ਉਘੀ ਲੇਖਕਾ ਦਲੀਪ ਕੌਰ ਟਿਵਾਣਾ ਦੀ ਕਹਾਣੀ ‘ਸਤੀਆ ਸੇਈ’ ਉਡਦੀ ਨਜ਼ਰੇ ਤਾਂ ਇਕਹਿਰੀ ਜਿਹੀ ਪਰਤ ਦੀ ਜਾਪਦੀ ਹੈ ਪਰ ਰਤਾ ਕੁ ਗਹਿਰਾਈ ਵਿਚ ਉਤਰਿਆਂ ਪਤਾ ਲੱਗਦਾ ਹੈ ਕਿ ਕਹਾਣੀ ਦੀਆਂ ਕਿੰਨੀਆਂ ਪਰਤਾਂ ਹੌਲੀ ਹੌਲੀ ਖੁੱਲ੍ਹਣ ਲਗਦੀਆਂ ਹਨ। ਇਕੋ ਸਮੇਂ ਬਹੁਤ ਸਾਰੇ ਮੁੱਦਿਆਂ ਬਾਰੇ ਬੜਾ ਤਿੱਖਾ ਵਿਅੰਗ ਅਤੇ ਚੋਭ ਮਾਰਦੀਆਂ ਟਕੋਰਾਂ ਹਨ।
ਕਈ ਦਹਾਕੇ ਪਹਿਲਾਂ ਸਿਰਜੀ ਇਸ ਕਹਾਣੀ ਵਾਲੇ ਹਾਲਾਤ ਅਜੇ ਵੀ ਜਿਉਂ ਦੇ ਤਿਉਂ ਹਨ, ਬਹੁਤ ਕੁਝ ਹੈ ਜਿਹੜਾ ਰੱਤੀ ਭਰ ਵੀ ਬਦਲਿਆ ਨਹੀਂ ਹੈ ਜਿਸ ਨੂੰ ਬਦਲਣ ਲਈ ਦੇਸ਼ ਭਗਤਾਂ ਨੇ ਜਿੰਦੜੀਆਂ ਵਾਰ ਦਿੱਤੀਆਂ ਸਨ। -ਸੰਪਾਦਕ
ਦਲੀਪ ਕੌਰ ਟਿਵਾਣਾ
ਜਦੋਂ ਵੀਰ ਭਗਤ ਸਿੰਘ, ਦੱਤ ਨੂੰ
ਦਿੱਤਾ ਫਾਂਸੀ ਦਾ ਹੁਕਮ ਸੁਣਾ।
ਉਹਦੀ ਹੋਵਣ ਵਾਲੀ ਨਾਰ ਨੂੰ
ਕਿਸੇ ਪਿੰਡ ਵਿਚ ਦੱਸਿਆ ਜਾæææ।
ਗੱਡੀ ਵਿਚ ਅੰਨ੍ਹਾ ਮੰਗਤਾ ਗਾ ਰਿਹਾ ਸੀæææਫਿਰæææਮੈਂ ਮੰਗਤੇ ਦੇ ਮੂੰਹ ਵੱਲ ਤੱਕਿਆ ਪਰ ਸਟੇਸ਼ਨ ਆ ਜਾਣ ਕਰ ਕੇ ਉਹ ਉਸ ਡੱਬੇ ਵਿਚੋਂ ਉਤਰ ਕੇ ਦੂਜੇ ਵਿਚ ਜਾ ਚੜ੍ਹਿਆ। ਮੈਨੂੰ ਮੁੜ ਮੁੜ ਖਿਆਲ ਆਉਣ ਲੱਗਾ ਕਿ ਜਦੋਂ ਕਿਸੇ ਨੇ ਪਿੰਡ ਵਿਚ ਜਾ ਕੇ ਦੱਸਿਆ ਹੋਣਾ ਏਂ, ਕੀ ਗੁਜ਼ਰੀ ਹੋਊ ਭਗਤ ਸਿੰਘ ਦੀ ਮੰਗੇਤਰ ਦੇ ਦਿਲ ‘ਤੇæææ? ਮੈਂ ਡੱਬੇ ਦੀ ਬਾਰੀ ਵਿਚੋਂ ਬਾਹਰ ਤੱਕਣ ਲੱਗੀ। ਇਉਂ ਲਗਦਾ ਸੀ ਜਿਵੇਂ ਸਾਹਮਣੇ ਖੇਤ, ਖੇਤਾਂ ਵਿਚ ਉਗੀਆਂ ਫਸਲਾਂ ਤੇ ਦਰਖਤਾਂ ਦੀਆਂ ਕਤਾਰਾਂ ਨੱਠੀਆਂ ਜਾ ਰਹੀਆਂ ਹੋਣ। ਉਨੀ ਹੀ ਤੇਜ਼ੀ ਨਾਲ ਖਿਆਲ ਮੇਰੇ ਦਿਮਾਗ ਵਿਚ ਨੱਠਣ ਲੱਗੇ। ਮੇਰੀ ਕਲਪਨਾ ਦੂਰ ਦਿਸਹੱਦੇ ਤੋਂ ਵੀ ਦੂਰ ਪਿੰਡ ਦੇ ਕਿਸੇ ਕੱਚੇ ਕੋਠੇ ਵਿਚ ਬੈਠੀ ਚਰਖਾ ਕੱਤਦੀ ਸੁਨੱਖੀ ਇਸਤਰੀ ਨੂੰ ਲੱਭਣ ਲੱਗੀ। ਚੁੱਪ ਚਾਪ ਮੈਂ ਉਹਦੇ ਮੂੰਹ ਵੱਲ ਤੱਕਣ ਲੱਗੀ।
“ਕੀ ਆਹਨੀ ਏਂæææ?” ਉਹ ਬੋਲੀ।
“ਤੂੰ ਕਿਵੇਂ ਉਮਰ ਗੁਜ਼ਾਰੀ?” ਮੈਂ ਪੁੱਛਿਆ।
“ਮੈਨੂੰ ਉਹਦੀ ਇੱਜ਼ਤ ਦਾ ਪਾਸ ਸੀ। ਲੋਕਾਂ ਕਹਿਣਾ ਸੀ, ਇਹ ਭਗਤ ਸਿੰਘ ਦੀ ਮੰਗੇਤਰ ਏ। ਮੈਂ ਕਿਵੇਂ ਸਾਹਸ ਛੱਡਦੀ? ਮਿਹਨਤ ਮਜ਼ਦੂਰੀ ਕੀਤੀ, ਲੋਕਾਂ ਦੀਆਂ ਕਪਾਹਾਂ ਚੁਗੀਆਂ, ਕੱਤਣਾ ਕੱਤਿਆ, ਪੀਹਣੇ ਪੀਠੇ, ਕੋਠੇ ਲਿੱਪੇ, ਘਾਹ ਖੋਤੇæææਤੇ ਡੰਗ ਟਪਾਇਆ।”
“ਕਿਉਂ, ਤੇਰੇ ਮਾਪਿਆਂ ਨੂੰ ਤੇਰਾ ਖਿਆਲ ਨਹੀਂ ਸੀ?” ਮੈਂ ਪੁੱਛਿਆ।
“ਕਿਹੜਾ ਸਾਲ ਛੀ ਮਹੀਨੇ ਦੀ ਗੱਲ ਸੀ ਕਿ ਮੈਂ ਉਨ੍ਹਾਂ ‘ਤੇ ਬੋਝ ਬਣੀ ਰਹਿੰਦੀ? ਇਹ ਤਾਂ ਉਮਰਾਂ ਦੇ ਮਾਮਲੇ ਸਨ। ਨਾਲੇ ਉਨ੍ਹਾਂ ਉਹਨੂੰ ਹੀ ਕੋਸਣਾ ਸੀ ਜਿਹੜਾ ਆਪਣੇ ਫਰਜ਼ਾਂ ਨੂੰ ਵਿਚੇ ਹੀ ਛੱਡ ਗਿਆ ਸੀ।”
“ਤੂੰ ਸਰਕਾਰ ਕੋਲੋਂ ਮਦਦ ਮੰਗ ਲੈਣੀ ਸੀ।” ਮੈਂ ਉਦਾਸ ਹੋ ਕੇ ਆਖਿਆ।
“ਮੈਂ ਉਹਦੀ ਮੰਗੇਤਰ ਹੋ ਕੇ ਕਿਸੇ ਅੱਗੇ ਹੱਥ ਅੱਡਦੀ, ਇਹ ਮੈਥੋਂ ਹੋ ਨਹੀਂ ਸਕਿਆ।”
ਉਹਦਾ ਸਿਦਕ, ਉਹਦਾ ਸਾਹਸ, ਉਹਦਾ ਸਿਰੜ ਦੇਖ, ਮੇਰਾ ਦਿਲ ਕਰੇ; ਇਸ ਮਹਾਨ ਔਰਤ ਦੇ ਪੈਰ ਛੂਹ ਲਵਾਂ। ਉਮਰਾਂ ਦੇ ਛਿੱਲੜ ਲਾਹ ਉਹ ਭਰ ਜਵਾਨ ਕੁੜੀ ਬਣ, ਮੇਰੀ ਯਾਦ ਵਿਚ ਉਘੜ ਖਲੋਤੀ।
“ਸੁਣਿਆ ਏ ਉਹਦੇ ਪਿੰਡ ਉਹਦੀ ਯਾਦ ਮਨਾ ਰਹੇ ਨੇ। ਤੂੰ ਜਾਏਂਗੀ?” ਮੈਂ ਪੁੱਛਿਆ।
“ਮੈਂæææਮੈਂ ਉਹਦੇ ਪਿੰਡ ਭਲਾ ਕਿਵੇਂ ਜਾ ਸਕਦੀ ਹਾਂ? ਉਹਨੇ ਵੱਜਦੇ ਵਾਜਿਆਂ ਨਾਲ ਸਿਹਰੇ ਬੰਨ੍ਹ ਕੇ ਮੈਨੂੰ ਲੈਣ ਆਉਣਾ ਸੀ, ਉਹ ਆਇਆ ਨਹੀਂ। ਫਿਰ ਮੈਂ ਕਿਵੇਂ ਜਾ ਸਕਦੀ ਹਾਂ?”
“ਇਹ ਤੇ ਬੜੀ ਪੁਰਾਣੀ ਗੱਲ ਹੋ ਗਈ ਏ।” ਮੈਂ ਆਖਿਆ।
“ਤੈਨੂੰ ਪੁਰਾਣੀ ਲੱਗਦੀ ਹੋਊ। ਮੈਨੂੰ ਤਾਂ ਇਉਂ ਲੱਗਦੀ ਏ, ਜਿਵੇਂ ਹਾਲੇ ਕੱਲ੍ਹ ਦੀ ਗੱਲ ਹੋਵੇ। ਜਦੋਂ ਇਕ ਦਿਨ ਦੀਵੇ ਬਲਦਿਆਂ ਨਾਲ ਉਹ ਸਾਡੇ ਪਿੰਡ ਆਇਆ ਸੀ, ਬਾਹਰ ਖੂਹ ‘ਤੇ ਖਲੋ ਇਕ ਨਿਆਣੇ ਹੱਥ ਮੈਨੂੰ ਸੁਨੇਹਾ ਭੇਜ ਦਿੱਤਾ। ਮੈਂ ਝਿਜਕਦੀ ਝਿਜਕਦੀ ਸਭ ਤੋਂ ਚੋਰੀ ਉਥੇ ਆ ਗਈ। ਬੋਲਿਆ- Ḕਤੂੰ ਫਿਕਰ ਨਾ ਕਰੀਂ, ਅਜੇ ਮੈਨੂੰ ਜ਼ਰੂਰੀ ਕੰਮ ਨੇ। ਜਦੋਂ ਵਿਆਹ ਕੀਤਾ, ਮੈਂ ਤੇਰੇ ਨਾਲ ਹੀ ਕਰਾਂਗਾ। ਮੈਂ ਛੇਤੀ ਹੀ ਆਵਾਂਗਾ।Ḕ ਉਹ ਚਲਿਆ ਗਿਆ ਤੇ ਮੁੜ ਅਜੇ ਤੱਕ ਨਹੀਂ ਆਇਆæææ।”
ਉਸ ਵੇਲੇ ਮੈਨੂੰ ਇਕ ਰੂਸੀ ਗੀਤ ਯਾਦ ਆਇਆ- ‘ਸਾਡਾ ਘਰ ਸਜਨੀਏæææਏਡੀ ਦੂਰ ਤਾਂ ਨਹੀਂ ਸੀ ਕਿ ਉਮਰ ਭਰ ਫੇਰਾ ਨਾ ਪਾਇਆ।’ ਇਨ੍ਹਾਂ ਲਫਜ਼ਾਂ ਦੀ ਤੜਫ ਉਹਦੇ ਮੂੰਹ ਤੋਂ ਲੱਭਦੀ ਸੀ ਜਿਹੜੀ ਜ਼ਿੰਦਗੀ ਭਰ ਉਹਨੂੰ ਉਡੀਕਦੀ ਰਹੀ ਜਿਸ ਨੇ ਮੁੜ ਕਦੇ ਫੇਰਾ ਨਾ ਪਾਇਆ।
“ਤੂੰ ਇਨ੍ਹਾਂ ਪੀੜਾਂ ਦੀ ਸਾਰ ਕੀ ਜਾਣੇ!” ਉਹ ਅੱਖਾਂ ਭਰ ਕੇ ਬੋਲੀ। ਦੋ ਹੰਝੂ ਵਹਿ ਤੁਰੇ। ਮੈਨੂੰ ਲੱਗਿਆ ਜਿਵੇਂ ਉਹ ਕਹਿ ਰਹੀ ਹੋਵੇ- ‘ਇਹ ਕਿਹੀ ਵੇ ਧਰਤ ਕੰਡਿਆਲੀ, ਇਹ ਕਿਹੇ ਵੇ ਜੀਵਨ ਦੇ ਬਰੇਤੇæææਮੇਰੇ ਸਾਹ ਸੁੱਕਦੇ ਜਾ ਰਹੇ ਨੇ।’
“ਰੱਬ ਤੈਨੂੰ ਲੰਮੀ ਉਮਰ ਬਖਸ਼ੇ।” ਉਹਦੇ ਕੁਮਲਾਏ ਮੂੰਹ ਵੱਲ ਤੱਕ ਕੇ ਮੈਂ ਆਖਿਆ।
ਉਹ ਇਉਂ ਤ੍ਰਭਕੀ ਜਿਵੇਂ ਮੈਂ ਉਹਦੇ ਚਪੇੜ ਕੱਢ ਮਾਰੀ ਹੋਵੇ। ਫਿਰ ਕਰੁਣਾ ਭਰੀ ਆਵਾਜ਼ ਵਿਚ ਕਹਿਣ ਲੱਗੀ, “ਮੇਰੀਏ ਹਮਦਰਦਣੇ, ਲੰਮੀ ਉਮਰ ਲਈ ਮੇਰੀ ਚਾਹ ਨਹੀਂ। ਉਮਰ ਦੇ ਤਾਂ ਇਹ ਦਿਨ ਵੀ ਨਹੀਂ ਮੁੱਕਦੇ ਪਏ।”
ਉਹਦੀ ਉਦਾਸੀ ਮੇਰੇ ਕੋਲੋਂ ਦੇਖੀ ਨਾ ਗਈ। ਗੱਲ ਬਦਲਣ ਲਈ ਮੈਂ ਆਖਿਆ, “ਤੂੰ ਮੇਰੇ ਨਾਲ ਸ਼ਹਿਰ ਚੱਲ। ਮੇਰੀ ਭੈਣ ਦਾ ਵਿਆਹ ਏ, ਦੋ ਚਾਰ ਦਿਨ ਸੁਹਣੇ ਲੰਘ ਜਾਣਗੇ।”
“ਨਹੀਂ ਮੈਂ ਵਿਆਹ ਨਹੀਂ ਜਾ ਸਕਦੀ।” ਉਹ ਬੋਲੀ।
“ਕਿਉਂæææ?” ਮੈਂ ਪੁੱਛਿਆ।
“ਖੁਸ਼ੀਆਂ ਦੇ ਮੌਕੇ ਮੇਰੇ ਕੋਲੋਂ ਝੱਲੇ ਨਹੀਂ ਜਾਂਦੇ। ਅਜਿਹੇ ਮੌਕਿਆਂ ‘ਤੇ ਮੈਂ ਬੜੀ ਥੱਕ ਜਾਂਦੀ ਹਾਂ। ਮੈਥੋਂ ਆਪਣੇ ਗਮ ਹੁਣ ਘੜੀ ਪਲ ਲਈ ਵੀ ਦੂਰ ਨਹੀਂ ਕੀਤੇ ਜਾਂਦੇ। ਮੈਨੂੰ ਇਨ੍ਹਾਂ ਦੇ ਨਾਲ ਰਹਿਣ ਦੀ ਆਦਤ ਪੈ ਗਈ ਏ। ਇਕ ਗੱਲ ਦੱਸੇਂਗੀ?” ਉਹਨੇ ਆਸ ਨਾਲ ਮੇਰੇ ਵੱਲ ਤੱਕਿਆ।
“ਹਾਂ ਪੁੱਛ।” ਮੈਂ ਆਖਿਆ।
“ਕੀ ਸੱਚੀ ਮੁੱਚੀ ਕੋਈ ਅਗਲਾ ਜਨਮ ਵੀ ਹੁੰਦਾ ਹੈ?”
