ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ‘ਤੇ ਸਿਆਸੀ ਮੁਹਿੰਮਾਂ ਨੇ ਜ਼ੋਰ ਫੜਿਆ

ਅਟਾਰੀ (ਅੰਮ੍ਰਿਤਸਰ): ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ‘ਤੇ ਸਿਆਸੀ ਮੁਹਿੰਮਾਂ ਤੇਜ਼ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਜਿਥੇ ਭਾਜਪਾ ਵੱਲੋਂ ਪੰਜਾਬ ਵਿਚ ਨਸ਼ਿਆਂ ਖਿਲਾਫ 22 ਜਨਵਰੀ ਨੂੰ ਵਿੱਢੀ ਜਾ ਰਹੀ ਮੁਹਿੰਮ ਤੋਂ ਪਹਿਲਾਂ ਹੀ ਸਰਹੱਦ ‘ਤੇ ਧਰਨੇ ਦੇ ਕੇ ਇਸ ਮੁੱਦੇ ‘ਤੇ ਬਾਜ਼ੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਥੇ ਕਾਂਗਰਸ ਨੇ ਵੀ ਜ਼ਿਲ੍ਹਾ ਹੈਡਕੁਆਰਟਰਾਂ ‘ਤੇ ਧਰਨੇ ਮਾਰ ਕੇ ਨਸ਼ਿਆਂ ਦੇ ਮੁੱਦੇ ਉਪਰ ਅਕਾਲੀ ਦਲ-ਭਾਜਪਾ ਸਰਕਾਰ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ।

ਧਰਨੇ-ਕਮ-ਜਾਗਰੂਕਤਾ ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪੰਜਾਬ ਵਿਚ ਨਸ਼ਿਆਂ ਦੇ ਪਸਾਰੇ ਨੂੰ ਰੋਕਣ ਲਈ ਅੰਤਰਰਾਸ਼ਟਰੀ ਸਰਹੱਦ ਨੂੰ ਮੁਕੰਮਲ ਤੌਰ ‘ਤੇ ਸੀਲ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਚ ਨਸ਼ਿਆਂ ਤੇ ਹੋਰ ਸਮਾਜਕ ਬੁਰਾਈਆਂ ਵਿਰੁੱਧ ਮੁਹਿੰਮ ਬਾਰੇ ਐਲਾਮ ਮਾਘੀ ਮੇਲੇ ਦੌਰਾਨ 14 ਜਨਵਰੀ ਨੂੰ ਕੀਤਾ ਜਾਵੇਗਾ।
ਉਨ੍ਹਾਂ ਪ੍ਰਧਾਨ ਮੰਤਰੀ ਕੋਲੋਂ ਮੰਗ ਕੀਤੀ ਕਿ ਬਜਟ ਵਿਚ ਸਰਹੱਦ ਨੂੰ ਸੀਲ ਕਰਨ ਲਈ ਵਿਸ਼ੇਸ਼ ਰਕਮ ਰੱਖੀ ਜਾਵੇ। ਉਨ੍ਹਾਂ ਮੱਧ ਪ੍ਰਦੇਸ਼ ਤੇ ਰਾਜਸਥਾਨ ਸੂਬਿਆਂ ਦਾ ਨਾਂ ਲੈਂਦਿਆਂ ਆਖਿਆ ਕਿ ਇਥੇ ਨਾ ਸਿਰਫ ਨਸ਼ਿਆਂ ਦੀ ਕਾਸ਼ਤ ਨੂੰ ਪ੍ਰਵਾਨਗੀ ਦਿੱਤੀ ਹੋਈ ਹੈ, ਸਗੋਂ ਨਸ਼ਿਆਂ ਦੀ ਵਿਕਰੀ ਵੀ ਹੁੰਦੀ ਹੈ, ਜਿਸ ਤੋਂ ਦੋਵਾਂ ਸੂਬਿਆਂ ਨੂੰ 100 ਤੋਂ 115 ਕਰੋੜ ਰੁਪਏ ਦੀ ਆਮਦ ਹੁੰਦੀ ਹੈ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਪੰਜਾਬ ਦੌਰੇ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਸੀ ਕਿ 70 ਫੀਸਦੀ ਪੰਜਾਬੀ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ, ਜਦੋਂ ਕਿ ਇਹ ਸਰਾਸਰ ਗਲਤ ਹੈ। ਰੈਲੀ ਦੌਰਾਨ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਇਆ ਤੇ ਆਖਿਆ ਕਿ ਕਾਂਗਰਸ ਵੱਲੋਂ ਕੀਤੀ ਬਦਨਾਮੀ ਨਾਲ ਉਨ੍ਹਾਂ ਨੂੰ ਕੋਈ ਗਿਲਾ ਨਹੀਂ ਹੈ ਪਰ ਜੋ ਮਿੱਤਰਾਂ ਨੇ ਦੋਸ਼ ਲਾਏ ਹਨ, ਉਹ ਵਧੇਰੇ ਦੁਖਦਾਈ ਹੈ। ਇਸ ਦੌਰਾਨ ਵਧੇਰੇ ਬੁਲਾਰਿਆਂ ਨੇ ਸਪੱਸ਼ਟ ਕੀਤਾ ਕਿ ਇਹ ਧਰਨਾ ਬੀæਐਸ਼ਐਫ਼ ਜਾਂ ਹੋਰ ਸੁਰੱਖਿਆ ਬਲਾਂ ਖ਼ਿਲਾਫ਼ ਨਹੀਂ ਹੈ।
ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਲੋਕਾਂ ਨੂੰ ਨਸ਼ਾ ਨਾ ਕਰਨ ਤੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਮੁਹਿੰਮ ਵਿੱਢਣ ਦਾ ਪ੍ਰਣ ਕਰਵਾਇਆ। ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਨਸ਼ੇ ਨੂੰ ਮੁਕੰਮਲ ਤੌਰ ‘ਤੇ ਰੋਕਣ ਲਈ ਸਰਹੱਦਾਂ ਉਪਰ ਚੌਕਸੀ ਵਧਾਉਣ ਦੀ ਲੋੜ ਹੈ। ਜਥੇਦਾਰ ਤੋਤਾ ਸਿੰਘ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਬਾਹਰਲੇ ਸੂਬਿਆਂ ਵਿਚ ਤਾਂ ਕਈ ਥਾਈਂ ਗੁਰਦੁਆਰਿਆਂ ਦੇ ਬਾਹਰ ਹੀ ਲੋਕ ਨਸ਼ਾ ਵੇਚੀ ਜਾ ਰਹੇ ਹਨ। ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਕੌਮੀ ਪੱਧਰ ‘ਤੇ ਕੁਝ ਲੋਕਾਂ ਵੱਲੋਂ ਗਲਤ ਧਾਰਨਾ ਬਣਾਈ ਜਾ ਰਹੀ ਹੈ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਬਹੁਤੇ ਪੰਜਾਬੀ ਨਸ਼ੇੜੀ ਹਨ।
ਧਰਨਿਆਂ ਤੋਂ ਦੂਰ ਰਹੇ ਬਾਦਲ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਵੱਲੋਂ ਸਰਹੱਦ ‘ਤੇ ਧਰਨਿਆਂ ਤੋਂ ਦੂਰ ਹੀ ਰਹੇ। ਉਹ ਧਰਨਿਆਂ ਦੀ ਥਾਂ ਸਕੱਤਰੇਤ ਵਿਚ ਹਾਜ਼ਰ ਸਨ, ਜਦੋਂ ਕਿ ਬਾਕੀ ਦੇ ਸਾਰੇ ਮੰਤਰੀ ਗ਼ੈਰਹਾਜ਼ਰ ਦੇਖੇ ਗਏ। ਮੁੱਖ ਮੰਤਰੀ ਸਵੇਰੇ ਤਕਰੀਬਨ 9æ15 ਵਜੇ ਹੀ ਸਕੱਤਰੇਤ ਪਹੁੰਚ ਗਏ ਤੇ ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਤਿੰਨ ਮੀਟਿੰਗਾਂ ਆਪਣੇ ਦਫ਼ਤਰ ਵਿਚ ਕੀਤੀਆਂ। ਸ਼ ਬਾਦਲ ਨੇ ਦਫ਼ਤਰ ਵਿਚ ਹਾਜ਼ਰੀ ਲਵਾ ਕੇ ਇਹ ਸੰਕੇਤ ਦੇਣ ਦਾ ਯਤਨ ਕੀਤਾ ਕਿ ਉਹ ਧਰਨਿਆਂ ਵਾਲੇ ਪ੍ਰੋਗਰਾਮ ਤੋਂ ਦੂਰ ਹਨ। ਦਿਲਚਸਪ ਤੱਥ ਇਹ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਮੰਤਰੀ ਸਕੱਤਰੇਤ ਵਿਚ ਨਜ਼ਰ ਨਹੀਂ ਆਏ।
______________________________
ਈæਡੀæ ਵੱਲੋਂ ਵੱਡੇ ਆਗੂਆਂ ਨੂੰ ਘੇਰਨ ਦੀ ਤਿਆਰੀ
ਜਲੰਧਰ: ਪੰਜਾਬ ਵਿਚ ਡਰੱਗ ਤਸਕਰੀ ਬਾਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਏ ਧਰਨਿਆਂ ਨਾਲ ਜਿਥੇ ਪਹਿਲਾਂ ਹੀ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ ਉਥੇ ਈæਡੀæ ਵੱਲੋਂ ਚਾਰ ਹੋਰ ਅਕਾਲੀ ਆਗੂਆਂ ਨੂੰ ਤਲਬ ਕਰਨ ਦੇ ਚਰਚਿਆਂ ਨਾਲ ਪਾਰਟੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਈæਡੀæ ਵੱਲੋਂ ਤਲਬ ਕੀਤੇ ਜਾਣ ਵਾਲੇ ਇਨ੍ਹਾਂ ਚਾਰ ਆਗੂਆਂ ਵਿਚ ਤਿੰਨ ਆਗੂ ਮਾਝੇ ਨਾਲ ਤੇ ਇਕ ਦੁਆਬੇ ਨਾਲ ਸਬੰਧਤ ਹੈ। ਅਕਾਲੀ ਦਲ ਦੇ ਹੋਰ ਚਾਰ ਆਗੂਆਂ ਦੇ ਨਾਂ ਸਾਹਮਣੇ ਆਉਣ ਨਾਲ ਵਿਰੋਧੀ ਧਿਰ ਕਾਂਗਰਸ ਨੇ ਅਕਾਲੀ ਦਲ ‘ਤੇ ਸਿਆਸੀ ਹਮਲੇ ਹੋਰ ਤੇਜ਼ ਕਰ ਦਿੱਤੇ ਹਨ।
