ਬੈਂਕਾਕ: ਬੇਅੰਤ ਸਿੰਘ ਹੱਤਿਆ ਕੇਸ ਵਿਚ ਸਜ਼ਾਯਾਫਤਾ ਅਤੇ 2004 ਵਿਚ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚੋਂ ਸੁਰੰਗ ਪੁੱਟ ਕੇ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ ਅਤੇ ਹਰਿਆਣਵੀ ਰਸੋਈਏ ਦੇਵੀ ਸਿੰਘ ਨਾਲ ਫਰਾਰ ਹੋਏ ਖਾੜਕੂ ਜਗਤਾਰ ਸਿੰਘ ਤਾਰਾ ਨੂੰ ਥਾਈਲੈਂਡ ਦੀ ਪੁਲਿਸ ਨੇ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ।
ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸ ਨੂੰ ਡਿਪੋਰਟ ਕਰ ਕੇ ਭਾਰਤ ਹਵਾਲੇ ਕਰਨ ਦੀ ਆਗਿਆ ਦੇ ਦਿੱਤੀ ਹੈ। ਨਿਯਮਾਂ ਮੁਤਾਬਕ ਉਸ ਨੂੰ ਪੰਜਾਬ ਲਿਆਉਣ ਵਿਚ ਤਕਰੀਬਨ ਇੱਕ ਮਹੀਨਾ ਲੱਗੇਗਾ। ਭਾਰਤ ਵੱਲੋਂ ਭਾਰਤ-ਥਾਈਲੈਂਡ ਅਪਰਾਧੀ ਹਵਾਲਗੀ ਸੰਧੀ ਤਹਿਤ ਕੁਝ ਕਾਨੂੰਨੀ ਕਾਰਵਾਈਆਂ ਮੁਕੰਮਲ ਕਰਨ ਵਿਚ ਇੰਨਾ ਸਮਾਂ ਲੱਗ ਜਾਣਾ ਹੈ।
ਜਾਣਕਾਰੀ ਅਨੁਸਾਰ ਬੀਤੇ ਸਾਲ ਦੇ ਆਖਰੀ ਮਹੀਨਿਆਂ ਵਿਚ ਪੰਜਾਬ ਪੁਲਿਸ ਦੀ ਟੀਮ ਥਾਈਲੈਂਡ ਗਈ ਸੀ। ਉਦੋਂ ਉੱਥੇ ਪੁਲਿਸ ਉਸ ਤੱਕ ਤਾਂ ਨਾ ਪੁੱਜ ਸਕੀ, ਪਰ 2 ਹੋਰ ਖਾੜਕੂ ਗੁਰਪ੍ਰੀਤ ਸਿੰਘ ਗੋਪੀ ਅਤੇ ਹਰਮਿੰਦਰ ਸਿੰਘ ਮਿੰਟੂ ਨੂੰ ਗ੍ਰਿਫਤਾਰ ਕਰਨ ਵਿਚ ਪੰਜਾਬ ਪੁਲਿਸ ਕਾਮਯਾਬ ਹੋ ਗਈ ਸੀ। ਇਸ ਤੋਂ ਬਾਅਦ ਸੂਹ ਦੀਆਂ ਕੜੀ ਜੋੜਨ ਪਿਛੋਂ ਮਲੇਸ਼ੀਆ ਤੋਂ ਖਾਲਿਸਤਾਨ ਟਾਈਗਰਜ਼ ਫੋਰਸ ਦੇ ਖਾੜਕੂ ਰਮਨਦੀਪ ਸਿੰਘ ਗੋਲਡੀ ਨੂੰ ਕਾਬੂ ਕਰ ਲਿਆ ਗਿਆ। ਇਸੇ ਪੁੱਛ-ਗਿੱਛ ਦੌਰਾਨ ਬੀæਟੀæਐਫ਼ਕੇæ ਦੇ ਖਾੜਕੂ ਰਤਨਦੀਪ ਸਿੰਘ ਨੂੰ ਉੱਤਰ ਪ੍ਰਦੇਸ਼ ਦੇ ਸ਼ਹਿਰ ਗੋਰਖਪੁਰ ਵਿਚੋਂ ਫੜ ਲਿਆ ਗਿਆ। ਪੁਲਿਸ ਮੁਤਾਬਕ ਇਨ੍ਹਾਂ ਖਾੜਕੂਆਂ ਤੋਂ ਮਿਲੀ ਜਾਣਕਾਰੀ ਅਤੇ ਫੋਨ ਨੰਬਰਾਂ ਦੀ ਕਾਲ ਡਿਟੇਲ ਤੋਂ ਪੰਜਾਬ ਪੁਲਿਸ ਅਤੇ ਖੁਫੀਆ ਏਜੰਸੀਆਂ ਨੂੰ ਤਾਰਾ ਦੇ ਪੱਕੇ ਟਿਕਾਣੇ ਦੀ ਭਿਣਕ ਪੈ ਗਈ।
ਸੂਤਰਾਂ ਅਨੁਸਾਰ ਜਗਤਾਰ ਸਿੰਘ ਤਾਰਾ ਨੂੰ ਗ੍ਰਿਫਤਾਰ ਕਰਨ ਲਈ ਥਾਈਲੈਂਡ ਪੁਲਿਸ ਕਾਫ਼ੀ ਸਮੇਂ ਤੋਂ ਉਸ ਦੀ ਪੈੜ ਨੱਪ ਰਹੀ ਸੀ, ਪਰ ਅਕਤੂਬਰ ‘ਚ ਉਹ ਅਚਾਨਕ ਪੁਲਿਸ ਦੀਆਂ ਨਜ਼ਰਾਂ ਤੋਂ ਗਾਇਬ ਹੋ ਗਿਆ। ਇਸ ਤੋਂ ਬਆਦ ਥਾਈਲੈਂਡ ਪੁਲਿਸ ਨੇ ਅਪਰੇਸ਼ਨ ਰੋਕ ਦਿੱਤਾ, ਪਰ ਭਾਰਤ ਦੇ ਕੇਂਦਰੀ ਖੁਫੀਆ ਅਧਿਕਾਰੀਆਂ ਵੱਲੋਂ ਦਰਖਾਸਤ ਕੀਤੇ ਜਾਣ ‘ਤੇ ਭਾਰਤ ਦੇ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਆਪਣੀ ਥਾਈਲੈਂਡ ਫੇਰੀ ਸਮੇਂ ਉੱਥੋਂ ਦੇ ਗ੍ਰਹਿ ਮੰਤਰੀ ਨੂੰ ਇਹ ਕਾਰਵਾਈ ਤੇਜ਼ੀ ਨਾਲ ਅਮਲ ਵਿਚ ਲਿਆਉਣ ਦੀ ਬੇਨਤੀ ਕੀਤੀ ਸੀ। ਇਸ ਪਿੱਛੋਂ ਦੁਬਾਰਾ ਅਪਰੇਸ਼ਨ ਸ਼ੁਰੂ ਕੀਤਾ ਗਿਆ ਅਤੇ ਇਕ ਟੀਮ ਪੱਕੇ ਤੌਰ ‘ਤੇ ਤਾਰਾ ਦੀ ਖੋਜ ਲਈ ਤਾਇਨਾਤ ਕਰ ਦਿੱਤੀ ਗਈ। ਇਸ ਪਿੱਛੋਂ ਥਾਈਲੈਂਡ ਦੇ ਫੁਕੇਤ ਖੇਤਰ ਵਿਚ ਚੋਨਬੂਰੀ ਦੇ ਇਲਾਕੇ ਦੇ ਸੋਈ ਮਾਬਾਈਲੀਆ ਵਿਖੇ ਕਾਰਵਾਈ ਕਰ ਕੇ ਇਸ ਗ੍ਰਿਫਤਾਰੀ ਨੂੰ ਅੰਜ਼ਾਮ ਦਿੱਤਾ ਗਿਆ। ਤਾਰਾ ਦੇ ਨਾਲ ਥਾਈ ਪੁਲਿਸ ਨੇ ਉਸ ਨੂੰ ਸ਼ਰਨ ਦੇਣ ਵਾਲੇ ਅਤੇ ਘਰ ਦੇ ਮਾਲਕ ਖਲਾਤ ਬਾਰੀ ਨੂੰ ਵੀ ਹਿਰਾਸਤ ਵਿਚ ਲੈ ਲਿਆ ਹੈ।
