ਅਕਾਲੀ ਦਲ ਵਿਚ ਬੁਰਛਿਆਂ ਦਾ ਬੋਲਬਾਲਾ

ਛੇਹਰਟਾ ਵਿਚ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਵੱਲੋਂ ਕੀਤੀ ਬੁਰਛਾਗਰਦੀ ਪੰਜਾਬ ਲਈ ਨਵੀਂ ਨਹੀਂ ਹੈ। ਬਾਦਲ ਪਿਉ-ਪੁੱਤਰ ਪਿਛਲੇ ਦਹਾਕੇ ਤੋਂ ਜਿਸ ਢੰਗ ਨਾਲ ਸਿਆਸੀ ਪਿੜ ਵਿਚ ਵਿਚਰ ਰਹੇ ਹਨ ਅਤੇ ਜਿਸ ਢੰਗ ਨਾਲ ਅਪਾਰਾਧੀ ਅਨਸਰਾਂ ਦੀ ਪੁਸ਼ਤਪਨਾਹੀ ਕਰ ਰਹੇ ਹਨ, ਉਸੇ ਦੀ ਲਗਾਤਾਰਤਾ ਵਿਚ ਹੀ ਇਹ ਘਟਨਾ ਹੋਈ ਹੈ। ਹੁਣ ਮਾਮਲਾ ਸਿਰਫ ਇਸ ਕਰ ਕੇ ਵਧ ਗਿਆ ਹੈ ਕਿਉਂਕਿ ਇਸ ਘਟਨਾ ਵਿਚ ਆਪਣੀ ਧੀ ਦੀ ਪੱਤ ਬਚਾ ਰਹੇ ਪਿਉ ਦੀ ਮੌਤ ਹੋ ਗਈ। ਇਹ ਅਜਿਹੀ ਘਟਨਾ ਸੀ ਜਿਸ ਨਾਲ ਬਾਦਲਾਂ ਦਾ ਤਖਤ ਡੋਲਣਾ ਚਾਹੀਦਾ ਸੀ, ਪਰ ਇਸ ਘਟਨਾ ਨੂੰ ਵੀ ਸ਼ਾਇਦ ਉਹ ਸੰਭਾਲ ਗਏ ਹਨ! ਪੰਜਾਬੀਆਂ ਲਈ ਇਸ ਤੋਂ ਵੱਡੀ ਨਮੋਸ਼ੀ ਸ਼ਾਇਦ ਹੀ ਕੋਈ ਹੋਰ ਹੋਵੇ! ਕੁਝ ਸਮਾਂ ਪਹਿਲਾਂ ਜਦੋਂ ਇਕ ਅਕਾਲੀ ਸਰਪੰਚ ਨੇ ਰੋਸ ਪ੍ਰਗਟ ਕਰ ਰਹੀਆਂ ਕੁੜੀਆਂ ਵਿਚੋਂ ਇਕ ਅਧਿਆਪਕਾ ਵਰਿੰਦਰਪਾਲ ਕੌਰ ਦੇ ਥੱਪੜ ਮਾਰਿਆ ਸੀ, ਤਾਂ ਉਸ ਖਿਲਾਫ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ। ਪੁਲਿਸ ਨੇ ਚਲਾਨ ਹੀ ਪੇਸ਼ ਨਹੀਂ ਸੀ ਕੀਤਾ ਅਤੇ ਸਰਪੰਚ ਬਚ ਨਿਕਲਿਆ ਸੀ। ਹੁਣ ਇਸ ਘਟਨਾ ਲਈ ਜ਼ਿੰਮੇਵਾਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਨੂੰ ਅੰਦਰ ਖਾਤੇ ਬਚਾਉਣ ਦੀ ਕਵਾਇਦ ਚੱਲ ਰਹੀ ਹੈ।ਧੀ ਨਾਲ ਛੇੜਖਾਨੀ ਰੋਕਣ ‘ਤੇ ਥਾਣੇਦਾਰ ਦੀ ਹੱਤਿਆ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਥਕ ਪਾਰਟੀ ਅਕਾਲੀ ਦਲ ਵਿਚ ਹੁਣ ‘ਬੁਰਛਿਆਂ’ ਦਾ ਬੋਲਬਾਲਾ ਹੈ। ਸੱਤਾ ਦੀ ਲਾਲਸਾ ਵਿਚ ਬਾਦਲਾਂ ਵੱਲੋਂ ਸਿੱਖਾਂ ਦੇ ਵੱਡੇ ਹਿੱਸੇ ਦੀ ਨੁਮਾਇੰਦਗੀ ਕਰਦੀ ਪਾਰਟੀ ਵਿਚ ਅਜਿਹੇ ਜਰਾਇਮ ਪੇਸ਼ਾ ਅਨਸਰਾਂ ਨੂੰ ਸ਼ਾਮਲ ਕਰ ਲਿਆ ਹੈ ਜਿਹੜੇ ਉਨ੍ਹਾਂ ਲਈ ਨਿੱਤ ਨਵੀਆਂ ਮੁਸੀਬਤਾਂ ਖੜ੍ਹੀਆਂ ਕਰ ਰਹੇ ਹਨ। ਇਸ ਬੁਰਛਾਗਰਦੀ ਦੀ ਹੱਦ ਉਸ ਵੇਲੇ ਹੋ ਗਈ ਜਦੋਂ ਲੰਘੇ ਦਿਨ ਅੰਮ੍ਰਿਤਸਰ ਜ਼ਿਲ੍ਹੇ ਵਿਚ ਬੇਟੀ ਨਾਲ ਛੇੜਖਾਨੀ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਇਕਾਈ ਦੇ ਜਨਰਲ ਸਕੱਤਰ ਰਣਜੀਤ ਸਿੰਘ ਰਾਣਾ ਨੂੰ ਰੋਕਣ ਲਈ ਆਏ ਸਹਾਇਕ ਸਬ ਇੰਸਪੈਕਟਰ ਪਿਤਾ ਨੂੰ ਦਿਨ ਦਿਹਾੜੇ ਛੇਹਰਟਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਕਤਲ ਕੀਤਾ ਗਿਆ ਸਹਾਇਕ ਸਬ ਇੰਸਪੈਕਟਰ ਦੀ ਸ਼ਨਾਖਤ ਰਵਿੰਦਰਪਾਲ ਸਿੰਘ ਘਰਿੰਡਾ ਥਾਣੇ ਵਿਚ ਤਾਇਨਾਤ ਸੀ। ਇਹ ਘਟਨਾ ਛੇਹਰਟਾ ਥਾਣੇ ਤੋਂ ਕੁਝ ਦੂਰੀ ‘ਤੇ ਵਾਪਰੀ ਹੈ ਜਿਥੋਂ ਪੁਲਿਸ ਨੇ ਘਟਨਾ ਸਥਾਨ ਤਕ ਪੁੱਜਣ ਵਿਚ ਏਨਾ ਸਮਾਂ ਲਾ ਦਿੱਤਾ ਕਿ ਹਮਲਾਵਰ ਦੂਜੀ ਵਾਰ ਆਏ ਤੇ ਜ਼ਖਮੀ ਹੋਏ ਏæਐਸ਼ਆਈæ ਨੂੰ ਮੁੜ ਗੋਲੀਆਂ ਮਾਰ ਕੇ ਕਤਲ ਕਰ ਗਏ। ਇਸ ਪੁਲਿਸ ਕਰਮਚਾਰੀ ਦੀ ਬੇਟੀ ਛੇਹਰਟਾ ਦੇ ਬੈਂਕ ਵਿਚ ਤਾਇਨਾਤ ਸੀ ਜਿਸ ਨੂੰ ਕੁਝ ਨੌਜਵਾਨਾਂ ਵੱਲੋਂ ਰੋਜ਼ ਪ੍ਰੇਸ਼ਾਨ ਕੀਤਾ ਜਾਂਦਾ ਸੀ।
ਇਨ੍ਹਾਂ ਨੌਜਵਾਨਾਂ ਵੱਲੋਂ ਛੇੜਖਾਨੀ ਕਰਨ ‘ਤੇ ਕੁੜੀ ਨੇ ਆਪਣੇ ਪਿਤਾ ਨੂੰ ਫੋਨ ਕਰ ਦਿੱਤਾ। ਰਵਿੰਦਰ ਪਾਲ ਸਿੰਘ ਵਰਦੀ ਵਿਚ ਹੀ ਮੌਕੇ ‘ਤੇ ਪੁੱਜ ਗਿਆ। ਨੌਜਵਾਨਾਂ ਨਾਲ ਹੋਈ ਤਕਰਾਰ ਝਗੜੇ ਵਿਚ ਬਦਲ ਗਈ ਤੇ ਅਕਾਲੀ ਆਗੂ ਨੇ ਆਪਣੀ ਰਿਵਾਲਵਰ ਨਾਲ ਏæਐਸ਼ਆਈæ ‘ਤੇ ਗੋਲੀ ਚਲਾ ਦਿੱਤੀ ਜੋ ਉਸ ਦੀ ਲੱਤ ਵਿਚ ਵੱਜੀ। ਇਹ ਨੌਜਵਾਨ ਜ਼ਖਮੀ ਏæਐਸ਼ਆਈæ ਨੂੰ ਛੱਡ ਕੇ ਚਲੇ ਗਏ ਪਰ ਕੁਝ ਸਮੇਂ ਬਾਅਦ ਹੀ ਪਰਤ ਆਏ ਤੇ ਮੁੜ ਇਕ ਬੰਦੂਕ ਨਾਲ ਉਸ ‘ਤੇ ਗੋਲੀਆਂ ਚਲਾਈਆਂ ਜਿਸ ਨਾਲ ਉਸ ਦੀ ਮੌਤ ਹੋ ਗਈ।
