ਜਮਹੂਰੀ ਢੰਗ ਨਾਲ ਖਾਲਿਸਤਾਨ ਦੀ ਪ੍ਰਾਪਤੀ ਲਈ ਵਚਨਬੱਧ ਹਾਂ: ਈਮਾਨ ਸਿੰਘ ਮਾਨ

ਮਾਨ ਅਕਾਲੀ ਦਲ ਦਾ ਪੰਥਕ ਸ਼ਕਤੀਆਂ ਨੂੰ ਜੋੜਨ ਦਾ ਹੰਭਲਾ
ਸ਼ਿਕਾਗੋ (ਬਿਊਰੋ): ਅਕਾਲੀ ਦਲ (ਅੰਮ੍ਰਿਤਸਰ) ਦੇ ਬੈਨਰ ਹੇਠ ਇਥੇ ਗੁਰਦੁਆਰਾ ਪੈਲਾਟਾਈਨ ਵਿਖੇ ‘ਨਸਲਕੁਸ਼ੀ ਅਤੇ ਪ੍ਰਭੂਸੱਤਾ’ ਵਿਸ਼ੇ ‘ਤੇ ਲੰਘੇ ਐਤਵਾਰ ਨੂੰ ਕਰਵਾਈ ਗਈ ਕਾਨਫਰੰਸ ਵਿਚ ਬੋਲਦਿਆਂ ਵਖ ਵਖ ਬੁਲਾਰਿਆਂ ਨੇ ਭਾਰਤ ਵਿਚ ਸਿੱਖ ਕੌਮ ਨਾਲ ਵਿਤਕਰੇ ਦੀ ਗੱਲ ਬੜੇ ਜੋਰ ਨਾਲ ਉਠਾਈ ਅਤੇ ਕਿਹਾ ਕਿ ਆਜ਼ਾਦ ਰਾਜ ਖਾਲਿਸਤਾਨ ਲਏ ਬਿਨਾ ਸਿੱਖ ਆਜ਼ਾਦੀ ਦਾ ਨਿੱਘ ਨਹੀਂ ਮਾਣ ਸਕਦੇ। ਉਨ੍ਹਾਂ ਆਖਿਆ ਕਿ ਨਵੰਬਰ 1984 ਵਿਚ ਦਿੱਲੀ ਤੇ ਹੋਰਨਾਂ ਥਾਂਈਂ ਸਿੱਖਾਂ ਦਾ ਕਤਲੇਆਮ ਭਾਰਤ ਦੀ ਹਿੰਦੂਪ੍ਰਸਤ ਸਰਕਾਰ ਵਲੋਂ ਇਕ ਸੋਚੀ-ਸਮਝੀ ਸਾਜਿਸ਼ ਅਧੀਨ ਕੀਤਾ ਗਿਆ। ਬੁਲਾਰਿਆਂ ਦੀਆਂ ਤਕਰੀਰਾਂ ਦੌਰਾਨ ਵਾਰ ਵਾਰ ਖਾਲਿਸਤਾਨ-ਜਿੰਦਾਬਾਦ ਦੇ ਨਾਅਰੇ ਲਾਏ ਗਏ।
ਇਸੇ ਦੌਰਾਨ ਗੁਰਦੁਆਰਾ ਪੈਲਾਟਾਈਨ ਦੀ ਸੰਗਤ ਦੇ ਇਕ ਹਿੱਸੇ ਵਲੋਂ ਗੁਰੂਘਰ ਦੀ ਸਟੇਜ ਕਿਸੇ ਇਕ ਪਾਰਟੀ ਨੂੰ ਵਰਤਣ ਦੇਣ ਵਿਰੁਧ ਰੋਸ ਪ੍ਰਗਟ ਕੀਤਾ ਗਿਆ। ਕਾਨਫਰੰਸ ਦੌਰਾਨ ਸੰਗਤ ਦੇ ਇਨ੍ਹਾਂ ਮੈਂਬਰਾਂ ਵਲੋਂ ਇਹ ਗੱਲ ਕਹੀ ਗਈ ਕਿ ਗੁਰੂਘਰ ਦੀ ਸਟੇਜ ਦੀ ਵਰਤੋਂ ਸਾਂਝੇ ਪੰਥਕ ਮਸਲਿਆਂ ਲਈ ਤਾਂ ਕੀਤੀ ਜਾ ਸਕਦੀ ਹੈ ਪਰ ਕਿਸੇ ਇਕ ਪਾਰਟੀ ਦੇ ਬੈਨਰ ਹੇਠ ਅਜਿਹਾ ਕਰਨਾ ਸਹੀ ਨਹੀਂ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਇਹ ਕਾਨਫਰੰਸ ਗੁਰੂ ਘਰ ਦੇ ਕਿਸੇ ਕਮਰੇ ਜਾਂ ਆਮ ਹਾਲ ਵਿਚ ਹੋਵੇ ਉਨ੍ਹਾਂ ਨੂੰ ਕੋਈ ਇਤਰਾਜ ਨਹੀਂ। ਇਕ ਸਟੇਜ ਉਤੇ ਕੁਝ ਰੌਲਾ ਵੀ ਪਿਆ ਅਤੇ ਪ੍ਰਬੰਧਕਾਂ ਵਲੋਂ ਰੋਸ ਪ੍ਰਗਟਾ ਰਹੇ ਸੰਗਤ ਮੈਂਬਰਾਂ ਨੂੰ ਦੀਵਾਨ ਹਾਲ ਤੋਂ ਬਾਹਰ ਗੱਲ ਕਰਨ ਲਈ ਕਿਹਾ ਗਿਆ। ਇਸੇ ਦੌਰਾਨ ਪ੍ਰਬੰਧਕਾਂ ਵਲੋਂ ਪੁਲਿਸ ਬੁਲਾ ਲਈ ਗਈ ਅਤੇ ਪੁਲਿਸ ਨੇ ਰੋਸ ਪ੍ਰਗਟਾ ਰਹੇ ਸੰਗਤ ਮੈਂਬਰਾਂ ਨੂੰ ਗੁਰੂ ਘਰ ਤੋਂ ਚਲੇ ਜਾਣ ਲਈ ਕਹਿ ਦਿਤਾ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਅਦ ਵਿਚ ਵੱਖ ਵੱਖ ਬੁਲਾਰਿਆਂ ਨੇ ਵਿਰੋਧ ਕਰ ਰਹੇ ਲੋਕਾਂ ਨੂੰ ਅਕਾਲੀ ਦਲ (ਬਾਦਲ), ਕਾਂਗਰਸ ਅਤੇ ਭਾਰਤੀ ਏਜੰਸੀਆਂ ਦੇ ਏਜੰਟ ਆਖਿਆ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਨ੍ਹਾਂ ਲੋਕਾਂ ਨੇ ਗੁਰੂ ਦਰਬਾਰ ਅੰਦਰ ਖਲਲ ਪਾ ਕੇ ਬੇਅਦਬੀ ਕੀਤੀ ਹੈ। ਬੁਲਾਰਿਆਂ ਨੇ 1984 ਦੇ ਸਿੱਖ ਕਤਲੇਆਮ ਦੀ ਗੱਲ ਕਰਦਿਆਂ ਵਾਰ ਵਾਰ ਇਹ ਗੱਲ ਆਖੀ ਕਿ ਉਦੋਂ ਕਿਸੇ ਨੇ ਇਹ ਨਹੀਂ ਸੀ ਦੇਖਿਆ ਕਿ ਕੋਈ ਸਿੱਖ ਆਕਲੀ ਹੈ, ਕਾਂਗਰਸੀ, ਨਾਸਤਿਕ ਹੈ ਜਾਂ ਆਸਤਿਕ, ਸਿਰਫ ਪੱਗ ਵੇਖ ਕੇ ਹੀ ਉਨ੍ਹਾਂ ਦੇ ਗਲ ਟਾਇਰ ਪਾ ਕੇ ਤੇ ਪੈਟਰੋਲ ਸੁੱਟ ਕੇ ਅੱਗਾਂ ਲਾ ਦਿੱਤੀਆਂ ਗਈਆਂ ਸਨ। ਗੁਰੂ ਘਰ ਅੰਦਰ ਖਾਲਿਸਤਾਨ ਦੀ ਗੱਲ ਕਰਨਾ ਪੰਥਕ ਧਿਰਾਂ ਦਾ ਹੱਕ ਬਣਦਾ ਹੈ ਅਤੇ ਇਹ ਗੱਲ ਗੁਰੂ ਘਰਾਂ ਵਿਚ ਹੁੰਦੀ ਆਈ ਹੈ।
ਇਸ ਕਾਨਫਰੰਸ ਵਿਚ ਵੱਖ ਵੱਖ ਸੰਸਥਾਵਾਂ ਨਾਲ ਸਬੰਧਤ ਸਿੱਖ ਆਗੂ ਅਤੇ ਬੁਲਾਰੇ ਫਰਾਂਸ, ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੀਆਂ ਵੱਖ ਵੱਖ ਸਟੇਟਾਂ ਤੋਂ ਪਹੁੰਚੇ ਹੋਏ ਸਨ। ਸ੍ਰæੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਯੂਥ ਆਗੂ ਈਮਾਨ ਸਿੰਘ ਮਾਨ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਦੇ ਮਸਲਿਆਂ ਦਾ ਇੱਕੋ ਇੱਕ ਹੱਲ ਆਜ਼ਾਦ ਵਤਨ ਖਾਲਿਸਤਾਨ ਹੈ ਅਤੇ ਸ੍ਰæੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਮਹੂਰੀ ਢੰਗ ਨਾਲ ਖਾਲਿਸਤਾਨ ਦੀ ਪ੍ਰਾਪਤੀ ਲਈ ਯਤਨਸ਼ੀਲ ਰਹੇਗਾ। ਸ਼ ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਈਮਾਨ ਸਿੰਘ ਮਾਨ ਨੇ ਦੋਸ਼ ਲਾਇਆ ਕਿ ਬਾਦਲ ਸਰਕਾਰ ਅਧੀਨ ਪੰਜਾਬ ਵਿਚ ਗੁੰਡਾ ਰਾਜ ਕਾਇਮ ਹੋਇਆ ਪਿਆ ਹੈ ਅਤੇ ਅਸੀਂ ਪੰਜਾਬ ਵਿਚ ਪੁਲਿਸ ਅਤੇ ਪ੍ਰਸਾਸ਼ਨ ਵਲੋਂ ਕੀਤੀ ਜਾ ਰਹੀ ਗੁੰਡਾਗਰਦੀ ਦੇ ਹਲਫੀਆ ਬਿਆਨ ਇਕੱਤਰ ਕਰ ਰਹੇ ਹਾਂ ਤਾਂ ਕਿ ਅਸੀਂ ਅਮਰੀਕਾ ਦੀ ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫਾਰ ਜਸਟਿਸ ਦੇ ਮੰਚ ‘ਤੇ ਇਸ ਨੂੰ ਦੋਸ਼ੀ ਠਹਿਰਾ ਸਕੀਏ। ਇਸ ਮੌਕੇ ਈਮਾਨ ਸਿੰਘ ਮਾਨ ਨੇ ਦਸਤਾਵੇਜ਼ਾਂ ਦਾ ਇਕ ਪੁਲੰਦਾ ਪ੍ਰਬੰਧਕਾਂ ਦੇ ਸਪੁਰਦ ਕੀਤਾ।