‘ਵਿਚਾਰੀæææ!’ ਮੇਰੇ ਦਿਲ ਨੇ ਆਖਿਆ।
“ਹਾਂ, ਜ਼ਰੂਰ ਹੁੰਦਾ ਏ।” ਮੈਂ ਕਹਿ ਦਿੱਤਾ। ਇਹ ਸੁਣ ਉਸ ਦੀਆਂ ਅੱਖਾਂ ਵਿਚ ਚਮਕ ਆਈ ਤੇ ਉਹ ਮੁਸਕਰਾ ਪਈ।
“ਕੀ ਅਜੇ ਤੀਕ ਵੀ ਉਹ ਤੈਨੂੰ ਯਾਦ ਏ?” ਮੈਂ ਪੁੱਛਿਆ।
“ਹਾਂæææਹਰ ਘੜੀ ਹਰ ਪਲ ਉਹ ਮੈਨੂੰ ਯਾਦ ਰਹਿੰਦਾ ਏ। ਕਦੇ ਕਦੇ ਤਾਂ ਬੜਾ ਮਨ ਕਰਦਾ ਏ ਕਿ ਕੋਈ ਆ ਕੇ ਆਖੇ- ‘ਨਹੀਂ ਉਹ ਮਰਿਆ ਨਹੀਂ, ਉਹਨੂੰ ਫਾਂਸੀ ਨਹੀਂ ਦਿੱਤੀ ਗਈ, ਉਹ ਜਿਉਂਦਾ ਏ।’ ਕਦੀ ਕਦੀ ਸੋਚਦੀ ਹਾਂ, ਜੇ ਕਿਧਰੇ ਉਹ ਸੱਚੀ-ਮੁੱਚੀ ਮੁੜ ਆਵੇ, ਮੈਂ ਉਹਨੂੰ ਆਖਾਂ- Ḕਕਹੁ ਵੇ ਇਨ੍ਹਾਂ ਤਕਦੀਰਾਂ ਨੂੰ, ਇਉਂ ਨਾ ਦੂਰ ਖਲੋਣæææਮੈਂ ਵੀ ਕਿਸੇ ਦੀ ਧੀ ਵੇ, ਮੈਂ ਵੀ ਕਿਸੇ ਦੀ ਭੈਣḔæææਪਰ ਹੁਣ ਇਨ੍ਹਾਂ ਤਕਦੀਰਾਂ ਕੋਲ ਮੇਰੇ ਜੋਗਾ ਹੈ ਈ ਕੀ ਏ।” ਉਹ ਉਦਾਸ ਹੋ ਕੇ ਬੋਲੀ।
“ਹੁਣ ਤਾਂ ਭਗਤ ਸਿੰਘ ਦੇ ਸੁਪਨੇ ਪੂਰੇ ਹੋ ਰਹੇ ਨੇ। ਦੇਖ, ਦੇਸ਼ ਕਿਵੇਂ ਤਰੱਕੀ ਵੱਲ ਜਾ ਰਿਹਾ ਏ। ਤੂੰ ਵੀ ਕੋਈ ਹਿੱਸਾ ਪਾ। ਦੇਖ ਨਵਾਂ ਵਰ੍ਹਾ ਆਇਆ ਏ, ਨਵਾਂ ਕਦਮ ਚੁੱਕ।” ਮੈਂ ਆਖਿਆ।
ਉਹਦਾ ਮੂੰਹ ਹਿੱਸ ਗਿਆ ਤੇ ਉਹ ਚੁੱਪ ਚਾਪ ਮੇਰੇ ਵੱਲ ਤੱਕਣ ਲੱਗੀ, ਜਿਵੇਂ ਕਹਿੰਦੀ ਹੋਵੇ,
ਪਿਛਲਾ ਵਰ੍ਹਾ ਰੋ ਕੇ ਟੁਰ ਚੱਲਿਆ,
ਅਗਲਾ ਵੀ ਖੜ੍ਹਾ ਉਦਾਸ।
ਕਿਹੜੇ ਵੇ ਮੁਨੀ ਸਰਾਪਿਆ,
ਤੂੰ ਮੁੜ ਨਾ ਪੁੱਛੀ ਬਾਤ।
