ਯੰਗੋ ਵਰਮਾ ਟੋਰਾਂਟੋ ਦੇ ਕਲਾ ਅਤੇ ਸਾਹਿਤਕ ਹਲਕਿਆਂ ਵਿਚ ਚਰਚਿਤ ਨਾਂ ਸੀ। ਪਿਛਲੇ ਦਿਨੀਂ ਉਸ ਦਾ ਦਿਹਾਂਤ ਹੋ ਗਿਆ। ਉਹ ਕਈ ਵਰ੍ਹਿਆਂ ਤੋਂ ਡਾਇਬਿਟੀਜ਼ ਅਤੇ ਹਿਰਦੇ ਰੋਗ ਤੋਂ ਪੀੜਤ ਸੀ ਪਰ ਉਸ ਦਾ ਜ਼ਬਤ ਅਤੇ ਮਨੋਬਲ ਕਾਬਿਲੇ ਜ਼ਿਕਰ ਸੀ।
ਕਲਾਕਾਰ ਵਜੋਂ ਉਸ ਨੇ ਆਪਣਾ ਸਫਰ ਬੁਤ ਤਰਾਸ਼ੀ ਤੋਂ ਕੀਤਾ ਪਰ ਪਿਛੋਂ ਚਿੱਤਰਕਾਰੀ ਸਮੇਤ ਕਲਾ ਦੇ ਕਈ ਮਾਧਿਅਮਾਂ ਉਤੇ ਹੱਥ ਅਜਮਾਈ ਕੀਤੀ। ਗੁਰਦੇਵ ਚੌਹਾਨ, ਜਿਸ ਨੇ ਯੰਗੋ ਨੂੰ ਟੋਰਾਂਟੋ ਰਹਿੰਦਿਆਂ ਬੜੇ ਕਰੀਬ ਹੋ ਕੇ ਦੇਖਿਆ ਹੈ, ਨੇ ਉਸ ਦੇ ਜੀਵਨ ਅਤੇ ਕਲਾਤਮਕ ਸਫਰ ਬਾਰੇ ਇਸ ਲੇਖ ਰਾਹੀਂ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। -ਸੰਪਾਦਕ
ਗੁਰਦੇਵ ਚੌਹਾਨ
ਫੋਨ: 647-866-2630
ਯੋਗੋ ਵਰਮਾ 30 ਦਸੰਬਰ, 2014 ਨੂੰ ਸਾਨੂੰ ਸਦਾ ਲਈ ਛੱਡ ਕੇ ਚਲਾ ਗਿਆ ਹੈ। ਉਹ ਟੋਰਾਂਟੋ ਵਿਚ ਇਕੱਲਾ ਹੀ ਰਹਿੰਦਾ ਸੀ ਅਤੇ ਖੁਸ਼ ਤਬੀਅਤ ਲਈ ਮਸ਼ਹੂਰ ਸੀ। ਕਲਾ ਉਸ ਦਾ ਜੀਵਨ ਬਣ ਗਈ ਸੀ, ਉਸ ਦੀ ਸਾਥਣ।
ਮਧਰਾ ਕੱਦ, ਚਮਕਦਾ ਮੱਥਾ, ਤੁਹਾਡੇ ਅੰਦਰ ਤੀਕ ਵੇਖ ਸਕਣ ਵਾਲੀਆਂ ਅੱਖਾਂ, ਲੰਮੀ ਚਿੱਟੀ ਆਬਸ਼ਾਰੀ ਦਾਹੜੀ। ਉਹ ਆਲੇ-ਦੁਆਲੇ ਵਿਚ ਇਸ ਤਰ੍ਹਾਂ ਸਮਾ ਜਾਂਦਾ ਸੀ, ਜਿਵੇਂ ਜੰਗਲ ਵਿਚ ਰੁਖ ਅਤੇ ਰੁਖ ਵਿਚ ਟਾਹਣ ਅਤੇ ਟਾਹਣਾਂ ਵਿਚ ਪੱਤੇ। ਪਰ ਉਸ ਦਾ ਚਿਹਰਾ ਤੁਹਾਡੇ ਅੰਦਰ ਇਕ ਸੁਖਾਂਤਕ ਜਗਿਆਸਾ ਛੇੜ ਜਾਂਦਾ ਸੀ। ਉਸ ਦੇ ਹਲਕੇ-ਫੁਲਕੇ ਸੁਭਾ ਅਤੇ ਚੁਸਤ ਫ਼ਿਕਰੇਬਾਜ਼ੀ ਨੇ ਉਸ ਦੀਆਂ ਬਹੁਤ ਸਾਰੀਆਂ ਦੋਸਤੀਆਂ ਬਣਾਈਆਂ ਸਨ। ਉਹ ਇਕ ਦਮ ਤੁਹਾਡੇ ਵਿਚੋਂ ਹੀ ਇਕ ਲਗਦਾ ਸੀ ਅਤੇ ਇਕ ਦਮ ਤੁਹਾਡੇ ਤੋਂ ਅਲਗ ਵੀ। ਇਹ ਸਮਾਨਤਾ ਅਤੇ ਅਲਹਿਦਗੀ ਉਸ ਦੀ ਸ਼ਖ਼ਸ਼ੀਅਤ ਦਾ ਇਕ ਅਨਿਖੜਵਾਂ ਅੰਗ ਬਣ ਗਿਆ ਸੀ, ਉਸ ਦੀਆਂ ਕਲਾ ਕ੍ਰਿਤੀਆਂ ਦਾ ਵੀ।
ਇਨ੍ਹਾਂ ਪਛਾਣਾਂ ਅਤੇ ਗੁਣਾਂ ਵਾਲੀ ਸ਼ਖ਼ਸੀਅਤ ਸੀ, ਯੰਗੋ ਵਰਮਾ। ਯੰਗੋ ਆਪਣੇ ਭੈਣ ਭਰਾ ਨਾਲੋਂ ਛੋਟਾ ਹੋਣ ਕਰਕੇ ਘਰ ਵਿਚ ਉਸ ਨੂੰ ਪਿਆਰ ਨਾਲ ਯੰਗਮੈਨ ਕਿਹਾ ਜਾਂਦਾ ਸੀ। ਸਕੂਲ ਵਿਚ ਦਾਖ਼ਲੇ ਵੇਲੇ ਇਹੀ ਨਾਂ ਛੋਟਾ ਹੋ ਕੇ ਯੰਗੋ ਬਣ ਗਿਆ। ਫਰੀਦਾਦਾਬਾਦ (ਹਰਿਆਣਾ) ਦੇ ਕੋਲ ਇਕ ਪਿੰਡ ਖੇੜੀ ਕਲਾਂ ਵਿਚ ਪੈਦਾ ਹੋਇਆ ਇਹ ਯੰਗੋ ਹੁਣ ਭਾਰਤ, ਜਰਮਨੀ ਵਿਚ ਇਕ ਕਲਾਕਾਰ ਅਤੇ ਬੁੱਤਘਾੜੇ ਵਜੋਂ ਪਛਾਣ ਬਣਾ ਕੇ ਲਗਭਗ ਤਿੰਨ ਦਹਾਕਿਆਂ ਤੋਂ ਮਿਸੀਸਾਗਾ (ਨੇੜੇ ਟੋਰਾਂਟੋ) ਵਿਚ ਰਹਿੰਦਾ ਸੀ।
ਸੰਨ 1938 ਵਿਚ ਇਕ ਆਮ ਪਰਿਵਾਰ ਵਿਚ ਜੰਮਿਆਂ ਮਿੱਟੀ ਨਾਲ ਖੇਡਦਾ ਅਤੇ ਆਪਣੀਆਂ ਭੈਣਾਂ ਨਾਲ ਕੰਧਾਂ ਉਤੇ ਸਾਂਜੀ ਦੀਆਂ ਤਸਵੀਰਾਂ ਵਾਹੁੰਦਾ ਅਤੇ ਮਿੱਟੀ ਦੇ ਖਿਡੌਣੇ ਬਣਾਉਂਦਾ ਇਹ ਮੁੰਡਾ ਕਦੋਂ ਮਿੱਟੀ ਦੀਆਂ ਕਲਾ ਮੂਰਤਾਂ ਬਣਾਉਣ ਲਗ ਪਵੇਗਾ, ਇਹ ਕਿਸੇ ਨੂੰ ਪਤਾ ਨਹੀਂ ਸੀ। ਯੰਗੋ ਕਹਿੰਦਾ, ਉਸ ਨੂੰ ਮਿੱਟੀ ਕਦੇ ਧੋਖਾ ਨਹੀਂ ਦਿੰਦੀ, ਇਹ ਜਿਸ ਤਰ੍ਹਾਂ ਦੀ ਉਸ ਦੀ ਮਰਜੀ ਹੁੰਦੀ ਝੱਟ ਉਸੇ ਤਰ੍ਹਾਂ ਦੀ ਸ਼ਕਲ ਇਖ਼ਤਿਆਰ ਕਰ ਲੈਂਦੀ ਸੀ। ਉਹ ਕਹਿੰਦਾ ਹੁੰਦਾ ਕਿ ਉਸ ਦੇ ਆਰਟ ਸਕੂਲ ਦੀ ਪਹਿਲੀ ਕਲਾਸ ਤਾਂ ਪਿੰਡ ਦਾ ਟੋਬਾ ਸੀ ਜਿੱਥੋਂ ਕੋਠੇ ਲਿੱਪਣ ਵਾਲੀ ਚਿੱਕ ਨਿਕਲਦੀ ਸੀ ਜਿਸ ਨੂੰ ਵੱਖ-ਵੱਖ ਸ਼ਕਲਾਂ ਦੇ ਕੇ ਹੀ ਉਸ ਬੁੱਤ ਤਰਾਸ਼ੀ ਦੇ ਆਪਣੇ ਮੁਢਲੇ ਸਬਕ ਸਿੱਖੇ ਸਨ।
ਸੰਨ 1959 ਵਿਚ ਉਹ ਦਿੱਲੀ ਆ ਗਿਆ ਸੀ ਜਿਥੇ ਫ਼ਾਈਨ ਆਰਟਸ ਕਾਲਜ ਵਿਚ ਪੜ੍ਹਦਿਆਂ ਹੀ ਉਸ ਦਾ ਵਾਹ ਭਾਰਤ ਦੇ ਬਹੁਤ ਜਾਣੇ-ਪਛਾਣੇ ਕਲਾਕਾਰਾਂ ਨਾਲ ਪਿਆ ਜਿਨ੍ਹਾਂ ਵਿਚ ਧੰਨ ਰਾਜ ਭਗਤ, ਬੀ ਸੀ ਸਨਿਆਲ, ਕੇ ਐਸ ਕੁਲਕਰਨੀ, ਸੁਲਤਾਨ ਅਲੀ, ਮਨਸ਼ਾ ਰਾਮ ਆਦਿ ਸ਼ਾਮਲ ਸਨ। ਪਰ ਇਸ ਸਭ ਕੁਝ ਤੋਂ ਪਹਿਲਾਂ ਜਿਸ ਵਿਅਕਤੀ ਨੇ ਅਸਲ ਵਿਚ ਉਸ ਨੂੰ ਕਲਾ ਦੀ ਜਾਗ ਲਾਈ, ਉਹ ਸੀ ਭਾਰਤੀ ਹਵਾਈ ਫ਼ੌਜ ਵਿਚ ਕੰਮ ਕਰਨ ਵਾਲਾ ਉਸ ਦਾ ਇਕ ਗਵਾਂਢੀ, ਜਿਸ ਨੇ ਉਸ ਦਾ ਸ਼ੌਕ ਅਤੇ ਡਰਾਇੰਗ ਵੇਖ ਕੇ ਉਸ ਨੂੰ ਪੋਲੀਟੈਕਨਿਕ ਕਾਲਜ ਵਿਚ ਕਲੇਅ ਮੌਡਲਿੰਗ ਨੂੰ ਇਕ ਆਪਸ਼ਨਲ ਸਬਜੈਕਟ ਵਜੋਂ ਲੈਣ ਦੀ ਸਲਾਹ ਦਿੱਤੀ। ਇਸੇ ਪੋਲੀਟੈਕਨਿਕ ਕਾਲਜ ਵਿਚ ਪੜ੍ਹਦਿਆਂ ਤੀਜੇ ਸਾਲ ਵਿਚ ਉਸ ਆਖ਼ਰ ਬੁੱਤਤਰਾਸ਼ੀ ਦਾ ਵਿਸ਼ਾ ਲੈ ਲਿਆ, ਜਿਹੜਾ ਬਾਅਦ ਵਿਚ ਉਸ ਦਾ ਰੋਜ਼ਗ਼ਾਰ ਅਤੇ ਜਿੰਦਗੀ ਦਾ ਮਿਸ਼ਨ ਵੀ ਬਣ ਗਿਆ।
ਯੰਗੋ ਨੇ 1964 ਵਿਚ ਫਾਈਨ ਆਰਟਸ ਵਿਚ ਗਰੈਜੂਏਸ਼ਨ ਕਰ ਲਈ। ਉਸ ਨੇ ਕੁਝ ਬੁੱਤ ਵੀ ਤਰਾਸ਼ ਲਏ ਸਨ ਜਿਹੜੇ ਵੱਖ-ਵੱਖ ਇਮਾਰਤਾਂ ਦੀ ਸ਼ਾਨ ਬਣੇ। ਇਨ੍ਹਾਂ ਵਿਚ ਇਕ ਉਰਦੂ ਦੇ ਮਸ਼ਹੂਰ ਕਵੀ ਮਿਰਜ਼ਾ ਗ਼ਾਲਿਬ ਦਾ ਵੀ ਹੈ ਜਿਹੜਾ ਜਾਮੀਆ ਮਿਲੀਆ ਕਾਲੇਜ ਦੇ ਕੈਂਪਸ ਵਿਚ ਸੁਸ਼ੋਭਿਤ ਹੈ। ਇਹ ਉਸ ਨੇ ਚਾਰ ਮਹੀਨਿਆਂ ਦੇ ਥੋੜੇ ਜਿਹੇ ਸਮੇਂ ਵਿਚ ਹੀ ਪੂਰਾ ਕਰ ਲਿਆ ਸੀ। ਭਾਵੇਂ ਉਸ ਨੂੰ ਲਗਾਤਾਰ ਕੰਮ ਮਿਲ ਰਿਹਾ ਸੀ ਅਤੇ ਉਸ ਦੇ ਕੰਮ ਦੀ ਸਰਾਹਨਾ ਵੀ ਹੋ ਰਹੀ ਸੀ, ਉਸ ਨੂੰ ਜਾਮੀਆ ਮਿਲੀਆ ਵਿਚ ਕਲਾ ਅਧਿਆਪਕ ਦੀ ਨੌਕਰੀ ਵੀ ਮਿਲ ਗਈ ਸੀ, ਫਿਰ ਵੀ ਯੰਗੋ ਨੂੰ ਦਿੱਲੀ ਹੁਣ ਸੌੜੀ ਜਾਪਣ ਲਗ ਪਈ ਸੀ। ਆਪਣੀ ਕਲਾ ਲਈ ਉਸ ਨੂੰ ਆਪਣਾ ਵਤਨ ਤਿਆਗਣਾ ਪੈਣਾ ਸੀ। ਵਿਆਹ ਕਰਾਉਣ ਤੋਂ ਤਾਂ ਉਸ ਘਰ ਦਿਆਂ ਨੂੰ ਪਹਿਲਾਂ ਹੀ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦਿਨਾਂ ਵਿਚ ਅਜ ਵਾਂਗ ਹੀ ਯੂਰਪ ਨੂੰ ਕਲਾ ਦਾ ਗੜ੍ਹ ਮੰਨਿਆ ਜਾਂਦਾ ਸੀ। ਇਥੇ ਹੀ ਨਵੇਂ ਕਲਾ ਸਿਧਾਂਤ ਪੈਦਾ ਹੁੰਦੇ ਸਨ। ਇਥੇ ਹੀ ਕਲਾ ਦਾ ਅਸਲ ਮੁੱਲ ਪੈਂਦਾ ਸੀ ਅਤੇ ਵਿਸ਼ਵ ਦੀਆਂ ਕਲਾ ਮੰਡੀਆ ਵਿਚ ਵੀ ਯੂਰਪੀ ਕਲਾ ਰੁਝਾਨ ਪ੍ਰਧਾਨ ਸਨ। ਫਿਰ ਆਧੁਨਿਕ ਬੁੱਤ ਤਰਾਸ਼ੀ ਦਾ ਪਿਤਾਮਾ ਮਾਈਕਲ ਐਂਜਲੋ ਵੀ ਤਾਂ ਇਥੇ ਹੀ ਪੈਦਾ ਹੋਇਆ ਸੀ। ਉਸ ਦੀਆਂ ਕਲਾ-ਕ੍ਰਿਤਾਂ ਆਪਣੀਆਂ ਅੱਖਾਂ ਨਾਲ ਵੇਖਣ ਦੀ ਚਾਹ ਵੀ ਕਿਸੇ ਤਰ੍ਹਾਂ ਛਡੀ ਨਹੀਂ ਸੀ ਜਾ ਸਕਦੀ। ਸੋ ਯੰਗੋ ਦਾ ਅਗਲਾ ਪੜਾਅ ਯੂਰਪ ਬਣਨਾ ਇਕ ਤਰ੍ਹਾਂ ਲਾਜ਼ਮੀ ਹੋ ਗਿਆ ਸੀ।
ਰੋਮ ਅਤੇ ਪੈਰਿਸ ਵਿਚ ਘੁੰਮਦਿਆਂ ਯੰਗੋ ਆਖ਼ਰ ਫਰੈਂਕਫ਼ਰਟ ਰੁਕ ਗਿਆ। ਉਥੇ ਉਸ ਨੂੰ ਕਲਾ ਦੀ ਕਦਰ ਆਮ ਲੋਕਾਈ ਵਿਚ ਸਾਫ਼ ਨਜ਼ਰ ਆਈ। ਉਥੇ ਉਸ ਮਿਸ਼ੇਲ ਕਰੌਇਸੈਂਟ ਦੀ ਦੇਖ-ਰੇਖ ਵਿਚ ਚਲਦੇ ਸਟੈਡਲ ਕਾਲਜ ਵਿਚ ਦਾਖ਼ਲਾ ਲੈ ਲਿਆ। ਇਥੇ ਹੀ ਉਸ ਦਾ ਵਾਹ ਆਪਣੇ ਟੀਚਰ ਰੋਮਾਨੀਆ ਦੇ ਬਰੈਂਕੂਜ਼ੀ ਨਾਲ ਪਿਆ ਜਿਹੜਾ ਉਸ ਦਾ ਸਦਾ ਲਈ ਕਲਾ ਆਦਰਸ਼ ਵੀ ਬਣ ਗਿਆ। ਬਰੈਂਕੂਜ਼ੀ ਦਾ ਸਭ ਤੋਂ ਵੱਡਾ ਗੁਣ ਸੀ, ਆਕਾਰ ਦੀ ਸਾਦਗੀ। ਇਸ ਨੂੰ ਯੰਗੋ ਨੇ ਸਦਾ ਲਈ ਲੜ ਬੰਨ੍ਹ ਲਿਆ। ਸਨ 1972 ਤੋਂ 1979 ਤੀਕ ਯੰਗੋ ਦੀਆਂ ਕਲਾ ਕ੍ਰਿਤਾਂ ਨੇ ਯੂਰਪ ਦੀਆਂ ਕਈ ਕਲਾ ਪ੍ਰਦਰਸ਼ਨੀਆਂ ਵਿਚ ਨਾਮਣਾ ਖੱਟਿਆ ਜਿਨ੍ਹਾਂ ਵਿਚ ਪੁਥ ਗੈਲਰੀ 1972 (ਫਰੈਂਕਫਰਟ, ਜਰਮਨੀ), ਗੈਲਰੀ ਦ ਆਰਟ ਡਸਲਡਰਫ਼ 1973 (ਜਰਮਨੀ), ਅਮੈਰੀਕਨ ਚੈਪਲ ਨੁਮਾਇਸ਼ 1974 ਅਤੇ ਜਰਮਨੀ ਦੇ ਹੋਰ ਸ਼ਹਿਰਾਂ ਵਿਚ ਚਾਰ ਹੋਰ ਕਲਾ-ਪ੍ਰਦਰਸ਼ਨੀਆਂ ਵਿਸੇਸ਼ ਹਨ। ਉਸ ਦੀ ਕਲਾ ਨੇ ਮਿਊਜ਼ੀਅਮ ਆਫ਼ ਮਾਡਰਨ ਆਰਟ ਦੀ ਹਵਾ ਵੀ ਚੱਖੀ ਹੈ।
1979 ਵਿਚ ਯੰਗੋ ਦੇ ਟੋਰਾਂਟੋ ਆਉਣ ‘ਤੇ ਉਸ ਦੀ ਕਲਾ ਅਤੇ ਇਕ ਤਰ੍ਹਾਂ ਨਾਲ ਉਸ ਦੀ ਜਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਹੁੰਦਾ ਹੈ। ਇੱਥੇ ਆਉਂਦਿਆਂ ਸਾਰ ਉਸ ਦੀਆਂ ਕਲਾ ਕ੍ਰਿਤਾਂ ਦੀ ਪਹਿਲੀ ਪ੍ਰਦਰਸ਼ਨੀ 1980 ਵਿਚ ਉਤਰੀ ਕੈਨੇਡਾ ਦੇ ਸ਼ਹਿਰ ਔਰਡੀਆ ਵਿਚ ਲਗੀ, ਜਿਸ ਨੇ ਇਕ ਕਲਾਕਾਰ ਵਜੋਂ ਉਸ ਦੀਆਂ ਜੜਾਂ ਕੈਨੇਡਾ ਵਿਚ ਲਗਾ ਦਿੱਤੀਆਂ। ਉਸ ਨੇ ਹੁਣ ਵੱਖ ਵੱਖ ਮਾਧਿਅਮ ਬੁੱਤ ਤਰਾਸ਼ੀ ਲਈ ਵਰਤਣੇ ਸ਼ੁਰੂ ਕਰ ਦਿੱਤੇ ਸਨ। ਇਨ੍ਹਾਂ ਵਿਚ ਗਰੈਫਿਕ, ਸਿਰੈਮਿਕਸ, ਧਾਤ, ਲੱਕੜ, ਕਲੇਅ ਅਤੇ ਸੰਗਮਰਮਰ ਆਦਿ ਸ਼ਾਮਿਲ ਸੀ। ਉਸ ਬਸਟ ਬਣਾਉਣ ਵਿਚ ਵੀ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ, ਜੋ ਉਸ ਦੀ ਰਚਨਾਤਮਕ ਸ਼ਕਤੀ ਲਈ ਇਕ ਨਵੀਂ ਚੁਣੌਤੀ ਸੀ। ਉਸ ਦੀਆਂ ਕਲਾ ਕ੍ਰਿਤਾਂ ਵਿਚ ਸੰਸਾਰ ਭਰ ਦੀਆਂ ਕਈ ਇਮਾਰਤਾਂ ਦਾ ਸੁਹੱਪਣ ਬਣੇ ਅਨੇਕਾਂ ਬੁੱਤ ਆਉਂਦੇ ਹਨ। ਇਕ ਵਾਰ ਉਸ ਉਰਦੂ ਸ਼ਾਇਰ ਅਹਿਮਦ ਫ਼ਰਾਜ਼ ਦਾ ਬਸਟ ਵੀ ਬਣਾਇਆ ਸੀ। ਇਹ ਮਹਿਜ਼ ਉਸ ਸ਼ਾਇਰ ਲਈ ਉਸ ਦੇ ਪਿਆਰ ਦਾ ਪ੍ਰਤੀਕ ਸੀ। ਤਿੰਨ ਸਾਲ ਸਾਲ ਪਹਿਲਾਂ ਉਸ ਦੇ ਘਰ ਦੀ ਫੇਰੀ ਮੈਨੂੰ ਯਾਦ ਹੈ ਜਦੋਂ ਭਾਰਤ ਤੋਂ ਆਏ ਮਸ਼ਹੂਰ ਕਲਾਕਾਰ ਪ੍ਰੇਮ ਸਿੰਘ, ਸੁਰਜਣ ਜ਼ੀਰਵੀ ਅਤੇ ਬਲਰਾਜ ਚੀਮਾ ਵੀ ਮੇਰੇ ਨਾਲ ਸਨ। ਯੰਗੋ ਦੀ ਬੜੀ ਸ਼ਰਧਾ ਅਤੇ ਅਪਣੱਤ ਨਾਲ ਪਿਆਈ ਦਾਰੂ ਵੀ ਮੈਨੂੰ ਯਾਦ ਹੈ ਅਤੇ ਉਸ ਦੀਆਂ ਹਮੇਸ਼ਾ ਵਾਂਗ ਰੋਚਕ ਅਤੇ ਖੱਚਰੀਆਂ ਗੱਲਾਂ ਵੀ।
ਕਈ ਪੰਜਾਬੀ ਲੇਖਕਾਂ ਅਤੇ ਕਲਾਕਾਰਾਂ ਨਾਲ ਉਸ ਦਾ ਮੇਲ ਜੋਲ ਸੀ ਜਿਨ੍ਹਾਂ ਵਿਚ ਜੀਤ ਓਲਖ, ਨਵਤੇਜ ਭਾਰਤੀ, ਆਰਟਿਸਟ ਦਲਜੀਤ, ਮੀਨਾ ਚੋਪੜਾ, ਸੰਦੀਪ ਧੰਨੋਆ, ਆਰਟਿਸਟ ਜੈਡ ਜਸਵੰਤ, ਸ਼ਮਸ਼ੇਰ ਢੁਪਾਲੀ, ਨੀਰੂ ਅਸੀਮ, ਆਰਟਿਸਟ ਪ੍ਰਵੀਨ, ਗੁਰਦਿਆਲ ਬੱਲ, ਸੁਖਪਾਲ, ਅਮਰਜੀਤ ਸਾਥੀ ਦੇ ਨਾਂ ਲਏ ਜਾ ਸਕਦੇ ਹਨ। ਕਈ ਸਾਲ ਪਹਿਲਾਂ ਜਦੋ ਆਰਟਿਸਟ ਸ਼ਿਵ ਸਿੰਘ ਕੈਨੇਡਾ ਆਇਆ ਸੀ ਤਾਂ ਬਰੈਂਪਟਨ ਦੇ ਮੈਲਿਨੀ ਡਰਾਈਵ ਦੇ ਰੌਇਲ ਇੰਡੀਆ ਸਵੀਟਸ ਐਂਡ ਰੈਸਟੋਰੈਂਟ ਵਿਚ ਉਸ ਦੇ ਸਵਾਗਤ ਲਈ ਜੁੜੇ ਇਕੱਠ, ਜਿਸ ਵਿਚ ਮੈਂ ਵੀ ਸਾæਮਿਲ ਸਾਂ, ਵਿਚ ਜਰਮਨੀ ਵਿਚ ਗ਼ੁਜ਼ਾਰੇ ਪੁਰਾਣੇ ਵਕਤਾਂ ਦੇ ਚਾਰ ਯਾਰ ਯੰਗੋ, ਗੁਰਪੂਰਨ ਸਿੰਘ ਵੜੈਚ, ਸ਼ਿਵ ਸਿੰਘ ਅਤੇ ਹਰਦੇਵ ਆਰਟਿਸਟ ਇਕ ਵਾਰੀ ਫਿਰ ਇਕੱਠੇ ਹੋ ਗਏ ਸਨ। ਸੁਭਾਗ ਨਾਲ ਇਨ੍ਹਾਂ ਸਭ ਦੀਆਂ ਪਤਨੀਆਂ ਵੀ ਯੂਰਪੀ ਹੀ ਸਨ, ਭਾਵੇਂ ਯੰਗੋ ਦਾ ਵਿਆਹ ਪੇਪਰ ਮੈਰਿਜ ਮਾਤਰ ਹੀ ਸੀ। ਉਨ੍ਹਾਂ ਦੀਆਂ ਗੱਲਾਂ ਦੀ ਗੜੁੱਚਤਾ ਅਤੇ ਤਾਜ਼ਗੀ ਨੂੰ ਮੈਂ ਹੁਣ ਵੀ ਮਹਿਸੂਸ ਕਰ ਸਕਦਾ ਹਾਂ। ਇਸ ਮੀਟਿੰਗ ਬਾਅਦ ਮੈਂ ‘ਸ਼ਿਵ ਸਿੰਘ ਦੀ ਟੋਰਾਂਟੋ ਫੇਰੀ’ ਲੇਖ ਵੀ ਲਿਖਿਆ ਸੀ ਜਿਹੜਾ ‘ਵਤਨ’ ਅਖਬਾਰ ਵਿਚ ਛਪਿਆ ਸੀ। ਯੰਗੋ ਨੂੰ ਮੈਂ ਕਈ ਵਾਰ ਬਲਰਾਜ ਚੀਮਾ ਦੇ ਘਰ ਮਿਲਿਆ ਜਿਥੇ ਯੰਗੋ ਦਾ ਅਕਸਰ ਗੇੜਾ ਵਜਦਾ ਰਹਿੰਦਾ ਸੀ। ਉਸ ਦੀ ਕਲਾ ਆਪਣੇ ਛੇਕੜਲੇ ਦੌਰ ਵਿਚ ਤੰਤਰ ਅਤੇ ਕੌਸਮਿਕ ਆਯਾਮਾਂ ਨਾਲ ਸਰਾਬੂਰ ਹੋਣੀ ਸ਼ੁਰੂ ਹੋ ਗਈ ਸੀ। ਮੰਡਲਾਂ ਅਤੇ ਬ੍ਰਹਿਮੰਡਲਾਂ ਦੀਆਂ ਸੁਝਾਵੀ ਆਕ੍ਰਿਤੀਆਂ ਨਾਲ। ਉਸ ਦੀਆਂ ਆਖਰੀ ਕਲਾ ਕ੍ਰਿਤਾਂ ਅਧਿਆਤਮਕ ਅਤੇ ਪਾਰਗਾਮੀ ਬਣ ਗਈਆਂ ਸਨ। ਕੁਦਰਤ ਨਾਲ ਇਕਮਿਕਤਾ ਵਿਚ ਰੰਗੇ ਚਿੱਤਰ ਉਸ ਦੇ ਘਰ ਦੀ ਕਿਸੇ ਨਾ ਕਿਸੇ ਵੱਖੀ ਵਿਚ ਰੱਖੇ ਨਜ਼ਰ ਆ ਸਕਦੇ ਸਨ। ਬੁੱਤਤਰਾਸ਼ੀ ਤੋਂ ਚਿਤਰਕਲਾ ਵਿਚ ਮੋੜ ਉਸ ਦੀ ਸਿਹਤ ਅਤੇ ਘਟ ਰਹੀ ਉਰਜਾ ਨੂੰ ਵੀ ਵੱਧ ਸੁਖਾਂਦਾ ਸੀ।
ਉਸ ਦਾ ਦੋ ਕਮਰਿਆਂ ਦਾ ਨਿੱਕਾ ਜਿਹਾ ਘਰ ਟੋਰਾਂਟੋ ਦੇ ਬਹੁਤ ਸਾਰੇ ਉਰਦੂ, ਹਿੰਦੀ ਅਤੇ ਪੰਜਾਬੀ ਲੇਖਕਾਂ ਤੇ ਕਲਾ ਦੇ ਕਦਰਦਾਨਾਂ ਲਈ ਮੱਕਾ ਬਣ ਗਿਆ ਸੀ। ਮੁਸਲਮਾਨ, ਸਿੱਖ, ਇਸਾਈ ਅਤੇ ਕਾਦੀਆਨੀ ਬਰਾਦਰੀਆਂ ਦੇ ਬਹੁਤ ਸਾਰੇ ਮਰਦ ਅਤੇ ਔਰਤਾਂ ਉਸ ਦੇ ਦੋਸਤ ਅਤੇ ਕਦਰਦਾਨ ਬਣ ਗਏ ਸਨ। ਉਰਦੂ ਸ਼ਾਇਰੀ ਦਾ ਉਹ ਬਹੁਤ ਸ਼ੁਕੀਨ ਸੀ ਅਤੇ ਅਨੇਕਾਂ ਸ਼ਿਅਰ ਅਤੇ ਜੁਮਲੇ ਉਸ ਨੂੰ ਜ਼ੁਬਾਨੀ ਯਾਦ ਸਨ। ਹਾਜ਼ਰ ਜੁਆਬੀ ਉਸ ਦਾ ਇਕ ਹੋਰ ਗਹਿਣਾ ਸੀ। ਉਸ ਦੇ ਬਹੁਤੇ ਲਤੀਫੇ ਘੱਸੇ ਹੋਏ ਜ਼ਰੂਰ ਹੁੰਦੇ ਸਨ ਪਰ ਸੁਣਾਉਂਦਾ ਉਹ ਇਵੇਂ, ਜਿਵੇਂ ਹੁਣੇ ਉਬਲੇ ਹੋਏ ਅੰਡੇ ਵਾਂਗ ਤਾਜ਼ਾ ਹੋਣ।