ਪੰਜਾਬ ਪੁਲਿਸ ਨੂੰ ਜਦੋਂ ਇਹ ਸੂਚਨਾ ਮਿਲੀ ਕਿ ਜਗਤਾਰ ਸਿੰਘ ਤਾਰਾ ਪਾਕਿਸਤਾਨੀ ਪਾਸਪੋਰਟ ‘ਤੇ ਪਿਛਲੇ ਸਾਲ ਥਾਈਲੈਂਡ ਪੁੱਜ ਗਿਆ ਹੈ ਅਤੇ ਉੱਥੇ ਗੁਰਮੀਤ ਸਿੰਘ ਪੁੱਤਰ ਕਾਕਾ ਸਿੰਘ ਦੇ ਫਰਜ਼ੀ ਨਾਂ ਨਾਲ ਰਹਿ ਰਿਹਾ ਹੈ ਤਾਂ ਪੰਜਾਬ ਪੁਲਿਸ ਨੇ ਬੀਤੇ ਸਾਲ ਸਤੰਬਰ ਮਹੀਨੇ ਵਿਚ ਹੀ ਅਦਾਲਤ ਤੋਂ ਇਹ ਵਾਰੰਟ ਹਾਸਲ ਕਰ ਲਏ ਸਨ ਕਿ ਗੁਰਮੀਤ ਸਿੰਘ ਪੁੱਤਰ ਕਾਕਾ ਸਿੰਘ ਖਾੜਕੂ ਸਰਗਰਮੀਆਂ ਦੇ ਮਾਮਲਿਆਂ ਵਿਚ ਅਤਿ ਲੋੜੀਂਦਾ ਹੈ। ਫਿਰ ਇਹ ਵਾਰੰਟ ਕੇਂਦਰੀ ਖੁਫੀਆ ਏਜੰਸੀਆਂ ਰਾਹੀਂ ਇੰਟਰਪੋਲ ਨੂੰ ਭੇਜੇ ਗਏ ਜਿਸ ਨੇ ਥਾਈਲੈਂਡ ਪੁਲਿਸ ਨਾਲ ਰਾਬਤਾ ਕਾਇਮ ਕਰ ਕੇ ਗੁਰਮੀਤ ਸਿੰਘ ਉਰਫ਼ ਜਗਤਾਰ ਸਿੰਘ ਤਾਰਾ ਤੱਕ ਪਹੁੰਚ ਕਰ ਲਈ।
ਤਾਰੇ ਨੂੰ 1995 ਵਿਚ ਚੰਡੀਗੜ੍ਹ ਵਿਖੇ ਹੋਏ ਬੰਬ ਧਮਾਕੇ ਦੇ ਕੇਸ ਵਿਚ 2007 ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਧਮਾਕੇ ਵਿਚ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਸਮੇਤ 18 ਬੰਦੇ ਮਾਰੇ ਗਏ ਸਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਗਤਾਰ ਸਿੰਘ ਤਾਰਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕਤਲ ਲਈ ਮਨੁੱਖੀ ਬੰਬ ਤਿਆਰ ਕਰਨ ਵਿਚ ਰੁਝਿਆ ਹੋਇਆ। ਉਹ 22 ਜਨਵਰੀ 2004 ਨੂੰ ਬੁੜੈਲ ਜੇਲ੍ਹ ਤੋਂ ਫ਼ਰਾਰ ਹੋਇਆ ਸੀ ਅਤੇ ਉਸੇ ਸਾਲ 21 ਮਾਰਚ ਨੂੰ ਨੇਪਾਲ ਦੇ ਰਸਤੇ ਪਾਕਿਸਤਾਨ ਪੁੱਜ ਗਿਆ। ਉਥੇ ਉਹ ਤਕਰੀਬਨ ਡੇਢ ਸਾਲ ਰਿਹਾ ਅਤੇ ਗੁਰਮੀਤ ਸਿੰਘ ਨਾਂ ਹੇਠ ਪਾਸਪੋਰਟ ਬਣਾ ਕੇ ਥਾਈਲੈਂਡ ਚਲਾ ਗਿਆ। ਥਾਈਲੈਂਡ ਜਿਸ ਬੰਦੇ ਦੇ ਘਰੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ, ਉਹ ਪਾਕਿਸਤਾਨ ਦੀ ਖੁਫੀਆ ਏਜੰਸੀ ਆਈæਐਸ਼ਐਸ਼ ਦਾ ਬੰਦਾ ਦੱਸਿਆ ਜਾ ਰਿਹਾ ਹੈ।