ਇਸ ਤੋਂ ਪਹਿਲਾਂ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੰਭਾਲਦਿਆਂ ਪਾਰਟੀ ਦੀ ਅਮਰੀਕਾ ਇਕਾਈ ਦੇ ਕਨਵੀਨਰ ਸ਼ ਬੂਟਾ ਸਿੰਘ ਖੜੌਦ ਨੇ ਕਾਨਫਰੰਸ ਨੂੰ ਤਰਤੀਬ ਦਿੰਦਿਆਂ ਸਭ ਨੂੰ ਜੀ ਆਇਆਂ ਆਖਿਆ ਅਤੇ ਆਪਣੀ ਪਾਰਟੀ ਦੇ ਉਦੇਸ਼, ਪ੍ਰਾਪਤੀਆਂ ਅਤੇ ਮੁਸ਼ਕਲਾਂ ਦਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਦਾ ਮੁੱਖ ਮੁੱਦਾ ਸਮੁੱਚੇ ਪੰਥ ਦੀ ਖੇਰੂੰ ਖੇਰੂੰ ਹੋਈ ਸ਼ਕਤੀ ਨੂੰ ਇੱਕ ਕਰਨਾ ਹੈ ਅਤੇ ਇਸ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਮੈਂਬਰ ਹੋਣਾ ਜ਼ਰੂਰੀ ਨਹੀਂ, ਅਸਲ ਮਾਅਨਿਆਂ ਵਿਚ ਅਸੀਂ ਸਿਰਫ ਤਰਤੀਬ ਦੇਣ ਤੱਕ ਸੀਮਤ ਰਹਾਂਗੇ ਅਤੇ ਇਹ ਕਾਨਫਰੰਸ ਸਮੁੱਚੇ ਪੰਥ ਦੀ ਕਾਨਫਰੰਸ ਹੈ।
ਮਾਂਟਰੀਅਲ (ਕੈਨੇਡਾ) ਤੋਂ ਆਏ ਪ੍ਰਭਸਰਵਣ ਸਿੰਘ ਨੇ ਇਸ ਮੌਕੇ ਬੜੇ ਨਾਪ-ਤੋਲਵੇਂ ਸ਼ਬਦਾਂ ਵਿਚ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੰਦਿਆਂ ਭਾਰਤ ਸਰਕਾਰ ਵਲੋਂ ਸਿੱਖਾਂ ‘ਤੇ ਕੀਤੇ ਜਾ ਰਹੇ ਜ਼ੁਲਮਾਂ ਦੀ ਦਾਸਤਾਨ ਖੋਲ ਕੇ ਸੁਣਾਈ। ਉਨ੍ਹਾਂ ਸਿੱਖ ਜਗਤ ਨੂੰ ਖਾਲਿਸਤਾਨ ਦੇ ਸੰਘਰਸ਼ ਵਿਚ ਆਪਣੀ ਵਿੱਤ ਮੁਤਾਬਕ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਐਡਮੰਟਨ, ਕੈਨੇਡਾ ਤੋਂ ਨੌਜੁਆਨ ਆਗੂ ਗੁਰਜੋਤ ਸਿੰਘ ਨੇ ਬੜੇ ਜਜ਼ਬਾਤੀ ਲਹਿਜ਼ੇ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ਼ ਸਿਮਰਨਜੀਤ ਸਿੰਘ ਮਾਨ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬੇਬਾਕ ਪ੍ਰਚਾਰ ਸਦਕਾ ਪੰਜਾਬ ਦੀਆਂ ਗਲੀਆਂ ਵਿਚ ਖਲਿਸਤਾਨੀ ਹਵਾਵਾਂ ਰੁਮਕਣ ਲੱਗੀਆਂ ਹਨ।
ਪਾਰਟੀ ਦੇ ਸਕੱਤਰ ਜੀਤ ਸਿੰਘ ਆਲੋਅਰਖ ਨੇ ਪਾਰਟੀ ਦੀਆਂ ਅੰਦਰੂਨੀ ਗੱਲਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਪਾਰਟੀ ਹਮੇਸ਼ਾ ਬੁਰੇ ਵਕਤ ‘ਚੋਂ ਹੀ ਗੁਜ਼ਰੀ ਹੈ। ਉਨ੍ਹਾਂ ਕਿਹਾ ਕਿ ਬਾਦਲ ਦੇ ਰਾਜਕਾਲ ਅਧੀਨ ਪੁਲਿਸ ਅਤੇ ਪ੍ਰਸਾਸ਼ਨ ਨੇ ਸਿੱਖ ਨੌਜੁਆਨਾਂ ਉਤੇ ਹਮੇਸ਼ਾ ਬੇਇੰਤਹਾ ਜ਼ੁਲਮ ਢਾਹੇ ਹਨ, ਪਰ ਸਾਡੇ ਹੌਂਸਲੇ ਬੁਲੰਦ ਹਨ।