“ਤੂੰ ਕੀ ਸੋਚ ਰਹੀ ਏ?” ਮੈਂ ਪੁੱਛਿਆ। ਉਸ ਨੇ ਹਉਕਾ ਭਰਿਆ, ਜਿਵੇਂ ਕਹਿੰਦੀ ਹੋਵੇ- ‘ਰਾਤ ਦੀ ਰਾਣੀ ਮੈਨੂੰ ਪੁੱਛਦੀ, ਕਿਥੇ ਤਾਂ ਗਈਆਂ ਨੀ ਤੇਰੀਆਂ ਨੀਂਦਰਾਂ! ਦਿਹੁੰ ਵੀ ਉਲਾਂਭੇ ਦਿੰਦਾ, ਕਿਥੇ ਤਾਂ ਖੋਈਆਂ ਤੇਰੀਆਂ ਸੂਰਤਾਂ!æææਮੈਂ ਮੁੜ ਮੁੜ ਤੈਥੋਂ ਪੁਛਦੀ, ਕੌਣ ਭਰੂ ਵੇ ਮੇਰੀ ਕਹਾਣੀ ਦਾ ਹੁੰਗਾਰਾ? ਕੌਣ ਬਣੂ ਵੇ ਮੇਰੇ ਦੁੱਖਾਂ ਦਾ ਸੀਰੀ?’
ਮੈਂ ਉਹਦੇ ਮੂੰਹ ਵੱਲ ਤੱਕਿਆ- ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ॥ ਇਸ ਕਥਨ ਅੱਗੇ ਮੈਂ ਸਿਰ ਝੁਕਾ ਦਿੱਤਾ। ਉਹਦੀ ਟੁੱਟੀ ਹੋਈ ਜੁੱਤੀ ‘ਤੇ ਮੇਰੀ ਨਜ਼ਰ ਪੈ ਗਈ। ਮੈਂ ਧਿਆਨ ਨਾਲ ਦੇਖਿਆ, ਉਹਦੀ ਕਮੀਜ਼ ਨੂੰ ਵੀ ਟਾਕੀਆਂ ਲੱਗੀਆਂ ਹੋਈਆਂ ਸਨ। ਮੈਨੂੰ ਦੁੱਖ ਲੱਗਾ।
“ਤੂੰ ਉਹਨੂੰ ਵੇਖਿਆ ਸੀ?” ਉਹ ਅਜੇ ਵੀ ਉਹਦੇ ਬਾਰੇ ਹੀ ਸੋਚ ਰਹੀ ਸੀ।
“ਨਹੀਂ।” ਮੈਂ ਆਖਿਆ।
“ਉਹ ਬੜਾ ਸੋਹਣਾ ਸੀ। ਸਾਡੇ ਪਿੰਡ ਦੀਆਂ ਸਾਰੀਆਂ ਕੁੜੀਆਂ ਦੇ ਪਰਾਹੁਣਿਆਂ ਨਾਲੋਂ ਸੋਹਣਾ।”æææਤੇ ਅੱਗਿਉਂ ਉਹਦਾ ਗਲਾ ਭਰ ਆਇਆ ਤੇ ਫਿਰ ਜਿਵੇਂ ਆਪਣੇ ਆਪ ਗੱਲਾਂ ਕਰਨ ਲੱਗੀ,
‘ਆਉਂਦੇ ਜਾਂਦੇ ਰਾਹੀਆਂ ਦੇ ਮੈਂ ਮੂੰਹ ਵੱਲ ਤੱਕਦੀ,
ਕੋਈ ਕਦੇ ਵੀ ਤੇਰੀ ਗੱਲ।
ਮੈਂ ਕੰਨਿਆ ਕੁਆਰੀ ਖੜ੍ਹੀ ਉਡੀਕਦੀ ਵੇ,
ਕਦੇ ਤਾਂ ਸੁਨੇਹਾ ਘੱਲ।’
