾਦ ਸੀ। ਉਹ ਪੰਜਾਬੀ ਦੇ ਅਜਿਹੇ ਵੱਡੇ ਸ਼ਾਇਰ ਸਨ, ਜਿਨ੍ਹਾਂ ਦੀ ਕੋਈ ਆਮਦਨ ਨਹੀਂ ਸੀ। ਕਦੇ ਕੋਈ ਕਵੀ ਦਰਬਾਰ ਆ ਗਿਆ ਜਾਂ ਰੇਡੀਓ ਵਾਲਿਆਂ ਦੀ ਕਿਰਪਾ ਹੋ ਗਈ ਤਾਂ ਮਾਇਆ ਦੀਆਂ ਚਾਰ ਕਣੀਆਂ ਪੈ ਗਈਆਂ, ਨਹੀਂ ਤਾਂ ਸਦੀਵੀ ਸੋਕਾ ਪਿਆ ਰਹਿੰਦਾ।
ਪਹਿਲੀ ਵਾਰ ਉਨ੍ਹਾਂ ਦੇ ਨਿਵਾਸ ਦੇ ਦਰਸ਼ਨ ਕੀਤੇ ਤਾਂ ਇਸ ਤੱਥ ਦੀ ਪੁਸ਼ਟੀ ਹੋ ਗਈ। ਉਹ ਪੁਰਾਣੇ ਢੰਗ ਦੇ ਬਣੇ ਹੋਏ ਘਰ ਦੇ ਮਾਲਕ ਵਲੋਂ ਸੋਚ ਕੇ ਨੀਵੀਂ ਰੱਖੀ ਗਈ ਡਿਉਢੀ ਉਤੇ ਵਾਧੂ ਚੀਜ਼ਾਂ ਸੁੱਟਣ ਵਾਸਤੇ ਬਣਾਏ ਹੋਏ ਘੋਰਨੇ ਜਿਹੇ ਵਿਚ ਰਹਿ ਰਹੇ ਸਨ। ਕੰਧ ਦੀ ਇਕ ਕਿੱਲੀ ਉਤੇ ਉਹੋ ਮੋਢੇ ਵਾਲਾ ਥੈਲਾ ਟੰਗਿਆ ਹੋਇਆ ਸੀ ਤੇ ਦੂਜੀ ਉਤੇ ਛਤਰੀ। ਇਕ ਹੋਰ ਕਿੱਲੀ ਉਤੇ ਖੱਦਰ ਦਾ ਕੁਰਤਾ-ਪਜਾਮਾ ਟੰਗਿਆ ਹੋਇਆ ਸੀ ਜੋ ਪਹਿਨਿਆ ਹੋਇਆ ਮੈਲਾ ਹੋਣ ਵੇਲੇ ਬਦਲ ਲਿਆ ਜਾਂਦਾ ਸੀ। ਇਕ ਪ੍ਰਸਿੱਧ ਦੋਹਾ ਹੈ, “ਹੱਦ ਟੱਪੇ ਸੋ ਔਲੀਆ, ਬੇਹੱਦ ਟੱਪੇ ਸੋ ਪੀਰ। ਹੱਦ-ਬੇਹੱਦ ਦੋਨੋਂ ਟੱਪੇ, ਉਸ ਦਾ ਨਾਮ ਫ਼ਕੀਰ!” ਬਾਵਾ ਬਲਵੰਤ ਇਨ੍ਹਾਂ ਅਰਥਾਂ ਵਿਚ ਹੱਦ-ਬੇਹੱਦ ਟੱਪੇ ਹੋਏ ਫ਼ਕੀਰ ਸਨ।
ਇਨ੍ਹਾਂ ਤੋਂ ਇਲਾਵਾ ਕਥਾਕਾਰ ਕਰਤਾਰ ਸਿੰਘ ਦੁੱਗਲ, ਨਾਟਕਕਾਰ ਬਲਵੰਤ ਗਾਰਗੀ, ਲੋਕਧਾਰਾਈ ਡਾæ ਵਣਜਾਰਾ ਬੇਦੀ, ਭਾਸ਼ਾ ਤੇ ਸਾਹਿਤ ਦੇ ਗੰਭੀਰ ਗਿਆਤਾ ਸੋਹਨ ਸਿੰਘ ਜੋਸ਼, ਨਾਟਕਕਾਰ ਸੀæ ਡੀæ ਸਿੱਧੂ, ਵਾਰਾਂ ਦਾ ਬਾਦਸ਼ਾਹ ਹਜ਼ਾਰਾ ਸਿੰਘ ਗੁਰਦਾਸਪੁਰੀ, ਕਵੀ ਤਾਰਾ ਸਿੰਘ, ਕਥਾਕਾਰ ਬੂਟਾ ਸਿੰਘ, ਕਹਾਣੀਕਾਰ ਗੁਲਜ਼ਾਰ ਸਿੰਘ ਸੰਧੂ, ਕਹਾਣੀਕਾਰ ਗੁਰਦੇਵ ਸਿੰਘ ਰੁਪਾਣਾ ਜਿਹੇ ਲੇਖਕਾਂ ਦੀ ਨੇੜਤਾ ਮੇਰੇ ਸਾਹਿਤਕ ਸਫ਼ਰ ਵਿਚ ਸਹਾਈ ਰਹੀ। ਪਿਆਰਾ ਸਿੰਘ ਸਹਿਰਾਈ, ਤੇਰਾ ਸਿੰਘ ਚੰਨ ਤੇ ਗੁਰਵੇਲ ਪੰਨੂ ਤਾਂ ਮੇਰੇ ਸਹਿਕਰਮੀ ਰਹੇ। ਦਿੱਲੀ ਪੁੱਜੇ ਬਿਨਾਂ ਇਹ ਸਭ ਕਿੱਥੋਂ ਸੰਭਵ ਹੋਣਾ ਸੀ? ਸਗੋਂ ਪੰਜਾਬ ਵਸਦੇ ਅਣਗਿਣਤ ਲੇਖਕਾਂ ਨਾਲ ਨੇੜਤਾ ਵੀ ਉਨ੍ਹਾਂ ਦੀਆਂ ਦਿੱਲੀ ਦੀਆਂ ਫੇਰੀਆਂ ਸਦਕਾ ਹੀ ਬਣ ਸਕੀ। ਜੇ ਉਨ੍ਹਾਂ ਦੇ ਨਾਂ ਗਿਣਨ ਲੱਗਿਆ, ਸੂਚੀ ਬਹੁਤ ਲੰਮੀ ਹੋ ਜਾਵੇਗੀ।
(ਚਲਦਾ)