ਵਾਸ਼ਿੰਗਟਨ ਡੀ ਸੀ ਤੋਂ ਪਹੁੰਚੇ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਬੁਲਾਰੇ ਡਾæ ਅਮਰਜੀਤ ਸਿੰਘ ਨੇ ਕਾਨਫਰੰਸ ਦੇ ਵਿਰੋਧ ਨੂੰ ਬਾਦਲ ਦਲੀਆਂ ਦੀ ਬੁਖਲਾਹਟ ਕਰਾਰ ਦਿੰਦਿਆਂ ਕਿਹਾ ਕਿ ਸਾਡੇ ਕਦਮ ਨਹੀਂ ਥਿੜਕਣਗੇ। ਇਹ ਲੋਕ ਚਾਹੁੰਦੇ ਸਨ ਕਿ ਇਥੇ ਇਨ੍ਹਾਂ ਦਾ ਖਾਲਿਸਤਾਨੀਆਂ ਵਲੋਂ ਕੁਟਾਪਾ ਚਾੜ੍ਹਿਆ ਜਾਂਦਾ ਤੇ ਫਿਰ ਇਹ ਸਾਨੂੰ ਬਦਨਾਮ ਕਰਦੇ ਕਿ ਅਸੀਂ ਗੁਰਦੁਆਰਿਆਂ ਵਿਚ ਝਗੜੇ ਕਰਦੇ ਹਾਂ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੈਂਬਰਾਂ ਦਾ ਇਸ ਸਥਿਤੀ ਨੂੰ ਹਲੀਮੀ ਨਾਲ ਨਜਿੱਠਣ ਅਤੇ ਬਾਦਲ ਦਲੀਆਂ ਦੇ ਮਨਸੂਬਿਆਂ ਨੂੰ ਫੇਲ੍ਹ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਨੇ ਪੰਜਾਬ ਵਿਚ ਮਾਫੀਆ ਰਾਹੀਂ ਹਰ ਸ਼ੈਅ ਉਤੇ ਕਬਜ਼ਾ ਕੀਤਾ ਹੋਇਆ ਹੈ। ਕਬਜ਼ੇ ਦੀ ਇਸੇ ਭਾਵਨਾ ਤਹਿਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਰੀਕਾ ਬਣਾਈ। ਆਪਣੇ ਰਵਾਇਤੀ ਅੰਦਾਜ ਵਿਚ ਡਾæ ਅਮਰਜੀਤ ਸਿੰਘ ਨੇ ਇਤਿਹਾਸਕ ਹਵਾਲੇ ਦਿੰਦਿਆਂ ਭਾਰਤ ਸਰਕਾਰ ਵਲੋਂ ਕੀਤੇ ਜਾ ਰਹੇ ਜ਼ੁਲਮਾਂ ਅਤੇ ਇਸ ਦੀਆਂ ਦੋਗਲੀਆਂ ਨੀਤੀਆਂ ਦਾ ਖੁਲਾਸਾ ਕੀਤਾ। ਉਨ੍ਹਾਂ ਆਖਿਆ ਕਿ ਉਹ ਦਿਨ ਦੂਰ ਨਹੀਂ ਜਦੋਂ ਦਿੱਲੀ ਤਖਤ ‘ਤੇ ਅਕਾਲ ਪੁਰਖ ਦੀ ਫੌਜ ਹਕੂਮਤ ਕਰੇਗੀ।
ਟੋਰਾਂਟੋ ਤੋਂ ਪੱਤਰਕਾਰ ਸੁਖਮਿੰਦਰ ਸਿੰਘ ਹੰਸਰਾ ਨੇ ਗੁਰਦੁਆਰਾ ਪੈਲਾਟਾਈਨ ਦੀ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ (ਅੰਮ੍ਰਿਤਸਰ) ਦਾ ਇਹ ਕਾਨਫਰੰਸ ਕਰਨ ਲਈ ਧੰਨਵਾਦ ਕੀਤਾ ਅਤੇ ਆਪਣੀ ਗੱਲ ਮੁਹੰਮਦ ਅਲਾਮਾ ਇਕਬਾਲ ਦੇ ਸ਼ੇਅਰ ‘ਕਿਆ ਹੂਆ ਜੋ ਤੇਰੇ ਮਾਥੇ ਪਰ ਹੈਂ ਸਜਦੋਂ ਕੇ ਨਿਸ਼ਾਨ, ਕੋਈ ਐਸਾ ਸਜਦਾ ਭੀ ਕਰ ਕਿ ਜ਼ਮੀਨ ਪਰ ਨਿਸ਼ਾਨ ਛੋੜ ਜਾਏ!’ ਨਾਲ ਅਰੰਭ ਕਰਦਿਆਂ ਕਾਨਫਰੰਸ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਬਾਦਲ ਦਲ ਦੇ ਖਰੂਦੀ ਕਰਾਰ ਦਿੱਤਾ। ਸ਼ ਹੰਸਰਾ ਨੇ ਕਿਹਾ ਕਿ ਦੁਨੀਆਂ ਦੀ ਕੋਈ ਵੀ ਸਰਕਾਰ ਨਸਲਕੁਸ਼ੀ ‘ਤੇ ਪਰਦਾ ਪਾਉਣ ਵਿਚ ਕਾਮਯਾਬ ਨਹੀਂ ਹੋ ਸਕੇਗੀ, ਭਾਵੇਂ ਕਿ ਭਾਰਤ ਦੀ ਪ੍ਰਾਪੇਗੰਡਾ ਮਸ਼ੀਨਰੀ ਨੇ ਸਾਨੂੰ 28 ਸਾਲ ਇਸ ਭੰਬਲਭੂਸੇ ਵਿਚ ਪਾਈ ਰੱਖਿਆ ਕਿ 1984 ਦਾ ਕਲਤੇਆਮ ਸਿੱਖ ਨਸਲਕੁਸ਼ੀ ਨਹੀਂ, ਦੰਗੇ ਸਨ। ਉਨ੍ਹਾਂ ਅਮਰੀਕਾ ਦੇ ਤੀਜੇ ਰਾਸ਼ਟਰਪਤੀ ਥਾਮਸ ਜੈਫਰਸਨ ਦਾ ਹਵਾਲਾ ਦਿੰਦਿਆਂ ਆਖਿਆ ਕਿ ਜ਼ਾਲਮ ਦਾ ਵਿਰੋਧ ਕਰਨਾ ਗੁਰੂ ਦੇ ਆਗਿਆਕਾਰੀ ਹੋਣ ਤੁੱਲ ਹੈ। ਉਜਲੇ ਭਵਿੱਖ ਦੀ ਤਮੰਨਾ ਕਰਨ ਵਾਲਿਆਂ ਨੂੰ ਅਮਰੀਕਾ ਦੇ ਕਾਲੇ ਆਗੂ ਮੈਲਕਮ ਐਕਸ ਦੇ ਇਸ ਕਥਨ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਭਵਿੱਖ ਉਨ੍ਹਾਂ ਦਾ ਹੋਇਆ ਕਰਦਾ ਹੈ ਜੋ ਅੱਜ ਭਵਿੱਖ ਲਈ ਯਤਨ ਕਰਦੇ ਹਨ। ਖਾਲਿਸਤਾਨ ਦੀ ਮੰਗ ਉਤੇ ਜ਼ੋਰ ਦੇਣ ਲਈ ਸ਼ ਹੰਸਰਾ ਨੇ ਮਾਰਟਿਨ ਲੂਥਰ ਕਿੰਗ ਜੂਨੀਅਰ ਦਾ ਹਵਾਲਾ ਦਿੰਦਿਆਂ ਆਖਿਆ ਕਿ ਰਾਜ ਕਦੇ ਕਿਸੇ ਨੂੰ ਪਲੇਟ ਵਿਚ ਪਾ ਕੇ ਨਹੀਂ ਮਿਲਿਆ, ਇਸ ਦੀ ਮੰਗ ਕਰਨੀ ਪੈਂਦੀ ਹੈ। ਇਹੋ ਗੱਲ ਸਿੱਖ ਵਿਰਸਾ ਕਹਿੰਦਾ ਹੈ ਕਿ ‘ਕੋਊ ਕਿਸੀ ਕੋ ਰਾਜ ਨਾ ਦੇਹੈ, ਜੋ ਲੇ ਹੈ ਨਿੱਜ ਬਲ ਸੇ ਲੇ ਹੈ।’ ਉਨ੍ਹਾਂ ਆਪਣੇ ਤਕਰੀਰ ਦੇ ਅਖੀਰ ਵਿਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ।
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਹੋਠੀ ਨੇ ਸਮੂਹ ਪੰਥਕ ਧਿਰਾਂ ਨੂੰ ਸਿਰ ਜੋੜ ਕੇ ਸਾਂਝੇ ਪੰਥਕ ਹਿੱਤਾਂ ਲਈ ਰਲ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ। ਫਰਾਂਸ ਤੋਂ ਆਏ ਚੈਨ ਸਿੰਘ ਨੇ ਫਰਾਂਸ ਵਿਚ ਸਿੱਖਾਂ ਨੂੰ ਪੱਗ ਅਤੇ ਸਿੱਖੀ ਸਰੂਪ ਲਈ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਹਵਾਲਾ ਦਿੰਦਿਆਂ ਆਖਿਆ ਕਿ ਜੇ ਸਾਡੇ ਪਾਸ ਖਾਲਿਸਤਾਨ ਹੁੰਦਾ ਤਾਂ ਇਹ ਮੁਸ਼ਕਿਲਾਂ ਨਾ ਆਉਂਦੀਆਂ। ਡਾæ ਗੁਰਮੀਤ ਸਿੰਘ ਔਲਖ ਨੇ ਆਪਣੇ ਰਵਾਇਤੀ ਅੰਦਾਜ਼ ਵਿਚ ਭਾਰਤ ਸਰਕਾਰ ਉਤੇ ਨਿਰੰਤਰ ਸਿੱਖ ਵਿਰੋਧੀ ਰਵੱਈਆ ਅਪਨਾਏ ਜਾਣ ਦਾ ਦੋਸ਼ ਲਾਉਂਦਿਆਂ ਆਖਿਆ ਕਿ ਸਿੱਖਾਂ ਦਾ ਗੁਜ਼ਾਰਾ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾ ਨਹੀਂ ਹੋਵੇਗਾ। ਉਨ੍ਹਾਂ ਆਖਿਆ ਕਿ ਜਿਸ ਤਰ੍ਹਾਂ ਕਸ਼ਮੀਰੀ, ਬੰਗਾਲੀ, ਤੈਲਗੂ ਅਤੇ ਅਸਾਮੀ ਲੋਕ ਆਪੋ ਆਪਣੀ ਆਜ਼ਾਦੀ ਦੀ ਆਵਾਜ਼ ਉਠਾ ਰਹੇ ਹਨ, ਭਾਰਤ ਇਕ ਦਿਨ ਖੇਰੂੰ ਖੇਰੂੰ ਹੋ ਕੇ ਰਹੇਗਾ। ਉਨ੍ਹਾਂ ਆਪਣੀ ਤਕਰੀਰ ਦੇ ਅਖੀਰ ਵਿਚ ਪੂਰੀ ਬੁਲੰਦ ਆਵਾਜ਼ ਵਿਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ। ਇਸ ਤੋਂ ਇਲਾਵਾ ਜਸਪਾਲ ਸਿੰਘ ਬੈਂਸ (ਯੂæਕੇæ), ਡਾæ ਪਰਮਜੀਤ ਸਿੰਘ ਅਜਰਾਵਤ, ਸੁਲਤਾਨ ਸਿੰਘ ਖਾਲਿਸਤਾਨੀ ਅਤੇ ਜਤਿੰਦਰ ਸਿੰਘ ਗਰੇਵਾਲ ਨੇ ਵੀ ਕਾਨਫਰੰਸ ਨੂੰ ਸੰਬੋਧਨ ਕੀਤਾ। ਇੰਡੀਆਨਾ ਤੋਂ ਅਮਰਦੀਪ ਸਿੰਘ ਅਮਰ ਨੇ ਦੋ ਕਵਿਤਾਵਾਂ ਪੜ੍ਹ ਕੇ ਸੁਣਾਈਆਂ।
