ਕਾਂਗਰਸ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਵਲੋਂ ਪਾਰਟੀ ਨੂੰ ਅਲਵਿਦਾ ਆਖਣ ਨਾਲ ਪੰਜਾਬ ਦੀ ਸਿਆਸੀ ਚੁੰਜ-ਚਰਚਾ ਵਿਚ ਫਿਰ ਉਛਾਲ ਆਇਆ ਹੈ। ਪੰਜਾਬ ਦੀ ਸਿਆਸਤ ਵਿਚ ਪਿਛਲੇ ਕਈ ਸਾਲਾਂ ਤੋਂ ਇਹ ਆਗੂ ਕੋਈ ਖਾਸ ਮਾਅਰਕਾ ਨਹੀਂ ਮਾਰ ਸਕਿਆ ਹੈ ਅਤੇ ਕਾਂਗਰਸੀ ਆਗੂਆਂ ਨੇ ਵੀ ਕਿਹਾ ਹੈ ਕਿ ਉਸ ਦੇ ਪਾਰਟੀ ਛੱਡਣ ਦਾ ਪਾਰਟੀ ਉਤੇ ਕੋਈ ਅਸਰ ਨਹੀਂ ਪਵੇਗਾ।
ਇਹ ਗੱਲ ਹੈ ਵੀ ਠੀਕ। ਜਗਮੀਤ ਬਰਾੜ ਪੰਜਾਬ ਕਾਂਗਰਸ ਦੇ ਜਿਸ ਧੜੇ ਨਾਲ ਸਬੰਧਤ ਰਹੇ ਹਨ, ਉਸ ਦਾ ਪੰਜਾਬ ਦੀ ਸਿਆਸਤ ਵਿਚ ਹੁਣ ਕੋਈ ਬਹੁਤ ਰੋਲ ਹੈ ਵੀ ਨਹੀਂ ਸੀ। ਲੈ-ਦੇ ਕੇ ਇਕ ਕੈਪਟਨ ਅਮਰਿੰਦਰ ਸਿੰਘ ਹੀ ਹੈ ਜਿਸ ਦੁਆਲੇ ਅੱਜ ਵੀ ਪੰਜਾਬ ਕਾਂਗਰਸ ਦੀ ਸਿਆਸਤ ਘੁੰਮਦੀ ਹੈ ਅਤੇ ਪਾਰਟੀ ਹਾਈ ਕਮਾਨ ਵਿਚ ਵੀ ਉਸ ਦੀ ਕੁਝ-ਕੁਝ ਸੱਦ-ਪੁੱਛ ਹੈ। ਉਂਜ, ਜਗਮੀਤ ਬਰਾੜ ਦੀ ਕਾਂਗਰਸ ਨੂੰ ਅਲਵਿਦਾ ਇਕ ਹੋਰ ਨੁਕਤੇ ਕਰ ਕੇ ਅਹਿਮੀਅਤ ਹਾਸਲ ਕਰ ਗਈ ਹੈ। ਮੀਡੀਆ ਵਿਚ ਚਿਰਾਂ ਤੋਂ ਚਰਚਾ ਚੱਲ ਰਹੀ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਬਣਾਉਣ ਲਈ ਅਹੁਲ ਰਹੇ ਹਨ। ਕਾਂਗਰਸ ਨੂੰ ਅਲਵਿਦਾ ਕਹਿਣ ਲਈ ਸੱਦੀ ਪ੍ਰੈਸ ਕਾਨਫਰੰਸ ਮੌਕੇ ਵੀ ਉਸ ਵਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕੀਤੀ ਤਾਰੀਫ ਨੇ ਸਿਆਸੀ ਹਲਕਿਆਂ ਵਿਚ ਚਰਚਾ ਛੇੜੀ ਹੈ। ਕਈ ਮਹੀਨਿਆਂ ਤੋਂ ਪੰਜਾਬ ਦੀ ਸਿਆਸਤ ਵਿਚ ਵਾਹਵਾ ਉਥਲ-ਪੁਥਲ ਹੋਈ ਹੈ ਅਤੇ ਇਸੇ ਕਰ ਕੇ ਸਰਗਰਮੀਆਂ ਵਿਚ ਵੀ ਚੋਖਾ ਵਾਧਾ ਹੋਇਆ। ਇਸ ਚਰਚਾ ਦੇ ਕੇਂਦਰ ਵਿਚ ਪੰਜਾਬ ਵਿਚ ਸੱਤਾਧਾਰੀ ਧਿਰਾਂ- ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਚੱਲ ਰਹੀ ਖਿੱਚੋਤਾਣ ਹੈ। ਆਏ ਦਿਨ ਇਨ੍ਹਾਂ ਦੋਹਾਂ ਪਾਰਟੀਆਂ ਵਿਚਕਾਰ ਦੂਰੀਆਂ ਵਧਦੀਆਂ ਜਾਪਦੀਆਂ ਹਨ। ਕੱਲ੍ਹ ਤੱਕ ਸਿਆਸੀ ਮਾਹਿਰਾਂ ਨੂੰ ਜਿਹੜੇ ਬਾਦਲ ਪਿਉ-ਪੁੱਤਰ ਅਜਿੱਤ ਜਿਹੇ ਜਾਪ ਰਹੇ ਸਨ, ਅੱਜ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕੀ ਜਾਪਦੀ ਹੈ। ਉਹ ਇਕ ਤੋਂ ਬਾਅਦ ਇਕ ਮਸਲੇ ਵਿਚ ਫਸਦੇ ਜਾ ਰਹੇ ਹਨ ਅਤੇ ਇਸ ਦੀ ਛੋਟੀ ਭਾਈਵਾਲ ਭਾਰਤੀ ਜਨਤਾ ਪਾਰਟੀ ਦਾ ਰੁਖ ਲਗਾਤਾਰ ਤਿੱਖਾ ਤੇ ਤੁਰਸ਼ ਹੋ ਰਿਹਾ ਹੈ। ਕੇਂਦਰ ਸਰਕਾਰ ਦੇ ਰੁੱਖੇ ਹੋਏ ਰੁਖ ਨੇ ਵੀ ਬਾਦਲਾਂ ਨੂੰ ਹਾਸ਼ੀਏ ਉਤੇ ਧੱਕਿਆ ਹੈ। ਕਿਸੇ ਨੇ ਚਿਤਵਿਆ ਨਹੀਂ ਸੀ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸਿਆਸਤ ਵਿਚ ਇੰਨੀ ਵੱਡੀ ਛਾਲ ਲਾਉਣ ਦੇ ਸਮਰੱਥ ਹੋ ਸਕੇਗੀ। ਬਾਦਲ ਵੀ ਇਸ ਪਾਰਟੀ ਨੂੰ ਆਪਣੀ ਛੋਟੀ ਅਤੇ ਸਹਾਇਕ ਭਾਈਵਾਲ ਵਜੋਂ ਹੀ ਲੈ ਰਹੇ ਸਨ, ਪਰ ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਨੇ ਜਦੋਂ ਸਮੁੱਚੇ ਦੇਸ਼ ਵਿਚ ਪਾਸੇ ਪਲਟੇ, ਤਾਂ ਪੰਜਾਬ ਵੀ ਇਸ ਤੋਂ ਬਾਹਰ ਨਹੀਂ ਰਿਹਾ। ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਮਾਂ-ਪਾਰਟੀ ਆਰæਐਸ਼ਐਸ਼ ਦੇ ਰਵੱਈਏ ਨੇ ਸਾਫ ਕਰ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਹੁਣ ਪੰਜਾਬ ਵਿਚ ਵੱਡੀ ਭੂਮਿਕਾ ਨਿਭਾਉਣ ਲਈ ਖੰਭ ਤੋਲ ਰਹੀ ਹੈ।
ਲੋਕ ਸਭਾ ਚੋਣਾਂ ਵਿਚ ਕਿਸੇ ਨੇ ਵੀ ਭਾਰਤੀ ਜਨਤਾ ਪਾਰਟੀ ਦੀ ਇੰਨੀ ਵੱਡੀ ਜਿੱਤ ਬਾਰੇ ਸੋਚਿਆ ਤੱਕ ਨਹੀਂ ਸੀ, ਪਰ ਕਾਂਗਰਸ ਦੀ ਜੋ ਕਾਰਗੁਜ਼ਾਰੀ ਸੀ ਅਤੇ ਕਿਸੇ ਹੋਰ ਦਮਦਾਰ ਧਿਰ ਦੀ ਗੈਰ-ਹਾਜ਼ਰੀ ਦਾ ਸਿੱਧਾ ਫਾਇਦਾ ਭਾਰਤੀ ਜਨਤਾ ਪਾਰਟੀ ਨੂੰ ਹੋਇਆ। ਉਡਦੀ ਨਜ਼ਰੇ, ਪੰਜਾਬ ਦੇ ਹਾਲਾਤ ਵੀ ਇਸ ਤੋਂ ਕੋਈ ਵੱਖਰੇ ਨਹੀਂ। ਸੱਤਾਧਾਰੀ ਅਕਾਲੀ ਦਲ ਪਹਿਲਾਂ ਹੀ ਸੁਰੱਖਿਆਤਮਕ ਸਿਆਸਤ ਦੀ ਭੀੜੀ ਗਲੀ ਵਿਚ ਵੜ ਚੁੱਕਾ ਹੈ ਅਤੇ ਪੰਜਾਬ ਕਾਂਗਰਸ ਦੀ ਪਾਟੋਧਾੜ ਪਾਰਟੀ ਦੇ ਪੈਰ ਨਹੀਂ ਲੱਗਣ ਦੇ ਰਹੀ। ਆਮ ਆਦਮੀ ਪਾਰਟੀ (ਆਪ) ਪੰਜਾਬ ਵਿਚ ਜਿਸ ਢੰਗ ਨਾਲ ਉਭਰੀ ਸੀ, ਉਸ ਵੇਗ ਨਾਲ ਇਹ ਅਗਲਾ ਕਦਮ ਨਹੀਂ ਪੁੱਟ ਸਕੀ। ਪਾਰਟੀ ਨੂੰ ਪੰਜਾਬ ਵਿਚ ਵੱਡੇ ਪੱਧਰ ਉਤੇ ਹੁਲਾਰਾ ਤਾਂ ਮਿਲਿਆ, ਪਰ ਕੇਂਦਰੀ ਲੀਡਰਸ਼ਿਪ ਬਾਝੋਂ ਦਿਨਾਂ-ਮਹੀਨਿਆਂ ਵਿਚ ਹੀ ਸਿਆਸੀ ਦ੍ਰਿਸ਼ ਬਦਲ ਗਿਆ। ਉਂਜ, ਇਸ ਸਮੇਂ ਦੌਰਾਨ ਜੋ ਸਰਗਰਮੀ ਆਰæਐਸ਼ਐਸ਼ ਅਤੇ ਭਾਰਤੀ ਜਨਤਾ ਪਾਰਟੀ ਨੇ ਕੀਤੀ, ਉਸ ਨੇ ਪੰਜਾਬ ਦੀ ਸਿਆਸਤ ਵਿਚ ਮੁੱਢੋਂ-ਸੁੱਢੋਂ ਤਬਦੀਲੀ ਹੋਣ ਦੇ ਸੰਕੇਤ ਦੇਣੇ ਸ਼ੁਰੂ ਕੀਤੇ। ਧਰਮ ਤਬਦੀਲੀ ਦੇ ਮੁੱਦੇ ਨਾਲ ਇਹ ਸੰਕੇਤ ਸਿਖਰਾਂ ਵੱਲ ਵਧੇ। ਇਸ ਮੁੱਦੇ ‘ਤੇ ਪੰਜਾਬ ਵਿਚ ਆਰæਐਸ਼ਐਸ ਦਾ ਰਾਹ ਅਜੇ ਭਾਵੇਂ ਡੱਕਿਆ ਗਿਆ ਹੈ, ਪਰ ਜਿਸ ਤਰ੍ਹਾਂ ਦੀ ਤਿਆਰੀ ਇਨ੍ਹਾਂ ਜਥੇਬੰਦੀਆਂ ਨੇ ਪਿਛਲੇ ਸਮੇਂ ਦੌਰਾਨ ਕੀਤੀ ਹੈ ਅਤੇ ਹੁਣ ਜਿਸ ਤਰ੍ਹਾਂ ਦੀ ਰਣਨੀਤੀ ਘੜੀ ਹੈ, ਉਸ ਤੋਂ ਭੋਰਾ ਭਰ ਵੀ ਸ਼ੱਕ ਨਹੀਂ ਕਿ ਇਨ੍ਹਾਂ ਜਥੇਬੰਦੀਆਂ ਦੇ ਇਰਾਦੇ ਕੀ ਹਨ। ਇਹ ਜਥੇਬੰਦੀਆਂ ਪੰਜਾਬ ਦੇ ਸਿਆਸੀ ਖਲਾਅ ਭਰਨ ਅਤੇ ਖੜੋਤ ਤੋੜਨ ਦੇ ਹਿਸਾਬ ਨਾਲ ਆਪਣੀ ਸਰਗਰਮੀ ਚਲਾ ਰਹੀਆਂ ਹਨ। ਵਚਨਬੱਧ ਕਾਡਰ ਅਤੇ ਕੰਮ-ਕਾਰ ਦੀ ਇਨ੍ਹਾਂ ਕੋਲ ਕੋਈ ਤੋਟ ਨਹੀਂ। ਕੇਂਦਰੀ ਸੱਤਾ ਕਾਰਨ ਵੀ ਇਹ ਧਿਰਾਂ ਇਕ ਮਜ਼ਬੂਤ ਧਿਰ ਵਜੋਂ ਆਪਣੇ ਪੈਰ ਪਸਾਰ ਰਹੀਆਂ ਹਨ ਅਤੇ ਆਪਣੇ ਪ੍ਰਸਾਰ ਲਈ ਇਹ ਦੋ-ਧਾਰੀ ਹਥਿਆਰ ਵੀ ਵਰਤ ਰਹੀਆਂ ਹਨ। ਹਿੰਦੂਤਵੀ ਏਜੰਡੇ ਬਾਰੇ ਤਾਂ ਕਿਸੇ ਨੂੰ ਕੋਈ ਭੁਲੇਖਾ ਹੀ ਨਹੀਂ ਹੈ, ਨਾਲ ਹੀ ਵਿਕਾਸ ਤੇ ਸਾਫ ਸਿਆਸਤ ਦਾ ਪ੍ਰਚਾਰ ਵੱਡੇ ਪੱਧਰ ਉਤੇ ਕੀਤਾ ਜਾ ਰਿਹਾ ਹੈ। ਅਜਿਹੇ ਹਾਲਾਤ ਵਿਚ ਹੋਰ ਪਾਰਟੀਆਂ ਦੇ ਨਾਰਾਜ਼ ਆਗੂਆਂ ਨੂੰ ਨਾਲ ਰਲਾਉਣਾ ਵੀ ਪਾਰਟੀ ਦੇ ਏਜੰਡੇ ਉਤੇ ਹੈ। ਹੋਰ ਸੂਬਿਆਂ ਵਿਚ ਇਹ ਤਜਰਬਾ ਇਸ ਪਾਰਟੀ ਨੇ ਬੜੀ ਕਾਮਯਾਬੀ ਨਾਲ ਕੀਤਾ ਹੈ। ਹੁਣ ਪੰਜਾਬ ਵਿਚ ਜਗਮੀਤ ਬਰਾੜ ਹੀ ਨਹੀਂ, ਕਈ ਹੋਰ ਕਹਿੰਦੇ-ਕਹਾਉਂਦੇ ਆਗੂਆਂ ਬਾਰੇ ਵੀ ਚਰਚਾ ਛਿੜੀ ਹੋਈ ਹੈ। ਪਾਰਟੀ ਪੰਜਾਬ ਵਿਚ ਅਜਿਹੇ ਸਿੱਖ ਆਗੂਆਂ ਦੀ ਭਾਲ ਵਿਚ ਨਿਕਲੀ ਹੋਈ ਹੈ ਤਾਂ ਕਿ ਪੇਂਡੂ ਖੇਤਰਾਂ ਵਿਚ ਵੀ ਆਧਾਰ ਵਧਾਇਆ ਜਾ ਸਕੇ। ਜ਼ਾਹਿਰ ਹੈ ਕਿ ਆਰæਐਸ਼ਐਸ਼ ਨੇ ਹਮਲਾਵਰ ਰੁਖ ਦੇ ਨਾਲ-ਨਾਲ ਸਿਆਸੀ ਜੋੜ-ਤੋੜ ਵਾਲਾ ਫਰੰਟ ਵੀ ਬਾਕਾਇਦਾ ਖੋਲ੍ਹਿਆ ਹੋਇਆ ਹੈ। ਇਨ੍ਹਾਂ ਦੀ ਸਮਝ ਹੈ ਕਿ ਭਾਰਤ ਨੂੰ ਆਪਣੇ ਰੰਗ ਵਿਚ ਰੰਗਣ ਦਾ ਮੌਕਾ ਪਹਿਲੀ ਵਾਰ ਵੱਡੀ ਪੱਧਰ ‘ਤੇ ਮਿਲਿਆ ਹੈ, ਇਸ ਨਿਸ਼ਾਨੇ ਦੀ ਪੂਰਤੀ ਲਈ ਹਰ ਢੰਗ-ਤਰੀਕਾ ਵਰਤਣਾ ਚਾਹੀਦਾ ਹੈ। ਇਸ ਹਾਲਤ ਵਿਚ ਹੁਣ ਉਨ੍ਹਾਂ ਧਿਰਾਂ ਲਈ ਪਰਖ ਦੀਆਂ ਘੜੀਆਂ ਹਨ ਜਿਹੜੀਆਂ ਇਨ੍ਹਾਂ ਜਥੇਬੰਦੀਆਂ ਦੀ ਸੌੜੀ ਅਤੇ ਸ਼ੈਤਾਨ ਸਿਆਸਤ ਨੂੰ ਰੱਦ ਕਰਦੀਆਂ ਰਹੀਆਂ ਹਨ।