ਪੰਜਾਬ ਵਿਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਹੁਕਮਰਾਨ ਪਾਰਟੀ ਨੂੰ ਪਿਛਲੇ ਕੁਝ ਮਹੀਨਿਆਂ ਦੌਰਾਨ ਸੂਬੇ ਵਿਚ ਵਾਪਰੀਆਂ ਵੱਡੀਆਂ ਘਟਨਾਵਾਂ ਕਾਰਨ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਫਰੀਦਕੋਟ ਦੇ ਸ਼ਰੁਤੀ ਅਗਵਾ ਕਾਂਡ ਨੇ ਪਾਰਟੀ ਦੀ ਸੂਬਾ ਪੱਧਰ ‘ਤੇ ਬਦਨਾਮੀ ਹੀ ਨਹੀਂ ਕਰਵਾਈ ਸਗੋਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਅਜੇ ਤੱਕ ਇਸ ਸ਼ਹਿਰ ਦਾ ਦੌਰਾ ਕਰਨ ਦਾ ਹੌਸਲਾ ਨਹੀਂ ਕਰ ਰਹੇ।ਤਰਨ ਤਾਰਨ ਜ਼ਿਲ੍ਹੇ ਦੇ ਖਾਲੜਾ ਥਾਣੇ ਦੀ ਪੁਲਿਸ ਵੱਲੋਂ ਕਤਲ ਦੇ ਦੋਸ਼ੀਆਂ ਨੂੰ ਬਚਾਉਣ ਦਾ ਮਾਮਲਾ ਠੰਢਾ ਵੀ ਨਹੀਂ ਸੀ ਪਿਆ ਕਿ ਤਰਨ ਤਾਰਨ ਵਿਚ ਅਕਾਲੀ ਦਲ ਦੇ ਹੀ  ਿਆਗੂ ਨੇ ਏæਐਸ਼ਆਈæ ਦਾ ਕਤਲ ਕਰ ਦਿੱਤਾ।
ਖੰਨਾ ਪੁਲਿਸ ਜ਼ਿਲ੍ਹੇ ਦੇ ਮਾਛੀਵਾੜਾ ਵਿਚ ਰੇਤ ਮਾਫੀਆ ਨੇ ਮੋਹਤਵਬਰ ਵਿਅਕਤੀ ਨੂੰ ਪੁਲਿਸ ਦੀ ਸ਼ਹਿ ‘ਤੇ ਸ਼ਰੇਆਮ ਕੁੱਟਿਆ। ਉਸ ਤੋਂ ਬਾਅਦ ਕੁਝ ਪੁਲੀਸ ਅਫਸਰ ਮੁਅੱਤਲ ਵੀ ਕੀਤੇ ਗਏ। ਰਾਜਧਾਨੀ ਦੀ ਬੁੱਕਲ ਵਿਚ ਖਰੜ ਵਿਖੇ ਵੀ ਕੁਝ ਦਿਨ ਪਹਿਲਾਂ ਲੜਕੀਆਂ ਨਾਲ ਛੇੜਛਾੜ ਕਰਨ ਵਾਲੇ ਬਦਮਾਸ਼ਾਂ ਨੂੰ ਰੋਕਣਾ ਚਾਹਿਆ ਤਾਂ ਆਮ ਬੰਦਿਆਂ ਦੀ ਕੁੱਟਮਾਰ ਕੀਤੀ ਗਈ। ਪ੍ਰਸ਼ਾਸਕੀ, ਸਿਵਲ ਤੇ ਰਾਜਨੀਤਕ ਹਲਕਿਆਂ ਵਿਚ ਚਰਚਾ ਹੈ ਕਿ ਇਸ ਸੂਬੇ ਵਿਚ ਜੇਕਰ ਵਰਦੀਧਾਰੀ ਵੀ ਸੁਰੱਖਿਅਤ ਨਹੀਂ ਤਾਂ ਆਮ ਬੰਦੇ ਨਾਲ ਕੀ ਬੀਤਦੀ ਹੋਵੇਗੀ।
___________________________
ਮਾਮਲਾ ਸੰਸਦ ਵਿਚ ਗੂੰਜਿਆ
ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਰਣਜੀਤ ਸਿੰਘ ਰਾਣਾ ਅਤੇ ਉਸ ਦੇ ਸਾਥੀਆਂ ਵੱਲੋਂ ਥਾਣੇਦਾਰ ਦੀ ਹੱਤਿਆ ਮਾਮਲਾ ਸੰਸਦ ਵਿਚ ਵੀ ਗੂੰਜਿਆ। ਇਹ ਮਾਮਲਾ ਆਨੰਦਪੁਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਉਠਾਇਆ ਅਤੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਚੁੱਕੀ ਹੈ ਤੇ ਸੂਬੇ ਵਿਚ ਦਿਨ-ਦਿਹਾੜੇ ਕਤਲ ਹੋ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਦੋ ਮੈਂਬਰਾਂ ਡਾæਰਤਨ ਸਿੰਘ ਅਜਨਾਲਾ ਅਤੇ ਸ਼ੇਰ ਸਿੰਘ ਘੁਬਾਇਆ ਨੇ ਉਸ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਸ ਮੌਕੇ ਕਾਂਗਰਸ ਦੇ ਲੋਕ ਸਭਾ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ, ਮਹਿੰਦਰ ਸਿੰਘ ਕੇਪੀ ਅਤੇ ਸੁਖਦੇਵ ਸਿੰਘ ਲਿਬੜਾ ਨੇ ਅਕਾਲੀ ਦਲ ਦੇ ਮੈਂਬਰਾਂ ਨੂੰ ਖਰੀਆਂ ਖਰੀਆਂ ਸੁਣਾਈਆਂ। ਸ੍ਰੀ ਬਿੱਟੂ ਨੇ ਕਿਹਾ ਕਿ ਇਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ‘ਨੰਨ੍ਹੀ ਛਾਂ’ ਦੇ ਨਾਂ ਹੇਠ ਲੜਕੀਆਂ ਦੇ ਹੱਕ ਵਿਚ ਮੁਹਿੰਮ ਚਲਾ ਰਹੀ ਹੈ ਤੇ ਉਸੇ ਸੂਬੇ ਵਿਚ ਲੜਕੀਆਂ ਨਾਲ ਮਾੜਾ ਵਰਤਾਓ ਕੀਤਾ ਜਾ ਰਿਹਾ ਹੈ ਤੇ ਇਕ ਪੁਲੀਸ ਅਫਸਰ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਦਾ ਕਤਲ ਕਰ ਦਿੱਤਾ ਗਿਆ।
___________________________________

ਬਾਦਲ ਵੱਲੋਂ ਪੱਲਾ ਝਾੜਨ ਦਾ ਯਤਨ
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਏæਐਸ਼ਆਈæ ਰਵਿੰਦਰਪਾਲ ਸਿੰਘ ਕਤਲ ਕਾਂਡ ਦੇ ਮੁੱਖ ਮੁਲਜ਼ਮ ਜ਼ਿਲ੍ਹਾ ਅਕਾਲੀ ਜਥਾ ਸ਼ਹਿਰੀ ਦੇ ਜਨਰਲ ਸਕੱਤਰ ਰਣਜੀਤ ਸਿੰਘ ਰਾਣਾ ਬਾਰੇ ਅਣਜਾਣਤਾ ਪ੍ਰਗਟਾ ਕੇ ਪੱਲਾ ਝਾੜਨ ਦਾ ਯਤਨ ਕੀਤਾ ਹੈ ਤੇ ਕਿਹਾ ਕਿ ਇਸ ਅਕਾਲੀ ਆਗੂ ਦੇ ਪਿਛੋਕੜ ਬਾਰੇ ਪਾਰਟੀ ਨੂੰ ਕੋਈ ਜਾਣਕਾਰੀ ਨਹੀਂ ਸੀ। ਇਥੇ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤਰਨ ਤਾਰਨ ਜ਼ਿਲ੍ਹੇ ਵਿਚ ਕਬੱਡੀ ਮੈਚ ਦੇਖਣ ਲਈ ਤਾਂ ਆਏ ਪਰ ਪੀੜਤ ਪਰਿਵਾਰ ਦੇ ਘਰ ਨੇੜਿਉਂ ਲੰਘਣ ਦੇ ਬਾਵਜੂਦ ਦੁੱਖ ਸਾਂਝਾ ਕਰਨ ਲਈ ਨਹੀਂ ਗਏ।