ਅਖੀਰ ਵਿਚ ਰੇਸ਼ਮ ਸਿੰਘ ਕੈਲੀਫੋਰਨੀਆ ਨੇ ਸੰਗਤ ਨੂੰ ਕੁਝ ਮਤੇ ਪੜ੍ਹ ਕੇ ਸੁਣਾਏ ਜਿਨ੍ਹਾਂ ਵਿਚ ਮੰਗ ਕੀਤੀ ਗਈ ਕਿ ਕੋਸਵੋ ਦੀ ਤਰਜ਼ ‘ਤੇ ਬਿਨਾਂ ਕਿਸੇ ਖੂਨ ਖਰਾਬੇ ਤੋਂ ਖਾਲਿਸਤਾਨ ਦੀ ਸਥਾਪਤੀ ਕੀਤੀ ਜਾਵੇ, ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਚੰਡੀਗੜ੍ਹ, ਜੰਮੂ-ਕਸ਼ਮੀਰ ਅਤੇ ਲੇਹ ਲਦਾਖ ਨੂੰ ਨੋ-ਫਲਾਈ ਜੋਨ ਐਲਾਨਿਆ ਜਾਵੇ, ਐਨæਪੀæਟੀæ ਦੀ ਕੌਮਾਂਤਰੀ ਸੰਧੀ ਅਤੇ ਹੋਰ ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਰੱਖਿਆ ਲਈ ਬਣੀਆਂ ਕੌਮਾਂਤਰੀ ਸੰਧੀਆਂ ਦੀ ਉਲੰਘਣਾ ਕਰਨ ਵਾਲੇ ਦੇਸ਼ ਨਾਲੋਂ ਜਮਹੂਰੀਅਤ ਪਸੰਦ ਮੁਲਕ ਆਪਣੇ ਸਬੰਧ ਖਤਮ ਕਰਨ, ਸਿੱਖਾਂ ਦੇ ਕੌਮੀ ਚਿੰਨ੍ਹ ਕਿਰਪਾਨ ਅਤੇ ਦਸਤਾਰ ਦੀ ਕਾਨੂੰਨੀ ਅਤੇ ਧਾਰਮਿਕ ਤੌਰ ‘ਤੇ ਹਿਫਾਜਤ ਕਰਨ ਦੇ ਨਾਲ ਨਾਲ ਲਾਈਆਂ ਪਾਬੰਦੀਆਂ ਖਤਮ ਕੀਤੀਆਂ ਜਾਣ, ਕੌਮੀ ਹਵਾਲਗੀ ਸੰਧੀ ਦੇ ਕੌਮਾਂਤਰੀ ਕਾਨੂੰਨ ਦੀ ਸਹੀ ਤਰ੍ਹਾਂ ਪਾਲਣਾ ਕੀਤੀ ਜਾਵੇ ਅਤੇ ਵਾਸ਼ਿੰਗਟਨ ਡੀæਸੀæ ਸਟੇਟ ਡਿਪਾਰਟਮੈਂਟ ਵਿਖੇ ਤੇ ਅਮਰੀਕੀ ਸਫਾਰਤਖਾਨਿਆਂ ਵਿਚ ਸਿੱਖ ਡੈਸਕ ਸਥਾਪਤ ਕੀਤੇ ਜਾਣ। ਇਕ ਮਤੇ ਵਿਚ ਕਿਹਾ ਗਿਆ ਕਿ ਸਿੱਖ ਕੌਮ ਦੀ ਨਸਲਕੁਸ਼ੀ ਰੋਕਣ ਅਤੇ ਦੱਖਣੀ ਏਸ਼ੀਆ ਵਿਚ ਅਮਨ ਚੈਨ ਨੂੰ ਸਥਿਰ ਬਣਾਉਣ ਲਈ ਅਤੇ ਤਿੰਨ ਪ੍ਰਮਾਣੂ ਮੁਲਕਾਂ ਵਿਚ ਤਵਾਜ਼ਨ ਕਾਇਮ ਰੱਖਣ ਲਈ ਬਫਰ ਸਟੇਟ ‘ਖਾਲਿਸਤਾਨ’ ਬਣਾਈ ਜਾਵੇ।
ਇਹ ਵੀ ਮੰਗ ਕੀਤੀ ਗਈ ਕਿ ਮਨੁੱਖੀ ਅਧਿਕਾਰਾਂ ਦੇ ਕੇਸ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਮੁੱਖ ਮੰਤਰੀ ਦੇ ਕੇਸ ਨੂੰ ਉਤਰੀ ਅਮਰੀਕਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਹੋਰ ਪੰਥਕ ਜਥੇਬੰਦੀਆਂ ਸਹਿਯੋਗ ਦੇ ਕੇ ਨੇਪਰੇ ਚਾੜ੍ਹਨ, ਪੰਜਾਬ ਵਿਚ ਸਰਕਾਰੀ ਸਰਪ੍ਰਸਤੀ ਵਾਲੇ ਅਖੌਤੀ ਡੇਰੇਦਾਰਾਂ ਵਲੋਂ ਗੁਰਦੁਆਰੇ ਅਤੇ ਸਿੱਖਾਂ ਵਿਰੁਧ ਯੋਜਨਾਵੱਧ ਢੰਗ ਨਾਲ ਕੀਤੀਆਂ ਜਾ ਰਹੀਆਂ ਸਾਜਿਸ਼ਾਂ ਨੂੰ ਫੌਰੀ ਰੋਕਿਆ ਜਾਵੇ। ਇਹ ਵੀ ਕਿਹਾ ਗਿਆ ਕਿ ਸ੍ਰæੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਪੰਜਾਬ ਦੇ ਕੋਨੇ ਕੋਨੇ ਵਿਚ ਸੰਗਤ ਦੇ ਸਹਿਯੋਗ ਨਾਲ ‘ਨਸ਼ਾ ਭਜਾਓ-ਗੁਰਮਤਿ ਲਿਆਓ’ ਮੁਹਿੰਮ ਚਲਾਈ ਜਾਵੇਗੀ ਅਤੇ ਨਾਲ ਇਨਸਾਫ ਰੈਲੀਆਂ ਕੀਤੀਆਂ ਜਾਣਗੀਆਂ ਤਾਂ ਕਿ ਲੋਕਾਂ ਦੇ ਮਨ੍ਹਾਂ ਅੰਦਰੋਂ ਡਰ ਭੈਅ ਕੱਢਿਆ ਜਾ ਸਕੇ ਅਤੇ ਨੌਜੁਆਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ।
ਇਕ ਮਤੇ ਵਿਚ ਕਿਹਾ ਗਿਆ ਕਿ ਸ਼ ਸਿਮਰਨਜੀਤ ਸਿੰਘ ਮਾਨ ਵਿਰੁਧ ਭਾਰਤ ਸਰਕਾਰ ਵਲੋਂ ਬਣਾਏ ਗਏ ਦੇਸ਼ਧ੍ਰੋਹੀ ਅਤੇ ਬਗਾਵਤ ਦੇ ਕੇਸ ਝੂਠੇ ਸਾਬਤ ਹੋਏ ਹਨ ਅਤੇ ਬਸੀ ਪਠਾਣਾਂ ਵਿਚ ਬਣਾਇਆ ਨਵਾਂ ਕੇਸ ਵੀ ਗੈਰ ਕਾਨੂੰਨੀ ਹੈ ਅਤੇ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਇਕ ਵੱਖਰੇ ਮਤੇ ਵਿਚ ਅਮਰੀਕੀ ਰਾਸ਼ਟਰਪਤੀ ਬਾਰਾਕ ਓਬਾਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਆਸ ਪ੍ਰਗਟਾਈ ਗਈ ਕਿ ਸਿੱਖ ਨੇਸ਼ਨ ਵਲੋਂ ਪਾਈ ਗਈ ਪਟੀਸ਼ਨ ਦੀ ਰਾਸ਼ਟਰਪਤੀ ਓਬਾਮਾ ਹਮਾਇਤ ਕਰਨਗੇ ਤਾਂ ਕਿ ਅਮਰੀਕਾ ਵਲੋਂ ਸਿੱਖਾਂ ਦੇ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦਿੱਤਾ ਜਾ ਸਕੇ। ਇਨ੍ਹਾਂ ਮਤਿਆਂ ਨੂੰ ਸੰਗਤ ਨੇ ਜੈਕਾਰਿਆਂ ਨਾਲ ਪ੍ਰਵਾਨਗੀ ਦਿੱਤੀ।
ਸਮਾਗਮ ਦੇ ਅਖੀਰ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਮਰੀਕਾ ਇਕਾਈ ਦੇ ਪ੍ਰਧਾਨ ਸੁਰਜੀਤ ਸਿੰਘ ਕਲਹਾਰ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਬੁਲਾਰਿਆਂ ਅਤੇ ਸੰਗਤ ਦਾ ਸਹਿਯੋਗ ਲਈ ਧੰਨਵਾਦ ਕੀਤਾ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਸੁਖਦੇਵ ਕੌਰ ਘੁੰਮਣ ਨੇ ਅਕਾਲੀ ਦਲ (ਅੰਮ੍ਰਿਤਸਰ), ਸਮੁੱਚੀ ਸੰਗਤ ਅਤੇ ਬਾਹਰੋਂ ਆਏ ਬੁਲਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਤੁਸੀਂ ਕੌਮ ਦੇ ਭਵਿੱਖ ਨੂੰ ਰੁਸ਼ਨਾਉਣ ਲਈ ਸੰਘਰਸ਼ ਕਰ ਰਹੇ ਹੋ, ਲੱਗੇ ਰਹੋ। ਉਹ ਦਿਨ ਦੂਰ ਨਹੀਂ ਜਦੋਂ ਅਸੀਂ ਇਸ ਫਰੰਟ ‘ਤੇ ਪ੍ਰਾਪਤੀਆਂ ਕਰਾਂਗੇ। ਬੀਬੀ ਸੁਖਦੇਵ ਕੌਰ ਅਤੇ ਹੋਰ ਪ੍ਰਬੰਧਕਾਂ ਨੇ ਈਮਾਨ ਸਿੰਘ ਮਾਨ ਨੂੰ ਸਿਰਪਾਓ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ।