ਉਧਰ ਈæਡੀæ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਮੁੜ ਸੰਮਨ ਕਰਨ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਛੇ ਹਜ਼ਾਰ ਕਰੋੜ ਦੇ ਸਿੰਥੈਟਿਕ ਡਰੱਗ ਦੇ ਮਾਮਲੇ ਵਿਚ ਈਡੀ ਨੇ ਜਾਂਚ ਦੇ ਕੰਮ ਵਿਚ ਤੇਜ਼ੀ ਲੈ ਆਂਦੀ ਹੈ। ਸੂਤਰਾਂ ਅਨੁਸਾਰ ਮਜੀਠੀਆ ਵੱਲੋਂ ਦਿੱਤੇ ਬਿਆਨਾਂ ਤੇ ਦਸਤਾਵੇਜ਼ਾਂ ਦੀ ਜਾਂਚ ਤਕਰੀਬਨ ਮੁਕੰਮਲ ਹੋ ਚੁੱਕੀ ਹੈ ਪਰ ਇਸ ਨੂੰ ਅਜੇ ਅਧੂਰਾ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 26 ਦਸੰਬਰ ਨੂੰ ਈæਡੀæ ਦਫ਼ਤਰ ਵਿਚ ਪੇਸ਼ ਹੋਏ ਬਿਕਰਮ ਸਿੰਘ ਮਜੀਠੀਆ ਦੇ ਤਲਬ ਹੋਣ ਤੋਂ ਬਾਆਦ ਇਸ ਮਾਮਲੇ ਦੀ ਜਾਂਚ ਵਿਚ ਤੇਜ਼ੀ ਆਈ ਹੈ। ਮਜੀਠੀਆ ਦਾਆਵਾ ਕਰ ਚੁੱਕੇ ਹਨ ਕਿ ਉਹ ਜਾਂਚ ਵਿਚ ਸਹਿਯੋਗ ਕਰਨਗੇ। ਸ੍ਰੀ ਮਜੀਠੀਆ ਤੋਂ ਪੁੱਛਗਿੱਛ ਕਰਨ ਲਈ ਮੁੱਖ ਦਫ਼ਤਰ ਤੋਂ ਈæਡੀæ ਦੇ ਸਪੈਸ਼ਲ ਡਾਇਰੈਕਟਰ (ਨਾਰਥ) ਕਰਨਲ ਸਿੰਘ ਆਏ ਹਨ। ਇਸ ਕੇਸ ਵਿਚ ਈæਡੀ ਦੇ ਡਿਪਟੀ ਡਾਇਰੈਕਟਰ-ਕਮ-ਜਾਂਚ ਅਫ਼ਸਰ ਨਿਰੰਜਣ ਸਿੰਘ ਤੇ ਜੁਆਇੰਟ ਡਾਇਰੈਕਟਰ ਗਰੀਸ਼ ਬਾਲੀ ਪੁੱਛਗਿੱਛ ਕਰ ਚੁੱਕੇ ਹਨ।
_____________________________
ਸਰਹੱਦਾਂ ‘ਤੇ ਨਸ਼ਿਆਂ ਵਿਰੁੱਧ ਧਰਨੇ ਦੇਣੇ ਤਰਕਹੀਣ: ਪ੍ਰਨੀਤ ਕੌਰ
ਰਾਮਨਗਰ: ਸਾਬਕਾ ਵਿਦੇਸ਼ ਰਾਜ ਮੰਤਰੀ ਤੇ ਹਲਕਾ ਪਟਿਆਲਾ ਤੋਂ ਵਿਧਾਇਕ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਵੱਲੋਂ ਸਰਹੱਦਾਂ ‘ਤੇ ਨਸ਼ਿਆਂ ਵਿਰੁੱਧ ਧਰਨੇ ਦੇਣ ਦੀ ਡਰਾਮੇਬਾਜ਼ੀ ਇਕ ਤਰਕਹੀਣ ਮੁੱਦਾ ਹੈ ਜਿਸ ਤੋਂ ਜਨਤਾ ਭਲੀਭਾਂਤ ਜਾਣੂ ਹੈ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਪੰਜਾਬ ਵਿਚ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਆ ਰਹੇ ਹਨ ਜਦੋਂਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ ਪਰ ਉਹ ਰਾਜਸਥਾਨ ਤੇ ਮੱਧ ਪ੍ਰਦੇਸ਼ ਤੋਂ ਨਸ਼ੇ ਦੀਆਂ ਪੰਜਾਬ ਵਿਚ ਆ ਰਹੀਆਂ ਖੇਪਾਂ ਰੋਕਣ ਲਈ ਕੋਈ ਪ੍ਰੰਬਧ ਨਹੀਂ ਕਰ ਰਹੇ। ਸਾਬਕਾ ਖਜ਼ਾਨਾ ਮੰਤਰੀ ਲਾਲ ਸਿੰਘ ਨੇ ਜਗਮੀਤ ਬਰਾੜ ਦੇ ਭਾਜਪਾ ਵਿਚ ਜਾਣ ਦੇ ਸੰਕੇਤ ਦੇ ਸਵਾਲ ‘ਤੇ ਕਿਹਾ ਕਿ ਉਨ੍ਹਾਂ ਦਾ ਲੋਕਾਂ ਵਿਚ ਆਧਾਰ ਖ਼ਤਮ ਹੋ ਗਿਆ ਹੈ ਜਿਸ ਕਰਕੇ ਸੁਖਬੀਰ ਬਾਦਲ ਵੀ ਮੀਡੀਆ ਰਾਹੀਂ ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਵਿਚ ਕੋਈ ਜਗ੍ਹਾ ਨਾ ਹੋਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਵਿਧਾਨ-ਸਭਾ ਤੇ ਲੋਕਾਂ ਵਿਚ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਦੀ ਰਹੀ ਹੈ, ਪਰ ਅਕਾਲੀ ਉਨ੍ਹਾਂ ਦੇ ਲੀਡਰਾਂ ਦਾ ਨਾਂ ਆਉਣ ਤੋਂ ਬਾਅਦ ਹੀ ਨਸ਼ਿਆਂ ਵਿਰੁੱਧ ਆਵਾਜ਼ ਚੁੱਕ ਰਹੇ ਹਨ।
______________________________
ਚੋਣ ਲੜਨ ਵਾਲੇ ਆਗੂਆਂ ਦਾ ਵੀ ਡੋਪ ਟੈਸਟ ਹੋਵੇ: ਤੋਤਾ ਸਿੰਘ
ਚੰਡੀਗੜ੍ਹ: ਪੰਜਾਬ ਦੇ ਖੇਤੀ ਮੰਤਰੀ ਤੋਤਾ ਸਿੰਘ ਨੇ ਕਿਹਾ ਹੈ ਕਿ ਉਹ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤੇ ਦਲ ਦੀ ਕੋਰ ਕਮੇਟੀ ਵਿਚ ਇਹ ਮੁੱਦਾ ਉਠਾਉਣਗੇ ਕਿ ਜੇਕਰ ਖਿਡਾਰੀਆਂ ਦਾ ਡੋਪ ਟੈਸਟ ਹੁੰਦਾ ਹੈ ਤੇ ਸਰਕਾਰੀ ਨੌਕਰੀ ਵਿਚ ਸ਼ਾਮਲ ਹੋਣ ਵਾਲਿਆਂ ਲਈ ਵੀ ਡੋਪ ਟੈਸਟ ਜ਼ਰੂਰੀ ਹੋ ਗਿਆ ਹੈ ਤਾਂ ਚੋਣ ਲੜਨ ਵਾਲੇ ਆਗੂਆਂ ਲਈ ਵੀ ਅਜਿਹਾ ਡੋਪ ਟੈਸਟ ਕਿਉਂ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੇਰਾ ਇਹ ਨਿੱਜੀ ਵਿਚਾਰ ਹੈ ਕਿ ਚੋਣ ਲੜਨ ਵਾਲੇ ਸਿਆਸਤਦਾਨਾਂ ਲਈ ਵੀ ਅਜਿਹਾ ਟੈਸਟ ਹੋਣਾ ਚਾਹੀਦਾ ਹੈ। ਉਹ ਆਪਣੇ ਤੌਰ ‘ਤੇ ਇਹ ਤਜਵੀਜ਼ ਪਾਰਟੀ ਸਾਹਮਣੇ ਰੱਖਣਗੇ, ਹਾਲਾਂਕਿ ਇਸ ਨੂੰ ਲਾਗੂ ਕਰਨ ਬਾਰੇ ਕੋਈ ਵੀ ਫ਼ੈਸਲਾ ਸਿਰਫ ਚੋਣ ਕਮਿਸ਼ਨ ਹੀ ਲੈ ਸਕਦਾ ਹੈ।