ਇਸ ਮੌਕੇ ਮਪੱਖ ਮੰਤਰੀ ਨੂੰ ਜਦੋਂ ਰਣਜੀਤ ਸਿੰਘ ਰਾਣਾ ਦੀ ਪਾਰਟੀ ਵਿਚ ਆਮਦ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਆਪਣੇ ਸੁਭਾਅ ਮੁਤਾਬਕ ਇਹ ਕਹਿ ਕੇ ਟਾਲਾ ਵੱਟਿਆ ਕਿ ਉਨ੍ਹਾਂ ਨੂੰ ਇਸ ਆਗੂ ਬਾਰੇ ਕੋਈ ਜਾਣਕਾਰੀ ਨਹੀਂ। ਉਹ ਕੁਝ ਸਮਾਂ ਪਹਿਲਾਂ ਹੀ ਪਾਰਟੀ ਵਿਚ ਸ਼ਾਮਲ ਹੋਇਆ ਸੀ ਤੇ ਉਸ ਦੇ ਅਜਿਹੇ ਕਿਰਦਾਰ ਬਾਰੇ ਕੋਈ ਜਾਣਕਾਰੀ ਨਹੀਂ ਸੀ। ਹੋਰ ਤਾਂ ਹੋਰ ਉਨ੍ਹਾਂ ਆਖਿਆ ਕਿ ਇਸ ਬਾਰੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵੀ ਕੋਈ ਜਾਣਕਾਰੀ ਨਹੀਂ ਸੀ। ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਣਜੀਤ ਸਿੰਘ ਰਾਣਾ ਨੂੰ ਪਾਰਟੀ ਵਿਚ ਲਿਆਉਣ ਲਈ ਹੁਣ ਤਕ ਕਿਸੇ ਵੀ ਆਗੂ ਦੀ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਗਈ।

ਮੀਡੀਆ ਦਾ ਮਿਸ਼ਨ!
ਇਸ ਦਰਦਨਾਕ ਘਟਨਾ ਬਾਰੇ ਹਰ ਅਖਬਾਰ ਨੇ ਸੰਪਾਦਕੀ ਟਿੱਪਣੀ ਕੀਤੀਆਂ। ਬਾਦਲਾਂ ਨਾਲ ਨਜ਼ਦੀਕੀ ਰੱਖਣ ਵਾਲੇ ਸ਼ ਬਰਜਿੰਦਰ ਸਿੰਘ ਹਮਦਰਦ ਨੇ ਵੀ ਆਪਣੀ ਅਖਬਾਰ ਜਿਸ ਦੇ ਮੱਥੇ ਉਤੇ ‘ਪੰਜਾਬ ਦੀ ਆਵਾਜ਼’ ਲਿਖਿਆ ਹੁੰਦਾ ਹੈ, ਵਿਚ ਸੰਪਾਦਕੀ ਲਿਖੀ ਪਰ ਉਨ੍ਹਾਂ ਕਥਿਤ ਕਾਤਲ ਰਣਜੀਤ ਸਿੰਘ ਰਾਣਾ ਦੀ ਪਾਰਟੀ-ਸ਼੍ਰੋਮਣੀ ਅਕਾਲੀ ਦਲ, ਦਾ ਨਾਂ ਨਹੀਂ ਲਿਖਿਆ। ਇਸ ਦੀ ਥਾਂ ਸੱਤਾਧਾਰੀ ਪਾਰਟੀ ਲਿਖ ਕੇ ਹੀ ਸਾਰ ਲਿਆ। ਇਕ ਹੋਰ ਵੱਡੀ ਅਖਬਾਰ ‘ਪੰਜਾਬੀ ਟ੍ਰਿਬਿਊਨ’ ਜਿਸ ਦੇ ਮੱਥੇ ਉਤੇ ‘ਨਿਧੜਕ ਤੇ ਨਿਰਪੱਖ ਸੋਚ ਦਾ ਪਹਿਰੇਦਾਰ’ ਛਾਪਿਆ ਜਾਂਦਾ ਹੈ, ਨੇ ਸੰਪਾਦਕੀ ਇਕ ਦਿਨ ਲੇਟ ਲਿਖੀ।
ਸਵੈ-ਸੁਰੱਖਿਆ ਵਿਚ ਚਲਾਈ ਗੋਲੀ?
ਰਣਜੀਤ ਸਿੰਘ ਰਾਣਾ ਦਾ ਬਿਆਨ ਆਇਆ ਹੈ ਕਿ ਜੇ ਉਹ ਥਾਣੇਦਾਰ ਉਤੇ ਗੋਲੀ ਨਾ ਚਲਾਉਂਦਾ ਤਾਂ ਉਸ ਨੇ ਉਸ ਨੂੰ ਮਾਰ ਦੇਣਾ ਸੀ; ਭਾਵ ਉਸ ਨੇ ਆਪਣੀ ਸੁਰੱਖਿਆ ਲਈ ਗੋਲੀ ਚਲਾਈ ਜਿਸ ਵਿਚ ਥਾਣੇਦਾਰ ਮਾਰਿਆ ਗਿਆ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਰਾਣਾ ਹੁਣ ਆਪਣੇ ਬਚਾ ਦਾ ਬੰਨ੍ਹ-ਸੁੱਬ ਕਰ ਰਿਹਾ ਹੈ ਅਤੇ ਅਦਾਲਤ ਵਿਚ ਆਪਣਾ ਪੱਖ ਮਜ਼ਬੂਤ ਕਰਨ ਲਈ ਅਜਿਹੇ ਬਿਆਨ ਮਿਥ ਕੇ ਦੇ ਰਿਹਾ ਹੈ। ਸੂਤਰਾਂ ਮੁਤਾਬਕ ਇਸ ਹੌਲਨਾਕ ਘਟਨਾ ਦੇ ਬਾਵਜੂਦ ਕੁਝ ਲੀਡਰ ਉਸ ਨੂੰ ਬਚਾਉਣ ਲਈ ਸਰਗਰਮੀ ਵੀ ਕਰ ਰਹੇ ਹਨ।
ਕਿੱਥੇ ਹੈ ਨੰ੍ਹਨੀ ਛਾਂ ਦੀ ਰਾਖੀ ਹਰਸਿਮਰਤ?
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਨੇ ਧੀਆਂ ਦੀ ਰਾਖੀ ਲਈ ‘ਨੰਨ੍ਹੀ ਛਾਂ’ ਨਾਂ ਤਹਿਤ ਵਿਸ਼ੇਸ਼ ਮਹਿੰਮ ਚਲਾਈ ਸੀ, ਪਰ ਪਿਛਲੇ ਸਮੇਂ ਦੌਰਾਨ ਕੁੜੀਆਂ ਉਤੇ ਜਿੰਨੇ ਵੀ ਜ਼ੁਲਮ ਹੋਏ, ਉਹ ਅਕਾਲੀ ਦਲ ਨਾਲ ਜੁੜੇ ਬੁਰਛਾਗਰਦਾਂ ਨੇ ਕੀਤੇ ਅਤੇ ਬੀਬੀ ਬਾਦਲ ਉਕਾ ਹੀ ਖਾਮੋਸ਼ ਰਹੇ। ਕਿਸੇ ਵੀ ਮਾਮਲੇ ਬਾਰੇ ਉਹ ਕੁਝ ਵੀ ਨਹੀਂ ਬੋਲੇ। ਹਾਂ, ਸੰਸਦ ਵਿਚ ਕੁੜੀਆਂ ਦੇ ਹੱਕ ਵਿਚ ਭਾਸ਼ਣ ਦੇ ਕੇ ਉਹ ਆਪਣੀ ਚਰਚਾ ਜ਼ਰੂਰ ਕਰਵਾ ਲੈਂਦੇ ਹਨ।
ਜੀਜੇ-ਸਾਲੇ ਦੀ ਜੋੜੀ ਜ਼ਿੰਮੇਵਾਰ