ਇਸ ਤੋਂ ਪਹਿਲਾਂ ਸ਼ਨਿਚਰਵਾਰ ਸ਼ਾਮੀਂ ਗੁਰਦੁਆਰਾ ਪੈਲਾਟਾਈਨ ਵਿਚ ਇਕ ਮੀਟਿੰਗ ਕੀਤੀ ਗਈ ਜਿਸ ਦਾ ਬਹੁਤਾ ਵਕਤ ਸ਼੍ਰੋਮਣੀ ਅਕਾਲੀ ਦਲ-ਅੰਮ੍ਰਿਤਸਰ (ਯੂæਐਸ਼ਏæ) ਵਲੋਂ ਸ੍ਰæੋਮਣੀ ਅਕਾਲੀ ਦਲ (ਬਾਦਲ) ਦੇ ਸੁਪਰੀਮੋ ਅਤੇ ਪੰਜਾਬ ਦੇ ਮੁੱਖ ਮੰਤਰੀ ਖਿਲਾਫ 10 ਅਗਸਤ 2012 ਨੂੰ ਉਸ ਦੀ ਅਮਰੀਕੀ ਫੇਰੀ ਦੌਰਾਨ ਕੀਤੇ ਗਏ ਕੇਸ ਬਾਰੇ ਵਿਚਾਰ-ਵਟਾਂਦਰੇ ਵਿਚ ਲੱਗਿਆ। ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਸ਼ ਬੂਟਾ ਸਿੰਘ ਖੜੌਦ ਨੇ ਕਿਹਾ ਕਿ ਇਹ ਕੇਸ ਸਾਡੀ ਕੌਮ ਦਾ ਅਹਿਮ ਕੇਸ ਹੈ, ਜਿਸ ਬਾਰੇ ਗੰਭੀਰ ਵਿਚਾਰ ਵਟਾਂਦਰੇ ਦੀ ਜਰੂਰਤ ਹੈ।
ਇਸ ਮੌਕੇ ਬੋਲਦਿਆਂ ਮਨੁੱਖੀ ਅਧਿਕਾਰ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਕੇਸ ਦੀ ਸਾਰੀ ਜਾਣਕਾਰੀ ਦਿੱਤੀ। ਮੀਟਿੰਗ ਵਿਚ ਉਨ੍ਹਾਂ ਨੂੰ ਕਈ ਸਵਾਲ ਕੀਤੇ ਗਏ ਅਤੇ ਸ਼ੰਕੇ ਨਵਿਰਤ ਕਰਕੇ 100 ਦੇ ਕਰੀਬ ਹਾਜ਼ਰ ਮੈਂਬਰਾਂ ਨੇ ਇੱਕ ਮੁੱਠ ਹੋ ਕੇ ਬਾਦਲ ਖਿਲਾਫ ਇਹ ਕੇਸ ਲੜਨ ਦਾ ਫੈਸਲਾ ਕੀਤਾ। ਉਪਰੰਤ ਇਸ ਮੀਟਿੰਗ ਵਿਚ ਪੰਥਕ ਧਿਰਾਂ ਵਲੋਂ ਪੰਜਾਬ ਵਿਚ ਚੋਣਾਂ ਤੋਂ ਤੋਬਾ ਕਰਨ ਅਤੇ ਹੋਰ ਪੰਥਕ ਮਸਲਿਆਂ ‘ਤੇ ਵਿਚਾਰਾਂ ਹੋਈਆਂ।
ਐਤਵਾਰ ਨੂੰ ਸਿੱਖਸ ਫਾਰ ਜਸਟਿਸ ਵਲੋਂ ਰਾਸ਼ਟਰਪਤੀ ਓਬਾਮਾ ਕੋਲ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦੇਣ ਲਈ ਕੀਤੀ ਜਾ ਰਹੀ ਪਟੀਸ਼ਨ ਉਤੇ ਸੰਗਤ ਤੋਂ ਦਸਤਖਤ ਕਰਵਾਏ ਗਏ। ਇਸ ਮੌਕੇ ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਦੱਸਿਆ ਕਿ ਇਸ ਪਟੀਸ਼ਨ ਲਈ 37000 ਦਸਤਖਤਾਂ ਦੀ ਲੋੜ ਹੈ ਅਤੇ ਉਹ ਆਪਣੇ ਟੀਚੇ ਦੇ ਬਹੁਤ ਕਰੀਬ ਪਹੁੰਚ ਗਏ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਇਨ੍ਹਾਂ ਦਸਤਖਤਾਂ ਦੀ ਗਿਣਤੀ ਇਸ ਤੋਂ ਕਿਤੇ ਵਧ ਜਾਵੇਗੀ।

Be the first to comment

Leave a Reply

Your email address will not be published.