“ਕੀ ਸੋਚ ਰਹੀ ਏਂ ਸੋਹਣੀਏ?” ਮੈਂ ਪੁੱਛਿਆ। ਉਹ ਆਪਣੇ ਹੱਥਾਂ ਦੀਆਂ ਲਕੀਰਾਂ ਵੱਲ ਧਿਆਨ ਨਾਲ ਤੱਕਣ ਲੱਗੀ, ਜਿਵੇਂ ਕਹਿ ਰਹੀ ਹੋਵੇ- ‘ਮਾਂ ਆਪਣੀ ਨੂੰ ਮੈਂ ਪੁੱਛਦੀ, ਧੀ ਦੇ ਕਿਹੇ ਲੇਖ ਲਿਖਾਏ।’
ਮੈਂ ਉਹਦੇ ਵੱਲ ਤੱਕਦੀ ਰਹੀ। ਕੋਈ ਲਾਟ ਬਲਦੀ ਸੀ ਉਹਦੀਆਂ ਨਜ਼ਰਾਂ ਵਿਚ। ਕੋਈ ਕਹਿਰ ਸੀ ਉਹਦੀ ਤੱਕਣੀ ਵਿਚ। ਮੈਨੂੰ ਲੱਗਿਆ ਜਿਵੇਂ ਉਹ ਕੋਈ ਨਾਗਣ ਬਣ ਕੇ ਫੁੰਕਾਰ ਰਹੀ ਹੋਵੇ। ਭਗਤ ਸਿੰਘ ਦੇ ਕਾਤਲਾਂ ਨੂੰ ਜਿਵੇਂ ਹੁਣੇ ਡੱਸ ਲੈਣਾ ਲੋਚਦੀ ਹੋਵੇ। ਜਿਵੇਂ ਸਭ ਕੁਝ ਭੰਨ ਤੋੜ, ਮਸਲ ਦੇਣਾ ਚਾਹੁੰਦੀ ਹੋਵੇ। ਫਿਰ ਉਹਨੇ ਪਲਕਾਂ ਝੁਕਾ ਲਈਆਂ ਜਿਵੇਂ ਕਹਿੰਦੀ ਹੋਵੇ- ‘ਮੈਂ ਭਲਾ ਕੀ ਕਰ ਸਕਦੀ ਹਾਂ?’
“ਤੂੰ ਨਿਰਾਸ਼ ਨਾ ਹੋ। ਭਗਤ ਸਿੰਘ ਸਿਰਫ ਤੇਰਾ ਹੀ ਨਹੀਂ ਸੀ, ਉਹ ਸਾਡਾ ਸਾਰਿਆਂ ਦਾ ਸੀ। ਉਹਦੀ ਮੌਤ ਦਾ ਦੁੱਖ ਤੈਨੂੰ ਹੀ ਨਹੀਂ, ਸਾਰੇ ਦੇਸ਼ ਨੂੰ ਹੈ। ਅਸੀਂ ਉਹਨੂੰ ਭੁੱਲੇ ਨਹੀਂ, ਸਾਨੂੰ ਤੂੰ ਵੀ ਯਾਦ ਏਂ।”
ਇਹ ਸੁਣ ਕੇ ਉਹਦੀਆਂ ਅੱਖਾਂ ਭਰ ਆਈਆਂ ਤੇ ਹੰਝੂ ਕੇਰ ਉਹ ਮੇਰੀ ਕਲਪਨਾ ਵਿਚੋਂ ਮੁੜ ਚੱਲੀ। ਮੈਨੂੰ ਲੱਗਿਆ- ‘ਧਰਤ ਅੰਬਰ ਵੀ ਸੋਚਦੇ, ਕੀ ਦੇਣ ਤਸੱਲੀ।’
ਇੰਨੇ ਨੂੰ ਇਕ ਝੂਟੇ ਨਾਲ ਗੱਡੀ ਸਟੇਸ਼ਨ ਉਤੇ ਆਣ ਖੜ੍ਹੀ ਹੋਈ। ਉਹ ਮੰਗਤਾ ਫਿਰ ਡੱਬੇ ਅੱਗੇ ਵੀ ਗਾਉਂਦਾ ਜਾ ਰਿਹਾ ਸੀ,
ਜਦੋਂ ਵੀਰ ਭਗਤ ਸਿੰਘ, ਦੱਤ ਨੂੰ,
ਦਿੱਤਾ ਫਾਂਸੀ ਦਾ ਹੁਕਮ ਸੁਣਾ।
ਉਹਦੀ ਹੋਵਣ ਵਾਲੀ ਨਾਰ ਨੂੰ,
ਕਿਸੇ ਪਿੰਡ ਵਿਚ ਦੱਸਿਆ ਜਾ।