ਕੁਝ ਵਰ੍ਹੇ ਪਹਿਲਾਂ ਮੈਂ ਬਲਰਾਜ ਚੀਮੇ ਬਾਰੇ ਹਲਕੇ-ਫੁਲਕੇ ਅੰਦਾਜ਼ ਵਿਚ ‘ਚਾਚੇ ਚੀਮੇ ਦਾ ਚੁਬਾਰਾ’ ਨਾਮੀ ਲੇਖ ਲਿਖਿਆ ਸੀ ਜਿਸ ਵਿਚ ਯੰਗੋ ਵਰਮਾ ਦਾ ਨੀਮ ਗੁਲਾਬੀ ਜ਼ਿਕਰ ਹੈ:
“ਬਲਰਾਜ ਚੀਮਾ ਕਲਾ ਦੀ ਕਦਰ ਕਰਦਾ ਹੈ। ਉਹ ਆਪਣਾ ਬੁਢਾਪਾ ਭੁੱਲਣ ਲਈ ਸੁਰਜਨ ਜ਼ੀਰਵੀ ਵਰਗੇ ਜਵਾਨ ਮਿੱਤਰਾਂ ਦੀ ਸੰਗਤ ਵਿਚ ਰਹਿਣਾ ਪਸੰਦ ਕਰਦਾ ਹੈ। ਉਸ ਦੀ ਕਲਾਕਾਰਾਂ ਨਾਲ ਬਹੁਤ ਨਿਭਦੀ ਹੈ। ਯੰਗੋ ਵਰਮਾ ਤਾਂ ਉਸ ਦੀ ਸ਼ਾਮ ਦੀ ਸੈਰ ਦਾ ਸਾਥੀ ਬਣ ਗਿਆ ਹੈ। ਸੈਰ ਲਈ ਦੋਹਾਂ ਨੇ ਇਕੋ ਦੁਕਾਨ ਤੋਂ ਇਕੋ ਜਿਹੇ ਢਾਂਗੂ ਖਰੀਦ ਲਏ ਹਨ। ਚੀਮਾ ਢਾਂਗੂ ਆਪਣੀ ਕਾਰ ਵਿਚ ਰਖਦਾ ਹੈ ਅਤੇ ਯੰਗੋ ਚੀਮਾ ਦੀ ਕਾਰ ਵਿਚ ਜਾਂ ਆਪਣੇ ਪੇਕੇ ਘਰ ਵਿਚ। ਦੋਵੇਂ ਸਟੋਰਾਂ ਵਿਚ ਜਾਂ ਘਰਾਂ ਦੀਆਂ ਸੜਕਾਂ ਦਵਾਲੇ ਹੌਂਕਦੇ ਹੋਏ ਨਿੱਕੇ ਨਿੱਕੇ ਚੱਕਰ ਲਗਾਂਦੇ ਹਨ ਅਤੇ ਵੱਡੇ ਵੱਡੇ ਦਮਗ਼ਜ਼ੇ ਮਾਰਦੇ ਹਨ। ਦੋਹਾਂ ਵਿਚ ਉਨਾਂ੍ਹ ਦੇ ਗੰਜੇ ਸਿਰਾਂ ਅਤੇ ਛੜੀ ਛਟਾਂਕ ਜਿੰਦਗੀ ਤੋਂ ਬਗੈਰ ਹੋਰ ਕੁਝ ਵੀ ਸਾਂਝਾ ਨਹੀਂ। ਦਾਹੜੀ ਪੱਖੋਂ ਤਾਂ ਯੰਗੋ ਬਲਰਾਜ ਲਗਦਾ ਹੈ ਅਤੇ ਚੀਮਾ ਯੰਗੋ। ਯੰਗੋ ਸਭਿਅਕ ਭਾਸ਼ਾ ਦੀ ਜਹੀ ਤਹੀ ਫੇਰਦਾ ਹੈ ਅਤੇ ਚੀਮਾ ਖੁੱਦ ਸਭਿਅਕਤਾ ਦੀ। ਸ਼ਾਮ ਦੇ ਪਾਠ ਤੋਂ ਬਾਅਦ ਦੋਵੇਂ ਹੱਥ ਜੋੜ ਕੇ ਸ਼ਰਧਾ ਨਾਲ ਲੰਗਰ-ਪਾਣੀ ਛੱਕਦੇ।”
ਯੰਗੋ ਅੱਜ ਸਾਡੇ ਵਿਚਕਾਰ ਭਾਵੇਂ ਨਹੀਂ ਹੈ, ਪਰ ਉਸ ਦੀਆਂ ਕਲਾ ਕ੍ਰਿਤਾਂ ਅਤੇ ਯਾਦਾਂ ਹਮੇਸ਼ਾ ਸਾਡੇ ਨਾਲ ਰਹਿਣਗੀਆਂ।