ਪੰਜਾਬ ਵਿਚ ਜਿਸ ਤਰ੍ਹਾਂ ਦਾ ਰੁਝਾਨ ਬਣਿਆ ਹੈ, ਉਸ ਖ਼ਤਰਨਾਕ ਰੁਝਾਨ ਨੂੰ ਸ਼ਹਿ ਦੇਣ ਵਾਲੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਹਨ ਜਿਨ੍ਹਾਂ ਕੋਲ ਗ੍ਰਹਿ ਮੰਤਰਾਲਾ ਹੈ। ਉਹ ਅਕਾਲੀ ਦਲ ਦੇ ਪ੍ਰਧਾਨ ਵੀ ਹਨ। ਉਨ੍ਹਾਂ ਦੇ ਸਾਲੇ ਅਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਉਨ੍ਹਾਂ ਦਾ ਸਹਿਯੋਗ ਕਰ ਰਹੇ ਹਨ। ਇਸ ਰੁਝਾਨ ਦੀਆਂ ਜੜ੍ਹਾਂ ਸੁਖਬੀਰ ਬਾਦਲ ਵਲੋਂ ਪਾਰਟੀ ਦੇ ਮੌਜੂਦਾ ਅਤੇ ਸਾਬਕਾ ਵਿਧਾਇਕਾਂ ਨੂੰ ਉਨ੍ਹਾਂ ਦੇ ਆਪੋ-ਆਪਣੇ ਹਲਕਿਆਂ ਵਿਚ ‘ਏਰੀਆ ਇੰਚਾਰਜ’ ਬਣਾਉਣ ਵਿਚ ਹਨ। ਇਹ ਏਰੀਆ ਇੰਚਾਰਜ ਹਰ ਥਾਂ ਚੰਮ ਦੀਆਂ ਚਲਾ ਰਹੇ ਹਨ।
ਸਾਰੀ ਖੇਡ ਪੈਸੇ ਤੇ ਜਾਇਦਾਦ ਦੀ
ਪਿਛਲੇ ਕੁਝ ਸਾਲਾਂ ਦੌਰਾਨ ਤਕਰੀਬਨ ਸਾਰੀਆਂ ਸਿਆਸੀ ਪਾਰਟੀ ਵਿਚ ਧਨਾਢ ਲੋਕਾਂ ਨੇ ਧਾਂਕ ਜਮਾਈ ਹੈ; ਖਾਸ ਕਰ ਕੇ ਪ੍ਰਾਪਰਟੀ ਡੀਲਰ ਜਦੋਂ ਦੇ ਸਿਆਸੀ ਖੇਤਰ ਵਿਚ ਆਏ ਹਨ, ਸਿਆਸਤ ਦਾ ਮੂੰਹ-ਮੁਹਾਂਦਰਾ ਹੀ ਬਦਲ ਗਿਆ ਹੈ। ਇਨ੍ਹਾਂ ਲੋਕਾਂ ਨਾਲ ਬੁਰਛਾਗਰਦ ਬ੍ਰਿਗੇਡ ਤਾਂ ਪਹਿਲਾਂ ਹੀ ਹੁੰਦੀ ਹੈ, ਕਿਸੇ ਪਾਰਟੀ ਦਾ ਸਰਟੀਫਿਕੇਟ ਲੈ ਕੇ ਫਿਰ ਇਹ ਲੋਕ ਮਨ-ਆਈਆਂ ਕਰਦੇ ਹਨ। ਸਿਆਸੀ ਪਾਰਟੀ ਨੇ ਚੋਣਾਂ ਜਿੱਤਣ ਨੂੰ ਧਿਆਨ ਵਿਚ ਰੱਖਦਿਆਂ ਅਜਿਹੇ ਲੋਕਾਂ ਨੂੰ ਬਹੁਤ ਜ਼ਿਆਦਾ ਥਾਂ ਦਿੱਤੀ ਹੈ। ਰਾਣੇ ਨੂੰ ਅਕਾਲੀ ਦਲ ਦੀ ਅਹੁਦੇਦਾਰੀ ਇਸੇ ‘ਲੋੜ’ ਵਿਚੋਂ ਦਿੱਤੀ ਗਈ।

Be the first to comment

Leave a Reply

Your email address will not be published.